. |
|
“ਪੜਨਾਵੀਂ ਵਿਸ਼ੇਸ਼ਣ”
ਜੋ ਸ਼ਬਦ ਪੜਨਾਂਵ ਹੁੰਦਾ ਹੋਇਆ
ਕਿਸੇ ‘ਨਾਂਵ’ ਸ਼ਬਦ ਨਾਲ ਆ ਕੇ ‘ਵਿਸ਼ੇਸ਼ਣ’ ਦਾ ਕੰਮ ਦੇਵੇ,ਪੜਨਾਵੀਂ ਵਿਸ਼ੇਸ਼ਣ ਕਹੀਦਾ ਹੈ। ਆਉ ਹੋਰ
ਸਮਝੱਣ ਲਈ ਆਮ ਉਦਾਹਰਣਾਂ ਦਾ ਸਹਾਰਾ ਲਈਏ -:”ਉਹ ਮਨੁੱਖ, ਚੰਗਾ ਨਹੀਂ ਹੈ।“,”ਮੇਰੀ ਪੁਸਤਕ, ਕਿੱਥੇ
ਹੈ।“ਇਹਨਾਂ ਦੋ ਵਾਕਾਂ ਵਿਚ ਆਏ ਸ਼ਬਦ ‘ਉਹ’ ਅਤੇ ‘ਮੇਰੀ’ ਪੜਨਾਂਵੀ ਵਿਸ਼ੇਸ਼ਣ ਹੈ। ਕਿਉਂਜੁ ‘ਮਨੁੱਖ’
ਅਤੇ ‘ਪੁਸਤਕ’ ਨਾਂਵ ਵਾਚੀ ਸ਼ਬਦ ਹਨ। ਉਕਤ ਸ਼ਬਦ ਪੜਨਾਂਵ ਹੋ ਕੇ ਇਹਨਾਂ ਸ਼ਬਦਾਂ ਦੇ ਵਿਸ਼ੇਸ਼ਣ ਵਜ਼ੋਂ ਆਏ
ਹਨ,ਇਸ ਕਰਕੇ ਪੜਨਾਵੀਂ ਵਿਸ਼ੇਸ਼ਣ ਆਖੀਦੇ ਹਨ।ਹੁਣ ਗੁਰਬਾਣੀ ਵਿੱਚ ਆਏ ਪੜਨਾਵੀਂ ਵਿਸ਼ੇਸ਼ਣ ਸ਼੍ਰੇਣੀ ਦੇ
ਸ਼ਬਦਾਂ ਨੂੰ ਸਮਝੀਏ :
ਸਮੱਗਰ ਗੁਰਬਾਣੀ ਵਿੱਚ ‘ਜਿਤੁ, ਤਿਤੁ, ਕਿਤੁ, ਉਤੁ’ ਆਦਿ ਸ਼ਬਦ ਮੂਲ-ਰੂਪ ‘ਚ ਪੜਨਾਵੀਂ ਵਿਸ਼ੇਸ਼ਣ
ਹਨ:”ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ
ਪਰਗਾਸਿ ॥੪॥੪॥(ਪੰਨਾ ੧੦),”ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥(ਪੰਨਾ ੮),”ਜੇ ਵੇਲਾ ਵਖਤੁ
ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥(ਪੰਨਾ ੩੫),”ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥(ਪੰਨਾ ੯)
ਸੰਬੰਧਤ ਸ਼ਬਦ ਮੂਲ-ਰੂਪ ‘ਚ ਪੜਨਾਵੀਂ ਵਿਸ਼ੇਸ਼ਣ ਵਜ਼ੋਂ ਗੁਰਬਾਣੀ ਅੰਦਰ ਵਰਤੇ ਹਨ। ਇਹ ਆਮ ਕਰਕੇ
ਅਧਿਕਰਨ ਕਾਰਕ,ਵਿੱਚ ਵਰਤੇ ਜਾਂਦੇ ਹਨ। ਉਕਤ ਸ਼ਬਦਾਂ ਦੀ ਵਰਤੋਂ ਗੁਰਬਾਣੀ ਅੰਦਰ ਬਹੁਤਾਤ ਵਿੱਚ ਹੋਈ
ਹੈ ਇਸ ਕਰਕੇ ਉਦਾਹਰਨ ਦੇ ਤੌਰ ‘ਤੇ ਇਹ ਲਏ ਗਏ ਹਨ। ਆਮ ਪਾਠਕਾਂ ਦੇ ਮੰਨ ਵਿੱਚ ਸਵਾਲ ਆਏਗਾ ਕਿ
‘ਮੂਲ ਰੂਪੀ’ ਪੜਨਾਵੀਂ ਵਿਸ਼ੇਸ਼ਣ ਤੋਂ ਕੀ ਭਾਵ ਹੈ ?,ਭਾਸ਼ਾਈ ਵਿਆਕਰਣਾਂ ਵਿੱਚ ਪੜਨਾਵੀਂ ਵਿਸ਼ੇਸ਼ਣ ਦੋ
ਪ੍ਰਕਾਰ ਦੇ ਮੰਨੇ ਹਨ: (੧) ਮੂਲ ਰੂਪ ਪੜਨਾਵੀਂ ਵਿਸ਼ੇਸ਼ਣ (੨) ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ। ਮੂਲ
ਰੂਪ ਪੜਨਾਵੀਂ ਵਿਸ਼ੇਸ਼ਣ ਦਾ ਭਾਵ ਹੈ ਕਿ ‘ਜਿਹੜੇ ਪੜਨਾਂਵ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਹੋ ਜਾਣ
ਉਨ੍ਹਾਂ ਨੂੰ ਮੂਲ ਰੂਪ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ-ਕੀ ਚੀਜ਼, ਕੌਣ ਆਦਮੀ, ਜੋ
ਇਸਤਰੀ ਆਦਿ। ਗੁਰਬਾਣੀ ਵਿੱਚੋਂ ਉਪੱਰ ਮੂਲ ਰੂਪ ਪੜਨਾਵੀਂ ਵਿਸ਼ੇਸ਼ਣ ਦੀਆਂ ਉਦਾਹਰਣਾ ਦੇ ਦਿੱਤੀਆਂ
ਹਨ।
ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ ਤੋਂ ਭਾਵ ਹੈ ਕਿ ‘ਕਿਸੇ ਪੜਨਾਂਵ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ
ਵਾਲੇ ਸ਼ਬਦਾਂ ਨੂੰ ‘ਉਤਪੰਨ’ਰੂਪ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ -ਮੇਰਾ ਮਿੱਤਰ, ਸਾਡਾ,
ਤੇਰਾ, ਸਾਡੀ ਆਦਿ। ਗੁਰਬਾਣੀ ਵਿਚੋਂ ਉਤਪੰਨ ਰੂਪੀ ਪੜਨਾਵੀਂ ਵਿਸ਼ੇਸ਼ਣਾਂ ਦੀਆਂ ਉਦਾਹਰਣਾ -:
“ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ
॥(ਪੰਨਾ ੧੬੯), “ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥(ਪੰਨਾ੪੫),”ਨਿੰਦਾ ਕਰੈ ਸੁ ਹਮਰਾ
ਮੀਤੁ ॥(ਪੰਨਾ ੩੩੯), ਸੰਬੰਧਤ ਪੰਗਤੀਆਂ ਵਿੱਚ ‘ਮੇਰਾ, ਅਪਣਾ, ਹਮਰਾ’ ਆਦਿ ਸ਼ਬਦ ਉਤਪੰਨ
ਰੂਪ ਪੜਨਾਵੀਂ ਵਿਸ਼ੇਸ਼ਣ ਹਨ। ਗੁਰਬਾਣੀ ਵਿੱਚ ਆਮ ਵਰਤੇ ਪਦ ‘ਸੋ, ਸਾ, ਸੇ, ਸੋਈ, ਸਾਈ’ ਆਦਿ ਉਤਪੰਨ
ਰੂਪ ਵਿੱਚ ਪੜਨਾਵੀਂ ਵਿਸ਼ੇਸ਼ਣ ਹਨ -: ”ਸਭਨਾ ਜੀਆ ਕਾ ਇਕੁ ਦਾਤਾ ਸੋ ਮੈ
ਵਿਸਰਿ ਨ ਜਾਈ ॥੫॥ ( ਪੰਨਾ ੨)
”ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥ ( ਪੰਨਾ ੫੭)
”ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥(ਪੰਨਾ ੬)
”ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ( ਪੰਨਾ ੪)
”ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥ ( ਪੰਨਾ ੭੫)
ਸੋ -{ਪੁਲਿੰਗ,ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ} ਉਹ।
ਸਾ -{ਇਸਤਰੀ ਲਿੰਗ ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ}ਉਹੀ।
ਸੇ -{ਬਹੁਵਚਨ ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ} ਉਹ।
ਇਸ ਦੇ ਨਾਲ-ਨਾਲ “ਤੇ, ਜਿਨੀ, ਜਿਨ, ਤਿਨ, ਜਿਹ, ਜੋ, ਜਿ, ਇਨ, ਉਨ, ਇਆ, ਉਆ, ਇਹ, ਯਿਆ” ਆਦਿ ਸ਼ਬਦ
ਪੜਨਾਵੀਂ ਵਿਸ਼ੇਸ਼ਣ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’
[email protected]
|
. |