ਸਤਿਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ ਹਾਂ।
ਉਨ੍ਹਾਂ ਦੇ ਇਹ ਬਚਨ ਹਨ ਕਿ ਮੈਂ ਹਿੰਦੂਆਂ ਦੇ ਤੀਰਥਾਂ ਤੇ ਪੂਜਾ ਕਰਨ ਨਹੀਂ ਜਾਂਦਾ, ਵਰਤ ਨਹੀਂ
ਰਖਦਾ ਅਤੇ ਨਾਂ ਹੀ ਮੈਂ ਇਨ੍ਹਾਂ ਦੇ ਦੇਵੀ ਦੇਵਤਿਆਂ ਨੂੰ ਪੂਜਦਾ ਹਾਂ। ਮੈਂ ਮੁਸਲਮਾਨਾਂ ਦੇ ਰੋਜ਼ੇ
ਨਹੀਂ ਰਖਦਾ, ਉਨ੍ਹਾਂ ਦੀ ਨਵਾਜ਼ ਨਹੀਂ ਪੜ੍ਹਦਾ ਅਤੇ ਨਾਂ ਹੀ ਕਾਬੇ ਦੇ ਹੱਜ ਨੂੰ ਜਾਂਦਾ ਹਾਂ। ਮੈਂ
ਹਿੰਦੂਆਂ ਦੇ ਧਾਰਮਕ ਕਰਮਾਂ ਤੇ ਮੁਸਲਮਾਨਾਂ ਦੇ ਧਰਮ ਦੀ ਸ਼ਰ੍ਹਾ ਨੂੰ ਨਹੀਂ ਮੰਨਦਾ। ਮੈਂ ਤਾਂ ਸਿਰਫ
ਇੱਕ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ ਉਸ ਅਗੇ ਸਿਰ ਨਿਵਾਂਦਾ ਹਾਂ। ਮੈਂ ਇੱਕ ਪਰਮਾਤਮਾ ਤੋਂ
ਬਿਨਾਂ ਕਿਸੇ ਹੋਰ ਦੂਜੇ ਦਾ ਸਿਮਰਨ ਨਹੀਂ ਕਰਦਾ।
ਰਾਮਕਲੀ ਮਹਲਾ 5
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ
ਨਿਵਾਇ ॥
ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ--885
ਹਿੰਦੂ ਰਾਮ ਰਾਮ ਬੋਲਦਾ ਹੈ, ਗੋਸਾਈ ਦੀ ਸੇਵਾ ਕਰਦਾ ਹੈ, ਤੀਰਥ ਇਸ਼ਨਾਨ
ਕਰਦਾ ਹੈ, ਪੂਜਾ ਕਰਦਾ ਹੈ, ਬੇਦ ਪੜ੍ਹਦਾ ਹੈ, ਸੁਰਗ ਮੰਗਦਾ ਹੈ ਤੇ ਚਿੱਟੇ ਬਸਤ੍ਰ ਪਾਂਦਾ ਹੈ।
ਮੁਸਲਮਾਨ ਖੁਦਾਇ ਖੁਦਾਇ ਕਹਿੰਦਾ ਹੈ, ਅੱਲਾ ਆਖ ਆਖ ਕੇ ਬੰਦਗੀ ਕਰਦਾ ਹੈ, ਹੱਜ ਕਰਨ ਜਾਂਦਾ ਹੈ,
ਸਿਰ ਨਿਵਾ ਕੇ ਨਵਾਜ਼ ਗੁਜ਼ਾਰਦਾ ਹੈ, ਕੁਰਾਨ ਪੜ੍ਹਦਾ ਹੈ, ਨੀਲੇ ਕਪੜੇ ਪਹਿਨਦਾ ਹੈ, ਬਹਿਸ਼ਤ ਮੰਗਦਾ
ਹੈ। ਸਤਿਗੁਰਾਂ ਦਾ ਉਪਦੇਸ ਹੈ ਕਿ ਕੇਵਲ ਜਿਸ ਪ੍ਰਾਣੀ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ, ਸਿਰਫ
ਉਸ ਨੇ ਹੀ ਮਾਲਕ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਭੇਦੁ ਜਾਣਿਆ ਹੈ।
ਭਗਤ ਕਬੀਰ ਜੀਉ
ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥
ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥
ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ---1349
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ---1350
ਬ੍ਰਾਹਮਣ ਚੌਵੀ ਇਕਾਦਸੀਆਂ ਦੇ ਵਰਤ ਰਖਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ
ਰੋਜ਼ੇ ਰਖਦੇ ਹਨ। ਇਹ ਬਾਕੀ ਦੇ ਗਿਆਰਾਂ ਮਹੀਨੇ ਪਾਸੇ ਰੱਖਕੇ ਇੱਕੋ ਹੀ ਮਹੀਨੇ ਵਿੱਚ ਨਾਮ ਦੇ ਖਜ਼ਾਨੇ
ਦੀ ਪ੍ਰਾਪਤੀ ਸਮਝਦੇ ਹਨ। ਹਿੰਦੂ ਮੁਸਲਮਾਨ ਦੋਹਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੈ। ਹਿੰਦੂ
ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ। ਹਿੰਦੂ ਆਖਦਾ ਹੈ ਕਿ ਹਰੀ ਦਾ ਨਿਵਾਸ ਦਖਣ ਦੇਸ (ਜਗਨ
ਨਾਥ ਪੁਰੀ) ਵਿੱਚ ਹੈ। ਮੁਸਲਮਾਨ ਆਖਦਾ ਹੈ ਕਿ ਖੁਦਾ ਦਾ ਮੁਕਾਮ ਪੱਛਮ ਵਲ ਕਾਹਬੇ ਵਿੱਚ ਹੈ। ਪਰ ਜੇ
ਅਲਹੁ ਸਿਰਫ ਕਾਬੇ ਦੀ ਮਸੀਤਿ ਵਿੱਚ ਹੀ ਵਸਦਾ ਹੈ ਤਾਂ ਬਾਕੀ ਦਾ ਸਾਰਾ ਮੁਲਕ ਕਿਸ ਦਾ ਹੋਇਆ। ਅਸਲ
ਗੱਲ ਤਾਂ ਇਹ ਹੈ ਜੇ ਦਿਲ ਵਿੱਚ ਕਪਟ (ਠਗੀ ਫਰੇਬ) ਹੈ ਤਾਂ ਨਾਹ ਤਾਂ ਉਡੀਸੇ (ਜਗਨ ਨਾਥ ਪੁਰੀ)
ਵਿੱਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿੱਚ ਜਾ ਕੇ ਸਿਰ ਨਿਵਾਉਣ (ਮਥਾ ਟੇਕਣ) ਦਾ,
ਨਿਵਾਜ਼ ਕਰਨ ਦਾ ਤੇ ਕਾਬੇ ਦੇ ਹੱਜ ਦਾ ਕੋਈ ਫਾਇਦਾ ਹੈ ਤੇ ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ
ਮੂੰਹ ਧੋਣ ਦੀ ਕ੍ਰਿਆ ਵੀ ਵਿਅਰਥ ਹੀ ਹੈ। ਰੱਬ ਨੂੰ ਖੁਸ਼ ਕਰਨ ਲਈ ਤਾਂ ਮਨ ਦਾ ਸਾਫ ਹੋਣਾ ਲਾਜ਼ਮੀ
ਹੈ।
ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ
ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ---875
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ---654
ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖੁਆਰ ਹੋ ਰਹੇ ਹਨ, ਮੁਸਲਮਾਨ
ਮਸੀਤਿ ਵਿੱਚ ਸਿਰ ਨਿਵਾ ਨਿਵਾ ਸਿਜਦਾ ਕਰਕੇ ਅਥਵਾ ਮਥਾ ਟੇਕ ਟੇਕ ਖੁਆਰ ਹੋ ਰਹੇ ਹਨ। ਹਿੰਦੂਆਂ ਨੇ
ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਨੇ ਦੱਬ ਦਿਤੇ। ਇਹ ਦੱਬਣ ਸਾੜਣ ਵਿੱਚ ਹੀ ਉਲਝੇ ਪਏ ਹਨ।
ਪਰਮਾਤਮਾ ਨੂੰ ਮਿਲਨ ਦੀ ਬਿਧੀ ਦੀ ਸਮਝ ਇਹਨਾਂ ਦੁਹਾਂ ਧਿਰਾਂ ਨੂੰ ਨਾਹ ਪਈ। ਇਹ ਦੋਨੋ
ਅੰਧ-ਵਿਸ਼ਵਾਸੀ ਹਨ। ਹਿੰਦੂ ਅੰਨ੍ਹਾ ਹੈ ਤੇ ਤੁਰਕੂ ਕਾਣਾ ਹੈ। ਅਗਿਆਨਤਾ ਦੇ ਅੰਧੇਰੇ ਵਿੱਚ ਫਸਿਆ
ਹਿੰਦੂ ਦੇਹੁਰਾ ਪੂਜਦਾ ਹੈ, ਮੁਸਲਮਾਨ ਮਸੀਤਿ ਪੂਜਦਾ ਹੈ ਪਰ ਨਾਮ ਦੇਵ ਜੀ ਨੇ ਉਸ ਪਰਮਾਤਮਾ ਦਾ
ਸਿਮਰਨ ਕੀਤਾ ਹੈ ਜਿਸ ਦਾ ਨਾਂ ਕੋਈ ਮੰਦਰ ਹੈ ਅਤੇ ਨਾਂ ਮਸੀਤਿ ਹੈ।
ਮ: 1
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ---556
ਆਪਣੇ ਪਿਤਾ ਪੁਰਖੀ ਹਿੰਦੂ ਧਰਮ ਦੇ ਸ਼ਰਧਾਲੂਆਂ ਵਾਰੇ ਗੁਰੂ ਨਾਨਕ ਸਾਹਿਬ ਜੀ
ਦਾ ਇਹ ਨਿਰਣਾ ਹੈ ਕਿ ਹਿੰਦੂ ਅੰਨ੍ਹੇ ਹਨ, ਗੂੰਗੇ ਹਨ ਅਤੇ ਉੱਕਾ ਹੀ ਮੂਲੋਂ ਭੁਲੇ ਹੋਏ ਕੁਰਾਹੇ ਜਾ
ਰਹੇ ਹਨ। ਇਹ ਮੂਰਖ ਗਵਾਰ ਪੱਥਰ ਮੁਲ ਖਰੀਦ ਕੇ ਉਹਨਾਂ ਦੀ ਪੂਜਾ ਕਰਦੇ ਹਨ ਅਤੇ ਇਹ ਨਹੀਂ ਵਿਚਾਰਦੇ
ਕਿ ਜਿਹੜੇ ਪਥਰ ਪਾਣੀ ਵਿੱਚ ਆਪ ਡੁੱਬ ਜਾਂਦੇ ਹਨ ਉਹਨਾਂ ਨੂੰ ਪੂਜਕੇ ਇਹ ਲੋਕ ਸੰਸਾਰ ਸਮੁੰਦਰ ਤੋਂ
ਕਿਵੇਂ ਪਾਰ ਤਰ ਸਕਦੇ ਹਨ। ਹਿੰਦੂ ਲੋਕ ਦੇਖਾ ਦੇਖੀ ਕਰਨ ਵਾਲੇ ਭੇਡਚਾਲੀ ਲਕੀਰ ਦੇ ਫਕੀਰ ਹਨ।
ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੰਦਰਾਂ ਤੇ ਮਸੀਤਾਂ
ਵਿੱਚ ਸਿਰ ਨਿਵਾਉਣ ਤੇ ਪੂਜਾ ਕਰਨ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਤਾਂ ਅੰਨ੍ਹੇ ਕਾਣੇ ਤੇ
ਅੰਧੇ ਗੁੰਗੇ ਮੁਗਧ ਗਵਾਰ ਲਿਖਿਆ ਹੈ। ਆਮ ਸਧਾਰਨ ਬੰਦਾ ਤਾਂ ਇਹੁ ਹੀ ਕਹੇਗਾ ਕਿ ਗੁਰਦਵਾਰਿਆਂ ਜਾਂ
ਇਤਿਹਾਸਕ ਅਸਥਾਨਾਂ ਨੂੰ ਮਥਾ ਟੇਕਣ ਤੇ ਪੂਜਣ ਵਾਲੇ ਆਪਣੇ ਸਿੱਖ ਸ਼ਰਧਾਲੂਆਂ ਬਾਰੇ ਸਤਿਗੁਰਾਂ ਦੇ
ਵਿਚਾਰ, ਹਿੰਦੂਆਂ ਤੇ ਮੁਸਲਮਾਨਾਂ ਬਾਰੇ ਲਿਖੇ ਵਿਚਾਰਾਂ ਵਰਗੇ ਹੀ ਹੋਣ ਗੇ। ਕੀ ਸਿੱਖਾਂ ਲਈ
ਗੁਰੂ ਜੀ ਦਾ ਵੱਖਰਾ ਉਪਦੇਸ ਹੋਵੇਗਾ?