ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ ਸਗਲ
ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ।।
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ
ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ।।
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ
ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ।।
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ
ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ।।੫।।
(ਪੰਨਾ ੧੪੦੪)
ਪਦ ਅਰਥ:- ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ – ਜਿਸ ਨੂੰ ਸੱਚ
ਸਮਝ ਕੇ ਮੁਨੀ-(ਅਖੌਤੀ) ਗਿਆਨੀ ਧਿਆਨ ਧਰਦੇ ਫਿਰਦੇ ਰਹੇ ਹਨ। ਸਗਲ ਜੁਗ – ਸਾਰੇ ਭਾਵ ਚਹੁੰ
ਜੁਗਾਂ ਤੋਂ। ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ – ਉਹ ਕਦੇ ਵੀ ਕੋਈ ਗਿਆਨ ਦਾ ਪ੍ਰਕਾਸ਼
ਪ੍ਰਾਪਤ ਨਹੀਂ ਕਰ ਸਕੇ। ਬੇਦ ਬਾਣੀ ਸਹਿਤ – ਬੇਦ ਬਾਣੀ ਦੀ ਸਿੱਖਿਆ ਦੁਆਰਾ। ਬਿਰੰਚਿ
ਜਸੁ ਗਾਵੈ – (ਅਖੌਤੀ) ਸ੍ਰਿਸ਼ਟੀ ਰਚੇਤਾ ਬ੍ਰਹਮੇ ਦਾ ਜੱਸ ਗਾਉਂਦੇ ਹਨ। ਜਸੁ ਗਾਵੈ –
ਜੱਸ ਗਾਉਣਾ ਭਾਵ ਕਿਸੇ ਦਾ ਪ੍ਰਚਾਰ ਕਰਨਾ। ਜਾ ਕੋ – ਜਾ ਕੋਈ, ਨਾ ਹੀ ਕੋਈ। ਗਹਿ –
ਖਹਿੜਾ। ਮੁਨਿ – (ਅਖੌਤੀ) ਮੁਨੀ। ਵਰਗੇ (ਅਖੌਤੀ) ਗਿਆਨੀ। ਸਿਵ – ਸ਼ਿਵਜੀ।
ਨ ਤਜਾਤ ਕਬਿਲਾਸ ਕੰਉ – ਕੈਲਾਸ਼ ਪਰਬਤ `ਤੇ ਬੈਠੇ ਤੋਂ ਹੀ ਖਹਿੜਾ ਨਹੀਂ ਛੁਡਾ ਸਕਿਆ।
ਨਾ ਤਜਾਤ – ਖਹਿੜਾ ਨਹੀਂ ਛੁਡਾ ਸਕਿਆ। ਸੁ – ਸੁ। ਤਿਨਿ – ਜਿਨ੍ਹਾਂ ਨੇ।
ਸਤਿਗੁਰਿ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ। ਸੁਖ ਭਾਇ – ਸੁਖ
ਪ੍ਰਾਪਤ ਕੀਤਾ। ਕ੍ਰਿਪਾ ਧਾਰੀ – ਬਖ਼ਸ਼ਿਸ਼ ਨੂੰ ਧਾਰਨ ਕਰਨ। ਜੀਅ – ਦਿਲੋਂ। ਨਾਮ
– ਸੱਚ। ਕੀ ਬਿਡਾਈ ਦਈ ਗੁਰ – ਵੱਡੇ ਦੇ ਗਿਆਨ ਦੀ ਵਡਿਆਈ ਬਖ਼ਸ਼ਿਸ਼ ਵਜੋਂ ਦਿੱਤੀ।
ਰਾਮਦਾਸ ਕਉ – ਰਾਮਦਾਸ ਜੀ ਨੂੰ।
ਅਰਥ:- ਹੇ ਭਾਈ! ਜਿਨ੍ਹਾਂ (ਅਵਤਾਰਵਾਦੀਆਂ) ਦਾ (ਅਖੌਤੀ) ਮੁਨੀ-ਗਿਆਨੀ
ਚਹੁੰ ਜੁਗਾਂ ਤੋਂ ਧਿਆਨ ਧਰਦੇ ਫਿਰਦੇ ਰਹੇ ਹਨ, ਉਹ ਕਦੇ ਵੀ ਕੋਈ ਗਿਆਨ ਦਾ ਪ੍ਰਕਾਸ਼ ਨਹੀਂ ਪ੍ਰਾਪਤ
ਕਰ ਸਕੇ ਭਾਵ ਹਨੇਰੇ ਵਿੱਚ ਹੀ ਰਹੇ। ਉਹ ਬੇਦ ਬਾਣੀ ਦੀ ਸਿੱਖਿਆ ਦੁਆਰਾ ਬ੍ਰਹਮੇ ਨੂੰ ਹੀ ਸ੍ਰਿਸ਼ਟੀ
ਦਾ ਰਚੇਤਾ ਹੋਣ ਦਾ ਪ੍ਰਚਾਰ ਕਰਦੇ ਰਹੇ। ਨਾ ਹੀ ਕੋਈ ਆਪਣੇ ਆਪ ਨੂੰ ਮੁਨੀ ਸਮਝਣ ਵਾਲਾ ਕੈਲਾਸ਼ ਪਰਬਤ
`ਤੇ ਬੈਠੇ ਸ਼ਿਵ ਜੀ ਤੋਂ ਹੀ ਆਪਣਾ ਖਹਿੜਾ ਛੁਡਾ ਸਕਿਆ। ਜਾਂ ਕਈ ਇਨ੍ਹਾਂ ਦੇ ਪਿੱਛੇ ਲੱਗੇ ਅਨੇਕਾਂ
ਜੋਗੀ ਜਤੀ ਸਿਧ ਸਾਧਿਕ ਅਨੇਕ ਜਟਾ ਜੂਟ-ਜੜਾਵਾਂ ਵਧਾ ਕੇ ਉਦਾਸੀ ਭੇਖ ਨੂੰ ਮਾਨਤਾ ਦਈ ਫਿਰਦੇ ਹਨ।
ਹੇ ਭਾਈ! ਸੋ ਮੁੱਕਦੀ ਗੱਲ ਇਹ ਹੀ ਹੈ ਕਿ ਜਿਨ੍ਹਾਂ ਨੇ ਰਾਮਦਾਸ ਜੀ ਵਾਂਗ ਸਦੀਵੀ ਸਥਿਰ ਰਹਿਣ ਵਾਲੇ
ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਨੂੰ ਦਿਲੋਂ ਆਪਣੇ ਜੀਵਨ ਵਿੱਚ ਧਾਰਨ ਕਰਨ ਨਾਲ ਸੁਖ ਪ੍ਰਾਪਤ ਕੀਤਾ,
ਉਨ੍ਹਾਂ ਨੂੰ ਹੀ ਉਸ ਵੱਡੇ ਨੇ ਆਪਣੀ ਸੱਚੀ ਵਡਿਆਈ ਗਿਆਨ ਦੀ ਬਖ਼ਸ਼ਿਸ਼ ਦਿੱਤੀ।
ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ।।
ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ।।
ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ।।
ਬਿਦ੍ਯ੍ਯਮਾਨ ਗੁਰਿ ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ।।੬।।
(ਪੰਨਾ ੧੪੦੪)
ਪਦ ਅਰਥ:- ਨਾਮੁ –
ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਨਿਧਾਨੁ – ਖ਼ਜ਼ਾਨੇ ਨੂੰ। ਧਿਆਨ –
ਸੁਰਤਿ। ਅੰਤਰ – ਅਖ਼ੀਰ। ਗਤਿ - ਮੁਕਤੀ। ਤੇਜ – ਚਮਕ, ਪ੍ਰਕਾਸ਼। ਪੁੰਜ
– ਸਮੂਹ। ਤਿਹੁ ਲੋਗ – ਉਹ ਲੋਕ। ਪ੍ਰਗਾਸੇ – ਚਮਕੇ। ਦੇਖਤ ਦਰਸੁ – ਜੀਵਨ
ਦੇਖ ਕੇ, ਦੇਖਦਿਆਂ। ਭਟਕਿ ਭ੍ਰਮੁ ਭਜਤ – ਭਰਮ ਦੀ ਭਟਕਣਾ ਵਿੱਚ ਤੁਰੇ ਫਿਰਦੇ ਸਨ। ਦੁਖ
ਪਰਹਰਿ – ਦੁੱਖ ਦੂਰ ਹੋ ਗਿਆ। ਸੁਖ ਸਹਜ – ਸਹਿਜ ਆਨੰਦ। ਬਿਗਾਸੇ – ਬਿਗਾਸ
ਹੋਇਆ ਭਾਵ ਪ੍ਰਗਟਿਆ। ਸੇਵਕ – ਸੇਵਕ,
(follower) । ਸਿਖ – ਸਿੱਖਿਆ। ਸਦਾ
– ਹਮੇਸ਼ਾ। ਅਤਿ ਲੁਭਿਤ – ਬੜੀ ਗੰਭੀਰਤਾ ਨਾਲ। ਅਲਿ – ਭੰਵਰਾ। ਅਲਿ ਸਮੂਹ
– ਭੰਵਰਿਆਂ ਵਾਂਗ। ਜਿਉ ਕੁਸਮ ਸੁਬਾਸੇ – ਜਿਵੇਂ ਕਮਲ ਦੀ ਵਾਸ਼ਨਾ। ਬਿਦ੍ਯ੍ਯਮਾਨ –
ਪ੍ਰਤੱਖ। ਗੁਰਿ – ਗਿਆਨ ਦੀ ਬਖ਼ਸ਼ਿਸ਼ ਕਰਨ ਵਾਲਾ। ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ
– ਜਿਸ ਸਦੀਵੀ ਸਥਿਰ ਰਹਿਣ ਵਾਲੇ ਨੇ ਆਪ ਆਪਣਾ ਸੱਚਾ ਤਖ਼ਤ (ਬ੍ਰਹਿਮੰਡ) ਥਾਪਿਆ ਹੈ। ਸਾਚਉ
ਤਖਤੁ – ਸਮੁੱਚਾ ਬ੍ਰਹਿਮੰਡ (universe)।
ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ
ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਰਾਮਦਾਸੈ – ਰਾਮਦਾਸ ਜੀ ਨੇ ਦਰਸਾਇਆ ਹੈ।
ਅਰਥ:- ਹੇ ਭਾਈ! ਜਿਨ੍ਹਾਂ ਨੇ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ, ਅਖ਼ੀਰ
ਉਹ ਲੋਕ ਸੱਚ ਦੇ ਖ਼ਜ਼ਾਨੇ ਦੇ ਸੱਚ ਨੂੰ ਆਪਣੀ ਸੁਰਤ ਵਿੱਚ ਅਪਣਾ ਕੇ (ਅਵਤਾਰਵਾਦ) ਤੋਂ ਮੁਕਤ ਹੋ ਕੇ
ਸਮੂੰਹ ਸੰਸਾਰ ਵਿੱਚ (ਗਿਆਨ) ਦਾ ਪ੍ਰਕਾਸ਼ ਲੈ ਕੇ ਚਮਕੇ। ਉਨ੍ਹਾਂ ਦਾ ਜੀਵਨ ਦੇਖ ਕੇ ਹੋਰ ਵੀ ਜੋ
ਅਗਿਆਨਤਾ ਦੇ ਭਰਮ ਵਿੱਚ ਤੁਰੇ ਫਿਰਦੇ ਸਨ, ਉਨ੍ਹਾਂ ਦੀ ਅਗਿਆਨਤਾ ਦਾ ਵੀ ਦੁੱਖ ਦੂਰ ਹੋ ਗਿਆ।
ਜਿਨ੍ਹਾਂ ਦਾ ਅਗਿਆਨਤਾ ਦਾ ਦੁੱਖ ਦੂਰ ਹੋ ਗਿਆ, ਉਨ੍ਹਾਂ ਦੇ ਜੀਵਨ ਵਿੱਚ ਅਡੋਲ (ਭਟਕਣਾ ਤੋਂ ਸ਼ਾਂਤ
ਕਰ ਦੇਣ ਵਾਲਾ) ਸਹਿਜ ਆਨੰਦ (ਗਿਆਨ) ਪ੍ਰਗਟਿਆ। ਜਿਨ੍ਹਾਂ ਦੇ ਜੀਵਨ ਵਿੱਚ ਸਹਿਜ ਆਨੰਦ-ਗਿਆਨ
ਪ੍ਰਗਟਿਆ, ਉਹ ਇਸ ਗਿਆਨ ਦੀ ਸਿੱਖਿਆ ਦੇ ਭੰਵਰਿਆਂ ਦੇ ਕਮਲ ਦੀ ਸੁਗੰਧਿਤ ਲੈਣ ਵਾਂਗ ਹਮੇਸ਼ਾ ਲਈ ਬੜੀ
ਗੰਭੀਰਤਾ ਨਾਲ ਸੇਵਕ ਭਾਵ
(follower)
ਬਣ ਗਏ। ਹੇ ਭਾਈ! ਰਾਮਦਾਸ ਜੀ ਨੇ ਇਹ ਦਰਸਾਇਆ ਹੈ ਕਿ
ਗਿਆਨ ਦੀ ਬਖ਼ਸ਼ਿਸ਼ ਕਰਨ ਵਾਲੇ ਹਰੀ ਨੇ ਆਪ ਆਪਣਾ ਸੱਚਾ ਤਖ਼ਤ (ਸਮੁੱਚਾ ਬ੍ਰਹਿਮੰਡ) ਥਾਪਿਆ ਹੈ। ਉਹ ਹੀ
ਸਦੀਵੀ ਭਾਵ ਸਥਿਰ ਹੈ ਅਤੇ ਇਹ ਪ੍ਰਤੱਖ ਹੈ ਕਿ ਉਸ ਦੀ ਹੀ ਬਖ਼ਸ਼ਿਸ਼ ਗਿਆਨ ਹੀ ਅਗਿਆਨਤਾ ਦੇ ਹਨੇਰੇ
ਵਿੱਚ ਪ੍ਰਕਾਸ਼ ਕਰਨ ਦੇ ਸਮਰੱਥ ਹੈ।