ਕਠੋਰਤਾ ਤੇ ਰੱਬ ਦਾ ਨਾਮ
ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ਨਾਹੁ।।
ਮਨੁ ਬੇਧਿਆ ਚਰਨਾਰਬਿੰਦ, ਦਰਸਨਿ ਲਗੜਾ ਸਾਹੁ।।
ਓਟ ਗੋਵਿੰਦ ਗੋਪਾਲਰਾਇ, ਸੇਵਾ ਸੁਆਮੀ ਲਾਹੁ।।
ਬਿਖਿਆਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ।।
ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ ਸਮਾਹੁ।।
ਕਰੁ ਗਹਿ ਲੀਨੀੑ ਪਾਰਬ੍ਰਹਮਿ, ਬਹੁੜਿ ਨ ਵਿਛੁੜੀਆਹੁ।।
ਬਾਰਿ ਜਾਉ ਲਖ ਬੇਰੀਆ, ਹਰਿ ਸਜਣੁ ਅਗਮ ਅਗਾਹੁ।।
ਸਰਮ ਪਈ ਨਾਰਾਇਣੈ, ਨਾਨਕ ਦਰਿ ਪਈਆਹੁ।।
ਪੋਖੁ ਸ+ਹੰਦਾ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ।। ੧੧।।
ਮੁੱਢਲ਼ੀ ਵਿਚਾਰ--ਭਰੇ ਹੋਏ ਭਾਂਡੇ ਵਿੱਚ ਦੂਜੀ ਵਸਤੂ ਪਾਉਣੀ ਹੋਵੇ ਤਾਂ
ਪਹਿਲੀ ਵਸਤੂ ਨੂੰ ਬਾਹਰ ਕੱਢਣਾ ਪਏਗਾ। ਗੁਰਬਾਣੀ ਫਰਮਾਣ ਹੈ—
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ।।
ਸਲੋਕ ਮਹਲਾ ੨ ਪੰਨਾ ੪੭੪
ਅਖਰੀਂ ਅਰਥ--
ਕਿਸੇ
ਇੱਕ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ
ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ
ਤਬਦੀਲ ਕੀਤਾ ਜਾਏ)।
ਸਾਡਿਆਂ ਮਨਾਂ ਵਿੱਚ ਬਹੁਤ ਕੁੱਝ ਭਰਿਆ ਪਿਆ ਹੈ ਭਾਵ ਸਾਡਿਆਂ ਖ਼ਿਆਲਾਂ ਵਿੱਚ
ਬਹੁਤ ਵੱਡੀਆਂ ਵੱਡੀਆਂ ਉਡਾਰੀਆਂ ਹੁੰਦੀਆਂ ਹਨ। ਆਪਣੇ ਮਨ ਦੀਆਂ ਬਣਾਈਆਂ ਹੋਈਆਂ ਉਡਾਰੀਆਂ ਕਰਕੇ
ਅਸੀਂ ਕਿਸੇ ਦੀ ਗੱਲ ਨੂੰ ਵੀ ਧਿਆਨ ਨਾਲ ਨਹੀਂ ਸੁਣਦੇ। ਆਪਣੇ ਮਨ ਦੇ ਖ਼ਿਆਲਾਂ ਨੂੰ ਸਹੀ ਦਸਣ ਲਈ
ਅਸੀਂ ਆਪਣੇ ਕੋਲੋਂ ਬਹੁਤ ਸਾਰੀਆਂ ਦਲੀਲਾਂ ਵੀ ਘੜ ਲੈਂਦੇ ਹਾਂ। ਜਨੀ ਕਿ ਅਸੀਂ ਕਦੇ ਵੀ ਆਪਣੇ ਆਪ
ਨੂੰ ਝੂਠਾ ਸਾਬਤ ਨਹੀਂ ਹੋਣ ਦੇਂਦੇ ਕਿਉਂ ਕਿ ਅਸੀਂ ਸਮਝਦੇ ਹਾਂ ਕਿ ਸ਼ਾਇਦ ਸਾਡੇ ਵਰਗਾ ਹੋਰ ਕੋਈ
ਸਿਆਣਾ ਨਹੀਂ ਹੈ। ਸਾਡਾ ਮਨ ਕਿਸੇ ਦੀ ਸਹੀ ਦਲੀਲ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ। ਇਸ ਲਈ ਸਾਡੇ
ਮਨ ਨੂੰ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਨੇ ਜਕੜਿਆ ਹੋਇਆ ਹੈ। ਇਹਨਾਂ ਸਾਰੀਆਂ ਬਿਮਾਰੀਆਂ ਵਿਚੋਂ
ਸਭ ਤੋਂ ਵੱਡੀ ਬਿਮਾਰੀ ਹੰਕਾਰ ਭਾਵ ਕਠੋਰ ਚਿੱਤ ਦੀ ਹੈ। ਇਸ ਕਠੋਰਤਾ ਨੂੰ ਗੁਰਬਾਣੀ ਨੇ ਪੱਥਰ ਚਿੱਤ
ਆਖਿਆ ਹੈ। ਪੱਥਰ ਦੀ ਇੱਕ ਖਾਸੀਅਤ ਹੈ ਕਿ ਇਸ ਨੂੰ ਸੌ ਵਰ੍ਹਿਆਂ ਤੱਕ ਪਾਣੀ ਵਿੱਚ ਰੱਖ ਦਿਓ ਇਹ ਕਦੇ
ਵੀ ਅੰਦਰੋਂ ਗਿਲਾਂ ਨਹੀਂ ਹੁੰਦਾ ਜੇਹਾ ਭਾਈ ਗੁਰਦਾਸ ਜ ਦਾ ਪਿਆਰਾ ਵਾਕ ਹੈ—
ਪਥਰੁ ਮੂਲਿ ਨ ਭਿਜਈ
ਸਉ ਵਰ੍ਹਿਆਂ ਜਲਿ ਅੰਦਰਿ ਵਸੈ।।
ਭਾਈ ਗੁਰਦਾਸ ਜੀ
ਜੇ ਕੋਈ ਇਹ ਕਹੇ ਕਿ ਪੱਥਰ ਪਾਣੀ ਵਿੱਚ ਭਿਜਦਾ ਨਹੀਂ ਹੈ, ਇਸ ਲਈ ਇਸ ਪੱਥਰ
ਦੀ ਬੇੜੀ ਤਿਆਰ ਕਰਕੇ ਇਸ ਰਾਂਹੀ ਦਰਿਆ ਪਾਰ ਕੀਤਾ ਤਾਂ ਇਹ ਬੰਦੇ ਆਪਣੀ ਮਨੌਤ ਹੈ। ਪੱਥਰ ਦੀ ਬੇੜੀ
ਤਿਆਰ ਨਹੀਂ ਹੋ ਸਕਦੀ। ਹਾਂ ਪੱਥਰ ਪਾਣੀ ਵਿੱਚ ਡੋਬਣ ਦੀ ਸਾਡੀ ਸਹਾਇਤਾ ਜ਼ਰੂਰ ਕਰੇਗਾ।
ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ
ਪਥਰ ਕੀ ਬੇੜੀ ਜੇ ਚੜੈ ਭਰਨਾਲਿ ਬੁਡਾਵੈ।। ੪।।
ਆਸਾ ਮਹਲਾ ੧ ਪੰਨਾ ੪੨੦
ਅੱਖਰੀਂ ਅਰਥ-- (
ਗੁਰੂ
ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ
ਹੋ ਸਕਦੀ। (ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿੱਚ ਸਵਾਰ ਹੋਣਾ, ਤੇ
ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿੱਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿੱਚ ਡੁੱਬ ਜਾਂਦਾ
ਹੈ।
ਗੁਰੂ ਅਰਜਨ ਪਾਤਸ਼ਾਹ ਜੀ ਨੇ ਪੋਖਿ ਦੇ ਮਹੀਨੇ ਦੁਆਰਾ ਤੁਖਾਰ ਦਾ ਪ੍ਰਤੀਕ ਲੈ
ਕੇ ਉਪਦੇਸ਼ ਦਿੱਤਾ ਹੈ ਕਿ ਉਹਨਾਂ ਦਾ ਤੁਖਾਰ ਕੁੱਝ ਨਹੀਂ ਵਿਗਾੜ ਸਕਦਾ ਜਿੰਨ੍ਹਾਂ ਦੇ ਹਿਰਦੇ ਵਿੱਚ
ਰੱਬ ਜੀ ਦਾ ਨਾਮ ਹੁੰਦਾ ਹੈ। ਤੁਖਾਰ ਅਤੇ ਨਾਮ ਦੀ ਸਾਰੀ ਵਿਚਾਰ ਸਮਝਣ ਲਈ ਇਸ ਪਉੜੀ ਦੀ ਪਹਿਲੀ ਤੁਕ
ਦੀ ਵਿਚਾਰ ਕੀਤੀ ਜਾਏਗੀ---
ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ਨਾਹੁ।।
ਅੱਖਰੀਂ ਅਰਥ--
ਪੋਹ ਦੇ
ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ
(ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ।
ਵਿਚਾਰ ਤੇ ਵਿਹਾਰਕ
ਪੱਖ--ਪਹਿਲੀ ਤੁਕ ਦੇ ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਜਿੰਨਾਂ ਦੇ ਹਿਰਦੇ ਵਿੱਚ ਰੱਬ
ਜੀ ਦਾ ਨਾਮ ਹੈ ਉਹਨਾਂ ਨੂੰ ਪਾਲ਼ਾ ਜਾਂ ਠੰਡ ਨਹੀਂ ਲੱਗਦੀ।
ਸਰੀਰਕ ਤਲ਼ `ਤੇ ਦੇਖਿਆ ਜਾਏ ਤਾਂ ਪੋਹ ਦੇ ਮਹੀਨੇ ਵਿੱਚ ਹਰ ਮਨੁੱਖ ਠੰਡ ਤੋਂ
ਬਚਣ ਦਾ ਯਤਨ ਕਰਦਾ ਹੈ। ਗਰਮ ਤੋਂ ਗਰਮ ਸੂਟ ਪਉਂਦਾ ਹੈ। ਰਾਤ ਨੂੰ ਭਾਰੀਆਂ ਰਜਾਈਆਂ ਤੇ ਹੀਟਰ ਦਾ
ਪ੍ਰਬੰਧ ਕਰਕੇ ਬੰਦਾ ਸੌਂਦਾ ਹੈ ਕਿ ਕਿਤੇ ਮੈਨੂੰ ਠੰਡ ਨਾ ਲੱਗ ਜਾਏ।
ਗੁਰਬਾਣੀ ਸਦੀਵ ਕਾਲ ਸੱਚ, ਸਰਬ ਦੇਸ਼ੀ ਤੇ ਸਰਬ ਸਾਂਝੀ ਹੈ। ਇਸ ਦਾ ਉਪਦੇਸ਼
ਹਰੇਕ ਮਨੁੱਖ `ਤੇ ਲਾਗੂ ਹੁੰਦਾ ਹੈ। ਜੇ ਕਰ ਕੇਵਲ ਸਰੀਰਕ ਤਲ਼ ਦੇ ਹੀ ਅਰਥ ਲਏ ਜਾਣ ਤਾਂ ਨਿਊਜ਼ੀਲੈਂਡ
ਤੇ ਆਸਟ੍ਰੇਲੀਆ ਵਿੱਚ ਪੋਹ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ ਜਦ ਕਿ ਭਾਰਤ ਵਿੱਚ ਪੂਰੀ ਠੰਡ ਹੁੰਦੀ
ਹੈ। ਵਿਸਥਾਰ ਵਿੱਚ ਜਾਂਵਾਂਗੇ ਤਾਂ ਅਰਬ ਦੇਸ਼ਾਂ ਵਿੱਚ ਠੰਡ ਦਾ ਨਾਮੋ ਨਿਸ਼ਨ ਨਹੀਂ ਹੁੰਦਾ ਤੇ ਕਈਆਂ
ਮੁਲਕਾਂ ਦਾ ਤਾਪਮਾਨ ਲੱਗ-ਪਗ ਸਾਰਾ ਸਾਲ ਇਕੋ ਜੇਹਾ ਹੀ ਹੁੰਦਾ ਹੈ। ਇਸ ਵਿਚਾਰ ਦਾ ਭਾਵ ਅਰਥ ਇਹ
ਹੋਇਆ ਕਿ ਕਈਆਂ ਦੇਸ਼ਾਂ ਵਿੱਚ ਪੋਹ ਦੇ ਮਹੀਨੇ ਗਰਮੀ ਪੈਂਦੀ ਹੈ ਤੇ ਕਈਆਂ ਮੁਲਕਾਂ ਵਿੱਚ ਹਮੇਸ਼ਾਂ
ਮੌਸਮ ਇਕਸਾਰ ਰਹਿੰਦਾ ਹੈ। ਜੇ ਕੇਵਲ ਇਹ ਸਮਝਿਆ ਜਾਏ ਕਿ ਪੋਹ ਦੇ ਮਹੀਨੇ ਪੰਜਾਬ ਵਿੱਚ ਠੰਡ ਪੈਂਦੀ
ਹੈ ਤੇ ਜਿਹੜਾ ਰੱਬ ਜੀ ਦਾ ਨਾਮ ਜੱਪੇਗਾ ਉਸ ਨੂੰ ਠੰਡ ਨਹੀਂ ਲੱਗੇਗੀ ਤਾਂ ਫਿਰ ਜਿੱਥੇ ਮੌਸਮ ਇਕਸਾਰ
ਹੈ ਜਾਂ ਪੋਹ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ ਕੀ ਓੱਥੇ ਪੋਹ ਦੇ ਮਹੀਨੇ ਦਾ ਉਪਦੇਸ਼ ਉਹਨਾਂ ਦੇਸ਼ਾਂ
`ਤੇ ਲਾਗੂ ਨਹੀਂ ਹੋਏਗਾ? ਜਦ ਕਿ ਗੁਰਬਾਣੀ ਉਪਦੇਸ਼ ਸਾਰਿਆਂ ਲਈ ਸਾਂਝਾ ਹੈ।
ਗੁਰਬਾਣੀ ਸਰੀਰਕ ਤਲ਼ ਦੀ ਗੱਲ ਨਹੀਂ ਕਰ ਰਹੀ ਇਹ `ਤੇ ਆਤਮਿਕ ਜੀਵਨ ਦੀ ਘਾੜਤ
ਘੜ ਰਹੀ ਹੈ। ਮੁਲਕ ਠਂਡਾ ਹੋਵੇ ਜਾਂ ਗਰਮ ਗੁਰਬਾਣੀ ਹਰ ਮਨੁੱਖ ਨੂੰ ਸੱਚ ਦਾ ਉਪਦੇਸ਼ ਦੇਂਦੀ ਹੈ।
ਸ਼ਬਦ ‘ਤੁਖਾਰੁ` ਆਇਆ ਹੈ ਇਸ ਦੇ ਅਖਰੀਂ ਅਰਥ ਮਹਾਨ ਕੋਸ਼ ਅਨੁਸਾਰ ਹਿਮ,
ਪਾਲ਼ਾ, ਠੰਡ, ਸ਼ੀਤਲ ਤੇ ਬਰਫ ਵਿੱਚ ਆਏ ਹਨ। ਇਹ ਠੰਡ ਉਹਨਾਂ ਨੂੰ ਨਹੀਂ ਲੱਗਦੀ ਜਿੰਨ੍ਹਾਂ ਦੇ ਗਲ਼ੇ
ਵਿੱਚ ਰੱਬ ਜੀ ਦਾ ਨਾਮ ਹੁੰਦਾ ਹੈ। ਅੱਖਰਾਂ ਦੇ ਅਰਥਾਂ ਦੁਆਰਾ ਵਿਹਾਰਕ ਜੀਵਨ ਪ੍ਰਗਟ ਨਹੀਂ ਹੁੰਦਾ।
ਗਲ਼ੇ ਵਿੱਚ ਨਾਮ ਹੋਵੇ ਤੇ ਠੰਡ ਨਹੀਂ ਲੱਗੇਗੀ ਇਹ ਹਕੀਕਤਨ ਲਾਗੂ ਨਹੀਂ ਹੁੰਦਾ, ਤਾਂ ਫਿਰ ਗੁਰਬਾਣੀ
ਦੇ ਭਾਵ ਅਰਥਾਂ ਨੂੰ ਵਿਚਾਰ ਅਧੀਨ ਲਿਆਉਣ ਦਾ ਯਤਨ ਕੀਤਾ ਜਾਏਗਾ। ਇਸ ਗਹਿਰੇ ਉਪਦੇਸ਼ ਨੂੰ ਹੋਰ ਸਮਝਣ
ਲਈ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਵਾਕ ਜੋ ਤੁਖਾਰੀ ਰਾਗ ਦੇ ਬਾਰਹ ਮਾਂਹ ਵਿੱਚ ਆਇਆ ਹੈ ਉਸ ਨੂੰ
ਸਮਝਾਂਗੇ—ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਪੋਹ ਦੇ ਮਹੀਨੇ ਵਿੱਚ ਕੋਰਾ ਪੈਂਦਾ ਹੈ ਤੇ ਸਾਰੇ ਘਾਹ
ਆਦਿ ਨੂੰ ਸੁਕਾ ਦੇਂਦਾ ਹੈ ਇਸੇ ਤਰ੍ਹਾਂ ਜਿਸ ਜੀਵਨ ਵਿੱਚ ਤੁਖਾਰ, ਕੋਰਾ-ਕੱਕਰ ਆਦਿ ਦੀ ਸਥਿੱਤੀ
ਪੈਦਾ ਹੁੰਦੀ ਹੈ ਤਾਂ ਓੱਥੇ ਸ਼ੁਭ ਗੁਣਾਂ ਦਾ ਘਾਹ ਸੁੱਕ ਜਾਂਦਾ ਹੈ ਤੇ ਸੁਭਾਅ ਵਿੱਚ ਕੜਵਾਹਟ ਪੈਦਾ
ਹੁੰਦੀ ਹੈ—ਗੁਰਵਾਕ ਹੈ—
ਪੋਖਿ ਤੁਖਾਰੁ ਪੜੈ, ਵਣੁ ਤ੍ਰਿਣੁ ਰਸੁ ਸੋਖੈ।।
ਆਵਤ ਕੀ ਨਾਹੀ, ਮਨਿ ਤਨਿ ਵਸਹਿ ਮੁਖੇ।।
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ।।
ਤੁਖਾਰੀ ਮਹਲਾ ਪੰਨਾ ੧੧੦੯
ਅਰਥ---
ਪੋਹ (ਦੇ ਮਹੀਨੇ) ਵਿੱਚ ਕੱਕਰ ਪੈਂਦਾ
ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ
ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ
ਦੇਂਦਾ ਹੈ)। ਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਮੇਰੇ ਮੂੰਹ ਵਿੱਚ ਕਿਉਂ ਨਹੀਂ
ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ)।
ਫਿਰ ਮਾਝ ਰਾਗ ਦੇ ਬਾਂਰਹ ਮਾਂਹ ਵਿੱਚ ਵੀ ਗੁਰੂ ਅਰਜਨ ਪਾਤਸ਼ਹ ਜੀ ਫਰਮਾਉਂਦੇ
ਹਨ—
ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ਨਾਹੁ।।
ਇਕ ਵਿਚਾਰ ਚਰਚਾ ਕੀਤੀ ਗਈ ਹੈ ਕਿ ਜਦੋਂ ਨਾਮ ਗਲ਼ੇ ਵਿੱਚ ਹੁੰਦਾ ਹੈ ਤਾਂ
ਓਦੋਂ ਤੁਖਾਰ ਦਾ ਡਰ ਨਹੀਂ ਰਹਿੰਦਾ। ਤੁਖਾਰ ਦਾ ਭਾਵ ਹੈ ਕੋਰਾ ਜਾਂ ਬਰਫ ਇਹ ਦੋਵੇਂ ਚੀਜ਼ਾਂ ਸਖਤ
ਹੁੰਦੀਆਂ ਹਨ ਤੇ ਇਸ ਦਾ ਅਰਥ ਹੈ ਜਦੋਂ ਸੁਭਾਅ ਵਿੱਚ ਹਉਮੇ ਵਰਗੀ ਕਠੋਰਤਾ ਆ ਜਾਏ ਤਾਂ ਬੰਦਾ
ਹੌਛੇਪਨ ਤੇ ਉੱਤਰ ਆਉਂਦਾ ਹੈ। ਗੁਰੂ ਰਾਮਦਾਸ ਜੀ ਦਾ ਵਾਕ ਹੈ ਕਿ ਜਿਸ ਦਾ ਹਿਰਦਾ ਕਠੋਰ ਹੋ ਜਾਂਦਾ
ਹੈ ਉੇਹ ਸਤਿਗੁਰ ਦੇ ਪਾਸ ਨਹੀਂ ਬੈਠਦਾ ਭਾਵ ਸਤਿਗੁਰ ਦਾ ਉਪਦੇਸ਼ ਲੈਣ ਲਈ ਤਿਆਰ ਨਹੀਂ ਹੁੰਦਾ—
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ।।
ਪੰਨਾ ੩੧੪
ਇਕ ਹੋਰ ਗੁਰਵਾਕ ਹੈ—
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ।।
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ।।
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ।। ੩।।
ਪੰਨਾ ੭੫੧
ਅੱਖਰੀਂ ਅਰਥ--ਬਗੁਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉਤੇ ਭੀ ਨਿਵਾਸ
ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਤਿਵੇਂ ਹੀ) ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ
ਹਨ ਪਰ ਮਨ ਮੈਲੇ ਹਨ ਤੇ ਨਿਰਦਈ ਹਨ ਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ
ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ, ਉਹ ਮਾਇਆ ਦੇ ਮੋਹ ਵਿੱਚ ਫਸੇ ਹੋਏ
ਹਨ।
ਗੁਰਦੇਵ ਪਿਤਾ ਜੀ ਇੱਕ ਥਾਂ ਹੋਰ ਸੁੰਦਰ ਖ਼ਿਆਲ ਦੇਂਦੇ ਹਨ ਕਿ ਮਨ ਦੀ
ਕਠ੍ਰੋਤਾ ਸ਼ਬਦ ਦੇ ਭੇਦ ਨੂੰ ਸਮਝਣ ਨਾਲ ਦੂਰ ਹੁੰਦੀ ਹੈ।
ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ।।
ਪੰਨਾ ੫੫੧
ਅੱਖਰੀਂ ਅਰਥ--ਆਪਣੇ ਕਰੜੇ ਮਨ ਨੂੰ (ਭਾਵ, ਮਨ ਨੂੰ ਜੋ ਹਠ ਦੇ ਕਾਰਨ ਕਠੋਰ
ਹੈ) ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿੱਚ ਸ਼ਾਂਤੀ ਤੇ ਠੰਡ ਆ ਕੇ ਵੱਸੇ।
ਇਸ ਤੁਕ ਅਨੁਸਾਰ ‘ਹਰਿ ਨਾਹੁ` ਗਲ਼ੇ ਨਾਲ ਲੱਗਿਆ ਹੋਵੇ ਭਾਵ ਮਾਲਕ ਗਲ਼ ਵਿੱਚ
ਬੈਠਾ ਹੋਵੇ ਤਾਂ ਠੰਡ ਨਹੀਂ ਲਗਦੀ। ਇਸ ਤੁਕ ਦਾ ਵਿਹਾਰਕ ਪੱਖ ਬਣਦਾ ਹੈ ਜਿਸ ਸੁਭਾਅ ਵਿੱਚ ਰੱਬ ਜੀ
ਦੇ ਗੁਣ ਬੈਠੇ ਹੋਣ ਓੱਥੇ ਹੰਕਾਰੀ ਬਿਰਤੀ ਜਨਮ ਨਹੀਂ ਲੈਂਦੀ। ਸਿਆਲ਼ੀ ਰੁੱਤ ਵਿੱਚ ਕੋਰਾ ਪੈਣ ਨਾਲ
ਫਸਲਾਂ ਸੁੱਕ ਜਾਂਦੀਆਂ ਹਨ ਤੇ ਕਠੋਰਤਾ ਆਉਣ ਨਾਲ ਸੁਭਾਅ ਵਿੱਚ ਗੁਣ ਸਿੱਖਣ ਦੀ ਚਾਹਤ ਹੀ ਮੁੱਕ
ਜਾਂਦੀ ਹੈ ਕਿਸੇ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦਾ। —
ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ।।
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ।।
ਗਉੜੀ ਮਹਲਾ ੫ ਪੰਨਾ ੨੪੭
ਅੱਖਰੀਂ ਅਰਥ--
ਹੇ
ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ
ਭਰਪੂਰ ਹੈਂ। ਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿੱਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ
ਹੀ ਤੈਥੋਂ ਵਿੱਛੁੜੀ ਹੋਈ ਹਾਂ।
ਵਿਹਾਰਕ ਪੱਖ ਏਹੀ ਸਮਝ ਆਉਂਦਾ ਹੈ ਕਿ ਮਾਲਕ ਜੀ ਸਾਡੇ ਗਲ਼ ਵਿੱਚ ਹੋਣਗੇ ਭਾਵ
ਸਾਡੇ ਸੁਭਾਅ ਵਿੱਚ ਹੋਣਗੇ ਤਾਂ ਕੁਦਰਤੀ ਗੱਲ ਹੈ ਬੰਦਾ ਨਿਯਮ ਵਿੱਚ ਚੱਲਣ ਦਾ ਯਤਨ ਕਰੇਗਾ। ਮਾਲਕ
ਗਲ਼ ਵਿੱਚ ਹੋਣ ਦਾ ਅਰਥ ਹੈ ਹਰ ਵੇਲੇ ਨਿਯਮ, ਭੈ ਭਾਵਨੀ ਵਿੱਚ ਚਲਣਾ। ਜਿਸ ਤਰ੍ਹਾਂ ਸਿਆਲਾਂ ਦਿਆਂ
ਦਿਨਾਂ ਵਿੱਚ ਸਬਜ਼ੀਆਂ ਤੇ ਫੁੱਲਾਂ ਦੀ ਪਨੀਰੀ ਨੂੰ ਜਾਂ ਕਿਸੇ ਹੋਰ ਫ਼ਲ਼ਦਾਰ ਬੂਟੇ ਆਦਿ ਨੂੰ ਕੋਰੇ
ਤੋਂ ਬਚਾਉਣਾ ਹੋਵੇ ਤਾਂ ਉਸ ਉੱਪਰ ਛੌਰਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਇਹਨਾਂ ਬੂਟਿਆਂ ਨੂੰ ਕੋਰੇ
ਤੋਂ ਬਚਾਇਆ ਜਾ ਸਕੇ। ਏਸੇ ਤਰ੍ਹਾਂ ਹੀ ਸ਼ਬਦ ਦੀ ਸਮਝ ਆਉਣ ਨਾਲ ਮਨ ਨੂੰ ਕਠੋਰਤਾ ਤੋਂ ਬਚਾਇਆ ਜਾ
ਸਕਦਾ ਹੈ।
ਜਦੋਂ ਮਨ ਪ੍ਰਭੂ ਚਰਨਾ ਵਿੱਚ ਜੁੜਦਾ ਹੈ ਤਾਂ ਨਵੀਆਂ ਨਵੀਆਂ ਖੋਜਾਂ ਜਨਮ
ਲੈਂਦੀਆਂ ਹਨ। ਪਰਵਾਰ, ਸਮਾਜ ਤੇ ਦੇਸ ਤਰੱਕੀਆਂ ਦੀਆਂ ਲੀਹਾਂ `ਤੇ ਚਲਦਾ ਹੈ। ਰੱਬ ਜੀ ਨਾਲ ਮਨ
ਜੁੜਨ ਦਾ ਅਰਥ ਇਹ ਨਹੀਂ ਕਿ ਕੇਵਲ ਸਮਾਧੀ ਲਗਾ ਕੇ ਚੁੱਪ-ਚਾਪ ਬੰਦਾ ਬੈਠਾ ਰਹੇ। ਕੇਵਲ ਅੱਖਾਂ ਮੀਟ
ਲੈਣੀਆਂ ਜਾਂ ਖੋਲ੍ਹ ਲੈਣੀਆਂ ਨੂੰ ਜੁੜਿਆ ਹੋਇਆ ਨਹੀਂ ਕਿਹਾ ਜਾ ਸਕਦਾ। ਰੱਬੀ ਗੁਣਾਂ ਨਾਲ ਜੁੜਨ
ਨਾਲ ਆਤਮਿਕ ਸੂਝ ਜਨਮ ਲੈਂਦੀ ਹੈ ਤੇ ਰੱਬ ਜੀ ਦੇ ਦੀਦਾਰ ਦੀ ਤਾਂਘ ਉਪਜਦੀ ਹੈ। ਭਾਵ ਮੇਹਨਤ ਕਰਕੇ
ਨਿਸ਼ਾਨੇ `ਤੇ ਪਹੁੰਚਣ ਦੀ ਤਾਂਘ ਹੀ ਰੱਬ ਜੀ ਦਾ ਦੀਦਾਰ ਹੈ। ਇਸ ਵਿੱਚ ਹੰਕਾਰ, ਲੋਭ-ਲਾਲਚ ਵਾਲੀਆਂ
ਬਿਰਤੀਆਂ ਸਦਾ ਲਈ ਕਿਨਾਰਾ ਕਰੀ ਰੱਖਦੀਆਂ ਹਨ—
ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ਨਾਹੁ।।
ਰੱਬ ਜੀ ਦੇ ਗੁਣਾਂ ਨਾਲ ਸਾਂਝ ਹੈ ਤਾਂ ਕਿਸੇ ਚੀਜ਼ ਦਾ ਸਹਿੰਸਾ ਸਹਿਮ ਨਹੀਂ
ਰਹਿੰਦਾ। ਕਿਸੇ ਮੇਲੇ ਵਿੱਚ ਇੱਕ ਪੋਤਾ ਆਪਣੇ ਦਾਦਾ ਜੀ ਦਾ ਹੱਥ ਫੜ ਕੇ ਮੇਲਾ ਦੇਖਦਾ ਹੈ।
ਰੰਗ–ਬਰੰਗੀਆਂ ਚੀਜ਼ਾਂ ਉਸ ਨੂੰ ਬਹੁਤ ਖੂਬਸੂਰਤ ਲੱਗਦੀਆਂ ਹਨ। ਦਾਦੇ ਨੇ ਆਪਣੇ ਪੋਤੇ ਨੂੰ ਕੁੱਝ
ਖਿਡਾਉਣੇ ਵੀ ਲੈ ਕੇ ਦਿੱਤੇ ਹਨ ਕੁੱਝ ਖਾਣ ਲਈ ਵੀ ਲੈ ਕੇ ਦਿੱਤਾ ਹੈ। ਬੱਚੇ ਨੂੰ ਇਹ ਸਾਰਾ ਕੁੱਝ
ਬਹੁਤ ਚੰਗਾ ਲੱਗਦਾ ਹੈ। ਅਚਾਨਕ ਭੀੜ ਵਿੱਚ ਬੱਚੇ ਕੋਲੋਂ ਦਾਦੇ ਦਾ ਹੱਥ ਛੁੱਟਣ ਕਰਕੇ ਬੱਚਾ ਰੋਣ
ਲੱਗ ਪੈਂਦਾ ਹੈ। ਲੋਕ ਉਸ ਨੂੰ ਪਰਚਾਉਣ ਦਾ ਯਤਨ ਕਰਦੇ ਹਨ ਹੋਰ ਖਿਡਾਉਣੇ ਲੈ ਕੇ ਦੇਣ ਦਾ ਯਤਨ ਕਰਦੇ
ਹਨ ਪਰ ਬੱਚਾ ਇਕੋ ਗੱਲ ਹੀ ਕਰੀ ਜਾ ਰਿਹਾ ਹੈ ਕਿ ਮੇਰੇ ਦਾਦਾ ਜੀ ਕਿੱਥੇ ਹਨ। ਮੈਨੂੰ ਮੇਰੇ ਦਾਦਾ
ਜੀ ਨਾਲ ਮਿਲਾਓ। ਇੰਜ ਹੀ ਜੇ ਸਾਡੇ ਮਨ ਵੀ ਰੱਬੀ ਗੁਣਾਂ ਦਾ ਹੱਥ ਫੜੀ ਰੱਖੇਗਾ, ਤਾਂ ਸਾਰੀਆਂ
ਚੀਜ਼ਾਂ ਸੁੱਖਦਾਇਕ ਹੁੰਦੀਆਂ ਹਨ ਤੇ ਮਨ ਵਿਕਾਰਾਂ ਵਲ ਨਹੀਂ ਦੋੜਦਾ। ਮੇਲਾ ਵੀ ਓਨਾ ਚਿਰ ਹੀ ਸੋਹਣਾ
ਲੱਗਦਾ ਹੈ ਜਿੰਨਾ ਚਿਰ ਦਾਦੇ ਦਾ ਹੱਥ ਫੜਿਆ ਹੋਇਆ ਹੈ ਨਹੀਂ ਤਾਂ ਮੇਲਾ ਵੀ ਦੁਖਦਾਈ ਲੱਗਦਾ ਹੈ।
ਰੱਬੀ ਗੁਣਾਂ ਨੂੰ ਪਕੜਨ ਵਾਲੇ ਨੂੰ ਹੀ ਸੰਸਾਰ ਸੋਹਣਾ ਲੱਗਦਾ ਹੈ।
ਵਿਹਾਰਕ ਪੱਖ ਸਮਝ ਆਉਂਦਾ ਹੈ ਕਿ ਜਦੋਂ ਆਪਣੇ ਕੰਮ ਦੀ ਸਮਝ ਆਉਂਦੀ ਹੈ ਤਾਂ
ਓਦੋਂ ਗੈਰ ਕੁਦਰਤੀ ਕੰਮ ਨਹੀਂ ਕਰੇਗਾ। ਆਮ ਦੇਖਿਆ ਜਾਂਦਾ ਹੈ ਕਿ ਸਵੇਰੇ ਸਵੇਰੇ ਦੁਕਾਨਦਾਰ ਆਪਣੀ
ਦੁਕਾਨ ਦੀ ਸਫ਼ਾਈ ਕਰਦਾ ਹੈ ਤੇ ਕੂੜਾ ਸੜਕ `ਤੇ ਹੀ ਸੁੱਟ ਦੇਂਦਾ ਹੈ। ਉਂਝ ਉਸ ਨੇ ਆਪਣੀ ਦੁਕਾਨ
ਵਿੱਚ ਸੁਖਮਨੀ ਬਾਣੀ ਦੀ ਕੈਸਟ ਵੀ ਲਗਾਈ ਹੁੰਦੀ ਹੈ ਪਰ ਸੁਭਾਅ ਸੁਖਮਨੀ ਵਾਲਾ ਨਹੀਂ ਬਣ ਸਕਿਆ।
ਸ੍ਰ, ਕੁਲਬੀਰ ਸਿੰਘ ਜੀ ਕੋੜਾ ਨੇ ਲਿਖਿਆ ਹੈ ਕਿ ਸੰਗਤ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚੋਂ ਸਵੇਰ ਦੇ
ਦੀਵਾਨ ਦੀ ਸਮਾਪਤੀ ਕਰਕੇ ਆਪਣੇ ਘਰਾਂ ਨੂੰ ਜਾ ਰਹੀ ਹੈ। ਸੰਗਤ ਹੱਥਾਂ ਵਿੱਚ ਕੜਾਹ ਪ੍ਰਸ਼ਾਦ ਚੁੱਕੀ
ਆਪਣੈ ਘਰਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਦੀ ਜਾ ਰਹੀ ਹੈ। ਰਾਹ ਵਿੱਚ ਪੁਲੀਸ ਨੇ ਇੱਕ ਨੌਜਵਾਨ
ਸ਼ਹੀਦ ਕੀਤਾ ਹੋਇਆ ਹੈ। ਸਾਰੇ ਦੇਖੀ ਜਾ ਰਹੇ ਹਨ, ਕੋਲੋਂ ਦੀ ਲੰਘ ਰਹੇ ਹਨ ਪਰ ਕਿਸੇ ਨੇ ਵੀ ਕੋਈ
ਹਾਅ ਦਾ ਨਾਅਰਾ ਨਹੀਂ ਮਾਰਿਆ। ਇਸ ਦਾ ਅਰਥ ਹੈ ਕਿ ਵਾਹਗੁਰੂ ਵਾਹਗੁਰ ਕਰੀ ਤਾਂ ਜਾ ਰਹੇ ਹਨ ਪਰ
ਅੰਦਰੋਂ ਵਾਹਗੁਰੂ ਵਾਲੇ ਗੁਣਾਂ ਨਾਲ ਸਾਂਝ ਨਹੀਂ ਹੈ। ਧਰਮੀ ਹੋਣ ਦਾ ਵਿਖਾਵਾ ਕਰਨ ਵਾਲਿਆਂ ਪਾਸ
ਅਣਖ ਗ਼ੈਰਤ ਵਰਗੀ ਤਾਕਤ ਖਤਮ ਹੋ ਗਈ ਹੈ। ਕੇਵਲ ਧਰਮ ਦੀਆਂ ਰਸਮਾਂ ਹੀ ਪੂਰੀਆਂ ਕੀਤੀਆਂ ਜਾ ਰਹੀਆਂ
ਹਨ। ਜ਼ੁਲਮ ਦੇ ਵਿਰੁੱਧ ਕੋਈ ਰੋਸ ਧਰਨਾ ਦੇਣਾ ਜਾਂ ਅਵਾਜ਼ ਉਠਾਉਣ ਤੋਂ ਵੀ ਨਾਮ ਜੱਪ ਰਹੀ ਸੰਗਤ
ਕਿਨਾਰਾ ਕਰ ਗਈ। ਇਸ ਦਾ ਅਰਥ ਹੈ ਕਿ ਸਾਲਾਂ ਸਾਲ ਤੋਂ ਗੁਰਦੁਆਰੇ ਜਾ ਤਾਂ ਰਹੇ ਹਾਂ ਪਰ ਕਠੋਰਤਾ
ਖਤਮ ਨਹੀਂ ਹੋਈ ਤੇ ਨਾ ਹੀ ਮਨ ਗੁਰੂ ਦੇ ਚਰਨਾ ਵਿੱਚ ਜੁੜਿਆ ਹੈ—ਗੁਰਦੇਵ ਪਿਤਾ ਜੀ ਫਰਮਾਉਂਦੇ ਹਨ
ਕਿ ਮਨ ਚਰਨ ਕਮਲਾਂ ਨਾਲ ਜੁੜ ਜਾਏ ਤਾਂ ਮਨ ਵਿੱਚ ਚਾਓ ਪੈਦਾ ਹੁੰਦਾ ਹੈ ਕੰਮ ਕਰਨ ਦੀ ਚਾਹਨਾ ਪੈਦਾ
ਹੁੰਦਾ ਹੈ—
ਮਨੁ ਬੇਧਿਆ ਚਰਨਾਰਬਿੰਦ, ਦਰਸਨਿ ਲਗੜਾ ਸਾਹੁ।।
ਅੱਖਰੀਂ ਅਰਥ--
ਜਿਸਦੀ ਬ੍ਰਿਤੀ ਪ੍ਰਭੂ ਦੇ
ਦੀਦਾਰ ਦੀ ਤਾਂਘ ਵਿੱਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿੱਝਾ
ਰਹਿੰਦਾ ਹੈ।
ਵਿਚਾਰ ਤੇ ਵਿਹਾਰਕ ਪੱਖ--ਜਦੋਂ ਮਨ ਗੁਰੂ ਜੀ ਦੇ ਚਰਨ ਕਮਲਾਂ ਵਿੱਚ
ਵਿੱਝ ਜਾਂਦਾ ਹੈ ਤਾਂ ਓਦੋਂ ਰੱਬ ਜੀ ਦੇ ਦਰਸ਼ਨਾ ਦੀ ਚਾਹਨਾ ਪੈਦਾ ਹੁੰਦੀ ਹੈ। ਹੁਣ ਇਸ ਤੁਕ ਦੇ
ਵਿਹਾਰਕ ਪੱਖ ਪ੍ਰਗਟ ਹੰਦਾ ਹੈ ਕਿ ਜਦੋਂ ਆਪਣੇ ਕੰਮ ਦੀ ਸਮਝ ਆਉਂਦੀ ਹੈ ਓਦੋਂ ਮਨ ਵਿੱਚ ਕੁੱਝ ਕਰਨ
ਦੀ ਲਗਨ ਪੈਦਾ ਹੁੰਦੀ ਹੈ, ਉਤਸ਼ਾਹ ਜਨਮ ਲੈਂਦਾ ਹੈ। ‘ਦਰਸਨਿ ਲਗੜਾ ਸਾਹੁ` ਦਾ ਮੰਤਵ ਮੰਜ਼ਿਲ ਦੀ
ਪ੍ਰਾਪਤੀ ਦੇਖਣੀ ਹੁੰਦੀ ਹੈ। ਇੱਕ ਵਿਦਿਆਰਥੀ ਇਸ ਲਈ ਮਿਹਨਤ ਕਰਦਾ ਹੈ ਕਿ ਮੈਂ ਬੀ ਕਾਮ ਵਿੱਚ
ਦਾਖਲਾ ਲੈਣਾ ਹੈ। ਮਨ ਮਾਰ ਕੇ ਕੀਤੀ ਪੜ੍ਹਾਈ ਦੁਆਰਾ ਹੀ ਬੀ. ਕਾਮ ਵਿੱਚ ਦਾਖਲਾ ਮਿਲਦਾ ਹੈ ਤੇ ਇਹ
ਵਿਦਿਆਰਥੀ ਦੀ ਪ੍ਰਾਪਤੀ ਹੈ। ਕਾਰੀਗਰ ਕੋਈ ਮਨ ਮਾਰ ਕੇ ਪੁਰਜ਼ੇ ਤਿਆਰ ਕਰਦਾ ਹੈ ਤਾਂ ਕਿ ਇਹ ਕਿਸੇ
ਦੇ ਕੰਮ ਆ ਸਕਣ। ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਿੱਚ ਜਦੋਂ ਕਿਸਾਨ ਮੇਲਾ ਲਗਦਾ ਹੈ ਤਾਂ ਹਰ
ਖੇਤਰ ਦੇ ਖੋਜੀ ਆਪਣੀ ਆਪਣੀ ਖੋਜ ਲੈ ਕੇ ਆਉਂਦੇ ਹਨ ਤਾਂ ਕਿ ਸਾਡੀ ਖੋਜ ਦਾ ਲੋਕਾਂ ਨੂੰ ਜਿੱਥੇ
ਫਾਇਦਾ ਹੋਏਗਾ ਓੱਥੇ ਸਾਨੂੰ ਆਰਥਿਕ ਲਾਭ ਵੀ ਹੋਏਗਾ। ਖੇਤੀਬਾੜੀ ਯੂਨੀਵਰਸਟੀ ਵਿੱਚ ਡਾਕਟਰ ਖੋਜ
ਕਰਕੇ ਕੁੱਝ ਦੇਖਣਾ ਚਹੁੰਦੇ ਹਨ ਕਿ ਲੋਕਾਂ ਨੂੰ ਇਸ ਖੋਜ ਦਾ ਵੱਧ ਤੋਂ ਵੱਧ ਕਿਦਾਂ ਫਾਇਦਾ ਹੁੰਦਾ
ਹੈ। ਇੰਜ ਆਖੀਏ ਮਨ ਮਾਰ ਕੇ ਕੀਤੀ ਹੋਈ ਮਿਹਨਤ ਹੀ ਮੰਜ਼ਿਲ ਦਿਖਾਉਂਦੀ ਹੈ।
“ਮਨੁ ਬੇਧਿਆ ਚਰਨਾਰਬਿੰਦ”
ਖੁਭ ਕੇ ਮਿਹਨਤ ਕਰਨੀ ਤੇ
“ਦਰਸਨਿ ਲਗੜਾ ਸਾਹੁ”।।
ਕੀਤੀ ਹੋਈ ਮੇਹਨਤ ਦਾ ਸਫਲ ਨਤੀਜਾ ਦੇਖਣਾ ਇਸ ਤੁਕ ਦਾ
ਵਿਹਾਰਕ ਪੱਖ ਦਿਖਾਈ ਦੇਂਦਾ ਹੈ ਹੋਰ ਰੱਬ ਜੀ ਕੋਈ ਦੇਖਣ ਵਾਲੀ ਸ਼ੈਅ ਨਹੀਂ ਹੈ।
ਇਸ ਪਉੜੀ ਦੀ ਤੀਜੀ ਤੁਕ ਵਿਚ
ਓਟ ਗੋਵਿੰਦ ਗੋਪਾਲਰਾਇ, ਸੇਵਾ ਸੁਆਮੀ ਲਾਹੁ।।
ਅੱਖਰੀਂ ਅਰਥ--
ਜਿਸ
ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ
ਹੈ।
ਵਿਚਾਰ ਤੇ ਵਿਹਾਰਕ ਪੱਖ--
ਇਸ
ਤੁਕ ਵਿਚੋਂ ਲਾਭ ਲੈਣ ਦੀ ਗੱਲ ਕੀਤੀ ਗਈ ਹੈ। ਅਰਥ ਜਿਸ ਜੀਵ ਰੂਪੀ ਇਸਤ੍ਰੀ ਨੇ ਰੱਬ ਜੀ ਦਾ ਆਸਰਾ
ਲਿਆ ਹੈ ਉਸ ਨੇ ਆਪਣੇ ਜੀਵਨ ਵਿੱਚ ਲਾਭ ਪ੍ਰਾਪਤ ਕਰ ਲਿਆ ਹੈ। ਕਬੀਰ ਸਾਹਿਬ ਜੀ ਭੈਰਉ ਰਾਗ ਵਿੱਚ
ਬੜਾ ਪਿਆਰਾ ਸਮਝਾਉਂਦੇ ਹਨ ਕਿ ਆਪਣੇ ਜੀਵਨ ਵਿਚੋਂ ਰਬ ਜੀ ਦਾ ਨਾਮ ਨਹੀਂ ਭਲਾਉਣਾ ਚਾਹੀਦਾ ਤੇ ਇਹ
ਰੱਬ ਜੀ ਨਾਂ ਨਾ ਭੁੱਲਣਾ ਹੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ—
ਭਜਹੁ ਗ+ਬਿੰਦ, ਭੂਲਿ ਮਤ ਜਾਹੁ।। ਮਾਨਸ ਜਨਮ ਕਾ ਏਹੀ ਲਾਹੁ।।
ਬਾਣੀ ਕਬੀਰ ਜੀ ਕੀ ਪੰਨਾ ੧੧੫੯
ਅੱਖਰੀਂ ਅਰਥ--
ਹੇ
ਭਾਈ! ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ। ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ
ਹੈ।
ਚੰਗੇ ਤੇ ਮੰਦੇ ਦੋ ਕਰਮ ਸੰਸਾਰ ਵਿੱਚ ਚਲਦੇ ਹਨ। ਚੰਗੇ ਕਰਮ ਮਨੁੱਖ ਦੀ
ਤਰੱਕੀ ਦਾ ਰਾਹ ਖੋਲ੍ਹਦੇ ਹਨ ਜਦ ਕਿ ਮੰਦੇ ਕਰਮ ਮਨੁੱਖ ਨੂੰ ਸ਼ਰਮਸਾਰ ਹੀ ਨਹੀਂ ਕਰਦੇ ਸਗੋਂ ਜ਼ਿੰਦਗੀ
ਵਿੱਚ ਬਹੁਤ ਵੱਡੀ ਰੁਕਾਵਟ ਵੀ ਬਣਦੇ ਹਨ। ਏੱਥੇ ਰਬ ਜੀ ਦਾ ਓਟ ਆਸਰਾ ਲੈਣ ਤੋਂ ਮੁਰਾਦ ਹੈ ਸੰਤੋਖ
ਧੀਰਜ ਵਰਗੀਆਂ ਸਚਾਈਆਂ ਨਾਲ ਨਾਤਾ ਜੋੜਨਾ ਹੈ। ਇਹ ਸੰਤੋਖ ਹੀ ਜੀਵਨ ਵਿੱਚ ਲਾਭ ਦੇਂਦਾ ਹੈ। ਹੇਰਾ
ਫੇਰੀਆਂ ਖਤਮ ਹੁੰਦੀਆਂ ਹਨ।
ਸੁ ਇਸ ਤੁਕ ਵਿਚੋਂ ਇਹ ਸਮਝ ਆਉਂਦੀ ਹੈ ਕਿ ਓਟ ਗੋਵਿੰਦ ਗੋਪਾਲ ਰਾਇ ਦਾ
ਆਸਰਾ ਭਾਵ ਸ਼ੁਭ ਗੁਣਾਂ ਦਾ ਆਸਰਾ ਲਿਆਂ ਹੀ ਲਾਭ ਦੀ ਪਰਾਪਤੀ ਹੁੰਦੀ ਹੈ।
ਇਸ ਪਉੜੀ ਦੀ ਅਗਲ਼ੀ ਤੁਕ ਵਿੱਚ ਗੁਰਦੇਵ ਪਿਤਾ ਜੀ ਹੋਰ ਪਿਆਰਾ ਉਪਦੇਸ਼ ਸਮਝਾ
ਰਹੇ ਹਨ ਕਿ—
ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ।।
ਅੱਖਰੀਂ ਅਰਥ--
ਮਾਇਆ
ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਚੁੱਭੀ ਲਾਈ
ਹੈ।
ਵਿਚਾਰ ਤੇ ਵਿਹਾਰਕ ਪੱਖ—ਧਰਮ ਦੀ ਦੁਨੀਆਂ ਵਿੱਚ ਸਮਝਿਆ ਗਿਆ ਹੈ ਕਿ
ਕੋਈ ਖਾਸ ਪਹਿਰਾਵੇ ਵਾਲਾ ਸਾਧੂ ਹੋਵੇ ਤੇ ਉਸ ਨਾਲ ਮਿਲ਼ ਕੇ ਗੁਣਾਂ ਦਾ ਗਾਹ ਪਾਇਆ ਜਾਏ ਫਿਰ ਮਨੁੱਖ
ਦੇ ਨੇੜੇ ਬਿਖਿਆ ਨਹੀਂ ਢੁੱਕੇਗੀ। ਗੁਰਬਾਣੀ ਵਿੱਚ ਸਾਧੂ ਜਾਂ ਸੰਤ ਸ਼ਬਦ ਜਦੋਂ ਵੀ ਵਰਤਿਆ ਗਿਆ ਹੈ
ਓਦੋਂ ਹੀ ਜਨ ਸਧਾਰਨ ਬਿਰਤੀ ਨੇ ਇਹ ਸਮਝ ਲਿਆ ਹੈ ਕਿ ਸ਼ਾਇਦ ਸਾਡੇ ਇਲਾਕੇ ਦਾ ਕੋਈ ਸਾਧੂ ਹੋਵੇ ਉਹਦੇ
ਪਰਵਚਨਾਂ ਨਾਲ ਹੀ ਸਾਡੇ ਘਰ ਦਾ ਪਾਰ ਉਤਾਰਾ ਹੋ ਜਾਣਾ ਹੈ। ਇਹ ਵੀ ਸਮਝਿਆ ਗਿਆ ਹੈ ਕਿ ਜਿਸ ਨੇ ਖਾਸ
ਕਿਸਮ ਦਾ ਪਹਿਰਾਵਾ ਪਾ ਲਿਆ ਹੋਵੇ ਉਹ ਰੱਬ ਜੀ ਦੇ ਬਹੁਤ ਨੇੜੇ ਹੁੰਦਾ ਹੈ ਤੇ ਉਸ ਦੀ ਪੂਜਾ ਕੀਤਿਆਂ
ਸਾਨੂੰ ਸਵਰਗ ਮਿਲਣਾ ਹੈ। ਬਸ ਏਸੇ ਆਸ ਨਾਲ ਡੇਰਿਆਂ ਦੀ ਦਿਨ ਦੁਗਣੀ ਤੇ ਰਾਤ ਚਾਰ ਗੁਣੀ ਤਰੱਕੀ ਹੋ
ਰਹੀ ਹੈ। ਔਖਤੀ ਸਾਧੂਆਂ ਦੀ ਪੂਜਾ ਕਰਕੇ ਮਨੁੱਖ ਆਪਣਾ ਸੁਭਾਅ ਜਾਂ ਕਰਮ ਬਦਲਣ ਲਈ ਤਿਆਰ ਨਹੀਂ
ਹੁੰਦਾ। ਮਨ ਵਿੱਚ ਪੱਕਾ ਵਿਸ਼ਵਾਸ ਬਣ ਗਿਆ ਕਿ ਸਿਰਫ ਸਾਧੂ ਦੀ ਸੰਗਤ ਕਰਨ ਨਾਲ ਹੀ ਸਾਨੂੰ ਸਿਧੀਆਂ
ਪ੍ਰਾਪਤ ਹੋ ਜਾਣੀਆਂ ਹਨ। ਅਜੇਹੀਆਂ ਤੁਕਾਂ ਦੇ ਭਾਵ ਅਰਥਾਂ ਨੂੰ ਨਾ ਸਮਝਣ ਕਰਕੇ ਹੀ ਡੇਰੇ ਸਥਾਪਿਤ
ਹੋ ਗਏ ਹਨ। ਇਸ ਦਾ ਭਾਵ ਅਰਥ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਧਾਰਨੀ ਹੋਈਏ
ਤਾਂ ਸਾਡੇ ਨੇੜੇ ਵਿਕਾਰ ਨਹੀਂ ਆ ਸਕਦੇ। ਜੇ ਇਹਨਾਂ ਵਿਚਾਰਾਂ ਦਾ ਵਿਹਾਰਕ ਪੱਖ ਲਵਾਂਗੇ ਤਾਂ ਸਮਝ
ਆਉਂਦੀ ਹੈ ਉਸਤਾਦ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਹੋਵੇ ਤਾਂ ਬੰਦਾ ਜ਼ਿੰਦਗੀ ਵਿੱਚ ਮਾਰ ਨਹੀਂ
ਖਾਂਦਾ। ਮੰਨ ਲਓ ਬੰਦਾ ਕਿਸੇ ਸੈਮੀਨਾਰ ਵਿੱਚ ਗਿਆ ਹੈ ਓੱਥੇ ਏਡਜ਼ ਸਬੰਧੀ ਖੁਲ੍ਹ ਕੇ ਵਿਚਾਰਾਂ
ਹੋਈਆਂ ਹਨ, ਸੈਮੀਨਾਰ ਵਿੱਚ ਸ਼ਾਮਿਲ ਹੋਏ ਬੰਦੇ ਨੂੰ ਪੂਰੀ ਸਮਝ ਆ ਗਈ ਕਿ ਮਨੁੱਖਾ ਜੀਵਨ ਬਹੁਤ
ਕੀਮਤੀ ਹੈ ਇਸ ਲਈ ਏਡਜ਼ ਦੇ ਜਿੰਨੇ ਵੀ ਕਾਰਨ ਹਨ ਉਹਨਾਂ ਤੋਂ ਬਚਿਆ ਜਾਏ ਤਾਂ ਚੰਗਾ ਹੈ। ਇਸ ਨੂੰ
ਕਿਹਾ ਜਾ ਸਕਦਾ ਹੈ ਕਿ ਮਨੁੱਖ ਨੇ ਵਿਦਵਾਨ ਲੇਖਕ ਜਾਂ ਬੁਲਾਰੇ ਪਾਸੋਂ ਸਿੱਖਿਆ ਲੈ ਕੇ ਵਿਕਾਰਾਂ
ਕੋਲੋਂ ਆਪਣਾ ਬਚਾ ਕਰ ਲਿਆ ਹੈ।
ਗੁਰਬਾਣੀ ਵਿੱਚ ਹੋਰ ਵਾਕ ਵੀ ਧਿਆਨ ਵਿੱਚ ਲਿਆਉਣ ਦੀ ਲੋੜ ਹੈ ਜੇਹਾ ਕਿ—
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ।।
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ।। ੧।।
ਸਿਰੀ ਰਾਗੁ ਮਹਲਾ ੫ ਪੰਨਾ ੪੬
ਅੱਖਰੀਂ ਅਰਥ--
ਗੁਰੂ
ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ
ਜਾਂਦੀ ਹੈ), ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ, ਸਦਾ-ਥਿਰ
ਪ੍ਰਭੂ ਦੇ ਪਵਿਤ੍ਰ ਨਾਮ ਵਿੱਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ।
ਗੱਲ ਤੇ ਗੁਣਾਂ `ਤੇ ਹੀ ਆ ਕੇ ਮੁੱਕਣੀ ਹੈ। ਸਾਧੂ ਨੂੰ ਮਿਲ ਕੇ ਨਿੱਤ
ਗੋਵਿੰਦ ਦੇ ਗੁਣ ਵਰਤਣ ਨਾਲ ਅੰਦਰ ਇਕਸਾਰਤਾ ਆਉਂਦੀ ਹੈ। ਗੁਰਦੇਵ ਪਿਤਾ ਜੀ ਦਾ ਹੋਰ ਵਾਕ ਹੈ ਕਿ
ਜਿੱਥੇ ਵੀ ਸਾਧੂ ਭਾਵ ਰੱਬੀ ਗੁਣਾਂ ਦਾ ਵਾਸਾ ਹੁੰਦਾ ਹੈ ਓੱਥੇ ਕਿਸੇ ਵਿਕਾਰ ਦਾ ਕੋਈ ਅਸਰ ਨਹੀਂ
ਹੁੰਦਾ—
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ।।
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ।। ੧।।
ਪੰਨਾ ੨੫੬
ਅੱਖਰੀਂ ਅਰਥ--
ਹੇ
ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ,
ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ। (ਜੇ ਤੁਸੀ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ
ਬਚਾਂਗਾ, ਨਾਹ ਤੁਸੀ ਬਚੋਗੇ। ੧। ਵਿਹਾਰਕ ਪੱਖ ਕਿ
ਸਿਆਣੇ ਦੀ ਗੱਲ ਸੁਣਨ ਨਾਲ ਬੰਦਾ ਕੁਰਾਹੇ ਨਹੀਂ ਪੈਂਦਾ। ਘਰ ਵਿੱਚ ਵੀ ਸਿਆਣੇ ਬਜ਼ੁਰਗਾਂ ਦੀ ਜ਼ਿੰਦਗੀ
ਦੇ ਤਜ਼ਰਬੇ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ।
ਇਕ ਹੋਰ ਵਿਚਾਰ ਹੈ—
ਸਾਧੂ ਸੰਗਤਿ ਦੀਓ ਰਲਾਇ।। ਪੰਚ ਦੂਤ ਤੇ ਲੀਓ ਛਡਾਇ।।
ਬਾਣੀ ਕਬੀਰ ਜੀਓ ਕੀ ਪੰਨਾ ੩੩੧
ਪਉੜੀ ਦੀ ਅਗਲੀ ਤੁਕ ਵਿਚ—
ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ ਸਮਾਹੁ।।
ਅੱਖਰੀਂ ਅਰਥ—
ਜਿਸ
ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿੱਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ
ਪ੍ਰੀਤ ਵਿੱਚ ਲੱਗੀ ਰਹਿੰਦੀ ਹੈ।
ਵਿਚਾਰ ਤੇ ਵਿਹਾਰਕ ਪੱਖ--ਗੁਰਬਾਣੀ ਦਾ ਇੱਕ ਪਿਆਰਾ ਵਾਕ ਹੈ ਕਿ ਹੇ ਬੰਦੇ
ਤੂੰ ਆਪਣਾ ਮੂਲ ਕਿਉਂ ਨਹੀਂ ਪਛਾਣਦਾ—
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ
।। ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ।।
ਪੰਨਾ ੪੪੧
ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ
(ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ,
ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ
ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ
ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।
ਜਦੋਂ ਜੀਵ ਰੂਪੀ ਇਸਤ੍ਰੀ ਨੇ ਅਸਲੀਅਤ ਦੀ ਪਛਾਣ ਕਰ ਲਈ ਤਾਂ ਇਹ ਜੀਵ ਰੂਪੀ
ਇਸਤ੍ਰੀ ਫਿਰ ਕਦੇ ਵੀ ਨਕਲੀ ਜੀਵਨ ਵਲ ਨਹੀਂ ਆਏਗੀ। ਇਸ ਦਾ ਬੜਾ ਸਿੱਧਾ ਸਾਧਾ ਉੱਤਰ ਹੈ ਰੱਬ ਜੀ ਦਾ
ਗੁਣ ਸੰਤੋਖ ਹੈ ਤੇ ਇਹ ਗੁਣ ਮਨੁੱਖ ਵਿੱਚ ਵੀ ਆਏਗਾ। ਰੱਬ ਜੀ ਇੱਕ ਹਨ ਮਨੁੱਖ ਵੀ ਅੰਦਰੋਂ ਬਾਹਰੋਂ
ਇੱਕ ਹੋਏਗਾ। ਅੱਜ ਜਦੋਂ ਪੰਜਾਬ ਵਿੱਚ ਆਮ ਧਾਰਨਾ ਦੇਖਦੇ ਹਾਂ ਕਿ ਘਰਾਂ ਵਿੱਚ ਅਖੰਡਪਾਠ ਕਰਾਇਆ
ਜਾਂਦਾ ਹੈ ਤੇ ਪਿੰਡ ਵਿੱਚ ਮਿੱਟੀ ਦੀ ਢੇਰੀ ਇਕੱਠੀ ਕਰਕੇ ਬਣਾਈ ਹੋਈ ਮੱਠੀ ਤੇ ਵੀਰਵਾਰ ਨੂੰ ਦੀਵਾ
ਵੀ ਜਗਾਇਆ ਜਾ ਰਿਹਾ ਹੈ। ਜੇ ਕਰ ਗੁਰਬਾਣੀ ਸਿਧਾਂਤ ਦੀ ਸਮਝ ਆਉਂਦੀ ਹੈ ਤਾਂ ਫਿਰ ਕਦੇ ਮਿੱਟੀ ਦੀਆਂ
ਢੇਰੀਆਂ ਤੇ ਦੀਵੇ ਨਹੀਂ ਜਗਾਏਗਾ। ਕਬਰਾਂ ਦੀ ਪੂਜਾ ਨਹੀਂ ਕਰੇਗਾ। ਇਸ ਦਾ ਵਿਹਾਰਕ ਪੱਖ ਬਹੁਤ ਸੌਖੀ
ਤਰ੍ਹਾਂ ਸਮਝ ਆਉਂਦਾ ਹੈ ਕਿ ਜਿਹੜੇ ਗੁਣ ਰੱਬ ਜੀ ਵਿੱਚ ਹਨ ਉਹ ਗੁਣ ਗੁਰ ਗਿਆਨ ਰਾਂਹੀ ਸਾਡੇ ਵਿੱਚ
ਵੀ ਆ ਜਾਂਦੇ ਹਨ। ਸੱਚੀ ਪ੍ਰੀਤ ਦਾ ਅਰਥ ਹੈ ਸਿਰ ਜਾਂਦਾ ਹੈ ਤੇ ਜਾਏ ਪਰ ਸਿਧਾਂਤ ਨਾਲ ਸਮਝੌਤਾ
ਨਹੀਂ ਹੋ ਸਕਦਾ। ਸੱਚੀ ਪ੍ਰੀਤ ਹਰ ਵੇਲੇ ਸੱਚ ਬੋਲਣ ਦੀ ਪਰ੍ਰੇਣਾ ਕਰਦੀ ਹੈ।
ਪਉੜੀ ਦੀ ਅਗਲੀ ਤੁਕ—
ਕਰੁ ਗਹਿ ਲੀਨੀੑ ਪਾਰਬ੍ਰਹਮਿ, ਬਹੁੜਿ ਨ ਵਿਛੁੜੀਆਹੁ।।
ਅੱਖਰੀਂ ਅਰਥ—
ਪਾਰਬ੍ਰਹਮ
ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ
ਤੋਂ) ਵਿੱਛੁੜਦੀ ਨਹੀਂ।
ਵਿਚਾਰ ਤੇ ਵਿਹਾਰਕ ਪੱਖ--ਆਮ ਕਰਕੇ ਕਿਹਾ ਜਾਂਦਾ ਹੈ ਕਿ ਰੱਬ ਜੀ ਦਾ
ਸਾਨੂੰ ਹੱਥ ਫੜਨਾ ਚਾਹੀਦਾ ਹੈ। ਸਾਡੇ ਖ਼ਿਆਲ ਅਨੁਸਾਰ ਰੱਬ ਜੀ ਦਾ ਹੱਥ ਫੜਨ ਦੀ ਬਜਾਏ ਸਾਨੂੰ ਆਪਣਾ
ਹੱਥ ਰਬ ਜੀ ਨੂੰ ਫੜਾਉਣਾ ਚਾਹੀਦਾ ਹੈ। ਅਸਲ ਵਿੱਚ ਅਸੀਂ ਰੱਬ ਜੀ ਦਾ ਹੱਥ ਓਦੋਂ ਪਕੜਦੇ ਹਾਂ ਜਦੋਂ
ਸਾਨੂੰ ਕੋਈ ਕੰਮ ਹੁੰਦਾ ਹੈ ਤੇ ਜਦੋਂ ਵਕਤ ਨਿਕਲ ਜਾਂਦਾ ਹੈ ਓਦੋਂ ਅਸੀਂ ਰੱਬ ਜੀ ਦਾ ਹੱਥਛੱਡ
ਦੇਂਦੇ ਹਾਂ। ਕਬੀਰ ਸਾਹਿਬ ਜੀ ਇਸ ਸਬੰਧੀ ਬੜਾ ਪਿਆਰਾ ਵਾਕ ਹੈ—
ਕਬੀਰ ਕਾਮ ਪਰੇ ਹਰਿ ਸਿਮਰੀਐ, ਐਸਾ ਸਿਮਰਹੁ ਨਿਤ।।
ਅਮਰਾਪੁਰ ਬਾਸਾ ਕਰਹੁ, ਹਰਿ ਗਇਆ ਬਹੋਰੈ ਬਿਤ।। ੧੬੩।।
ਸਲੋਕ ਕਬੀਰ ਜੀ ਕੇ ਪੰਨਾ ੧੩੭੩
ਅੱਖਰੀਂ ਅਰਥ--ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ
ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ
ਕਰੋ, ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ);
ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ
ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ।
ਪਾਰਬ੍ਰਹਮ ਜਿਸ ਨੂੰ ਆਪਣੇ ਨਾਲ ਜੋੜ ਲੈਂਦਾ ਫਿਰ ਉਹਨਾਂ ਨੂੰ ਵਿਛੜਨ ਨਹੀਂ
ਦੇਂਦਾ। ਭਾਵ ਉਹ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦੇ। ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਦੀਦਾਰ
ਕਰਨ ਲਈ ਜਾਂਦੇ ਸਨ ਪਰ ਜਦੋਂ ਗੁਰੂ ਸਾਹਿਬ ਜੀ ਦੇ ਵਿਚਾਰ ਸੁਣੇ ਤਾਂ ਦੇਵੀ ਦਾ ਪੱਲਾ ਛਡ ਦਿੱਤਾ
ਗੁਰੂ ਜੀ ਦੇ ਹੋ ਕੇ ਰਹਿ ਗਏ। ਮੁੜ ਦੇਵੀ ਦੇ ਦੀਦਾਰ ਵਲ ਨੂੰ ਨਹੀਂ ਗਏ। ਕਾਲਜ ਵਿੱਚ ਕਈ ਬੱਚੇ
ਦਾਖਲ ਹੁੰਦੇ ਹਨ। ਇਹਨਾਂ ਵਿਚੋਂ ਬੱਚੇ ਖੇਲ ਦੇ ਮੈਦਾਨ ਵਿੱਚ ਵੀ ਜਾਂਦੇ ਹਨ ਤੇ ਕਈ ਬੱਚੇ ਨਾਟਕ
ਆਦਿ ਵਿੱਚ ਵੀ ਹਿੱਸਾ ਲੈਂਦੇ ਹਨ। ਏੱਥੇ ਜਿਹੜਾ ਵਿਦਿਆਰਥੀ ਅਧਿਆਪਕ ਦੀ ਨਿਗਾਹ ਵਿੱਚ ਚੜ੍ਹ ਗਿਆ
ਅਧਿਆਪਕ ਉਸ ਨੂੰ ਥੋੜੀ ਕੀਤਿਆਂ ਕਿਤੇ ਡੋਲਣ ਨਹੀਂ ਦੇਂਦਾ ਭਾਵ ਅਧਿਆਪਕ ਉਸ ਦਾ ਖਾਸ ਧਿਆਨ ਰੱਖਦਾ
ਹੈ। ਏੱਥੇ ਸਾਨੂੰ ਦੁਬਿੱਧਾ ਵਿਚੋਂ ਨਿਕਲਣ ਦਾ ਚਾਨਣ ਮਿਲਦਾ ਹੈ--
ਢਾਢੀ ਕਥੇ ਅਕਥੁ ਸਬਦਿ ਸਵਾਰਿਆ।।
ਨਾਨਕ ਗੁਣ ਗਹਿ ਰਾਸਿ, ਹਰਿ ਜੀਉ ਮਿਲੇ ਪਿਆਰਿਆ।। ੨੩।।
ਮਾਝ ਕੀ ਵਾਰ ਸਲੋਕ ਮ: ੧ ਪੰਨਾ ੧੪੮
ਅੱਖਰੀਂ ਅਰਥ--ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ
(ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ, ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ
ਪ੍ਰਭੂ ਦੇ ਗੁਣ ਗਾਉਂਦਾ ਹੈ, (ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ
ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ। ੨੩।
ਰੱਬ ਜੀ ਦੇ ਗੁਣਾਂ ਦੀ ਸਮਝ ਗੁਰਬਾਣੀ ਵਿਚੋਂ ਆਉਂਦੀ ਹੈ ਤੇ ਇਹਨਾਂ ਗੁਣਾਂ
ਦਾ ਧਾਰਨੀ ਹੋਣਾ ਹੀ ਸਫਲ ਜੀਵਨ ਦੀ ਨਿਸ਼ਾਨੀ ਹੈ—ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ—
ਬਾਰਿ ਜਾਉ ਲਖ ਬੇਰੀਆ, ਹਰਿ ਸਜਣੁ ਅਗਮ ਅਗਾਹੁ।।
ਅੱਖਰੀਂ ਅਰਥ--
ਉਹ
ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ।
ਵਿਚਾਰ ਤੇ ਵਿਹਾਰਕ ਪੱਖ--
ਮੈਂ
ਆਪਣੇ ਸੱਜਣ ਤੋਂ ਕੁਰਬਾਨ ਜਾਂਦਾ ਹਾਂ ਕਿਉਂ ਕਿ ਉਸ ਨੇ ਮੈਨੂੰ ਗੁਣ ਦਿੱਤੇ ਹਨ। ਗੁਰੂ ਨਾਨਕ ਸਾਹਿਬ
ਜੀ ਨੇ ਸੂਹੀ ਰਾਗ ਵਿੱਚ ਬੜਾ ਪਿਆਰਾ ਉਪਦੇਸ਼ ਦਿੱਤਾ ਹੈ ਕਿ ਸਾਡਾ ਸੱਜਣ ਉਹ ਹੋਣਾ ਚਾਹੀਦਾ ਹੈ
ਜਿਹੜਾ ਹਮੇਸ਼ਾ ਸਾਡੇ ਨਾਲ ਰਹੇ—
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ।।
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।। ੧।। ਰਹਾਉ।।
ਅਤੇ ਰਾਗ ਸੂਹੀ ਮਹਲਾ ੧ ਪੰਨਾ ੭੨੮
ਅੱਖਰੀਂ ਅਰਥ--ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ
(ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ
ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ)।
ਅੱਗੇ ਹੋਰ ਗੁਦੇਵ ਜੀ ਫਰਮਾਉਂਦੇ ਹਨ--
ਗੁਣ ਗਾਵਾ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਇ।।
ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣੁ ਹਰਿਗੁਣ ਗਾਇ।।
ਸਿਰੀ ਰਾਗੁ ਮਹਲਾ ੧ ਪੰਨਾ ੪੧
ਅੱਖਰੀਂ ਅਰਥ--ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ
ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ
(ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤਿ ਪੈਦਾ ਕਰ ਸਕਦਾ ਹੈ।
ਮੁਕਦੀ ਗੱਲ ਜਦੋਂ ਰੱਬ ਦੇ ਗੁਣ ਦੀ ਬੰਦਾ ਬਾਂਹ ਫੜ ਲੈਂਦਾ ਹੈ ਤਾਂ ਫਿਰ ਉਸ
ਨੂੰ ਕਿਸੇ ਦੀ ਮੁਥਾਜ਼ਗੀ ਨਹੀਂ ਰਹਿ ਜਾਂਦੀ।
ਇਸ ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਜੀ ਫਰਮਾਉਂਦੇ ਹਨ—
ਸਰਮ ਪਈ ਨਾਰਾਇਣੈ, ਨਾਨਕ ਦਰਿ ਪਈਆਹੁ।।
ਅੱਖਰੀਂ ਅਰਥ--
ਹੇ!
(ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।
ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਆਤਮ ਸਮਰਪਣ ਦੀ ਵਿਚਾਰ ਰੱਖੀ ਗਈ ਹੈ
ਜਿਹੜਾ ਮਨੁੱਖ ਆਪਣੇ ਆਪ ਨੂੰ ਸਮਰਪਣ ਕਰ ਦੇਂਦਾ ਹੈ ਕੁਦਰਤੀ ਉਹ ਕੁੱਝ ਸਿੱਖ ਲੈਂਦਾ ਹੈ। ਅਸੀਂ
ਦੇਖਿਆ ਹੈ ਜਹੜੇ ਬੱਚੇ ਭਾਵਨਾ ਨਾਲ ਕਾਲਜ ਵਿੱਚ ਪੜ੍ਹਾਈ ਕਰਦੇ ਹਨ ਉਹ ਜ਼ਰੂਰ ਕੁੱਝ ਨਾ ਕੁੱਝ
ਪ੍ਰਾਪਤ ਕਰ ਲੈਂਦੇ ਹਨ। ਕੁੱਝ ਵਿਦਿਆਰਥੀ ਬੱਧਾ ਚੱਟੀ ਜੋ ਭਰੇ ਵਾਂਗ ਸਾਰਾ ਸਾਲ ਦੁਬਿਧਾ ਵਿੱਚ ਗਵਾ
ਦੇਂਦੇ ਹਨ ਉਹ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ—
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ।।
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ।। ੩।।
ਸਲੋਕ ਮ: ੨ ਪੰਨਾ ੭੮੭ ਪੰਨਾ ੭੮੭
ਅੱਖਰੀਂ ਅਰਥ--
ਜੋ
ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ। ਹੇ
ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ।
ਕਿਸੇ ਪਾਸੋਂ ਗੁਣ ਲੈਣਾ ਹੈ ਤਾਂ ਨਿੰਮ੍ਰਤਾ ਨਾਲ ਹੀ ਸਿੱਖਿਆ ਜਾ ਸਕਦਾ ਹੈ।
ਕੁੱਝ ਲੋਕ ਸਾਰੀ ਜ਼ਿੰਦਗੀ ਭਰਮਦੇ ਹੀ ਰਹਿੰਦੇ ਹਨ ਉਹ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ-
ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ।।
ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ।। ੫।।
ਅੱਖਰੀਂ ਅਰਥ--
ਹੇ
ਭਾਈ! “ਬਿਕਰਾਲ ਆਸਾ ਕੂਕਰੀ” ਦੇ ਪੰਜੇ ਵਿੱਚ ਫਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ
ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ “ਬਿਕਰਾਲ ਆਸਾ
ਕੂਕਰੀ” ਪਾਸੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! (ਆਖ—ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ
ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ।
ਧਾਰਮਿਕ ਅਸਥਾਨ `ਤੇ ਗਿਆ ਹੋਇਆ ਮਨੁੱਖ ਕਹਿੰਦਾ ਹੈ ਕਿ ਹੇ ਰੱਬ ਜੀ ਇਹ ਮਨ,
ਤਨ ਤੇ ਧਨ ਸਾਰਾ ਕੁੱਝ ਤੇਰਾ ਹੈ-ਪਰ ਰੱਬ ਜੀ ਖਿਆਲ ਰੱਖਿਆ ਜੇ ਇਹ ਤੇ ਸਾਰਾ ਕੁੱਝ ਤੇਰਾ ਹੀ ਹੈ ਪਰ
ਇਹਨਾਂ ਸਾਰੀਆਂ ਵਸਤੂਆਂ ਤੇ ਕਬਜ਼ਾ ਮੇਰਾ ਹੀ ਰਹੇਗਾ
ਪੂਰੀ ਰਹੀ ਜਾ ਪੂਰੈ ਰਾਖੀ।। ਪਾਰਬ੍ਰਹਮ ਕੀ ਸਰਣਿ ਜਨ ਤਾਕੀ।। ੧।।
ਗਉੜੀ ਮਹਲਾ ੫ ਪੰਨਾ ੧੮੮
(
ਪੂਰੇ
ਗੁਰੂ ਦੀ ਮਿਹਰ ਨਾਲ) ਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ
ਲਈ ਰੱਖਿਆ, ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ।
ਸਮਰਪਤ ਭਾਵਨਾ ਵਾਲਾ ਮਨੁੱਖ ਸਦਾ ਤਰੱਕੀਆਂ ਕਰਦਾ ਰਹਿੰਦਾ ਹੈ।
ਇਸ ਪਉੜੀ ਦੀ ਅਖੀਰੀਲੀ ਤੁਕ ਵਿੱਚ ਗੁਰਦੇਵ ਜੀ ਸਮਝਾੳਂਦੇ ਹਨ ਕਿ ਜੇ ਆਪਾ
ਭਾਵ ਮਿਟਾ ਕੇ ਉਸਤਾਦ ਪਾਸੋਂ ਕੁੱਝ ਸਿੱਖਣ ਦਾ ਯਤਨ ਕਰਦਾ ਹੈ ਤਾਂ ਉਸ ਲਈ ਕਠੋਰਤਾ ਲਈ ਕੋਈ ਥਾਂ
ਨਹੀਂ ਰਹਿ ਜਾਂਦਾ—
ਪੋਖੁ ਸ+ਹੰਦਾ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ।।
ਅੱਖਰੀਂ ਅਰਥ--
ਜਿਸ ਉੱਤੇ ਉਹ ਬੇ-ਪਰਵਾਹ
ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ
ਜਾਂਦੇ ਹਨ।
ਵਿਚਾਰ ਤੇ ਵਿਹਾਰਕ ਪੱਖ--
ਸਾਡੀ
ਆਮ ਧਾਰਨਾ ਬਣ ਗਈ ਹੈ ਕਿ ਸਾਨੂੰ ਆਪਣਾ ਸੁਭਾਅ ਤਬਦੀਲ ਕਰਨ ਦੀ ਲੋੜ ਨਹੀਂ ਸਗੋਂ ਧਰਮ ਦੇ ਨਾਂ `ਤੇ
ਕਰਮ-ਕਾਂਡ ਨਿਭਾਈ ਜਾਂਵਾਂਗੇ ਤਾਂ ਰੱਬ ਜੀ ਆਪਣੇ ਆਪ ਹੀ ਖੁਸ਼ ਹੋ ਜਾਣਗੇ। ਜਦੋਂ ਰੱਬ ਬਹੁਤ ਖੁਸ਼
ਹੋਣਗੇ ਤਾਂ ਸਾਨੂੰ ਪੁੱਛਣਗੇ ਸੁਣਾ ਭਗਤਾਂ ਤੂੰ ਬਹੁਤ ਭਗਤੀ ਕੀਤੀ ਹੈ ਦਸ ਅਸੀਂ ਤੇਰੀ ਕੀ ਮਦਦ
ਕਰੀਏ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੱਬ ਜੀ ਇਸ ਤਰ੍ਹਾਂ ਸਾਡੀ ਮਦਦ ਕਰਦੇ ਹਨ ਜਾਂ ਅਸੀਂ ਰੱਬੀ
ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਹੈ।
ਤੱਤਸਾਰ--ਮਨੁੱਖ ਦੀ ਇੱਕ ਫਿਦਰਤ ਹੈ ਕਿ ਇਹ ਕਿਸੇ ਦੀ ਗੱਲ ਸੁਣਨ ਲਈ
ਤਿਆਰ ਨਹੀਂ ਹੁੰਦਾ। ਮਨ ਵਿੱਚ ਕਠੋਰਤਾ ਹੁੰਦੀ ਹੈ ਜਿਸ ਕਰਕੇ ਸੁਭਾਅ ਵਿੱਚ ਤਲਖੀ ਭਰੀ ਰਹਿੰਦੀ ਹੈ।
ਆਪਣੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਜਾਂ ਧਰਮ ਦਾ ਕਰਮ ਕਰਨ ਵਾਲੇ ਜ਼ਿਆਦਾਤਰ ਕਠੋਰਤਾ ਭਰਪੂਰਤਾ
ਜ਼ਿੰਦਗੀ ਜਿਉਂਦੇ ਹਨ। ਉਹ ਨਾ ਤਾਂ ਆਪ ਸੁੱਖੀ ਹੁੰਦੇ ਹਨ ਤੇ ਨਾ ਦੁਜਿਆਂ ਨੂੰ ਸੁਖ ਲੈਣ ਦੇਂਦੇ ਹਨ।
ਇਸ ਪਉੜੀ ਵਿੱਚ ਮਨ ਦੀ ਕਠੋਰਤਾ ਦਸਦਿਆਂ ਹੋਇਆ ਇਹ ਹੱਲ ਦੱਸਿਆ ਹੈ ਕਿ ਜੇ ਸਾਡਾ ਮਨ ਰੱਬੀ ਗੁਣਾਂ
ਨਾਲ ਜੁੜ ਜਾਂਦਾ ਹੈ ਤਾਂ ਫਿਰ ਸਾਡੇ ਸੁਭਾਅ ਵਿੱਚ ਕਠੋਰਤਾ ਨਹੀਂ ਰਹਿੰਦੀ ਹੈ। ਰੱਬੀ ਦੀਦਾਰ ਦਾ
ਅਰਥ ਹੈ ਨਿਸ਼ਾਨੇ ਦੀ ਪ੍ਰਾਪਤੀ ਕਰਨੀ ਤੇ ਨਾਮ ਦਾ ਅਰਥ ਹੈ ਉਸ ਦੇ ਗੁਣਾਂ ਨੂੰ ਚੰਗਿਆਂ ਸਕੂਲਾਂ
ਕਾਲਜਾਂ ਤੇ ਸੂਝਵਾਨ ਉਤਾਦਾਦਾਂ ਪਾਸੋਂ ਮਨ ਮਾਰ ਕੇ ਹੁਨਰ ਸਿੱਖਣੇ। ਜਦੋਂ ਕਿਸੇ ਨੂੰ ਹੁਨਰ ਜਾਂ
ਚੰਗਿਆਈਆਂ ਦੀ ਸਮਝ ਆ ਜਾਂਦੀ ਹੈ ਉਹ ਮੁੜਕੇ ਵਿਕਾਰਾਂ ਵਲ ਨੂੰ ਨਹੀਂ ਜਾਂਦਾ।
ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ।।
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ।।
ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ।। ੩੨।।
(ਪੰਨਾ ੧੪੧੬)