ਗੁਣਵਾਨ ਮਨੁੱਖ ਦੀ ਸੋਭਾ
ਮੰਘਿਰਿ ਮਾਹਿ ਸੁਹੰਦੀਆ, ਹਰਿ ਪਿਰ ਸੰਗਿ ਬੈਠੜੀਆਹ।।
ਤਿਨੑ ਕੀ ਸੋਭਾ ਕਿਆ ਗਣੀ, ਜਿ ਸਾਹਿਬਿ ਮੇਲੜੀਆਹ।।
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ।।
ਸਾਧ ਜਨਾ ਤੇ ਬਾਹਰੀ, ਸੇ ਰਹਨਿ ਇਕੇਲੜੀਆਹ।।
ਤਿਨੑ ਦੁਖੁ ਨ ਕਬਹੂ ਉਤਰੈ, ਸੇ ਜਮ ਕੈ ਵਸਿ ਪੜੀਆਹ।।
ਜਿਨੀ ਰਾਵਿਆ ਪ੍ਰਭੂ ਆਪਣਾ, ਸੇ ਦਿਸਨਿ ਨਿਤ ਖੜੀਆਹ।।
ਰਤਨਜਵੇਹਰ ਲਾਲ ਹਰਿ ਕੰਠਿ ਤਿਨਾੑ ਜੜੀਆਹ।।
ਨਾਨਕੁ ਬਾਂਛੈ ਧੂੜਿ ਤਿਨੑ, ਪ੍ਰਭ ਸਰਣੀ ਦਰਿ ਪੜੀਆਹ।।
ਮੰਘਿਰਿ ਪ੍ਰਭੁ ਆਰਾਧਣਾ, ਬਹੁੜਿ ਨ ਜਨਮੜੀਆਹ।। ੧੦।।
ਮੁੱਢਲੀ ਵਿਚਾਰ--ਸੰਸਾਰ ਤੇ ਗੁਣਾਂ ਦੀ ਹੀ ਕਦਰ ਪੈਂਦੀ ਹੈ। ਬੱਚਿਆਂ
ਨੂੰ ਗੁਣ ਸਿਖਾਉਣ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ। ਜਿਹੜੇ ਬੱਚੇ ਗੁਣ ਸਿੱਖ ਜਾਂਦੇ ਹਨ ਉਹ ਜਿੱਥੇ
ਆਪ ਸੁਖ ਮਾਣਦੇ ਹਨ ਓੱਥੇ ਹੋਰਨਾਂ ਲਈ ਵੀ ਸੁਖਾਂ ਦਾ ਰਾਹ ਪੱਧਰਾ ਕਰਦੇ ਹਨ। ਘਰਾਂ ਵਿੱਚ ਰੱਖੇ
ਜਨਵਰਾਂ ਨੂੰ ਵੀ ਗੁਣ ਸਿਖਾਏ ਜਾਂਦੇ ਹਨ ਤਾਂ ਕੇ ਲੋੜ ਪੈਣ `ਤੇ ਕੋਈ ਨਾ ਕੋਈ ਸਹਾਇਤਾ ਕਰ ਸਕਣ ਪਰ
ਜਨਵਰਾਂ ਵਾਲੀਆਂ ਗਲਤੀਆਂ ਨਾ ਕਰਨ। ਇਟਲੀ ਵਿੱਚ ਇੱਕ ਫਾਰਮ `ਤੇ ਚਾਰ ਕੁ ਹਜ਼ਾਰ ਗਊਆਂ ਖੁਲ੍ਹਿਆਂ
ਖੇਤਾਂ ਵਿੱਚ ਜੁੱਗ ਰਹੀਆਂ ਸਨ। ਜ਼ਰਾ ਕੁ ਧਿਆਨ ਨਾਲ ਦੇਖਿਆਂ ਤਾਂ ੳਹਨਾਂ ਦੀ ਰੇਖ ਦੇਖ ਦੋ ਕੁੱਤੇ
ਕਰ ਰਹੇ ਸਨ। ਕੀ ਮਿਜ਼ਾਲ ਸੀ ਕਿ ਕੋਈ ਓਪਰਾ ਆਦਮੀ ਨੇੜਿਓਂ ਵੀ ਲੰਘ ਜਾਏ। ਏਸੇ ਤਰ੍ਹਾਂ ਹੀ
ਨਿਊਜ਼ੀਲੈਂਡ ਵਿੱਚ ਦੇਖਿਆ ਗਿਆ ਕਿ ਸ਼ਾਮ ਨੂੰ ਕੁੱਤੇ ਗਊਆਂ ਨੂੰ ਵਾਪਸ ਆਪਣੇ ਟਿਕਾਣੇ `ਤੇ ਲਿਆ ਰਹੇ
ਸਨ। ਇੰਜ ਹੀ ਇੱਕ ਵਾਕਿਆ ਸ੍ਰੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਨਿਊਜ਼ੀਲੈਂਡ ਦੇਖਿਆ ਗਿਆ ਕਿ ਇੱਕ
ਕੁੱਤਾ ਅੰਧੇ ਆਦਮੀ ਨੂੰ ਰੇਲਵੇ ਫਾਟਕ ਪਾਰ ਕਰਾ ਰਿਹਾ ਸੀ। ਜਦੋਂ ਵੀ ਲਾਲ ਬੱਤੀ ਹੁੰਦੀ ਸੀ ਤਾਂ ਉਹ
ਕੁੱਤਾ ਤੁਰੰਤ ਓੱਥੇ ਹੀ ਰੁੱਕ ਜਾਂਦਾ ਸੀ। ਕਿਹਾ ਜਾ ਸਕਦਾ ਹੈ ਕਿ ਨਿਰਾ ਮਨੁੱਖ ਹੀ ਨਹੀਂ ਜਨਵਰ,
ਪਸ਼ੂ ਤੇ ਪੰਛੀ ਵੀ ਗੁਣ ਸਿੱਖ ਕੇ ਮਨੁੱਖ ਦੇ ਨੇੜੇ ਹੋ ਸਕਦੇ ਹਨ। ਕਈ ਗੁਣ ਹੀ ਨਹੀਂ ਸਿੱਖਦੇ ਸਗੋਂ
ਆਪਣੇ ਕੰਮ ਵਿੱਚ ਮੁਹਾਰਤ ਵੀ ਹਾਸਲ ਕਰਦੇ ਹਨ। ਅਜੇਹਿਆਂ ਮਨੁੱਖਾਂ ਦੀ ਸੋਭਾ ਮਹਾਨ ਹੁੰਦੀ ਹੈ। ਕਈ
ਵਾਰੀ ਦਿਸਦਾ ਤਾਂ ਮਨੁੱਖ ਹੈ ਪਰ ਉਸ ਦੇ ਕੰਮ ਕੁੱਤਿਆਂ ਵਾਲੇ ਹੁੰਦੇ ਹਨ—
ਮਾਣਸ ਮੂਰਤਿ ਨਾਨਕੁ ਨਾਮੁ।। ਕਰਣੀ ਕੁਤਾ ਦਰਿ ਫੁਰਮਾਨੁ।।
ਗੁਰ ਪਰਸਾਦਿ ਜਾਣੈ ਮਿਹਮਾਨੁ।।
ਤਾ ਕਿਛੁ ਦਰਗਹ ਪਾਵੈ ਮਾਨੁ।। ੪।। ੪।।
ਆਸਾ ਮਹਲਾ ੧ ਪੰਨਾ ੩੫੦
ਅੱਖਰੀਂ ਅਰਥ--
ਨਾਨਕ
(ਆਖਦਾ ਹੈ—ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ, ਪਰ ਆਚਰਨ ਵਿੱਚ ਮਨੁੱਖ
(ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ)। ਮਨੁੱਖ
ਪਰਮਾਤਮਾ ਦੀ ਹਜ਼ੂਰੀ ਵਿੱਚ ਤਦੋਂ ਹੀ ਕੁੱਝ ਇੱਜ਼ਤ-ਮਾਣ ਲੈ ਸਕਦਾ ਹੈ ਜੇ ਗੁਰੂ ਦੀ ਮਿਹਰ ਨਾਲ
(ਸੰਸਾਰ ਵਿੱਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ।
ਗੁਰਬਾਣੀ ਦਾ ਇੱਕ ਹੋਰ ਬੜਾ ਪਿਆਰਾ ਵਾਕ ਹੈ—
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ।। ੧੫।।
ਪੰਨਾ ੧੪੧੧
ਅੱਖਰੀਂ ਅਰਥ--
ਹੇ
ਨਾਨਕ! ਜਿਨ੍ਹਾਂ ਵਿੱਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ।
ਗੁਰਬਾਣੀ ਨੇ ਇੱਕ ਉੱਚੇ ਸੁੱਚੇ ਕਿਰਦਾਰ ਵਾਲਾ
ਜੀਵਨ ਘੜਿਆ ਹੈ। ਗੁਣਵਾਨ ਮਨੁੱਖਾਂ ਦਾ ਵਿਹਾਰਕ ਪੱਖ ਸਮਾਜ, ਪਰਵਾਰ ਤਥਾ ਆਪਣੇ ਜੀਵਨ ਵਿੱਚ ਰਸਦਾਇਕ
ਹੁੰਦਾ ਹੈ। ਬਾਰਾਂ ਮਾਂਹ ਵਿੱਚ ਮੰਘਰਿ ਤੇ ਆਮ ਬੋਲ ਚਾਲ ਵਿੱਚ ਮੱਘਰ ਦੇ ਮਹੀਨੇ ਦਾ ਅਧਾਰ ਬਣ ਕੇ
ਗੁਰਦੇਵ ਪਿਤਾ ਜੀ ਨੇ ਗੁਣਾਂ ਵਾਲੇ ਵਿਹਾਰਕ ਪੱਖ ਦੀ ਵਿਚਾਰ ਦਿੱਤੀ ਹੈ। ਇਸ ਪਉੜੀ ਦੀ ਪਹਿਲੀ ਤੁਕ
ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—
ਮੰਘਿਰਿ ਮਾਹਿ ਸੁਹੰਦੀਆ, ਹਰਿ ਪਿਰ ਸੰਗਿ ਬੈਠੜੀਆਹ।।
ਅੱਖਰੀਂ ਅਰਥ--
ਮੱਘਰ
(ਦੇ ਠੰਢੇ-ਮਿੱਠੇ) ਮਹੀਨੇ ਵਿੱਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ
ਬੈਠੀਆਂ ਹੁੰਦੀਆਂ ਹਨ।
ਵਿਚਾਰ ਤੇ ਵਿਹਾਰਕ ਪੱਖ--ਇਸ ਸਾਰੀ ਪਉੜੀ ਦੇ ਅਰਥ ਸਮਝ ਆਉਂਦੇ ਹਨ ਕਿ
ਮੱਘਰ ਦਾ ਮਹੀਨਾ ਉਹਨਾਂ ਜੀਵ ਰੂਪੀ ਇਸਤਰੀਆਂ ਲਈ ਸੋਹਣਾ ਹੈ ਜਿਹੜੀਆਂ ਆਪਣੇ ਪਤੀ ਦੇ ਪਾਸ ਬੈਠੀਆਂ
ਹੋਈਆਂ ਹਨ। ਅਜੇਹੀਆਂ ਇਸਤ੍ਰੀਆਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਅੱਖਰੀਂ ਅਰਥਾਂ ਅਨੁਸਰ
ਸਾਧਾਂ ਦੀ ਸੰਗਤ ਕਰਨ ਵਾਲੀਆਂ ਇਸਤ੍ਰੀਆਂ ਦਾ ਤਨ ਤੇ ਮਨ ਖੁਸ਼ੀ ਨਾਲ ਭਰ ਜਾਂਦਾ ਹੈ। ਜਿਹੜੀਆਂ
ਸਾਧਾਂ ਨੂੰ ਮਿਲਦੀਆਂ ਨਹੀਂ ਹਨ ਉਹ ਜਮਾਂ ਦੇ ਵੱਸ ਪੈ ਜਾਂਦੀਆਂ ਹਨ। ਜਿਹੜੀਆਂ ਜੀਵ ਰੂਪੀ
ਇਸਤ੍ਰੀਆਂ ਨੇ ਆਪਣਾ ਪ੍ਰਭੂ ਅਰਾਧਿਆ ਹੈ ਉਹਨਾਂ ਦੇ ਗਲੇ ਵਿੱਚ ਰਤਨ, ਜਵੇਹਰ ਅਤੇ ਲਾਲ ਜੜੇ ਜਾਂਦੇ
ਹਨ। ਅੱਖਰਾਂ ਦੇ ਅਰਥਾਂ ਅਨੁਸਾਰ ਫਿਰ ਅਜੇਹੀਆਂ ਜੀਵ ਰੂਪੀ ਇਸਤ੍ਰੀਆਂ ਦੀ ਧੂੜ ਮੱਥੇ `ਤੇ ਲਗਾਉਣ
ਨਾਲ ਹੀ ਜਨਮ ਸਫਲ ਹੋ ਜਾਂਦਾ ਹੈ। ਹੁਣ ਸੋਚਣਾ ਇਹ ਹੈ ਕਿ ਗੁਰਬਾਣੀ ਅਨੁਸਾਰ ਪਤੀ ਕੋਣ ਹੈ?
ਗਰੁਬਾਣੀ ਅਨੁਸਾਰ ਪਤੀ ਪਰਮਾਤਮਾ ਹੈ ਪਰ ਇਸ ਪ੍ਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ। ਦੂਸਰਾ ਕੀ
ਗੁਰਬਾਣੀ ਵਿੱਚ ਕਿਸੇ ਦੇਹ ਧਾਰੀ ਸਾਧ ਦੀ ਗੱਲ ਕੀਤੀ ਗਈ ਹੈ, ਜਿਸ ਦੇ ਚਰਨ ਪਕੜਨੇ ਹਨ। ਕੀ ਮੱਘਰ
ਦੇ ਮਹੀਨੇ ਵਿੱਚ ਬ੍ਰਾਹਮਣੀ ਜਮਾਂ ਦੀ ਗੱਲ ਕੀਤੀ ਗਈ ਹੈ, ਜਿਹੜੇ ਮਰਨ ਉਪਰੰਤ ਵੀ ਮਨੁੱਖ ਦੀ ਖਿੱਚ
ਧੂਅ ਕਰਦੇ ਹਨ।
ਅੱਖਰਾਂ ਦੇ ਅਰਥਾਂ ਨਾਲ ਉਪਦੇਸ਼ ਸਮਝ ਵਿੱਚ ਨਹੀਂ ਆ ਸਕਦਾ। ਜਿਹੜਾ ਉਪਦੇਸ਼
ਸਮਝ ਵਿੱਚ ਨਹੀਂ ਆਉਂਦਾ ਉਹ ਜੀਵਨ ਵਿੱਚ ਲਾਗੂ ਨਹੀਂ ਹੋ ਸਕਦਾ। ਫਿਰ ਗੁਰਬਾਣੀ ਦਾ ਭਾਵ ਅਰਥ ਲਿਆ
ਜਾਏਗਾ। ਖ਼ਿਆਲ ਰਹੇ ਕਿ ਭਾਵ ਅਰਥ ਗੈਰ ਕੁਦਰਤੀ ਨਹੀਂ ਹੋਣੇ ਚਾਹੀਦੇ ਸਗੋਂ ਸਾਨੂੰ ਜੀਵਨ ਦੀਆਂ
ਸਚਾਈਆਂ ਦੀ ਸਮਝ ਆਉਣੀ ਚਾਹੀਦੀ ਹੈ। ਗੱਲ ਕੀ ਗੁਰਬਾਣੀ ਨੇ ਸਦੀਵ ਕਾਲ ਗੁਣਾਂ ਦੀ ਗੱਲ ਕੀਤੀ ਹੈ।
ਇਹ ਗੁਣ ਹੀ ਸਾਡਾ ਵਿਹਾਰਕ ਜੀਵਨ ਤਹਿ ਕਰਦੇ ਹਨ। ਗੁਣਾਂ ਦੀ ਵਰਤੋਂ ਕਰਨ ਤੋਂ ਅਸੀਂ ਕਿਨਾਰਾ ਕਰਦੇ
ਹਾਂ ਪਰ ਓੱਥੇ ਮਹੀਨੇ ਬਾਅਦ ਰਸਮੀ ਮਹੀਨੇ ਦਾ ਨਾਂ ਸੁਣ ਕੇ ਮਨ ਨੂੰ ਧਰਵਾਸ ਦੇ ਲੈਂਦੇ ਹਾਂ ਕਿ ਹੁਣ
ਸਾਡਾ ਸਾਰਾ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਏਗਾ। ਮਹੀਨੇ ਦੀ ਪਉੜੀ ਵਿੱਚ ਜੋ ਵਿਹਾਰਕ ਪੱਖ
ਪੇਸ਼ ਕੀਤਾ ਗਿਆ ਹੈ ਉਹ ਸਾਡੇ ਸੁਭਾਅ ਤਥਾ ਜੀਵਨ ਦਾ ਅੰਗ ਹੈ। ਗੁਰਬਾਣੀ ਦੇ ਗੁਣਾਂ ਨੂੰ ਵਿਹਾਰਕ
ਪੱਖ ਬਣਾਉਣ ਦੀ ਥਾਂ `ਤੇ ਅਸਾਂ ਗੁਰਦੁਆਰੇ ਜਾ ਕੇ ਕੇਵਲ ਰਸਮਾਂ ਹੀ ਨਿਭਾਈਆਂ ਹਨ।
ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਨੇ ਸਾਰੀ ਮਨੁੱਖਤਾ ਨੂੰ ਜੀਵ ਰੂਪੀ
ਇਸਤ੍ਰੀ ਪੇਸ਼ ਕਰਦਿਆਂ ਰੱਬ ਜੀ ਨੂੰ ਪਤੀ ਦੱਸਿਆ ਹੈ। ਪੰਜਾਬੀ ਸਭਿਆਚਾਰ ਦੀ ਉਦਾਹਰਣ ਦੇਂਦਿਆਂ
ਸਮਝਾਇਆ ਹੈ ਕਿ ਜਿਸ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਦੇ ਪਾਸ ਬੈਠ ਕੇ ਖੁਸ਼ੀ ਪ੍ਰਤੀਤ ਕਰਦੀ ਹੈ ਤੇ
ਉਸ ਨੂੰ ਕਿਸੇ ਕਿਸਮ ਦਾ ਕੋਈ ਖੌਫ ਭੈ ਆਦਿ ਨਹੀਂ ਹੁੰਦਾ। ਏਸੇ ਤਰ੍ਹਾਂ ਪ੍ਰਮਾਤਮਾ ਸਾਡਾ ਪਤੀ ਹੈ
ਤੇ ਇਸ ਦੇ ਪਾਸ ਬੈਠਿਆਂ ਸਾਨੂੰ ਵੀ ਕਿਸੇ ਕਿਸਮ ਦਾ ਕੋਈ ਝੋਰਾ, ਸਹਿਮ ਨਹੀਂ ਰਹਿ ਜਾਂਦਾ। ਗੁਰਬਾਣੀ
ਅਨੁਸਾਰ ਰੱਬ ਜੀ ਦਾ ਕੋਈ ਰੂਪ ਤਥਾ ਰੰਗ ਨਹੀਂ ਹੈ ਫਿਰ ਸਰੀਰਕ ਤਲ਼ ਤੇ ਰੱਬ ਜੀ ਪਾਸ ਤਾਂ ਅਸੀਂ ਬੈਠ
ਨਹੀਂ ਸਕਦੇ। ਹੁਣ ਰੱਬ ਜੀ ਪਾਸ ਬੈਠਣਾ ਸੀ ਸਾਡੀ ਸੋਚ ਨੇ ਤੇ ਰੱਬ ਜੀ ਹਨ ਗੁਣਾਂ ਦਾ ਖ਼ਜ਼ਾਨਾ। ਇਸ
ਦਾ ਭਾਵ ਅਰਥ ਹੋਇਆ ਕਿ ਉਹ ਜੀਵ ਰੂਪੀ ਇਸਤ੍ਰੀਆਂ ਭਾਵ ਸਭ ਮਾਈ ਭਾਈ ਸੋਹਣੇ ਜੀਵਨ ਵਾਲੇ ਹਨ ਜਿਹੜੇ
ਸੱਚੇ ਗੁਣਾਂ ਨੂੰ ਆਪਣੇ ਸੁਭਾਅ ਦਾ ਅੰਗ ਬਣਾਉਂਦੇ ਹਨ-
ਮੰਘਿਰਿ ਮਾਹਿ ਸੁਹੰਦੀਆ, ਹਰਿ ਪਿਰ ਸੰਗਿ ਬੈਠੜੀਆਹ।।
ਪਿਰ ਦਾ ਭਾਵ ਅਰਥ ਹੈ ਸੰਤੋਖ, ਧੀਰਜ, ਹਲੇਮੀ, ਆਪਸੀ ਪਿਆਰ, ਮਨੁੱਖਤਾ ਦੀ
ਸੇਵਾ ਵਰਗੇ ਦੇਵੀ ਗੁਣਾਂ ਨੂੰ ਮਿੱਤਰ ਬਣਾਉਣਾ ਹੀ ਪਿਰ ਸੰਗ ਬੈਠਣਾ ਹੈ—
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ।।
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ।। ੪।। ੧।।
ਰਾਗ ਸੂਹੀ ਮਹਲਾ ੧ ਪੰਨਾ ੭੬੪
ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿੱਚ ਟਿਕ ਜਾਂਦੀ ਹੈ, ਉਹ
ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ
ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ
ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿੱਚ ਹੀ ਲੀਨ ਹੋ ਜਾਂਦੀ ਹੈ।
ਪਿਰ ਦਾ ਅਰਥ ਰੱਬੀ ਗੁਣ ਹਨ ਤੇ ਇਹਨਾਂ ਗੁਣਾਂ ਦੀ ਪਹਿਚਾਨ ਸ਼ਬਦ ਦੀਆਂ
ਡੂੰਘੀਆਂ ਵਿਚਾਰਾਂ ਵਿਚੋਂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਗੁਣਵੰਤੀ ਇਸਤ੍ਰੀ ਦੀ ਉਦਾਹਰਣ
ਦੇਂਦਿਆਂ ਫਰਮਾਉਂਦੇ ਹਨ ਕਿ ਅਜੇਹੀ ਇਸਤ੍ਰੀਆਂ ਨੂੰ ਪੁੱਛੋ ਕਿ ਤੁਸੀਂ ਪਿਰ ਨੂੰ ਕਿਦਾਂ ਪਾਇਆ ਹੈ?
ਗੁਰਦੇਵ ਪਿਤਾ ਜੀ ਫਿਰ ਆਪ ਹੀ ਉੱਤਰ ਦੇਂਦੇ ਹਨ ਕਿ ਸਹਿਜ, ਸੰਤੋਖ ਤੇ ਮਿੱਠਾ ਬੋਲਣ ਦਾ ਆਤਮਿਕ ਤਲ਼
ਤੇ ਸ਼ਿੰਗਾਰ ਬਣਾਉਣ ਨਾਲ ਹੀ ਪਿਰ ਹਿਰਦੇ ਵਿੱਚ ਵੱਸ ਜਾਂਦਾ ਹੈ—
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ।।
ਸਹਜਿ ਸੰਤੋਖਿ ਸੀਗਾਰਿਆ ਮਿਠਾ ਬੋਲਣੀ।।
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ।। ੨।।
ਸਿਰੀ ਰਾਗ ਮਹਲਾ ੧ ਪੰਨਾ ੧੭
ਅੱਖਰੀਂ ਅਰਥ—
(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ
ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ, ਉਥੋਂ ਇਹੀ ਪਤਾ ਮਿਲੇਗਾ ਕਿ ਉਹ
ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ
ਪਿਆ)। ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ
ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ)।
ਉਹ ਜੀਵ ਰੂਪੀ ਇਸਤ੍ਰੀ ਕਦੇ ਵੀ ਸੁੱਖ ਨਹੀਂ ਮਾਣ ਸਕਦੀ ਜਿਹੜੀ ਹਮੇਸ਼ਾਂ
ਔਗੁਣਾਂ ਨਾਲ ਪਿਆਰ ਕਰਦੀ ਹੈ।
ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰਿ।।
ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ।।
ਤ੍ਰਿਸਨਾ ਕਦੇ ਨ ਚੁਕਈ, ਜਲਦੀ ਕਰੇ ਪੂਕਾਰ।।
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ।। ੧।।
ਸਲੋਕ ਮ: ੩ ਪੰਨਾ ੮੯
ਅੱਖਰੀਂ ਅਰਥ--
ਮਨ
ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ (ਜਿਸ ਨੇ) ਘਰ
ਵਿੱਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)। ਉਸ ਦੀ
ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ। ਹੇ ਨਾਨਕ! (ਮਨਮੁਖ ਜੀਵ)
ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ
ਹੋਈ ਹੈ।
ਮੁੱਕਦੀ ਗੱਲ ਰੱਬ ਜੀ ਦੇ ਗੁਣ ਸਾਡੇ ਹਿਰਦੇ ਵਿੱਚ ਹੀ ਹਨ ਇਹਨਾਂ ਗੁਣਾਂ
ਨੂੰ ਗੁਰ ਸ਼ਬਦ ਦੀ ਵਿਚਾਰ ਦੁਆਰਾ ਸਮਝ ਕੇ ਜਦੋਂ ਅਸੀਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਂਦੇ
ਹਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅਜੇਹੀਆਂ ਜੀਵ ਰੂਪੀ ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਤੇ ਉਹ
ਹੀ ਆਪਣੇ ਪਿਰ ਦੇ ਪਾਸ ਬੈਠੀਆਂ ਹੁੰਦੀਆਂ ਹਨ।
ਏਸੇ ਪਉੜੀ ਦੀ ਦੂਜੀ ਤੁਕ ਵਿੱਚ ਅਜੇਹਾ ਰੱਬੀ ਫਰਮਾਣ ਹੈ—
ਤਿਨੑ ਕੀ ਸੋਭਾ ਕਿਆ ਗਣੀ, ਜਿ ਸਾਹਿਬਿ ਮੇਲੜੀਆਹ।।
ਅੱਖਰੀਂ ਅਰਥ--
ਜਿਨ੍ਹਾਂ
ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।
ਵਿਚਾਰ ਤੇ ਵਿਹਾਰਕ ਪੱਖ--ਮੰਘਰਿ ਦੇ ਮਹੀਨੇ ਦੀ ਪਹਿਲੀ ਤੁਕ ਦਾ ਭਾਵ
ਅਰਥ ਏਹੀ ਨਿਕਲਦਾ ਹੈ ਕਿ ਜਿਹੜੀਆਂ ਜੀਵ ਰੂਪੀ ਇਸਤ੍ਰੀਆਂ ਨੇ ਪਤੀ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ
ਸੁਭਾਅ ਦਾ ਅੰਗਾ ਬਣਾ ਲਿਆ ਉਹ ਆਪਣੇ ਜੀਵਨ ਵਿੱਚ ਸੁੱਖ ਭਰ ਲੈਂਦੀਆਂ ਹਨ। ਦੂਜੀ ਤੁਕ ਵਿੱਚ ਰਾਹ
ਸਿਰ ਤੁਰਨ ਵਾਲਿਆਂ ਦੀ ਪਹਿਚਾਨ ਵੱਖਰੀ ਹੁੰਦੀ ਹੈ। ਉਹਨਾਂ ਨੂੰ ਸਾਰੇ ਆਦਰ ਸਤਿਕਾਰ ਨਾਲ ਯਾਦ ਕਰਦੇ
ਹਨ।
ਚਾਲੀ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਗੁਰਦੁਆਰੇ ਜਾਂਦਿਆਂ ਨੂੰ ਪਰ
ਅਜੇ ਤੱਕ ਗੁਰੂ ਦੀ ਗੱਲ ਨੂੰ ਆਪਣੇ ਮਨ ਵਿੱਚ ਨਹੀਂ ਵਸਾਇਆ ਭਾਵ ਸਮਝਿਆ ਹੀ ਨਹੀਂ ਹੈ ਪਰ ਜਿੰਨਾਂ
ਨੇ ਸਮਝ ਲਿਆ ਉਹਨਾਂ ਨੇ ਜੀਵਨ ਦੀਆਂ ਹਕੀਕਤਾਂ ਦੀ ਪਹਿਚਾਨ ਕਰ ਲਈ। ਨਤੀਜਾ ਇਹ ਨਿਕਲਦਾ ਹੈ ਕਿ
ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਗੁੱਸੇ ਤੇ ਕੰਟਰੋਲ ਕਰ ਲਿਆ, ਸਹਾਰਨ ਵਾਲੀ ਬਿਰਤੀ ਨੇ ਜਨਮ ਲੈ
ਲਿਆ ਹੈ। ਪਰਾਈ ਚੁਗਲ਼ੀ ਕਰਕੇ ਕਾਜ ਵਿਗਾੜਨ ਵਾਲੀ ਬਿਰਤੀ ਨੂੰ ਖਤਮ ਕਰ ਲਿਆ—
ਜਿਨ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ।।
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ।।
ਸਿਰੀ ਰਾਗ ਮਹਲਾ ੫ ਪੰਨਾ ੪੫
ਅੱਖਰੀਂ ਅਰਥ--
(ਹੇ
ਭਾਈ!) ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ
ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਉਹ ਹਰ ਥਾਂ ਆਦਰ ਪਾਂਦੇ ਹਨ। ਉਹਨਾਂ ਦੀ ਬੇ-ਦਾਗ਼
ਸੋਭਾ-ਵਡਿਆਈ ਸਾਰੇ ਜਹਾਨ ਵਿੱਚ ਉੱਘੀ ਹੋ ਜਾਂਦੀ ਹੈ।
ਅਤੇ
ਤਿਨੑ ਕੀ ਸੋਭਾ ਕਿਆ ਗਣੀ, ਜਿ ਸਾਹਿਬਿ ਮੇਲੜੀਆਹ।।
ਸਭ ਤੋਂ ਵੱਡੀ ਰੁਕਾਵਟ ਪਤੀ ਦੇ ਮਿਲਾਪ ਵਿੱਚ ਹਉਮੇ ਹੈ ਤੇ ਇਸ ਹਉਮੇ ਨੂੰ
ਸਦਾ ਲਈ ਖਤਮ ਕਰਨ ਦੀ ਸਮਝ ਗੁਰਸ਼ਬਦ ਵਿਚੋਂ ਆਉਂਦੀ ਹੈ। ਗੁਰਬਾਣੀ ਵਾਕ ਹੈ—
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ।।
ਹਉਮੈ ਮੈਲੁ ਗੁਰ ਸਬਦੇ ਧੋਵੈ।।
ਨਿਰਮਲ ਵਾਜੇ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ।। ੪।। —
ਅੱਖਰੀਂ ਅਰਥ--
ਜੇਹੜਾ
ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ, ਗੁਰੂ ਦੇ
ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਉਸ ਮਨੁੱਖ ਦੇ ਅੰਦਰ
ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ
ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ।
ਸੰਸਾਰ ਦੀ ਆਮ ਧਾਰਨਾ ਹੈ ਜਿਸ ਕਿਸੇ ਮਨੁੱਖ ਪਾਸ ਧੰਨ ਦੌਲਤ ਦੇ ਅੰਬਾਰ
ਲੱਗੇ ਹੋਣ ਲੋਕ ਦਿਖਾਵੇ ਦੇ ਹੀ ਕੰਮ ਕਰੇ ਤਾਂ ਕਿਹਾ ਜਾਂਦਾ ਹੈ ਕਿ ਦੇਖੋ ਜੀ ਫਲਾਣਾ ਬੰਦਾ ਤਾ
ਬਹੁਤ ਵਧੀਆ ਹੈ। ਪਰ ਇਹ ਜ਼ਰੂਰੀ ਨਹੀਂ ਕਿ ਏਨੇ ਸੁੱਖ ਹੋਣ ਦੇ ਬਾਵਜੂਦ ਅਜੇਹਾ ਮਨੁੱਖ ਸੁੱਖੀ ਰਹਿ
ਸਕਦਾ ਹੋਵੇ। ਕਿਉਂ ਕਿ ਇਹਨਾਂ ਲੋਕਾਂ ਦੀ ਪ੍ਰਤਭਾ ਕੇਵਲ ਆਪਣੀ ਹਉਮੇ ਨੂੰ ਉਜਾਗਰ ਕਰਨਾ ਹੀ ਹੁੰਦਾ
ਹੈ। ਧੰਨ ਦੌਲਤ ਕਮਾਉਣੀ ਕੋਈ ਮਾੜੀ ਗੱਲ ਨਹੀਂ ਹੈ ਏੱਥੇ ਸਿਰਫ ਇੱਕ ਵਿਚਾਰ ਦਿੱਤਾ ਜਾ ਰਿਹਾ ਕਿ
ਜਿਹੜਾ ਗੈਰ ਵਿਹਾਰਕ ਤਰੀਕੇ ਅਪਨਾ ਕੇ ਧਨ-ਦੌਲਤ ਰਾਂਹੀ ਆਪਣਾ ਲੋਕਾਂ ਵਿੱਚ ਵਿਖਾਵਾ ਕਰਦਾ ਹੈ
ਗੁਰਬਾਣੀ ਨੇ ਉਸ ਦੇ ਵਿਹਾਰ ਨੂੰ ਨਿਕਾਰਿਆ ਹੈ—
ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜ+ਆਨੀ।।
ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈਆਨੀ।।
ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ।। ੧।।
ਆਸਾ ਮਹਲਾ ੫ ਪੰਨਾ ੩੭੯
ਅੱਖਰੀਂ ਅਰਥ--
(ਹੇ ਭਾਈ!) ਹਕੂਮਤਿ, ਜ਼ਮੀਨ ਦੀ ਮਾਲਕੀ, ਜੋਬਨ, ਘਰ, ਇੱਜ਼ਤ, ਸੁੰਦਰਤਾ, ਜੁਆਨੀ, ਬਹੁਤ ਧਨ, ਹਾਥੀ
ਅਤੇ ਘੋੜੇ (ਜੇ ਇਹ ਸਭ ਕੁੱਝ ਕਿਸੇ ਮਨੁੱਖ ਦੇ ਪਾਸ ਹੋਵੇ), ਜੇ ਲੱਖਾਂ ਰੁਪਏ ਖ਼ਰਚ ਕੇ (ਕੀਮਤੀ)
ਲਾਲ ਮੁੱਲ ਲੈ ਆਵੇ (ਤੇ ਇਹਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ), ਪਰ ਅਗਾਂਹ ਪਰਮਾਤਮਾ ਦੀ ਦਰਗਾਹ
ਵਿੱਚ (ਇਹਨਾਂ ਵਿਚੋਂ ਕੋਈ ਭੀ ਚੀਜ਼) ਕੰਮ ਨਹੀਂ ਆਉਂਦੀ। (ਇਹਨਾਂ ਪਦਾਰਥਾਂ ਦਾ) ਮਾਣ ਕਰਨ ਵਾਲਾ
ਮਨੁੱਖ (ਇਹਨਾਂ ਸਭਨਾਂ ਨੂੰ ਇਥੇ ਹੀ) ਛੱਡ ਕੇ (ਇਥੋਂ) ਤੁਰ ਪੈਂਦਾ ਹੈ।
ਗੁਰੂ ਸਾਹਿਬ ਜੀ ਦਾ ਵਾਕ ਹੈ
ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ।।
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ।।
ਆਸਾ ਮਹਲਾ ੪ ਪੰਨਾ ੪੪੫
ਅੱਖਰੀਂ ਅਰਥ--
ਸਤਜੁਗੀ
ਆਤਮਕ ਅਵਸਥਾ ਵਿੱਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼
ਜਾਣਦਾ ਹੈ, ਹਰਿ-ਨਾਮ ਸਿਮਰਨ ਵਿੱਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ
ਨੂੰ (ਹਰ ਥਾਂ) ਸੋਭਾ ਮਿਲਦੀ ਹੈ। ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿੱਚ ਇੱਕ ਪਰਮਾਤਮਾ ਹੀ
ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ।
ਜੇ ਇਹਨਾਂ ਤੁਕਾਂ ਦਾ ਵਿਹਾਰਕ ਪੱਖ ਲਈਏ ਤਾਂ ਸਹਿਜੇ ਹੀ ਇਸ ਨਤੀਜੇ ਤੇ
ਪਹੁੰਚਦੇ ਹਾਂ ਕਿ ਸੋਹਣਾ ਪਨ ਤੇ ਸੋਭਾ ਓਸੇ ਮਨੁੱਖ ਦੀ ਹੋਏਗੀ ਜਿਹੜਾ ਮੇਹਨਤੀ ਸੁਭਾਅ ਵਾਲਾ
ਹੋਏਗਾ। ਅਸੀਂ ਵਿਹਾਰਕ ਪੱਖ ਨੂੰ ਸਮਝਣ ਦੀ ਬਜਾਏ ਕੇਵਲ ਗੁਰਦੁਆਰੇ ਦੀ ਹਾਜ਼ਰੀ ਭਰਨ ਕਰਕੇ ਹੀ ਹੰਕਾਰ
ਨੂੰ ਇਕੱਠਾ ਕਰ ਲਿਆ ਹੈ। ਸਾਡਾ ਇਹ ਖ਼ਿਆਲ ਨਹੀਂ ਕਿ ਗੁਰਦੁਆਰੇ ਜਾਣਾ ਨਹੀਂ ਚਾਹੀਦਾ ਸਗੋਂ ਇਹ
ਦੇਖਣਾ ਹੈ ਕਿ ਅਸਾਂ ਗੁਰਦੁਆਰੇ ਜਾ ਕੇ ਸਿੱਖਿਆ ਕੀ ਹੈ? ਮੱਘਰ ਦੇ ਮਹੀਨੇ ਦਾ ਅਧਾਰ ਬਣਾ ਕੇ
ਗੁਰਦੇਵ ਪਿਤਾ ਜੀ ਅਗਲੀ ਤੁਕ ਵਿੱਚ ਬੜਾ ਪਿਆਰਾ ਨੁਕਤਾ ਸਾਂਝਾ ਕਰ ਰਹੇ ਹਨ ਕਿ ਪਿਰ ਦੀ ਪ੍ਰਾਪਤੀ
ਨਾਲ ਜਿੱਥੇ ਜੀਵਨ ਸੋਹਣਾ ਬਣਦਾ ਹੈ ਓੱਥੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਵੀ ਹੁੰਦੀ ਹੈ। ਅਜੇਹਾ
ਮਨੁੱਖ ਅੰਦਰੋਂ ਬਾਹਰੋਂ ਇਕੋ ਜੇਹਾ ਹੁੰਦਾ ਹੈ। ਤੀਸਰੀ ਤੁਕ ਅਜੇਹਾ ਉਪਦੇਸ਼ ਹੈ—
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ।।
ਅੱਖਰੀਂ
ਅਰਥ--ਸਤ-ਸੰਗੀ
ਸਹੇਲੀਆਂ
ਦੀ
ਸੰਗਤਿ
ਵਿੱਚ
ਪ੍ਰਭੂ
ਦੇ
ਨਾਲ
(ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।
ਵਿਚਾਰ
ਤੇ
ਵਿਹਾਰਕ
ਪੱਖ--ਇਸ
ਤੁਕ
ਵਿੱਚ
ਸਾਧ
ਸ਼ਬਦ
ਆਇਆ
ਹੈ
ਹੁਣ
ਸਾਧ
ਸ਼ਬਦ
ਸਾਡੀ
ਮਾਨਸਿਕਤਾ
ਵਿੱਚ
ਚੋਲੇ
ਵਾਲਾ
ਬਾਬਾ
ਵੱਸਿਆ
ਹੋਇਆ
ਹੈ।
ਸਮਝਿਆ ਗਿਆ ਹੈ ਕਿ ਕੋਈ ਚੋਲ਼ੇ ਵਾਲਾ ਤੇ ਭੋਰਿਆਂ ਵਿੱਚ ਬੈਠਣ ਵਾਲੇ ਸਾਧ ਦਾ ਸੰਗ ਕਰਕੇ ਸ਼ਾਇਦ ਸਾਡੇ
ਮਨ ਵਿੱਚ ਖੇੜਾ ਆ ਜਾਏਗਾ। ਧਰਮ ਦੀ ਦੁਨੀਆਂ ਵਿੱਚ ਅਸਾਂ ਏਹੋ ਹੀ ਭਰਮ ਪਾਲ਼ਿਆ ਹੋਇਆ ਹੈ। ਭਾਵ ਅਰਥ
ਸਮਝਾਂਗੇ ਤਾਂ ਪਤਾ ਲੱਗਦਾ ਹੈ ਕਿ ਜਿਸ ਨੇ ਪ੍ਰਭੂ ਜੀ ਦੇ ਗੁਣਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ
ਵਸਾ ਲਿਆ ਹੈ ਉਹਨਾਂ ਦੀ ਜਿੱਥੇ ਸੋਭਾ ਵਡਿਆਈ ਹੁੰਦੀ ਓੱਥੇ ਉਹ ਅੰਦਰੋਂ ਤੇ ਬਾਹਰੋਂ ਸੱਚ ਦੇ ਧਾਰਨੀ
ਹੋ ਜਾਂਦੇ ਹਨ। ਏੱਥੇ ਇੱਕ ਸ਼ਰਤ ਹੈ ਕਿ ਗੁਰੂ ਰੂਪੀ ਸਾਧ ਦੀ ਸੰਗਤ ਕੀਤੀ ਜਾਏ।
ਗੁਰਬਾਣੀ ਦਾ ਪ੍ਰਤੱਖ ਵਾਕ ਹੈ ਇਹ ਮਨ ਰੱਬੀ ਗੁਣਾਂ ਨਾਲ ਹੀ ਮਉਲਦਾ ਹੈ—
ਮੇਰਾ
ਪ੍ਰਭੁ
ਮਉਲਿਆ
ਸਦ
ਬਸੰਤੁ।।
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ।।
ਬਸੰਤੁ ਮਹਲਾ ੩ ਪੰਨਾ ੧੧੭੩
ਅੱਖਰੀਂ ਅਰਥ--
ਹੇ
ਭਾਈ! ਸਦਾ-ਆਨੰਦ-ਸਰੂਪ ਮੇਰਾ ਪਰਮਾਤਮਾ (ਹਰ ਥਾਂ) ਆਪਣਾ ਪਰਕਾਸ਼ ਕਰ ਰਿਹਾ ਹੈ। ਉਸ ਪਰਮਾਤਮਾ ਦੇ
ਗੁਣ ਗਾ ਗਾ ਕੇ (ਮੇਰਾ) ਇਹ ਮਨ ਸਦਾ ਖਿੜਿਆ ਰਹਿੰਦਾ ਹੈ।
ਇਸ ਪਉੜੀ ਦੀ ਅਗਲੀ ਤੁਕ ਵਿੱਚ ਇੱਕ ਸਮੱਸਿਆ ਦੀ ਵਿਚਾਰ ਕੀਤੀ ਗਈ ਹੈ ਕਿ
ਜਿਹੜੇ ਲੋਕ ਕਿਸੇ ਨਿਯਮ ਦੇ ਤਹਿਤ ਨਹੀਂ ਚਲਦੇ ਉਹ ਹਮੇਸ਼ਾਂ ਬੇ-ਤਰਤੀਬੇ ਤੇ ਬੇ ਤਾਲ ਵਾਲੇ ਜੀਵਨ
ਵਿੱਚ ਹੀ ਜਿਉਂਦੇ ਹਨ। ਕੰਧ ਤੇ ਲਿਖਿਆ ਪੜ੍ਹਨ ਲਈ ਵੀ ਨਹੀਂ ਤਿਆਰ ਹੁੰਦੇ।
ਸਾਧ ਜਨਾ ਤੇ ਬਾਹਰੀ, ਸੇ ਰਹਨਿ ਇਕੇਲੜੀਆਹ।।
ਅੱਖਰੀਂ ਅਰਥ--
ਪਰ
ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ
(ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿੱਚ ਨਿਖਸਮਾ ਰਹਿੰਦਾ ਹੈ।
ਵਿਚਾਰ ਤੇ ਵਿਹਾਰਕ ਪੱਖ--
ਸਾਧ
ਜਨਾ ਤੇ ਬਾਹਰੀ ਦਾ ਭਾਵ ਅਰਥ ਗੁਰ-ਉਪਦੇਸ਼ ਤਥਾ ਰੱਬ ਜੀ ਦੇ ਸੱਚੇ ਨਿਯਮ ਤੋਂ ਬਾਹਰਾ ਹੋ ਕੇ ਚੱਲਣਾ
ਤੇ ਆਪਣੀ ਮਨ ਮਰਜ਼ੀ ਕਰਨ ਵਿੱਚ ਆਉਂਦਾ ਹੈ। ਅਜੇਹਾ ਪਾਤਰ ਸਮਾਜਿਕ ਹਕੀਕਤਾਂ ਤੋਂ ਅਲੱਗ ਹੋ ਕੇ ਰਹਿ
ਜਾਂਦਾ ਹੈ। ਭਾਈਚਾਰਕ ਸਾਂਝਾਂ ਤੋਂ ਦੂਰ ਚਲਾ ਜਾਂਦਾ ਹੈ। ਗੁਰੂ ਸਾਨੂੰ ਨਿਯਮਾਵਲੀ ਸਿਖਾਉਂਦਾ ਹੈ
ਪਰ ਆਪਣੀ ਮਰਜ਼ੀ ਨਾਲ ਚਲਣ ਵਾਲਾ ਹਮੇਸ਼ਾਂ ਮੁਸੀਬਤਾਂ ਨੂੰ ਸਦਾ ਪੱਤਰ ਦੇਂਦਾ ਹੈ। ਆਪਣਿਆਂ ਦੁਖਾਂ
ਦਿਆਂ ਮੂਲ ਕਾਰਨਾਂ ਨੂੰ ਸਮਝਦਾ ਨਹੀਂ ਹੈ ਇਸ ਲਈ ਵਿਕਾਰਾਂ ਰੂਪੀ ਜਮਾਂ ਦੇ ਵੱਸ ਵਿੱਚ ਪੈ ਜਾਂਦਾ
ਹੈ—
ਤਿਨੑ ਦੁਖੁ ਨ ਕਬਹੂ ਉਤਰੈ, ਸੇ ਜਮ ਕੈ ਵਸਿ ਪੜੀਆਹ।।
ਅੱਖਰੀਂ ਅਰਥ--
ਇਕੱਲੀ
ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ
ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
ਵਿਚਾਰ ਤੇ ਵਿਹਾਰਕ ਪੱਖ--ਕੀ ਦੁੱਧ ਵਿੱਚ ਮਿਲਾਵਟ ਕਰਨ ਵਾਲਾ ਆਪਣੀ ਮਰਜ਼ੀ
ਨਹੀਂ ਕਰ ਰਿਹਾ? ਮਿਲਾਵਟ ਤਾਂ ਜ਼ਰੂਰ ਕਰ ਰਿਹਾ ਹੈ ਪਰ ਉਸ ਦੇ ਮਨ `ਤੇ ਹਮੇਸ਼ਾਂ ਖੌਫ ਵੀ ਬਣਿਆ
ਰਹਿੰਦਾ ਹੈ ਕਿ ਮੈਂ ਫੜਿਆ ਨਾ ਜਾਂਵਾਂ। ਚਲੋ ਮੰਨ ਲਓ ਜੇ ਉਹ ਦੁੱਧ ਵਿੱਚ ਮਿਲਾਵਟ ਕਰਦਾ ਫੜਿਆ
ਜਾਂਦਾ ਹੈ। ਮਿਲਾਵਟ ਕਰਨ ਵਾਲੇ ਦੀ ਪਹੁੰਚ ਦੂਰ ਤਕ ਚਲਦੀ ਹੈ ਤੇ ਪੈਸਿਆਂ ਦਾ ਜੁਗਾੜ ਕਰਕੇ ਕੇਸ
ਵਿਚੋਂ ਨਿਕਲ ਵੀ ਜਾਂਦਾ ਹੈ। ਕੀ ਅਜੇਹਾ ਵਿਆਕਤੀ ਸੁੱਖ ਦੀ ਨੀਂਦੇ ਸੌਂ ਸਕਦਾ ਹੈ? ਅਜੇਹੀ
ਬੇ-ਤਰਤੀਬੀ ਨਾਲ ਤਾਂ ਘਰ ਦਾ ਸਾਰਾ ਤਾਣਾ ਬਾਣਾ ਵਿਗੜ ਜਾਂਦਾ। ਭਾਈ ਚਾਰੇ ਵਿੱਚ ਹਮੇਸ਼ਾਂ ਸ਼ਰਮਸਾਰ
ਰਹਿੰਦਾ ਹੈ। ਮੇਰੇ ਇੱਕ ਜਾਣਕਾਰ ਠੇਕੇਦਾਰ ਦੀ ਕਹਾਣੀ ਹੈ। ਇੱਕ ਵੱਡਾ ਪੁਲੀਸ ਵਾਲਾ ਉਸ ਦਾ ਜਾਣਕਾਰ
ਸੀ ਹੇਰਾ ਫੇਰੀ ਨਾਲ ਰੇਤ ਦਾ ਦਿਨ ਦੀਵੀਂ ਧੰਧਾ ਕਰਦਾ ਸੀ। ਉਹ ਕਿਸੇ ਦੀ ਪ੍ਰਵਾਹ ਵੀ ਨਹੀਂ ਕਰਦਾ
ਸੀ। ਹੇਠਲੇ ਪੁਲੀਸ ਵਾਲੇ ਉਸ ਦੇ ਧੰਧੇ ਤੋਂ ਆਪਣਾ ਹਿੱਸਾ ਵੀ ਭਾਲਦੇ ਸਨ ਪਰ ਉਹ ਕਹਿੰਦਾ ਸੀ ਕਿ
ਮੇਰੀ ਵੱਡੇ ਅਫਸਰ ਨਾਲ ਜਾਰੀ ਹੈ। ਪੁਲੀਸ ਵਾਲਿਆਂ ਦੀ ਆਪਣੀ ਕਹਾਣੀ ਹੁੰਦੀ ਹੈ। ਵੱਡੇ ਸਾਹਿਬ ਨਾਲ
ਗੱਲ ਕਰਕੇ ਪੁਲੀਸ ਵਾਲਿਆਂ ਨੇ ਚੁਰਾਹੇ ਵਿੱਚ ਉਹਦੀ ਗਿੱਦੜ ਕੁੱਟ ਕਰ ਦਿੱਤੀ। ਅਗਲਿਆਂ ਨੇ
ਪੰਦਰ੍ਹਾਂ ਦਿਨ ਜਮਾਨਤ ਨਹੀਂ ਹੋਣ ਦਿੱਤੀ। ਉਹਦਾ ਨਵਾਂ ਟ੍ਰੈਕਟਰ ਥਾਣੇ ਵਿੱਚ ਆਪਣੀ ਹੱਡ ਬੀਤੀ ਆਪ
ਹੀ ਦਸ ਰਿਹਾ ਸੀ। ਥਾਣੇ ਵਿੱਚ ਜਦੋਂ ਉਹਦੇ ਦੋਸਤ ਉਸ ਨੂੰ ਮਿਲਣ ਲਈ ਗਏ ਤਾਂ ਉਹ ਕੰਧ ਵਿੱਚ ਸਿਰ
ਮਾਰ ਮਾਰ ਲੂਹ ਕੱਢੀ ਜਾ ਰਿਹਾ ਸੀ। ਇੱਕ ਸਮਾਂ ਅਜੇਹਾ ਵੀ ਆਇਆ ਸੀ ਉਸ ਦੇ ਨੇੜੇ ਦੇ ਦੋਸਤ ਉਸ ਨੂੰ
ਬਹੁਤ ਸਮਝਾਉਂਦੇ ਸਨ ਕਿ ਮਿੱਤਰਾ ਪੁੱਠੇ ਕੰਮਾਂ ਵਿੱਚ ਕੱਖ ਨਹੀਂ ਰੱਖਿਆ ਸੰਭਲ ਕੇ ਰੋਟੀ ਖਾ ਪਰ ਉਸ
ਦੇ ਮਨ ਵੱਖਰਾ ਹੀ ਭੂਤ ਸਵਾਰ ਸੀ। ਬਣ ਗਿਆ ਕੇਸ ਹੁਣ ਤਰੀਕਾਂ ਭੁਗਤਿਆ ਕਰੇਗਾ। ਹੁਣ ਉਸ ਦੇ ਰੋਣ ਦਾ
ਕਿਸੇ ਨੂੰ ਕੋਈ ਦਰਦ ਨਹੀਂ ਸੀ। ਨਿਯਮ ਤੋਂ ਬਾਹਰ ਹੋਇਆ ਮੁਸੀਬਤਾਂ ਦੇ ਪਹਾੜ ਸਾਹਮਣੇ ਖੜਾ ਹੋ ਗਿਆ।
ਇਹ ਮੁਸੀਬਤ ਹੀ ਉਸ ਲਈ ਜਮ ਹਨ—
ਤਿਨੑ ਦੁਖੁ ਨ ਕਬਹੂ ਉਤਰੈ, ਸੇ ਜਮ ਕੈ ਵਸਿ ਪੜੀਆਹ।।
ਹੁਣ ਇਹ ਬੰਦਾ ਵੀ ਰੋਜ਼ ਗੁਰਦੁਆਰੇ ਜਾਂਦਾ ਹੈ ਸੰਗਰਾਂਦ ਨੂੰ ਚੜ੍ਹਾਵਾ ਵੀ
ਚੜਾਉਂਦਾ ਨਜ਼ਰ ਆਉਂਦਾ ਹੈ, ਗੁਰੂ ਦੇ ਪਾਸ ਵੀ ਬੈਠਦਾ ਹੈ ਪਰ ਇਕੋ ਨੁਕਸ ਹੈ ਕਿ ਆਪਣੇ ਗੁਰੂ ਦਾ
ਦਰਸਾਇਆ ਹੋਇਆ ਨਿਯਮ ਮੰਨਣ ਲਈ ਤਿਆਰ ਨਹੀਂ ਹੈ। ਵਿਹਾਰਕ ਜੀਵਨ ਨਹੀਂ ਬਣ ਸਕਿਆ। ਪਉੜੀ ਦੀ ਅਗਲ਼ੀ
ਤੁਕ ਵਿੱਚ ਮੁਸੀਬਤਾਂ ਦਾ ਸਮਾਧਾਨ ਵੀ ਦੱਸਿਆ ਹੈ—
ਜਿਨੀ ਰਾਵਿਆ ਪ੍ਰਭੂ ਆਪਣਾ, ਸੇ ਦਿਸਨਿ ਨਿਤ ਖੜੀਆਹ।।
ਅੱਖਰੀਂ ਅਰਥ--
ਜਿਨ੍ਹਾਂ
ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ
ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ।
ਵਿਚਾਰ ਤੇ ਵਿਹਾਰਕ ਪੱਖ-- ਸੁਚੇਤ ਜੀਵ ਰੂਪੀ ਇਸਤ੍ਰੀਆਂ ਨੇ ਆਪਣਾ
ਪ੍ਰਭੂ ਅਰਾਧਿਆ ਹੈ ਉਹ ਹਰ ਵੇਲੇ ਸਾਵਧਾਨ ਰਹਿੰਦੀਆਂ ਹਨ। ਹਰ ਵੇਲੇ ਪ੍ਰਭੂ ਨੂੰ ਅਰਾਧਣ ਤੋਂ ਮੁਰਾਦ
ਆਪਣੇ ਕੰਮ ਪ੍ਰਤੀ ਸੁਚੇਤ ਹੋਣਾ ਹੈ। ਮੰਨ ਲਓ ਮੁੱਖ ਅਧਿਆਪਕ ਕਹਿੰਦਾ ਹੈ ਕਿ ਸਾਰੇ ਸਕੂਲ ਨੂੰ ਇੱਕ
ਤਰਤੀਬ ਨਾਲ ਬੈਠਾਓ ਇਹਨਾਂ ਨੂੰ ਬਾਹਰੋਂ ਆਏ ਪਤਵੰਤੇ ਸੱਜਣ ਨੇ ਲੈਕਚਰ ਦੇਣਾ ਹੈ। ਅੱਗੋਂ ਅਧਿਆਪਕ
ਮੁੱਖ ਅਧਿਆਪਕ ਦੀ ਗੱਲ ਮੰਨਣ ਦੀ ਥਾਂ `ਤੇ ਆਪਣੇ ਕਮਰੇ ਵਿੱਚ ਜਾ ਕੇ ਅਖ਼ਬਾਰ ਪੜ੍ਹਨ ਲੱਗ ਜਾਏ ਕੀ
ਏਦਾਂ ਦਾ ਅਧਿਆਪਕ ਬੱਚਿਆਂ ਨੂੰ ਕੋਈ ਸਬਕ ਯਾਦ ਕਰਾ ਸਕਦਾ ਹੈ? “ਜਿਨੀ ਰਾਵਿਆ ਪ੍ਰਭੂ ਆਪਣਾ” ਤੋਂ
ਮੁਰਾਦ ਹੈ ਸਖਤ ਮੇਹਨਤ ਕਰਕੇ ਗੁਣ ਹਾਸਲ ਕਰਨੇ ਤੇ “ਦਿਸਨਿ ਨਿਤ ਖੜੀਅਹ” ਅਜੇਹੇ ਰੱਬੀ ਗੁਣਾਂ ਦਾ
ਸਭਾਅ ਵਿਚੋਂ ਪ੍ਰਗਟਾਅ ਕਰਨਾ ਭਾਵ ਆਪਣੇ ਹੁਨਰ ਦੀ ਵਰਤੋਂ ਕਰਨੀ ਹੈ। ਹੁਨਰ ਦੀ ਵਰਤੋਂ ਸੰਸਾਰ ਨੂੰ
ਦਿਸਦੀ ਹੈ। ਸੰਸਾਰ ਪੱਧਰ `ਤੇ ਜਦੋਂ ਫੁੱਟਬਾਲ ਦੇ ਮੈਚ ਹੁੰਦੇ ਹਨ ਤਾਂ ਦੇਖਿਆ ਗਿਆ ਹੈ ਕਿ ਜਿਹੜੇ
ਖਿਡਾਰੀਆਂ ਨੇ ਦਿਨ ਰਾਤ ਕਰਕੇ ਮਿਹਨਤਾਂ ਕੀਤੀਆਂ ਹਨ ਲੋਕ ਉਹਨਾਂ ਨੂੰ ਦੀ ਖੇਡ ਦੇਖਣ ਲਈ ਮਹਿੰਗੇ
ਭਾਅ ਦੀਆਂ ਟਿਕਟਾਂ ਲੈ ਕੇ ਆਉਂਦੇ ਹਨ। ਬਰਾਜ਼ੀਲ ਦੇ ਇੱਕ ਖਿਡਾਰੀ ਨੂੰ ਸੱਟ ਲੱਗ ਗਈ ਸਾਰਾ ਮੁਲਕ ਹੀ
ਉਦਾਸੀ ਦੇ ਆਲਮ ਵਿੱਚ ਚਲਾ ਗਿਆ। ਕਿਉਂ ਕਿ ਉਹਦੇ ਮੁਲਕ ਦੇ ਆਪਣੇ ਖਿਡਾਰੀ ਦੀ ਖੇਡ ਨੂੰ ਦੇਖਣਾ
ਚਹੁੰਦੇ ਸਨ। ਸਹੀ ਅਰਥਾਂ ਵਿੱਚ ਜਿਸ ਨੇ ਆਪਣੇ ਕੰਮ ਨੂੰ ਸੰਜਦੀਗੀ ਨਾਲ ਲਿਆ ਹੈ, ਹੁਨਰ ਸਿੱਖਿਆ ਹੈ
ਕਲਾਤਮਿਕ ਖੇਡ ਓਸੇ ਦੀ ਹੀ ਹੁੰਦੀ ਹੈ। ਖੇਡ ਦੇ ਮੈਦਾਨ ਵਿੱਚ ਉਹ ਹੀ ਪ੍ਰਗਟ ਹੁੰਦਾ ਹੈ ਜਿਸ ਨੇ
ਪਸੀਨਾ ਵਹਾ ਕੇ ਸਖਤ ਮਿਹਨਤ ਕੀਤੀ ਹੋਵੇ। ਧਰਮ ਦੀ ਦੁਨੀਆਂ ਵਿੱਚ ਇੱਕ ਹੀ ਗੱਲ ਕਹੀ ਜਾਂਦੀ ਹੈ ਕਿ
ਹਰ ਵੇਲੇ ਉਸ ਦੀ ਅਰਾਧਣਾ ਕਰਨੀ ਚਾਹੀਦੀ ਹੈ। ਹਰ ਵੇਲੇ ਅਰਾਧਣਾ ਦੇ ਭਾਵ ਅਰਥ ਨੂੰ ਲਿਆ ਜਾਏ ਤਾਂ
ਇਹੋ ਹੀ ਗੱਲ ਸਮਝ ਵਿੱਚ ਆਉਂਦੀ ਹੈ ਕਿ ਆਪਣਾ ਵਿਹਾਰਕ ਪੱਖ ਸਹੀ ਕੀਤਾ ਜਾਏ। ਸੰਸਾਰ ਪੱਧਰ ਦਾ
ਖਿਡਾਰੀ ਬਣਨ ਲਈ ਕਿਸ ਤਰ੍ਹਾਂ ਇਹਨਾਂ ਖੇਡਾਰੀਆਂ ਨੇ ਦਿਨ ਰਾਤ ਇੱਕ ਕਰਕੇ ਸਖਤ ਤੋਂ ਸਖਤ ਮੇਹਨਤ
ਕੀਤੀ। ਅਜੇਹਾ ਖਿਡਾਰੀ ਹੀ ਖੇਡ ਦੇ ਮੈਦਾਨ ਵਿੱਚ ਲੋਕਾਂ ਨੂੰ ਦਿਸਦਾ ਹੈ। ਹੁਣ ਪੰਜਾਬ ਦਾ ਸਾਧ ਜੇ
ਭੋਰੇ ਵਿੱਚ ਵੜ ਕੇ ਕੇਵਲ ਨਾਮ ਹੀ ਜਪਦਾ ਰਹੇ ਤਾਂ ਕੀ ਲੋਕਾਂ ਨੂੰ ਉਸ ਦਾ ਫਾਇਦਾ ਹੋ ਸਕਦਾ ਹੈ? ਇਸ
ਤੁਕ ਵਿੱਚ ਇੱਕ ਸਿਧਾਂਤਿਕ ਪੱਖ ਰੱਖਿਆ ਗਿਆ ਹੈ ਕਿ ਜਿਸ ਨੇ ਪ੍ਰਭੂ ਨੂੰ ਅਰਾਧਿਆ ਹੈ ਭਾਵ ਜੀਵਨ
ਵਿੱਚ ਉੱਚੇ ਸੁੱਚੇ ਅਦਰਸ਼ ਦਾ ਕੋਈ ਨਿਸ਼ਾਨਾ ਮਿੱਥਿਆ ਹੈ ਤੇ ਉਸ ਨਿਸ਼ਾਨੇ ਲਈ ਪ੍ਰਾਪਤੀ ਲਈ ਜਾਨ ਮਾਰ
ਕੇ ਮਿਹਨਤ ਕਰਦਾ ਹੈ ਉਹ ਹੀ ਲੋਕਾਂ ਨੂੰ ਦਿਖਾਈ ਦੇਵੇਗਾ। ਵਰਨਾ ਦੁਨੀਆਂ ਵਿੱਚ ਬੇਥੇਰੇ ਕਿੱਕਾਂ
ਮਾਰੀ ਜਾਂਦੇ ਹਨ।
ਇਸ ਪਉੜੀ ਦੀ ਅਗਲੀ ਤੁਕ ਵਿੱਚ ਇੱਕ ਹੋਰ ਪੁੱਖਤਾ ਵਿਹਾਰਕ ਪੱਖ ਰੱਖਿਆ ਗਿਆ
ਹੈ ਕਿ ਹਿਰਦੇ ਵਿੱਚ ਰਤਨ ਜਵੇਹਰ ਲਾਲ ਆਦਿਕ ਜੜੇ ਜਾਂਦੇ ਹਨ ਹੁਣ ਰਤਨ ਜਵੇਹਰ ਜਾਂ ਲਾਲ ਸਰੀਰਕ ਤਲ਼
`ਤੇ ਗਲ਼ੇ ਵਿੱਚ ਕਦੇ ਵੀ ਨਹੀਂ ਜੜੇ ਜਾ ਸਕਦੇ ਇਸ ਦਾ ਅਰਥ ਹੈ ਮਤ ਕੀਮਤੀ ਹੋ ਜਾਂਦੀ ਹੈ—
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾੑ ਜੜੀਆਹ।।
ਅੱਖਰੀਨ ਅਰਥ--
ਪਰਮਾਤਮਾ
ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿੱਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ
ਗਲ ਵਿੱਚ ਪਾਇਆ ਹੁੰਦਾ ਹੈ।
ਵਿਚਾਰ ਤੇ ਵਿਹਾਰਕ ਪੱਖ--
ਆਤਮਿਕ
ਤਲ਼ `ਤੇ ਸੋਝੀ ਆ ਜਾਂਦੀ ਹੈ। ਸਾਡੇ ਸਮਾਜ ਵਿੱਚ ਆਪੋ ਆਪਣੀ ਵਿਤ ਅਨੁਸਾਰ ਬੰਦਾ ਪੈਸੇ ਧੇਲੇ ਦਾ
ਪ੍ਰਗਟਾਅ ਕਰਦਾ ਰਹਿੰਦਾ ਹੈ। ਕਈ ਲੋਕ ਮੁੰਦਰੀਆਂ ਜਾਂ ਉਹਨਾਂ ਵਿੱਚ ਨਗ, ਹੀਰੇ ਇਤ ਆਦਿਕ ਪਾ ਕੇ
ਲੋਕਾਂ ਸਾਹਮਣੇ ਆਪਣੀ ਅਮੀਰੀ ਦਾ ਵਿਖਾਵਾ ਕਰਦੇ ਹਨ। ਲੋਕ ਹੀਰਿਆਂ ਵਾਲੀਆਂ ਮੁੰਦਰੀਆਂ ਜਾਂ ਗਹਿਣਾ
ਗੱਟਾ ਦੇਖ ਅੰਦਾਜ਼ਾ ਲਗਾਉਂਦੇ ਹਨ ਕਿ ਹੋ ਸਕਦਾ ਹੈ ਇਹ ਬੰਦਾ ਬੜਾ ਅਮੀਰ ਹੋਵੇਗਾ। ਉਂਜ ਹੱਥਾਂ ਵਿੱਚ
ਜ਼ਿਆਦਾ ਮੁੰਦਰੀਆਂ ਪਉਣ ਵਾਲੇ ਨੂੰ ਪੰਜਾਬੀ ਵਿੱਚ ਫੁਕਰਾ ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ ਅੰਦਰਲੇ
ਦੈਵੀ ਗੁਣ ਸਾਡੇ ਵਿਹਾਰ ਰਾਂਹੀ ਪਰਗਟ ਹੋਣੇ ਹਨ। ਹੁਣ ਉਪਰਲੀ ਤੁਕ ਵਿੱਚ ਜਿੰਨ੍ਹਾਂ ਨੇ ਆਪਣਾ
ਪ੍ਰਭੂ ਆਰਧਿਆ ਹੈ ਸਖਤ ਮੇਹਨਤ ਕਰਕੇ ਨਿਸ਼ਾਨੇ ਦੀ ਪ੍ਰਾਪਤੀ ਕੀਤੀ ਹੈ ਉਹ ਹੀ ਸੰਸਾਰ ਵਿੱਚ ਪ੍ਰਗਟ
ਹੁੰਦੇ ਹਨ। ਇਸ ਪਉੜੀ ਦੀ ਅਠਵੀਂ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--
ਨਾਨਕੁ ਬਾਂਛੈ ਧੂੜਿ ਤਿਨੑ, ਪ੍ਰਭ ਸਰਣੀ ਦਰਿ ਪੜੀਆਹ।।
ਅੱਖਰੀਂ ਅਰਥ--
ਨਾਨਕ
ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ
ਦੀ ਸਰਨ ਵਿੱਚ ਰਹਿੰਦੇ ਹਨ।
ਵਿਚਾਰ ਤੇ ਵਿਹਾਰਕ ਪੱਖ--
ਤੁਕ
ਵਿੱਚ ਧੂੜੀ ਦੀ ਚਾਹਨਾ ਕੀਤੀ ਗਈ ਹੈ। ਉਹਨਾਂ ਸਤ ਸੰਗੀਆਂ ਦੀ ਧੂੜ ਦੀ ਮੰਗ ਕੀਤੀ ਗਈ ਹੈ ਜਿਹੜੇ ਹਰ
ਵੇਲੇ ਰੱਬੀ ਗੁਣਾਂ ਦੀ ਸਰਣ ਵਿੱਚ ਰਹਿੰਦੇ ਹਨ। ਏੱਥੇ ਆਣ ਕੇ ਹੀ ਬਹੁਤੇ ਮੁਗਾਲਤੇ ਖੜੇ ਹੁੰਦੇ ਹਨ।
ਆਮ ਇਹ ਹੀ ਸਮਝਿਆ ਗਿਆ ਹੈ ਕਿ ਕੋਈ ਖਾਸ ਕਿਸਮ ਦਾ ਚੋਲਾ ਪਹਿਨਿਆ ਹੋਏਗਾ ਅਜੇਹਾ ਬਾਬਾ ਰੱਬ ਜੀ ਦੇ
ਬਹੁਤ ਨੇੜੇ ਹੋਏਗਾ। ਅਜੇਹੇ ਬਾਬੇ ਦੀ ਚਰਨ-ਧੂੜ ਆਪਣੇ ਮੱਥੇ `ਤੇ ਲਗਾਉਣ ਨਾਲ ਸਾਰਾ ਕੁੱਝ ਮਿਲ
ਜਾਂਦਾ ਹੈ। ਗੁਰਬਾਣੀ ਵਿੱਚ ਇੱਕ ਪ੍ਰਮਾਣ ਦਾ ਹੋਰ ਵੀ ਆਉਂਦਾ ਹੈ ਕਿ ਜਿਹੜੇ ਸਤ-ਸੰਗੀ ਜਨ ਗੁਰੂ ਦੀ
ਸਰਣੀ ਪੈਂਦੇ ਹਨ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਘੋਲ਼ ਘੋਲ਼ ਕੇ ਪੀਂਦਾ ਹਾਂ---
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ।।
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ।। ੧੨।।
ਤਿਲੰਗ ਮਹਲਾ ੧ ਪੰਨਾ ੭੨੬---
ਅੱਖਰੀਂ ਅਰਥ---
ਹੇ
ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ
ਬਖ਼ਸ਼। ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ।
ਬਰੀਕ ਮਿੱਟੀ ਜੋ ਪੈਰਾਂ ਨਾਲ ਆਈ ਹੋਵੇ ਉਸ ਨੂੰ ਧੂੜ ਕਿਹਾ ਗਿਆ ਹੈ। ਕੀ
ਏਦਾਂ ਦੀ ਧੂੜ ਘੋਲ਼ ਕੇ ਪੀਤੀ ਜਾ ਸਕਦੀ ਹੈ? ਫਿਰ ਧੂੜ ਦੇ ਭਾਵ ਅ੍ਰਥ ਹੀ ਲਵਾਂਗੇ--
ਧੂੜ ਦੇ ਭਾਵ ਅਰਥ ਹਨ ਗੁਰੂ ਦੇ ਗੁਣ ਤੇ ਇਹਨਾਂ ਗੁਣਾਂ ਦਾ ਇਸ਼ਨਾਨ ਹੀ ਕਰਦੇ
ਰਹਿਣਾ ਹੈ—
ਗੁਰ ਕੇ ਚਰਣ ਵਿਟਹੁ ਬਲਿ ਜਾਉ।। ਗੁਰ ਕੇ ਗੁਣ ਅਨਦਿਨੁ ਨਿਤ ਗਾਉ।।
ਗੁਰ ਕੀ ਧੂੜਿ ਕਰਉ ਇਸਨਾਨੁ।। ਸਾਚੀ ਦਰਗਹ ਪਾਈਐ ਮਾਨੁ।।
ਰਾਗ ਮਲਾਰ ਮਹਲਾ ੫ ਪੰਨਾ ੧੨੭੦
ਅਖਰੀਂ ਅਰਥ—
ਹੇ
ਭਾਈ! ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ
ਹਾਂ, ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਹਾਂ। ਹੇ ਭਾਈ! (ਗੁਰੂ ਦੀ ਮਿਹਰ ਨਾਲ ਹੀ)
ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿੱਚ ਆਦਰ ਹਾਸਲ ਕਰੀਦਾ ਹੈ।
ਨਾਨਕੁ ਬਾਂਛੈ ਧੂੜਿ ਤਿਨੑ, ਪ੍ਰਭ ਸਰਣੀ ਦਰਿ ਪੜੀਆਹ।।
ਧੂੜੀ ਦਾ ਭਾਵ ਅਰਥ ਵਿਹਾਰਕ ਪੱਖ ਤੋਂ ਸਮਝਣ ਦਾ ਯਤਨ ਕੀਤਾ ਜਾਏਗਾ। ਧਰਮ ਦੀ
ਦੁਨੀਆਂ ਵਿੱਚ ਇਹ ਹੀ ਸਮਝਿਆ ਗਿਆ ਹੈ ਕਿ ਜੇ ਅਸੀਂ ਕਿਤੇ ਧਾਰਮਿਕ ਅਸਥਾਨ `ਤੇ ਜਾਂਦੇ ਹਾਂ ਜਾਂ
ਆਪਣੇ ਘਰ ਕੋਈ ਸੰਗਤ ਇਕੱਠੀ ਕਰਨ ਦਾ ਯਤਨ ਕਰਦੇ ਹਾਂ ਜਿਹੜੇ ਸਤ ਸੰਗੀ ਆਏ ਹਨ ਉਹਨਾਂ ਦੇ ਪੈਰਾਂ ਦੀ
ਖ਼ਾਕ ਨੂੰ ਇਕੱਠਿਆਂ ਕਰਕੇ ਉਹ ਮੱਥੇ `ਤੇ ਲਗਾਈ ਜਾਏ। ਕਈ ਅਜੇਹੀ ਚਰਨ ਧੂੜ ਨੂੰ ਪਾਣੀ ਘੋਲ਼ ਕੇ
ਇਸ਼ਨਾਨ ਵੀ ਕਰਦੇ ਦੇਖੇ ਗਏ ਹਨ ਇਹ ਇੱਕ ਬਹੁਤ ਵੱਡੀ ਮਨਮਤ ਹੈ। ਆਸਾ ਕੀ ਵਾਰ ਵਿੱਚ ਇਸ ਖ਼ਿਆਲ ਨੂੰ
ਬੜਾ ਖੂਬਸੂਰਤ ਕਰਕੇ ਪੇਸ਼ ਕੀਤਾ ਹੈ—
ਪਗ ਉਪੇਤਾਣਾ।। ਅਪਣਾ ਕੀਆ ਕਮਾਣਾ।।
ਅਲੁ ਮਲੁ ਖਾਈ ਸਿਰਿ ਛਾਈ ਪਾਈ।।
ਮੂਰਖਿ ਅੰਧੈ ਪਤਿ ਗਵਾਈ।। ਵਿਣੁ ਨਾਵੈ ਕਿਛੁ ਥਾਇ ਨ ਪਾਈ।।
ਪੰਨਾ ੪੬੭ ਆਸਾ ਕੀ ਵਾਰ
(
ਇਕ)
ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ
ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿੱਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ
ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ
ਹੈ।
ਇਸ ਦਾ ਵਿਹਾਰਕ ਪੱਖ ਸਮਝਣ ਦਾ ਯਤਨ ਕਰਾਂਗੇ। ਜਿਸ ਤਰ੍ਹਾਂ ਇੱਕ ਪਿੰਡ ਵਿੱਚ
ਭੈੜੀ ਸੰਗਤ ਕਰਕੇ ਨੌਜਵਾਨ ਗਭਰੂ ਨਸ਼ਿਆਂ ਦੀ ਮਾਰ ਵਿੱਚ ਆ ਗਿਆ ਹੁੰਦਾ ਹੈ ਤੇ ਘਰ ਵਾਲੇ ਵੀ ਨੌਜਵਾਨ
ਤੋਂ ਬਹੁਤ ਦੁਖੀ ਹਨ। ਇੱਕ ਦਿਨ ਓਸੇ ਪਿੰਡ ਦਾ ਹੀ ਨੌਜਵਾਨ ਮਿਸ਼ਨਰੀ ਕਾਲਜ ਤੋਂ ਪੜ੍ਹ ਕੇ ਆਪਣੇ
ਪਿੰਡ ਆਇਆ ਸੀ। ਮਿਸ਼ਨਰੀ ਵੀਰ ਨੇ ਆਪਣੇ ਨਗਰ ਦੇ ਗੁਰਦੁਆਰੇ ਵਿੱਚ ਸਵੇਰੇ ਸ਼ਬਦ ਦੀ ਵਿਚਾਰ ਕੀਤੀ।
ਅਚਾਨਕ ਨਸ਼ਿਆਂ ਦੀ ਮਾਰ ਹੇਠ ਆਏ ਨੌਜਵਾਨ ਦੇ ਕੰਨਾਂ ਵਿੱਚ ਸ਼ਬਦ ਦੀ ਵਿਚਾਰ ਦੇ ਅੰਮ੍ਰਿਤ ਮਈ ਬਚਨ ਪੈ
ਗਏ। ਉਸ ਨੂੰ ਆਪਣੇ ਕੀਮਤੀ ਜੀਵਨ ਤੇ ਨਸ਼ਿਆਂ ਦੇ ਮਾਰੂ ਨੁਕਸਾਨ ਦੀ ਸਮਝ ਆ ਗਈ। ਨਸ਼ਾ ਕਰਨ ਵਾਲੇ
ਨੌਜਵਾਨ ਨੂੰ ਖ਼ਿਆਲ ਆਇਆ ਕਿਉਂ ਨਾ ਮੈਂ ਵੀ ਇਸ ਵੀਰ ਵਰਗਾ ਆਪਣਾ ਜੀਵਨ ਬਣਾ ਲਵਾਂ। ਇਹ ਨੌਜਵਾਨ ਵੀਰ
ਆਪਣੇ ਪਿੰਡ ਦੇ ਕਥਾ ਕਰਨ ਵਾਲੇ ਵੀਰ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਭਰਾਵਾ ਮੈਂ ਬੁਰੀ ਸੰਗਤ ਵਿੱਚ
ਫਸ ਗਿਆ ਹਾਂ ਕ੍ਰਿਪਾ ਕਰਕੇ ਮੈਨੂੰ ਉਸ ਕਾਲਜ ਵਿੱਚ ਦਾਖਲਾ ਲੈ ਦੇ ਮੈਂ ਵੀ ਤੇਰੇ ਵਾਂਗ ਕਥਾ ਸਿੱਖ
ਕੇ ਨਸ਼ਿਆਂ ਵਿੱਚ ਫਸੇ ਹੋਏ ਵੀਰਾਂ ਨੂੰ ਗੁਰਮਤਿ ਦਾ ਰਾਹ ਦਿਖਾਉਣ ਦਾ ਯਤਨ ਕਰਾਂ। ਇੰਜ ਨਸ਼ਾ ਕਰਨ
ਵਾਲੇ ਵੀਰ ਨੇ ਸੂਝਵਾਨ ਵੀਰ ਦੀ ਸਹਾਇਤਾ ਨਾਲ ਕਾਲਜ ਵਿੱਚ ਦਾਖਲ ਲੈ ਕੇ ਆਪਣਾ ਜੀਵਨ ਬਦਲ ਲਿਆ। ਇੰਜ
ਕਿਹਾ ਜਾ ਸਕਦਾ ਹੈ ਕਿ—
ਨਾਨਕੁ ਬਾਂਛੈ ਧੂੜਿ ਤਿਨੑ, ਪ੍ਰਭ ਸਰਣੀ ਦਰਿ ਪੜੀਆਹ।।
ਕਿ ਜਿਹੜੇ ਅਸਲੀ ਰਾਹ `ਤੇ ਤੁਰ ਰਹੇ ਹਨ ਉਹਨਾਂ ਦੀ ਸਲਾਹ ਲੈਣ ਵਿੱਚ ਕੋਈ
ਹਰਜ ਨਹੀਂ ਹੈ। ਪਰ ਦੁਖਾਂਤ ਇਹ ਹੈ ਧਰਮ ਦੀ ਦੁਨੀਆਂ ਵਿੱਚ ਇਹ ਸਮਝਾਇਆ ਗਿਆ ਹੈ ਕਿ ਫਲਾਣੇ ਬਾਬਾ
ਜੀ ਨਾਮ ਬਹੁਤ ਜਪਦੇ ਹਨ ਇਸ ਲਈ ਉਹਨਾਂ ਦੀਆਂ ਹਾਜ਼ਰੀਆਂ ਭਰਨ ਨਾਲ ਸਾਨੂੰ ਸਵਰਗ ਵਿੱਚ ਥਾਂ ਮਿਲ
ਜਾਣੀ ਹੈ। ਨਾ ਮੁਮਕਨ ਗੱਲਾਂ `ਤੇ ਅਸੀਂ ਜ਼ੋਰ ਦੇਂਦੇ ਹਾਂ ਪਰ ਵਿਹਾਰਕ ਪੱਖ ਅਸੀਂ ਗਵਾ ਰਹੇ ਹੁੰਦੇ
ਹਾਂ। ਇਸ ਤੁਕ ਵਿੱਚ ਵਿਹਾਰਕ ਪੱਖ ਪ੍ਰਗਟ ਹੁੰਦਾ ਹੈ ਕਿ ਜਿਹੜਾਂ ਅਸੀਂ ਕੋਈ ਕੰਮ ਕਰਨਾ ਚਹੁੰਦੇ
ਹਾਂ ਉਸਦੀ ਸਮਝ ਜਾਂ ਸਲਾਹ ਤਜਰਬੇਕਾਰ ਵੀਰ ਪਾਸੋਂ ਲੈਣ ਵਿੱਚ ਕੋਈ ਹਰਜ ਨਹੀਂ ਹੈ। ਸਲਾਹ ਵੀ ਕਿਸੇ
ਉਸ ਵਿਆਕਤੀ ਪਾਸੋਂ ਲੈਣੀ ਚਾਹੀਦੀ ਹੈ ਜਿਸ ਨੂੰ ਆਪਣੇ ਵਿਸ਼ੇ ਦੀ ਸਮਝ ਹੋਵੇ। ਅਸੀਂ ਗਲਤ ਧਾਰਨਾ
ਅਪਨਾ ਕੇ ਚਲ ਰਹੇ ਹਾਂ। ਜਿਸ ਤਰ੍ਹਾਂ ਕਿਸੇ ਨੇ ਜ਼ਮੀਨ ਵਿੱਚ ਬੋਰ ਕਰਾਉਣਾ ਹੈ ਤਾਂ ਉਹ ਬਾਬਿਆਂ ਨੂੰ
ਪੁੱਛ ਰਿਹਾ ਹੈ ਕਿ ਬਾਬਾ ਜੀ ਅਸਾਂ ਬੋਰ ਕਰਾਉਣਾ ਹੈ ਦੱਸੋ ਪਾਣੀ ਕਿੱਥੇ ਜ਼ਿਆਦਾ ਹੈ। ਬਾਬੇ ਨੂੰ ਇਸ
ਕੰਮ ਦਾ ਕੋਈ ਗਿਆਨ ਨਹੀਂ ਹੈ ਇਹ ਕੰਮ ਤਾਂ ਖੇਤੀਬਾਵੀ ਮਹਿਕਮੇ ਵਾਲਿਆਂ ਦਾ ਹੈ। ਇਸ ਤੁਕ ਵਿੱਚ
ਵਿਸ਼ਾ ਮਾਹਰ ਬੰਦਿਆਂ ਦੀ ਸਲਾਹ ਲੈਣ ਦੀ ਗੱਲ ਪ੍ਰਗਟਾਈ ਗਈ ਹੈ ਨਾ ਕਿ ਕਿਸੇ ਮਿੱਟੀ ਘੱਟੇ ਵਿੱਚ ਕੋਈ
ਇਸ਼ਨਾਨ ਕਰਨਾ ਹੈ।
ਇਸ ਪਉੜੀ ਦੀ ਅਖੀਰਲੀ ਤੁਕ ਵਿਚ—
ਮੰਘਿਰਿ ਪ੍ਰਭੁ ਆਰਾਧਣਾ, ਬਹੁੜਿ ਨ ਜਨਮੜੀਆਹ।।
ਅੱਖਰੀਂ ਅਰਥ--
ਮੱਘਰ
ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ।
ਵਿਚਾਰ ਤੇ ਵਿਹਾਰਕ ਪੱਖ--ਭਾਵ ਮੱਘਰ ਦੇ ਮਹੀਨੇ ਵਿੱਚ ਰੱਬ ਜੀ ਦਾ ਨਾਮ
ਸਿਮਰਨ ਨਾਲ ਮੁੜ ਕੇ ਬੰਦਾ ਜਨਮ ਮਰਣ ਦੇ ਗੇੜ ਵਿੱਚ ਨਹੀਂ ਪੈਂਦਾ। ਉਪਰਲੀ ਤੁਕ ਵਿੱਚ ਸਮਝਣ ਦਾ ਯਤਨ
ਕੀਤਾ ਸੀ ਕਿ ਜਿਸ ਤਰ੍ਹਾਂ ਇੱਕ ਵੀਰ ਨੇ ਕਥਾ ਵਿਚਾਰ ਸਿੱਖੀ ਤੇ ਉਸ ਵਲ ਦੇਖ ਕੇ ਓਸੇ ਪਿੰਡ ਦਾ
ਦੂਜਾ ਬੱਚਾ ਜੋ ਭੈੜੀ ਸੰਗਤ ਵਿੱਚ ਪੈ ਗਿਆ ਸੀ ਉਸ ਨੇ ਵੀ ਆਪਣੇ ਜੀਵਨ ਵਿੱਚ ਬਦਲਾਅ ਲੈ ਆਂਦਾ। ਇਸ
ਦਾ ਭਾਵ ਅਰਥ ਸਮਝ ਵਿੱਚ ਆਉਂਦਾ ਹੈ ਕਿ ਜੇ ਬੰਦੇ ਨੂੰ ਇੱਕ ਵਾਰ ਨੁਕਸਾਨ ਵਾਲੀ ਬਿਰਤੀ ਦੀ ਸਮਝ ਆ
ਜਾਂਦੀ ਹੈ ਤਾਂ ਉਹ ਮੁੜ ਕੇ ਫਿਰ ਮਾੜੀ ਸੰਗਤ ਵਲ ਨਹੀਂ ਜਾਂਦਾ। ਅੱਖਰੀਂ ਅਰਥ ਤਾਂ ਏਹੀ ਬਣਦੇ ਹਨ
ਕਿ ਕੇਵਲ ਮੱਘਰ ਦੇ ਮਹੀਨੇ ਵਿੱਚ ਰੱਬ ਜੀ ਦਾ ਨਾਮ ਸਿਮਰਣ ਨਾਲ ਮੁੜ ਕੇ ਜਨਮ ਮਰਣ ਦੇ ਗੇੜ ਵਿੱਚ
ਨਹੀਂ ਪੈਂਦਾ। ਗੁਰਬਾਣੀ ਦਾ ਬਹੁਤ ਪਿਆਰਾ ਵਾਕ ਹੈ ਕਿ ਜੇ ਕਰ ਇੱਕ ਸਿੱਖਿਆ ਹੀ ਮੇਰੇ ਮਨ ਵਿੱਚ ਵੱਸ
ਜਾਂਦੀ ਹੈ ਭਾਵ ਸਮਝ ਆ ਜਾਂਦੀ ਹੈ ਉਹ ਮੁੜ ਕੇ ਤ੍ਰਿਸ਼ਨਾ ਵਾਲੇ ਜਨਮ ਵਿੱਚ ਨਹੀਂ ਜਾਂਦਾ। ਗੁਰ ਵਾਕ
ਹੈ---
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ।।
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ।। ੧।।
ਰਾਗ ਬਿਲਾਵਲ ਪੰਨਾ ੭੯੫
ਅੱਖਰੀਂ ਅਰਥ--
ਮੇਰਾ
ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ
ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ
ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ
ਇਸ਼ਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ (ਮੇਰੀ
ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿੱਚ ਨਹੀਂ
ਆਵਾਂਗਾ। ੧।
ਜਿਸ ਨੂੰ ਇੱਕ ਵਾਰੀ ਗਿਆਨ ਦੀ ਸਮਝ ਆ ਜਾਂਦੀ ਹੈ ਉਹ ਮੁੜ ਤ੍ਰਿਸ਼ਨਾ ਵਿੱਚ
ਜਨਮ ਨਹੀਂ ਲੈਂਦਾ ਗੁਰੂ ਨਾਨਕ ਸਾਹਿਬ ਜੀ ਦਾ ਮਿੱਠਾ ਵਾਕ ਹੈ---
ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ।।
ਸਿਰੀ ਰਾਗ ਮਹਲਾ ੧ ਪੰਨਾ ੨੧
ਗੁਰੂ ਮਿਸ਼ਨ ਜਾਂ ਸਿਧਾਂਤ ਦੀ ਸਮਝ ਵਾਲਾ ਮਨੁੱਖ ਮੁੜ ਭੈੜੇ ਰਸਤੇ `ਤੇ ਨਹੀਂ
ਤੁਰਦਾ--
ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ।।
ਪੰਨਾ ੭੮੦
ਮੰਘਿਰਿ ਪ੍ਰਭੁ ਆਰਾਧਣਾ, ਬਹੁੜਿ ਨ ਜਨਮੜੀਆਹ।।
ਅੱਖਰੀਂ ਅਰਥ--
ਮੱਘਰ
ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ।
ਤੱਤਸਾਰ--ਮੱਘਰ ਦੇ ਮਹੀਨੇ ਵਿਚੋਂ ਵਿਹਾਰਕ ਪੱਖ ਪ੍ਰਗਟ ਹੁੰਦਾ ਹੈ ਜੇ ਬੰਦੇ
ਨੂੰ ਸਮਝ ਆਉਂਦੀ ਤਾਂ ਉਹ ਮੁੜ ਨਿਸ਼ਾਨੇ ਤੋਂ ਨਹੀਂ ਥਿੜਕਦਾ। ਜਿਸ ਤਰ੍ਹਾਂ ਰੱਬੀ ਗੁਣਾਂ ਨੂੰ ਆਪਣੇ
ਸੁਭਾਅ ਵਿੱਚ ਲੈ ਕੇ ਆਉਣ ਨਾਲ ਜ਼ਿੰਦਗੀ ਵਿੱਚ ਚੱਜ ਅਚਾਰ ਆਉਂਦਾ ਹੈ ਕੁੱਝ ਏਸੇ ਤਰ੍ਹਾਂ ਹੀ ਸੰਸਾਰ
ਵਿੱਚ ਤਕਨੀਕ ਸਿੱਖਣ ਨਾਲ ਮਨੁੱਖ ਤਰੱਕੀ ਕਰਦਾ ਹੈ। ਜਿਹੜੀ ਬੱਚੀ ਪੜ੍ਹਾਈ ਦੇ ਨਾਲ ਰਸੋਈ ਦਾ ਕੰਮ
ਸਿੱਖਦੀ ਹੈ ਉਹ ਆਪਣੇ ਪ੍ਰਵਾਰ ਦੀ ਸਹੀ ਦਿਸ਼ਾ ਵਿੱਚ ਪ੍ਰਵੱਸ਼ ਕਰੇਗੀ। ਸਿੱਖੇ ਹੋਏ ਗੁਣ ਹੀ ਕੰਮ
ਆਉਂਦੇ ਹਨ।
ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ।।
ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ।।
ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ।।
ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ।। ੧੫।।
ਪੰਨਾ ੧੪੧੪