ਕਿਵ ਕੂੜੈ ਤੁਟੈ ਪਾਲਿ
(ਭਾਗ-1)
ਪੂਰਬੀ ਤੇ ਪੱਛਮੀ ਮਤ-ਮਤਾਂਤਰਾਂ
ਦੇ ਲਗਭਗ ਸਾਰੇ ਹੀ ਪਥ-ਪਰਦਰਸ਼ਕ ਆਗੂਆਂ ਨੇ ਅਧਿਆਤਮਿਕ ਸਾਧਨਾ ਦੇ ਪ੍ਰਸੰਗ ਵਿੱਚ ਮਨ ਦੀ ਵਿਸ਼ੇਸ਼
ਭੂਮਿਕਾ ਮੰਨੀ ਹੈ। ਕਿਉਂਕਿ, ਇਸ ਦਾ ਸਿੱਧਾ ਸਬੰਧ ਮਨ ਨਾਲ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ
ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਵੀ ਮੰਨਿਆ ਗਿਆ ਹੈ ਕਿ ਹਰੇਕ ਮਨੁੱਖ ਦਾ ਜਗਤ ਵਿੱਚ ਆਉਣ ਦਾ
ਅਸਲ ਕੰਮ ਮਨ ਨਾਲ ਹੈ ਅਤੇ ਉਹ ਕੰਮ ਹੈ ਮਨ ਨੂੰ ਕਾਬੂ ਵਿੱਚ ਰੱਖਣਾ। ਮਨ ਨੂੰ ਵੱਸ ਵਿੱਚ ਕੀਤਿਆਂ
ਹੀ ਮਨੁੱਖ ਨੂੰ ਅਸਲ ਮਨੋਰਥ ਦੀ ਕਾਮਯਾਬੀ ਹਾਸਲ ਹੁੰਦੀ ਹੈ। ਜ਼ਿੰਦਗੀ ਵਿੱਚ ਮਨ ਵਰਗਾ ਹੋਰ ਕੋਈ
ਨਹੀਂ ਮਿਲਦਾ, ਜਿਸ ਨਾਲ ਮਨੁੱਖ ਦਾ ਇਤਨਾ ਜ਼ਿਆਦਾ ਤੇ ਅਸਲ ਵਾਹ-ਵਾਸਤਾ ਪੈਂਦਾ ਹੋਵੇ। ਧੁਰ ਕੀ ਬਾਣੀ
ਦਾ ਫ਼ਰਮਾਨ ਹੈ:
ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ।।
ਮਨ ਹੀ ਮਨ ਸਿਉ, ਕਹੈ ਕਬੀਰਾ; ਮਨ ਸਾ ਮਿਲਿਆ ਨ ਕੋਇ।। ਅੰਗ ੩੪੨
ਗੁਰੂ ਨਾਨਕ ਸਾਹਿਬ ਜੀ ਨੇ ਜਪੁ-ਜੀ ਸਾਹਿਬ ਦੀ ਅਠਾਈਵੀਂ ਪਉੜੀ ਵਿੱਚ ‘ਮਨਿ ਜੀਤੈ, ਜਗੁ
ਜੀਤੁ” ਕਹਿ ਕੇ ਮਨ ਦੀਆਂ ਇਛਾਵਾਂ ਉਤੇ ਪ੍ਰਾਪਤ ਕੀਤੀ ਜਿੱਤ ਨੂੰ ਜਗਤ ਜਿੱਤਣ ਜਿਨ੍ਹਾਂ ਮਹੱਤਵ
ਦਿੱਤਾ ਹੈ। ਸਤਿਗੁਰੂ ਜੀ ਦਾ ਕਥਨ ਹੈ ਕਿ ਜੇਹੜਾ ਮਨੁੱਖ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ
ਅੰਦਰੋਂ ਹਉਮੈ ਨੂੰ ਮੁਕਾ ਲੈਂਦਾ ਹੈ, ਉਹ ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ ਪ੍ਰਭੂ ਦੀ ਯਾਦ
ਵਿੱਚ ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ। ਜਗਤ ਜੀਵਨ ਪ੍ਰਭੂ ਜਿਸ ਮਨੁੱਖ ਉਤੇ
ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ:
ਮਨ ਸਿਉ ਜੂਝਿ ਮਰੈ, ਪ੍ਰਭੁ ਪਾਏ; ਮਨਸਾ ਮਨਹਿ ਸਮਾਏ ॥
ਨਾਨਕ, ਕ੍ਰਿਪਾ ਕਰੇ ਜਗਜੀਵਨੁ, ਸਹਜ ਭਾਇ ਲਿਵ ਲਾਏ ॥ {ਪੰਨਾ ੩੫੩}
ਹਜ਼ੂਰ ਨੇ ਇਹ ਵੀ ਅਨੁਭਵ ਕੀਤਾ ਕਿ ਅਧਿਆਤਮਿਕ ਸਾਧਨਾ ਦੀ ਸਫਲਤਾ ਬਹੁਤ ਕਰਕੇ ਮਨ ਦੀ
ਨਿਰਮਲਤਾ, ਸਥਿਰਤਾ (ਟਿਕਾਉ) ਅਤੇ ਮਾਨਸਿਕ ਤ੍ਰਿਪਤੀ `ਤੇ ਨਿਰਭਰ ਕਰਦੀ ਹੈ। ਪਰ, ਧਾਰਮਿਕ ਜਗਤ
ਅੰਦਰ ਜੋ ਜੋ ਢੰਗ ਅਪਨਾਏ ਜਾ ਰਹੇ ਹਨ; ਉਨ੍ਹਾਂ ਦੁਆਰਾ ਮਨੁੱਖੀ ਮਨ ਦਾ ‘ਸਚਿਆਰ` ਹੋ ਸਕਣਾ ਅਸੰਭਵ
ਹੈ। ਕਿਉਂਕਿ, ‘ਕਿਵ, ਸਚਿਆਰਾ ਹੋਈਐ? ਕਿਵ, ਕੂੜੈ ਤੁਟੈ ਪਾਲਿ? ਦੇ ਸੁਆਲੀਏ ਗੁਰਵਾਕ ਤੋਂ ਸਪਸ਼ਟ ਹੈ
ਕਿ ਸਤਿਗੁਰਾਂ ਨੇ ਇਸ ਲਈ ਜਪੁ-ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਮਨ ਨੂੰ ‘ਸਚਿਆਰਾ` ਕਰਨ ਦਾ
ਤਰੀਕਾ ਦੱਸਣ ਤੋਂ ਪਹਿਲਾਂ ਉਹਨਾਂ ਸਾਰੇ ਪ੍ਰਚਲਿਤ ਧਾਰਮਿਕ ਤਰੀਕਿਆਂ ਦਾ ਜ਼ਿਕਰ ਕੀਤਾ ਹੈ, ਜੋ ਕਥਿਤ
ਅਧਿਆਤਮਕ ਉਚਿੱਤਾ ਅਤੇ ਪ੍ਰਲੋਕ ਵਿਖੇ ਨਰਕ (ਦੋਜ਼ਖ) ਦੇ ਡਰ ਅਤੇ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ
ਅਤੇ ਬੈਕੁੰਠ ਅਥਵਾ ਸਵਰਗ (ਬਹਿਸ਼ਤ) ਆਦਿਕ ਦੀ ਆਸ ਵਿੱਚ ਹੋਰ ਲੋਕ ਵਰਤ ਰਹੇ ਹਨ। ਜਿਵੇਂ, ਮੰਤਰਾਂ
ਦੇ ਜਾਪ ਸਹਿਤ ਤੀਰਥਾਂ ਦਾ ਇਸ਼ਨਾਨ, ਮੋਨੀ ਬਣ ਕੇ ਜੰਗਲਾਂ ਤੇ ਗੁਫਾਵਾਂ ਦੀ ਇਕਾਂਤ ਵਿੱਚ ਸਮਾਧੀ
ਲਾਉਣੀ, ਮਨ ਨੂੰ ਇੰਦਿਰਿਆਂ ਰਾਹੀਂ ਮਾਇਕ ਭੋਗਾਂ ਦੁਆਰਾ ਪਹਿਲਾਂ ਰਜਾਉਣਾ ਤੇ ਵੇਦਾਂਤ ਆਦਿਕ
ਸ਼ਾਸਤ੍ਰਾਂ ਦੀ ਫਿਲਾਸਫ਼ੀ ਘੋਟਣੀ ਆਦਿ।
ਗੁਰੂ ਸਾਹਿਬ ਸਮਝਦੇ ਸਨ ਕਿ ਅਜਿਹੀਆਂ ਆਸਾਂ ਉਮੀਦਾਂ ਰੱਖ ਕੇ ਕੀਤੇ ਕਰਮ ਧਰਮ-ਪੂਜਾ, ਪਾਠ, ਬੁੱਤ,
ਤੀਰਥ ਯਾਤ੍ਰਾ ਆਦਿਕ ਮਨੁੱਖ ਦੇ ਆਤਮਿਕ ਵਿਕਾਸ ਵਿੱਚ ਰਕਾਵਟ ਦਾ ਕਾਰਣ ਬਣਦੇ ਹਨ। ਕਿਉਂਕਿ, ਸਭ
ਹਉਮੈ ਵਧਾਉਂਦੇ ਹਨ। ਪਾਪ ਪੁੰਨ ਦੇ ਚੱਕਰ ਵਿੱਚ ਸੰਸਾਰ ਨਿਕੰਮਾ ਹੋ ਰਿਹਾ ਹੈ। ਮਾਇਕ ਮੋਹ ਦੇ ਕਾਰਣ
ਕੀਤੇ ਜਾ ਰਹੇ ਮਿਥੇ ਹੋਏ ਧਰਮ-ਕਰਮ ਸਭ ਵਿਅਰਥ ਹੀ ਜਾਂਦੇ ਹਨ:
ਆਸਾ ਮਨਸਾ ਬੰਧਨੀ, ਭਾਈ; ਕਰਮ ਧਰਮ ਬੰਧਕਾਰੀ।।
ਪਾਪਿ ਪੁੰਨਿ ਜਗੁ ਜਾਇਆ, ਭਾਈ; ਬਿਨਸੈ ਨਾਮੁ ਵਿਸਾਰੀ।।
ਇਹ ਮਾਇਆ ਜਗਿ ਮੋਹਣੀ, ਭਾਈ; ਕਰਮ ਸਭੇ ਵੇਕਾਰੀ।। {ਅੰ: ੬੩੫}
ਇਸ ਲਈ ਸਤਿਗੁਰੂ ਜੀ ਇਹਨਾਂ ਸਾਰਿਆਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਹੜਾ ਮਨੁੱਖ ਦੇ ਅਉਗਣਾਂ
(ਹਉਮੈ ਆਦਿਕ ਬੁਰਿਆਈਆਂ, ਵਿਕਾਰਾਂ, ਕਥਿਤ ਪਾਪਾਂ) ਨੂੰ ਦੂਰ ਕਰਕੇ ਉਸ ਅੰਦਰ ਰੱਬੀ-ਗੁਣ ਭਰਪੂਰ
ਕਰਦਾ ਹੋਇਆ ਆਚਰਣਿਕ ਤੌਰ `ਤੇ ਉਚੇਰਾ ਕਰਦਾ ਹੈ। ਤਾਂ ਜੋ, ਜਿਥੇ ਉਹ ਆਪ ਸਰਬਪੱਖੀ ਵਿਕਾਸ ਕਰਦਾ
ਹੋਇਆ ਮਾਨਸਿਕ ਕਲੇਸ਼ਾਂ (ਦੁੱਖਾਂ) ਤੇ ਲੋਭ, ਮੋਹ ਆਦਿਕ ਵਿਕਾਰਾਂ ਤੋਂ ਮੁਕਤ ਹੋ ਕੇ ਸੁਖੀ, ਸਫਲ ਤੇ
ਸੰਤੁਲਤ ਜੀਵਨ ਜੀਵੇ। ਉਥੇ, ਉਹ ਹੋਰਨਾਂ ਦੀ ਜ਼ਿੰਦਗੀ ਨੂੰ ਸਵਾਰਨ ਤੇ ਸਫਲ ਬਣਾਉਣ ਵਿੱਚ ਵੀ ਸਹਾਇਕ
ਹੋਵੇ। ਕਿਉਂਕਿ, ਸਤਿਗੁਰੂ ਜੀ ਮਹਾਰਾਜ ਦਾ ਮੁੱਖ ਮਨੋਰਥ ਧਰਤੀ ਨੂੰ ਧਰਮਸ਼ਾਲ ਬਣਾ ਕੇ, ਇੱਕ
ਗੁਣ-ਪੂਜਕ ਤੇ ਕਿਰਤੀ ਸਮਾਜ ਦੀ ਸਿਰਜਨਾ ਕਰਦਿਆਂ ਇਸ ਨੂੰ ਬੇਗ਼ਮਪੁਰੇ (ਸੱਚ ਖੰਡ) ਵਿੱਚ ਬਦਲਣਾ ਹੈ।
ਜਪੁ-ਜੀ ਸਾਹਿਬ ਦੇ ਸਾਰਭੂਤ ਅੰਤਲੇ ਸ਼ਲੋਕ ਦੀਆਂ ਅੰਤਲੀਆਂ ਪੰਕਤੀਆਂ “ਜਿਨੀ, ਨਾਮੁ ਧਿਆਇਆ; ਗਏ
ਮਸਕਤਿ ਘਾਲਿ।। ਨਾਨਕ, ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ।। {ਅੰ: ੮} ਅਸਲ ਵਿੱਚ ਸਾਨੂੰ ਇਹੀ ਰਮਜ਼
ਸਮਝਾ ਰਹੀਆਂ ਹਨ। ਕਿਉਂਕਿ, ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਸੱਚੇ-ਸੁੱਚੇ ਅਚਾਰ ਵਾਲਾ ਹੋ ਕੇ
ਜੀਊਣਾਂ ਹੀ ਅਧਿਆਤਮਕ ਜ਼ਿੰਦਗੀ ਦਾ ਸਿਖਰ ਹੈ। ਉਨ੍ਹਾਂ ਦਾ ਫ਼ਰਮਾਨ ਹੈ: ਸੱਚ ਤੋਂ ਸਭ ਕੁੱਝ ਨੀਵਾਂ
ਹੈ। ਪਰ, ਸੱਚ ਤੋਂ ਵੀ ਉੱਤੇ ਸੱਚ ਦੀ ਰਹਿਣੀ ਹੈ:
ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ।। {ਅੰ: ੬੨}
ਗੁਰੂ ਨਾਨਕ ਸਾਹਿਬ ਜੀ ਦਾ ਉਹ ਸਰਲ, ਸੁਖਾਲਾ, ਸਰਬਕਾਲੀ, ਸਰਬਦੇਸ਼ੀ, ਸਰਬਸਾਝਾਂ ਅਤੇ
ਸਾਰਿਆਂ ਦੇ ਅਪਨਾਉਣ ਯੋਗ, ਨਿਵੇਕਲਾ ਤੇ ਮੁੱਢਲਾ ਫ਼ਾਰਮੂਲਾ ਹੈ ‘ਹਕਮਿ ਰਜ਼ਾਈ` ਚੱਲਣਾ। ਭਾਵ,
ਅਕਾਲ-ਪੁਰਖ ਦੀ ਰਜ਼ਾ ਵਿੱਚ ਤੁਰਨਾ। ਹਕੀਕਤ ਵਿੱਚ ਇਹੀ ਹੈ ਗੁਰਸਿੱਖੀ ਦਾ ‘ਜਪੁ` ਅਥਵਾ ਨਾਮ-ਸਿਮਰਨ,
ਜਿਸ ਦੀ ਵਿਆਖਿਆ ਕਰ ਰਿਹਾ ਹੈ ਜਪੁ-ਜੀ ਸਮੇਤ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰਮਤਿ ਅਨੁਸਾਰ
‘ਨਾਮ ਜਪਣ`, ਨਾਮ-ਸਿਮਰਨ, ਨਾਮ-ਧਿਆਵਣ ਅਤੇ ਸਿਫ਼ਤ-ਸਾਲਾਹ ਕਰਨ ਦਾ ਸਹੀ ਅਰਥ ਹੈ: ਰੱਬੀ ਹੁਕਮ ਵਿੱਚ
ਜੀਵਨ ਗੁਜ਼ਾਰਨਾ। ਪਰ, ਇਸ ਕਥਨ ਦਾ ਇਹ ਮਤਲਬ ਨਹੀਂ ਕਿ ਸਤਿਗੁਰਾਂ ਨੇ ਜਿਹਬਾ ਦੁਆਰਾ ਕਿਸੇ ਰੱਬੀ
ਨਾਮ ਦਾ ਜਪ ਕਰਨ ਅਤੇ ਗੁਰਬਾਣੀ ਗਾਇਨ ਦੁਆਰਾ ਸਿਫ਼ਤ ਸਾਲਾਹ ਕਰਨ ਦੀ ਪ੍ਰਥਾ ਪੱਧਤੀ ਨੂੰ ਰੱਦ ਕਰ
ਦਿੱਤਾ ਹੈ।
ਗੁਰਵਾਕ ਹੈ:
ਸਿਫਤਿ ਸਾਲਾਹਣੁ, ਤੇਰਾ ਹੁਕਮੁ, ਰਜਾਈ! ।।
ਸੋ ਗਿਆਨੁ ਧਿਆਨੁ, ਜੋ ਤੁਧੁ ਭਾਈ।।
ਸੋਈ ਜਪੁ, ਜੋ ਪ੍ਰਭ ਜੀਉ ਭਾਵੈ; ਭਾਣੈ, ਪੂਰ ਗਿਆਨਾ ਜੀਉ।। {ਅੰਗ ੧੦੦}
ਅਰਥ:- ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ
ਸਿਫ਼ਤਿ-ਸਾਲਾਹ ਹੀ ਹੈ। ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ
ਇਹੀ ਅਸਲ ਸਮਾਧੀ ਹੈ।
(ਹੇ ਭਾਈ!) ਜੋ ਕੁੱਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ,
ਪਰਮਾਤਮਾ ਦੇ ਭਾਣੇ ਵਿੱਚ ਤੁਰਨਾ ਹੀ ਪੂਰਨ ਗਿਆਨ ਹੈ।
ਵੈਸੇ ਤਾਂ ਭਾਵੇਂ ਜਪੁ-ਜੀ ਸਾਹਿਬ ਦੀ ਹਰੇਕ ਪਉੜੀ ਨੂੰ ਵਿਚਾਰਨ ਲਈ ‘ਕਿਵ, ਸਚਿਆਰਾ ਹੋਈਐ? ਕਿਵ,
ਕੂੜੈ ਤੁਟੈ ਪਾਲਿ? ` ਦੇ ਤੁਕਾਂਸ਼ ਨੂੰ ਧਿਆਨ ਵਿੱਚ ਰਖਣਾ ਲਾਜ਼ਮੀ ਹੈ। ਕਿਉਂਕਿ, ਜਪੁ-ਜੀ ਸਾਹਿਬ
ਮੁੱਖ ਤੌਰ `ਤੇ ਇਸੇ ਮੂਲ-ਰੂਪ ਅਧਿਆਤਮਿਕ ਸਮਸਿਆ ਦਾ ਸਮਾਧਾਨ ਹੈ ਕਿ ਸਾਡੇ ਅੰਦਰਲਾ ਕੂੜ ਦਾ ਉਹ
ਪਰਦਾ ਕਿਵੇਂ ਟੁੱਟੇ, ਜਿਹੜਾ ਸਾਡੇ ਤੇ ਪਰਮਾਤਮਾ ਦੇ ਵਿਚਕਾਰ ਵਿੱਥ ਬਣੀ ਬੈਠਾ ਹੈ। ਅਸੀਂ ਸਚਿਆਰ
ਕਿਵੇਂ ਹੋਈਏ? ਸਤਿ-ਸਰੂਪ ਅਕਾਲ ਪੁਰਖ ਦਾ ਰੂਪ ਕਿਵੇਂ ਹੋਈਏ? ਭਾਵ, ਇਸ ਯੋਗ ਕਿਵੇਂ ਬਣੀਏ ਕਿ ਸਾਡੀ
ਕਰਣੀ ਦੁਆਰਾ ਸਤਿ-ਸਰੂਪ ਅਕਾਲ ਪੁਰਖ ਦੇ ਦੈਵੀ-ਗੁਣਾਂ ਦਾ ਪ੍ਰਕਾਸ਼ ਹੋਵੇ।
ਪ੍ਰੰਤੂ, ਪਹਿਲੀ ਪਉੜੀ ਦੇ ਠੀਕ ਅਰਥਾਂ ਨੂੰ ਸਮਝਣ ਲਈ ਹੋਰ ਵੀ ਜ਼ਰੂਰੀ ਹੈ ਕਿ ਪੰਜਵੀਂ ਤੁਕ ਨੂੰ
ਪਾਵਨ ਪਉੜੀ ਦੀ ਹਰੇਕ ਤੁਕ ਨਾਲ ਮਿਲਾ ਕੇ ਪੜ੍ਹਿਆ ਜਾਏ। ਕਿਉਂਕਿ, ਇਸ ਤਰ੍ਹਾਂ ਪਤਾ ਲੱਗ ਜਾਂਦਾ ਹੈ
ਕਿ ਇਸ ਤੋਂ ਪਹਿਲੀ ਹਰੇਕ ਤੁਕ ਵਿੱਚ ‘ਮਨ` ਦਾ ਹੀ ਜ਼ਿਕਰ ਹੈ। ਪਹਿਲੀ ਵਿੱਚ ‘ਮਨ ਦੀ ਸੁੱਚ`, ਦੂਜੀ
`ਚ ‘ਮਨ ਦੀ ਚੁੱਪ`, ਤੀਜੀ `ਚ `ਮਨ ਦੀ ਭੁੱਖ` ਅਤੇ ਚੌਥੀ ਵਿੱਚ ਹੈ ਉਕਤ ਕਿਸਮ ਦੀਆਂ ਸ਼ਾਸ਼ਤਰਾਂ
ਵਿੱਚ ਪ੍ਰਗਟਾਈਆਂ `ਮਨ ਦੀਆਂ ਸਿਆਣਪਾਂ ਅਥਵਾ ਚਤੁਰਾਈਆਂ` ਦਾ ਹਾਲ।
ਸਚਿਆਰ ਮਨੁੱਖਾਂ ਦੀ ਪ੍ਰੀਭਾਸ਼ਾ, ਉਨ੍ਹਾਂ ਦੇ ਦੈਵੀ ਲੱਛਣ ਅਤੇ ਅਜਿਹੇ ਵਡਭਾਗੇ ਇਨਸਾਨਾਂ ਪ੍ਰਤੀ
ਸਚਿਆਰੁ ਪ੍ਰਭੂ ਦਾ ਨਜ਼ਰੀਆ ਨਿਰੂਪਣ ਕਰਦਿਆਂ ਸਤਿਗੁਰਾਂ ਨੇ ਸਪਸ਼ਟ ਆਖਿਆ ਹੈ ਕਿ ਜਿਨ੍ਹਾਂ ਦੇ ਪੱਲੇ
ਸੱਚ ਹੈ, ਉਹੀ ਸੱਚੇ ਸਚਿਆਰ ਹਨ। ਉਹ ਸਦਾ ਥਿਰ ਪ੍ਰਭੂ ਨੂੰ ਚੰਗੇ ਲਗਦੇ ਹਨ, ਕਿਉਂਕਿ, ਉਨ੍ਹਾਂ ਨੂੰ
ਗੁਰੂ ਦਾ ਸ਼ਬਦ ਪਿਆਰਾ ਲੱਗਦਾ ਹੈ। ਉਹ ਗੁਰਸ਼ਬਦ ਦੀ ਰੌਸ਼ਨੀ ਵਿੱਚ ਜਿਊਂਦੇ ਹਨ। ਗੁਰਸ਼ਬਦ ਅਨੁਸਾਰੀ ਹੋ
ਕੇ ਜੀਊਣਾ ਹੀ ਰੱਬੀ ਰਜ਼ਾ ਵਿੱਚ ਜੀਊਣਾ ਹੈ। ਇਹੀ ਹੈ ਸਚਿਆਰ ਮਨੁੱਖਾਂ ਦਾ ਮੁੱਖ ਲੱਛਣ:
ਪਲੈ ਸਾਚੁ, ਸਚੇ ਸਚਿਆਰਾ।। ਸਾਚੇ ਭਾਵੈ, ਸਬਦੁ ਪਿਆਰਾ।। {ਅੰ: ੧੦੩੫}
ਇਸ ਦੇ ਨਾਲ ਹੀ ਸਤਿਗੁਰੂ ਜੀ ਨੇ ਇਹ ਨਿਰਣਾ ਵੀ ਕਰ ਦਿੱਤਾ ਕਿ ਉਹ ਕਰਤਾ ਪੁਰਖ ਸਿਰਜਨਹਾਰ
ਪ੍ਰਭੂ, ਜਿਸ ਨੇ ਤਿੰਨਾਂ ਹੀ ਭਵਣਾਂ ਵਿੱਚ ਸੱਚ ਨੂੰ ਸ਼ਕਤੀ ਦੇ ਰੂਪ ਵਿੱਚ ਟਿਕਾਇਆ ਹੋਇਆ ਹੈ, ਉਹ
ਕਿਸੇ ਵਲੋਂ ਕੀਤੇ ਜਾ ਰਹੇ ਮਿਥੇ ਹੋਏ ਧਰਮ-ਕਰਮਾਂ `ਤੇ ਨਹੀ ਪਤਿਆਉਂਦਾ। ਭਾਵ, ਨਹੀ ਰੀਝਦਾ। ਹਾਂ!
ਜੇ ਉਹ ਪਤਿਆਉਂਦਾ ਹੈ ਤਾਂ ਕੇਵਲ ਸੱਚੇ-ਸੁੱਚੇ ਮਨੁੱਖ `ਤੇ। ਭਾਵ, ਉਹ ਇਹ ਨਹੀ ਦੇਖਦਾ ਕਿ ਇਸ ਨੇ
ਕਿਤਨੇ ਤੀਰਥਾਂ `ਤੇ ਇਸ਼ਨਾਨ ਕੀਤਾ ਹੈ ਜਾਂ ਇਹ ਕਿੰਨਾ ਚਿਰ ਮੋਨੀ ਬਣ ਕੇ ਚੁੱਪ ਬੈਠਾ ਰਿਹਾ ਹੈ।
ਕਿੰਨਾ ਦਾਨ-ਪੁੰਨ ਕੀਤਾ ਹੈ। ਇਸ ਨੇ ਕਿੰਨੇ ਵਾਰੀਂ ਕਿਸੇ ਧਰਮ ਗ੍ਰੰਥ ਦਾ ਪਾਠ ਕੀਤਾ ਹੈ। ਨਹੀਂ!
ਨਹੀਂ! ਉਹ ਦੇਖਦਾ ਹੈ ਕਿ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਇਸ ਦਾ ਜੀਵਨ ਵਿਹਾਰ ਕਿੰਨਾ ਸੱਚਾ-ਸੁੱਚਾ
ਹੈ:
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ, ਸਾਚੇ ਹੀ ਪਤੀਆਇਦਾ।। {ਅੰ: ੧੦੩੫}
ਸਤਿਗੁਰੂ ਜੀ ਨੇ ਇਸ ਪੱਖ ਦੀ ਬਹੁਤ ਹੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਹੈ। ਹਜ਼ੂਰ ਕਹਿੰਦੇ
ਹਨ ਕਿ ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਨ ਨਾਲ ਪਰਮਾਤਮਾ
ਪ੍ਰਸੰਨ ਨਹੀਂ ਹੁੰਦਾ; ਨਾ ਹੀ ਸਮਾਧੀ ਲਾਇਆਂ, ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ
ਕੀਤਿਆਂ। ਨਾ ਹੀ ਉਹ ਤ੍ਰੁਠਦਾ ਹੈ ਨਿਤ ਸੋਗ ਕੀਤਿਆਂ (ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ); ਰੂਪ,
ਮਾਲ-ਧਨ ਤੇ ਰੰਗ-ਤਮਾਸ਼ੇ ਵਿੱਚ ਰੁੱਝਿਆਂ ਭੀ ਪ੍ਰਭੂ ਜੀਵ ਉਤੇ ਖ਼ੁਸ਼ ਨਹੀਂ ਹੁੰਦਾ; ਨਾ ਹੀ ਉਹ
ਭਿੱਜਦਾ ਹੈ ਤੀਰਥ ਤੇ ਨ੍ਹਾਤਿਆਂ ਜਾਂ ਨੰਗੇ ਭਵਿਆਂ। ਦਾਨ-ਪੁੰਨ ਕੀਤਿਆਂ ਵੀ ਰੱਬ ਰੀਝਦਾ ਨਹੀਂ, ਤੇ
ਬਾਹਰ ਜੰਗਲਾਂ ਵਿੱਚ ਸੁੰਨ-ਮੁੰਨ ਬੈਠਿਆਂ ਭੀ ਨਹੀਂ ਪਸੀਜਦਾ:
ਨ ਭੀਜੈ ਰਾਗੀ ਨਾਦੀ ਬੇਦਿ।। ਨ ਭੀਜੈ ਸੁਰਤੀ ਗਿਆਨੀ ਜੋਗਿ।।
ਨ ਭੀਜੈ ਸੋਗੀ ਕੀਤੈ ਰੋਜਿ।। ਨ ਭੀਜੈ ਰੂਪਂੀ ਮਾਲਂੀ ਰੰਗਿ।।
ਨ ਭੀਜੈ ਤੀਰਥਿ ਭਵਿਐ ਨੰਗਿ।। ਨ ਭੀਜੈ ਦਾਤਂੀ ਕੀਤੈ ਪੁੰਨਿ।।
ਨ ਭੀਜੈ ਬਾਹਰਿ ਬੈਠਿਆ ਸੁੰਨਿ।। {ਅੰ: ੧੨੩੭}
ਜੋਧੇ ਲੜਾਈ ਵਿੱਚ ਲੜ ਕੇ ਮਰਦੇ ਹਨ, ਇਸ ਤਰ੍ਹਾਂ ਵੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ, ਕਈ ਬੰਦੇ ਸੁਆਹ
ਆਦਿਕ ਮਲ ਕੇ ਮਿੱਟੀ ਵਿੱਚ ਲਿੱਬੜਦੇ ਹਨ, ਇਸ ਤਰ੍ਹਾਂ ਭੀ ਉਹ ਖ਼ੁਸ਼ ਨਹੀਂ ਹੁੰਦਾ। ਹਾਂ! ਪਰਮਾਤਮਾ
ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿੱਚ ਜੁੜੀਏ। ਭਾਵ, ਰਜ਼ਾ ਦੇ ਮਾਲਕ
ਪ੍ਰਭੂ ਦੀ ਰਜ਼ਾ ਵਿੱਚ ਚੱਲੀਏ। ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ ਮਨ ਦੀ ਭਾਵਨਾ ਅਨੁਸਾਰ
ਕੀਤੀ ਜਾਂਦੀ ਹੈ।
ਨ ਭੀਜੈ ਭੇੜਿ ਮਰਹਿ ਭਿੜਿ ਸੂਰ।। ਨ ਭੀਜੈ ਕੇਤੇ ਹੋਵਹਿ ਧੂੜ।।
ਲੇਖਾ ਲਿਖੀਐ ਮਨ ਕੈ ਭਾਇ।। ਨਾਨਕ, ਭੀਜੈ ਸਾਚੈ ਨਾਇ।। {ਅੰ: ੧੨੩੭}
ਤੁਕ-ਅਰਥ, ਭਾਵਾਰਥ ਤੇ ਸਿਧਾਂਤਕ ਵਿਆਖਿਆ (ਤੁਕ ਨੰ: ੧):-
ਸੋਚੈ, ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ।।
ਉਚਾਰਣ ਸੇਧਾਂ- ਸੋਚੀਂ, ਲੱਖ-ਵਾਰ।
ਜੇ ਮੈਂ ਲੱਖਾਂ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੁੱਚ ਰੱਖਣ ਦਾ ਯਤਨ ਕਰਾਂ, ਤਾਂ ਵੀ ਇਸ
ਤਰ੍ਹਾਂ ਬਾਹਰੋਂ ਸੁੱਚੇ ਹੋਣ ਨਾਲ ਮਨ ਦੀ ਸੁੱਚ ਪ੍ਰਾਪਤ ਨਹੀਂ ਹੁੰਦੀ। ਭਾਵ, ਮਨ ਅੰਦਰਲੀ
ਮੰਦੇ-ਸੰਸਕਾਰਾਂ ਤੇ ਹਉਮੈ ਆਦਿਕ ਵਿਕਾਰਾਂ ਦੀ ਮੈਲ (ਕੂੜ ਦੀ ਪਾਲ਼ਿ) ਨਹੀ ਲੱਥ ਸਕਦੀ। ਭਾਵ, ਮਨ
ਸੁੱਚਾ ਹੋ ਕੇ ਸਚਿਆਰ ਨਹੀ ਬਣ ਸਕਦਾ। ਗੁਰੂ ਨਾਨਕ ਦ੍ਰਿਸ਼ਟੀ ਵਿੱਚ ਉਹ ਮਨੁੱਖ ਸੁੱਚੇ ਨਹੀ ਮੰਨੇ ਜਾ
ਸਕਦੇ, ਜਿਹੜੇ ਮੂੰਹੋਂ ਝੂਠ ਬੋਲਣ, ਕਪਟ ਕਮਾਉਣ ਤੇ ਬਾਹਰੋਂ ਪਿੰਡਾ ਧੋ ਕੇ ਬਹਿ ਜਾਣ। ਕੇਵਲ ਓਹੀ
ਸੁੱਚੇ ਮੰਨੇ ਜਾ ਸਕਦੇ ਹਨ, ਜਿਨ੍ਹਾਂ ਦੇ ਮਨ ਸਤਿ ਸਰੂਪ ਪ੍ਰਭੂ ਵਸਦਾ ਹੈ। ਭਾਵ, ਜੋ ਅਕਾਲ ਪੁਰਖ
ਦੇ ਨਿਰਮਲ-ਭਉ ਵਿੱਚ ਸੱਚਾ-ਸੁੱਚਾ ਜੀਵਨ ਗੁਜ਼ਾਰਦੇ ਹਨ। ਸਤਿਗੁਰੂ ਜੀ ਦਾ ਫ਼ਰਮਾਨ ਹੈ:
ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ।।
ਸੂਚੇ ਸੇਈ ਨਾਨਕਾ; ਜਿਨ ਮਨਿ ਵਸਿਆ ਸੋਇ।। {ਅੰਗ ੪੭੨}
ਗੁਰਦੇਵ ਜੀ ਨੇ ਤੀਰਥ ਇਸ਼ਨਾਨੀਆਂ ਦੀ ਇੱਕ ਮੰਡਲੀ ਨੂੰ ਸਮਝਾਉਂਦਿਆਂ ਆਖਿਆ ਹੈ ਕਿ ਜਿਹੜਾ
ਮਨੁੱਖ ਤੀਰਥ ਆਦਿਕ `ਤੇ ਬਾਹਰੋਂ ਨਿਰਾ ਪਿੰਡਾ ਧੋਂਦਾ ਹੈ। ਪਰ, ਮਨ ਵਿਕਾਰਾਂ ਨਾਲ ਮੈਲਾ ਹੀ ਰਖਦਾ
ਹੈ, ਉਹ ਆਪਣੇ ਲੋਕ ਪ੍ਰਲੋਕ ਦੇ ਦੋਵੇਂ ਥਾਂ ਹੀ ਗਵਾ ਬੈਠਦਾ ਹੈ। ਇਸ ਲੋਕ ਵਿੱਚ ਰਹਿੰਦਿਆਂ ਉਹ ਕਾਮ
ਵਾਸ਼ਨਾ ਵਿੱਚ, ਗੁੱਸੇ ਤੇ ਮੋਹ ਆਦਿਕ ਵਿੱਚ ਫਸਿਆ ਰਹਿੰਦਾ ਹੈ ਅਤੇ ਅੱਗੇ ਪਰਲੋਕ ਵਿੱਚ ਵੀ ਰੋਂਦਾ
ਹੋਇਆ ਹਟਕੋਰੇ ਲੈਂਦਾ ਰਹਿੰਦਾ ਹੈ। ਭਾਵ, ਰੱਬ ਨਾਲੋਂ ਟੁੱਟਿਆ ਹੋਣ ਕਰਕੇ ਜ਼ਿੰਦਗੀ ਦੇ ਹਰੇਕ ਖੇਤਰ
ਵਿੱਚ ਦੁਖੀ ਹੀ ਰਹਿੰਦਾ ਹੈ। ਜਦੋਂ ਵੀ ਗੁਰਬਾਣੀ `ਚ ਲੋਕ ਪ੍ਰਲੋਕ ਦੀ ਗੱਲ ਕੀਤੀ ਜਾਂਦੀ ਤਾਂ
ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦਾ ਮਨੋਰਥ ਧਿਆਨ ਵਿੱਚ ਰੱਖਦਿਆਂ ਚੇਤੇ ਰਹਿਣਾ ਚਾਹੀਦਾ ਹੈ ਕਿ
ਸਤਿਗੁਰੂ ਜੀ ਉਨ੍ਹਾਂ ਲੋਕਾਂ ਨੂੰ ਸਮਝਾ ਰਹੇ ਹਨ, ਜਿਨ੍ਹਾਂ ਦਾ ਐਸਾ ਵਿਸ਼ਵਾਸ਼ ਹੈ। ਗੁਰਵਾਕ ਹੈ:
ਬਾਹਰੁ ਧੋਇ, ਅੰਤਰੁ ਮਨੁ ਮੈਲਾ; ਦੁਇ ਠਉਰ ਅਪੁਨੇ ਖੋਏ।।
ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ; ਆਗੈ ਮੁਸਿ ਮੁਸਿ ਰੋਏ।। {ਅੰ: ੩੮੧}
ਕਿਉਂਕਿ, ਰੱਬੀ ਰਜ਼ਾ ਵਿੱਚ ਚੱਲ ਕੇ ਗੋਬਿੰਦ ਦਾ ਭਜਨ ਕਰਨ ਵਾਲਿਆਂ ਦੀ ਜ਼ਿੰਦਗੀ ਵਿਖਾਵੇ ਤੋਂ ਰਹਿਤ
ਹੁੰਦੀ ਹੈ। ਪਰ, ਜਿਹੜੇ ਵਿਅਕਤੀ ਨਾਮ ਵਲੋਂ ਬੋਲ਼ੇ ਹੋਏ ਰਹਿੰਦੇ ਹਨ। ਭਾਵ, ਗੁਰਬਾਣੀ ਤੇ ਕੁਦਰਤ
ਵਿਚੋਂ ਰੱਬੀ ਹੁਕਮ ਨੂੰ ਨਹੀ ਸਮਝਦੇ; ਉਨ੍ਹਾਂ ਦੇ ਮਾਨਸਿਕ ਸ਼ਾਤੀ ਲਈ ਕੀਤੇ ਗਏ ਮਿਥੇ ਹੋਏ ਧਰਮ-ਕਰਮ
ਇਉਂ ਹੀ ਹਨ; ਜਿਵੇਂ, ਸੱਪ ਨੂੰ ਮਾਰਣ ਲਈ ਕੋਈ ਉਸ ਦੀ ਖੁੱਡ (ਵਰਮੀ) ਨੂੰ ਕੁੱਟੀ ਜਾਵੇ। ਪਰ, ਖੁੱਡ
ਨੂੰ ਕੁਟਣ ਨਾਲ ਸੱਪ ਨਹੀ ਮਰਦਾ। ਇਸੇ ਤਰਾਂ ਧਾਰਮਿਕ ਜਗਤ ਦੇ ਕਰਮਕਾਂਡਾਂ ਦੁਆਰਾ ਮਨ ਨਹੀ ਮਰਦਾ।
ਭਾਵ, ਨਾ ਤਾਂ ਇਸ ਦੀ ਚੰਚਲਤਾ ਮਿੱਟਦੀ ਹੈ ਅਤੇ ਨਾ ਹੀ ਇਸ ਅੰਦਰੋਂ ਹਉਮੈ ਆਦਿਕ ਵਿਕਾਰਾਂ ਦਾ ਅਭਾਵ
ਹੁੰਦਾ ਹੈ। ਗੁਰਵਾਕ ਹੈ:
ਗੋਵਿੰਦ ਭਜਨ ਕੀ ਮਤਿ ਹੈ ਹੋਰਾ।।
ਵਰਮੀ ਮਾਰੀ ਸਾਪੁ ਨ ਮਰਈ; ਨਾਮੁ ਨ ਸੁਨਈ ਡੋਰਾ।। {ਅੰ: ੩੮੧}
ਗੁਰਦੇਵ ਜੀ ਨੇ ਵਿਗਿਆਨਿਕ ਦ੍ਰਿਸ਼ਟੀਕੋਨ ਤੋਂ ਵੀ ਸਮਝਾਇਆ ਕਿ ਪਾਣੀ ਨਾਲ ਮਲ਼ ਮਲ਼ ਕੇ ਇਸ਼ਨਾਨ
ਕਰਨ ਨਾਲ ਤਾਂ ਭਾਈ! ਸਰੀਰ ਨਿਰਮਲ ਨਹੀ ਹੁੰਦਾ, ਮਨ ਕਿਵੇਂ ਨਿਰਮਲ ਹੋਵੇਗਾ? ਕਿਉਂਕਿ, ਇਸ਼ਨਾਨ
ਉਪਰੰਤ ਸਰੀਰ ਦੇ ਰੋਮਾਂ ਰਾਹੀਂ ਪਸੀਨੇ ਦੇ ਰੂਪ ਵਿੱਚ ਤੇ ਇੰਦਰੀਆਂ ਰਾਹੀਂ ਗੰਦਗੀ ਦੇ ਰੂਪ ਵਿੱਚ
ਮੈਲ ਨਿਕਲਦੀ ਰਹਿੰਦੀ ਹੈ। ਇਸ ਲਈ ਫਿਰ ਇਸ਼ਨਾਨ ਦੀ ਲੋੜ ਪੈ ਜਾਂਦੀ ਹੈ। ਕਿਉਂਕਿ, ਕੁਦਰਤੀ ਨਿਯਮ
ਅਨੁਸਾਰ ਇਹ ਪੁਤਲਾ ਬਣਿਆਂ ਹੀ ਮਿੱਟੀ ਆਦਿਕ ਮੈਲ਼ੇ ਤੱਤਾਂ ਅਤੇ ਲਹੂ ਤੇ ਵੀਰਯ ਆਦਿਕ ਦੇ ਮਿਸ਼ਰਣ ਤੋਂ
ਹੈ:
ਪਾਨੀ ਮੈਲਾ, ਮਾਟੀ ਗੋਰੀ।। ਇਸ ਮਾਟੀ ਕੀ ਪੁਤਰੀ ਜੋਰੀ।। {ਅੰ: ੩੩੬}
ਮਿੱਟੀ ਦੀ ਕੰਧ ਨੂੰ ਧੋ ਕੇ ਸਾਫ਼ ਕਿਵੇਂ ਕੀਤਾ ਜਾ ਸਕਦਾ ਹੈ? ਇਸ ਲਈ ਜੇ ਮਨ ਨੂੰ ਨਿਰਮਲ
ਕਰਨਾ ਹੈ ਤਾਂ ਗੁਰਮਤਿ ਗਿਆਨ ਦੇ ਮਹਾਂਰਸੀ ਸਰੋਵਰ ਵਿੱਚ ਹੀ ਚੁੱਭੀ ਮਾਰਨੀ ਪਵੇਗੀ। ਇਸ ਤਰੀਕੇ
ਕੇਵਲ ਮਨ ਹੀ ਨਹੀ, ਸਗੋਂ ਤਨ ਵੀ ਨਿਰਮਲ ਹੋ ਜਾਏਗਾ। ਕਿਉਂਕਿ, ਅਜਿਹਾ ਗਿਆਨੀ ਮਨੁੱਖ, ਜਿਥੇ ਨੇਮ
ਨਾਲ ਸਫ਼ਾਈ ਤੇ ਤੰਦਰੁਸਤੀ ਦੇ ਦ੍ਰਿਸ਼ਟੀਕੋਨ ਤੋਂ ਸਰੀਰਕ ਇਸ਼ਨਾਨ ਕਰਦਾ ਹੈ। ਓਥੇ, ਉਹ ਸਰੀਰ ਵਿੱਚ
ਰੱਬੀ-ਜੋਤਿ ਦਾ ਜਲਵਾ ਦੇਖਦਾ ਹੋਇਆ ਇਸ ਨਾਲ ਕੋਈ ਵਿਕਾਰੀ ਕੰਮ ਵੀ ਨਹੀ ਕਰਦਾ, ਜੋ ਉਸ ਦੇ ਤਨ ਮਨ
ਨੂੰ ਮਲੀਨ ਕਰੇ:
ਜਲਿ ਮਲਿ ਕਾਇਆ ਮਾਜੀਐ, ਭਾਈ; ਭੀ ਮੈਲਾ ਤਨੁ ਹੋਇ।।
ਗਿਆਨਿ ਮਹਾ ਰਸਿ ਨਾਈਐ, ਭਾਈ; ਮਨੁ ਤਨੁ ਨਿਰਮਲੁ ਹੋਇ।। {ਅੰ: ੬੩੭}
ਗੁਰਦੇਵ ਜੀ ਨੇ ਇੱਕ ਹੋਰ ਵੀ ਬੜੀ ਵਿਗਿਆਨਿਕ ਤੇ ਵਜ਼ਨਦਾਰ ਉਦਾਹਰਣ ਦਿੱਤੀ। ਹਜ਼ੂਰ ਨੇ ਪੰਡਿਆਂ ਨੂੰ
ਕਿਹਾ ਕਿ ਤੁਸੀਂ ਇਸਤਰੀ ਦੀ ਕੁਦਰਤੀ ਜਨਨਿ ਪ੍ਰਕਿਰਿਆ ਮਹਾਂਵਾਰੀ ਨੂੰ ਅਪਵਿੱਤਰ ਮੰਨਦੇ ਹੋ। ਪਰ,
ਦੇਖੋ! ਉਹ ਅਪਵਿੱਤਰਤਾ ਬਾਹਰੋਂ ਨਹੀਂ, ਅੰਦਰੋਂ ਹੀ ਪੈਦਾ ਹੁੰਦੀ ਹੈ। ਤਿਵੇਂ ਹੀ ਝੂਠ ਆਦਿਕ
ਮਾਨਸਿਕ ਅਪਵਿੱਤਰਤਾ ਵੀ ਸਾਡੇ ਅੰਦਰੋਂ ਹੀ ਵਿਕਾਰੀ ਫੁਰਨਿਆਂ ਦੇ ਰੂਪ ਵਿੱਚ ਪੈਦਾ ਹੁੰਦੀ ਰਹਿੰਦੀ
ਹੈ, ਜੋ ਉਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ। ਜਿਉ ਜੋਰੂ ਸਿਰਨਾਵਣੀ ਆਵੈ
ਵਾਰੋ ਵਾਰ।। ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ।। {ਅੰਗ ੪੭੨} ਇਸ ਲਈ ਉਸ ਨੂੰ
ਦੂਰ ਕਰਨ ਲਈ ਸਾਧਨ ਵੀ ਅੰਤਰੀਵ ਹੀ ਚਾਹੀਦਾ ਹੈ। ਬਾਹਰਲਾ ਕੋਈ ਵੀ ਤੀਰਥ ਉਸ ਮਲੀਨਤਾ ਨੂੰ ਧੋਣ ਦੀ
ਸਮਰੱਥਾ ਨਹੀ ਰੱਖਦਾ। ਜਿਵੇਂ, ਕੋਈ ਖੋਟੇ ਮਨ ਨਾਲ ਤੀਰਥਾਂ `ਤੇ ਇਸ਼ਨਾਨ ਕਰਨ ਤੁਰ ਪਏ ਤੇ ਕਾਮਾਦਿਕ
ਚੋਰ ਵੀ ਉਹਦੇ ਅੰਦਰ ਟਿਕੇ ਰਹੇ। ਤਾਂ ਹੁੰਦਾ ਇਹ ਹੈ ਕਿ ਸਰੀਰ ਦੇ ਬਾਹਰਲੀ ਇੱਕ ਹਿੱਸਾ ਮੈਲ ਤਾਂ
ਨੁਹਾਉਣ ਨਾਲ ਲਹਿ ਗਈ। ਪਰ, ਮਨ ਵਿੱਚ ਅਹੰਕਾਰ ਆਦਿਕ ਵਿਕਾਰਾਂ ਦੀ ਦੂਣੀ ਮੈਲ ਹੋਰ ਚੜ੍ਹ ਗਈ।
ਦੱਸੋ! ਕੀ ਫ਼ਾਇਦਾ ਹੋਇਆ ਤੀਰਥਾਂ ਦੇ ਐਸੇ ਇਸ਼ਨਾਨ ਦਾ? ਅਸੀਂ ਕਹਿ ਸਕਦੇ ਹਾਂ ਅਜਿਹੇ ਅਗਿਆਨੀ ਮਨੁੱਖ
ਦਾ ਹਾਲ ਓਹੀ ਹੈ, ਜਿਹੜਾ ਕਿਸੇ ਉਸ ਤੁੰਮੀ ਦਾ ਹੁੰਦਾ ਹੈ, ਜਿਸ ਨੂੰ ਅਠਾਹਠਾਂ ਤੀਰਥਾਂ ਦਾ ਇਸ਼ਨਾਨ
ਕਰਵਾਇਆ ਗਿਆ ਹੋਵੇ। ਕਿਉਂਕਿ, ਇਸ ਤਰੀਕੇ ਤੁੰਮੀ ਦੀ ਅੰਦਰਲੀ ਕੌੜੱਤਣ ਨਹੀ ਮਿਟਦੀ। ਇਸ ਲਈ ਇਹੀ
ਕਹਿਣਾ ਬਣਦਾ ਹੈ ਕਿ ਭਲੇ ਬੰਦੇ ਤੀਰਥਾਂ `ਤੇ ਨਹਾਉਣ ਤੋਂ ਬਿਨਾਂ ਹੀ ਭਲੇ ਹਨ ਅਤੇ ਚੋਰ, ਤੀਰਥਾਂ
ਵਿੱਚ ਚੁੱਭੀਆਂ ਮਾਰ ਕੇ ਵੀ ਚੋਰ ਹੀ ਰਹਿਣੇ ਹਨ। ਭਾਵ, ਇਸ ਤਰੀਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ
ਨਰੋਆ ਪ੍ਰੀਵਰਤਨ ਨਹੀ ਆਉਣਾ:
ਨਾਵਣ ਚਲੇ ਤੀਰਥੀ; ਮਨਿ ਖੋਟੈ ਤਨਿ ਚੋਰ।।
ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ।।
ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ।।
ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ।। {ਅੰ: ੭੮੯}
ਇਸ ਲਈ ਸਤਿਗੁਰੂ ਜੀ ਗੱਲ ਆਪਣੇ `ਤੇ ਢੁਕਾਅ ਕੇ ਫ਼ਰਮਾਇਆ ਹੈ “ਸੋਚੈ, ਸੋਚਿ ਨ ਹੋਵਈ; ਜੇ, ਸੋਚੀ
ਲੱਖ ਵਾਰ।। “ ਤੀਰਥਾਂ `ਤੇ ਤਨ ਨੂੰ ਸੋਚਣ ਨਾਲ, ਸ਼ੁਧ ਕਰਨ ਨਾਲ ਮਨ ਅੰਦਰਲੀ ਸੁੱਚ ਪ੍ਰਾਪਤ ਨਹੀ ਹੋ
ਸਕਦੀ। ਭਾਵੇਂ ਮੈਂ ਲੱਖਾਂ ਵਾਰੀ ਸੋਚਾਂ, ਲੱਖਾਂ ਵਾਰੀ ਇਸਨਾਨ ਕਰਾਂ।
ਗਿ: ਜਗਤਾਰ ਸਿੰਘ ਜਾਚਕ।