.

ਭੱਟ ਬਾਣੀ-58

ਬਲਦੇਵ ਸਿੰਘ ਟੋਰਾਂਟੋ

ਤਾਰ੍ਯ੍ਯਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ।।

ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ।।

ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ।।

ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ।।੭।।੪੯।।

(ਪੰਨਾ ੧੪੦੫)

ਪਦ ਅਰਥ:- ਤਾਰ੍ਯ੍ਯਉ – ਤਾਰਣ ਦੇ। ਸੰਸਾਰੁ ਮਾਯਾ ਮਦ ਮੋਹਿਤ – ਅਗਿਆਨਤਾ ਦੇ ਮੋਹ ਵਿੱਚ ਮਦਹੋਸ਼ ਹੋਏ ਜਗਤ ਨੂੰ। ਅੰਮ੍ਰਿਤ ਨਾਮੁ ਦੀਅਉ ਸਮਰਥੁ –ਅੰਮ੍ਰਿਤ ਵਰਗਾ (ਸੱਚ) ਗਿਆਨ ਜੀਵਨ ਵਿੱਚ ਅਪਣਾਉਣ ਲਈ ਬਖ਼ਸ਼ਿਸ਼ ਕੀਤਾ ਹੈ ਜੋ ਅਗਿਆਨਤਾ ਦੀ ਮਦਹੋਸ਼ੀ ਤੋਂ ਹੋਸ਼ ਵਿੱਚ ਲਿਆਉਣ ਦੇ ਸਮਰੱਥ ਹੈ। ਫੁਨਿ ਕੀਰਤਿਵੰਤ – ਨੇਕਨਾਮੀ ਪੁਰਸ਼। ਸਦਾ ਸੁਖ ਸੰਪਤਿ – ਸਦੀਵੀ ਸੁਖ ਦੇਣ ਵਾਲੀ ਗਿਆਨ ਦੀ ਸੰਪਤੀ। ਰਿਧਿ – ਦਿਲੋਂ। ਅਰੁ – ਤਾਂ। ਸਿਧਿ – ਸਿਧੀ, ਸਫਲਤਾ। ਨ ਛੋਡਇ ਸਥੁ – ਸੱਥ ਵਿੱਚ ਸਾਥ ਨਹੀਂ ਛੱਡਦੀ। ਸਥੁ – ਸੱਥ ਜਿੱਥੇ ਬੈਠ ਕੇ ਲੋਕ ਵੀਚਾਰਾਂ ਕਰਦੇ ਹਨ। ਦਾਨਿ – ਦਾਨਮਤਿ, ਦਾਨ ਦੇਣਾ, ਬਖ਼ਸ਼ਿਸ਼ ਕਰਨਾ ਜਿਸ ਦਾ ਸੁਭਾਉ ਹੈ। ‘‘ਤੂੰ ਦਾਤਾ ਦਾਨਿ ਮਤਿ ਪੂਰਾ” (ਸੋਰਠ ਮ:੧)। ਅਤਿਅੰਤੁ ਮਹਾਬਲਿ – ਜਿਸ ਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਾ ਲਾਇਆ ਜਾ ਸਕੇ। ਸੇਵਕਿ ਦਾਸਿ ਕਹਿਓ ਇਹ ਤਥੁ – ਇਹ ਉਸ ਦੇ ਸੇਵਕ ਦਾਸਾਂ ਨੇ ਸਿੱਟਾ ਕੱਢਿਆ ਹੈ। ਤਥੁ – ਨਿਚੋੜ, ਸਿੱਟਾ, ਨਤੀਜਾ। ਤਾਹਿ ਕਹਾ ਪਰਵਾਹ ਕਾਹੂ ਕੀ – ਉਨ੍ਹਾਂ ਨੂੰ ਹੋਰ ਕਿਸੇ (ਅਵਤਾਰਵਾਦੀ) ਦੀ ਕੋਈ ਪਰਵਾਹ ਨਹੀਂ। ਜਾ ਕੈ ਬਸੀਸਿ ਧਰਿਓ ਗੁਰਿ ਹਥੁ – ਜਿਨ੍ਹਾਂ ਦੇ ਸਿਰ ਉੱਪਰ ਉਸ ਕਰਤੇ ਨੇ ਆਪਣੀ ਬਖ਼ਸ਼ਿਸ਼ ਗਿਆਨ ਦਾ ਹੱਥ ਰੱਖਿਆ ਹੈ।

ਅਰਥ:- ਹੇ ਭਾਈ! ਰਾਮਦਾਸ ਜੀ ਨੇ ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ (ਅਗਿਆਨਤਾ ਦੇ ਮੋਹ ਵਿੱਚ ਮਦਹੋਸ਼ ਹੋਏ ਜਗਤ ਨੂੰ ਅੰਮ੍ਰਿਤ ਵਰਗਾ ਸੱਚ ਗਿਆਨ ਜੀਵਨ ਵਿੱਚ ਅਪਣਾਉਣ ਲਈ) ਬਖ਼ਸ਼ਿਸ਼ ਕੀਤਾ ਜੋ ਅਗਿਆਨਤਾ ਦੀ ਮਦਹੋਸ਼ੀ ਤੋਂ ਹੋਸ਼ ਵਿੱਚ ਲਿਆਉਣ ਦੇ ਸਮਰੱਥ ਹੈ। ਜੋ ਨੇਕਨਾਮੀ ਪੁਰਸ਼ ਸਦੀਵੀ ਸੁਖ ਦੇਣ ਵਾਲੇ ਗਿਆਨ ਦੀ ਸੰਪਤੀ ਨੂੰ ਜੀਵਨ ਵਿੱਚ ਦਿਲੋਂ ਅਪਣਾਉਂਦੇ ਹਨ ਤਾਂ ਫਿਰ ਸੱਥ ਵਿੱਚ ਸਫਲਤਾ ਉਨ੍ਹਾਂ ਦਾ ਸਾਥ ਨਹੀਂ ਛੱਡਦੀ ਭਾਵ ਉਨ੍ਹਾਂ ਨੂੰ ਸੱਥ-ਜਿੱਥੇ ਬੈਠ ਕੇ ਲੋਕ ਵੀਚਾਰ ਗੋਸਟੀਆਂ ਕਰਦੇ ਹਨ, ਵਿੱਚ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ। ਕਿਉਂਕਿ ਉਨ੍ਹਾਂ ਦਾ ਦਾਤਾ ਗਿਆਨ ਦੀ ਬਖ਼ਸ਼ਿਸ਼ ਕਰਨ ਵਾਲਾ ਅਤਿਅੰਤ ਮਹਾਂਬਲੀ ਹੈ, ਇਹ ਉਸ ਦੇ ਸੇਵਕ ਦਾਸਾਂ ਨੇ ਨਿਚੋੜ ਕੱਢਿਆ ਹੈ। ਜਿਨ੍ਹਾਂ ਦੇ ਸਿਰ ਉੱਪਰ ਉਸ ਕਰਤੇ ਨੇ ਆਪਣੀ ਬਖ਼ਸ਼ਿਸ਼ ਗਿਆਨ ਦਾ ਹੱਥ ਰੱਖਿਆ ਹੈ, ਉਨ੍ਹਾਂ ਨੂੰ ਹੋਰ ਕਿਸੇ (ਅਵਤਾਰਵਾਦੀ) ਦੀ ਕੋਈ ਪ੍ਰਵਾਹ ਨਹੀਂ।

ਨੋਟ:- (ਇਹ ਉੱਪਰਲੇ ੭ ਸਵਈਏ ਭੱਟ ਮਥਰਾ ਜੀ ਦੇ ਉਚਾਰਨ ਹਨ)।

ਤੀਨਿ ਭਵਨ ਭਰਪੂਰਿ ਰਹਿਓ ਸੋਈ ।।

ਅਪਨ ਸਰਸੁ ਕੀਅਉ ਨ ਜਗਤ ਕੋਈ ।।

ਆਪੁਨ ਆਪੁ ਆਪ ਹੀ ਉਪਾਯਉ ।।

ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ।।

ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ।।

ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ।।

ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯ੍ਯਾਇਯਉ ।।

ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ।।੧।।

(ਪੰਨਾ ੧੪੦੫)

ਪਦ ਅਰਥ:- ਤੀਨਿ ਭਵਨ ਭਰਪੂਰਿ ਰਹਿਓ ਸੋਈ – ਉਹ ਤਿੰਨਾਂ ਭਵਣਾਂ ਭਾਵ ਸਮੁੱਚੇ ਬ੍ਰਹਿਮੰਡ ਵਿੱਚ ਪੂਰਨ ਤੌਰ `ਤੇ ਸਰਬ ਵਿਆਪਕ ਹੈ। ਸੋਈ - ਸਰਬ-ਵਿਆਪਕ। ਅਪਨ ਸਰਸੁ ਕੀਅਉ ਨ ਜਗਤ ਕੋਈ – ਉਸ ਨੇ ਆਪਣੇ ਵਰਗਾ ਕੋਈ ਹੋਰ ਆਪਣਾ ਸ਼ਰੀਕ ਜਗਤ ਵਿੱਚ ਪੈਦਾ ਨਹੀਂ ਕੀਤਾ। ਆਪੁਨ ਆਪੁ ਆਪ ਹੀ ਉਪਾਯਉ – ਆਪਣੇ ਵਰਗਾ ਉਸ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ। ਸੁਰਿ ਨਰ ਅਸੁਰ – ਜਿਹੜੇ ਮਨੁੱਖ ਦੇਵਤੇ ਅਖਵਾਉਂਦੇ ਹਨ ਪਰ ਦੇਵਤੇ ਨਹੀਂ। ਅਸੁਰ – ਜੋ ਦੇਵਤੇ ਨਹੀਂ, ਦੈਂਤ ਹਨ। ਅੰਤੁ ਨਹੀ ਪਾਯਉ – ਅੰਤ ਨਹੀਂ ਪਾਇਆ। ਪਾਇਉ ਨਹੀ ਅੰਤੁ ਸੁਰੇ ਅਸੁਰਹ – ਅਤੇ ਜੋ ਅਸੁਰੇ-ਦੈਂਤ ਮਨੁੱਖ ਜੋ ਆਪਣੇ ਆਪ ਨੂੰ ਦੇਵਤੇ ਅਖਵਾਉਂਦੇ ਹਨ, ਇਨ੍ਹਾਂ ਦੀ ਗਿਣਤੀ ਦਾ ਅੰਤ ਕਿਉਂ ਨਹੀਂ ਪਾਇਆ ਜਾ ਸਕਦਾ। ਨਰ ਗਣ ਗੰਧ੍ਰਬ ਖੋਜੰਤ ਫਿਰੇ – ਕਿਉਂਕਿ ਇਸ ਤਰ੍ਹਾਂ ਦੇ ਦੈਂਤ ਕਿਸਮ ਦੇ ਮਨੁੱਖਾਂ ਦੇ ਗਿਰੋਹਾਂ ਦੇ ਗਿਰੋਹ ਭਾਵ ਡਾਰਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਹਨ। ਨਰ – ਮਨੁੱਖ। ਗਣ ਗੰਧ੍ਰਬ – ਡਾਰਾਂ ਦੀਆਂ ਡਾਰਾਂ, ਗਿਰੋਹਾਂ ਦੇ ਗਿਰੋਹ। ਖੋਜੰਤ ਫਿਰੇ – ਤੁਰੇ ਫਿਰਦੇ ਹਨ। ਅਬਿਨਾਸੀ ਅਚਲੁ – ਉਹ ਕਰਤਾ ਅਬਿਨਾਸੀ ਅਚੱਲ ਹੈ। ਅਜੋਨੀ ਸੰਭਉ – ਜੂਨ ਵਿੱਚ ਹੀ ਨਹੀਂ ਆਉਂਦਾ, ਇਸ ਕਰਕੇ ਨਾਸ਼ਵੰਤ ਨਹੀਂ। ਪੁਰਖੋਤਮ ਅਪਾਰ ਪਰੇ – ਉਹ ਸ਼੍ਰੋਮਣੀ ਪੁਰਖ ਇਨ੍ਹਾਂ ਗੱਲਾਂ ਤੋਂ ਪਰੇ ਹੈ। ਕਰਣ ਕਾਰਣ ਸਮਰਥੁ ਸਦਾ ਸੋਈ – ਹਮੇਸ਼ਾ ਉਹ ਸਰਬ-ਵਿਆਪਕ ਕਰਤਾ ਹੀ ਕਰਣ ਕਾਰਣ ਸਮਰੱਥ ਹੈ। ਸਰਬ ਜੀਅ ਮਨਿ ਧ੍ਯ੍ਯਾਇਯਉ – ਸਮੁੱਚੇ ਜੀਵਾਂ ਨੂੰ ਇਸ ਸੱਚ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਸ੍ਰੀ – ਸ੍ਰੇਸ਼ਟ, ਉੱਤਮ। ਗੁਰ – ਗਿਆਨ ਦੀ ਬਖ਼ਸ਼ਿਸ਼। ਰਾਮਦਾਸ – ਰਾਮਦਾਸ ਜੀ। ਜਯੋ ਜਯ ਜਗ ਮਹਿ – ਜਿਉਂ-ਜਿੳਂ ਜਗਤ ਵਿੱਚ। ਤੈ ਹਰਿ ਪਰਮ ਪਦੁ ਪਾਇਯਉ – ਤਿਉਂ-ਤਿਉਂ ਹੀ ਜਗਤ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਅਪਣਾ ਰਿਹਾ ਹੈ।

ਅਰਥ:- ਹੇ ਭਾਈ! ਸਰਬ-ਵਿਆਪਕ ਹਰੀ ਪੂਰਨ ਤੌਰ `ਤੇ ਸਮੁੱਚੇ ਬ੍ਰਹਿਮੰਡ ਵਿੱਚ ਵਿਆਪਕ ਹੈ ਅਤੇ ਉਸ ਨੇ ਕੋਈ ਹੋਰ ਆਪਣਾ ਸ਼ਰੀਕ ਜਗਤ ਵਿੱਚ ਪੈਦਾ ਨਹੀਂ ਕੀਤਾ ਭਾਵ ਆਪਣੇ ਵਰਗਾ ਉਸ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ। ਜਿਹੜੇ ਦੈਂਤ ਕਿਸਮ ਦੇ ਮਨੁੱਖ ਆਪਣੇ ਆਪ ਨੂੰ ਦੇਵਤੇ ਅਖਵਾਉਂਦੇ ਫਿਰਦੇ ਹਨ, ਉਨ੍ਹਾਂ ਦੀ ਗਿਣਤੀ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਭਾਵ ਅਣਗਿਣਤ ਹਨ। ਇਨ੍ਹਾਂ ਦੀ ਗਿਣਤੀ ਦਾ ਅੰਤ ਇਸ ਲਈ ਨਹੀਂ ਪਾਇਆ ਜਾ ਸਕਦਾ ਕਿਉਂਕਿ ਅਜਿਹੇ ਦੇਵਤੇ ਅਖਵਾਉਣ ਵਾਲੇ ਦੈਂਤ ਕਿਸਮ ਦੇ ਲੋਕਾਂ ਦੀਆਂ ਡਾਰਾਂ ਦੀਆਂ ਡਾਰਾਂ ਜਗਤ ਵਿੱਚ ਤੁਰੀਆਂ ਫਿਰਦੀਆਂ ਹਨ। ਜਦੋਂ ਕਿ ਸੱਚ ਇਹ ਹੈ ਕਿ ਉਹ ਕਰਤਾ ਅਚੱਲ ਹੈ, ਅਬਿਨਾਸੀ ਹੈ ਅਤੇ ਉਹ ਜੂਨ ਵਿੱਚ ਹੀ ਨਹੀਂ ਆਉਂਦਾ। ਇਸ ਕਰਕੇ ਉਹ ਨਾਸ਼ਵੰਤ ਨਾ ਹੋਣ ਕਾਰਨ ਉਹ ਸ਼੍ਰੋਮਣੀ ਪੁਰਖ ਇਨ੍ਹਾਂ ਗੱਲਾਂ ਤੋਂ ਪਰੇ ਹੈ। ਜੋ ਜੂਨ ਵਿੱਚ ਨਹੀਂ ਆਉਂਦਾ, ਉਹ ਹਮੇਸ਼ਾ ਸਰਬ-ਵਿਆਪਕ ਹੀ ਕਰਨ ਕਾਰਣ ਸਮਰੱਥ ਹੈ। ਇਸ ਲਈ ਸਮੁੱਚੇ ਜੀਵਾਂ ਨੂੰ ਮਨੋਂ ਇਸ ਸੱਚ ਗਿਆਨ ਨੂੰ ਹੀ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਜਿਉਂ-ਜਿਉਂ ਰਾਮਦਾਸ ਜੀ ਇਹ ਉੱਤਮ ਗਿਆਨ ਜਗਤ ਵਿੱਚ ਕਰ ਰਹੇ ਹਨ, ਤਿਉਂ-ਤਿਉਂ ਹੀ ਜਗਤ ਉਸ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਅਪਣਾ ਰਿਹਾ ਹੈ।




.