. |
|
ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਨਾ ਜਪਣ ਜਾਂ ਉਸ ਦੇ ਗੁਣ ਨਾ ਗਾਇਨ
ਕਰਨ ਦੇ ਨੁਕਸਾਨ (ਨਾਮੁ, ਭਾਗ
੫)
Disadvantages of not remembering the Naam of Akal Purkh or not
studying the qualities and capabilities of Akal Purkh through Gurbani
(Naam, Part 5)
ਅਣਗਿਣਤ ਜੂਨਾਂ ਵਿਚੋਂ ਭੌਂ ਕੇ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਿਆ
ਹੈ, ਪਰੰਤੂ ਮਨੁੱਖ ਨੇ ਇਸ ਦੁਨੀਆਂ ਵਿੱਚ ਸਦੀਵੀ ਕਾਲ ਲਈ ਨਹੀਂ ਰਹਿਣਾ ਹੈ, ਪਤਾ ਨਹੀਂ ਕਦੋਂ ਇਥੋਂ
ਕੂਚ ਕਰ ਜਾਣਾ ਹੈ। ਇਹ ਵੀ ਅਟੱਲ ਸਚਾਈ ਹੈ ਕਿ ਮਨੁੱਖਾ ਸਰੀਰ ਦਾ ਸਾਥ ਇਸ ਲੋਕ ਤਕ ਹੀ ਸੀਮਿਤ ਹੈ,
ਇਸ ਲਈ ਸਾਨੂੰ ਅੰਤ ਦੇ ਸਾਥ ਵਲ ਵੀ ਧਿਆਨ ਦੇਣਾਂ ਚਾਹੀਦਾ ਹੈ। ਗੁਰੂ ਦੇ ਸ਼ਬਦ ਦਾ ਸਾਥ ਇੱਕ ਅਜੇਹਾ
ਸਾਥ ਹੈ, ਜੋ ਕਿ ਇਸ ਲੋਕ ਤੇ ਪਰਲੋਕ ਦੋਹਾਂ ਵਿੱਚ ਸਹਾਈ ਹੁੰਦਾਂ ਹੈ। ਇਸ ਲਈ ਸਾਨੂੰ ਗੁਰੂ ਦੇ ਸ਼ਬਦ
ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਣਾ ਚਾਹੀਦਾ ਹੈ। ਅਕਾਲ ਪੁਰਖੁ ਨੇ ਅਨੇਕਾਂ
ਤਰੀਕਿਆਂ ਨਾਲ ਮਨੁੱਖਾ ਸਰੀਰ ਦੇ ਸਾਰੇ ਅੰਗ ਬਣਾਏ ਹਨ, ਪਰ ਉਹ ਸਭ ਸੁਆਸਾਂ ਦੇ ਕੱਚੇ ਧਾਗੇ ਵਿੱਚ
ਪਰੋਏ ਹੋਏ ਹਨ, ਜੋ ਕਿ ਇੱਕ ਦਿਨ ਟੁੱਟ ਜਾਵੇਗਾ ਤੇ ਇਸ ਮਨੁੱਖਾ ਸਰੀਰ ਦੇ ਸਾਰੇ ਅੰਗ ਬੇਕਾਰ ਹੋ
ਜਾਣਗੇ।
ਜੇਕਰ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਸਿਰਫ
ਅਕਾਲ ਪੁਰਖ ਦੇ ਨਾਮੁ ਵਿੱਚ ਰੰਗਿਆਂ ਹੀ ਧੋਤੇ ਜਾ ਸਕਦੇ ਹਨ।
ਪੁੰਨ
ਜਾਂ ਪਾਪ ਨਿਰੇ ਕਹਿਣ ਵਾਸਤੇ ਨਹੀਂ ਹਨ, ਬਲਕਿ ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹੇ ਸੰਸਕਾਰ ਆਪਣੇ
ਅੰਦਰ ਲਿਖ ਕੇ ਨਾਲ ਲੈ ਜਾਵਾਂਗੇ। ਕੁਦਰਤ ਦੀ ਸਚਾਈ, ਅਕਾਲ ਪੁਰਖ ਦੇ ਨਾਮੁ ਦੇ ਮਿਲਣ ਤੋਂ ਬਿਨਾ
ਪਤਾ ਨਹੀਂ ਲਗ ਸਕਦੀ, ਤੇ ਅਕਾਲ ਪੁਰਖ ਦੇ ਹੁਕਮੁ ਨੂੰ ਪਛਾਨਣ ਤੋਂ ਬਿਨਾ, ਜੀਵਨ ਦੇ ਸਹੀ ਮਾਰਗ
ਬਾਰੇ ਪਤਾ ਨਹੀਂ ਲਗ ਸਕਦਾ। ਗੁਰਬਾਣੀ ਨੂੰ ਵਿਚਾਰਨ ਤੋਂ ਬਿਨਾ ਅਕਾਲ ਪੁਰਖ ਦੇ ਨਾਮੁ ਤੇ ਹੁਕਮ
ਦੋਵਾਂ ਬਾਰੇ ਸਚਾਈ ਸਮਝ ਨਹੀਂ ਆ ਸਕਦੀ। ਇਹ ਧੁਰ ਕੀ ਸੱਚੀ ਬਾਣੀ ਹੀ ਹੈ, ਜਿਸ ਦੀ ਸਹਾਇਤਾ ਨਾਲ
ਅਸੀਂ ਆਪਣਾ ਆਚਰਨ ਪਵਿਤਰ ਬਣਾ ਸਕਦੇ ਹਾਂ, ਤੇ ਆਪਣੇ ਹਿਰਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਵਸਾ
ਸਕਦੇ ਹਾਂ।
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਨਾਮੁ ਸਬੰਧੀ
ਪਹਿਲਾਂ ਸਾਂਝੇ ਕੀਤੇ ਗਏ ਲੇਖ (ਨਾਮੁ, ਭਾਗ ੧ ਤੋਂ ੪) ਸਾਨੂੰ ਵਾਰ ਵਾਰ ਇਹੀ ਸਮਝਾ ਰਹੇ ਹਨ ਕਿ
ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ
ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ
ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ
ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ
ਰਿਹਾ ਹੈ। ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਨਾਮੁ
ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਥਾਂ ਤੇ ਵਰਤ ਰਿਹਾ ਹੈ, ਹਰ ਸਮੇਂ ਲਗਾਤਾਰ ਵਰਤ ਰਿਹਾ ਹੈ, ਹਰੇਕ
ਜੀਵ ਨਾਮੁ ਦੇ ਆਸਰੇ ਤੇ ਨਾਮੁ ਅਨੁਸਾਰ ਚਲ ਰਿਹਾ ਹੈ, ਦੁਨੀਆਂ ਦੇ ਸਾਰੇ ਪਦਾਰਥ ਨਾਮੁ ਦੇ ਆਸਰੇ
ਟਿਕੇ ਹੋਏ ਹਨ। ਨਾਮੁ ਪ੍ਰਾਪਤ ਕਰਨ ਦਾ ਭਾਵ ਹੈ ਕਿ ਅਕਾਲ ਪੁਰਖੁ ਦੇ ਹੁਕਮੁ, ਸਿਸਟਮ, ਰਚਨਾ,
ਅਸੂਲਾਂ ਬਾਰੇ ਜਾਣਕਾਰੀ ਹਾਸਲ ਕਰਨਾ ਤੇ ਉਸ ਦੀ ਕੁਦਰਤ ਨਾਲ ਆਪਣੇ ਅੰਦਰ ਪ੍ਰੇਮ ਤੇ ਸਤਿਕਾਰ ਪੈਦਾ
ਕਰਨਾ ਹੈ।
http://www.geocities.ws/sarbjitsingh/GurbaniIndexGurmukhi.htm
(Naam, Part 1 to 4)
ਗੁਰੂ ਸਾਹਿਬਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾਇਆ ਹੈ ਕਿ ਜੇਕਰ ਧਰਮ ਦੀ
ਸਿਖਿਆ ਲੈਣਾਂ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਆਪਣੇ ਸਰੀਰ ਕੋਲੋ ਹੀ
ਲੈ ਸਕਦੇ ਹਾਂ। ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ, ਇਸ ਵਿੱਚ ਸੱਚੇ ਅਕਾਲ ਪੁਰਖੁ ਦੀ
ਜੋਤਿ ਲੁਕੀ ਹੋਈ ਹੈ। ਇਸ ਸਰੀਰ ਵਿੱਚ ਦੈਵੀ ਗੁਣ, ਰੂਪ, ਤੇ ਗੁੱਝੇ ਲਾਲ ਰਤਨ ਲੁਕੇ ਹੋਏ ਹਨ। ਸਰੀਰ
ਦਾ ਹਰੇਕ ਅੰਗ ਬਾਕੀ ਸਭ ਦੂਸਰੇ ਅੰਗਾਂ ਲਈ ਕੰਮ ਕਰਦਾ ਹੈ ਜਾਂ ਉਨ੍ਹਾਂ ਦੀ ਸਹਾਇਤਾ ਕਰਦਾ ਹੈ,
ਪਰੰਤੂ ਬਦਲੇ ਵਿੱਚ ਕੁੱਝ ਨਹੀਂ ਮੰਗਦਾ। ਸਾਡੇ ਪੈਰ ਸਾਰੇ ਸਰੀਰ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ
ਲਿਜਾਂਦੇ ਹਨ, ਲੱਤਾਂ ਸਰੀਰ ਨੂੰ ਖੜਾ ਹੋਣ ਵਿੱਚ ਸਹਾਇਤਾ ਕਰਦੀਆਂ ਹਨ, ਮੂੰਹ ਸਰੀਰ ਅੰਦਰ ਖਾਣਾਂ
ਲਿਜਾਣ ਲਈ ਸਹਾਈ ਹੁੰਦਾ ਹੈ, ਦੰਦ ਖਾਣਾਂ ਚਬਾਉਂਦੇ ਹਨ ਤਾਂ ਜੋ ਪੇਟ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ
ਨਾ ਹੋਵੇ, ਜੀਭ ਸੰਤਰੀ ਦਾ ਕੰਮ ਕਰਦੀ ਹੈ ਕਿਤੇ ਨੂੰ ਸਰੀਰ ਅੰਦਰ ਗਲਤ ਪਦਾਰਥ ਨਾ ਚਲੇ ਜਾਣ, ਅੱਖਾਂ
ਰਸਤਾ ਵੇਖਣ ਵਿੱਚ ਸਹਾਈ ਹੁੰਦੀਆਂ ਹਨ, ਕੰਨ ਸੁਣਨ ਤੇ ਸਬੰਧ ਕਾਇਮ ਕਰਨ ਲਈ ਸਹਾਈ ਹੁੰਦੇ ਹਨ,
ਦਿਮਾਗ ਜੀਵਨ ਵਿੱਚ ਸੋਚ ਵੀਚਾਰ ਕੇ ਚਲਣ ਲਈ ਸਹਾਈ ਹੁੰਦਾਂ ਹੈ, ਆਦਿ। ਸਰੀਰ ਦਾ ਕੋਈ ਅੰਗ ਵੀ
ਦੂਸਰੇ ਅੰਗ ਦੀ ਨਿੰਦਾ, ਚੁਗਲੀ ਜਾਂ ਵਿਰੋਧਤਾ ਨਹੀਂ ਕਰਦਾ ਹੈ, ਬਲਕਿ ਦੂਸਰੇ ਅੰਗਾਂ ਦੀ ਸਹਾਇਤਾ
ਕਰਦਾ ਹੈ ਜਾਂ ਠੀਕ ਮਾਰਗ ਦਰਸ਼ਨ ਕਰਦਾ ਹੈ। ਸਰੀਰ ਦਾ ਹਰੇਕ ਅੰਗ ਦੂਸਰੇ ਅੰਗ ਲਈ ਬਿਨਾਂ ਕਾਮਨਾ ਦੇ
ਸੇਵਾ ਕਰਦਾ ਹੈ। ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਸੇਵਕ ਹੀ ਇਨ੍ਹਾਂ ਗੁਣਾਂ ਨੂੰ ਗੁਰਬਾਣੀ
ਦੀ ਡੂੰਘੀ ਵਿਚਾਰ ਨਾਲ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਂਦਾ ਹੈ। ਜਦੋਂ ਉਹ ਸੇਵਕ ਇਹ ਲਾਲ ਰਤਨ ਲੱਭ
ਲੈਂਦਾ ਹੈ, ਤਾਂ ਉਹ ਇੱਕ ਅਕਾਲ ਪੁਰਖ ਨੂੰ ਸਾਰੀ ਸ੍ਰਿਸ਼ਟੀ ਵਿੱਚ ਰਵਿਆ ਹੋਇਆ ਪਛਾਣ ਲੈਂਦਾ ਹੈ,
ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਸੂਤਰ ਹੁੰਦਾ ਹੈ। ਇਸੇ ਤਰ੍ਹਾਂ ਉਹ ਸੇਵਕ ਸਾਰੇ ਸੰਸਾਰ ਵਿੱਚ
ਇੱਕ ਅਕਾਲ ਪੁਰਖ ਨੂੰ ਹੀ ਵੇਖਦਾ ਹੈ, ਤੇ ਇੱਕ ਅਕਾਲ ਪੁਰਖ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੇ
ਕੰਨਾਂ ਨਾਲ ਇੱਕ ਅਕਾਲ ਪੁਰਖ ਦੀ ਸਿਫਤ ਸਾਲਾਹ ਦੀਆਂ ਗੱਲਾਂ ਹੀ ਸੁਣਦਾ ਹੈ। ਇਸ ਲਈ ਗੁਰਸਿੱਖ ਨੇ
ਵੀ ਬਿਨਾ ਕਾਮਨਾ ਦੇ ਗੁਰਬਾਣੀ ਅਨੁਸਾਰ ਮਨੁੱਖਤਾ ਦੀ ਸੇਵਾ ਕਰਨੀ ਹੈ।
ਪਉੜੀ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ
ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥ (੩੦੯, ੩੧੦)
ਗੁਰੂ ਗਰੰਥ ਸਾਹਿਬ ਵਿੱਚ
ਹਰੇਕ ਮਨੁੱਖ ਨੂੰ, ਜੀਵ ਇਸਤ੍ਰੀ ਦੀ ਤਰ੍ਹਾਂ ਸੰਬੋਧਨ ਕੀਤਾ ਗਿਆ ਹੈ, ਤੇ ਅਕਾਲ ਪੁਰਖੁ (ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥)
ਨੂੰ ਪਤੀ ਦੀ ਤਰ੍ਹਾਂ ਸੰਬੋਧਨ ਕੀਤਾ ਗਿਆ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਕੋਈ ਮਰਦ, ਇਸਤ੍ਰੀ,
ਜਾਨਵਰ ਜਾਂ ਪਦਾਰਥ ਅਕਾਲ ਪੁਰਖੁ ਨਹੀਂ ਹੋ ਸਕਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ
ਅਨੁਸਾਰ ਸਬਦ ਹੀ ਗੁਰੂ ਹੈ, ਕੋਈ ਸਰੀਰ ਗੁਰੂ ਨਹੀਂ ਹੋ ਸਕਦਾ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
(੯੪੩)
ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਸਭ ਦਾ ਪਿਤਾ ਅਤੇ ਮਾਤਾ ਹੈ,
ਕਿਉਂਕਿ ਉਹ ਸਭ ਦਾ ਰਚਨਹਾਰ ਹੈ। ਇਸ ਲਈ ਜਿਹੜਾ ਮਨੁੱਖ ਆਪਣੇ ਅਸਲੀ ਪਿਤਾ ਨਾਲ ਸਾਂਝ ਨਹੀਂ ਕਾਇਮ
ਕਰ ਸਕਦਾ ਹੈ, ਉਹ ਉਸ ਦਾ ਪੁੱਤਰ ਕਹਿਲਾਣ ਦਾ ਹੱਕਦਾਰ ਵੀ ਨਹੀਂ ਹੋ ਸਕਦਾ।
ਆਪਣੇ ਮੂਰਖ ਮਨ ਨੂੰ
ਸਮਝਾਂਣਾਂ ਹੈ ਕਿ ਇਸ ਜਗਤ ਵਿੱਚ ਜਨਮ ਮਰਨ ਦਾ ਸਿਲਸਲਾ ਚਲਦਾ ਰਹਿਣਾਂ ਹੈ, ਇਸ ਲਈ ਅਕਾਲ ਪੁਰਖੁ
ਅਗੇ ਇਹੀ ਬੇਨਤੀ ਕਰਨੀ ਹੈ ਕਿ ਮੈਨੂੰ ਗੁਰੂ ਨਾਲ ਮਿਲਾ ਦਿਉ ਤਾਂ ਜੋ ਮੈਂ ਅਕਾਲ ਪੁਰਖੁ ਦੇ ਨਾਮੁ
ਵਿੱਚ ਲੀਨ ਹੋ ਸਕਾ। ਇਹ ਨਾਮੁ ਅਕਾਲ ਪੁਰਖੁ ਦੀ ਆਪਣੀ ਮਲਕੀਅਤ ਹੈ, ਉਹੀ ਜਾਣਦਾ ਹੈ ਕਿ ਇਹ ਵਸਤੂ
ਕਿਸ ਨੂੰ ਦੇਣੀ ਹੈ। ਜਿਸ ਜੀਵ ਨੂੰ ਅਕਾਲ ਪੁਰਖੁ ਇਹ ਦਾਤ ਦੇਂਦਾ ਹੈ ਉਹੀ ਇਸ ਨੂੰ ਲੈ ਸਕਦਾ ਹੈ।
ਇਹ ਨਾਮੁ ਅਕਾਲ ਪੁਰਖੁ ਦੀ ਐਸੀ ਸੁੰਦਰ ਵਸਤੂ ਹੈ, ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਵਸਤੂ ਨਹੀਂ।
ਕਿਸੇ ਤਰ੍ਹਾਂ ਦੀ ਵੀ ਚਤੁਰਾਈ, ਸਿਆਣਪ ਜਾਂ ਮਨੁੱਖ ਦੀਆਂ ਗਿਆਨ-ਇੰਦ੍ਰਿਆਂ ਦੁਆਰਾ ਇਸ ਤਕ ਪਹੁੰਚ
ਨਹੀਂ ਹੋ ਸਕਦੀ। ਸਿਰਫ ਪੂਰਾ ਗੁਰੂ ਹੀ ਅਦ੍ਰਿਸ਼ਟ ਅਕਾਲ ਪੁਰਖੁ ਦਾ ਦੀਦਾਰ ਕਰਾ ਸਕਦਾ ਹੈ। ਜਿਹੜਾ
ਮਨੁੱਖ ਇਸ ਨਾਮੁ ਰੂਪੀ ਵਸਤੂ ਨੂੰ ਚੱਖਦਾ ਹੈ, ਉਹੀ ਇਸ ਦਾ ਸੁਆਦ ਜਾਣ ਸਕਦਾ ਹੈ। ਜਿਸ ਤਰ੍ਹਾਂ ਕਿ
ਇੱਕ ਗੁੰਗਾ ਮਿਠਿਆਈ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਠੀਕ ਉਸੇ ਤਰ੍ਹਾਂ ਉਹ ਮਨੁੱਖ ਵੀ ਨਾਮੁ
ਦੇ ਸੁਆਦ ਬਾਰੇ ਬਿਆਨ ਨਹੀਂ ਕਰ ਸਕਦਾ। ਜੇਕਰ ਕਿਸੇ ਨੂੰ ਇਹ ਨਾਮੁ ਰੂਪੀ ਰਤਨ ਪ੍ਰਾਪਤ ਹੋ ਜਾਵੇ,
ਤੇ ਉਹ ਮਨੁੱਖ ਇਸ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ, ਤਾਂ ਵੀ ਇਹ ਰਤਨ ਲੁਕਾਣ ਨਾਲ
ਲੁਕਦਾ ਨਹੀਂ, ਕਿਉਂਕਿ ਉਸ ਮਨੁੱਖ ਦੇ ਆਤਮਕ ਜੀਵਨ ਤੋਂ ਇਸ ਰਤਨ ਨੂੰ ਪ੍ਰਾਪਤ ਕਰਨ ਦੇ ਲੱਛਣ ਦਿੱਸ
ਪੈਂਦੇ ਹਨ। ਇਸ ਲਈ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਆਪਣੇ ਦਾਸ ਨੂੰ ਅਜੇਹੀ ਇੱਜ਼ਤ
ਬਖ਼ਸ਼ੋ ਕਿ ਉਹ ਸਦਾ ਅਕਾਲ ਪੁਰਖੁ ਦੀ ਸ਼ਰਨ ਵਿੱਚ ਰਹੇ ਤੇ ਗੁਰੂ ਦੀ ਮਤਿ ਦੁਆਰਾ ਆਪਣੇ ਅੰਦਰ ਅਕਾਲ
ਪੁਰਖੁ ਦਾ ਨਾਮੁ ਪਰਗਟ ਕਰਦਾ ਰਹੇ।
ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ॥ ਗੁਰਮਤਿ ਰਾਮ ਨਾਮੁ ਪਰਗਾਸਹੁ
ਸਦਾ ਰਹਹੁ ਸਰਣਾਈ॥ ਰਹਾਉ॥ (੬੦੭)
ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਇਹ ਸੋਹਣਾ ਮਨੁੱਖਾ ਸਰੀਰ ਇੱਕ ਤਰ੍ਹਾਂ
ਦਾ ਬਦ-ਸ਼ਕਲ ਤੇ ਨਕਟੀ, ਭਾਵ ਕੱਟੀ ਹੋਈ ਨਕ ਵਰਗਾ ਹੀ ਜਾਨਣਾ ਚਾਹੀਦਾ ਹੈ। ਜਿਸ ਤਰ੍ਹਾ ਕਿ ਕਿਸੇ
ਕੰਜਰੀ ਦੇ ਘਰ ਪੁੱਤਰ ਜੰਮ ਪਏ, ਤੇ ਭਾਵੇਂ ਉਹ ਸ਼ਕਲੋਂ ਸੋਹਣਾ ਵੀ ਹੋਵੇ ਤਾਂ ਵੀ ਉਸ ਦਾ ਨਾਂ ਹਰਾਮੀ
ਹੀ ਪੈ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਦੇ ਚਿਤ ਵਿੱਚ ਉਹ ਸਭ ਦਾ ਮਾਲਕ ਅਕਾਲ ਪੁਰਖੁ ਨਹੀਂ ਹੈ, ਉਹ
ਮਨੁੱਖ ਬਦ ਸ਼ਕਲ ਹਨ, ਤੇ ਇੱਕ ਕੋਹੜੀ ਦੀ ਤਰ੍ਹਾਂ ਹੀ ਹਨ। ਗੁਰੂ ਤੋਂ ਬੇਮੁਖ ਮਨੁੱਖ (ਨਿਗੁਰਾ)
ਭਾਵੇਂ ਚਤੁਰਾਈ ਦੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਜਾਣਦਾ ਹੋਵੇ, ਤੇ ਲੋਕਾਂ ਨੂੰ ਭਾਵੇਂ ਬਹੁਤ
ਖੁਸ਼ ਵੀ ਕਰ ਲਏ, ਪਰੰਤੂ ਅਕਾਲ ਪੁਰਖੁ ਦੀ ਦਰਗਾਹ ਵਿੱਚ ਉਹ ਭ੍ਰਿਸ਼ਟਿਆ ਹੋਇਆ ਹੀ ਗਿਣਿਆ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਅਕਾਲ ਪੁਰਖੁ ਦਇਆਵਾਨ ਹੋ ਜਾਂਦਾ ਹੈ, ਉਹ ਮਨੁੱਖ ਗੁਰਮੁਖਾਂ ਦੇ
ਪੂਰਨਿਆਂ ਤੇ ਚਲਣਾਂ ਸ਼ੁਰੂ ਕਰ ਦਿੰਦੇ ਹਨ। ਗੁਰੂ ਦੀ ਸੰਗਤਿ ਵਿੱਚ ਰਹਿ ਕੇ ਵਿਕਾਰੀ ਮਨੁੱਖ ਵੀ
ਚੰਗੇ ਆਚਰਨ ਵਾਲੇ ਬਣ ਜਾਂਦੇ ਹਨ, ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ
ਪੰਜੇ ਵਿਚੋਂ ਬਚ ਨਿਕਲਦੇ ਹਨ।
ਦੇਵਗੰਧਾਰੀ॥
ਹਰਿ ਕੇ ਨਾਮ ਬਿਨਾ ਸੁੰਦਰਿ ਹੈ
ਨਕਟੀ॥ ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ॥ ੧॥ ਰਹਾਉ॥
(੫੨੮)
ਗੁਰੂ ਗ੍ਰੰਥ ਸਾਹਿਬ ਵਿੱਚ ਕਸੁੰਭੜੈ ਦੀ ਉਦਾਹਰਣ ਮਾਇਆ ਲਈ ਕੀਤੀ ਗਈ ਹੈ ਤੇ
ਮਜੀਠ ਦੀ ਨਾਮੁ ਲਈ। ਕਸੁੰਭੜੈ ਦੇ ਫੁੱਲ ਦਾ ਰੰਗ ਵੇਖਣ ਨੂੰ ਤਾਂ ਬੜਾ ਸੋਹਣਾ ਹੁੰਦਾ ਹੈ, ਪਰ ਛੇਤੀ
ਹੀ ਖ਼ਰਾਬ ਹੋ ਜਾਂਦਾ ਹੈ, ਇਸ ਦੇ ਮੁਕਾਬਲੇ ਵਿੱਚ ਮਜੀਠ ਦਾ ਰੰਗ ਪੱਕਾ ਹੁੰਦਾ ਹੈ ਤੇ ਨਿਕਲਦਾ
ਨਹੀਂ। ਲੋਕਾਂ ਨੂੰ ਮਾਇਆ ਬਹੁਤ ਚੰਗੀ ਲਗਦੀ ਹੈ, ਪਰ ਉਸ ਦਾ ਸਾਥ ਸਿਰਫ ਚਾਰ ਦਿਨ ਦਾ ਹੀ ਹੈ, ਤੇ,
ਨਾਮੁ ਧਨ ਐਸਾ ਹੈ ਜੋ ਕਿ ਸਦਾ ਨਾਲ ਨਿਭਣ ਵਾਲਾ ਹੈ। ਜਿਹੜਾ ਮਨੁੱਖ ਬੇੜਾ ਤਿਆਰ ਕਰਨ ਵਾਲੀ ਉਮਰੇ
(ਭਾਵ ਬਚਪਨ ਤੇ ਜੁਆਨੀ) ਨਾਮੁ ਰੂਪੀ ਬੇੜਾ ਨਾ ਤਿਆਰ ਕਰ ਸਕਿਆ, ਤੇ, ਜਦੋਂ ਸਰੋਵਰ ਨਕਾ ਨਕ ਭਰ ਕੇ
ਬਾਹਰ ਉਛਲਣ ਲੱਗ ਪੈਂਦਾ ਹੈ, ਭਾਵ ਜੀਵਨ ਵਿੱਚ ਮੁਸ਼ਕਲ ਦਾ ਸਮਾਂ ਜਾਂ ਅੰਤ ਦਾ ਸਮਾਂ ਆ ਜਾਂਦਾ ਹੈ
ਤਾਂ ਤਰਨਾ ਔਖਾ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜਿਸ ਮਨੁੱਖ ਨੇ ਮਾਇਆ ਨਾਲ ਆਪਣਾ ਮਨ ਲਾਈ
ਰੱਖਿਆ, ਜਾਂ ਵਿਕਾਰਾਂ ਵਿੱਚ ਬੁਰੀ ਤਰ੍ਹਾਂ ਫਸਿਆ ਰਹਿਆ, ਫਿਰ ਉਸ ਲਈ ਬਾਅਦ ਵਿੱਚ ਇਨ੍ਹਾਂ ਦੇ
ਚਸਕਿਆਂ ਵਿਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਅੱਜਕਲ ਆਮ ਵੇਖਣ ਵਿੱਚ ਆਉਂਦਾ ਹੈ ਕਿ ਜਿਹੜੇ
ਮਨੁੱਖ ਸਾਰੀ ਉਮਰ ਗਲਤ ਖਾਣੇ ਖਾਂਦੇ ਰਹਿੰਦੇ ਹਨ, ਉਹ ਬਾਅਦ ਵਿੱਚ ਬੀਮਾਰੀਆ ਦਾ ਸ਼ਿਕਾਰ ਹੁੰਦੇ
ਰਹਿੰਦੇ ਹਨ, ਜਿਹੜੇ ਨਸ਼ਿਆਂ ਵਿੱਚ ਦੁਤ ਰਹਿੰਦੇ ਹਨ, ਉਹ ਆਪਣਾ ਜੀਵਨ ਤੇ ਜਵਾਨੀ ਬਰਬਾਦ ਕਰ ਲੈਂਦੇ
ਹਨ, ਜਿਹੜੇ ਗਲਤ ਕੰਮ ਕਰਦੇ ਰਹਿੰਦੇ ਹਨ, ਉਹ ਜੇਲਾਂ ਵਿੱਚ ਸੜਦੇ ਰਹਿੰਦੇ ਹਨ। ਜਿਹੜੇ ਮਨੁੱਖ ਆਪਣਾ
ਜੀਵਨ ਗੁਰੂ ਗ੍ਰੰਥ ਸਾਹਿਬ ਅਨੁਸਾਰ ਬਤੀਤ ਨਹੀਂ ਕਰਦੇ, ਉਹ ਜੀਵਨ ਦਾ ਸਹੀ ਰਸਤਾ ਨਾ ਪਛਾਨਣ ਕਰਕੇ
ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਇਹ ਧਿਆਨ ਵਿੱਚ ਰੱਖਣਾ ਹੈ ਕਿ ਇੱਕ ਵਾਰੀ ਇਹ ਮਨੁੱਖਾ
ਜਨਮ ਦਾ ਸਮਾਂ ਖੁੰਝਣ ਤੋਂ ਬਾਅਦ ਦੁਬਾਰਾ ਨਹੀਂ ਮਿਲ ਸਕਦਾ ਹੈ ਤੇ ਇਹ ਸਰੀਰ ਇੱਕ ਦਿਨ ਮਿੱਟੀ ਦੀ
ਢੇਰੀ ਹੋ ਜਾਇਗਾ। ਇਹ ਜੀਵਨ ਜਾਚ ਨਾ ਤਾਂ ਇੱਕ ਚੁਟਕੀ ਵਿੱਚ ਕਿਸੇ ਜਾਦੂ ਨਾਲ ਪਾਈ ਜਾ ਸਕਦੀ ਹੈ ਤੇ
ਨਾ ਹੀ ਮਾਇਆ ਨਾਲ ਖਰੀਦੀ ਜਾ ਸਕਦੀ ਹੈ। ਬਚਪਨ ਤੋਂ ਲੈ ਕੇ ਸਾਰੀ ਉਮਰ ਤਕ ਗੁਰਮਤਿ ਅਨੁਸਾਰ ਘਾਲਣਾ
ਘਾਲਣ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਅਕਾਲ ਪੁਰਖੁ ਦਾ ਨਾਮੁ ਕੋਈ ਇੱਕ ਅੱਖਰ ਨਹੀਂ ਹੈ, ਜਿਸ ਦੇ
ਰਟਨ ਨਾਲ ਨਾਮੁ ਪਾਇਆ ਜਾ ਸਕਦਾ ਹੈ। ਪੂਰੀ ਲਗਨ ਨਿਸ਼ਟਾ, ਘਾਲਣਾ ਤੇ ਗੁਰਬਾਣੀ ਦੁਆਰਾ ਜੀਵਨ ਜਾਚ
ਸਿਖਣ ਨਾਲ ਹੀ ਨਾਮੁ ਪਾਇਆ ਜਾ ਸਕਦਾ ਹੈ।
ਸੂਹੀ ਲਲਿਤ॥
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥
੧ ॥
ਹਥੁ ਨ ਲਾਇ ਕਸੁੰਭੜੈ ਜਲਿ
ਜਾਸੀ ਢੋਲਾ॥ ੧ ॥
ਰਹਾਉ॥ (੭੯੪)
ਜਿਨ੍ਹਾਂ ਮਨੁੱਖਾਂ ਨੇ ਕਦੇ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕੀਤਾ, ਉਹ
ਬਦ-ਕਿਸਮਤ ਹਨ ਤੇ ਆਤਮਕ ਮੌਤ ਮਰਦੇ ਰਹਿੰਦੇ ਹਨ। ਨਾਮੁ ਤੋਂ ਸੱਖਣੇ ਬੰਦੇ ਮੁੜ ਮੁੜ ਜੂਨਾਂ ਵਿੱਚ
ਭਵਾਏ ਜਾਂਦੇ ਹਨ, ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ, ਤੇ ਨਾਮੁ ਹੀਣ ਮਨੁੱਖ ਰੋਜਾਨਾ ਕਈ ਕਈ
ਵਾਰ ਜੰਮਦਾ ਤੇ ਮਰਦਾ ਰਹਿੰਦਾ ਹੈ। ਨਾਮੁ ਤੋਂ ਵਾਂਝੇ ਹੋਏ ਬੰਦਿਆਂ ਨੂੰ ਜਮਰਾਜ ਦੇ ਦਰ ਤੇ ਬੰਨ ਕੇ
ਮਾਰ ਕੁੱਟਾਈ ਕੀਤੀ ਜਾਂਦੀ ਹੈ, ਅਕਾਲ ਪੁਰਖੁ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਇਹੀ ਸਜ਼ਾ ਮਿਲਦੀ ਹੈ।
ਇਸ ਲਈ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ, ਕਿ ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਵਿੱਚ ਰੱਖ
ਕੇ ਆਪਣੇ ਆਪ ਨਾਲ ਮਿਲਾ ਹੈ।
ਮਾਰੂ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ॥
ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ
ਭਾਗਹੀਣ ਮਰਿ ਜਾਇ॥ ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ॥ ਓਇ ਜਮ ਦਰਿ ਬਧੇ
ਮਾਰੀਅਹਿ ਹਰਿ ਦਰਗਹ ਮਿਲੈ ਸਜਾਇ॥
੩ ॥
(੯੯੬)
ਗੁਰੂ ਸਾਹਿਬ ਤਾਂ ਬਾਣੀ ਵਿੱਚ ਇਥੋਂ ਤਕ ਚਿਤਾਵਨੀ ਦਿੰਦੇ ਹਨ ਕਿ, ਜਿਨ੍ਹਾਂ
ਬੰਦਿਆਂ ਨੇ ਅਕਾਲ ਪੁਰਖ ਦਾ ਨਾਮੁ ਭੁਲਾ ਦਿੱਤਾ, ਉਹ ਸੰਸਾਰ ਵਿੱਚ ਕਾਹਦੇ ਲਈ ਆਏ ਹਨ। ਉਨ੍ਹਾਂ ਨੂੰ
ਨਾ ਪਰਲੋਕ ਵਿੱਚ ਸੁਖ ਹੈ, ਤੇ ਨਾ ਹੀ ਇਸ ਲੋਕ ਵਿੱਚ ਸੁਖ ਮਿਲ ਸਕਦਾ ਹੈ। ਉਹ ਤਾਂ ਸੁਆਹ ਦੇ ਲੱਦੇ
ਹੋਏ ਗੱਡਿਆਂ ਦੀ ਤਰ੍ਹਾਂ ਹਨ, ਜਿਨ੍ਹਾਂ ਦੇ ਸਰੀਰ ਵਿਕਾਰਾਂ ਨਾਲ ਭਰੇ ਹੋਏ ਹਨ। ਅਕਾਲ ਪੁਰਖ ਤੋਂ
ਵਿਛੁੜੇ ਹੋਏ ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖ ਨਾਲ ਮਿਲਾਪ ਨਸੀਬ ਨਹੀਂ ਹੁੰਦਾਂ, ਤੇ ਉਹ ਜਮਰਾਜ
ਦੇ ਦਰ ਤੇ ਡਾਢੇ ਦੁੱਖ ਸਹਾਰਦੇ ਹਨ। ਇਹ ਬਿਲਕੁਲ ਸਪੱਸ਼ਟ ਹੈ, ਕਿ ਅਕਾਲ ਪੁਰਖ ਦੇ ਨਾਮੁ ਬਿਨਾ ਜੀਵਨ
ਵਿੱਚ ਸਹੀ ਰਸਤੇ ਦਾ ਪਤਾ ਨਹੀਂ ਲਗਦਾ, ਜਿਸ ਕਰਕੇ ਮਨੁੱਖਾਂ ਭਟਕਦਾ ਰਹਿੰਦਾ ਹੈ ਤੇ ਠੋਕਰਾਂ ਖਾਂਦਾ
ਰਹਿੰਦਾ ਹੈ।
ਮਾਰੂ ਮਹਲਾ ੧॥
ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ
ਸੰਸਾਰਿ॥ ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ॥
ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ॥
੩ ॥
(੧੦੧੦)
ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦਾ ਨਾਮੁ ਭੁਲਾ ਦਿੱਤਾ, ਉਹ ਵਿਕਾਰਾਂ
ਦੀ ਅੱਗ ਵਿੱਚ ਫਸ ਕੇ ਆਪਣਾ ਮਨੁੱਖਾ ਜੀਵਨ ਸਾੜ ਕੇ ਸੁਆਹ ਹੁੰਦੇ ਵੇਖੇ ਜਾਂਦੇ ਹਨ। ਪੁੱਤਰ,
ਮਿੱਤਰ, ਇਸਤ੍ਰੀ ਤੇ ਹੋਰ ਸਬੰਧੀਆਂ ਜਿਨ੍ਹਾਂ ਨਾਲ ਮਨੁੱਖ ਦੁਨੀਆਂ ਦੀਆਂ ਰੰਗ ਰਲੀਆਂ ਮਾਣਦਾ
ਰਹਿੰਦਾ ਹੈ, ਉਹ ਸਾਰੇ ਪਿਆਰ ਇੱਕ ਦਿਨ ਟੁੱਟ ਜਾਂਦੇ ਹਨ। ਇਸ ਲਈ ਗੁਰੂ ਨੂੰ ਮਿਲ, ਤੇ ਆਪਣੇ ਹਿਰਦੇ
ਵਿੱਚ ਅਕਾਲ ਪੁਰਖੁ ਦੀ ਭਗਤੀ ਪੱਕੀ ਕਰ, ਕਿਉਂਕਿ ਇਹੀ ਤੇਰੇ ਕੰਮ ਆਉਣ ਵਾਲੀ ਹੈ। ਆਪਣੇ ਮਨ ਨੂੰ
ਸਮਝਾਂਣਾਂ ਹੈ ਕਿ ਸਦਾ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ
ਜਪਦਾ ਹੈ, ਉਹ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰਾਂ ਵਿੱਚ ਨਹੀਂ ਸੜਦਾ, ਤੇ ਉਸ ਦੇ ਮਨ, ਤਨ ਤੇ ਸਰੀਰ
ਵਿੱਚ ਆਨੰਦ ਬਣਿਆ ਰਹਿੰਦਾ ਹੈ।
ਮਾਰੂ ਮਹਲਾ ੫॥
ਜਿਨੀ ਨਾਮੁ ਵਿਸਾਰਿਆ ਸੇ ਹੋਤ
ਦੇਖੇ ਖੇਹ॥ ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ॥
੧॥ ਮੇਰੇ ਮਨ ਨਾਮੁ ਨਿਤ
ਨਿਤ ਲੇਹ॥ ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ॥ ੧॥ ਰਹਾਉ॥
(੧੦੦੬)
ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦਾ, ਉਸ ਨੂੰ ਆਪਣੇ ਆਪ
ਵਿੱਚ ਸ਼ਰਮ ਨਾਲ ਡੁਬ ਮਰਨਾ ਚਾਹੀਦਾ ਹੈ। ਅਕਾਲ ਪੁਰਖੁ ਦੇ ਨਾਮੁ ਸਿਮਰਨ ਤੋਂ ਬਿਨਾ ਮਨੁੱਖ ਸੁਖ ਦੀ
ਨੀਂਦ ਕਿਸ ਤਰ੍ਹਾਂ ਸੌਂ ਸਕਦਾ ਹੈ? ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਸਿਮਰਨ ਛੱਡ ਕੇ ਸਭ ਤੋਂ
ਉੱਚੀ ਆਤਮਕ ਅਵਸਥਾ ਹਾਸਲ ਕਰਨੀ ਚਾਹੁੰਦਾ ਹੈ, ਉਸ ਦੀ ਇਹ ਇਛਾ ਵਿਅਰਥ ਜਾਂਦੀ ਹੈ। ਜਿਸ ਤਰ੍ਹਾਂ
ਜੜ੍ਹਾਂ ਤੋਂ ਬਿਨਾ ਦਰੱਖਤ ਦੀਆਂ ਟਾਹਣੀਆਂ ਬੇਕਾਰ ਹੋ ਜਾਂਦੀਆਂ ਹਨ, ਠੀਕ ਉਸੇ ਤਰ੍ਹਾਂ ਅਕਾਲ
ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖਾ ਜੀਵਨ ਵੀ ਬੇਕਾਰ ਹੋ ਜਾਂਦਾ ਹੈ। ਸਰੀਰਕ ਦੁੱਖ ਤਾਂ ਹੀ ਦੂਰ
ਹੁੰਦੇ ਹਨ, ਜੇਕਰ ਮਨ ਦੇ ਅੰਦਰਲੇ ਰੋਗ ਦੂਰ ਕੀਤੇ ਜਾ ਸਕਣ। ਕਾਮ ਕੋ੍ਰਧ ਲੋਭ ਮੋਹ ਤੇ ਹੰਕਾਰ ਵਿੱਚ
ਫਸੇ ਮਨੁੱਖ ਦੇ ਅੰਦਰਲੇ ਰੋਗ ਕਿਸ ਤਰ੍ਹਾਂ ਦੂਰ ਹੋ ਸਕਦੇ ਹਨ? ਅਕਾਲ ਪੁਰਖੁ ਦਾ ਨਾਮੁ ਅਨੇਕਾਂ
ਜਨਮਾਂ ਦੀ ਵਿਕਾਰਾਂ ਨਾਲ ਭਰੀ ਹੋਈ ਮੈਲ ਦੂਰ ਕਰ ਦੇਂਦਾ ਹੈ, ਮਾਇਆ ਦੇ ਮੋਹ ਕਰਕੇ ਬਣੇ ਹੋਏ ਬੰਧਨ
ਕੱਟ ਕੇ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਲ ਜੋੜ ਦੇਂਦਾ ਹੈ। ਇਸ ਲਈ ਆਪਣੇ ਮਨ ਨੂੰ
ਸਮਝਾਂਣਾਂ ਹੈ, ਕਿ ਗੁਰੂ ਨੂੰ ਤੇ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਕਰਿਆ ਕਰ, ਤਾਂ ਜੋ ਤੇਰਾ ਇਹ
ਮਨੁੱਖਾ ਜਨਮ ਸਫਲ ਹੋ ਸਕੇ।
ਭੈਰਉ ਮਹਲਾ ੫॥
ਲਾਜ ਮਰੈ ਜੋ ਨਾਮੁ ਨ ਲੇਵੈ॥ ਨਾਮ
ਬਿਹੂਨ ਸੁਖੀ ਕਿਉ ਸੋਵੈ॥ ਹਰਿ ਸਿਮਰਨੁ ਛਾਡਿ
ਪਰਮ ਗਤਿ ਚਾਹੈ॥ ਮੂਲ
ਬਿਨਾ ਸਾਖਾ ਕਤ ਆਹੈ॥ ੧॥
ਗੁਰੁ ਗੋਵਿੰਦੁ ਮੇਰੇ ਮਨ ਧਿਆਇ॥
ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ॥ ੧॥ ਰਹਾਉ॥
(੧੧੪੮-੧੧੪੯)
ਅਕਾਲ ਪੁਰਖੁ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ,
ਕਿਉਂਕਿ ਸੱਚੇ ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਹਿਰਦੇ ਵਿੱਚ ਵਸਾਣ ਤੋਂ ਬਿਨਾ ਉਸ ਦਾ ਜੀਵਨ
ਸੁੱਚਾ ਕਿਵੇਂ ਹੋ ਸਕਦਾ ਹੈ? ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਕਤ ਦੇ ਅੰਦਰ ਅਗਿਆਨਤਾ ਰਹਿੰਦੀ
ਹੈ, ਜਿਸ ਕਰਕੇ ਦੁਨਿਆਵੀ ਅੱਖਾਂ ਹੋਣ ਦੇ ਬਾਵਜੂਦ ਵੀ ਸਾਕਤ ਇੱਕ ਅੰਨ੍ਹੇ ਦੀ ਤਰ੍ਹਾਂ ਰਹਿੰਦਾ ਹੈ,
ਜਿਸ ਕਰਕੇ ਉਸ ਦਾ ਮਨੁੱਖਾ ਸਰੀਰ ਕਿਸੇ ਕੰਮ ਦਾ ਨਹੀਂ ਹੁੰਦਾ ਹੈ, ਕਿਉਂਕਿ ਉਸ ਦੇ ਮੂੰਹ ਵਿਚੋਂ
ਭੈੜੇ ਬੋਲ ਤੇ ਨਿੰਦਾ ਦੀ ਬਦਬੂ ਆਉਂਦੀ ਰਹਿੰਦੀ ਹੈ। ਜਿਵੇਂ ਵਰਖਾ ਤੋਂ ਬਿਨਾ ਫਸਲ ਸੁਕ ਜਾਂਦੀ ਹੈ
ਤੇ ਸਾਰੀ ਖੇਤੀ ਖਰਾਬ ਹੋ ਜਾਂਦੀ ਹੈ, ਠੀਕ ਉਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਕਤ
ਦੇ ਦਿਨ ਰਾਤ ਵਿਅਰਥ ਚਲੇ ਜਾਂਦੇ ਹਨ। ਅਕਾਲ ਪੁਰਖੁ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ ਸਾਕਤ ਮਨੁੱਖ
ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ, ਕਿਉਂਕਿ ਇਹ ਕੀਤੇ ਹੋਏ ਕੰਮ ਉਸ ਦਾ ਆਪਣਾ ਕੁੱਝ ਨਹੀਂ
ਸਵਾਰਦੇ। ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ, ਜਿਸ ਤਰ੍ਹਾਂ ਕਿ ਇੱਕ ਕੰਜੂਸ ਦਾ ਇਕੱਠਾ ਕੀਤਾ
ਹੋਇਆ ਧਨ, ਉਸ ਦੇ ਆਪਣੇ ਕਿਸੇ ਕੰਮ ਨਹੀਂ ਆਂਉਂਦਾ। ਉਹ ਮਨੁੱਖ ਧੰਨਤਾ ਦੇ ਯੋਗ ਹਨ, ਜਿਨ੍ਹਾਂ ਦੇ
ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸਦਾ ਹੈ, ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਮੈਂ ਅਜੇਹੇ
ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ।
ਬਿਰਥੀ ਸਾਕਤ ਕੀ ਆਰਜਾ॥ ਸਾਚ ਬਿਨਾ ਕਹ ਹੋਵਤ ਸੂਚਾ॥ ਬਿਰਥਾ ਨਾਮ ਬਿਨਾ ਤਨੁ
ਅੰਧ॥ ਮੁਖਿ ਆਵਤ ਤਾ ਕੈ ਦੁਰਗੰਧ॥ ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ॥ ਮੇਘ ਬਿਨਾ ਜਿਉ ਖੇਤੀ
ਜਾਇ॥ ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ॥ ਜਿਉ ਕਿਰਪਨ ਕੇ ਨਿਰਾਰਥ ਦਾਮ॥ ਧੰਨਿ ਧੰਨਿ ਤੇ ਜਨ ਜਿਹ
ਘਟਿ ਬਸਿਓ ਹਰਿ ਨਾਉ॥ ਨਾਨਕ ਤਾ ਕੈ ਬਲਿ ਬਲਿ ਜਾਉ ॥
੬॥ (੫) (੨੬੯)
ਇਹ ਸਾਰਾ ਜਗਤ ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ, ਆਦਿ ਦੇ ਮੋਹ ਵਿੱਚ
ਫਸਿਆ ਰਹਿੰਦਾ ਹੈ। ਜਵਾਨੀ, ਧਨ, ਤਾਕਤ ਦੇ ਹੰਕਾਰ ਵਿੱਚ ਲੋਕ ਪਾਗਲ ਹੋਏ ਰਹਿੰਦੇ ਹਨ। ਮਨੁੱਖ ਉਸ
ਅਕਾਲ ਪੁਰਖੁ ਨਾਲ ਆਪਣਾ ਮਨ ਨਹੀਂ ਜੋੜਦਾ, ਜਿਹੜਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਤੇ ਸਾਰੇ
ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਇਹ ਜਗਤ ਭਰਮਾਂ ਭੁਲੇਖਿਆ ਕਰਕੇ
ਭਟਕਦਾ ਰਹਿੰਦਾ ਹੈ ਤੇ ਕੁਰਾਹੇ ਪਿਆ ਰਹਿੰਦਾ ਹੈ। ਅਕਾਲ ਪੁਰਖੁ ਦੇ ਨਾਮੁ ਦਾ ਸਿਮਰਨ ਛੱਡਣ ਕਰਕੇ
ਮਨੁੱਖ ਮਾਇਆ ਦੇ ਹੱਥਾਂ ਵਿੱਚ ਵਿਕਦਾ ਰਹਿੰਦਾ ਹੈ, ਜਿਸ ਕਰਕੇ ਉਹ ਆਪਣਾ ਆਤਮਕ ਜੀਵਨ ਵਿਅਰਥ ਗਵਾ
ਲੈਂਦਾ ਹੈ।
ਧਨਾਸਰੀ ਮਹਲਾ ੯॥
ਸਾਧੋ ਇਹੁ ਜਗੁ ਭਰਮ ਭੁਲਾਨਾ॥ ਰਾਮ
ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ॥ ੧॥ ਰਹਾਉ॥
(੬੮੫)
ਅਕਾਲ ਪੁਰਖੁ ਦੇ ਨਾਮੁ ਯਾਦ ਕਰਨ ਤੋਂ ਬਿਨਾ ਮਨੁੱਖਾ ਜੀਵਨ ਬਿਲਕੁਲ ਉਸੇ
ਤਰ੍ਹਾਂ ਹੈ, ਜਿਵੇਂ ਸੱਪ ਆਪਣਾ ਜੀਵਨ ਗੁਜ਼ਾਰਦਾ ਹੈ। ਸੱਪ ਦੀ ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ
ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ। ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ
ਤੇ ਰਾਜ ਵੀ ਕਰਦਾ ਰਹੇ, ਤਾਂ ਵੀ ਆਖ਼ਰ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਹੀ ਜਾਂਦਾ ਹੈ। ਅਕਾਲ
ਪੁਰਖੁ ਦਾ ਨਾਮੁ ਭੁਲਣ ਕਰਕੇ, ਮਨੁੱਖ ਮਾਇਆ ਦੇ ਹੱਥੋਂ ਸਦਾ ਬੇਇਜਤ ਤੇ ਖੁਆਰ ਹੁੰਦਾ ਰਹਿੰਦਾ ਹੈ।
ਪਰੰਤੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਦਾ ਓਟ ਆਸਰਾ ਹੋਵੇ, ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ
ਕਰਕੇ ਧੋਖਾ ਨਹੀਂ ਹੋ ਸਕਦਾ।
ਟੋਡੀ ਮਹਲਾ ੫॥
ਹਰਿ ਬਿਸਰਤ ਸਦਾ ਖੁਆਰੀ॥ ਤਾ ਕਉ
ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ ਰਹਾਉ॥
(੭੧੧-੭੧੨)
ਅਕਾਲ ਪੁਰਖੁ ਦੀ ਮੇਹਰ ਤੋਂ ਬਿਨਾ ਜੀਵ ਨੂੰ ਸਿਮਰਨ ਕਰਨ ਦੀ ਜਾਚ ਨਹੀਂ
ਆਉਂਦੀ, ਤੇ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਭਟਕਦਾ ਰਹਿੰਦਾ ਹੈ। ਮਾਇਆ ਦੇ ਰੰਗ ਵਿੱਚ ਰੰਗਿਆ
ਹੋਇਆ ਜੀਵ ਇਸ ਤਰ੍ਹਾਂ ਭਟਕਦਾ ਫਿਰਦਾ ਰਹਿੰਦਾ ਹੈ, ਜਿਸ ਤਰ੍ਹਾਂ ਇੱਕ ਹਲਕਿਆ ਕੁੱਤਾ ਭਜਦਾ ਰਹਿੰਦਾ
ਹੈ। ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ ਪਾਪ ਕਰਦੇ ਕਰਦੇ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਦੇ
ਜਾਂਦੇ ਹਨ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ ਕਿ ਅਕਾਲ ਪੁਰਖੁ ਦਾ ਡਰ-ਅਦਬ ਮਨ ਵਿੱਚ ਵਸਾਣ
ਤੋਂ ਬਿਨਾ, ਤੇ ਅਕਾਲ ਪੁਰਖੁ ਦੀ ਭਗਤੀ ਕਰਨ ਤੋਂ ਬਿਨਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ
ਨਹੀਂ ਹੋ ਸਕਦਾ। ਇਸ ਲਈ ਵਿਕਾਰਾਂ ਤੋਂ ਬਚਾਣ ਵਾਲੇ ਅਕਾਲ ਪੁਰਖੁ ਅੱਗੇ
ਇਹੀ ਅਰਦਾਸ ਕਰਨੀ ਹੈ ਕਿ ਮੇਰੇ ਉਤੇ ਮੇਹਰ ਕਰੋ, ਤੇ ਮੈਨੂੰ ਇਨ੍ਹਾਂ ਵਿਕਾਰਾਂ ਤੋਂ ਬਚਾਈ ਰੱਖੋ,
ਕਿਉਂਕਿ ਮੈਂ ਆਪ ਦੇ ਆਸਰੇ ਨਾਲ ਹੀ ਇਸ ਸੰਸਾਰ ਵਿੱਚ ਵਿਚਰ ਰਿਹਾ ਹਾਂ।
ਬਿਲਾਵਲੁ ਮਹਲਾ ੫॥
ਬਿਨੁ ਭੈ ਭਗਤੀ ਤਰਨੁ ਕੈਸੇ॥ ਕਰਹੁ
ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ॥ ੧॥ ਰਹਾਉ॥
(੮੨੯)
ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ ਐਸਾ ਸੁਰਮਾ ਦਿੱਤਾ ਹੈ ਕਿ ਹੁਣ ਮੈਨੂੰ
ਅਕਾਲ ਪੁਰਖੁ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਲਗਦਾ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾਂ
ਹੈ ਕਿ ਅਕਾਲ ਪੁਰਖੁ ਦੇ ਨਾਮੁ ਨਾਲ ਹੀ ਜੀਵਨ ਸਫਲ ਹੁੰਦਾ ਹੈ ਤੇ ਇਸ ਸਬੰਧੀ ਗਿਆਨ ਦੀ ਦਾਤ ਗੁਰੂ
ਕੋਲੋਂ ਮਿਲਦੀ ਹੈ।
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ॥ ੧॥
ਰਹਾਉ ॥ (੮੫੮)
ਅਕਾਲ ਪੁਰਖੁ ਦੇ ਸਿਮਰਨ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ, ਤੇ ਅਸੀਂ ਉਸ
ਅਕਾਲ ਪੁਰਖੁ ਦੇ ਚਰਨਾਂ ਵਿੱਚ ਪਹੁੰਚ ਸਕਦੇ ਹਾਂ। ਫਿਰ ਇਸ ਸੰਸਾਰ ਵਿੱਚ ਮਨੁੱਖ ਨੂੰ ਭਟਕਣਾ ਨਹੀਂ
ਪੈਦਾ, ਕੋਈ ਦੁਨਿਆਵੀ ਡਰ ਨਹੀਂ ਪੋਹ ਸਕਦਾ, ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ, ਮਾਇਆ ਦੇ
ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ, ਵਿਕਾਰਾਂ ਦਾ ਮਨ ਤੋਂ ਬੋਝ ਉਤਰ ਜਾਂਦਾ ਹੈ, ਮਨੁੱਖ ਚਿੰਤਾ
ਤੋਂ ਬਚਿਆ ਰਹਿੰਦਾ ਹੈ, ਜੀਵ ਦੇ ਅੰਦਰ ਸਦਾ ਗਿਆਨ ਦਾ ਦੀਵਾ ਜਗਦਾ ਰਹਿੰਦਾ ਹੈ, ਕਾਮ ਕੋ੍ਰਧ ਆਦਿਕ
ਵਿਕਾਰਾਂ ਦਾ ਜ਼ਹਿਰ ਜੀਵ ਦੇ ਅੰਦਰੋਂ ਨਿਕਲ ਜਾਂਦਾ ਹੈ, ਮਨੁੱਖ ਦੀ ਉੱਚੀ ਆਤਮਕ ਅਵਸਥਾ ਬਣ ਸਕਦੀ
ਹੈ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ, ਤੇ ਆਤਮਕ ਰੋਗ ਦੂਰ ਹੋ ਜਾਂਦੇ ਹਨ। ਪਰੰਤੂ ਇਹ ਧਿਆਨ ਵਿੱਚ
ਰੱਖਣਾ ਹੈ, ਕਿ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੀ ਯਾਦ ਤੋਂ ਬਿਨਾ
ਕੋਈ ਹੋਰ ਮੰਤਰ, ਜਾਂ ਟੂਣਾ ਉਸ ਦੇ ਅੱਗੇ ਨਹੀਂ ਚੱਲ ਸਕਦਾ। ਅਕਾਲ ਪੁਰਖੁ ਦੇ ਨਾਮੁ ਸਿਮਰਨ ਤੋਂ
ਬਿਨਾ ਕਿਸੇ ਵੀ ਹੋਰ ਤਰੀਕੇ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ, ਇਸ ਲਈ ਆਪਣੇ ਮਨ
ਵਿੱਚ ਗੁਰੂ ਦੀ ਮਿਹਰ ਸਦਕਾ ਅਜੇਹਾ ਸਿਮਰਨ ਕਰਨਾ ਹੈ, ਜਿਸ ਨਾਲ ਸਭ ਕੁੱਝ ਪਾਇਆ ਜਾ ਸਕੇ। ਸਦਾ ਦਿਨ
ਰਾਤ, ਉਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ, ਜਾਗਦਿਆਂ, ਸੁੱਤਿਆਂ ਹਰ ਵੇਲੇ ਗੁਰਬਾਣੀ
ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਣਾ ਹੈ।
ਐਸਾ ਸਿਮਰਨੁ ਕਰਿ ਮਨ ਮਾਹਿ॥ ਬਿਨੁ ਸਿਮਰਨ ਮੁਕਤਿ ਕਤ ਨਾਹਿ॥ ੧॥ ਰਹਾਉ ॥
(੯੭੧)
ਜਿਨ੍ਹਾਂ ਮਨੁੱਖਾਂ ਉਤੇ ਅਕਾਲ ਪੁਰਖੁ ਨੇ ਇੱਕ ਖਿਨ ਭਰ ਵੀ ਮਿਹਰ ਕੀਤੀ,
ਉਨ੍ਹਾਂ ਨੇ ਅਕਾਲ ਪੁਰਖੁ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ
ਪੈ ਕੇ ਦਿਨ ਰਾਤ ਅਕਾਲ ਪੁਰਖੁ ਦਾ ਨਾਮੁ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਅਕਾਲ ਪੁਰਖੁ ਦੇ ਗੁਣ
ਗਾਇਨ ਕਰਨ ਤੇ ਸੁਣਨ ਨਾਲ ਵਿਕਾਰਾਂ ਤੋਂ ਬਚ ਗਏ। ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ
ਅਕਾਲ ਪੁਰਖੁ ਲਈ ਪਿਆਰ ਪੈਦਾ ਕਰ ਦਿੱਤਾ, ਉਨ੍ਹਾਂ ਦੀ ਲੋਕ ਪਰਲੋਕ ਵਿੱਚ ਸੋਭਾ ਹੋਣ ਲਗ ਪਈ। ਅਕਾਲ
ਪੁਰਖੁ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਇਸ ਤਰ੍ਹਾਂ ਫੈਲ ਜਾਂਦੀ ਹੈ, ਜਿਸ ਤਰ੍ਹਾਂ ਆਕਾਸ਼ ਦੇ
ਤਾਰਿਆਂ ਵਿੱਚ ਚੰਦ੍ਰਮਾ ਸੋਹਣਾ ਲਗਦਾ ਹੈ। ਪਰੰਤੂ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਕਾਲ
ਪੁਰਖੁ ਦਾ ਨਾਮੁ ਨਹੀਂ ਵੱਸਦਾ, ਉਨ੍ਹਾਂ ਦੇ ਦੁਨੀਆਂ ਵਾਲੇ ਸਾਰੇ ਕੰਮ ਫਿੱਕੇ ਹੁੰਦੇ ਹਨ, ਤੇ
ਉਨ੍ਹਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖ ਇਸ
ਤਰ੍ਹਾਂ ਹੁੰਦਾ ਹੈ, ਜਿਸ ਤਰ੍ਹਾਂ ਕੋਈ ਨੱਕ ਵੱਢਿਆ ਮਨੁੱਖ ਆਪਣੇ ਮਨੁੱਖਾ ਸਰੀਰ ਦੀ ਸਜਾਵਟ ਕਰਦਾ
ਹੈ, ਪਰ ਨੱਕ ਤੋਂ ਬਿਨਾ ਉਹ ਸਜਾਵਟ ਕਿਸੇ ਕੰਮ ਦੀ ਨਹੀਂ ਹੁੰਦੀ। ਭਾਂਵੇਂ ਅਕਾਲ ਪੁਰਖੁ ਹਰੇਕ ਸਰੀਰ
ਵਿੱਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਉਹ ਆਪ ਹੀ ਮੌਜੂਦ ਹੈ, ਪਰੰਤੂ, ਜਿਨ੍ਹਾਂ
ਸੇਵਕਾਂ ਉਤੇ ਅਕਾਲ ਪੁਰਖੁ ਮਿਹਰ ਕਰਦਾ ਹੈ, ਉਹ ਗੁਰੂ ਦੇ ਬਚਨਾਂ ਉੱਤੇ ਚਲ ਕੇ ਹਰ ਵੇਲੇ ਅਕਾਲ
ਪੁਰਖੁ ਦਾ ਨਾਮੁ ਯਾਦ ਕਰਨ ਲੱਗ ਪੈਂਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਾਣਾਂ ਹੈ ਕਿ ਗੁਰੂ ਦੀ
ਕਿਰਪਾ ਨਾਲ ਹਰ ਵੇਲੇ ਅਕਾਲ ਪੁਰਖੁ ਦੇ ਨਾਮੁ ਰੂਪੀ ਰਸ ਵਿੱਚ ਟਿਕਿਆ ਰਹਿ। ਜਿਸ ਮਨੁੱਖ ਨੂੰ ਗੁਰੂ
ਦੇ ਸਨਮੁਖ ਹੋ ਕੇ ਆਤਮਕ ਠੰਢ ਪਾਣ ਵਾਲਾ ਨਾਮੁ ਰੂਪੀ ਜਲ ਮਿਲ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ
ਦਾ ਨਾਮੁ ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ।
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ॥ ਗੁਰਮੁਖਿ ਨਾਮੁ ਸੀਤਲ ਜਲੁ ਪਾਇਆ
ਹਰਿ ਹਰਿ ਨਾਮੁ ਪੀਆ ਰਸੁ ਝੀਕ॥ ੧॥ ਰਹਾਉ॥
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ
ਮਸਤਕਿ ਊਜਲ ਟੀਕ॥ ਹਰਿ ਜਨ ਸੋਭਾ ਸਭ ਜਗ
ਊਪਰਿ ਜਿਉ ਵਿਚਿ ਉਡਵਾ ਸਸਿ ਕੀਕ॥ ੨॥
ਜਿਨ ਹਰਿ ਹਿਰਦੈ ਨਾਮੁ ਨ ਵਸਿਓ
ਤਿਨ ਸਭਿ ਕਾਰਜ ਫੀਕ॥ ਜੈਸੇ ਸੀਗਾਰੁ ਕਰੈ
ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ॥ ੩॥ (੧੩੩੫, ੧੩੩੬)
ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। ਪਰੰਤੂ ਜੇਹੜੇ
ਮਨੁੱਖ ਅਕਾਲ ਪੁਰਖੁ ਦਾ ਨਾਮੁ ਨਹੀਂ ਜਪਦੇ, ਉਹ ਆਪਣੀ ਆਤਮਕ ਮੌਤ ਦੇ ਆਪ ਹੀ ਜਿਮੇਂਵਾਰ ਹੁੰਦੇ ਹਨ।
ਅਕਾਲ ਪੁਰਖੁ ਦੇ ਨਾਮੁ ਤੋਂ ਖੁੰਝੇ ਹੋਏ ਮਨੁੱਖ ਖਾਣ ਪੀਣ ਤੇ ਹੱਸਣ ਖੇਡਣ ਦੇ ਖਿਲਾਰੇ ਖਿਲਾਰਦੇ
ਰਹਿੰਦੇ ਹਨ, ਪਰ ਉਹ ਸਭ ਕੁੱਝ ਇਸ ਤਰ੍ਹਾਂ ਹੈ, ਜਿਵੇਂ ਲੋਕ ਕਿਸੇ ਮੁਰਦੇ ਨੂੰ ਸ਼ਿੰਗਾਰਦੇ ਹਾਂ,
ਕਿਉਂਕਿ ਅਜੇਹੇ ਸ਼ਿੰਗਾਰਨ ਦਾ ਕੋਈ ਵੀ ਲਾਭ ਨਹੀਂ ਹੁੰਦਾ, ਜਿਸ ਨੂੰ ਕੁੱਝ ਸਮੇਂ ਬਾਅਦ ਲੋਕ ਆਪ ਹੀ
ਦਬਾ ਕੇ ਜਾਂ ਜਲਾ ਕੇ ਖਤਮ ਕਰ ਦਿੰਦੇ ਹਨ। ਜੇਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਹੀਂ
ਸੁਣਦੇ, ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਵੀ ਭੈੜੇ ਹਨ।
ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖੁ ਦਾ ਨਾਮੁ ਭੁੱਲ ਜਾਂਦਾ ਹੈ, ਉਹ ਆਪਣੀ ਆਤਮਕ ਮੌਤੇ ਆਪ ਹੀ ਮਰ
ਜਾਂਦੇ ਹਨ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਤੋਂ ਵਾਂਝੇ ਰਹਿ ਰਹੇ ਮਨੁੱਖ ਦਾ ਜੀਵਨ ਕਿਸੇ ਵੀ ਕੰਮ
ਨਹੀਂ ਆਉਂਦਾ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਆਪਣਾ ਉਪਦੇਸ਼ ਪੱਕਾ ਕਰ ਦਿੰਦਾ ਹੈ, ਉਸ ਦੇ
ਹਿਰਦੇ ਵਿੱਚ ਸਿਰਫ਼ ਅਕਾਲ ਪੁਰਖੁ ਦਾ ਨਾਮੁ ਹੀ ਸਮਾਇਆ ਰਹਿੰਦਾ ਹੈ।
ਗਉੜੀ ਮਹਲਾ ੫॥
ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ
ਜਪਹਿ ਤੇ ਆਤਮ ਘਾਤੀ॥ ੧॥
ਮਰਿ ਨ ਜਾਹੀ ਜਿਨਾ ਬਿਸਰਤ ਰਾਮ॥
ਨਾਮ ਬਿਹੂਨ ਜੀਵਨ ਕਉਨ ਕਾਮ॥ ੧॥ ਰਹਾਉ॥
(੧੮੮)
ਕਬੀਰ ਸਾਹਿਬ ਆਪਣੇ ਮਨ ਨੂੰ
ਸੁਚੇਤ ਕਰਕੇ ਸਮਝਾਂਦੇ ਹਨ ਕਿ ਇਸ ਮਨੁੱਖਾ ਜਨਮ ਵਿੱਚ ਹੁਣ ਵੇਲਾ ਹੈ, ਜਦੋਂ ਤੂੰ ਅਕਾਲ ਪੁਰਖੁ ਦਾ
ਨਾਮੁ ਚੇਤੇ ਕਰ ਸਕਦਾ ਹੈ। ਜੇ ਕਰ ਸਮਾਂ ਬੀਤ ਗਿਆ ਤਾਂ ਬਾਅਦ ਵਿੱਚ ਸਿਰਫ ਅਫ਼ਸੋਸ ਕਰਦਾ ਹੀ ਰਹਿ
ਜਾਏਂਗਾ। ਵਿਕਾਰਾਂ ਵਿੱਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ ਧਨ ਪਦਾਰਥ ਦਾ ਲੋਭ ਕਰ ਰਹੀ ਹੈ, ਪਰ ਤੂੰ
ਥੋੜੇ ਹੀ ਦਿਨਾਂ ਵਿੱਚ ਇਹ ਸਭ ਕੁੱਝ ਇੱਥੇ ਛੱਡ ਕੇ ਇਸ ਸੰਸਾਰ ਤੋਂ ਤੁਰ ਜਾਏਂਗਾ। ਲਾਲਚ ਵਿੱਚ ਫਸ
ਕੇ ਤੂੰ ਆਪਣਾ ਮਨੁੱਖਾ ਜੀਵਨ ਅਜਾਈਂ ਗਵਾ ਰਿਹਾ ਹੈ, ਮਾਇਆ ਕਾਰਨ ਭਟਕ ਰਿਹਾ ਹੈ। ਧਨ ਤੇ ਜੁਆਨੀ ਦਾ
ਇਹ ਮਾਣ, ਮੌਤ ਆਉਣ ਤੇ ਇੱਕ ਕਾਗ਼ਜ਼ ਦੀ ਤਰ੍ਹਾਂ ਗਲ ਜਾਏਂਗਾ। ਜਦੋਂ ਅੰਤ ਸਮੇਂ ਤੈਨੂੰ ਜਮ ਆ ਕੇ
ਕੇਸਾਂ ਤੋਂ ਫੜ ਕੇ ਭੁੰਞੇ ਪਟਕਾਏਗਾ, ਤਾਂ ਉਸ ਅੱਗੇ ਤੇਰੀ ਕੋਈ ਪੇਸ਼ ਨਹੀਂ ਜਾਏਗੀ। ਜੇਕਰ ਤੂੰ ਹੁਣ
ਅਕਾਲ ਪੁਰਖੁ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਆਪਣੇ ਅੰਦਰ ਦਇਆ ਨਹੀਂ ਪਾਲਦਾ, ਤਾਂ ਮਰਨ ਸਮੇਂ
ਦੁਖੀ ਹੋਵੇਂਗਾ। ਜਦੋਂ ਧਰਮਰਾਜ ਨੇ ਤੈਥੋਂ ਜੀਵਨ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ, ਤਾਂ ਕੀ
ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ? ਕਬੀਰ ਸਾਹਿਬ ਸਮਝਾਂਦੇ ਹਨ ਕਿ ਅਸੀਂ ਸਾਧ ਸੰਗਤ ਵਿੱਚ ਰਹਿ
ਕੇ ਹੀ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ।
ਕਬੀਰੁ॥ ਮਾਰੂ॥
ਰਾਮੁ ਸਿਮਰੁ ਪਛੁਤਾਹਿਗਾ ਮਨ॥
ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ॥ ੧॥ ਰਹਾਉ॥
ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ॥ ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ
ਜਾਹਿਗਾ॥ ੧॥ ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ
ਬਸਾਹਿਗਾ॥
ਸਿਮਰਨੁ ਭਜਨੁ ਦਇਆ ਨਹੀ ਕੀਨੀ
ਤਉ
ਮੁਖਿ ਚੋਟਾ ਖਾਹਿਗਾ॥ ੨॥
ਧਰਮ ਰਾਇ ਜਬ ਲੇਖਾ ਮਾਗੈ ਕਿਆ
ਮੁਖੁ ਲੈ ਕੈ ਜਾਹਿਗਾ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ॥
੩॥ ੧॥ (੧੧੦੬)
ਕੁਰਾਹੇ ਪਿਆ ਹੋਇਆ ਮਨੁੱਖ ਪਾਪ ਸੋਚਦਿਆਂ ਕਦੇ ਵੀ ਢਿੱਲ ਨਹੀਂ ਕਰਦਾ,
ਵੇਸੁਆ ਦੇ ਦੁਆਰੇ ਤੇ ਜਾਣੋਂ ਵੀ ਰਤੀ ਭਰ ਸ਼ਰਮ ਨਹੀਂ ਕਰਦਾ। ਮਾਇਆ ਦੀ ਖ਼ਾਤਰ ਸਾਰਾ ਦਿਨ ਮਜੂਰੀ ਕਰ
ਸਕਦਾ ਹੈ, ਪਰ ਜਦੋਂ ਅਕਾਲ ਪੁਰਖੁ ਨੂੰ ਯਾਦ ਕਰਨ ਦਾ ਵੇਲਾ ਹੁੰਦਾ ਹੈ ਤਾਂ ਇਸ ਤਰ੍ਹਾਂ ਮਹਿਸੂਸ
ਕਰਦਾ ਹੈ ਜਿਵੇਂ ਉਸ ਦੇ ਸਿਰ ਉਤੇ ਬਿਜਲੀ ਪੈ ਗਈ ਹੁੰਦੀ ਹੈ। ਮਾਇਆ ਦੇ ਵਿੱਚ ਫਸੇ ਹੋਏ ਮਨੁੱਖ ਦੀ
ਉਮਰ ਬੀਤ ਜਾਂਦੀ ਹੈ, ਮਾਇਆ ਨਾਲ ਪਿਆਰ ਪਾ ਕੇ ਰੋਜ਼ਾਨਾ ਕਾਰ ਵਿਹਾਰ ਵਿੱਚ ਵੀ ਹੇਰਾ ਫੇਰੀ ਕਰਦਾ
ਰਹਿੰਦਾ ਹੈ, ਕਾਰ ਵਿਹਾਰ ਦੇ ਬੰਧਨਾਂ ਵਿੱਚ ਫਸੇ ਮਨੁੱਖ ਦਾ ਮਨ ਦੌੜਦਾ ਰਹਿੰਦਾ ਹੈ, ਪਰ ਪੈਦਾ ਕਰਨ
ਵਾਲਾ ਅਕਾਲ ਪੁਰਖੁ ਉਸ ਨੂੰ ਹਿਰਦੇ ਵਿੱਚ ਚੇਤੇ ਨਹੀਂ ਆਉਂਦਾ। ਕੁਰਾਹੇ ਪਿਆ ਮਨੁੱਖ ਇਸੇ ਤਰ੍ਹਾਂ
ਕਰਦਿਆਂ ਕਰਦਿਆਂ ਦੁੱਖ ਭੋਗਦਾ ਰਹਿੰਦਾ ਹੈ, ਪਰ ਮਾਇਆ ਵਾਲੇ ਇਸ ਦੇ ਕੰਮ ਕਦੇ ਮੁੱਕਦੇ ਹੀ ਨਹੀਂ।
ਕਾਮ, ਕੋ੍ਰਧ, ਲੋਭ ਵਿੱਚ ਇਸ ਦਾ ਮਨ ਡੁੱਬਾ ਰਹਿੰਦਾ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਤੜਫ
ਕੇ ਮਰਦੀ ਹੈ, ਉਸੇ ਤਰ੍ਹਾਂ ਉਹ ਨਾਮੁ ਤੋਂ ਬਿਨਾ ਵਿਕਾਰਾਂ ਵਿੱਚ ਫਸ ਕੇ ਆਤਮਕ ਮੌਤ ਸਹੇੜ ਲੈਂਦਾ
ਹੈ। ਪਰੰਤੂ ਜਿਸ ਮਨੁੱਖ ਦਾ ਅਕਾਲ ਪੁਰਖੁ ਆਪ ਰਖਵਾਲਾ ਬਣ ਜਾਏ, ਉਹ ਮਨੁੱਖ ਸਦਾ ਅਕਾਲ ਪੁਰਖੁ ਦਾ
ਨਾਮੁ ਜਪਦਾ ਰਹਿੰਦਾ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੀ ਕਿਰਪਾ ਨਾਲ ਪੂਰਾ ਗੁਰੂ ਮਿਲ ਜਾਂਦਾ
ਹੈ, ਉਹ ਸਾਧ ਸੰਗਤਿ ਵਿੱਚ ਰਹਿ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ। ਇਹ ਜਗਤ ਮਾਇਆ
ਦੇ ਮੋਹ ਵਿੱਚ ਫਸ ਕੇ ਕੁਰਾਹੇ ਪਿਆ ਹੋਇਆ ਹੈ। ਪਰ ਜਗਤ ਦੇ ਲੋਕਾਂ ਦੇ ਵੱਸ ਵਿਚ
ਵੀ ਕੁੱਝ ਨਹੀਂ, ਕਿਉਂਕਿ ਕੁਰਾਹੇ ਪਾ ਸਕਣ ਵਾਲੇ ਅਕਾਲ ਪੁਰਖੁ ਨੇ ਆਪ ਹੀ ਜਗਤ ਨੂੰ ਕੁਰਾਹੇ ਪਾਇਆ
ਹੋਇਆ ਹੈ, ਜਿਸ ਕਰਕੇ ਜਗਤ ਦੇ ਜਿਆਦਾ ਤਰ ਲੋਕ ਵਿਅਰਥ ਕਾਰ ਵਿਹਾਰਾਂ ਵਿੱਚ ਹੀ ਫਸੇ ਰਹਿੰਦੇ ਹਨ।
ਮਾਇਆ ਲਗਿ ਭੂਲੋ ਸੰਸਾਰੁ॥ ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ
ਬਿਉਹਾਰ॥ ੧॥ ਰਹਾਉ॥ (੧੧੪੩)
ਭਗਤ ਰਵਿਦਾਸ ਜੀ ਸਪੱਸ਼ਟ ਕਰਦੇ ਹਨ ਕਿ ਮੇਰੇ ਲਈ ਨਾਮੁ ਹੀ ਪੰਡਿਤ ਵਾਲਾ ਆਸਨ
ਹੈ, ਨਾਮੁ ਹੀ ਚੰਦਨ ਘਸਾਉਣ ਲਈ ਸਿਲ ਹੈ, ਮੇਰੇ ਲਈ ਨਾਮੁ ਹੀ ਕੇਸਰ ਹੈ, ਨਾਮੁ ਹੀ ਪਾਣੀ ਹੈ, ਨਾਮੁ
ਹੀ ਚੰਦਨ ਹੈ, ਨਾਮੁ ਹੀ ਦੀਵਾ ਹੈ ਤੇ ਨਾਮੁ ਹੀ ਦੀਵੇ ਦੀ ਵੱਟੀ ਹੈ, ਤੇ ਨਾਮੁ ਹੀ ਦੀਵੇ ਵਿੱਚ
ਪਾਇਆ ਹੋਇਆ ਤੇਲ ਹੈ। ਦੁਨਿਆਵੀ ਜੋਤਿ ਦੀ ਥਾਂ, ਮੈਂ ਤੇਰੇ ਨਾਮੁ ਦੀ ਹੀ ਜੋਤਿ ਲਗਾਂਦਾ ਹਾਂ, ਜਿਸ
ਦੀ ਬਰਕਤਿ ਨਾਲ ਸਾਰੇ ਭਵਨਾਂ ਵਿੱਚ ਚਾਨਣ ਹੋ ਰਿਹਾ ਹੈ। ਮੈਂ ਤੇਰੇ ਨਾਮੁ ਦਾ ਧਾਗਾ ਬਣਾਇਆ ਹੈ, ਤੇ
ਨਾਮੁ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ। ਇਹ ਸਾਰੀ ਕੁਦਰਤ ਤੇਰੀ ਬਣਾਈ ਹੋਈ ਹੈ,
ਇਸ ਲਈ ਮੈਂ ਤੇਰੀ ਪੈਦਾ ਕੀਤੀ ਹੋਈ ਕੁਦਰਤ ਵਿਚੋਂ ਮੈਂ ਤੇਰੇ ਅੱਗੇ ਕੀ ਰੱਖ ਸਕਦਾ ਹਾਂ? ਇਸ ਲਈ
ਮੈਂ ਤੇਰਾ ਨਾਮੁ ਰੂਪੀ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ਆਮ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ,
ਪਰੰਤੂ ਭਗਤ ਰਵਿਦਾਸ ਜੀ ਸਮਝਾਂਉਂਦੇ ਹਨ, ਕਿ ਮੇਰੇ ਲਈ ਅਕਾਲ ਪੁਰਖੁ ਦਾ ਨਾਮੁ ਹੀ ਆਰਤੀ ਹੈ, ਤੇ
ਇਹ ਨਾਮੁ ਹੀ ਮੇਰੇ ਲਈ ਤੀਰਥਾਂ ਦਾ ਇਸ਼ਨਾਨ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾਂ ਕੀਤੇ ਗਏ ਹੋਰ
ਸਾਰੇ ਪਾਖੰਡ ਝੂਠੇ ਹਨ।
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥
੧॥ ਰਹਾਉ॥ (੬੯੪)
ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਜੀਵਨ ਦੇ ਸਫ਼ਰ ਵਿੱਚ ਵਿਕਾਰਾਂ ਕਰਕੇ ਕੋਈ
ਰੁਕਾਵਟ ਨਹੀਂ ਪੈਂਦੀ। ਅਕਾਲ ਪੁਰਖੁ ਦਾ ਨਾਮੁ ਸੁਣਦਿਆਂ ਰਹਿਣ ਸਦਕਾ ਮਨੁੱਖ ਦਾ ਜੀਵਨ ਇਤਨਾ ਉੱਚਾ
ਹੋ ਜਾਂਦਾ ਹੈ ਕਿ ਨਾਮੁ ਜਪਣ ਵਾਲੇ ਮਨੁੱਖ ਕੋਲੋ ਜਮਰਾਜ ਵੀ ਦੂਰੋਂ ਹੀ ਪਰੇ ਹਟ ਜਾਂਦਾ ਹੈ। ਅਕਾਲ
ਪੁਰਖੁ ਦਾ ਨਾਮੁ ਜਪਣ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਤੇ ਮਨੁੱਖ ਦਾ ਮਨ ਅਕਾਲ ਪੁਰਖੁ
ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਅਕਾਲ ਪੁਰਖੁ ਦਾ ਨਾਮੁ ਸਾਧ ਸੰਗਤਿ ਵਿੱਚ ਰਹਿ ਕੇ ਜਪਿਆ ਜਾ
ਸਕਦਾ ਹੈ, ਇਸ ਲਈ ਬੜੇ ਪ੍ਰੇਮ ਨਾਲ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ, ਤਾਂ ਜੋ
ਜੀਵ ਦੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਦਿਨ ਰਾਤ ਪੈਦਾ ਹੁੰਦੇ ਰਹਿਣ। ਅਜੇਹੀ ਭਗਤੀ ਮਨੁੱਖਾ ਜੀਵਨ
ਵਿੱਚ ਵਿਕਾਰਾਂ ਕਰਕੇ ਕੋਈ ਰੁਕਾਵਟ ਨਹੀਂ ਪੈਣ ਦੇਂਦੀ। ਇਸ ਲਈ ਅਕਾਲ ਪੁਰਖੁ ਅੱਗੇ ਇਹੀ ਬੇਨਤੀ
ਕਰਨੀ ਹੈ ਕਿ ਆਪਣੇ ਦਾਸ ਉਤੇ ਮਿਹਰ ਕਰੋ ਤੇ ਮੈਨੂੰ ਆਪਣੇ ਨਾਮੁ ਦੀ ਦਾਤ ਦਿਉ ਤਾਂ ਜੋ ਮੈਂ ਆਪਣੇ
ਹਰੇਕ ਸਾਹ ਦੇ ਨਾਲ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਾਂ।
ਭੈਰਉ ਮਹਲਾ ੫॥
ਨਾਮੁ ਲੈਤ ਕਿਛੁ ਬਿਘਨੁ ਨ ਲਾਗੈ॥
ਨਾਮੁ ਸੁਣਤ ਜਮੁ ਦੂਰਹੁ ਭਾਗੈ॥ ਨਾਮੁ ਲੈਤ ਸਭ ਦੂਖਹ ਨਾਸੁ॥ ਨਾਮੁ ਜਪਤ ਹਰਿ ਚਰਣ ਨਿਵਾਸੁ॥
੧॥ ਨਿਰਬਿਘਨ ਭਗਤਿ ਭਜੁ
ਹਰਿ ਹਰਿ ਨਾਉ॥ ਰਸਕਿ ਰਸਕਿ ਹਰਿ ਕੇ ਗੁਣ ਗਾਉ॥ ੧॥ ਰਹਾਉ॥
(੧੧੫੦)
ਗੁਰਮੁਖਾਂ ਲਈ ਅਕਾਲ ਪੁਰਖੁ ਦਾ ਨਾਮੁ ਹੀ ਛੱਤੀ ਪ੍ਰਕਾਰ ਦੇ ਸੁਆਦਾਂ ਵਾਲਾ
ਭੋਜਨ ਹੈ, ਜਿਸ ਨੂੰ ਖਾ ਕੇ ਉਹ ਆਤਮਿਕ ਤੌਰ ਤੇ ਰੱਜ ਜਾਂਦੇ ਹਾਂ, ਅਜੇਹੇ ਮਨੁੱਖ ਮਾਇਕ ਪਦਾਰਥਾਂ
ਵਲੋਂ ਤ੍ਰਿਪਤ ਹੋ ਜਾਂਦੇ ਹਨ। ਅਕਾਲ ਪੁਰਖੁ ਦਾ ਨਾਮੁ ਹੀ ਮਨੁੱਖ ਲਈ ਅਜੇਹੀ ਪੁਸ਼ਾਕ ਹੈ, ਜਿਸ ਨੂੰ
ਪਹਿਨਣ ਨਾਲ ਜੀਵ ਕਦੇ ਬੇਪੜਦਾ ਨਹੀਂ ਹੁੰਦਾ, ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਵਿਖਾਵੇ ਵਾਲੀਆਂ
ਦੁਨਿਆਵੀ ਪੁਸ਼ਾਕਾਂ ਪਾਉਣ ਦੀ ਇਛਾ ਦੂਰ ਹੋ ਜਾਂਦੀ ਹੈ। ਅਜੇਹੇ ਮਨੁੱਖ ਲਈ ਅਕਾਲ ਪੁਰਖੁ ਦਾ ਨਾਮੁ
ਹੀ ਵਣਜ ਤੇ ਵਪਾਰ ਹੈ, ਜਿਸ ਦੀ ਪ੍ਰਾਪਤੀ ਸਤਿਗੁਰੂ ਦੀ ਸਿਖਿਆ ਅਨੁਸਾਰ ਚਲ ਕੇ ਹੁੰਦੀ ਹੈ। ਅਜੇਹਾ
ਮਨੁੱਖ ਅਕਾਲ ਪੁਰਖੁ ਦੇ ਨਾਮੁ ਦਾ ਹੀ ਲੇਖਾ ਲਿਖਦਾ ਹੈ, ਜਿਸ ਕਰ ਕੇ ਉਸ ਨੂੰ ਜਮਾਂ ਦੀ ਖ਼ੁਸ਼ਾਮਦ
ਨਹੀਂ ਕਰਨੀ ਪੈਂਦੀ। ਪਰੰਤੂ ਕੋਈ ਵਿਰਲਾ ਗੁਰਮੁਖ ਹੀ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਹੈ, ਜਿਸ
ਨੂੰ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਧੁਰੋਂ ਬਖ਼ਸ਼ਸ਼ ਪ੍ਰਾਪਤ ਹੁੰਦੀ ਹੈ।
ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ
ਲਿਖਤੁ ਪਈ॥ ੧੭॥ (੫੯੩)
ਗੁਰਮੁਖਾਂ ਦੇ ਮਨ ਵਿੱਚ ਸਦਾ ਅਕਾਲ ਪੁਰਖੁ ਦੇ ਨਾਮੁ ਦੀ ਭੁੱਖ ਲੱਗੀ
ਰਹਿੰਦੀ ਹੈ, ਤੇ ਇਸ ਨਾਮੁ ਦੀ ਭੁੱਖ ਸਦਕਾ ਮਨੁੱਖ ਨੂੰ ਦੁਨਿਆਵੀ ਮਾਇਆ ਦੀ ਭੁੱਖ ਨਹੀਂ ਲੱਗਦੀ।
ਅਕਾਲ ਪੁਰਖੁ ਦਾ ਨਾਮੁ ਸੁਣਦੇ ਰਹਿਣ ਨਾਲ ਮਨੁੱਖ ਦਾ ਮਨ ਮਾਇਆ ਵਲੋਂ ਰੱਜਿਆ ਰਹਿੰਦਾ ਹੈ। ਅਕਾਲ
ਪੁਰਖੁ ਦਾ ਨਾਮੁ ਸੁਣ ਕੇ ਮਨੁੱਖ ਦਾ ਮਨ ਗੁਣਾਂ ਨਾਲ ਹਰਿਆ ਭਰਿਆ ਰਹਿੰਦਾ ਹੈ। ਗੁਰੂ ਦੀ ਮਤਿ
ਅਨੁਸਾਰ ਅਕਾਲ ਪੁਰਖੁ ਦਾ ਨਾਮੁ ਖੱਟ ਖੱਟ ਕੇ ਮਨੁੱਖ ਦਾ ਮਨ ਖੁਸ਼ ਤੇ ਟਿਕਿਆ ਰਹਿੰਦਾ ਹੈ। ਅਕਾਲ
ਪੁਰਖੁ ਦੇ ਨਾਮੁ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਰਹਿੰਦਾ ਹੈ, ਤੇ ਇਸ
ਤਰ੍ਹਾਂ ਦੁੱਖੀ ਹੁੰਦਾ ਰਹਿੰਦਾ ਹੈ, ਜਿਸ ਤਰ੍ਹਾਂ ਕੋਈ ਕੋਹੜੀ ਮਨੁੱਖ, ਕੋਹੜ ਦੇ ਦਰਦਾਂ ਨਾਲ
ਵਿਲਕਦਾ ਰਹਿੰਦਾ ਹੈ। ਮਾਇਆ ਦਾ ਮੋਹ ਉਸ ਨੂੰ ਅੰਨ੍ਹਾ ਕਰੀ ਰੱਖਦਾ ਹੈ ਤੇ ਜੀਵਨ ਦੀ ਸਹੀ ਜੁਗਤ
ਬਾਰੇ ਉਸ ਨੂੰ ਕੁੱਝ ਵੀ ਪਤਾ ਨਹੀਂ ਲਗਦਾ। ਇਸ ਲਈ ਉਹ ਜਿਤਨੇ ਵੀ ਕੰਮ ਕਰਦਾ ਹੈ, ਉਹ ਸਭ ਵਿਅਰਥ
ਜਾਂਦੇ ਹਨ, ਤੇ ਅਜੇਹੇ ਕੰਮ ਉਸ ਨੂੰ ਆਤਮਕ ਦੁੱਖ ਦੇਂਦੇ ਰਹਿੰਦੇ ਹਨ। ਉਹ ਮਨੁੱਖ ਵੱਡੇ ਭਾਗਾਂ
ਵਾਲੇ ਹੁੰਦੇ ਹਨ, ਜਿਹੜੇ ਗੁਰੂ ਦੀ ਮਤਿ ਲੈ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ
ਹਨ ਤੇ ਉਨ੍ਹਾਂ ਦੀ ਲਗਨ ਅਕਾਲ ਪੁਰਖੁ ਦੇ ਨਾਮੁ ਵਿੱਚ ਲੱਗੀ ਰਹਿੰਦੀ ਹੈ। ਗੁਰੂ ਸਾਹਿਬ ਗੁਰਬਾਣੀ
ਵਿੱਚ ਇੱਕ ਮਿੱਤਰ ਦੀ ਤਰ੍ਹਾਂ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਸਦਾ ਅਕਾਲ ਪੁਰਖੁ ਦਾ ਨਾਮੁ ਜਪਦੇ
ਰਹੋ, ਤੇ ਨਾਮੁ ਵਿੱਚ ਜੁੜ ਕੇ ਆਤਮਕ ਆਨੰਦ ਮਾਣਦੇ ਰਹੋ, ਗੁਰੂ ਦੀ ਮਤਿ ਦੁਆਰਾ ਅਕਾਲ ਪੁਰਖੁ ਦੇ
ਨਾਮੁ ਨੂੰ ਆਪਣੇ ਮਨ ਵਿਚ, ਤੇ ਆਪਣੇ ਚਿਤ ਵਿੱਚ ਸਦਾ ਟਿਕਾਈ ਰੱਖੋ।
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ॥ ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ
ਰਖਹੁ ਗੁਰਮਤਿ ਮਨਿ ਚੀਤਾ॥ ੧॥ ਰਹਾਉ ॥ ਨਾਮੋ
ਨਾਮੁ ਸੁਣੀ ਮਨੁ ਸਰਸਾ॥ ਨਾਮੁ ਲਾਹਾ ਲੈ ਗੁਰਮਤਿ ਬਿਗਸਾ॥ ੨॥
ਨਾਮ ਬਿਨਾ ਕੁਸਟੀ ਮੋਹ ਅੰਧਾ॥ ਸਭ
ਨਿਹਫਲ ਕਰਮ ਕੀਏ ਦੁਖੁ ਧੰਧਾ॥ ੩॥ (੩੬੭)
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਆਪਣੇ ਜੀਵਨ ਵਿੱਚ ਅਪਨਾ
ਲਿਆ, ਤੇ ਗੁਰੂ ਦੇ ਉਪਦੇਸ਼ ਅਨੁਸਾਰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੁਣ ਗਾਇਨ ਕਰਨੇ ਸ਼ੁਰੂ ਕਰ
ਦਿਤੇ, ਅਕਾਲ ਪੁਰਖੁ ਦੇ ਨਾਮੁ ਨੇ ਉਨ੍ਹਾਂ ਦੇ ਸਾਰੇ ਪਾਪ ਕੱਟ ਦਿੱਤੇ। ਇਸ ਲਈ ਆਪਣੇ ਮਨ ਨੂੰ
ਸਮਝਾਂਣਾ ਹੈ ਕਿ ਇਕਾਗਰ ਚਿਤ ਹੋ ਕੇ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ। ਜਗਤ ਦੇ ਨਾਥ ਅਕਾਲ ਪੁਰਖੁ
ਨੇ ਜਿਸ ਜੀਵ ਉਤੇ ਮਿਹਰ ਕੀਤੀ, ਉਸ ਦੀ ਮਤਿ ਗੁਰੂ ਦੀ ਸਿੱਖਿਆ ਅਨੁਸਾਰ ਨਾਮੁ ਜਪਣ ਵਾਲੀ ਬਣ ਗਈ।
ਨਟ ਮਹਲਾ ੪॥
ਮੇਰੇ ਮਨ ਜਪਿ ਹਰਿ ਹਰਿ ਨਾਮੁ
ਮਨੇ॥ ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ॥ ੧॥ ਰਹਾਉ॥
(੯੭੬)
ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿੱਚ ਵਿਚਰਨ ਵਾਲੇ ਜੀਵ ਨੂੰ ਮੌਤ
ਭੁੱਲ ਜਾਂਦੀ ਹੈ, ਅਜੇਹਾ ਮਨੁੱਖ ਅਕਾਲ ਪੁਰਖੁ ਨੂੰ ਵਿਸਾਰ ਕੇ ਅਜੇਹੇ ਕੰਮ ਕਰਦਾ ਰਹਿੰਦਾ ਹੈ,
ਜਿਹੜੇ ਕਿ ਉਸ ਲਈ ਖ਼ੁਆਰੀ ਦਾ ਕਾਰਨ ਬਣਦੇ ਹਨ। ਅਕਾਲ ਪੁਰਖੁ ਨੂੰ ਵਿਸਾਰ ਕੇ ਅਜੇਹਾ ਜੀਵਨ ਫਿਟਕਾਰਨ
ਜੋਗ ਹੋ ਜਾਂਦਾ ਹੈ। ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ ਕਿ ਇਸ ਸੰਸਾਰ ਵਿੱਚ ਸਦਾ ਵਾਸਤੇ ਕਿਸੇ
ਨੇ ਨਹੀਂ ਟਿਕੇ ਰਹਿਣਾ। ਗੁਰੂ ਸਾਹਿਬ ਗੁਰਬਾਣੀ ਵਿੱਚ ਇਹੀ ਉਪਦੇਸ਼ ਦਿੰਦੇ ਹਨ ਕਿ ਹੇ ਪ੍ਰਾਣੀ ਤੂੰ
ਸਦਾ ਇੱਕ ਅਕਾਲ ਪੁਰਖੁ ਦਾ ਹੀ ਨਾਮੁ ਯਾਦ ਕਰਿਆ ਕਰ, ਤਾਂ ਜੋ ਸਿਮਰਨ ਦੀ ਬਰਕਤਿ ਨਾਲ ਤੂੰ ਆਪਣੀ
ਇੱਜ਼ਤ ਨਾਲ ਅਕਾਲ ਪੁਰਖੁ ਦੇ ਚਰਨਾਂ ਵਿੱਚ ਪਹੁੰਚ ਸਕੇ।
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥ ਖਸਮੁ ਵਿਸਾਰਿ ਖੁਆਰੀ ਕੀਨੀ
ਧ੍ਰਿਗੁ ਜੀਵਣੁ ਨਹੀ ਰਹਣਾ॥ ੧॥
ਪ੍ਰਾਣੀ ਏਕੋ ਨਾਮੁ ਧਿਆਵਹੁ॥ ਅਪਨੀ
ਪਤਿ ਸੇਤੀ ਘਰਿ ਜਾਵਹੁ॥ ੧॥ ਰਹਾਉ॥ (੧੨੫੪)
ਜਿਸ ਮਨੁੱਖ ਦੇ ਹਿਰਦੇ ਰੂਪੀ ਥਾਲ ਵਿੱਚ ਉੱਚਾ ਆਚਰਨ, ਸੰਤੋਖ ਅਤੇ ਆਤਮਕ
ਜੀਵਨ ਦੀ ਸੂਝ, ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ, ਉਸ ਮਨੁੱਖ ਦੇ ਹਿਰਦੇ ਵਿੱਚ ਅਕਾਲ
ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ ਆ ਵੱਸਦਾ ਹੈ। ਇਹ ‘ਅੰਮ੍ਰਿਤ ਨਾਮੁ’ ਐਸਾ ਹੈ ਕਿ ਇਸ ਦਾ
ਆਸਰਾ ਹਰੇਕ ਜੀਵ ਲਈ ਜ਼ਰੂਰੀ ਹੈ। ਜੇ ਕੋਈ ਮਨੁੱਖ ਇਸ ਆਤਮਕ ਭੋਜਨ ਨੂੰ ਸਦਾ ਖਾਂਦਾ ਰਹਿੰਦਾ ਹੈ, ਤੇ
ਉਸ ਦਾ ਆਨੰਦ ਮਾਣਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ। ਹਰਕੇ
ਜੀਵ ਨੂੰ ਆਤਮਕ ‘ਉਧਾਰ’ ਦੀ ਲੋੜ ਹੈ, ਇਸ ਲਈ ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮੁ ਰੂਪੀ ਵਸਤੂ
ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣਾ ਹੈ। ਇਸ ਨਾਮੁ ਰੂਪੀ
ਵਸਤੂ ਦੀ ਬਰਕਤਿ ਨਾਲ ਅਕਾਲ ਪੁਰਖੁ ਦੇ ਚਰਨਾ ਵਿੱਚ ਜੁੜ ਕੇ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਤਰ
ਕੇ ਪਾਰ ਹੋ ਸਕਦੇ ਹਾਂ, ਜੋ ਕਿ ਇੱਕ ਘੁੱਪ ਹਨੇਰੇ ਦੀ ਤਰ੍ਹਾਂ ਹੈ। ਇਹ ਸਭ ਕੁੱਝ ਇਸ ਲਈ ਸੰਭਵ ਹੈ,
ਕਿਉਂਕਿ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨ ਨਾਲ ਮਨੁੱਖ ਨੂੰ ਸਭ ਥਾਂ ਅਕਾਲ ਪੁਰਖੁ ਦਾ ਆਪਣਾ
ਪਰਕਾਸ਼ ਦਿਖਾਈ ਦੇਣ ਲੱਗ ਪੈਂਦਾ ਹੈ।
ਮੁੰਦਾਵਣੀ ਮਹਲਾ ੫॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ
ਉਧਾਰੋ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ
ਬ੍ਰਹਮ ਪਸਾਰੋ॥ ੧॥ (੧੪੨੯)
ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ
ਵਿੱਚ ਕਹਿ ਸਕਦੇ ਹਾਂ ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਨਾ ਜਪਣ ਕਰਕੇ ਜਾਂ ਅਕਾਲ ਪੁਰਖੁ
ਦੇ ਗੁਣ ਨਾ ਗਾਇਨ ਕਰਨ ਕਰਕੇ ਅਸੀਂ ਆਪਣੇ ਇਸ ਕੀਮਤੀ ਮਨੁੱਖਾ ਜਨਮ ਵਿੱਚ ਬਹੁਤ ਭਾਰੀ ਨੁਕਸਾਨ ਉਠਾ
ਸਕਦੇ ਹਾਂ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ:
ਅਣਗਿਣਤ ਜੂਨਾਂ ਵਿਚੋਂ ਭੌਂ ਕੇ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਿਆ
ਹੈ, ਮਨੁੱਖਾ ਸਰੀਰ ਦਾ ਸਾਥ ਇਸ ਲੋਕ ਤਕ ਹੀ ਸੀਮਿਤ ਹੈ, ਇਸ ਲਈ ਸਾਨੂੰ ਅੰਤ ਦੇ ਸਾਥ ਵੱਲ ਵੀ ਧਿਆਨ
ਦੇਣਾਂ ਚਾਹੀਦਾ ਹੈ।
ਪੁੰਨ ਜਾਂ ਪਾਪ ਨਿਰੇ ਕਹਿਣ ਵਾਸਤੇ ਨਹੀਂ ਹਨ, ਬਲਕਿ ਜਿਹੋ ਜਿਹੇ ਕਰਮ
ਕਰਾਂਗੇ, ਉਹੋ ਜਿਹੇ ਸੰਸਕਾਰ ਆਪਣੇ ਅੰਦਰ ਲਿਖ ਕੇ ਨਾਲ ਲੈ ਜਾਵਾਂਗੇ।
ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ
ਹੀ ਨਾਮੁ ਹੈ। ਨਾਮੁ ਪ੍ਰਾਪਤ ਕਰਨ ਦਾ ਭਾਵ ਹੈ ਕਿ ਅਕਾਲ ਪੁਰਖੁ ਦੇ ਹੁਕਮੁ, ਸਿਸਟਮ, ਰਚਨਾ,
ਅਸੂਲਾਂ ਬਾਰੇ ਜਾਣਕਾਰੀ ਹਾਸਲ ਕਰਨਾ ਤੇ ਉਸ ਦੀ ਕੁਦਰਤ ਨਾਲ ਆਪਣੇ ਅੰਦਰ ਪ੍ਰੇਮ ਤੇ ਸਤਿਕਾਰ ਪੈਦਾ
ਕਰਨਾ।
ਸਰੀਰ ਦਾ ਕੋਈ ਅੰਗ ਵੀ ਦੂਸਰੇ ਅੰਗ ਦੀ ਨਿੰਦਾ, ਚੁਗਲੀ ਜਾਂ ਵਿਰੋਧਤਾ ਨਹੀਂ
ਕਰਦਾ, ਬਲਕਿ ਦੂਸਰੇ ਅੰਗਾਂ ਦੀ ਬਿਨਾਂ ਕਾਮਨਾਂ ਦੇ ਸਹਾਇਤਾ ਕਰਦਾ ਹੈ ਜਾਂ ਠੀਕ ਮਾਰਗ ਦਰਸ਼ਨ ਕਰਦਾ
ਹੈ।
ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਸਭ ਦਾ ਪਿਤਾ ਤੇ ਮਾਤਾ ਹੈ,
ਕਿਉਂਕਿ ਉਹ ਸਭ ਦਾ ਰਚਨਹਾਰ ਹੈ। ਇਸ ਲਈ ਜਿਹੜਾ ਮਨੁੱਖ ਆਪਣੇ ਅਸਲੀ ਪਿਤਾ ਨਾਲ ਸਾਂਝ ਨਹੀਂ ਕਾਇਮ
ਕਰ ਸਕਦਾ ਹੈ, ਉਹ ਉਸ ਦਾ ਪੁੱਤਰ ਨਹੀਂ ਕਹਿਲਾ ਸਕਦਾ।
ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਇਹ ਸੋਹਣਾ ਮਨੁੱਖਾ ਸਰੀਰ ਬਦ ਸ਼ਕਲ ਤੇ
ਕੱਟੀ ਹੋਈ ਨਕ ਵਰਗਾ ਹੀ ਜਾਨਣਾ ਚਾਹੀਦਾ ਹੈ।
ਜਿਹੜਾ ਮਨੁੱਖ ਬੇੜਾ ਤਿਆਰ ਕਰਨ ਵਾਲੀ ਉਮਰੇ ਨਾਮੁ ਰੂਪੀ ਬੇੜਾ ਨਾ ਤਿਆਰ ਕਰ
ਸਕਿਆ, ਤੇ, ਜਦੋਂ ਜੀਵਨ ਵਿੱਚ ਮੁਸ਼ਕਲ ਜਾਂ ਅੰਤ ਦਾ ਸਮਾਂ ਆ ਜਾਂਦਾ ਹੈ ਤਾਂ ਸੰਸਾਰ ਰੂਪੀ ਸਮੁੰਦਰ
ਵਿਚੋਂ ਤਰਨਾ ਔਖਾ ਹੋ ਜਾਂਦਾ ਹੈ।
ਇਹ ਧਿਆਨ ਵਿੱਚ ਰੱਖਣਾ ਹੈ, ਕਿ ਇੱਕ ਵਾਰੀ ਇਹ ਮਨੁੱਖਾ ਜਨਮ ਦਾ ਸਮਾਂ
ਖੁੰਝਣ ਤੋਂ ਬਾਅਦ ਦੁਬਾਰਾ ਨਹੀਂ ਮਿਲ ਸਕਦਾ ਹੈ ਤੇ ਇਹ ਸਰੀਰ ਇੱਕ ਦਿਨ ਮਿੱਟੀ ਦੀ ਢੇਰੀ ਹੋ
ਜਾਇਗਾ।
ਜਿਨ੍ਹਾਂ ਮਨੁੱਖਾਂ ਨੇ ਕਦੇ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕੀਤਾ, ਉਹ
ਬਦ ਕਿਸਮਤ ਹਨ ਤੇ ਆਤਮਕ ਮੌਤ ਮਰਦੇ ਰਹਿੰਦੇ ਹਨ।
ਅਕਾਲ ਪੁਰਖ ਦੇ ਨਾਮੁ ਬਿਨਾ ਜੀਵਨ ਵਿੱਚ ਸਹੀ ਰਸਤੇ ਦਾ ਪਤਾ ਨਹੀਂ ਲਗਦਾ,
ਜਿਸ ਕਰਕੇ ਮਨੁੱਖ ਭਟਕਦਾ ਰਹਿੰਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਨਾਮੁ ਨੂੰ ਭੁਲਾ ਦਿੱਤਾ, ਉਹ ਵਿਕਾਰਾਂ ਦੀ ਅੱਗ
ਵਿੱਚ ਫਸ ਕੇ ਆਪਣਾ ਮਨੁੱਖਾ ਜੀਵਨ ਬਰਬਾਦ ਕਰ ਲੈਂਦੇ ਹਨ।
ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਉਹ ਤ੍ਰਿਸ਼ਨਾ ਦੀ ਅੱਗ
ਵਿੱਚ ਨਹੀਂ ਸੜਦਾ, ਤੇ ਉਸ ਦੇ ਮਨ, ਤਨ ਤੇ ਸਰੀਰ ਵਿੱਚ ਆਨੰਦ ਬਣਿਆ ਰਹਿੰਦਾ ਹੈ।
ਜਿਹੜਾ ਮਨੁੱਖ ਨਾਮੁ ਚੇਤੇ ਨਹੀਂ ਕਰਦਾ, ਉਸ ਨੂੰ ਆਪਣੇ ਆਪ ਵਿੱਚ ਸ਼ਰਮ ਨਾਲ
ਡੁਬ ਮਰਨਾ ਚਾਹੀਦਾ ਹੈ।
ਜਿਹੜਾ ਮਨੁੱਖ ਨਾਮੁ ਨੂੰ ਛੱਡ ਕੇ ਉੱਚੀ ਆਤਮਕ ਅਵਸਥਾ ਹਾਸਲ ਕਰਨੀ ਚਾਹੁੰਦਾ
ਹੈ, ਉਸ ਦੀ ਇਹ ਇਛਾ ਵਿਅਰਥ ਜਾਂਦੀ ਹੈ।
ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਕਤ ਦੇ ਅੰਦਰ ਅਗਿਆਨਤਾ ਰਹਿੰਦੀ ਹੈ,
ਜਿਸ ਕਰਕੇ ਦੁਨਿਆਵੀ ਅੱਖਾਂ ਹੋਣ ਦੇ ਬਾਵਜੂਦ ਵੀ ਸਾਕਤ ਇੱਕ ਅੰਨ੍ਹੇ ਦੀ ਤਰ੍ਹਾਂ ਰਹਿੰਦਾ ਹੈ।
ਅਕਾਲ ਪੁਰਖੁ ਦੇ ਨਾਮੁ ਦਾ ਸਿਮਰਨ ਛੱਡਣ ਕਰਕੇ ਮਨੁੱਖ ਮਾਇਆ ਦੇ ਹੱਥਾਂ
ਵਿੱਚ ਵਿਕਦਾ ਰਹਿੰਦਾ ਹੈ, ਜਿਸ ਕਰਕੇ ਉਹ ਆਪਣਾ ਆਤਮਕ ਜੀਵਨ ਵਿਅਰਥ ਗਵਾ ਲੈਂਦਾ ਹੈ।
ਜਿਸ ਮਨੁੱਖ ਨੂੰ ਅਕਾਲ ਪੁਰਖੁ ਦਾ ਓਟ ਆਸਰਾ ਹੋਵੇ, ਉਸ ਨੂੰ ਮਾਇਆ ਦੇ ਕਿਸੇ
ਵੀ ਵਿਕਾਰ ਕਰਕੇ ਧੋਖਾ ਨਹੀਂ ਹੋ ਸਕਦਾ।
ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਜੀਵ ਇਸ ਤਰ੍ਹਾਂ ਭਟਕਦਾ ਫਿਰਦਾ ਹੈ,
ਜਿਵੇਂ ਇੱਕ ਹਲਕਿਆ ਕੁੱਤਾ ਭਜਦਾ ਰਹਿੰਦਾ ਹੈ।
ਅਕਾਲ ਪੁਰਖੁ ਦੇ ਨਾਮੁ ਨਾਲ ਹੀ ਜੀਵਨ ਸਫਲ ਹੁੰਦਾ ਹੈ ਤੇ ਇਸ ਸਬੰਧੀ ਗਿਆਨ
ਦੀ ਦਾਤ ਗੁਰੂ ਕੋਲੋਂ ਮਿਲਦੀ ਹੈ।
ਨਾਮੁ ਸਿਮਰਨ ਤੋਂ ਬਿਨਾ ਕਿਸੇ ਵੀ ਹੋਰ ਤਰੀਕੇ ਨਾਲ ਮਾਇਆ ਦੇ ਬੰਧਨਾਂ ਤੋਂ
ਖ਼ਲਾਸੀ ਨਹੀਂ ਮਿਲ ਸਕਦੀ, ਇਸ ਲਈ ਆਪਣੇ ਮਨ ਵਿੱਚ ਗੁਰੂ ਦੀ ਮਿਹਰ ਸਦਕਾ ਅਜੇਹਾ ਸਿਮਰਨ ਕਰਨਾ ਹੈ,
ਜਿਸ ਨਾਲ ਸਭ ਕੁੱਝ ਪਾਇਆ ਜਾ ਸਕੇ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਨਹੀਂ ਵੱਸਦਾ,
ਉਨ੍ਹਾਂ ਦੇ ਦੁਨੀਆਂ ਵਾਲੇ ਸਾਰੇ ਕੰਮ ਫਿੱਕੇ ਹੁੰਦੇ ਹਨ, ਤੇ ਉਨ੍ਹਾਂ ਦੇ ਜੀਵਨ ਨੂੰ ਰੁੱਖਾ ਬਣਾਈ
ਰੱਖਦੇ ਹਨ।
ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖ ਇਸ ਤਰ੍ਹਾਂ ਹੁੰਦਾ ਹੈ, ਜਿਸ
ਤਰ੍ਹਾਂ ਕੋਈ ਨੱਕ ਵੱਢਿਆ ਮਨੁੱਖ ਆਪਣੇ ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ ਉਹ
ਸਜਾਵਟ ਕਿਸੇ ਕੰਮ ਦੀ ਨਹੀਂ ਹੁੰਦੀ।
ਜਿਸ ਮਨੁੱਖ ਨੂੰ ਗੁਰੂ ਦੇ ਸਨਮੁਖ ਹੋ ਕੇ ਆਤਮਕ ਠੰਢ ਪਾਣ ਵਾਲਾ ਨਾਮੁ ਰੂਪੀ
ਜਲ ਮਿਲ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਨਾਮੁ ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ।
ਨਾਮੁ ਤੋਂ ਖੁੰਝੇ ਹੋਏ ਮਨੁੱਖ ਖਾਣ ਪੀਣ ਤੇ ਹੱਸਣ ਖੇਡਣ ਦੇ ਖਿਲਾਰੇ
ਖਿਲਾਰਦੇ ਰਹਿੰਦੇ ਹਨ, ਪਰ ਉਹ ਸਭ ਕੁੱਝ ਇਸ ਤਰ੍ਹਾਂ ਹੈ, ਜਿਵੇਂ ਲੋਕ ਕਿਸੇ ਮੁਰਦੇ ਨੂੰ ਸ਼ਿੰਗਾਰਦੇ
ਹਨ, ਕਿਉਂਕਿ ਅਜੇਹੇ ਸ਼ਿੰਗਾਰਨ ਦਾ ਕੋਈ ਲਾਭ ਨਹੀਂ ਹੁੰਦਾ।
ਕਬੀਰ ਸਾਹਿਬ ਆਪਣੇ ਮਨ ਨੂੰ
ਸੁਚੇਤ ਕਰਦੇ ਹਨ ਕਿ ਜੇਕਰ ਤੂੰ ਹੁਣ ਅਕਾਲ ਪੁਰਖੁ ਦਾ ਭਜਨ ਨਹੀਂ ਕਰਦਾ, ਆਪਣੇ ਅੰਦਰ ਦਇਆ ਨਹੀਂ
ਪਾਲਦਾ, ਤਾਂ ਮਰਨ ਸਮੇਂ ਦੁਖੀ ਹੋਵੇਂਗਾ।
ਕੁਰਾਹੇ ਪਿਆ ਹੋਇਆ ਮਨੁੱਖ ਪਾਪ ਸੋਚਦਿਆਂ ਕਦੇ ਵੀ ਢਿੱਲ ਨਹੀਂ ਕਰਦਾ,
ਵੇਸੁਆ ਦੇ ਦੁਆਰੇ ਤੇ ਜਾਣੋਂ ਵੀ ਰਤੀ ਭਰ ਸ਼ਰਮ ਨਹੀਂ ਕਰਦਾ।
ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਤੜਫ ਕੇ ਮਰਦੀ ਹੈ, ਉਸੇ ਤਰ੍ਹਾਂ ਮਨੁੱਖ
ਨਾਮੁ ਤੋਂ ਬਿਨਾ ਵਿਕਾਰਾਂ ਵਿੱਚ ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
ਆਮ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰੰਤੂ ਭਗਤ ਰਵਿਦਾਸ ਜੀ ਸਮਝਾਂਉਂਦੇ
ਹਨ, ਕਿ ਮੇਰੇ ਲਈ ਅਕਾਲ ਪੁਰਖੁ ਦਾ ਨਾਮੁ ਹੀ ਆਰਤੀ ਹੈ, ਤੇ ਇਹ ਨਾਮੁ ਹੀ ਮੇਰੇ ਲਈ ਤੀਰਥਾਂ ਦਾ
ਇਸ਼ਨਾਨ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾਂ ਕੀਤੇ ਗਏ ਹੋਰ ਸਾਰੇ ਪਾਖੰਡ ਝੂਠੇ ਹਨ।
ਅਕਾਲ ਪੁਰਖੁ ਦਾ ਨਾਮੁ ਸੁਣਦਿਆਂ ਰਹਿਣ ਸਦਕਾ ਮਨੁੱਖ ਦਾ ਜੀਵਨ ਇਤਨਾ ਉੱਚਾ
ਹੋ ਜਾਂਦਾ ਹੈ ਕਿ ਨਾਮੁ ਜਪਣ ਵਾਲੇ ਮਨੁੱਖ ਕੋਲੋ ਜਮਰਾਜ ਵੀ ਦੂਰੋਂ ਪਰੇ ਹਟ ਜਾਂਦਾ ਹੈ।
ਨਾਮੁ ਜਪਣ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਤੇ ਮਨੁੱਖ ਦਾ ਮਨ
ਅਕਾਲ ਪੁਰਖੁ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ।
ਗੁਰਮੁਖਾਂ ਲਈ ਅਕਾਲ ਪੁਰਖੁ ਦਾ ਨਾਮੁ ਹੀ ਛੱਤੀ ਪ੍ਰਕਾਰ ਦੇ ਸੁਆਦਾਂ ਵਾਲਾ
ਭੋਜਨ ਹੈ, ਜਿਸ ਨੂੰ ਖਾ ਕੇ ਉਹ ਆਤਮਿਕ ਤੌਰ ਤੇ ਰੱਜ ਜਾਂਦੇ ਹਾਂ, ਅਜੇਹੇ ਮਨੁੱਖ ਮਾਇਕ ਪਦਾਰਥਾਂ
ਵਲੋਂ ਤ੍ਰਿਪਤ ਹੋ ਜਾਂਦੇ ਹਨ।
ਅਕਾਲ ਪੁਰਖੁ ਦੇ ਨਾਮੁ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ
ਗ੍ਰਸਿਆ ਰਹਿੰਦਾ ਹੈ, ਤੇ ਇਸ ਤਰ੍ਹਾਂ ਦੁਖੀ ਹੁੰਦਾ ਰਹਿੰਦਾ ਹੈ, ਜਿਸ ਤਰ੍ਹਾਂ ਕੋਈ ਕੋਹੜੀ ਮਨੁੱਖ,
ਕੋਹੜ ਦੇ ਦਰਦ ਨਾਲ ਵਿਲਕਦਾ ਰਹਿੰਦਾ ਹੈ।
ਗੁਰੂ ਸਾਹਿਬ ਗੁਰਬਾਣੀ ਵਿੱਚ ਇੱਕ ਮਿੱਤਰ ਦੀ ਤਰ੍ਹਾਂ ਸੰਬੋਧਨ ਕਰਕੇ
ਸਮਝਾਂਦੇ ਹਨ ਕਿ ਸਦਾ ਅਕਾਲ ਪੁਰਖੁ ਦਾ ਨਾਮੁ ਜਪਦੇ ਰਹੋ, ਤੇ ਨਾਮੁ ਵਿੱਚ ਜੁੜ ਕੇ ਆਤਮਕ ਆਨੰਦ
ਮਾਣਦੇ ਰਹੋ, ਗੁਰੂ ਦੀ ਮਤਿ ਦੁਆਰਾ ਨਾਮੁ ਨੂੰ ਆਪਣੇ ਮਨ ਤੇ ਚਿਤ ਵਿੱਚ ਸਦਾ ਟਿਕਾਈ ਰੱਖੋ।
ਅਕਾਲ ਪੁਰਖੁ ਨੇ ਜਿਸ ਜੀਵ ਉਤੇ ਮਿਹਰ ਕੀਤੀ, ਉਸ ਦੀ ਮਤਿ ਗੁਰੂ ਦੀ ਸਿੱਖਿਆ
ਅਨੁਸਾਰ ਨਾਮੁ ਜਪਣ ਵਾਲੀ ਬਣ ਗਈ।
ਗੁਰੂ ਸਾਹਿਬ ਗੁਰਬਾਣੀ ਵਿੱਚ ਇਹੀ ਉਪਦੇਸ਼ ਦਿੰਦੇ ਹਨ ਕਿ ਹੇ ਪ੍ਰਾਣੀ ਤੂੰ
ਸਦਾ ਇੱਕ ਅਕਾਲ ਪੁਰਖੁ ਦਾ ਹੀ ਨਾਮੁ ਯਾਦ ਕਰਿਆ ਕਰ, ਤਾਂ ਜੋ ਸਿਮਰਨ ਦੀ ਬਰਕਤਿ ਨਾਲ ਤੂੰ ਅਕਾਲ
ਪੁਰਖੁ ਦੇ ਚਰਨਾਂ ਵਿੱਚ ਇੱਜ਼ਤ ਨਾਲ ਪਹੁੰਚ ਸਕੇ।
ਜਿਸ ਮਨੁੱਖ ਦੇ ਹਿਰਦੇ ਰੂਪੀ ਥਾਲ ਵਿੱਚ ਉੱਚਾ ਆਚਰਨ, ਸੰਤੋਖ ਅਤੇ ਆਤਮਕ
ਜੀਵਨ ਦੀ ਸੂਝ, ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ, ਉਸ ਮਨੁੱਖ ਦੇ ਹਿਰਦੇ ਵਿੱਚ ਆਤਮਕ ਜੀਵਨ
ਦੇਣ ਵਾਲਾ ਨਾਮੁ ਆ ਵੱਸਦਾ ਹੈ। ਇਹ ‘ਅੰਮ੍ਰਿਤ ਨਾਮੁ’ ਐਸਾ ਹੈ ਕਿ ਇਸ ਦਾ ਆਸਰਾ ਹਰੇਕ ਜੀਵ ਲਈ
ਜ਼ਰੂਰੀ ਹੈ।
ਹਰਕੇ ਜੀਵ ਨੂੰ ਆਤਮਕ ‘ਉਧਾਰ’ ਦੀ ਲੋੜ ਹੈ, ਇਸ ਲਈ ਆਤਮਕ ਪ੍ਰਸੰਨਤਾ ਦੇਣ
ਵਾਲੀ ਇਹ ਨਾਮੁ ਰੂਪੀ ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਆਪਣੇ ਹਿਰਦੇ ਵਿੱਚ ਸਾਂਭ ਕੇ
ਰੱਖਣਾ ਹੈ।
ਨਾਮੁ ਰੂਪੀ ਵਸਤੂ ਦੀ ਬਰਕਤਿ ਨਾਲ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜ ਕੇ
ਅਸੀਂ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਹੋ ਸਕਦੇ ਹਾਂ।
ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨ ਨਾਲ ਮਨੁੱਖ ਨੂੰ ਸਭ ਥਾਂ ਅਕਾਲ ਪੁਰਖੁ
ਦਾ ਆਪਣਾ ਪਰਕਾਸ਼ ਦਿਖਾਈ ਦੇਣ ਲੱਗ ਪੈਂਦਾ ਹੈ।
ਇਸ ਲਈ ਆਓ ਸਾਰੇ ਜਾਣੇ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਦਾ ਨਾਮੁ
ਜਪੀਏ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰੀਏ ਤੇ ਆਪਣਾ ਕੀਮਤੀ ਮਨੁੱਖਾ ਜਨਮ ਸਫਲ
ਕਰੀਏ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
(Dr. Sarbjit Singh)
RH1 / E-8, Sector-8, Vashi, Navi Mumbai - 400703.
Email = [email protected],
Web= http://www.geocities.ws/sarbjitsingh/
http://www.sikhmarg.com/article-dr-sarbjit.html
(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.
|
. |