.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਉਸਤਤਿ ਕਰੇ ਜਹਾਨੁ

ਮਾਘਿ ਮਜਨੁ ਸੰਗਿ ਸਾਧੂਆ, ਧੂੜੀ ਕਰਿ ਇਸਨਾਨੁ।।

ਹਰਿ ਕਾ ਨਾਮੁ ਧਿਆਇ ਸੁਣਿ, ਸਭਨਾ ਨੋ ਕਰਿ ਦਾਨੁ।।

ਜਨਮ ਕਰਮ ਮਲੁ ਉਤਰੈ, ਮਨ ਤੇ ਜਾਇ ਗੁਮਾਨੁ।।

ਕਾਮਿ ਕਰੋਧਿ ਨ ਮੋਹੀਐ, ਬਿਨਸੈ ਲੋਭੁ ਸੁਆਨੁ।।

ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।

ਅਠਸਠਿ ਤੀਰਥ ਸਗਲ ਪੁੰਨ, ਜੀਅ ਦਇਆ ਪਰਵਾਨੁ।।

ਜਿਸ ਨੋ ਦੇਵੈ ਦਇਆ ਕਰਿ, ਸੋਈ ਪੁਰਖੁ ਸੁਜਾਨੁ।।

ਜਿਨਾ ਮਿਲਿਆ ਪ੍ਰਭੁ ਆਪਣਾ, ਨਾਨਕ ਤਿਨ ਕੁਰਬਾਨੁ।।

ਮਾਘਿ ਸੁਚੇ ਸੇ ਕਾਂਢੀਆਹਿ, ਜਿਨ ਪੂਰਾ ਗੁਰੁ ਮਿਹਰਵਾਨੁ

ਮੁੱਢਲੀ ਵਿਚਾਰ—-ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੇਰਾ ਕੰਮ ਬੇਸ਼ੱਕ ਜੇਹੋ ਜੇਹਾ ਮਰਜ਼ੀ ਹੋਵੇ ਪਰ ਮੇਰੀ ਸਮਾਜ ਵਿੱਚ ਉਸਤਿਤ ਜ਼ਰੂਰ ਹੋਣੀ ਚਾਹੀਦੀ ਹੈ। ਆਪਣੀ ਉਸਤਿਤ ਕਰਾਉਣ ਲਈ ਕਈ ਪ੍ਰਕਾਰ ਦੇ ਉਪਰਾਲੇ ਕਰਦਾ ਹੈ। ਤੀਰਥ ਯਾਤਰਾ, ਲੰਗਰ ਲਗਾਉਣੇ ਮੀਡੀਏ ਨੂੰ ਇਕੱਠਾ ਕਰਕੇ ਕੰਬਲ਼ ਵੰਡਣੇ ਆਦਿਕ ਕਈ ਪ੍ਰਕਾਰ ਦੇ ਡਰਾਮੇ ਬਾਜ਼ੀਆਂ ਬੰਦਾ ਕਰਦਾ ਰਹਿੰਦਾ ਹੈ। ਧਰਮ ਦੇ ਨਾਂ `ਤੇ ਸਾਰਾ ਕੁੱਝ ਏਸੇ ਲਈ ਕਰਦਾ ਹੈ ਕਿ ਸਮਾਜ ਵਿੱਚ ਮੇਰੀ ਭੱਲ ਬਣੀ ਰਹੇ। ਰਾਜਨੀਤਿਕ ਲੋਕ ਵੀ ਹਰ ਵੇਲੇ ਏਸੇ ਤਾਕ ਵਿੱਚ ਲੱਗੇ ਰਹਿੰਦੇ ਹਨ ਸਮਾਜ ਵਿੱਚ ਸਾਡੀ ਉਸਤਿਤ ਹੁੰਦੀ ਰਹੇ। ਧਰਮ ਦੀ ਦੁਨੀਆਂ ਵਿੱਚ ਆਪਣੇ ਆਪ ਨੂੰ ਸਾਧ-ਸੰਤ ਅਖਵਾੳਣ ਵਾਲੇ ਲੋਕਾਂ ਨੇ ਆਪਣੀ ਉਸਤਿਤ ਕਰਾਉਣ ਲਈ ਲੱਠ ਮਾਰ ਬੰਦੇ ਰੱਖੇ ਹੁੰਦੇ ਹਨ। ਇੰਜ ਸਮਝੀਏ ਕਿ ਰਾਜਨੀਤਿਕ ਲੋਕ ਡੇਰਿਆਂ ਦੀ ਉਸਤਿਤ ਕਰਦੇ ਹਨ ਵੋਟਾਂ ਲੈਣ ਲਈ ਤੇ ਡੇਰਿਆਂ ਵਾਲੇ ਰਾਜਨੀਤਿਕ ਲੋਕਾਂ ਦੀ ਉਸਤਿਤ ਕਰਦੇ ਹਨ ਆਪਣੇ ਨਿਜੀ ਮੁਫਾਦਾਂ ਲਈ। ਜਨੀ ਕਿ ਇਹ ਦੋਵੇਂ ਆਪਸੀ ਸਾਂਝਾਂ ਬਣਾਉਣ ਵਿੱਚ ਹਮੇਸ਼ਾਂ ਤੱਤਪਰ ਰਹਿੰਦੇ। ਇਹਨਾਂ ਦਾ ਮਕਸਦ ਬੜਾ ਡੂੰਘਾ ਹੁੰਦਾ ਹੈ ਕਿ ਸਮਾਜ ਦੇ ਕਿਰਤੀ ਸਾਡੇ ਵਾੜੇ ਦੀਆਂ ਭੇਡਾਂ ਬਣ ਕੇ ਸਾਡੀ ਉਸਤਿਤ ਕਰਦੇ ਰਹਿਣ। ਜਿੱਥੇ ਇਹ ਆਪਣੀ ਉਸਤਿਤ ਕਰਾਉਂਦੇ ਹਨ ਓੱਥੇ ਇਹ ਕਿਰਤੀਆਂ ਦੀ ਚੰਗੀ ਤਰ੍ਹਾਂ ਉਨ ਵੀ ਲਹੁੰਦੇ ਹਨ।

ਭਾਰਤ ਦੀ ਰਾਜਨੀਤੀ ਵਿੱਚ ਨਿਘਾਰ ਆਉਣ ਦਾ ਇੱਕ ਮੁੱਖ ਕਾਰਨ ਹੈ ਕਿ ਰਾਜਨੀਤੀ ਵਿੱਚ ਪਰਵਾਰਵਾਦ ਭਾਰੂ ਹੋ ਗਿਆ ਹੈ। ਅਜੇਹੀ ਸਥਿੱਤੀ ਵਿੱਚ ਚਾਪਲੂਸ ਪਰਵਾਰਵਾਦ ਦੀ ਬੇਲੋੜੀ, ਬੇ-ਗੈਰਤੀ ਅਣਖਹੀਣਤਾ ਵਾਲੀ ਉਸਤਿਤ ਕਰਦੇ ਰਹਿੰਦੇ ਹਨ, ਜਿਸ ਕਰਕੇ ਬੰਦਾ ਆਪਣੀ ਅਜ਼ਾਦ ਸੋਚ ਹੀ ਖਤਮ ਕਰ ਲੈਂਦਾ ਹੈ। ਇੰਜ ਕਹੀਏ ਕਿ ਪਰਵਾਰਵਾਦ ਦੀ ਵਿਸ਼ਾਲਤਾ ਤੇ ਵਿਨਾਸ਼ਤਾ ਚਾਪਲੂਸਾਂ ਦਾ ਸਦਕਾ ਹੁੰਦੀ ਹੈ।

ਕੋਈ ਧਾਰਮਿਕ ਅਸਥਾਨਾਂ `ਤੇ ਪੱਥਰਾਂ ਉੱਤੇ ਆਪਣਾ ਨਾਂ ਲਿਖਾ ਕੇ ਖੁਸ਼ ਹੋ ਰਿਹਾ ਹੈ। ਕੋਈ ਗੁਰਪੁਰਬਾਂ ਦੇ ਮੌਕਿਆ `ਤੇ ਪੰਜ ਕਿਲੋ ਦਾਲ ਦੇ ਕੇ ਤੇ ਸਕੱਤਰ ਕੋਲੋਂ ਆਪਣਾ ਨਾਂ ਸੁਣ ਕੇ ਬਹੁਤ ਖੁਸ਼ ਹੋ ਰਿਹਾ ਹੈ। ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਤਥਾ ਗ੍ਰੰਥੀਆਂ ਨੇ ਆਰਦਾਸ ਵਿੱਚ ਪਰਵਾਰਾਂ ਦਾ ਨਾਂ ਲੈ ਕੇ ਆਪਣੀ ਆਮਦਨ ਪੱਕੀ ਕੀਤੀ ਹੋਈ ਹੈ। ਉਂਜ ਕਈ ਵਾਰੀ ਬੰਦਾ ਅਰਦਾਸ ਕਰਾਉਂਦਾ ਹੈ ਕਿ ਜੀ ਗੁਪਤ ਲਿਖ ਲਓ ਪਰ ਗੁਪਤ ਕਹਿਣ ਨਾਲ ਵੀ ਅਰਦਾਸ ਕਰਾਉਣ ਵਾਲਾ ਆਪਣਾ ਗੁਪਤ ਨਾਂ ਸੁਣ ਕੇ ਬਹੁਤ ਖੁਸ਼ ਹੁੰਦਾ ਹੈ। ਜੇ ਕਰ ਕੋਈ ਆਦਮੀ ਚੜ੍ਹਾਈ ਕਰ ਜਾਏ ਤਾਂ ਅਸੀਂ ਲੀਡਰ ਇਕੱਠੇ ਕਰਕੇ ਆਪਣੀ ਤੇ ਆਪਣੇ ਪਰਵਾਰ ਦੀ ਉਸਤਿਤ ਸੁਣਨਾ ਪਸੰਦ ਕਰਦੇ ਹਾਂ। ਸਭ ਤੋਂ ਵੱਧ ਅਜੇਹੇ ਸਮੇਂ `ਤੇ ਝੂਠ ਬੋਲਿਆ ਜਾਂਦਾ ਹੈ। ਅੱਜ ਸਮਾਜ ਦੀ ਬਣਤਰ ਹੀ ਕੁੱਝ ਏਹੋ ਜੇਹੀ ਬਣ ਗਈ ਹੈ ਕਿ ਵਿਆਹ ਸ਼ਾਦੀਆਂ `ਤੇ ਗਾਇਕਾਂ ਕੋਲੋਂ ਲੱਚਰ ਗਾਇਕੀ ਸੁਣ ਕੇ ਸਮਾਜ ਵਿੱਚ ਬਹਿਜਾ ਬਹਿਜਾ ਕਰਾਉਣੀ ਚਹੁੰਦੇ ਹਾਂ। ਅਜੇਹੇ ਗਾਇਕ ਵੀ ਪਰਵਾਰ ਦੀ ਸਿਫਤ ਸਲਾਹ ਕਰੀ ਜਾਣਗੇ। ਲੋਕ ਮੂੰਹ ਤੇ ਭਾਵੇਂ ਸਿਫਤ ਕਰਨ ਪਰ ਵਿਚੋਂ ਕੋਈ ਵੀ ਪਸੰਦ ਨਹੀਂ ਕਰਦਾ, ਸਭ ਕਹਿਣਗੇ ਸਮਾਜ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।

ਬਹੁਤੇ ਘਰਾਂ ਦੇ ਕਲੇਸ਼ਾਂ ਦਾ ਮੂਲ ਕਾਰਨ ਵੀ ਇਹ ਹੀ ਹੁੰਦਾ ਹੈ ਕਿ ਜੀ ਇਸ ਘਰ ਵਿੱਚ ਸਾਡੀ ਕੋਈ ਪੁੱਛ ਪਰਤੀਤ ਨਹੀਂ ਹੈ। ਜਨੀ ਕਿ ਘਰ ਵਿੱਚ ਹਰ ਬੰਦਾ ਆਪਣੀ ਉਸਤਿਤ ਚਹੁੰਦਾ ਹੈ। ਅਫ਼ਸਰ ਕੋਲੋਂ ਛੁੱਟੀ ਲੈਣ ਵੇਲੇ ਮੁਲਾਜ਼ਮ ਸੜੇ ਸੁੱਕੇ ਗੋਭੀ ਦੇ ਫੁੱਲ ਵਰਗੇ ਨੂੰ ਕਮਲ ਦਾ ਫੁੱਲ ਆਖਣ ਤੋਂ ਗੁਰੇਜ਼ ਨਹੀਂ ਕਰੇਗਾ। ਗੁਰਬਾਣੀ ਦਾ ਬੜਾ ਪਿਆਰਾ ਤਰਕ ਹੈ ਕਿ ਸਿੱਖ ਸਿਧਾਂਤ ਉਸਤਿਤ ਦੇ ਨਿੰਦਿਆ ਦੇ ਪ੍ਰਭਾਵ ਤੋਂ ਮੁਕਤ ਹੈ--

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ।।

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ।। ੧੪।।

ਅੱਖਰੀਂ ਅਰਥ--ਹੇ ਨਾਨਕ! ਆਖ—ਹੇ ਮਨ! ਸੁਣ, ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿੱਚ ਨਹੀਂ ਫਸਦਾ), ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ। ੧੪। ਹਰ

ਬੇ-ਲੋੜੀ ਉਸਤਿਤ ਤੇ ਬੇ-ਲੋੜੀ ਨਿੰਦਿਆ ਤੋਂ ਬਚਣ ਦੀ ਗੁਰਬਾਣੀ ਜੁਗਤੀ ਵੀ ਦਸਦੀ ਹੈ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਅਸੀਂ ਸੰਸਾਰ ਵਿੱਚ ਝੂਠ ਮਾਰ ਕੇ ਆਪਣੀ ਉਸਤਿਤ ਦੀ ਭਾਲ ਵਿੱਚ ਲੱਗੇ ਹੋਏ ਹਾਂ। ਜਦ ਕਿ ਗੁਰਬਾਣੀ ਸਾਨੂੰ ਸੱਚ ਦੇ ਤੌਰ ਤਰੀਕੇ ਸਿਖਾਉਂਦੀ ਹੈ ਕਿ ਅਜੇਹਾ ਜੀਵਨ ਜਿਉਣਾ ਚਾਹੀਦਾ ਹੈ ਜਿਸ ਨਾਲ ਸੰਸਾਰ ਵਿੱਚ ਉਸਤਿਤ ਆਪਣੇ ਆਪ ਹੋਵੇ। ਇਸ ਵਿਚਾਰ ਨੂੰ ਸਮਝਣ ਲਈ ਮਾਘ ਮਹੀਨੇ ਦੀ ਪਉੜੀ ਲੈ ਕੇ ਇਸ ਦੀ ਵਿਚਾਰ ਚਰਚਾ ਕੀਤੀ ਜਾਏਗੀ। ਅਸਲ ਵਿੱਚ ਜੇ ਸਾਡਾ ਵਿਹਾਰਕ ਪੱਖ ਸਹੀ ਹੋਏਗਾ ਤਾਂ ਸੰਸਾਰ ਆਪਣੇ ਆਪ ਹੀ ਸਾਡੀ ਉਸਤਿਤ ਕਰੇਗਾ।

ਮੈਨੁੰ ਇੱਕ ਗੱਲ ਬੜੀ ਪਿਆਰੀ ਯਾਦ ਹੈ ਕਿ ਇੱਕ ਪਿਤਾ ਆਪਣੇ ਦੋ ਬੱਚਿਆਂ ਨੂੰ ਅਵਾਜ਼ ਮਾਰਦਾ ਹੁੰਦਾ ਸੀ ਓਏ! “ਕੁੱਤਿਆ” ਤੇ ਦੂਜੇ ਨੂੰ ਕਹਿੰਦਾ ਹੁੰਦਾ ਸੀ ਓਏ! “ਬਿੱਲਿਆ”। ਕਿਸੇ ਜਾਣਕਾਰ ਨੇ ਪੁੱਛਿਆ, ਕਿ “ਤੂੰ ਆਪਣੇ ਪੁੱਤਰਾਂ ਦੇ ਅਧੂਰੇ ਨਾਂ ਲੈ ਕੇ ਕਿੁੳਂ ਬਲਾਉਂਦੇ ਏਂ”? ਤਾਂ ਅੱਗੋਂ ਕਹਿਣ ਲੱਗਾ, “ਜੇ ਇਹ ਇਹਨਾਂ ਨੇ ਚੰਗੇ ਕੰਮ ਕੀਤੇ ਤਾਂ ਲੋਕ ਕਹਿਣਗੇ ਬਲੰਦ ਖਾਂ ਤੇ ਦੂਜੇ ਨੂੰ ਕਹਿਣਗੇ ਕੁਤਬਦੀਨ ਜੇ ਇਹਨਾਂ ਨੇ ਆਪਣੀ ਮਰਜ਼ੀ ਕੀਤੀ ਤਾਂ ਲੋਕ ਕੁੱਤਿਆ ਬਿੱਲਿਆ ਹੀ ਕਹਿਣਗੇ”। ਜੇ ਸਾਡਾ ਵਿਹਾਰਕ ਪੱਖ ਗਲ਼ੀ ਮਹੱਲੇ ਵਿੱਚ ਵਧੀਆ ਹੋਇਆ ਤਾਂ ਲੋਕ ਆਪਣੇ ਆਪ ਹੀ ਉਸਤਿਤ ਕਰਨਗੇ ਜੇ ਸਾਡਾ ਕਰਮ ਅਜੇਹਾ ਹੋਇਆ ਤਾਂ ਲੋਕ ਥੂ ਥੂ ਕਰਨਗੇ—ਬਾਰਹ ਮਾਂਹ ਦੀ ਪਉੜੀ ਦੀ ਵਿਚਾਰ ਦਾ ਵਿਹਾਰਕ ਪੱਖ ਲੈਂਦੇ ਹਾਂ—-

ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਨੇ ਫਰਮਾਉਂਦੇ ਹਨ—

ਮਾਘਿ ਮਜਨੁ ਸੰਗਿ ਸਾਧੂਆ, ਧੂੜੀ ਕਰਿ ਇਸਨਾਨੁ।।

ਅੱਖਰੀਂ ਅਰਥ--ਮਾਘ ਵਿੱਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿੱਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ।

ਵਿਚਾਰ ਤੇ ਵਿਹਾਰਕ ਪੱਖ—ਆਮ ਕਰਕੇ ਸਮਝਿਆ ਗਿਆ ਹੈ ਕਿ ਮਾਘ ਦੇ ਮਹੀਨੇ ਵਿੱਚ ਧਾਰਮਿਕ ਪਹਿਰਾਵਾ ਪਾਈ ਸਾਧੂਆਂ ਦੀ ਚਰਨ ਧੂੜ ਨੂੰ ਇਕੱਠਿਆਂ ਕਰਕੇ ਉਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਹੁਣ ਜਦੋਂ ਅੱਖਰਾਂ ਦੇ ਅਰਥਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹਾਂ ਤਾਂ ਇਹ ਲਾਗੂ ਨਹੀਂ ਹੁੰਦੇ ਕਿਉਂਕਿ ਧੂੜੀ ਵਿੱਚ ਇਸ਼ਨਾਨ ਕਰਨਾ ਮਿੱਟੀ ਵਿੱਚ ਲਿਬੜਨਾ ਹੀ ਹੈ। ਮਿੱਟੀ ਵਿੱਚ ਲਿਬੜਨ ਨਾਲ ਕਦੇ ਸਵਰਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਿੱਟੀ ਦੇ ਇਸ਼ਨਾਨ ਕਰਨ ਨਾਲ ਕੋਈ ਨੌਕਰੀ ਵੀ ਨਹੀਂ ਪ੍ਰਾਪਤ ਹੋ ਸਕਦੀ।

ਉਂਜ ਕਿਰਤ ਕਮਾਈ ਕਰਦਿਆਂ ਹਰ ਬੰਦੇ ਨੂੰ ਮਿੱਟੀ ਨਾਲ ਮਿੱਟੀ ਹੋਣਾ ਹੀ ਪੈਂਦਾ ਹੈ। ਸੱਚੀ ਕਿਰਤ ਹੀ ਰੱਬ ਦੀ ਪੂਜਾ ਹੈ— ਵਿਹਲੜ ਲੋਕਾਂ ਨੂੰ

ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ।।

ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ।। ੨।।

ਪੰਨਾ ੧੪੨੫

ਅੱਖਰੀਂ ਅਰਥ--ਹੇ ਨਾਨਕ! (ਆਖ—ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ। ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿੱਚ ਰਹਿ ਕੇ) ਮੈਂ ਘੱਟੇ-ਮਿੱਟੀ ਵਿੱਚ ਲਿਬੜੀ ਹੋਈ ਭੀ (ਆਪਣੇ ਆਪ ਨੂੰ) ਸੋਹਣੀ ਲੱਗਦੀ ਹਾਂ।

ਪਰ ਵਿਹਲੜ ਲੋਕਾਂ ਦੇ ਪੈਰਾਂ ਵਾਲੀ ਮਿੱਟੀ ਵਿੱਚ ਇਸ਼ਨਾਨ ਕਰਨ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ।

ਹੁਣ ਇਸ ਦਾ ਵਿਹਾਰਕ ਪੱਖ ਸਮਝਣ ਦਾ ਯਤਨ ਕੀਤਾ ਜਾਏਗਾ। ਗੁਰਬਾਣੀ ਦੇ ਜਿੱਥੇ ਅੱਖਰੀਂ ਅਰਥ ਹਨ ਓੱਥੇ ਗੁਰਬਾਣੀ ਦਾ ਇੱਕ ਭਾਵ ਅਰਥ ਵੀ ਹੈ ਤੇ ਇਹ ਭਾਵ ਅਰਥ ਹੀ ਸਾਡੇ ਜੀਵਨ ਵਿੱਚ ਲਾਗੂ ਹੋ ਕੇ ਵਿਹਾਰਕ ਪੱਖ ਬਣਦਾ ਹੈ। ਮਾਘ ਦੇ ਮਹੀਨੇ ਵਿੱਚ ਹੀ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦੀ ਮਹੱਤਤਾ ਹੈ? ਕੀ ਅੱਗੋਂ ਪਿੱਛੋਂ ਇਸ਼ਨਾਨ ਕਰਨ ਨਾਲ ਕੋਈ ਨੁਕਸਾਨ ਹੁੰਦਾ ਹੈ? ਏੱਥੇ ਸਰੀਰ ਦੇ ਤਲ਼ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਸਰੀਰਕ ਇਸ਼ਨਾਨ ਨਾਲ ਕੋਈ ਰੱਬ ਜੀ ਦੀ ਪ੍ਰਾਪਤੀ ਹੁੰਦੀ ਹੈ। ਹਾਂ ਉਂਜ ਹਰ ਮਨੁੱਖ ਨੂੰ ਸਫ਼ਾਈ ਦੇ ਪੱਖ ਨੂੰ ਮੁੱਖ ਰੱਖਦਿਆਂ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ। ਏੱਥੇ ਸਾਧੂਆਂ ਦੀ ਧੂੜੀ ਦੇ ਇਸ਼ਨਾਨ ਤੋਂ ਮੁਰਾਦ ਹੈ ਵਿਦਵਾਨ ਲੋਕਾਂ ਪਾਸੋਂ ਨਿੰਮਰਤਾ ਨਾਲ ਗਿਆਨ ਹਾਸਲ ਕੀਤਾ ਜਾਏ। ਇਸ ਗਿਆਨ ਵਿੱਚ ਹੀ ਅੰਤਰ ਆਤਮਾ ਦਾ ਇਸ਼ਨਾਨ ਕਰਾਉਣ ਦੀ ਗੱਲ ਸਮਝਾਈ ਗਈ ਹੈ। ਜੇਹਾ ਕਿ ਗੁਰਬਾਣੀ ਵਾਕ---

ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ।।

ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤਸਰਿ ਤੀਰਥਿ ਨਾਇ।।

ਸਲੋਕ ਮ: ੩ ਪੰਨਾ ੫੮੭

ਅੱਖਰੀਂ ਅਰਥ-- ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ, (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਇਸ ਤੀਰਥ ਦੀ) ਸਮਝ ਬਖ਼ਸ਼ੀ ਹੈ ਉਹ ਮਨੁੱਖ ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ।

ਧੂੜੀ ਕਰ ਇਸ਼ਨਾਨ ਤੋਂ ਭਾਵ ਨਿੰਮ੍ਰਤਾ ਨਾਲ ਗਿਆਨ ਹਾਸਲ ਕਰਨਾ ਹੈ। ਇਹ ਗਿਆਨ ਗੁਣਾਂ ਦੇ ਅਧਾਰਤ ਹੋਣਾ ਹੈ ਗੁਰਬਾਣੀ ਦਾ ਇੱਕ ਹੋਰ ਫਰਮਾਣ ਹੈ—

ਹਰਿ ਧੂੜੀ ਨਾੑਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ।।

ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ।।

ਪੰਨਾ ੪੫੩ 

ਅੱਖਰੀਂ ਅਰਥ--ਹੇ ਭਾਈ! ਪ੍ਰਭੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ (ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿੱਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ।

ਬਹੁਤ ਸਾਰੇ ਗੁਰਦੁਆਰਿਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਕਈ ਥਾਂਈਂ ਜਿੱਥੇ ਜੋੜੇ ਰੱਖੇ ਜਾਂਦੇ ਹਨ ਓੱਥੇ ਅੰਨ੍ਹੀ ਸ਼ਰਧਾ ਵੱਸ ਮਿੱਟੀ ਦੇ ਬਰੀਕ ਬਰੀਕ ਜ਼ਰੇ ਜੋ ਜੁੱਤੀਆਂ ਨਾਲ ਲੱਗੇ ਹੁੰਦੇ ਹਨ ਉਹਨਾਂ ਨੂੰ ਇਕੱਠਾ ਕਰਕੇ ਪੁੜੀਆਂ ਬਣਾ ਲਈਆਂ ਜਾਂਦੀਆਂ ਹਨ। ਫਿਰ ਅਗਿਆਨਤਾ ਵੱਸ ਲੋਕ ਉਹਨਾਂ ਪੁੜੀਆਂ ਨੂੰ ਆਪਣੇ ਘਰ ਵਿੱਚ ਲਿਆ ਕਿ ਇਸ਼ਨਾਨ ਕਰਨ ਸਮੇਂ ਪਾਣੀ ਘੋਲ ਲੈਂਦੇ ਹਨ ਤੇ ਸਮਝਦੇ ਹਨ ਸ਼ਾਇਦ ਸਾਡੇ ਸਾਰੇ ਰੋਗ ਠੀਕ ਹੋ ਜਾਣਗੇ। ਗਿਆਨ ਦੀ ਘਾਟ ਕਰਕੇ ਏਦਾਂ ਦੀ ਧੂੜੀ ਵਿਚਲੇ ਇਸ਼ਨਾਨ ਨੂੰ ਕਈ ਲੋਕਾਂ ਨੇ ਧਰਮ ਸਮਝ ਲਿਆ ਹੋਇਆ ਹੈ। ਧੂੜੀ ਕਰ ਇਸ਼ਨਾਨ ਦਾ ਭਾਵ ਅਰਥ ਏਹੀ ਬਣਦਾ ਹੈ ਕਿ ਨਿੰਮ੍ਰਤਾ ਨਾਲ ਵਿਦਵਾਨਾਂ ਪਾਸੋਂ ਗਿਆਨ ਹਾਸਲ ਕਰਨਾ ਹੈ, ਗੁਰਦੇਵ ਜੀ ਦਾ ਇੱਕ ਹੋਰ ਵਾਕ ਹੈ—

ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ।।

ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ।।

ਪੰਨਾ ੭੮੦

ਗੁਰੂ ਜੀ ਦੇ ਚਰਣੀ ਲੱਗਣਾ ਭਾਵ ਗੁਰਬਾਣੀ ਵਿਚਾਰ ਨੂੰ ਜੀਵਨ ਸ਼ੈਲੀ ਵਿੱਚ ਲੈ ਕੇ ਆਉਣਾ ਹੀ ਰੱਬ ਨੂੰ ਧਿਆਉਣਾ ਹੈ। ਭਾਵ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।

ਮੁਕਦੀ ਗੱਲ ਮਾਘ ਦੇ ਮਹੀਨੇ ਦੀ ਪਉੜੀ ਵਿਚੋਂ ਬਹੁਤ ਪਿਆਰਾ ਵਿਹਾਰਕ ਪੱਖ ਸਮਝ ਵਿੱਚ ਆਉਂਦਾ ਹੈ ਕਿ ਜੇ ਅਸੀਂ ਜ਼ਿੰਦਗੀ ਵਿੱਚ ਕੋਈ ਤਰੱਕੀ ਕਰਨੀ ਹੈ ਤਾਂ ਸਾਨੂੰ ਨਿੰਮ੍ਰਤਾ ਨਾਲ ਵਿਸ਼ਾ ਮਾਹਰ ਵਿਦਵਾਨਾਂ ਪਾਸੋਂ ਗੁਣ ਸਿੱਖਣੇ ਚਾਹੀਦੇ ਹਨ। ਹੋਰ ਧੂੜੀ ਵਿੱਚ ਨਾ ਤਾਂ ਇਸ਼ਨਾਨ ਹੁੰਦਾ ਹੈ ਤੇ ਨਾ ਹੀ ਵਿਹਲੜ ਸਾਧਾਂ ਦੀ ਕੋਈ ਵਿੱਚ ਕੋਈ ਮਹਾਨਤਾ ਹੈ।

ਪਉੜੀ ਦੀ ਦੂਜੀ ਤੁਕ ਵਿਚ-

ਹਰਿ ਕਾ ਨਾਮੁ ਧਿਆਇ ਸੁਣਿ, ਸਭਨਾ ਨੋ ਕਰਿ ਦਾਨੁ।।

ਅੱਖਰੀਂ ਅਰਥ-- ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ।

ਵਿਚਾਰ ਤੇ ਵਿਹਾਰਕ ਪੱਖ--ਰੱਬ ਦਾ ਨਾਂ ਆਪ ਧਿਆ-ਸੁਣ ਕੇ ਫਿਰ ਦੂਜੇ ਲੋਕਾਂ ਨੂੰ ਕਿਹਾ ਕੇ ਭਈ ਮੇਰੇ ਪਿੱਛੇ ਪਿੱਛੇ ਤੁਸੀਂ ਰੱਬ ਦਾ ਨਾਮ ਜੱਪੋ। ਏਦ੍ਹਾ ਨਾਮ ਜਪਾਉਣਾ ਨਾਮ ਦਾ ਦਾਨ ਹੈ। ਸ਼ਬਦੀਂ ਅਰਥ ਸਮਝ ਆਉਂਦੇ ਦਾਨ ਸ਼ਾਇਦ ਸਥੂਲ ਵਸਤੂ ਦਾ ਹੀ ਕੀਤਾ ਜਾ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਰੱਬ ਦਾ ਨਾਂ ਸਾਰਿਆਂ ਨੂੰ ਕਿਵੇਂ ਦਾਨ ਕੀਤਾ ਜਾ ਸਕਦਾ ਹੈ? ਇਸ ਦਾ ਭਾਵ ਅਰਥ ਸਮਝ ਵਿੱਚ ਅਉਂਦਾ ਹੈ ਕਿ ‘ਹਰਿ ਕਾ ਨਾਮੁ ਧਿਆਇ ਸੁਣਿ` ਤਕਨੀਕ ਜਾਂ ਕੋਈ ਹੁਨਰ ਆਪ ਸਿੱਖਣਾ ਹੈ ਤੇ ਇਹ ਗੁਣ ਸਿੱਖਣ ਲਈ ਸਾਨੂੰ ਵਿਦਵਾਨ ਦੀ ਗੱਲ ਧਿਆਨ ਨਾਲ ਸੁਣਨੀ ਪਏਗੀ ਤੇ ਨਾਲ ਸਾਨੂੰ ਜ਼ਬਾਨੀ ਯਾਦ ਵੀ ਕਰਨੀ ਪਏਗੀ। ਧਿਆਇ ਦਾ ਅਰਥ ਹੈ ਜ਼ਬਾਨੀ ਯਾਦ ਰੱਖਣਾ। ‘ਸਭਨਾ ਨੋ ਕਰਿ ਦਾਨੁ` ਦਾ ਭਾਵ ਅਰਥ ਸਮਝ ਵਿੱਚ ਆਉਂਦਾ ਹੈ ਕਿ ਆਪ ਗੁਣ ਸਿੱਖ ਕੇ ਹੋਰਨਾ ਨੂੰ ਸਿਖਾਉਣ ਦਾ ਯਤਨ ਕਰ। ਇੰਜ ਆਖੀਏ ਜਿਸ ਖੇਤਰ ਵਿੱਚ ਕੁੱਝ ਸਿੱਖਿਆ ਹੈ ਉਸ ਦੀ ਮੁਹਾਰਤ ਹਾਸਲ ਕਰਕੇ ਉਸਤਾਦ ਬਣਨ ਦਾ ਯਤਨ ਕਰਨਾ ਹੈ। ਮਿਸਾਲ ਦੇ ਤੌਰ `ਤੇ ਵਿਦਿਆਰਥੀ ਜਦੋਂ ਡਿਗਰੀ ਕਰਦਾ ਹੈ ਕਿ ਮੈਂ ਦੁਨੀਆਂ ਦੇ ਖੇਤਰ ਵਿੱਚ ਜਾ ਕੇ ਨੌਕਰੀ ਕਰਾਂਗਾ। ਕਈਆਂ ਦਾ ਇਹ ਵੀ ਖਿਆਲ ਹੁੰਦਾ ਹੈ ਕਿ ਪੜ੍ਹ ਲਿਖ ਕੇ ਜਿੱਥੇ ਨੌਕਰੀ ਕਰਨੀ ਚਾਹੀਦੀ ਹੈ ਓੱਥੇ ਪੜ੍ਹਾਉਣ ਦਾ ਵੀ ਕੰਮ ਕਰਨਾ ਚਾਹੀਦਾ ਹੈ। ਆਪਣਾ ਆਪਣਾ ਸ਼ੌਕ ਹੁੰਦਾ ਹੈ ਕਿਸੇ ਨੂੰ ਪੜ੍ਹਾਉਣਾ ਵਧੀਆ ਲਗਦਾ ਹੈ ਕਿਸੇ ਪੜ੍ਹਾਉਣਾ ਬੋਝ ਲਗਦਾ ਹੈ। ਇਸ ਤੁਕ ਵਿਚੋਂ ਸਮਝ ਆਉਂਦੀ ਹੈ ਕਿ ਜਿੱਥੇ ਬੰਦੇ ਨੇ ਆਪ ਵਿਦਿਆ ਹਾਸਲ ਕੀਤੀ ਹੈ ਓੱਥੇ ਅਜੇਹੀ ਵਿਦਿਆ ਵਾਲੇ ਹੋਰ ਵਿਦਿਆਰਥੀ ਵੀ ਪੈਦਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਦੂਜਾ ਕਿਸੇ ਵਿਦਿਆਰਥੀ ਨੇ ਡਾਕਟਰੀ ਦੇ ਕਿੱਤੇ ਵਿੱਚ ਮੁਹਾਰਤ ਹਾਸਲ ਕੀਤੀ ਹੈ ਤਾਂ ਉਹ ਡਾਕਟਰੀ ਦੇ ਸਿੱਖੇ ਹੋਏ ਗੁਣਾਂ ਦੁਆਰਾ ਦੁਨਿਆਵੀ ਲਾਲਚ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਵਿੱਚ ਜੁੜ ਜਾਏ ਤਾਂ ਤੇ ਸਮਝਿਆ ਜਾ ਸਕਦਾ ਹੈ ਕਿ ਇਹ ਵਾਕਿਆ ਹੀ ਅਜੇਹਾ ਬੰਦਾ ਸਿੱਖੇ ਹੋਏ ਗੁਣਾਂ ਦਾ ਦਾਨ ਕਰ ਰਿਹਾ ਹੈ। ਇਸ ਕੀਤੇ ਹੋਏ ਦਾਨ ਵਿੱਚ ਲਾਲਚ ਨਹੀਂ ਹੋਣਾ ਚਾਹੀਦਾ। ਸਭਨਾ ਨੋ ਕਰਿ ਦਾਨ ਜਿੱਥੇ ਆਪ ਗੁਣ ਸਿੱਖ ਕੇ ਲੋਕਾਂ ਨੂੰ ਸਿਖਾਉਣਾ ਹੈ ਓੱਥੇ ਇਸ ਗੁਣ ਰਾਂਹੀਂ ਲੋਕਾਂ ਦੇ ਭਲੇ ਦੀ ਵੀ ਗੱਲ ਸੋਚਣੀ ਹੈ। ਹੁਣ ਰੱਬ ਦਾ ਦਾਨ ਬਹੁਤ ਵੱਡਾ ਹੈ ਕੁਦਰਤੀ ਸੋਮੇ ਦਾਨ ਵਿੱਚ ਮਿਲੇ ਹਨ। ਸੂਰਜ ਦੀ ਰੋਸ਼ਨੀ, ਹਵਾ ਬਾਗਾਂ ਦੇ ਮਿੱਟੇ ਮੇਵੇ ਆਦਿਕ ਥੋਕ ਭਾਅ ਵਿੱਚ ਸਾਨੂੰ ਰੱਬ ਨੇ ਦਾਨ ਦਿੱਤਾ ਹੋਇਆ ਹੈ। ਇਹ ਅਜੇਹਾ ਦਾਨ ਹੈ ਜਿਸ ਨੂੰ ਬਿਨਾਂ ਭਿੰਨ ਭਾਵ ਦੇ ਦੁਨੀਆਂ ਵਰਤ ਰਹੀ ਹੈ—

ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ।।

ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ।। ੧।।

ਸਲੋਕ ਮ: ੫ ਪੰਨਾ ੭੦੬

ਅੱਖਰੀਂ ਅਰਥ--ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।

ਇਸ ਤੁਕ ਦਾ ਵਿਹਾਰਕ ਪੱਖ ਸਮਝ ਆਉਂਦਾ ਹੈ ਕਿ ਆਪ ਗੁਣ ਸਿੱਖ ਕੇ ਉਹਨਾਂ ਦੀ ਸਮਾਜ ਦੇ ਭਲੇ ਲਈ ਵਰਤੋਂ ਕੀਤੀ ਜਾਏ। ਇਸ ਨੂੰ ਹੋਰ ਵੀ ਬਰੀਕ ਸਮਝਿਆ ਜਾ ਸਕਦਾ ਹੈ, ਜਿਸ ਤਰ੍ਹਾਂ ਸੜਕ `ਤੇ ਸਹੀ ਤਰੀਕੇ ਨਾਲ ਚੱਲਣਾ ਤਾਂ ਕਿ ਦੂਜਿਆਂ ਲੋਕਾਂ ਨੂੰ ਕੋਈ ਰੁਕਾਵਟ ਨਾ ਹੋਣ ਦਿੱਤੀ ਜਾਏ ਹੀ ਸਭਨਾ ਨੂੰ ਕਰਿ ਦਾਨ ਵਿੱਚ ਆਉਂਦਾ ਹੈ। ਹੁਣ ਕੋਈ ਐਂਬੂਲੈਂਸ ਨਗਰ ਕੀਰਤਨ ਦੇ ਜਾਮ ਵਿੱਚ ਫਸੀ ਹੋਵੇ ਤੇ ਅਸੀਂ ਕਹੀਏ ਕਿ ਜੀ ਅਸੀਂ ਧਰਮ ਦੀ ਸੇਵਾ ਕਰ ਰਹੇ ਹਾਂ ਸਾਡਾ ਪਹਿਲਾਂ ਨਗਰ ਕੀਰਤਨ ਸੁਣੋ ਲੰਗਰ ਛੱਕੋ ਸਾਡੇ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ, ਕੀ ਇਹ ਸਮਾਜ ਦੀ ਸੇਵਾ ਹੈ? ਦੂਜੇ ਪਾਸੇ ਮਰੀਜ਼ ਗੱਡੀ ਵਿੱਚ ਪਿਆ ਦਰਦਾਂ ਨਾਲ ਕਰਾਹ ਰਿਹਾ ਹੋਵੇ ਘਰ ਵਾਲੇ ਰਸਤਾ ਮੰਗ ਰਹੇ ਹੋਣ ਅੱਗੋਂ ਧਰਮ ਦਾ ਕਰਮ ਕਰਨ ਵਾਲੇ ਰਸਤਾ ਨਾ ਦੇਣ ਫਿਰ ਦੱਸੋ ਇਹ ਕਾਹਦੀ ਕੌਮ ਦੀ ਸੇਵਾ ਹੈ। ਸਭਨਾ ਨੋ ਕਰਿ ਦਾਨ ਦਾ ਭਾਵ ਅਰਥ ਹੈ ਕਿ ਚੰਗੇ ਸਲੀਕੇ ਨਾਲ ਵਿਚਰਿਆ ਜਾਏ ਜਿਸ ਨਾਲ ਕਿਸੇ ਨੂੰ ਕੋਈ ਸਮੱਸਿਆ ਖੜੀ ਨਾ ਹੋਵੇ। ਦੂਜਾ ਭਾਵ ਅਰਥ ਸਮਝ ਵਿੱਚ ਆਉਂਦਾ ਹੈ ਕਿ ਆਪਣੀ ਉਪਜੀਵਕਾ ਵਿਚੋਂ ਕਿਸੇ ਲੋੜਵੰਦ ਦੀ ਬਿਨਾ ਭਿੰਨ ਭਾਵ ਦੇ ਯਥਾ ਸ਼ਕਤ ਸਹਾਇਤਾ ਕਰਨੀ ਹੈ।

ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ।।

ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ।। ੧।।

ਟੋਡੀ ਮਹਲਾ ੫ ਪੰਨਾ ੭੧੮

ਅੱਖਰੀਂ ਅਰਥ--ਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ। ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ। ੧।

ਗੁਣ ਗਾਵਤ ਅਤੁਲ ਸੁੱਖ ਮਿਲਦਾ ਹੈ ਜਦੋਂ ਗੁਣਾਂ ਦੀ ਵਰਤੋਂ ਕਰਦੇ ਹਾਂ।

ਇਸ ਪਉੜੀ ਦੀ ਅਗਲੀ ਤੁਕ ਵਿਚ

ਜਨਮ ਕਰਮ ਮਲੁ ਉਤਰੈ, ਮਨ ਤੇ ਜਾਇ ਗੁਮਾਨੁ।।

ਅੱਖਰੀਂ ਅਰਥ—ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।

ਵਿਚਾਰ ਤੇ ਵਿਹਾਰਕ ਪੱਖ--ਜਨਮਾਂ ਵਿੱਚ ਕੀਤੇ ਹੋਏ ਕਰਮਾਂ ਦੇ ਵਿਕਾਰਾਂ ਦੀ ਮੈਲ਼ ਮਨ ਤੋਂ ਲਹਿ ਜਾਂਦੀ ਹੈ ਤੇ ਮਨ ਵਿਚੋਂ ਹੰਕਾਰ ਦੂਰ ਹੁੰਦਾ ਹੈ। ਸਿੱਖ ਕੌਮ ਦੇ ਕੁੱਝ ਪ੍ਰਚਾਰਕਾਂ ਦੀ ਇੱਕ ਬਹੁਤ ਸਮੱਸਿਆ ਹੈ ਕਿ ਇਹ ਜ਼ਿਆਦਾਤਰ ਸ਼ਬਦ ਗੁਰਬਾਣੀ ਦਾ ਲੈਂਦੇ ਹਨ ਤੇ ਵਿਆਖਿਆ ਆਮ ਕਰਕੇ ਗਰੜ ਪੁਰਾਣ ਜਾਂ ਭਗਤ ਮਾਲਾ ਵਰਗੇ ਗ੍ਰੰਥਾਂ ਦੀ ਕਰਦੇ ਹਨ। ਖਾਸ ਤੌਰ `ਤੇ ਜਦੋਂ ਕਿਸੇ ਮਨੁੱਖ ਨੂੰ ਕੋਈ ਮੁਸੀਬਤ ਪੈਂਦੀ ਹੈ ਤਾਂ ਅਸੀਂ ਝੱਟ ਕਹਿ ਦੇਂਦੇ ਹਾਂ ਕਿ ਇਸ ਨੇ ਪਿੱਛਲੇ ਜਨਮ ਵਿੱਚ ਜ਼ਰੂਰ ਮਾੜੇ ਕਰਮ ਕੀਤੇ ਹੋਣੇ ਆਂ ਇਸ ਕਰਕੇ ਇਹ ਹੁਣ ਦੁੱਖ ਭੋਗ ਰਿਹਾ ਹੈ। ਹੁਣ ਜੇ ਏਸੇ ਪਉੜੀ ਦੀਆਂ ਪਹਿਲੀਆਂ ਤੁਕਾਂ ਨੂੰ ਧਿਆਨ ਵਿੱਚ ਲਿਆਵਾਂਗੇ ਤਾਂ ਸਮਝ ਆਉਂਦੀ ਹੈ ਕਿ ਵਿਦਵਾਨਾਂ ਦੀ ਨਿੰਮ੍ਰਤਾ ਨਾਲ ਸੰਗਤ ਵਿਚੋਂ ਗੁਣ ਹਾਸਲ ਕਰਨੇ ਹਨ ਤੇ ਫਿਰ ਇਹਨਾਂ ਗੁਣਾਂ ਦੀ ਸੁਚੱਜੀ ਵਰਤੋਂ ਕਰਨੀ ਹੈ। ਅਜੇਹੀ ਸਥਿੱਤੀ ਵਿੱਚ ਵਰਤਮਾਨ ਜੀਵਨ ਵਿਚੋਂ ਤਲਖੀਆਂ, ਬੁਰਾਈਆਂ, ਈਰਖਾਵਾਂ ਵਾਲੇ ਜੀਵਨ ਦੀ ਸਮਾਪਤੀ ਹੁੰਦੀ ਹੈ। ਛੋਟੀ ਜੇਹੀ ਮਿਸਾਲ ਦੁਆਰਾ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ। ਸਾਡੇ ਘਰ ਵਿੱਚ ਵਿਆਹ ਰੱਖਿਆ ਹੋਇਆ ਹੈ। ਘਰ ਦੇ ਜ਼ਿਆਦਾ ਜੀਅ ਇਹ ਚਹੁੰਦੇ ਹਨ ਕਿ ਅਸਾਂ ਕੋਈ ਗਾਣੇ ਵਜਾਣੇ ਦਾ ਬਹੁੱਤ ਚੰਗਾ ਪ੍ਰਬੰਧ ਕਰਨਾ ਹੈ ਜਨੀ ਕਿ ਚੰਗੇ ਨੱਚਣ ਗਉਣ ਵਾਲੇ ਲਿਆਉਣੇ ਹਨ ਤੇ ਸ਼ਰਾਬ ਆਦਿ ਦੀ ਵੀ ਵਰਤੋਂ ਕਰਨੀ ਹੈ। ਏਸੇ ਜੀਵਨ ਦੇ ਵਿੱਚ ਇਹ ਵਿਕਾਰੀ ਮੈਲ਼ ਚੜ੍ਹੀ ਹੋਈ ਹੈ। ਹੁਣ ਇਸ ਗੱਲ ਨੂੰ ਕੋਈ ਸਿਆਣਾ ਆਦਮੀ ਰਿਸ਼ਤੇਦਾਰੀ ਵਿਚੋਂ ਸਮਝਾਉਣ ਵਿੱਚ ਕਾਮਯਾਬ ਹੋ ਗਿਆ ਕਿ ਐਵੇਂ ਫ਼ਜ਼ੂਲ ਦੀ ਖਰਚੀ ਨਾ ਕੀਤੀ ਜਾਏ ਸਗੋਂ ਇਸ ਸਮਾਜਿਕ ਬੁਰਾਈ ਤੋਂ ਬਚਿਆ ਜਾਣਾ ਚਾਹੀਦਾ ਹੈ ਤਾਂ ਕਿਹਾ ਜਾ ਸਕਦਾ ਹੈ ਅਜੇਹੇ ਪਰਵਾਰ ਨੇ ਸੂਝਵਾਨ ਬੰਦੇ ਦੀ ਗੱਲ ਮੰਨਦਿਆਂ ਧੂੜੀ ਵਿੱਚ ਇਸ਼ਨਾਨ ਕਰ ਲਿਆ ਤੇ ਫਿਰ ਹੋਰਨਾ ਲੋਕਾਂ ਨੂੰ ਵੀ ਸਮਝਾਉਣ ਦੇ ਯਤਨ ਵਿੱਚ ਲੱਗਾ ਹੋਇਆ ਹੈ। ਏਸੇ ਜੀਵਨ ਵਿੱਚ ਜਿਹੜੇ ਘਟੀਆ ਖ਼ਿਆਲਾਂ ਨੇ ਜਨਮ ਲਿਆ ਸੀ ਉਹਨਾਂ ਦੀ ਸਮਝ ਆਉਣ `ਤੇ ਏਸੇ ਜਨਮ ਵਿੱਚ ਹੀ ਵਿਕਾਰੀ ਬਿਰਤੀ ਤੋ ਛੁਟਕਾਰਾ ਮਿਲ ਗਿਆ। ਮਨ ਨੂੰ ਅੰਹਕਾਰ ਦਾ ਤਾਪ ਚੜ੍ਹਿਆ ਹੋਇਆ ਹੈ ਸੀ ਜੋ ਧੂੜੀ ਵਿੱਚ ਇਸ਼ਨਾਨ ਕਰਨ ਨਾਲ ਲਹਿ ਗਿਆ ਹੈ। ਸਿਰੀ ਰਾਗ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ— -ਸਤਿਗੁਰਿ ਮਿਲੀਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ।।

ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ।। ੧।।

ਸਿਰੀ ਰਾਗ ਮਹਲਾ ੩

ਅੱਖਰੀਂ ਅਰਥ--ਜੇ ਗੁਰੂ ਮਿਲ ਪਏ ਤਾਂ (ਚੌਰਾਸੀ ਲੱਖ ਜੂਨਾਂ ਵਾਲਾ) ਫੇਰਾ ਨਹੀਂ ਪੈਂਦਾ, ਜਨਮ ਮਰਨ ਵਿੱਚ ਪਾਣ ਵਾਲਾ ਦੁਖ ਦੂਰ ਹੋ ਜਾਂਦਾ ਹੈ। ਪੂਰੇ (ਅਭੁੱਲ) ਗੁਰੂ ਦੇ ਸ਼ਬਦ ਵਿੱਚ ਜੁੜਿਆਂ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਪਰਮਾਤਮਾ ਦੇ ਨਾਮ ਵਿੱਚ ਲੀਨ ਟਿਕਿਆ ਰਹਿੰਦਾ ਹੈ। ੧।

ਇਹ ਵਰਤਮਾਨ ਜੀਵਨ ਦੀ ਹੀ ਗੱਲ ਕੀਤੀ ਗਈ ਹੈ ਨਾ ਮਰਣ ਉਪਰੰਤ ਕੋਈ ਲਾਲਚ ਦਿੱਤਾ ਗਿਆ ਹੈ।

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ-

ਕਾਮਿ ਕਰੋਧਿ ਨ ਮੋਹੀਐ, ਬਿਨਸੈ ਲੋਭੁ ਸੁਆਨੁ।।

ਅੱਖਰੀਂ ਅਰਥ—ਗੁਰ-ਗਿਆਨ ਦੀ ਬਰਕਤਿ ਨਾਲ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।

ਵਿਚਾਰ ਤੇ ਵਿਹਾਰਕ ਪੱਖ--ਹੁਣ ਦੇਖਿਆ ਜਾਏ ਤਾਂ ਇਹ ਸਾਰੀਆਂ ਬਿਮਾਰੀਆਂ ਏਸੇ ਜੀਵਨ ਵਿੱਚ ਹੀ ਮਨੁੱਖ ਨੂੰ ਚਿੰਬੜੀਆਂ ਹੋਈਆਂ ਹਨ। ਜਦੋਂ ਬੰਦੇ ਦੀ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਓਦੋਂ ਕ੍ਰੋਧ ਜਨਮ ਲੈਂਦਾ ਹੈ। ਤੀਜਾ ਬਿਮਾਰੀ ਲਾਲਚ ਦੀ ਹੈ ਜੋ ਕੁੱਤੇ ਵਾਂਗੂੰ ਭਜਾਈ ਫਿਰਦੀ ਹੈ। ਮਨੁੱਖ ਬਿਮਾਰੀ ਦੀ ਅਸਲੀ ਜੜ੍ਹ ਲੱਭਣ ਦੀ ਬਜਾਏ ਧਰਮ ਦੇ ਨਾਂ `ਤੇ ਕਰਮ-ਕਾਂਡ ਕਰਨ ਵਿੱਚ ਵਿਸਵਾਸ਼ ਰੱਖਦਾ ਹੈ ਏਦਾਂ ਉਹ ਕਦੀ ਵੀ ਜੀਵਨ ਜਾਚ ਨਹੀਂ ਸਿੱਖ ਸਕਦਾ। ਜੇ ਹੁਣ ਨਿਰਾ ਪਾਣੀ ਵਿੱਚ ਇਸ਼ਨਾਨ ਕੀਤਾ ਜਾਏ ਤਾਂ ਸਰੀਰ ਦਾ ਆਲਸ ਪਸੀਨਾ ਹੀ ਦੂਰ ਹੋ ਸਕਦਾ ਹੈ। ਮਨ ਨੂੰ ਵਿਕਾਰਾਂ ਦਾ ਚੜ੍ਹਿਆ ਤਾਪ ਕਦੇ ਵੀ ਨਹੀਂ ਉੱਤਰ ਸਕਦਾ। ਇੱਕ ਗੱਲ ਪੱਕੀ ਹੈ ਕਿ ਜੇ ਕੇਵਲ ਧੂੜੀ ਵਿੱਚ ਹੀ ਇਸ਼ਨਾਨ ਕੀਤਾ ਜਾਏ ਤਾਂ ਮਿੱਟੀ ਨਾਲ ਲਿਬੜਿਆ ਹੀ ਜਾ ਸਕੀਦਾ ਹੈ। ਹੁਣ ਗੱਲ ਸਪੱਸ਼ਟ ਹੁੰਦੀ ਹੈ ਕਿ ਜੇ ਵਾਕਿਆ ਹੀ ਸੂਝਵਾਨ ਮਨੁੱਖਾਂ ਪਾਸੋਂ ਗੁਣ ਗ੍ਰਹਿਣ ਕੀਤੇ ਜਾਣ ਤਾਂ ਉਹਨਾਂ ਦੇ ਜੀਵਨ ਵਿੱਚ ਸ਼ੁਭ ਗੁਣ ਸਦਾ ਵਿਕਾਸ ਕਰਦੇ ਰਹਿੰਦੇ ਹਨ। ਬੱਚਿਆ ਵਿੱਚ ਗੁਣਾਂ ਦੀ ਝਲਕ ਪਹਿਲਾਂ ਮਾਪਿਆ ਦੀ ਦੇਖੀ ਜਾਂਦੀ ਹੈ, ਫਿਰ ਦੇਖਿਆ ਜਾਂਦਾ ਹੈ ਕਿ ਇਸ ਦਾ ਉਸਤਾਦ ਕਿਹੜਾ ਹੈ। ਬੱਚਿਆਂ ਵਿੱਚ ਮਾਪਿਆਂ ਤੇ ਅਧਿਆਪਕਾਂ ਦੀ ਹਮੇਸ਼ਾਂ ਛਾਪ ਦਿਸਦੀ ਹੈ। ਅਸਾਂ ਪਹਿਲਾਂ ਡਾਕਟਰ ਦੀ ਗੱਲ ਕੀਤੀ ਹੈ ਜੇ ਇੱਕ ਡਾਕਟਰ ਦਾ ਕਿਰਦਾਰ ਉਸਤਾਦਾਂ ਨੇ ਮੇਹਨਤ ਨਾਲ ਘੜਿਆ ਹੋਏਗਾ ਤਾਂ ਉਹ ਕੁਦਰਤੀ ਗੱਲ ਹੈ ਸੇਵਾ ਭਾਵਨਾ ਨਾਲ ਵਿਚਰੇਗਾ। ਨਾ ਤਾਂ ਉਸ ਨੂੰ ਕ੍ਰੋਧ ਅੲਾੇਗਾ ਤੇ ਨਾ ਉਸ `ਤੇ ਕੋਈ ਲਾਲਚ ਆਦਿ ਆਪਣਾ ਪ੍ਰਭਾਵ ਪਾ ਸਕੇਗਾ। ਬੱਚੇ ਦੇ ਸੰਸਕਾਰਾਂ ਵਿੱਚ ਮਾਪਿਆਂ, ਅਧਿਆਪਕਾਂ, ਆਲਾ-ਦੁਆਲਾ ਤੇ ਉਸ ਦੀ ਰੋਜ਼ਮਰਾ ਦੀ ਸੰਗਤ ਦਾ ਵੀ ਹੁੰਦਾ ਹੈ --

ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ।।

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ।।

ਨਿਰਮਲ ਜਲਿ ਨਾੑਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ।।

ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ।।

ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ।।

ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ।। ੩।।

ਰਾਗ ਆਸਾ ਮਹਲਾ ੧ ਪੰਨਾ ੪੩੭

ਗੁਰੂ (ਇਕ) ਸਮੁੰਦਰ ਹੈ, ਗੁਰੂ ਰਤਨਾਂ ਦੀ ਖਾਣ ਹੈ, ਉਸ ਵਿੱਚ (ਸੁਚੱਜੀ ਜੀਵਨ-ਸਿੱਖਿਆ ਦੇ), ਅਨੇਕਾਂ ਰਤਨ ਹਨ। (ਹੇ ਸਹੇਲੀਏ! ਉਸ ਵਿਚ) ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ।

ਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿੱਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, (ਗੁਰੂ ਦੇ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਇਸ ਨੂੰ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ, ਅਤੇ ਕਾਮ ਕ੍ਰੋਧ ਖੋਟ (ਮਾਇਆ ਦਾ ਮੋਹ ਆਦਿਕ) ਤਿਆਗ ਕੇ ਜੀਵ ਸਦਾ-ਥਿਰ ਪ੍ਰਭੂ-ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ।

ਇਸ ਪਉੜੀ ਦੀ ਅਗਲੀ ਤੁਕ ਨੂੰ ਸਮਝਣ ਦਾ ਯਤਨ ਕਰੀਏ—

ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।

ਅੱਖਰੀਂ ਅਰਥ--ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ।

ਵਿਚਾਰ ਤੇ ਵਿਹਾਰਕ ਪੱਖ--ਸੱਚ ਦੇ ਮਾਰਗ `ਤੇ ਚੱਲਣ ਵਾਲੇ ਦੀ ਜਹਾਨ ਵਿੱਚ ਉਸਤਿਤ ਹੁੰਦੀ ਹੈ। ਇਸ ਬਾਰਹ ਮਾਹ ਦੀ ਬਾਣੀ ਦੇ ਵਿਹਾਰਕ ਪੱਖ ਨੂੰ ਦੇਖਣਾ ਹੋਵੇ ਤਾਂ ਸੱਚੇ ਮਾਰਗ ਤੇ ਚੱਲਣਾ ਹੀ ਇਸ ਦਾ ਸਿੱਖਰ ਹੈ। ਸੰਸਾਰ `ਤੇ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ। ਸੱਚ ਲਈ ਫਾਂਸੀ ਦੇ ਤੱਖਤੇ `ਤੇ ਚੜ੍ਹ ਜਾਣ ਵਾਲੇ ਨੂੰ ਸ਼ਹੀਦ ਆਖਿਆ ਜਾਂਦਾ ਹੈ। ਸ਼ਹੀਦ ਸੰਸਾਰਿਕ ਖਾਹਸ਼ਾਂ ਤੋਂ ਉੱਪਰ ਹੁੰਦਾ ਹੈ ਉਸ ਦੇ ਵਿੱਚ ਕੁੱਝ ਕਰਨ ਦੀ ਲਾਲਸਾ ਹੁੰਦੀ ਹੈ। ਉਹ ਸਮਾਜ ਦੀ ਕਾਂਇਆਂ ਨਵੀਂ ਸਿਰਜਣਾ ਚਹੁੰਦਾ ਹੈ। ਉਹ ਆਪਣੀ ਸ਼ਹਾਦਤ ਨਾਲ ਨਵਾਂ ਰਸਤਾ ਤਹਿ ਕਰਦਾ ਹੈ। ਕਾਮ, ਕ੍ਰੋਧ ਤੇ ਲਾਲਚ ਵਾਲੀ ਬਿਰਤੀ ਤੇ ਉਸ ਦਾ ਪੂਰਾ ਕੰਟ੍ਰੋਲ ਹੁੰਦਾ ਹੈ। ਸ਼ਹੀਦ ਹਮੇਸ਼ਾਂ ਸੱਚ ਦੇ ਮਾਰਗ `ਤੇ ਚਲਦਾ ਹੈ।

ਹੁਣ ਜ਼ਰਾ ਕੁ ਥੋੜਾ ਜੇਹਾ ਡੂੰਘਾਈ ਵਿੱਚ ਜਾਇਆ ਜਾਏ ਤਾਂ ਕੀ ਰਾਜਨੀਤਿਕ ਨੇਤਾ ਜਨ ਕੀ ਧਾਰਮਿਕ ਪ੍ਰਵਿਰਤੀ ਦੇ ਮਾਲਕ ਵੱਡੇ ਛੋਟੇ ਉੱਚੇ ਨੀਵੇਂ ਅਹੁਦੇਦਾਰ ਲਾਲਚ ਵੱਸ ਜੰਤਾ ਦੀ ਦਿਨ ਦੀਵੀਂ ਛਿੱਲ ਲਾ ਰਹੇ ਹਨ। ਫਿਰ ਧਾਰਮਿਕ ਅਸਥਾਨਾਂ `ਤੇ ਲੰਗਰ ਲਗਾ ਕੇ ਸਮਝਦੇ ਹਨ ਕਿ ਅਸੀਂ ਸੱਚੇ ਮਾਰਗ `ਤੇ ਚੱਲ ਰਹੇ ਹਾਂ। ਅਜੇਹੇ ਸਮਾਜ ਦੇ ਵਿਗੜਾਲ ਲੋਕ ਪੈਸੇ ਖਰਚ ਕੇ ਆਪਣੀ ਤਾਰੀਫ਼ ਕਰਾਉਣ ਦੇ ਯਤਨ ਵਿੱਚ ਲੱਗੇ ਹੋਏ ਹਨ। ਗੁਰਦੇਵ ਪਿਤਾ ਜੀ ਨੇ ਇੱਕ ਹੀ ਪੱਖ ਰੱਖਿਆ ਹੈ ਕਿ ਸੱਚੇ ਮਾਰਗ `ਤੇ ਚੱਲਣ ਵਾਲਾ ਹੀ ਜਹਾਨ ਵਿੱਚ ਆਪਣੀ ਉਸਤਿਤ ਕਰਾ ਲੈਂਦਾ ਹੈ।

ਇਸ ਪਉੜੀ ਦੀ ਅਗਲੀ ਤੁਕ ਵਿਚ

ਅਠਸਠਿ ਤੀਰਥ ਸਗਲ ਪੁੰਨ, ਜੀਅ ਦਇਆ ਪਰਵਾਨੁ।।

ਅੱਖਰੀਂ ਅਰਥ--- ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁੱਝ ਗੁਰੂ ਦੇ ਗਿਆਨ ਵਿੱਚ ਹੀ ਆ ਜਾਂਦਾ ਹੈ।

ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਵਿਚੋਂ ਇੱਕ ਵਿਹਾਰਕ ਪੱਖ ਬੜਾ ਪਿਆਰਾ ਨਿਕਲਦਾ ਹੈ ਜੋ ਧਰਮ ਦੇ ਨਾਂ ਤੋਂ ਸਾਨੂੰ ਸੁਚੇਤ ਕਰਦਾ ਹੈ। ਆਮ ਕਰਕੇ ਧਰਮ ਦੇ ਨਾਂ `ਤੇ ਕਈ ਕਰਮ-ਕਾਂਡ ਹੋ ਰਹੇ ਹਨ ਜਿੰਨ੍ਹਾਂ ਵਿੱਚ ਅਠਾਹਠ ਤੀਰਥਾਂ ਦਾ ਇਸ਼ਨਾਨ ਤੇ ਉਹਨਾਂ ਦੀ ਯਾਤਰਾ ਆਉਂਦੀ ਹੈ। ਗੁਰਬਾਣੀ ਨੇ ਧਰਮ ਦੇ ਨਾਂ `ਤੇ ਹੋ ਰਹੇ ਦਾਨ ਪੁੰਨ ਕਰਮ-ਕਾਂਡਾਂ ਨੂੰ ਪੂਰੀ ਤਰ੍ਹਾਂ ਨਿਕਾਰਿਆ ਹੈ। ਇਹਨਾਂ ਧਾਰਮਿਕ ਅਸਥਾਨਾਂ `ਤੇ ਕੁੱਝ ਲੋਕਾਂ ਨੇ ਗਊਆਂ ਤੇ ਤਰਸ ਕਰਕੇ ਉਹਨਾਂ ਨੂੰ ਘਾਹ ਪਉਣਾ ਤੇ ਪਿੰਜਰੇ ਵਿੱਚ ਬੰਦ ਕੀਤੇ ਪੰਛੀਆਂ ਨੂੰ ਯਾਤਰੂ ਕੋਲੋਂ ਛਡਾੳਣਾ ਧਰਮ ਦਾ ਬਹੁਤ ਵੱਡਾ ਕਰਮ ਸਮਝਿਆ ਜਾਂਦਾ ਹੈ। ਧਾਰਮਿਕ ਅਸਥਾਨਾਂ ਤੇ ਰਹਿਣ ਵਾਲੇ ਲੋਕਾਂ ਨੇ ਪੰਛੀਆਂ ਨੂੰ ਪਿੰਜਰੇ ਵਿੱਚ ਪਾਇਆ ਹੁੰਦਾ ਹੈ। ਪਿੰਜਰੇ ਦਾ ਮਾਲਕ ਆਏ ਯਾਤਰੂਆਂ ਨੂੰ ਕਹੇਗਾ ਕਿ ਇਹਨਾਂ ਵਿਚਾਰਿਆਂ ਨੂੰ ਪਿੰਜਰੇ ਵਿਚੋਂ ਮੁਕਤ ਕਰਾ ਦਿਓ ਤੁਹਾਡੀ ਯਾਤਰਾ ਸਫਲ ਹੋਵੇਗੀ। ਯਾਤਰੂ ਧਰਮ ਦਾ ਬਹੁਤ ਵੱਡਾ ਕਰਮ ਸਮਝਦਾ ਹੋਇਆ ਪੰਛੀਆਂ ਦੇ ਮਾਲਕਾਂ ਨੂੰ ਮਨ ਮੰਗੇ ਪੈਸੇ ਦੇ ਦੇਂਦਾ ਹੈ। ਜਿਉਂ ਹੀ ਉਹਨਾਂ ਪੰਛੀਆਂ ਨੂੰ ਪਿੰਜਰੇ ਵਿਚੋਂ ਬਾਹਰ ਛੱਡਿਆ ਜਾਂਦਾ ਹੈ ਤਾਂ ਉਹ ਅਸਮਾਨ ਵਿੱਚ ਉਡਾਰੀ ਮਾਰ ਜਾਂਦੇ ਹਨ। ਪਰ ਉਹਨਾਂ ਨੂੰ ਇਸ ਤਰ੍ਹਾਂ ਗਝਾਇਆ ਹੁੰਦਾ ਹੈ ਕਿ ਜਿਉਂ ਹੀ ਪਿੰਜਰੇ ਵਿਚੋਂ ਬਾਹਰ ਕੱਢਿਆ ਜਾਂਦਾ ਹੈ ਉਹ ਫਿਰ ਓਸੇ ਪਿੰਜਰੇ ਵਿੱਚ ਹੀ ਆ ਜਾਂਦੇ ਹਨ। ਦੂਜਾ ਕਈ ਉਂਜ ਹੀ ਤਰਸ ਦੇ ਪਾਤਰ ਬਣ ਕੇ ਵਿਹਲੜ ਕਿਸਮ ਦੇ ਲੋਕ ਧਾਰਮਿਕ ਅਸਥਾਨਾਂ `ਤੇ ਬੈਠੇ ਰਹਿੰਦੇ ਹਨ ਇਹਨਾਂ ਵਿਹਲੜਾ ਨੂੰ ਗੁਰਦੇਵ ਪਿਤਾ ਨੇ ਨਿਕਾਰਿਆ ਹੈ। ਹੁਣ ਗਊਆਂ ਤੇ ਘਾਹ ਇਹਨਾਂ ਦਾ ਆਪਣਾ ਹੀ ਹੁੰਦਾ ਹੈ ਪਰ ਪੈਸੇ ਯਾਤਰੂ ਦੇ ਹੁੰਦੇ ਹਨ। ਯਾਤਰੂ ਸਮਝਦਾ ਹੈ ਕਿ ਮੈਂ ਜੀਵਾਂ ਤੇ ਦਇਆ ਕਰ ਰਿਹਾਂ ਹਾਂ ਪਰ ਅਜੇਹੀ ਜੀ ਦਇਆ ਦਾ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ। ਗੁਰੂ ਜੀ ਦੇ ਗਿਆਨ ਵਿੱਚ ਹੀ ਇਸ਼ਨਾਨ ਕਰਨਾ ਹੈ। ਹੁਣ ਦੇਖਿਆ ਜਾਏ ਤਾਂ ਸਮਝ ਆਉਂਦਾ ਹੈ ਨਵਾਬ ਕਪੂਰ ਸਿੰਘ ਜਿੰਨਾ ਚਿਰ ਘੋੜਿਆਂ ਦੀ ਕਾਠੀ ਦੀ ਸਵਾਰੀ ਕਰ ਸਕਦਾ ਸੀ ਲੜਾਈ ਦੇ ਮੈਦਾਨ ਵਿੱਚ ਜੂਝਦਾ ਰਿਹਾ ਹੈ ਜਿਉਂ ਬਜ਼ੁਰਗ ਅਵਸਥਾ ਵਿੱਚ ਆਏ ਤਾਂ ਉਹਨਾਂ ਨੇ ਕਛਹਿਰੇ ਤੇ ਚੋਲੇ ਸਿਉਣ ਦੀ ਸੇਵਾ ਲੈ ਲਈ ਜਨੀ ਕਿ ਉਹ ਵਿਹਲੇ ਨਹੀਂ ਬੈਠੇ। ਭਾਵ ਆਪਣੇ ਆਪ ਨੂੰ ਕੌਮ ਦੇ ਸਮਰਪਿਤ ਹੀ ਰੱਖਿਆ ਹੈ ਜੋ ਅਸਲ ਜੀਅ ਦਇਆ ਹੈ। ਭਾਵ ਹਮੇਸ਼ਾਂ ਕਿਸੇ ਲਈ ਕੁੱਝ ਕਰਨ ਲਈ ਤੱਤਪਰ ਰਹਿਣਾ ਹੀ ਜੀਅ ਦਇਆ ਹੈ।

ਮਾਘ ਦੇ ਮਹੀਨੇ ਦੀ ਪਉੜੀ ਰਾਂਹੀ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਗੁਰੂ ਜੀ ਦਾ ਗਿਆਨ ਹੀ ਸਾਡੇ ਲਈ ਅਠਾਹਠ ਤੀਰਥਾਂ ਦਾ ਇਸ਼ਨਾਨ ਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਜੀਵਾਂ `ਤੇ ਦਇਆ ਕਰਨੀ ਜੈਨੀਆਂ ਵਾਲੀ ਪਰਵਾਨ ਨਹੀਂ ਹੈ।

ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਜਿਸ ਨੋ ਦੇਵੈ ਦਇਆ ਕਰਿ, ਸੋਈ ਪੁਰਖੁ ਸੁਜਾਨੁ।।

ਅੱਖਰੀ ਅਰਥ-- ਜਿਸ ਜੀਵ ਨੂੰ ਅਕਾਲ ਪੁਰਖ ਕਿਰਪਾ ਕਰ ਕੇ (ਗਿਆਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਵਿਚਾਰ ਤੇ ਵਿਹਾਰਕ ਪੱਖ--ਸਿਆਣਾ ਜਾਂ ਅਕਲ ਵਾਲਾ ਮਨੁੱਖ ਓਸੇ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਰੱਬੀ ਹੁਕਮ ਦੀ ਸਮਝ ਲੱਗਦੀ ਹੈ ਭਾਵ ਜਿਹੜਾ ਨਿਯਮਾਂ ਦੇ ਅਧੀਨ ਹੋ ਕੇ ਚਲਦਾ ਹੈ—

ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ।। ੧।।

ਪੰਨਾ ੧੦੮

ਅੱਖਰੀਂ ਅਰਥ--ਉਹੀ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸਨੂੰ ਪਰਮਾਤਮਾ ਦਾ ਹੁਕਮ ਪਿਆਰਾ ਲਗਦਾ ਹੈ।

ਰਾਸਟਰਪਤੀ ਤੋਂ ਲੈ ਕੇ ਪੰਚਾਇਤਾਂ ਦੇ ਮੈਂਬਰਾਂ ਤੱਕ ਇਕੋ ਧਾਰਨਾ ਹੀ ਹੈ ਕਿ ਮਨੁੱਖੀ ਭਾਈਚਾਰੇ ਨੂੰ ਨਿਯਮਾਵਲੀ ਸਿਖਾਈ ਜਾਏ ਤਾਂ ਰੱਬੀ ਸੰਸਾਰ ਕਿਤੇ ਹੈਵਾਨਤੀਅਤ ਦਾ ਘਰ ਨਾ ਬਣ ਜਾਏ। ਜਿਹੜਾ ਬਾਰ ਬਾਰ ਸੜਕਾਂ ਦੇ ਨਿਯਮਾਂ ਨੂੰ ਭੰਗ ਕਰਦਾ ਹੈ ਉਸੇ ਨੂੰ ਜੁਰਮਾਨਾ ਹੁੰਦਾ ਹੈ। ਅਜੇਹੀਆਂ ਗਲਤੀਆਂ ਕਰਨ ਵਾਲੇ ਨੂੰ ਅਕਸਰ ਕਿਹਾ ਜਾਂਦਾ ਹੈ ਭਰਾਵਾ ਥੋੜਾ ਸਿਆਣਾ ਬਣ ਕੇ ਚਲਣ ਦਾ ਯਤਨ ਕਰ—

ਰੂਪਵੰਤੁ ਸੋ ਚਤੁਰੁ ਸਿਆਣਾ।।

ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ।। ੨।।

ਗਉੜੀ ਮਹਲਾ ੫ ਪੰਨਾ ੧੯੭

ਅੱਖਰੀਂ ਅਰਥ--ਹੇ ਭਾਈ! ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧਿ ਵਾਲਾ ਹੈ ਉਹੀ ਸਿਆਣਾ ਹੈ, ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ਉਤੇ) ਮੰਨਿਆ ਹੈ।

ਹਿੰਮਤ ਕਰਕੇ ਨਿੰਮ੍ਰਤਾ ਨਾਲ ਗੁਣ ਗ੍ਰਹਿਣ ਕਰਨ ਵਾਲਾ ਸਿਆਣਪ ਵਲ ਨੂੰ ਕਦਮ ਪੁੱਟਦਾ ਹੈ। ਸਿਆਣਪ ਆਤਮਿਕ ਸੂਝ ਦਾ ਦੂਜਾ ਨਾਂ ਹੈ। ਆਤਮਿਕ ਸੂਝ ਆਉਣ ਨਾਲ ਹੀ ਬੰਦਾ ਸਿਆਣਾ ਬਣਦਾ ਹੈ। ਸਮਾਜ ਤਥਾ ਸਾਡੇ ਘਰਾਂ ਵਿੱਚ ਸਿਆਣੇ ਪੁਰਸ਼ ਦੀ ਹੀ ਰਾਏ ਲਈ ਜਾਂਦੀ ਹੈ। ਸਾਡੇ ਸਮਾਜ ਦੀ ਇੱਕ ਆਮ ਧਾਰਨਾ ਹੈ ਕਿ ਸਾਨੂੰ ਕਰਨਾ ਕੁੱਝ ਨਾ ਪਏ ਪਰ ਰੱਬ ਜੀ ਕਿਰਪਾ ਕਰਕੇ ਆਪਣੇ ਆਪ ਹੀ ਸਾਨੂੰ ਸਭ ਕੁੱਝ ਦਈ ਜਾਣ। ਹੁਣ ਇਸ ਤੁਕ ਵਿੱਚ ਵੀ ਇੰਜ ਹੀ ਲਗਦਾ ਹੈ ਕਿ ਸ਼ਾਇਦ ਰੱਬ ਆਪਣੇ ਆਪ ਸਾਡੇ `ਤੇ ਕੋਈ ਖਾਸ ਕ੍ਰਿਪਾ ਕਰਨਗੇ ਤੇ ਅਸੀਂ ਸਿਆਣੇ ਹੋ ਜਾਵਾਂਗੇ ਜਾਂ ਸਾਡੇ ਮਨ ਦੀ ਭਾਵਨਾ ਪੂਰੀ ਹੋ ਜਾਏਗੀ। ਜਿਸ ਨੋ ਦੇਵੈ ਦਇਆ ਕਰਿ ਭਾਵ ਜਿਸ `ਤੇ ਰੱਬ ਜੀ ਦਇਆ ਕਰਨਗੇ ਉਸ ਨੂੰ ਵਸਤੂ ਪ੍ਰਾਪਤ ਹੋ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਹੱਥ `ਤੇ ਹੱਥ ਰੱਖ ਕੇ ਬੈਠੇ ਰਹੀਏ ਤੇ ਸੋਚੀ ਜਾਈਏ ਕਿ ਹੁਣ ਰੱਬ ਜੀ ਦਇਆ ਕਰਨਗੇ ਤੇ ਸਾਡੀ ਲਾਟਰੀ ਆਪਣੇ ਆਪ ਨਿਕਲ ਆਏਗੀ, ਸਾਡਾ ਬੱਚਾ ਆਪਣੇ ਆਪ ਪਾਸ ਹੋ ਜਾਏਗਾ। ਇਹ ਤੇ ਹੋ ਨਹੀਂ ਸਕਦਾ ਕਿ ਦਿੱਲੀ ਵਲ ਤੁਰੀਏ ਨਾ ਪਰ ਆਖੀ ਜਾਈਏ ਕਿ ਅਸੀਂ ਦਿੱਲੀ ਪਹੁੰਚਣ ਵਾਲੇ ਹੀ ਹਾਂ। ਇਸ ਤੁਕ ਦਾ ਵਿਹਾਰਕ ਪੱਖ ਬੜਾ ਪਿਆਰਾ ਸਮਝ ਆਉਂਦਾ ਹੈ ਕਿ ਬੰਦੇ ਨੂੰ ਖੁਦ ਮੇਹਨਤ ਕਰਨੀ ਪੈਣੀ ਹੈ ਤੇ ਇਹ ਖ਼ੁਦ ਦੀ ਕੀਤੀ ਹੋਈ ਮੇਹਨਤ ਹੀ ਰੱਬ ਜੀ ਦੀ ਕਿਰਪਾ ਹੈ। ਜਿਹੜਾ ਫਸਲ ਬੀਜੇਗਾ ਵੱਢੇਗਾ ਵੀ ਉਹ ਹੀ, ਜਿਸ ਨੇ ਫਸਲ ਬੀਜੀ ਨਹੀਂ ਉਹ ਫਸਲ ਵੀ ਨਹੀਂ ਕੱਟੇਗਾ।

ਇਸ ਪਉੜੀ ਦੀ ਅਗਲੀ ਤੁਕ ਵਿਚ—

ਜਿਨਾ ਮਿਲਿਆ ਪ੍ਰਭੁ ਆਪਣਾ, ਨਾਨਕ ਤਿਨ ਕੁਰਬਾਨੁ।।

ਅੱਖਰੀਂ ਅਰਥ-- ਹੇ ਨਾਨਕ! (ਆਖ—) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।

ਵਿਚਾਰ ਤੇ ਵਿਹਾਰਕ ਪੱਖ--ਰੱਬ ਕੋਈ ਸਥੂਲ ਵਸਤੂ ਨਹੀਂ ਹੈ ਜਿਸ ਨੂੰ ਅਸੀਂ ਮਿਲਣਾ ਹੈ। ‘ਜਿਨਾ ਮਿਲਿਆ ਪ੍ਰਭੁ ਆਪਣਾ` ਤੋਂ ਭਾਵ ਹੈ ਜਿਸ ਨੂੰ ਆਪੇ ਦੀ ਸੋਝੀ ਆਉਂਦੀ ਹੈ, ਨਿਸ਼ਾਨਿਆ ਦੀ ਸਮਝ ਆਉਂਦੀ ਹੈ ਤੇ ਉਹ ਹੀ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਅਜੇਹੇ ਉਦਮੀਆਂ ਤੋਂ ਹੀ ਕੁਰਬਾਨ ਹੋਣ ਦੀ ਗੱਲ ਕੀਤੀ ਹੈ। ਸੜਕ `ਤੇ ਐਕਸੀਡੈਂਟ ਹੋਇਆ ਹੈ। ਬੰਦਾ ਜ਼ਖਮਾਂ ਨਾਲ ਤਰਾਹ ਰਿਹਾ ਹੈ ਅਜੇਹੀ ਹਾਲਤ ਵਿੱਚ ਜਦੋਂ ਕੋਈ ਮਦਦਗਾਰ ਮਦਦ ਕਰਦਾ ਹੈ, ਜਿਸ ਨਾਲ ਬੰਦੇ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ ਕੁਦਰਤੀ ਬੰਦਾ ਅਹਿਸਾਨ ਮੰਦ ਰਹੇਗਾ ਕਿ ਮੇਰੀ ਇਸ ਨੇ ਸਮੇਂ ਸਿਰ ਸਹਾਇਤਾ ਕੀਤੀ ਹੈ। ਸਮਾਜ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਤੋਂ ਸਾਰੇ ਪ੍ਰਭਾਵਤ ਹੁੰਦੇ ਹਨ। ਭਗਤ ਪੂਰਨ ਸਿੰਘ ਜੀ ਸਮਾਜ ਸੇਵੀ ਹਨ ਉਹਨਾਂ ਦੇ ਕੀਤੇ ਹੋਏ ਕੰਮ ਨੂੰ ਦੇਖ ਕੇ ਸਾਰੇ ਉਹਨਾਂ ਨੂੰ ਧੰਨ ਕਹਿੰਦੇ ਹਨ। ਇਹ ਆਪਣੇ ਆਪ ਮੂੰਹੋਂ ਨਿਕਲਿਆ ਧਨ ਸ਼ਬਦ ਉਹਨਾਂ ਤੋਂ ਕੁਰਬਾਨ ਹੋਣ ਵਾਲਾ ਹੈ। ਇਸ ਤੁਕ ਦਾ ਵਿਹਾਰਕ ਪੱਖ ਸਮਝ ਆਉਂਦਾ ਹੈ ਕਿ ਰੱਬ ਜੀ ਨੂੰ ਮਿਲਣ ਦਾ ਅਰਥ ਹੈ ਜਿਸ ਨੇ ਆਪਣੇ ਆਪ ਨੂੰ ਸਵਾਰ ਲਿਆ ਤੇ ਸਮਾਜ ਦੇ ਭਲੇ ਲਈ ਕੁੱਝ ਕੀਤਾ ਹੈ ਲੋਕ ਉਸ ਤੋਂ ਹੀ ਕੁਰਬਾਨ ਹੁੰਦੇ ਹਨ।

ਇਸ ਪਉੜੀ ਦੀ ਅਗਲੀ ਤੁਕ ਵਿਚ—

ਮਾਘਿ ਸੁਚੇ ਸੇ ਕਾਂਢੀਆਹਿ, ਜਿਨ ਪੂਰਾ ਗੁਰੁ ਮਿਹਰਵਾਨੁ।।

ਅੱਖਰੀਂ ਅਰਥ--ਮਾਘ ਮਹੀਨੇ ਵਿੱਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ)।

ਵਿਚਾਰ ਤੇ ਵਿਹਰਕ ਪੱਖ--ਇਸ ਪਉੜੀ ਦਾ ਰਹੱਸ ਬੜਾ ਪਿਆਰਾ ਹੈ ਕਿ ਸੱਚਾ-ਸੁੱਚਾ ਮਨੁੱਖ ਓਸੇ ਨੂੰ ਸਮਝਿਆ ਜਾਂਦਾ ਹੈ ਜਿਸ `ਤੇ ਗੁਰੂ ਜੀ ਮਿਹਰਬਾਨ ਹੁੰਦੇ ਹਨ। ਸਿੱਖ ਸਿਧਾਂਤ ਵਿੱਚ ਗੁਰੂ ਸ਼ਬਦ ਹੈ ਤੇ ਅੱਖਰੀਂ ਅਰਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਕਿਸ ਤਰ੍ਹਾਂ ਮਿਹਰਬਾਨ ਹੋਣਗੇ ਇੱਕ ਅਹਿਮ ਸਵਾਲ ਹੈ? ਇਸ ਤੁਕ ਦੀ ਮਗਰਲੀ ਅੱਧੀ ਤੁਕ ਵਿੱਚ ਸਾਰਾ ਭੇਦ ਛੁਪਿਆ ਹੋਇਆ ਹੈ ਕਿ ਪੂਰੇ ਗੁਰੂ ਜੀ ਜਦੋਂ ਮਿਹਰਬਾਨ ਹੋਣਗੇ ਓਦੋਂ ਹੀ ਬੰਦਾ ਸੱਚਾ ਤੇ ਸੁੱਚਾ ਹੁੰਦਾ ਹੈ। ਗੁਰਬਾਣੀ ਦੀ ਇੱਕ ਖੂਬਸੂਰਤ ਉਦਾਹਰਣ ਲਵਾਂਗੇ। ਗੁਰਬਾਣੀ ਆਖਦੀ ਹੈ ਕਿ ਫਿੱਕਾ ਬੋਲਣ ਨਾਲ ਬੰਦੇ ਦਾ ਤਨ ਤੇ ਮਨ ਦੋਵੇਂ ਫਿੱਕੇ ਹੁੰਦੇ ਹਨ। ਹੁਣ ਜੇ ਅਸੀਂ ਫਿੱਕਾ ਬੋਲਣਾ ਛੱਡ ਦਿਆਂਗੇ ਤਾਂ ਸਾਡੀ ਮਿੱਤ੍ਰਤਾ ਦਾ ਘੇਰਾ ਵਿਸ਼ਾਲ ਹੁੰਦਾ ਜਾਏਗਾ। ਤਲਖ ਕਲਾਮੀਆਂ ਘਟਣ ਗਈਆਂ, ਲੜਾਈ-ਝਗੜੇ ਤੋਂ ਹਮੇਸ਼ਾ ਸਾਡਾ ਬਚਾ ਹੋਵੇਗਾ। ਏੱਥੇ ਇੱਕ ਹੋਰ ਵੀ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਪੂਰੇ ਗੁਰੂ ਦੀ ਗੱਲ ਕੀਤੀ ਗਈ ਹੈ। ਸੁੱਚੇ ਬਣਨ ਲਈ ਉਪਦੇਸ਼—

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ।।

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ।।

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ।।

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ।। ੧।।

ਸਲੋਕ ਮ: ੨ ਪੰਨਾ ੧੩੯

ਅੱਖਰੀਂ ਅਰਥ-- ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), —ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ)। ੧।

ਜ਼ਿਆਦਾ ਨਹੀਂ ਕੇਵਲ ਏਸੇ ਸਲੋਕ ਨੂੰ ਹੀ ਜੀਵਨ ਵਿੱਚ ਅਪਨਾ ਲਈਏ ਤਾਂ ਸਾਡਾ ਜੀਵਨ ਸੱਚਾ ਅਤੇ ਸੁੱਚਾ ਹੋ ਸਕਦਾ ਹੈ। ਪੂਰੇ ਗੁਰੂ ਦੇ ਸਿਧਾਂਤ ਨੂੰ ਸਮਾਜ ਵਿੱਚ ਲਾਗੂ ਕਰਨਾ ਹੈ ਤਾਂ ਕਿ ਸਮਾਜ ਵਿੱਚ ਸੱਚੀ ਚੇਤਨਤਾ ਦਾ ਹਮੇਸ਼ਾਂ ਵਿਕਾਸ ਹੁੰਦਾ ਰਹੇ। ਸੰਸਾਰ ਦੇ ਹਰ ਖੇਤਰ ਵਿੱਚ ਵਿਸ਼ਾ ਮਾਹਰ ਬੰਦਿਆਂ ਨੂੰ ਲੱਭਿਆ ਜਾਂਦਾ ਹੈ। ਹਿੰਦੀ ਜਾਂ ਪੰਜਾਬੀ ਵਾਲਾ ਅਧਿਆਪਕ ਫਜ਼ਿਕਸ ਜਾਂ ਕਮਿਸਟਰੀ ਪੜ੍ਹਾਉਣੀ ਸ਼ੁਰੂ ਕਰ ਦੇਵੇ ਤਾਂ ਕਲਾਸ ਦਾ ਜੋ ਹਾਲ ਹੋਵੇਗਾ ਉਹ ਕਲਾਸ ਜਾਂ ਉਹਨਾਂ ਦਾ ਮਾਪੇ ਹੀ ਜਾਣਦੇ। ਜਿੱਥੇ ਆਪਣੇ ਜੀਵਨ ਨੂੰ ਅਸਾਂ ਸੱਚਾ ਤੇ ਸੁੱਚਾ ਬਣਾਉਣਾ ਹੈ ਓੱਥੇ ਪੂਰੇ ਸਮਾਜ ਨੂੰ ਵਿਹਾਰਕ ਪੱਖ ਸਿਖਾਉਣਾ ਹੈ। ਪੂਰੇ ਗੁਰੂ ਦਾ ਹੁਕਮ ਨਾ ਮੰਨਣ ਵਾਲਾ ਆਪਣਾ ਜੀਵਨ ਲੁਟਾ ਬੈਠਦਾ ਹੈ—

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖ ਅਗਿਆਨੁ ਮੁਠਾ ਬਿਖੁ ਮਾਇਆ।।

ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੇ ਗਲਿ ਪਾਇਆ।।

ਸ਼ਲੋਕ ਮ: ੪ ਪੰਨਾ ੩੦੩

ਅੱਖਰੀਂ ਅਰਥ-- ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ,) ਉਸ ਦੇ ਮਨ ਵਿੱਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ,

ਇਸ ਦੇ ਵਿਪਰੀਤ ਪੂਰੇ ਦਾ ਹੁਕਮ ਮੰਨਣ ਵਾਲਾ—

ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ।।

ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ।।

ਨਾਨਕ! (ਆਖ—) ਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿੱਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿੱਚ ਲਾਂਦਾ ਹੈ, ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ।

ਤੱਤਸਾਰ--ਨਾ ਤਾਂ ਧੂੜੀ ਵਿੱਚ ਇਸ਼ਨਾਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਤੀਰਥਾਂ `ਤੇ ਇਸ਼ਨਾਨ ਕਰਨ ਨਾਲ ਕੋਈ ਪ੍ਰਾਪਤੀ ਹੁੰਦੀ ਹੈ। ਇਹਨਾਂ ਤੁਕਾਂ ਦਾ ਭਾਵ ਅਰਥ ਲਿਆ ਜਾਏਗਾ ਕਿ ਸੂਝਵਾਨ ਗੁਣਵਾਨ ਬੰਦਿਆਂ ਪਾਸੋਂ ਨਿੰਮ੍ਰਤਾ ਨਾਲ ਗਿਆਨ ਦੀ ਪ੍ਰਾਪਤੀ ਕਰਨੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ। ਧਾਰਮਿਕ ਅਸਥਾਨਾਂ ਦੀ ਯਾਤਰਾ ਸਮੇਂ ਦਾਨ ਪੁੰਨ ਜਾਂ ਦਇਆ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਗੋਂ ਆਪਣੀ ਸਵੈ ਪੜਚੋਲ ਤੇ ਸਮਾਜ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਇਹ ਹੀ ਗੁਰਬਾਣੀ ਸਾਡਾ ਵਿਹਾਰਕ ਪੱਖ ਪ੍ਰਪੱਕ ਕਰਦੀ ਹੈ। ਮਨੁੱਖ ਦਾ ਸੱਚ `ਤੇ ਚਲਣਾ ਹੀ ਅਸਲ ਧਰਮ ਦਾ ਵਿਹਾਰਕ ਪੱਖ ਹੈ। ਪੂਰੇ ਗੁਰੂ ਦੀ ਗੱਲ ਮੰਨਣ ਵਾਲਾ ਹੀ ਸੱਚੇ ਜੀਵਨ ਵਾਲਾ ਬਣ ਸਕਦਾ ਹੈ।

ਕਿਤੀ ਬੈਹਨਿੑ ਬੈਹਣੇ ਮੁਚੁ ਵਜਾਇਨਿ ਵਜ।।

ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ।। ੨।।

ਸਲੋਕ ਮ: ੫ ਪੰਨਾ ੫੧੮




.