ਕਿਵ ਕੂੜੈ ਤੁਟੈ ਪਾਲਿ?
(ਭਾਗ ੨)
ਤੁਕ-ਅਰਥ, ਭਾਵਾਰਥ ਤੇ ਸਿਧਾਂਤਕ ਵਿਆਖਿਆ
ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ।।
ਉਚਾਰਨ ਸੇਧਾਂ: ਚੁਪੈ=ਚੁੱਪੈ, ਚੁਪ= ਚੁੱਪ, ਰਹਾ=ਰਹਾਂ
ਜੇ ਮੈਂ ਇਕ-ਤਾਰ ਲਿਵ ਲਾਈ ਰੱਖਾਂ; ਭਾਵ, ਜੇ ਮੈਂ ਨਿਰੰਤਰ ਮੌਨ ਸਮਾਧੀ ਲਾਈ
ਰੱਖਾਂ, ਤਾਂ ਵੀ ਇਸ ਤਰ੍ਹਾਂ ਚੁੱਪ ਕਰ ਰਹਿਣ ਨਾਲ ਮਨ ਦੀ ਚੁੱਪ ਹਾਸਲ ਨਹੀਂ ਹੁੰਦੀ। ਭਾਵ, ਇਸ
ਤਰੀਕੇ ਰਾਜ, ਮਾਲ, ਰੂਪ, ਜਾਤ, ਜੋਬਨ ਅਤੇ ਪਦ-ਪਦਵੀ ਤੇ ਸੰਤਗੀਰੀ ਆਦਿਕ ਦੀ ਮਾਣ ਵਡਿਆਈ ਵਾਲੇ ਮਨ
ਅੰਦਰਲੇ ਫੁਰਨਿਆਂ ਅਤੇ ਉਨ੍ਹਾਂ ਦੀ ਹਉਮੈ ਵਾਲੀ ਫੂੰ-ਫਾਂ ਦਾ ਸ਼ੋਰ-ਸ਼ਰਾਬਾ ਨਹੀ ਮਿਟਦਾ। ਮਨ ਨੂੰ
ਝੂਠ ਦਾ ਛੁਰਾ ਫੜਾ ਕੇ ਤੇ ਠੱਗੀ ਦਾ ਮੁਰਦਾਰ ਖੁਆ ਕੇ ਮਨੁੱਖ ਨੂੰ ਅੰਦਰੋਂ ਸਾਂਸੀਆਂ ਵਾਂਗ ਕਰੂਪ
ਕਰਨ ਵਾਲੇ ਲੋਭ ਰੂਪ ਕੁੱਤੇ ਅਤੇ ਆਸਾ ਤੇ ਤ੍ਰਿਸ਼ਨਾ ਰੂਪ ਕੁੱਤੀਆਂ ਦਾ ਭੌਂਕਣਾ ਬੰਦ ਨਹੀ ਹੰਦਾ,
ਜਿਹੜੇ ਹਰ ਰੋਜ਼ ਸਵੇਰੇ ਉਠਦਿਆਂ ਹੀ ਸਾਡੇ ਅੰਦਰ ਭੌਂਕਣਾ ਸ਼ੁਰੂ ਕਰ ਦਿੰਦੇ ਹਨ। ਗੁਰੂ ਨਾਨਕ ਸਾਹਿਬ
ਸਾਡੀ ਅਜਿਹੀ ਮਲੀਨ ਤੇ ਕਰੂਪ ਮਾਨਸਿਕ ਅਵਸਥਾ ਨੂੰ ਪ੍ਰਗਟਾਉਣ ਲਈ ਬੜਾ ਅਨੋਖਾ ਤੇ ਸਭਿਅਕ ਢੰਗ
ਵਰਤਿਆ ਹੈ। ਇਹ ਸਤਿਗੁਰਾਂ ਦੀ ਵਡਿਆਈ ਹੈ ਕਿ ਉਹ ਗੱਲ ਆਪਣੇ ਉਪਰ ਢੁਕਾਅ ਕੇ ਤੇ ਕਰਤਾਰ ਪ੍ਰਭੂ ਨੂੰ
ਸੰਬੋਧਤ ਹੋ ਕੇ ਆਖਦੇ ਹਨ:
ਏਕੁ ਸੁਆਨੁ, ਦੁਇ ਸੁਆਨੀ ਨਾਲਿ।। ਭਲਕੇ, ਭਉਕਹਿ ਸਦਾ ਬਇਆਲਿ।।
ਕੂੜੁ ਛੁਰਾ, ਮੁਠਾ ਮੁਰਦਾਰੁ।। ਧਾਣਕ ਰੂਪਿ ਰਹਾ, ਕਰਤਾਰ।। {ਅੰ: ੨੪}
ਕਿਉਂਕਿ, ਕੁੱਝ ਲੋਕ ਸਮਝਦੇ ਸਨ ਕਿ ਗਲ-ਬਾਤ ਕਰਦਿਆਂ ਕਈ ਅਜਿਹੇ ਬੋਲ ਬੋਲੇ
ਜਾਂਦੇ ਹਨ, ਜੋ ਮਨ ਨੂੰ ਮਲੀਨ ਕਰ ਦਿੰਦੇ ਹਨ। ਦੂਜੇ, ਬੋਲਣ ਨਾਲ ਮਨ ਖਿੰਡਾਓ ਵਿੱਚ ਜਾਂਦਾ ਹੈ ਅਤੇ
ਸ਼ਕਤੀ ਵੀ ਖੀਨ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਇਹੀ ਠੀਕ ਸਮਝਿਆ ਕਿ ਬੋਲੋ ਹੀ ਨਾਹ। ਮੋਨ ਧਾਰਨ ਕਰ
ਲਓ। ਪਰ, ਪੰਡਤਾਈ ਦੇ ਨਾਲ ਨਾਲ ਜਿਉਂ ਜਿਉਂ ਮੋਨੀ ਹੋਣ ਦੀ ਪ੍ਰਭਤਾ ਫੈਲਣ ਲਗੀ ਤਾਂ ਸਹਜੇ ਸਹਜੇ
ਮੋਨੀਆਂ ਦਾ ਵੀ ਇੱਕ ਪੰਥ ਕਾਇਮ ਹੋ ਗਿਆ ਅਤੇ ਐਸੇ ਅਨੇਕਾਂ ਲੋਕ ਜੰਗਲ ਅਤੇ ਗੁਫਾਵਾਂ ਦੀ ਇਕਾਂਤ
ਵਿੱਚ ਮੌਨ ਸਮਾਧੀਆਂ ਲਾ ਕੇ ਬੈਠਣ ਲੱਗੇ। ਅਸੰਖ ਮੋਨਿ ਲਿਵ ਲਾਇ ਤਾਰ।। {ਅੰ: ੪} ਪਰ, ਅੰਦਰ ਕਲਪਨਾ
ਦੀ ਗੰਢ ਓਵੇਂ ਹੀ ਬੱਝੀ ਰਹੀ। ਭਾਵ, ਮਨ ਦੀ ਭਟਕਣਾ ਨਾ ਮਿਟੀ। ਸਤਿਗੁਰੂ ਜੀ ਦਾ ਫ਼ਰਮਾਨ ਹੈ:
ਬੇਦੁ ਪੁਕਾਰੈ ਮੁਖ ਤੇ ਪੰਡਤ; ਕਾਮਾਮਨ ਕਾ ਮਾਠਾ।।
ਮੋਨੀ ਹੋਇ ਬੈਠਾ ਇਕਾਂਤੀ; ਹਿਰਦੈ ਕਲਪਨ ਗਾਠਾ।।
ਹੋਇ ਉਦਾਸੀ, ਗ੍ਰਿਹੁ ਤਜਿ ਚਲਿਓ; ਛੁਟਕੈ ਨਾਹੀ ਨਾਠਾ।। {ਅੰ: ੧੦੦੩}
ਹਜ਼ੂਰ ਦਾ ਕਥਨ ਹੈ ਕਿ ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ ਨਹੀਂ
ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ, ਉਸਦੇ ਅੰਦਰ ਤਾਂ ਕਲਪਨਾ ਟਿਕੀ ਰਹਿੰਦੀ ਹੈ, ਜਿਸ ਦੇ
ਕਾਰਨ ਉਹ ਜੀਉਂਦਾ ਹੋਇਆ ਹੀ ਕਈ ਜੂਨਾਂ ਵਿੱਚ ਭਟਕਾਇਆ ਜਾਂਦਾ ਹੈ। ਕਿਉਂਕਿ, ਉਹ ਬੋਲਦਾ ਤਾਂ ਭਾਵੇਂ
ਨਹੀਂ, ਪਰ ਤਪੀਆ ਹੋਣ ਦੀ ਹਉਮੈ ਕਾਰਨ ਉਸ ਅੰਦਰਲੀ ਸਕੰਲਪਾਂ ਵਿਕਲਪਾਂ ਦੀ ਧਾਰਾ ਰੁਕਦੀ ਨਹੀਂ।
ਸਰੀਰਕ ਲੋੜਾਂ ਵੀ ਚੁੱਪ ਨਹੀ ਹੋਣ ਦਿੰਦੀਆਂ। ਇਸ ਲਈ ਉਹ ਅੰਤਰ-ਆਤਮੇ ਕਈ ਤਰ੍ਹਾਂ ਦੇ ਕਲਪਨਿਕ ਮਹਲ
ਉਸਾਰਦਾ ਰਹਿੰਦਾ ਹੈ। ਕਦੀ ਰਾਜਾ ਤੇ ਕਿਤੇ ਨੀਵੀਂ ਜਾਤ ਦਾ ਭੇਖਾਰੀ ਬਣ ਬੈਠਦਾ ਹੈ ।” ਕਬਹੂ, ਹੋਇ
ਬਹੈ ਬਡ ਰਾਜਾ।। ਕਬਹੁ, ਭੇਖਾਰੀ ਨੀਚ ਕਾ ਸਾਜਾ (ਸਾਂਗ)।। {ਅੰ: ੨੭੭} ਲੋਭ ਲਹਰ ਵਿੱਚ ਰੁੜ੍ਹ ਕੇ
ਕੁੱਤੇ ਦੀ ਜੂਨੇ ਜਾ ਪੈਂਦਾ ਹੈ। ਕਾਮਿਕ ਕਲਪਣਾ ਕਰਕੇ ਇੰਦਰ ਲੋਕ ਦੀਆਂ ਅਪਸ਼ਰਾਂ ਦੇ ਸੁਪਨੇ ਲੈਂਦਾ
ਹੋਇਆ ਕਿਤੇ ਹਾਥੀ ਦੀ ਜੂਨੇ ਪੈਂਦਾ ਅਤੇ ਕਿਤੇ ਵੇਸ਼ਵਾ ਦੁਆਰੇ ਵਰਗੀਆਂ ਭਰਿਸ਼ਟ ਥਾਵਾਂ `ਤੇ ਪਹੁੰਚ
ਕੇ ਖੋਤੇ ਦੀ ਜੂਨ ਪੈ ਜਾਂਦਾ ਹੈ। ਗੁਰਵਾਕ ਹੈ:
ਬੋਲੈ ਨਾਹੀ, ਹੋਇ ਬੈਠਾ ਮੋਨੀ।।
ਅੰਤਰਿ ਕਲਪ, ਭਵਾਈਐ ਜੋਨੀ।। {ਅੰ: ੧੩੪੮}
ਸਤਿਗੁਰੂ ਅਜਿਹੇ ਸਾਰੇ ਭੇਖਧਾਰੀਆਂ ਦੀ ਗੱਲ ਕਰਦੇ ਹੋਏ ਆਖਦੇ ਹਨ ਕਿ ਕੋਈ
ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ
ਅਤੇ ਇਸ ਸਾਰੇ ਭੇਖ ਦਾ ਮਾਣ ਵੀ ਕਰਦਾ ਹੈ। ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ
ਵਿੱਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ ਤੇ ਮਾਇਆ ਦੀ ਤ੍ਰਿਸ਼ਨਾ ਵਿੱਚ ਹੀ ਦਸੀਂ
ਪਾਸੀਂ ਦੌੜਦਾ ਫਿਰਦਾ ਹੈ। ਜਿਵੇਂ, ਬਗਲੇ ਤੇ ਬਿੱਲੀ ਦੀ ਲਿਵ ਵਿੱਚ ਉਨ੍ਹਾਂ ਦਾ ਮਨ ਪੇਟ ਪਾਲਣ ਲਈ
ਡੋਲਦਾ ਰਹਿੰਦਾ ਹੈ। ਅੰਤਰ ਆਤਮੇ ਮਾਇਆ ਦਾ ਪ੍ਰੇਮੀ ਰਹਿਣ ਕਰਕੇ ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ
ਦੇਂਦਾ ਹੈ ਤੇ ਤ੍ਰਿਸ਼ਨਾ ਦਾ ਉਹ ਜ਼ਹਿਰ ਪੀਂਦਾ ਰਹਿੰਦਾ ਹੈ, ਜੋ ਐਸੇ ਲੋਕਾਂ ਦੇ ਆਤਮਕ ਜੀਵਨ ਨੂੰ
ਮਾਰ ਮੁਕਾਂਦਾ ਹੈ। ਕਿਉਂਕਿ, ਕੀਤੇ ਕਰਮਾਂ ਅਤੇ ਕਲਪਣਾ ਦੇ ਸੰਸਕਾਰਾਂ ਦਾ ਇਕੱਠ ਅੰਦਰੋਂ ਮੁੱਕਦਾ
ਨਹੀਂ ਤੇ ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, ਇਸ
ਤਰ੍ਹਾਂ, ਮੋਨੀ ਤੇ ਤਿਆਗੀ ਬਣ ਕੇ ਭੀ ਪਸ਼ੂ-ਸੁਭਾਵ ਵਿੱਚ ਟਿਕਿਆ ਰਹਿੰਦਾ ਹੈ। ਅਸਲ ਵਿੱਚ ਇਹੀ ਹੈ
ਮਨੁਖ ਹੁੰਦੇ ਹੋਏ ਵੀ ਪਸ਼ੂ-ਜੂਨੀਆਂ ਵਿੱਚ ਭਟਕਣਾ। ਗੁਰਵਾਕ ਹੈ:
ਮੂੰਡੁ ਮੁਡਾਇ ਜਟਾ ਸਿਖ ਬਾਧੀ; ਮੋਨਿ ਰਹੈ ਅਭਿਮਾਨਾ।।
ਮਨੂਆ ਡੋਲੈ ਦਹ ਦਿਸ ਧਾਵੈ; ਬਿਨੁ ਰਤ ਆਤਮ ਗਿਆਨਾ।।
ਅੰਮ੍ਰਿਤੁ ਛੋਡਿ, ਮਹਾ ਬਿਖੁ ਪੀਵੈ; ਮਾਇਆ ਕਾ ਦੇਵਾਨਾ।।
ਕਿਰਤੁ ਨ ਮਿਟਈ, ਹੁਕਮੁ ਨ ਬੂਝੈ; ਪਸੂਆ ਮਾਹਿ ਸਮਾਨਾ।। {ਅੰਗ ੧੦੧੩}
ਸਤਿਗੁਰੂ ਜੀ ਦਾ ਨਿਰਣਾ ਹੈ ਕਿ ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ
ਨਾਮ-ਰੂਪ ਨੌ-ਨਿਧਿ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਬਣ ਕੇ ਮਾਇਆ
ਦੀ ਖ਼ਾਤਰ ਰੋਂਦਾ ਕਲਪਦਾ ਨਹੀਂ। ਕਿਉਂਕਿ, ਉਹ ਹੁਕਮ ਰਜ਼ਾਈ ਚਲਦਿਆਂ ਰੱਬੀ-ਗੁਣ ਗ੍ਰਹਿਣ ਕਰਕੇ
ਨਾਮ-ਅੰਮ੍ਰਿਤ ਪੀਂਦਾ ਹੈ। ਇਸ ਤਰੀਕੇ ਸੱਚੇ ਨਾਮ ਦਾ ਨਵਨਿਧੀ ਖਜ਼ਾਨਾ ਪ੍ਰਾਪਤ ਕਰਕੇ ਮਾਨਸਿਕ ਤੌਰ
`ਤੇ ਤ੍ਰਿਪਤ ਹੋ ਕੇ ਟਿਕ ਜਾਂਦਾ ਹੈ; ਭਾਵ, ਸ਼ਾਂਤ ਹੋ ਜਾਂਦਾ ਹੈ। ਫ਼ਰਮਾਨ ਹੈ:
ਸਚੁ ਨਾਮੁ, ਜਾ ਨਵ ਨਿਧਿ ਪਾਈ।।
ਰੋਵੈ ਪੂਤੁ ਨ ਕਲਪੈ ਮਾਈ।। {ਅੰ: ੩੫੬}
ਉਨ੍ਹਾਂ ਨੇ ਆਪਣਾ ਨਿਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਹੈ ਕਿ ਨਿਰਮਲ
ਗੁਰੂ-ਗਿਆਨ ਦੀ ਬਦੌਲਤ ਰੱਬੀ-ਗੁਣਾਂ ਦੇ ਰੂਪ ਵਿੱਚ ਨਾਮ-ਧਨ ਦੀ ਪ੍ਰਾਪਤੀ ਹੋਣ ਨਾਲ, ਮੇਰਾ ਮਨ
ਭਟਕਣੋਂ ਹਟ ਕੇ ਵਿਸ਼ਰਾਮ ਦੀ ਅਵਸਥਾ ਵਿੱਚ ਟਿਕ ਗਿਆ ਹੈ। ਕਿਉਂਕਿ, ਅਸਲੀਅਤ ਦਾ ਬੋਧ ਹੋ ਜਾਣ ਕਰਕੇ
ਜਦੋਂ ਤੋਂ ਇੱਕ ਭਗਵਾਨ ਦਾ ਆਸਰਾ ਤੱਕਿਆ ਹੈ; ਤਦੋਂ ਤੋਂ ਮਾਇਕ ਮਮਤਾ ਤੇ ਤ੍ਰਿਸ਼ਨਾ ਬਿਨਸ ਗਈ ਹੈ
ਅਤੇ ਮਾਨਸਿਕ ਭਟਕਣਾ ਪੈਦਾ ਕਰਨ ਵਾਲੇ ਲੋਭ, ਮੋਹ ਆਦਿਕ ਵਿਕਾਰ, ਮਨ ਨੂੰ ਪ੍ਰਭਾਵਿਤ ਕਰਨੋਂ ਅਸਮਰਥ
ਹੋ ਗਏ ਹਨ। ਇਹੀ ਕਾਰਨ ਹੈ ਕਿ ਮੇਰਾ ਮਨ ਹੁਣ ਐਸੇ ਅਨੰਦ ਵਿੱਚ ਟਿਕ ਗਇਆ ਹੈ, ਜਿਹੜਾ ਸਦਾ ਮੇਰੇ
ਨਾਲ ਟਿਕਿਆ ਰਹਿੰਦਾ ਹੈ:
ਮਾਈ ਮੈ ਧਨੁ ਪਾਇਓ ਹਰਿ ਨਾਮੁ।।
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ।। ੧।। ਰਹਾਉ।।
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ।।
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ।। ੧।।
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ।।
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ।। ੨।। {ਅੰ: ੧੧੮੬}
ਐਸੀ ਸ਼ਾਂਤਮਈ ਅਵਸਥਾ ਵਿੱਚ ਹੀ ਨਿਰਣੇ ਹੁੰਦਾ ਹੈ ਕਿ ਪਰਮਾਤਮਾ ਜੋ ਕੁੱਝ
ਕਰਦਾ ਹੈ, ਠੀਕ ਕਰਦਾ ਹੈ ਅਤੇ ਇਸ ਪ੍ਰਕਾਰ ਉਹ ਰੱਬੀ-ਰਜ਼ਾ ਵਿੱਚ ਰਾਜ਼ੀ ਹੋ ਤੁਰਦਾ ਹੈ। ਕਿਉਂਕਿ,
ਨਾਮ ਅੰਮ੍ਰਿਤ ਪੀਣ ਦੀ ਬਦੌਲਤ, ਜਿਥੇ, ਉਹਦੇ ਅੰਦਰੋਂ ਸ਼ਰੀਰਕ ਸ਼ਕਤੀ, ਦੌਲਤ ਅਤੇ ਕਿਸੇ ਪ੍ਰਕਾਰ ਦੀ
ਪ੍ਰਾਪਤ ਹੋਈ ਚੌਧਰਤਾ ਦੇ ਕਾਰਨ ਦੂਜਿਆਂ ਨੂੰ ਅੱਖਾਂ ਦਿਖਾਉਣ ਵਾਲੀ ਉਹ ਅਹੰਕਾਰੀ ਬ੍ਰਿਤੀ ਖਤਮ ਹੋ
ਗਈ ਹੁੰਦੀ ਹੈ; ਜਿਹੜੀ ਬੰਦੇ ਨੂੰ ਅੰਨ੍ਹਾ ਤੇ ਬੋਲਾ ਕਰ ਛਡਦੀ ਹੈ। ਉਥੇ, ਉਸ ਦੇ ਅੰਦਰੋਂ ਗਿਲੇ
ਗੁਜ਼ਾਰੀ ਵਾਲਾ ਉਹ ਫ਼ਰਿਆਦੀ ਰੌਲ਼ਾ-ਰੱਪਾ ਵੀ ਬੰਦ ਹੋ ਗਿਆ ਹੁੰਦਾ ਹੈ, ਜਿਹੜਾ ਸੱਚੇ ਦੇ ਸੱਚ-ਨਿਆਉਂ
ਨੂੰ ਸੁਣਨ ਤੇ ਸਮਝਣ ਨਹੀ ਦਿੰਦਾ:
ਦਾਦੀ ਦਾਦਿ ਨ ਪਹੁਚਨਹਾਰਾ, ਚੂਪੀ ਨਿਰਨਉ ਪਾਇਆ ਰੇ।।
ਮਾਲਿ ਦੁਲੀਚੈ, ਬੈਠੀ ਲੇ ਮਿਰਤਕੁ; ਨੈਨ ਦਿਖਾਲਨੁ ਧਾਇਆ ਰੇ।। {ਅੰ: ੩੮੧}
ਇਸੇ ਲਈ ਸਤਿਗੁਰੂ ਜੀ ਪਉੜੀ ਦੀ ਦੂਜੀ ਤੁਕ ਵਿੱਚ ਸਤਿਗੁਰੂ ਜੀ ਫੁਰਮਾਇਆ ਹੈ
ਕਿ ਰੱਬੀ ਰਜ਼ਾ ਨੂੰ ਸਮਝੇ ਬਗੈਰ ਕੇਵਲ ਮੋਨ ਧਾਰਨ ਕਰਕੇ ਇੱਕ-ਤਾਰ ਸਮਾਧੀ ਲਾਉਣ ਨਾਲ ਮਨ ਦੀ ਚੁੱਪ,
ਮਨ ਦੀ ਸ਼ਾਂਤੀ ਪ੍ਰਾਪਤ ਨਹੀ ਹੋ ਸਕਦੀ:
ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ।।
ਜਗਤਾਰ ਸਿੰਘ ਜਾਚਕ