ਗੁਰੂਆਂ ਦੀ ਧਰਤੀ `ਤੇ ਗਾਇਕੀ ਦੀ ਲੱਚਰ ਹਨੇਰੀ ਨੂੰ ਰੋਕ
-ਰਘਬੀਰ ਸਿੰਘ ਮਾਨਾਂਵਾਲੀ
ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ
ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਇਸ ਦਾ ਸੰਗੀਤਕ ਮਾਹੌਲ
ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ। ਪਰ ਗੀਤਕਾਰਾਂ ਅਤੇ
ਗਾਇਕਾਂ ਨੇ ਇਸ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾਂ ਨਾਲ ਮਲੀਨ ਕਰ ਦਿਤਾ ਹੈ। ਅਸ਼ਲੀਲ
ਗਾਇਕੀ ਦੀ ਨਾ ਰੁੱਕਣ ਵਾਲੀ ਹਨੇਰੀ ਪੰਜਾਬ ਵਿੱਚ ਨਿਰੰਤਰ ਵੱਗ ਰਹੀ ਹੈ। ਅਸ਼ਲੀਲ ਗਾਇਕੀ ਦੀ ਇਹ
ਹਨੇਰੀ ਮੈਰਿਜ਼ ਪੈਲਸਾਂ ਵਿੱਚ ਡੀ. ਜੇ. `ਤੇ, ਪਿੰਡਾਂ ਵਿੱਚ ਟ੍ਰੈਕਟਰਾਂ `ਤੇ ਲੱਗੇ ਡੈੱਕਾਂ ਵਿੱਚ,
ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ `ਤੇ ਅਤੇ ਨਿੱਜੀ ਟੀ. ਵੀ. ਚੈਨਲਾਂ `ਤੇ ਬੇਰੋਕ
ਟੋਕ ਵੱਗ ਰਹੀ ਹੈ ਅਤੇ ਅਸ਼ਲੀਲਤਾ ਦਾ ਗੰਦ ਪਾ ਕੇ ਹਰ ਵਿਅਕਤੀ ਨੂੰ ਸ਼ਰਮਸ਼ਾਰ ਕਰ ਰਹੀ ਹੈ। ਪੰਜਾਬੀ
ਦੇ ਕੁੱਝ ਨਿੱਜੀ ਟੀ. ਵੀ. ਚੈਂਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਤ ਕਰਨ ਤੋਂ ਬਾਅਦ ਸਾਰਾ ਦਿਨ
ਅਸ਼ਲੀਲ ਕੰਜਰਪੁਣਾ ਪੇਸ਼ ਕਰ ਰਹੇ ਹਨ ਅਤੇ ਖੂਬ ਪੈਸਾ ਕਮਾਅ ਰਹੇ ਹਨ। ਗਾਇਕੀ ਅੱਜ ਇੱਕ ਵਪਾਰਕ ਧੰਦਾ
ਬਣ ਗਿਆ ਹੈ। ਇਹ ਸੱਚ ਹੈ ਜਿਨ੍ਹਾਂ ਗਾਇਕਾਂ ਕੋਲ ਕਦੀ ਸਾਈਕਲ/ਸਕੂਟਰ ਨਹੀਂ ਸੀ ਹੁੰਦਾ ਅੱਜ ਉਹੀ
ਗਾਇਕ ਲਜ਼ਗਰੀ ਗੱਡੀਆਂ ਵਿੱਚ ਘੁੰਮ ਰਹੇ ਹਨ। ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ
ਹਨ। ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਪੱਧਰ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ
ਦੀ ਦੌੜ ਵਿੱਚ ਸ਼ਾਮਲ ਹੈ। ਭਾਂਵੇਂ ਉਸ ਨੂੰ ਸੰਗੀਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਫਿਰ ਵੀ ਉਹ
ਰਾਤੋ-ਰਾਤ ‘ਸਿੰਗਰ ਸਟਾਰ’ ਬਨਣ ਲਈ ਸ਼ਰਮ ਹਯਾਅ ਦੀ ਲੋਈ ਨੂੰ ਲੀਰੋ-ਲੀਰ ਕਰਕੇ ਪੰਜਾਬੀ ਸਭਿਆਚਾਰਕ
ਵਿਰਸੇ ਦੀ ਮਾਣ-ਮੱਤੀ ਥਾਲੀ ਵਿੱਚ ਅਸ਼ਲੀਲਤਾ ਪਰੋਸ ਰਿਹਾ ਹੈ।
ਅੱਜ ਦੇ ਜ਼ਿਆਦਾ ਤਰ ਗਾਇਕ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਮ ਉਕਸਾਊ ਗਾਇਕੀ ਪੇਸ਼ ਕਰ ਰਹੇ ਹਨ।
ਅਜਿਹੀ ਗਾਇਕੀ ਨੂੰ ਪਰਿਵਾਰ ਸਮੇਤ ਬੈਠ ਕੇ ਟੀ. ਵੀ. ਚੈਨਲਾਂ ਉਤੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ
ਹੀ ਵੇਖਿਆ ਜਾ ਸਕਦਾ ਹੈ। ਹਰ ਨੌਜਵਾਨ ਆਪਣੀ ਭੈਣ ਅਤੇ ਮਾਂ ਨੂੰ ਅਜੋਕੀ ਗਾਇਕੀ ਸੁਣਨ ਤੋਂ ਤਾਂ ਰੋਕ
ਰਹੇ ਹਨ ਪਰ ਆਪ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਅਸ਼ਲੀਲ ਗਾਇਕੀ ਦੀਆਂ ਬਣੀਆਂ ਵੀਡੀਓ ਬੜੇ ਚਾਅ ਨਾਲ
ਵੇਖ ਅਤੇ ਸੁਣ ਰਹੇ ਹਨ। ਸੰਗੀਤ ਮਨੁੱਖ ਦੀ ਰੂਹ ਵਿੱਚ ਖਿੜਾਓ ਪੈਦਾ ਕਰਦਾ ਹੈ। ਥੱਕੇ ਟੁੱਟੇ ਮਨੁੱਖ
ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੀ ਹੈ ਤੇ ਨਾ
ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ …। ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ,
ਜੱਟ, ਹਥਿਆਰਾਂ, ਆਸ਼ਕੀ ਅਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ
ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ
ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ
ਨੂੰ ਉਕਸਾ ਰਹੇ ਹਨ। 18 ਤੋ 20 ਸਾਲ ਦੇ ਨੌਜਵਾਨਾਂ `ਤੇ ਇਹ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਅਜੋਕੀ
ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ। ਅੱਜ ਤਾਂ ਨੌਜਵਾਨ
ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ ਨੂੰ ਉਹਨਾਂ ਦੇ ਘਰ ਧੀ
ਜੰਮ ਪਵੇਗੀ ਫਿਰ ਇਹ ਗਾਇਕੀ ਉਹਨਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ
ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ ਪਛਤਾਵਾ ਵੀ ਪੱਲੇ ਰਹਿ ਜਾਵੇਗਾ।
ਭਾਰਤ ਦੇ ਸੰਵਿਧਾਨ ਦੀ ਧਾਰਾ 19 ਅਨੁਸਾਰ ਭਾਰਤ ਦੇ ਹਰ ਨਾਗਰਿਕ ਨੂੰ ਭਾਸ਼ਣ ਦੇਣ ਅਤੇ ਆਪਣੇ ਵਿਚਾਰ
ਪ੍ਰਗਟ ਕਰਨ ਦੀ ਅਜ਼ਾਦੀ ਹੈ। ਪਰ ਇਹ ਅਜ਼ਾਦੀ ਅਸੀਮਤ ਨਹੀਂ ਹੈ ਕਿਉਂਕਿ ਅਜ਼ਾਦੀ ਉਪਰ ਸਰਕਾਰ ਹੇਠ ਲਿਖੇ
ਅਧਾਰਾਂ `ਤੇ ਰੋਕ ਲਗਾ ਸਕਦੀ ਹੈ:- (ੳ) ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ (ਅ) ਰਾਜ ਦੀ ਸੁਰੱਖਿਆ
(ੲ) ਵਿਦੇਸ਼ਾਂ ਨਾਲ ਮਿੱਤਰਤਾ ਭਰੇ ਸਬੰਧ (ਸ) ਜਨਤਕ ਵਿਵਸਥਾ (ਹ) ਸਦਾਚਾਰ ਅਤੇ ਨੈਤਿਕਤਾ (ਕ)
ਅਦਾਲਤਾਂ ਦਾ ਅਪਮਾਨ (ਖ) ਮਾਣਹਾਨੀ (ਗ) ਅਪਰਾਧਾਂ ਲਈ ਉਕਸਾਉਣਾ।
ਅਜੋਕੀ ਗਾਇਕੀ ਉਪਰੋਕਤ ਵਿੱਚੋਂ ਚਾਰ ਅਧਾਰਾਂ ਦੀ ਸ਼ਰੇਆਮ ਉਲੰਘਣਾ ਕਰਦੀ ਹੈ ਜਿਵੇਂ ਜਨਤਕ ਵਿਵਸਥਾ,
ਸਦਾਚਾਰ ਅਤੇ ਨੈਤਿਕਤਾ, ਮਾਣਹਾਨੀ ਅਤੇ ਅਪਰਾਧਾਂ ਲਈ ਉਕਸਾਉਣਾ ਆਦਿ। ਪਰ ਹੈਰਾਨੀ ਵਾਲੀ ਗੱਲ ਹੈ ਕਿ
ਇਹਨਾਂ ਅਧਾਰਾਂ `ਤੇ ਕਿਸੇ ਵੀ ਸਰਕਾਰ ਨੇ ਅਜੋਕੀ ਗਾਇਕੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਜੇ ਅਸੀਂ ਅੱਜ ਗੰਭੀਰਤਾ ਨਾਲ ਵਿਚਾਰ ਕਰੀਏ ਕਿ ਅਜੋਕੀ ਪੰਜਾਬੀ ਗਾਇਕੀ ਦੀ, ਪੰਜਾਬੀ ਜ਼ੁਬਾਨ,
ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਨੂੰ ਕੀ ਦੇਣ ਹੈ ਅਤੇ ਇਸ ਨੇ ਪੰਜਾਬ ਅਤੇ ਪੰਜਾਬੀ ਲੋਕਾਂ ਦਾ ਕੀ
ਸੰਵਾਰਿਆ ਹੈ? ਤਾਂ ਨਿਰਸੰਕੋਚ ਬੜੇ ਦੁੱਖ ਨਾਲ ਕਿਹਾ ਜਾ ਸਕਦਾ ਹੈ ਕਿ ਅਜੋਕੀ ਗਾਇਕੀ ਨੇ ਪੰਜਾਬੀ
ਜ਼ੁਬਾਨ, ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਦਾ ਸੰਵਾਰਿਆ ਤਾਂ ਕੁੱਝ ਵੀ ਨਹੀਂ ਪਰ ਵਿਗਾੜਿਆ ਬਹੁਤ
ਕੁੱਝ ਹੈ। ਪੰਜਾਬ, ਪੰਜਾਬੀ ਸਭਿਆਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਦੀ ਰਾਹ `ਤੇ ਤੋਰਿਆ ਹੈ।
ਪੰਜਾਬੀਆਂ ਦੀ ਨਿਵੇਕਲੀ ਅਤੇ ਵਿਲੱਖਣ ਪਛਾਣ ਦੀ ਪੂਰੀ ਤਰ੍ਹਾਂ ਪੱਟੀ ਮੇਸ ਕੀਤੀ ਹੈ। ਗੁਰੂਆਂ
ਅਤੇ ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਦੀ ਘੋਰ ਨਿਰਾਦਰੀ ਕੀਤੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ
ਦੇ ਰਾਹ ਤੋਰਿਆ ਹੈ। ਮਿਹਨਤਕਸ਼ ਪੰਜਾਬੀ ਜੱਟ ਨੂੰ ਅੱਖੜ, ਧੱਕੇ ਸ਼ਾਹੀ ਕਰਨ ਵਾਲਾ, ਹਿੰਸਕ,
ਵਿਹਲੜ੍ਹ, ਆਸ਼ਕ ਅਤੇ ਵੱਢ-ਟੁੱਕ ਕਰਨ ਅਤੇ ਅੜ੍ਹਬ ਸੁਭਾਅ ਵਾਲਾ ਬਣਾ ਕੇ ਪੇਸ਼ ਕੀਤਾ ਹੈ। ਸ਼ਰਮ ਹਯਾ
ਦੀਆਂ ਧੱਜੀਆਂ ਉਡਾਈਆਂ ਹਨ। ਸਮਾਜਿਕ ਸਿਸਟਮ ਵਿੱਚ ਉਥਲ-ਪੁਥਲ ਮਚਾ ਦਿਤੀ ਹੈ। ਨਫਰਤ ਅਤੇ ਬਦਲੇ
ਖੋਰੀ ਦੀ ਭਾਵਨਾ ਪੈਦਾ ਕੀਤੀ ਹੈ।
ਜਿਥੇ ਗੁਰੂ ਸਾਹਿਬਾਨ ਨੇ ਔਰਤ ਨੂੰ ਆਪਣੀ ਬਾਣੀ ਵਿੱਚ ‘ਸੋ ਕਿਉਂ ਮੰਦਾ
ਆਖੀਐ ਜਿਤੁ ਜੰਮਹਿ ਰਾਜਾਨ’ ਵਰਗੇ ਆਦਰ ਅਤੇ ਸਤਿਕਾਰ ਭਰੇ ਸ਼ਬਦਾਂ ਨਾਲ ਨਿਵਾਜਿਆ ਸੀ, ਉਥੇ
ਗਾਇਕਾਂ ਅਤੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਔਰਤ ਦਾ ਹੱਦੋਂ ਵੱਧ ਕੇ ਨਿਰਾਦਰ ਕਰਕੇ ਔਰਤ
ਨੂੰ ‘ਵਿਸਕੀ ਦੀ ਬੋਤਲ’ ‘ਅੱਗ’ ‘ਬੰਦੂਕ ਦੀ ਗੋਲੀ’ ‘ਸੱਪਣੀ’ ‘ਪੁਰਜ਼ਾ’ ‘ਮੋਬਾਇਲ ਫੋਨ ਦੀ ਟੱਚ
ਸਕਰੀਨ’ ਅਤੇ ‘ਪਟੋਲਾ’ ਆਦਿ ਨਿਰਾਦਰੀ ਭਰੇ ਵਿਸ਼ਲੇਸ਼ਣਾਂ ਨਾਲ ਨਿਵਾਜਿਆ ਹੈ। ਔਰਤ ਨੂੰ ਸਿਰਫ਼
‘ਕਾਮ ਦਾ ਖਿਡੌਣਾ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ
‘ਆਸ਼ਕੀ ਦਾ ਅੱਡਾ’ ਐਲਾਨਿਆ ਗਿਆ ਹੈ। ਕਲਾਸਾਂ ਵਿੱਚ ਵੀ ਆਸ਼ਕੀ ਦੀਆਂ ਵੀਡੀਓ ਫਿਲਮਾਂ ਬਣਾ ਕੇ
ਵਿਦਿਅਕ ਢਾਂਚੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ
ਆਸ਼ਕੀ ਕਿਵੇਂ ਕਰਨੀ ਹੈ? ਕੁੜੀਆਂ ਨਾਲ ‘ਲੱਵ ਅਫੇਅਰਜ਼’ ਕਿਵੇਂ ਬਨਾਉਣੇ ਹਨ? ਕੁੜੀਆਂ ਦੀ ਖਾਤਿਰ
ਕਿਵੇਂ ਲੜਾਈਆਂ ਕਰਨੀਆਂ ਹਨ? ਪੜ੍ਹਾਈਆਂ ਲਈ ਮਿਹਨਤ ਕਰਨ ਦੀ ਬਜਾਇ ਕਾਲਜ ਕੰਟੀਨਾਂ ਵਿੱਚ ਬੈਠ ਕੇ
ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਆਸ਼ਕੀ `ਤੇ ਕਿਵੇਂ ਬਰਬਾਦ ਕਰਨੀ ਹੈ? ਐਹੋ ਜਿਹਾ ਹੀ ਕੁੱਝ ਗੀਤਾਂ
ਵਿੱਚ ਸਿਖਾਇਆ ਜਾ ਰਿਹਾ ਹੈ। ਸਕੂਲ ਅਤੇ ਕਾਲਜ ਵਿੱਚ ਭੇਜੀ ਗਈ ਧੀ ਦਾ ਹਰ ਬਾਪ ਇਹ ਸਭ ਕੁੱਝ ਸੁਣ
ਅਤੇ ਵੇਖ ਕੇ ਚਿੰਤਾ ਵਿੱਚ ਡੁੱਬ ਜਾਂਦਾ ਹੈ। ਧੀ ਦੀ ਫਿਕਰ ਵਿੱਚ ਹਮੇਸ਼ਾ ਉਹਦੀ ਜਾਨ ਮੁੱਠੀ ਵਿੱਚ
ਆਈ ਰਹਿੰਦੀ ਹੈ। ਗਾਇਕਾਂ ਤੇ ਗੀਤਕਾਰਾਂ ਨੇ ਹਿੱਕ ਦੀ ਜ਼ੋਰ ਨਾਲ ਕੁੜੀਆਂ ਨੂੰ ਲਿਜਾਣ ਬਾਰੇ ਗੀਤ
ਲਿਖੇ ਅਤੇ ਗਾਏ ਹਨ। ਤੱਦ ਹੀ ਪੰਜਾਬ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਲਿਜਾਣ ਦੀਆਂ ਘਟਨਾਵਾਂ ਵਾਪਰ
ਰਹੀਆਂ ਹਨ। ਪੰਜਾਬੀ ਗਾਇਕਾਂ ਅਨੁਸਾਰ, ਔਰਤ ਅੱਜ ਵੀ ਆਦਮੀ ਦੀ ਜਗੀਰ, ਭੋਗ-ਵਿਲਾਸ ਦੀ ਵਸਤੂ ਅਤੇ
ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਹੋਈ ਹੈ। ਅਜਿਹੀ ਸੋਚ ਵਾਲੇ ਲੋਕਾਂ ਵਲੋਂ ਧੀ ਜਾਂ ਕਿਸੇ ਕੁੜੀ
ਦੀ ਇੱਜ਼ਤ ਨੂੰ ਬਚਾਉਣ ਵਾਲੇ ਵਿਅਕਤੀ ਦਾ ਕਤਲ ਵੀ ਕੀਤਾ ਜਾ ਰਿਹਾ ਹੈ। ਇਹ ਗਾਇਕ ਭੁਲ ਗਏ ਹਨ ਕਿ
ਪੰਜਾਬੀਆਂ ਸਿੱਖਾਂ ਨੇ ਤਾਂ ਮੁਗ਼ਲ ਧਾੜਵੀਆਂ ਤੋਂ ਭਾਰਤੀ ਔਰਤਾਂ ਦੀ ਇੱਜ਼ਤ ਬਚਾਈ ਸੀ। ਔਰਤ ਨੂੰ
ਹਮੇਸ਼ਾ ਮਾਣ ਸਤਿਕਾਰ ਦਿਤਾ ਹੈ। ਦੁੱਖ ਦੀ ਗੱਲ ਹੈ ਕਿ ਉਹ ਪੰਜਾਬੀ ਅਤੇ ਸਿੱਖ ਅੱਜ ਕਿਧਰ ਨੂੰ ਤੁਰ
ਪਏ ਹਨ।
ਗਾਇਕਾਂ ਅਤੇ ਗੀਤਕਾਰਾਂ ਨੇ ਚੰਡੀਗੜ੍ਹ ਸ਼ਹਿਰ ਆਸ਼ਕੀ ਕਰਨ ਦਾ ਸ਼ਹਿਰ ਐਲਾਨ ਦਿਤਾ ਹੈ। ਗੀਤਾਂ ਵਿੱਚ
ਇਹ ਦੱਸਣ `ਤੇ ਜ਼ੋਰ ਦਿਤਾ ਗਿਆ ਹੈ ਕਿ ਉਥੇ ਰਹਿਣ ਵਾਲੀਆਂ ਸਾਰੀਆਂ ਕੁੜੀਆਂ ਸਿਰਫ ਆਸ਼ਕੀ ਕਰ ਰਹੀਆਂ
ਹਨ। ਆਧੁਨਿਕ ਅਤੇ ਖੂਬਸੂਰਤ ਸ਼ਹਿਰ ਲਈ ਘਟੀਆਂ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਆਪਣੇ ਆਪ ਵਿੱਚ ਉਸ
ਸ਼ਹਿਰ ਅਤੇ ਉਥੋਂ ਦੇ ਵਸਨੀਕਾਂ ਦਾ ਘੋਰ ਅਪਮਾਨ ਕਰਨਾ ਹੈ। ਚੰਡੀਗੜ੍ਹ ਤਾਂ ਪ਼ੜ੍ਹਿਆਂ ਲਿਖਿਆਂ ਅਤੇ
ਮਿਹਨਤੀ ਲੋਕਾਂ ਦਾ ਸ਼ਹਿਰ ਹੈ। ਉਥੋਂ ਦੀਆਂ ਕੁੜੀਆਂ ਉੱਚੀ ਵਿਦਿਆ ਲੈ ਕੇ ਵਧੀਆ ਖੇਤਰ ਵਿੱਚ
ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਜੋ ਮਾਣ ਵਾਲੀ ਗੱਲ ਹੈ ਪਰ ਗੀਤਕਾਰਾਂ ਅਤੇ ਗਾਇਕਾਂ
ਦੁਆਰਾ ਉਹਨਾਂ ਨੂੰ ਅਸ਼ਲੀਲਤਾ ਦੀ ਮੂਰਤ ਅਤੇ ਸੈਕਸੀ ਖਿਡੌਣਾ ਬਣਾ ਕੇ ਪੇਸ਼ ਕੀਤਾ ਜਾਣਾ ਸ਼ਰਮ ਦੀ ਗੱਲ
ਹੈ। ਹੈਰਾਨੀ ਵਾਲੀ ਗੱਲ ਹੈ ਕਿ ਚੰਡੀਗੜ੍ਹ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਅਜੋਕੇ ਗਾਇਕਾਂ ਦੇ
ਉਹਨਾਂ ਪ੍ਰਤੀ ਰਵੱਈਏ ਦਾ ਵਿਰੋਧ ਕਿਉਂ ਨਹੀਂ ਕਰ ਰਹੀਆਂ? ਅਜੋਕੇ ਪੰਜਾਬੀ ਗੀਤਕਾਰਾਂ ਅਤੇ ਗਾਇਕਾਂ
ਨੇ ਨਸ਼ਿਆਂ ਵਾਲੇ ਗੀਤ ਲਿਖ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਦਰਿਆ ਵਿੱਚ ਡੋਬ ਕੇ ਤਬਾਹ ਕਰ
ਦਿਤਾ ਹੈ। ਖੁਲੀਆਂ ਜੀਪਾਂ ਵਿੱਚ ਨਸ਼ੇ ਕਰਕੇ ਸ਼ਰੇਆਮ ਸੜਕਾਂ `ਤੇ ਅਵਾਰਾਗਰਦੀ ਕਰਦੀਆਂ ਅਤੇ ਟ੍ਰੈਫਿਕ
ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ, ਵਿਹਲੇ ਰਹਿਣ ਦਾ ਵਿਖਾਵਾ ਕਰਦੀਆਂ, ਮਾਪਿਆਂ ਦੀ ਮਿਹਨਤ ਦੀ
ਕਮਾਈ ਆਸ਼ਕੀ `ਤੇ ਬਰਬਾਦ ਕਰਨ ਦੀਆਂ ਵੀਡੀਓ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਕਰਾਹੇ ਪਾਇਆ ਜਾ ਰਿਹਾ
ਹੈ। ਆਪਸੀ ਭਾਈਚਾਰੇ ਨੂੰ ਪੈਰਾਂ ਹੇਠ ਰੋਲ ਕੇ ਆਂਢ-ਗੁਆਂਢ ਦੀਆਂ ਲੜਕੀਆਂ ਨਾਲ ਆਸ਼ਕੀ ਕੀਤੀ ਜਾ ਰਹੀ
ਹੈ। ਕੁੜੀ ਦੇ ਘਰਦਿਆਂ ਨੂੰ ਕੋਈ ਬੇਹੋਸ਼ੀ ਦੀ ਚੀਜ਼ ਖੁਆ ਕੇ ਉਹਨਾਂ ਦੀ ਕੁੜੀ ਨਾਲ ਆਸ਼ਕੀ ਕਰਨ ਦੀ
ਸਿੱਖਿਆ ਦੇ ਕੇ ਮਨੁੱਖੀ ਕਦਰਾਂ ਕੀਮਤਾਂ ਦਾ ਗਾਇਕਾਂ ਵਲੋਂ ਘਾਣ ਕੀਤਾ ਜਾ ਰਿਹਾ ਹੈ।
ਗਾਇਕਾਂ ਨੇ ਮਿਹਨਤਕਸ਼ ‘ਜੱਟ’ ਨੂੰ ਵਿਹਲੜ, ਹਥਿਆਰ ਰੱਖਣ ਅਤੇ ਚਲਾਉਣ ਵਾਲਾ, ਸ਼ਰਾਬਾਂ ਪੀ ਕੇ
ਲਲਕਾਰੇ ਮਾਰਨ ਵਾਲਾ, ਧੱਕੇਸ਼ਾਹੀ ਕਰਨ ਵਾਲਾ, ਨਸ਼ੇ ਕਰਨ ਵਾਲਾ, ਆਸ਼ਕ, ਕੁੜੀਆਂ ਪਿੱਛੇ ਮਰਨ-ਮਰਾਉਣ
ਵਾਲਾ ਅਤੇ ਬਹੁਤ ਅਮੀਰ ਬਣਾ ਕੇ ਪੇਸ਼ ਕੀਤਾ ਹੈ। ਇਹਨਾਂ ਦੀ ਗਾਇਕੀ ਤੋਂ ਜ਼ਾਹਰ ਹੈ ਕਿ ‘ਅੰਨਦਾਤਾ’
ਕਹਾਉਣ ਵਾਲੇ ਸਾਰੇ ਔਗਣ ਇਸ ਜੱਟ ਵਿੱਚ ਹੀ ਹਨ। ਪਰ ਅਫਸੋਸ ਦੀ ਗੱਲ ਹੈ
ਕਿ ਇਹਨਾਂ ਗਾਇਕਾਂ ਅਤੇ ਗੀਤਕਾਰਾਂ ਨੂੰ ਕਰਜ਼ਾਈ ਹੋਇਆ ਆਤਮ ਹੱਤਿਆ ਕਰਨ ਵਾਲਾ, ਮੰਡੀਆਂ ਵਿੱਚ
ਰੁੱਲਣ ਵਾਲਾ, ਗੜ੍ਹੇ ਮਾਰੀ ਦਾ ਸ਼ਿਕਾਰ ਹੋਇਆ, ਆਪਣੀਆਂ ਮੰਗਾਂ ਮਨਾਉਣ ਲਈ ਰੇਲਾਂ ਰੋਕਣ ਵਾਲਾ,
ਧਰਨੇ ਦੇਣ ਵਾਲਾ, ਸਰਕਾਰੀ ਜ਼ਬਰ ਅਤੇ ਜ਼ੁਲਮ ਦਾ ਸ਼ਿਕਾਰ ਹੋਇਆ, ਮਿੱਟੀ ਨਾਲ ਮਿੱਟੀ ਹੋਇਆ ਅਤੇ ਕੋਠੇ
ਜਿੱਡੀ ਹੋਈ ਧੀ ਦੇ ਵਿਆਹ ਦੀ ਫਿਕਰ ਵਿੱਚ ਡੁੱਬਿਆ ਹੋਇਆ ‘ਜੱਟ’ ਕਦੀ ਨਜ਼ਰ ਨਹੀਂ ਆਇਆ। ਇਹਨਾਂ ਨੇ
ਜੱਟ ਕੌਮ ਦੇ ਅਕਸ ਨੂੰ ਢਾਅ ਲਾ ਕੇ ਬਦਨਾਮ ਕੀਤਾ ਹੈ। ਅੱਜ ਜੱਟ ਗਾਇਕਾਂ ਅਤੇ ਸਰਕਾਰ ਦੋਹਾਂ ਦੀ
ਮਾਰ ਝੱਲ ਰਿਹਾ ਹੈ।
ਗਾਇਕੀ ਦੀ ਵੀਡੀਓ ਬਨਾਉਣ ਸਮੇਂ ਅੱਧ ਨੰਗੀਆਂ ਲੜਕੀਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਬਹੁਤੇ ਗਾਇਕਾਂ
ਦੀਆਂ ਵੀਡਿਓ ਵਿੱਚ ਅਸ਼ਲੀਲ ਕਪੜੇ ਪਾਈ ਕੁੜੀਆਂ ਨਾਲ ਗਾਇਕ ਗੀਤ ਗਾ ਰਿਹਾ ਹੁੰਦਾ ਹੈ। ਉਸ ਵਕਤ ਉਹ
ਭੁੱਲ ਜਾਂਦਾ ਹੈ ਕਿ ਉਸ ਦੇ ਘਰ ਵੀ ਕੋਈ ਧੀ, ਭੈਣ ਅਤੇ ਮਾਂ ਹੈ। ਇਹਨਾਂ ਗੀਤਕਾਰ ਤੇ ਗਾਇਕਾਂ ਨੇ
ਵੀ ਔਰਤ ਦੇ ਪੇਟ ਵਿਚੋਂ ਹੀ ਜਨਮ ਲਿਆ ਸੀ। ਪਰ ਅੱਜ ਇਹ ਉਸ ਔਰਤ ਦਾ ਹੀ ਨਿਰਾਦਰ ਕਰ ਰਹੇ ਹਨ।
ਅਜਿਹੇ ਗਾਇਕਾਂ ਦੇ ਘਰ ਵਾਲਿਆਂ ਨੇ ਪਤਾ ਨਹੀਂ ਕਿਉਂ ਮਾਇਆ ਦੇ ਮੋਹ ਵਿੱਚ ਅੱਖਾਂ ਮੀਟੀਆਂ ਹੋਈਆਂ
ਹਨ। ਕੀ ਉਹਨਾਂ ਨੂੰ ਐਨਾ ਵੀ ਨਹੀਂ ਪਤਾ ਕਿ ਉਹਨਾਂ ਦਾ ਗਾਇਕ ਪੁੱਤ ਪੰਜਾਬ ਦੀਆਂ ਧੀਆਂ ਭੈਣਾਂ ਦੀ
ਇੱਜ਼ਤ ਨੂੰ ਛੱਜ ਵਿੱਚ ਪਾ ਕੇ ਛੱਟ ਰਿਹਾ ਹੈ। ਅਸ਼ਲੀਲ ਗਾਇਕਾਂ ਦੇ ਮਾਪਿਆਂ ਨੂੰ ਜਰੂਰ ਆਪਣੀ ਸੁੱਤੀ
ਹੋਈ ਜ਼ਮੀਰ ਜਗਾ ਲੈਣੀ ਚਾਹੀਦੀ ਹੈ।
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਜਿਥੇ ਮਨੁੱਖਤਾ `ਤੇ ਹੁੰਦੇ ਜ਼ੁਲਮਾਂ
ਵਿਰੁੱਧ ਡੱਟ ਕੇ ਖੜ੍ਹਨ ਅਤੇ ਕੁਰਬਾਨੀਆਂ ਕਰਨ ਦਾ ਜ਼ਜ਼ਬਾ ਪੈਦਾ ਕੀਤਾ ਗਿਆ ਸੀ। ਉੱਚੀਆਂ ਨੈਤਿਕ
ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਗਿਆ ਸੀ। ਸੁਚੱਜੀ ਜੀਵਨ ਜਾਚ ਪੇਸ਼ ਕੀਤੀ ਗਈ ਸੀ। ਇੱਜ਼ਤ ਤੇ ਅੱਣਖ
ਨਾਲ ਜਿਊਣ ਅਤੇ ਦੂਜੇ ਦੀਆਂ ਧੀਆਂ ਅਤੇ ਭੈਣਾਂ ਨੂੰ ਆਪਣੀ ਧੀ ਭੈਣ ਸਮਝਣ ਦਾ ਸੰਦੇਸ਼ ਦਿਤਾ ਗਿਆ ਸੀ।
ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਔਰਤ ਨੂੰ ਉਧਾਲਣ ਅਤੇ ਬੇਇਜ਼ਤ ਕਰਨ ਵਾਲਿਆਂ ਨੂੰ ਪੰਜਾਬੀ ਲੋਕਾਂ
ਨੇ ਕਰੜੇ ਹੱਥੀਂ ਲਿਆ ਸੀ। ਔਰਤ ਨੂੰ ਪੰਜਾਬੀ ਵਿਰਸੇ ਵਿੱਚ ਹਰ ਥਾਂ ਮਾਣ-ਸਤਿਕਾਰ ਅਤੇ ਆਦਰ ਦਿਤਾ
ਗਿਆ ਸੀ। ਪਰ ਅਜੋਕੇ ਗੀਤਕਾਰ ਅਤੇ ਗਾਇਕ ਇਸ ਦੇ ਵਿਰੁੱਧ ਲਿਖ ਅਤੇ ਗਾ ਰਹੇ ਹਨ। ਇਹਨਾਂ ਨੂੰ ਰੋਕਣ
ਦੀ ਲੋੜ ਹੈ।
ਅਜੋਕੀ ਪੰਜਾਬੀ ਗਾਇਕੀ ਦੀ ਬਦੌਲਤ ਪੰਜਾਬੀ ਮਨ ਨਫਰਤ, ਕਰੋਧ, ਬਦਲੇ ਖੋਰੀ ਹਿੰਸਾ ਅਤੇ ਖੁਦਕਸ਼ੀਆਂ
ਦੀ ਦਲਦਲ ਵਿੱਚ ਖੁਭਦਾ ਜਾ ਰਿਹਾ ਹੈ। ਇਹ ਪੰਜਾਬੀ ਸਭਿਆਚਾਰ ਲਈ ਗੰਭੀਰ ਖਤਰਾ ਹੈ। ਆਤਮਾਵਾਂ ਮਰ
ਰਹੀਆਂ ਹਨ। ਦਿੱਲਾਂ ਵਿੱਚ ਕਠੋਰਤਾ ਪੈਦਾ ਹੋ ਰਹੀ ਹੈ। ਵਤੀਰੇ ਅੱਖੜ ਬਣਦੇ ਜਾ ਰਹੇ ਹਨ। ਸਮਾਜਿਕ
ਕਦਰਾਂ ਕੀਮਤਾਂ ਖ਼ਤਮ ਹੋ ਰਹੀਆਂ ਹਨ। ਆਪਸੀ ਭਾਈਚਾਰਾ ਅਤੇ ਆਂਡ-ਗੁਆਂਢ ਦੀ ਸਾਂਝ ਤਬਾਹ ਹੋ ਰਹੀ ਹੈ।
ਰਿਸ਼ਤੇ ਖ਼ਤਮ ਹੋ ਰਹੇ ਹਨ। ਔਰਤ ਲਈ ਖਤਰੇ ਵੱਧ ਰਹੇ ਹਨ। ਉਹ ਸਰੁੱਖਿਅਤ ਮਹਿਸੂਸ ਨਹੀਂ ਕਰ ਰਹੀ।
ਮਿਹਨਤਕਸ਼ ਪੰਜਾਬੀ ਕੌਮ ਵਿਹਲੜ੍ਹ ਅਤੇ ਆਸ਼ਕ ਬਣ ਰਹੀ ਹੈ। ਮਾਪੇ ਧੀਆਂ ਪ੍ਰਤੀ ਚਿੰਤਾ ਵਿੱਚ ਡੁੱਬੇ
ਪਏ ਹਨ। ਇਹਨਾਂ ਗਾਇਕਾਂ ਦੀ ਕਿਰਪਾ ਨਾਲ ਛੋਟੇ ਬੱਚੇ ਪੜਾਈ ਵੱਲੋਂ ਮੂੰਹ ਮੋੜ ਆਸ਼ਕੀ ਵਿੱਚ ਪੈ ਰਹੇ
ਹਨ। ਚੋਰੀਆਂ ਤੇ ਲੁੱਟਾਂ ਕਰਕੇ ਨਸ਼ੇ ਕਰ ਰਹੇ ਹਨ।
ਅਮੀਰ ਵਿਅਕਤੀ ਅਤੇ ਐਨ. ਆਰ. ਆਈ. ਲੋਕ ਕਿਸੇ ਗਰੀਬ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਦੀ ਬਜਾਇ
ਵਿਆਹ ਸਮਾਗਮਾਂ ਤੇ ਪਾਰਟੀਆਂ `ਤੇ ਲੱਖਾਂ ਰੁਪਏ ਗਾਇਕਾਂ ਦੇ ਪ੍ਰੋਗਰਾਮ ਕਰਵਾਉਣ `ਤੇ ਖਰਚ ਕਰ
ਦਿੰਦੇ ਹਨ। ਕਈ ਲੋਕ ਸਭਿਆਚਾਰ ਮੇਲੇ ਵੀ ਕਰਵਾਉਦੇ ਹਨ। ਜਿਨ੍ਹਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ
ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਅੱਜ ਦੀ ਲੱਚਰ ਗਾਇਕੀ ਦੇ ਵਿਰੁੱਧ ਖੜਨਾ ਪਵੇਗਾ। ਅਮੀਰਾਂ ਅਤੇ
ਵਿਦੇਸ਼ੀ ਵੀਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਗਾਇਕਾਂ ਨੂੰ ਵਿਆਹ ਅਤੇ ਹੋਰ ਸਮਾਗਮਾਂ ਸਮੇਂ ਬੁਕ
ਨਾ ਕਰਨ। ਮੈਰਿਜ਼ ਪੈਲਸਾਂ ਅਤੇ ਘਰਾਂ ਵਿੱਚ ਡੀ. ਜੇ. ਲਾਉਣਾ ਉਕਾ ਬੰਦ ਕੀਤਾ ਜਾਏ। ਟ੍ਰੈਕਟਰਾਂ ਅਤੇ
ਬੱਸਾਂ ਵਿੱਚ ਸੰਗੀਤਕ ਸਿਸਟਮ ਲਾਉਣ ਦੀ ਮਨਾਹੀ ਹੋਵੇ। ਨੌਜਵਾਨ ਪੀੜ੍ਹੀ ਨੂੰ ਸਮਝਣਾ ਚਾਹੀਦਾ ਹੈ ਕਿ
ਗਾਇਕ ਤਾਂ ਲੱਚਰ ਗੀਤ ਗਾ ਕੇ ਉਹਨਾਂ ਦੇ ਸਿਰ `ਤੇ ਕਮਾਈਆਂ ਕਰ ਰਹੇ ਹਨ ਤੇ ਉਹਨਾਂ ਨੂੰ ਕੁਰਾਹੇ
ਤੋਰ ਰਹੇ ਹਨ, ਇਸ ਲਈ ਨੌਜਵਾਨ ਪੀੜ੍ਹੀ ਅਜਿਹੀ ਗਾਇਕੀ ਸੁਨਣ ਤੋਂ ਪ੍ਰਹੇਜ਼ ਕਰੇ ਅਤੇ ਸਖ਼ਤ ਮਿਹਨਤ
ਕਰਕੇ ਆਪਣੇ ਪੈਰਾਂ `ਤੇ ਖੜ੍ਹਨ ਦਾ ਯਤਨ ਕਰੇ। ਸਰਕਾਰ ਨੂੰ ਕੋਈ ਐਸੀ ਪਾਲਿਸੀ ਬਣਾਉਣੀ ਚਾਹੀਦੀ ਹੈ
ਜੋ ਲੱਚਰ ਗਾਇਕੀ ਨੂੰ ਨੱਥ ਪਾਈ ਜਾ ਸਕੇ। ਜੇ ਅਜੋਕੀ ਗਾਇਕੀ ਦੀ ਇਹ ਅਸ਼ਲੀਲ ਹਨੇਰੀ ਨੂੰ ਨਾ ਰੋਕਿਆ
ਗਿਆ ਤਾਂ ਔਰਤ ਦੀ ਬਿਹਤਰੀ ਲਈ ਚੁੱਕੇ ਹਰ ਯਤਨਾਂ ਦੀਆਂ ਧੱਜੀਆਂ ਉੱਡ ਜਾਣਗੀਆਂ ਅਤੇ ਮਾਪੇ ਆਪਣੀਆਂ
ਲਾਡਲੀਆਂ ਧੀਆਂ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਲਈ ਭੇਜਣ ਤੋਂ ਗੁਰੇਜ਼ ਕਰਨਗੇ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ
ਤਹਿਸੀਲ ਫਗਵਾੜਾ (ਕਪੂਰਥਲਾ)
ਮੋਬਾਇਲ 88728-54500