.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਦਿਨ ਮਹੀਨਾ ਕੋਈ ਵੀ ਮਾੜਾ ਨਹੀਂ ਹੈ

ਜਿਨਿ ਜਿਨਿ ਨਾਮੁ ਧਿਆਇਆ, ਤਿਨ ਕੇ ਕਾਜ ਸਰੇ।।

ਹਰਿ ਗੁਰੁ ਪੂਰਾ ਆਰਾਧਿਆ, ਦਰਗਹਿ ਸਚਿ ਖਰੇ।।

ਸਰਬ ਸੁਖਾ ਨਿਧਿ ਚਰਣ ਹਰਿ, ਭਉਜਲੁ ਬਿਖਮੁ ਤਰੇ।।

ਪ੍ਰੇਮ ਭਗਤਿ ਤਿਨ ਪਾਈਆ, ਬਿਖਿਆ ਨਾਹਿ ਜਰੇ।।

ਕੂੜ ਗਏ, ਦੁਬਿਧਾ ਨਸੀ, ਪੂਰਨ ਸਚਿ ਭਰੇ।।

ਪਾਰਬ੍ਰਹਮੁ ਪ੍ਰਭੁ ਸੇਵਦੇ, ਮਨ ਅੰਦਰਿ ਏਕੁ ਧਰੇ।।

ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ।।

ਨਾਨਕੁਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ।। ੧੪।।

ਮੁੱਢਲੀ ਵਿਚਾਰ—ਜਿੰਨਾਂ ਕੁਦਰਤੀ ਸ਼ਕਤੀਆਂ ਤੋਂ ਮਨੁੱਖ ਨੂੰ ਲਾਭ ਹੋਇਆ, ਮਨੁੱਖ ਨੇ ਉਹਨਾਂ ਨੂੰ ਰੱਬ ਮੰਨਕੇ, ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਤੋਂ ਮਨੁੱਖ ਦਾ ਨੁਕਸਾਨ ਹੋਇਆ ਉਹਨਾਂ ਦੀ ਵੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਸ ਸਾਰੇ ਵਿੱਚ ਸਭ ਤੋਂ ਵੱਧ ਚਲਾਕ ਪੁਜਾਰੀ ਦੀ ਬਿਰਤੀ ਨੇ ਕੰਮ ਕੀਤਾ। ਪੁਜਾਰੀ ਇਹ ਸਮਝਾਉਣ ਵਿੱਚ ਕਾਮਯਾਬ ਹੋ ਗਿਆ ਕਿ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਨ ਨਾਲ ਸਾਨੂੰ ਲਾਭ ਹੁੰਦਾ ਹੈ ਤੇ ਜੇ ਇਹਨਾਂ ਕੁਦਰਤੀ ਸ਼ਕਤੀਆਂ ਦੀ ਪੂਜਾ ਨਾ ਕੀਤੀ ਜਾਏ ਤਾਂ ਇਹ ਸ਼ਕਤੀਆਂ ਨਰਾਜ ਹੋ ਕੇ ਮਨੁੱਖ ਨੂੰ ਸਰਾਪ ਦੇ ਦੇਂਦੀਆਂ ਹਨ। ਜਿਸ ਦਾ ਨਤੀਜਾ ਤੇਜ਼ ਹਨੇਰੀਆਂ, ਹੜ੍ਹ, ਭੁਚਾਲ ਤੇ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਏਸੇ ਲਈ ਇਹਨਾਂ ਕੁਦਰਤੀ ਸ਼ਕਤੀਆਂ ਦੀ ਪੂਜਾ ਦਾ ਅੱਜ ਵੀ ਪ੍ਰਭਾਵ ਦੇਖਿਆ ਜਾ ਸਕਦਾ ਹੈ। ਸੂਰਜ, ਚੰਦ੍ਰਮਾ, ਹਵਾ, ਮੀਂਹ, ਪਾਣੀ, ਅਗਨੀ, ਧਰਤੀ, ਪਹਾੜ ਵੱਖ ਪ੍ਰਕਾਰ ਦੀ ਬਨਸਪਤੀ, ਦਰੱਖਤ, ਪੰਛੀ ਤੇ ਸੱਪਾਂ ਆਦਿ ਦੀ ਪੂਜਾ ਤੋਂ ਮਨੁੱਖ ਅਜੇ ਤਕ ਵੀ ਮੁਕਤ ਨਹੀਂ ਹੋਇਆ।

ਜਿੱਥੇ ਕੁਦਰਤੀ ਸ਼ਕਤੀਆਂ ਨੂੰ ਰੱਬ ਸਮਝ ਕੇ ਲੋਕਾਂ ਪਾਸੋਂ ਪੂਜਾ ਕਰਾਈ ਹੈ ਓੱਥੇ ਪੁਜਾਰੀ ਨੇ ਧਰਮ ਦੇ ਨਾਂ `ਤੇ ਆਪਣੀਆਂ ਰੋਟੀਆਂ ਵੀ ਸੇਕੀਆਂ ਹਨ। ਪੁਜਾਰੀ ਨੇ ਕੋਈ ਮੌਕਾ ਖਾਲੀ ਨਹੀਂ ਜਾਣ ਦਿੱਤਾ ਇੱਥੋਂ ਤਕ ਕਿ ਦਿਨ, ਵਾਰ, ਤਿੱਥਾਂ, ਮਹੀਨੇ, ਪੂਰਨਮਾਸ਼ੀਆਂ ਤੇ ਮੱਸਿਆ ਭਾਵ ਚਾਨਣ ਤੇ ਹਨ੍ਹੇਰੇ ਆਦਿ ਦੀ ਵੀ ਪੂਜਾ ਸ਼ੁਰੂ ਕਰਾ ਦਿੱਤੀ ਹੈ। ਏੱਥੋਂ ਤਕ ਕੇ ਕਪੜਿਆਂ ਦੇ ਰੰਗਾਂ ਨੂੰ ਵੀ ਭਰਮਾ ਵਹਿਮਾਂ ਵਿੱਚ ਪਾ ਕੇ ਮਨੁੱਖ ਨੂੰ ਡਰਾ ਕਿ ਰੱਖਿਆ ਹੋਇਆ ਹੈ। ਭਾਵੇਂ ਅੱਜ ਤਕਨੀਕ ਦਾ ਯੁੱਗ ਆ ਗਿਆ ਹੈ ਪਰ ਭਰਮ-ਵਹਿਮਾਂ ਤੋਂ ਮਨੁੱਖ ਅਜੇ ਤਕ ਮੁਕਤ ਨਹੀਂ ਹੋਇਆ। ਦੁਖਾਂਤ ਇਸ ਗੱਲ ਦਾ ਹੈ ਏੰਨਾ ਕੀਮਤੀ ਖਜ਼ਾਨਾ ਹੋਣ ਦੇ ਨਾਤੇ ਗੁਰ ਬਾਣੀ ਦਾ ਪਾਠ ਕਰਨ ਵਾਲੀ ਕੌਮ ਵੀ ਭਰਮਾਂ ਵਹਿਮਾਂ ਤੋਂ ਮੁਕਤ ਨਹੀਂ ਹੋ ਸਕੀ। ਗੁਰਦੇਵ ਪਿਤਾ ਜੀ ਨੇ ਇਹਨਾਂ ਭਰਮਾਂ ਵਹਿਮਾਂ ਵਿਚੋਂ ਬਾਹਰ ਕੱਢਦਿਆਂ ਬਾਂਰਹ ਮਾਂਹ ਦੀ ਅਖਰਲੀ ਪਉੜੀ ਵਿੱਚ ਬੜਾ ਗਹਿਰਾ ਉਪਦੇਸ਼ ਦਿੱਤਾ ਹੈ ਕਿ ਦਿਨ ਦਿਹਾਰ ਕੋਈ ਮਾੜਾ ਨਹੀਂ ਹੈ ਬਲਕੇ ਸਾਰੇ ਹੀ ਦਿਨ ਦਿਹਾਰ ਚੰਗੇ ਹਨ। ਦਿਨਾਂ ਕਰਕੇ ਮਨੁੱਖ ਦੁਖੀ ਨਹੀਂ ਹੈ ਇਹ ਤੇ ਆਪਣੇ ਕਰਮਾਂ ਕਰਕੇ ਦੁਖੀ ਹੈ—ਅੱਜ ਤਕਨੀਕੀ ਯੁੱਗ ਨੇ ਮਨੁੱਖ ਦੀ ਸਹਾਇਤਾ ਕਰਦਿਆਂ ਇਹਨਾਂ ਵਹਿਮਾਂ ਭਰਮਾਂ ਵਿਚੋ ਂਬਾਹਰ ਕੱਢਣ ਦਾ ਯਤਨ ਕੀਤਾ ਹੈ ਪਰ ਮਨੁੱਖ ਅਜੇ ਤਕ ਵੀ ਵਹਿਮਾਂ ਵਿਚੋਂ ਮੁਕਤ ਨਹੀਂ ਹੋ ਸਕਿਆ।

ਇਸ ਪਉੜੀ ਦੀ ਵਿਚਾਰ ਪਹਿਲੀ ਤੁਕ ਤੋ ਂਸ਼ੁਰੂ ਕਰਦੇ ਹਾਂ—

ਜਿਨਿ ਜਿਨਿ ਨਾਮੁ ਧਿਆਇਆ, ਤਿਨ ਕੇ ਕਾਜ ਸਰੇ।।

ਅੱਖਰੀਂ ਅਰਥ—ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਵਿਚਾਰ ਤੇ ਵਿਹਾਰਕ ਪੱਖ—ਨਾਮ ਜਪਣ ਸਬੰਧੀ ਸਿੱਖੀ ਵਿੱਚ ਬਹੁਤ ਵੱਡਾ ਭੁਲੇਖਾ ਖੜਾ ਹੋ ਗਿਆ ਹੈ। ਰਹਿਤ ਮਰਯਾਦਾ ਜਾਂ ਗੁਰਬਾਣੀ ਸਿਧਾਂਤ ਦੀ ਸਹੀ ਵਿਚਾਰ ਨੂੰ ਨਾ ਸਮਝਦਿਆ ਹੋਇਆਂ ਜੋ ਦੂਜੇ ਧਰਮਾਂ ਹੋ ਰਿਹਾ ਹੈ ਉਹ ਕੁੱਝ ਹੀ ਅਸੀਂ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰ ਰਹੇ ਹਾਂ। ਦੂਸਰਾ ਜੋ ਹੋਰਨਾਂ ਧਾਰਮਿਕ ਅਸਥਾਨਾਂ `ਤੇ ਹੋ ਰਿਹਾ ਹੈ ਅਸੀਂ ਔਖਿਆਂ ਹੋ ਕੇ ਵੀ ਗੁਰਦੁਆਰਿਆਂ ਵਿੱਚ ਕਰ ਰਹੇ ਹਾਂ। ਨਾਮ ਜੱਪਣ ਦੇ ਆਹਰ ਵਿੱਚ ਸਰੀਰ ਨੂੰ ਕਸ਼ਟ ਦੇਣ ਵਾਲੇ ਕਰਮ ਵੀ ਕਰ ਹਾਂ। ਅਸਾਂ ਨਾਮ ਜੱਪਣ ਦਾ ਅਰਥ ਏਦਾਂ ਸਮਝ ਲਿਆ ਹੈ ਕਿ ਸ਼ਾਇਦ ਇੱਕ ਸ਼ਬਦ ਨੂੰ ਬਾਰ ਬਾਰ ਬੋਲਿਆ ਜਾਏ ਇਹ ਨਾਮ ਸਿਮਰਣ ਜਾਂ ਨਾਮ ਧਿਆਉਣਾ ਬਣਦਾ ਹੈ। ਗੁਰਬਾਣੀ ਦੇ ਤੱਤ ਗਿਆਨ ਨੂੰ ਨਾ ਸਮਝਦਿਆਂ ਅਸੀਂ ਕੇਵਲ ਅੱਖਰੀਂ ਅਰਥਾਂ ਤਕ ਹੀ ਸੀਮਤ ਹੋ ਕੇ ਰਹਿ ਗਏ ਹਾਂ। ਗੁਰਬਾਣੀ ਵਿੱਚ ਧਿਆਉਣਾ, ਸਿਮਰਣ ਕਰਨਾ ਤੇ ਨਾਮ ਜਪਣ ਦੇ ਅਨੇਕਾਂ ਪ੍ਰਮਾਣ ਮਿਲ ਜਾਂਦੇ ਹਨ ਦੂਜੇ ਇਹ ਵਿਚਾਰ ਵੀ ਆਉਂਦਾ ਹੈ ਕਿ ਸਾਡੀਆਂ ਲੱਖਾਂ ਜੀਭਾਂ ਹੋ ਜਾਣ ਤਾਂ ਅਸੀਂ ਤਾਂ ਵੀ ਰੱਬੀ ਦੀ ਵਿਸ਼ਾਲਤਾ ਤੇ ਉਸ ਦੇ ਗੁਣਾਂ ਦਾ ਪਾਰਾਵਾਰ ਨਹੀਂ ਪਾ ਸਕਦੇ। ਨਾਮ ਦੇ ਅਖਰੀਂ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਬੜੇ ਪਿਆਰੇ ਦਿੱਤੇ ਹਨ—ਨਾਮ ਕਰਤਾਰ ਅਤੇ ਉਸਦਾ ਹੁਕਮ ਬੋਧਿਕ ਸ਼ਬਦ ਆਇਆ ਹੈ। ਇਸ ਲਈ ਨਾਮ ਜੱਪਣ ਦਾ ਭਾਵ ਅਰਥ ਹੈ ਰੱਬੀ ਗੁਣਾਂ ਨੂੰ ਧਾਰਨ ਕਰਨਾ ਰੱਬੀ ਨਿਯਮਾਵਲੀ ਵਿੱਚ ਚੱਲਣਾ ਹੀ ਨਾਮ ਜੱਪਣਾ ਹੈ। ਨਿਯਮ ਜਾਂ ਰੱਬੀ ਗੁਣਾਂ ਦੀ ਵਰਤੋਂ ਕਰਨ ਨਾਲ ਹੀ ਸ਼ੁਭ ਗੁਣਾਂ ਦੇ ਸਾਡੇ ਕਾਰਜ ਰਾਸ ਹੋਣੇ ਹਨ। ਗੁਰੂ ਅਰਜਨ ਪਾਤਸ਼ਾਹ ਜੀ ਦਾ ਬੜਾ ਪਿਆਰਾ ਵਾਕ ਹੈ—

ਉਦਮੁ ਕਰੇ ਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ੧।।

ਸਲੋਕ ਮ: ੫ ਪੰਨਾ ੫੨੨

ਅੱਖਰੀਂਅਰਥ—ਹੇ ਨਾਨਕ! (ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ; ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ। ੧।

ਬਾਣੀ ਵਿੱਚ ਇੱਕ ਵਾਕ ਹੈ—

ਸਭਿ ਗੁਣ ਤੇਰੇ, ਮੈ ਨਾਹੀ ਕੋਇ।। ਵਿਣੁ ਗੁਣ ਕੀਤੇ, ਭਗਤਿ ਨ ਹੋਇ।।

ਅੱਖਰੀਂ ਅਰਥ-- (ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।

ਪ੍ਰਭੂ ਭਗਤੀ ਦਾ ਭਾਵ ਹੈ ਗੁਣ ਸੰਗ੍ਰਹਿ ਕਰਕੇ ਉਹਨਾਂ ਦੀ ਵਰਤੋਂ ਕਰਨੀ ਜਿਸ ਨਾਲ ਵਿਹਾਰਕ ਜੀਵਨ ਬਣਦਾ ਹੈ। ਨਾਮ ਸਿਮਰਣ ਦਾ ਸਬੰਧੀ ਕੇਵਲ ਦੋ ਸਲੋਕ ਹੀ ਵਿਚਾਰ ਲਏ ਜਾਣ ਤਾਂ ਸਾਡੇ ਸਾਰੇ ਹੀ ਮੁਗਾਲਤੇ ਖਤਮ ਹੋ ਜਾਣਗੇ। ਭਗਤ ਨਾਮ ਦੇਵ ਜੀ ਤੇ ਭਗਤ ਤਿਰਚੋਚਨ ਜੀ ਦੇ ਆਪਸੀ ਸੰਵਾਦ ਨੂੰ ਬੜੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ।

ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ।।

ਕਾਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤੁ।। ੨੧੨।।

ਅੱਖਰੀਂ ਅਰਥ--ਤ੍ਰਿਲੋਚਨ ਆਖਦਾ ਹੈ—ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ?

ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮਾੑਲਿ।।

ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ।। ੨੧੩।।

(ਪੰਨਾ ੧੩੭੫-੧੩੭੬)

ਅੱਖਰੀਂ ਅਰਥ--ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ—ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ।

ਵਿਹਾਰਕ ਪੱਖ ਸਮਝ ਆਉਂਦਾ ਹੈ ਕਿ—

ਜਿਨਿ ਜਿਨਿ ਨਾਮੁ ਧਿਆਇਆ, ਤਿਨ ਕੇ ਕਾਜ ਸਰੇ।।

ਜਿਸ ਨੇ ਗੁਣਾਂ ਰੂਪੀ ਭਗਤੀ ਨੂੰ ਵਰਤਿਆ ਹੈ ਉਸ ਦੇ ਜੀਵਨ ਦੇ ਕਾਰਜ ਰਾਸ ਹੋਏ ਹਨ। ਇਸ ਦਾ ਅਰਥ ਹੈ ਕਿ ਪੱਕੀ ਲਗਨ, ਜੋ ਸੱਚ ਦੇ ਅਧਾਰਤ ਹੋਵੇ ਜਿੱਥੇ ਆਤਮਿਕ ਤਲ਼ `ਤੇ ਸੂਝ ਜਨਮ ਲੈਂਦੀ ਹੈ ਓੱਥੇ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਹੁੰਦੀ ਹੈ।

ਇਸ ਪਉੜੀ ਦੀ ਅਗਲੀ ਤੁਕ ਵਿੱਚ ਹੋਰ ਉਪਦੇਸ਼ ਮਿਲਦਾ ਹੈ ਕਿ ਆਤਮਿਕ ਸੂਝ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਵਿਚੋਂ ਹੀ ਮਿਲਦੀ ਹੈ। ਏਦਾਂ ਸਮਝਿਆ ਜਾ ਸਕਦਾ ਹੈ ਕਿ ਜਿਸ ਜਿਸ ਨੇ ਸੱਚ ਨੂੰ ਧਾਰਨ ਕੀਤਾ ਹੈ ਓਸੇ ਦੇ ਹੀ ਕਾਰਜ ਰਾਸ ਹੋਏ ਹਨ। ਦੂਸਰੀ ਤੁਕ ਵਿੱਚ ਹਰਿ ਤੇ ਪੂਰੇ ਗੁਰੂ ਜੀ ਦੇ ਅਰਾਧਣ ਦਾ ਸੰਕਲਪ ਰੱਖਿਆ ਗਿਆ ਹੈ-

ਹਰਿ ਗੁਰੁ ਪੂਰਾ ਆਰਾਧਿਆ, ਦਰਗਹਿ ਸਚਿ ਖਰੇ।।

ਅੱਖਰੀਂ ਅਰਥ--ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੁੰਦੇ ਹਨ।

ਵਿਚਾਰ ਤੇ ਵਿਹਾਰਕ ਪੱਖ—ਰੱਬ ਜੀ ਤੇ ਗੁਰੂ ਜੀ ਨੂੰ ਅਰਾਧਣ ਨਾਲ ਰੱਬੀ ਦਰਗਾਹ ਵਿੱਚ ਮਾਣ ਮਿਲਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਰੱਬੀ ਗੁਣਾਂ ਦੀ ਸਮਝ ਪੂਰੇ ਗੁਰੂ ਦੇ ਉਪਦੇਸ਼ ਵਿੱਚ ਰੱਖੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਰੱਬੀ ਗੁਣਾਂ ਸਬੰਧੀ ਸਮਝਾਉਂਦਾ ਹੈ। ਇਹਨਾਂ ਗੁਣਾਂ ਤੇ ਚਲਣ ਵਾਲਾ ਰੱਬੀ ਦਰਗਾਹ ਵਿੱਚ ਮਾਣ ਹਾਸਲ ਕਰਦਾ ਹੈ। ਪਹਿਲਾਂ ਦਰਗਹ ਸਮਝਣ ਦਾ ਯਤਨ ਕੀਤਾ ਜਾਏਗਾ। ਆਮ ਇਹ ਹੀ ਸਮਝਿਆ ਗਿਆ ਹੈ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦੇ ਕੀਤੇ ਕੰਮਾਂ ਦਾ ਲੇਖਾ ਧਰਮਰਾਜ ਦੀ ਕਚਹਿਰੀ ਵਿੱਚ ਕੀਤਾ ਜਾਂਦਾ ਹੈ। ਜਿਹੜੇ ਬੰਦੇ ਦੇ ਪਾਪ ਬਹੁਤ ਜ਼ਿਆਦਾ ਹੋਣ ਉਸ ਹਿਸਾਬ ਨਾਲ ਮਨੁੱਖ ਨੂੰ ਸਜਾ ਮਿਲਦੀ ਹੈ। ਇਸ ਗੱਲ ਦੀ ਪੂਰੀ ਵਿਚਾਰ ਨੂੰ ਪੁਸਤਕ “ਵਿਰਲੈ ਕਿਨੈ ਵਿਚਾਰਿਆ” ਵਿਚੋਂ ਵਿਸਥਾਰ ਨਾਲ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲੀ ਗੱਲ ਕਿ ਰੱਬ ਦੀ ਦਰਗਾਹ ਕਿੱਥੇ ਹੈ। ਇਸ ਦਾ ਉੱਤਰ ਹੈ ਕਿ ਰੱਬ ਜੀ ਦੀ ਦਰਗਾਹ ਸਾਡੇ ਮਨ ਵਿੱਚ ਹੀ ਹੈ ਦੂਜਾ ਰੱਬ ਜੀ ਸਰਬ ਵਿਆਪਕ ਹਨ ਇਸ ਲਈ ਰੱਬ ਜੀ ਸਾਰੇ ਸੰਸਾਰ ਵਿੱਚ ਹਨ। ਇਸ ਦਾ ਸਿੱਧਾ ਉੱਤਰ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਵਿੱਚ ਸੱਚ ਧਾਰਨ ਕਰਕੇ ਰੱਬ ਦੀ ਦਰਗਾਹ ਬਜ਼ਾਉਣੀ ਹੈ ਦੂਜਾ ਰੱਬੀ ਗੁਣਾਂ ਦੀ ਵਰਤੋਂ ਕਰਦਿਆ ਇਸ ਸਮਾਜ ਤੇ ਸੰਸਾਰ ਨੂੰ ਰੱਬ ਦੀ ਦਰਗਾਹ ਬਣਾਉਣ ਦਾ ਯਤਨ ਕਰਨਾ ਹੈ। ਰੱਬ ਜੀ ਕੋਈ ਸਤਵੇਂ ਅਸਮਾਨ ਤੇ ਨਹੀਂ ਰਹਿੰਦੇ ਸਗੋਂ ਇਸ ਧਰਤੀ `ਤੇ ਹੀ ਤੇ ਹੀ ਰਹਿੰਦੇ ਹਨ। ਆਪਣੀ ਸੋਚ ਨੂੰ ਵਿਕਾਰਾਂ ਵਲੋਂ ਮੁਕਤ ਕਰਨਾ ਰੱਬੀ ਦਰਗਾਹ ਹੈ। ਮਾਰੂ ਰਾਗ ਵਿੱਚ ਗੁਰਬਾਣੀ ਦਾ ਬੜਾ ਪਿਆਰਾ ਫੈਸਲਾ ਹੈ--

ਸਤਿਗੁਰ ਬਾਝਹੁ ਮੁਕਤਿ ਕਿਨੇਹੀ।।

ਓਹੁ ਆਦਿ ਜੁਗਾਦੀ ਰਾਮ ਸਨੇਹੀ।।

ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ।। ੪।।

ਮਾਰੂ ਮਹਲਾ ੧ ਪੰਨਾ ੧੦੨੭

ਅੱਖਰੀਂ ਅਰਥ-- ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿੱਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ (ਉਹ ਆਪ ਹੀ ਗੁਰੂ ਮਿਲਾਂਦਾ ਹੈ), ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ। ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿੱਚ ਰੱਖਦਾ ਹੈ। ੪।

ਇਸ ਦਾ ਅਰਥ ਹੋਇਆ ਕਿ ਪੂਰੇ ਗੁਰੂ ਦੇ ਉਪਦੇਸ਼ ਵਿੱਚ ਤੁਰਨ ਨਾਲ ਜਿੱਥੇ ਆਤਮਿਕ ਤਲ਼ `ਤੇ ਬੰਦਾ ਸੁੱਖ ਮਾਣਦਾ ਹੈ ਓੱਥੇ ਸਮਾਜ ਭਾਈਚਾਰੇ ਵਿੱਚ ਮਾਣ ਹਾਸਲ ਕਰਦਾ ਹੈ। ਇੱਕ ਹੋਰ ਵਿਚਾਰ ਨੂੰ ਧਿਆਨ ਵਿੱਚ ਲਿਆਂਦਾ ਜਾਏਗਾ—

ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ।।

ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ।। ੪।।

ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ।।

ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ।। ੫।।

ਆਸਾ ਮਹਲਾ ੧ ਪੰਨਾ ੪੨੨ 

ਅੱਖਰੀਂ ਅਰਥ--ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿੱਚ ਹਜ਼ੂਰੀ ਵਿੱਚ ਉਸ ਦਾ ਨਾਮ (-ਸਿਮਰਨ ਹੀ) ਪਰਵਾਨ ਹੁੰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ।

ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ, ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਕੇ ਸਤ ਸੰਤੋਖ ਪ੍ਰੇਮ ਅਤੇ ਹਰਿ-ਨਾਮ ਨੂੰ (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ ਬਣਾਂਦੇ ਹਨ (ਆਪਣੇ ਆਤਮਕ ਜੀਵਨ ਦਾ ਆਧਾਰ ਬਣਾਂਦੇ ਹਨ)।

ਸੋ ਦਰਗਹ ਸੱਚ ਖਰੇ ਦਾ ਭਾਵ ਹੈ ਕਿ ਸਾਡਾ ਆਤਮਿਕ ਤਲ `ਤੇ ਵਿਕਾਰਾਂ ਵਲੋਂ ਮੁਕਤ ਹੋਣਾ ਹੈ ਓੱਥੇ ਚੰਗੇ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ। ਰੱਬ ਦੀ ਦਰਗਾਹ ਮਰਨ ਉਪਰੰਤ ਨਹੀਂ ਹੈ ਸਗੋਂ ਆਪਣੇ ਨਿਤਾ ਪ੍ਰਤੀ ਜੀਵਨ ਤੇ ਸਮਾਜ ਵਿੱਚ ਹੀ ਪਰਵਾਨ ਚੜ੍ਹਨਾ ਹੈ। ਏਦ੍ਹੇ ਲਈ ਗੁਰ ਗਿਆਨ ਨੂੰ ਅਧਾਰ ਬਣਾਉਣਾ ਹੈ।

ਪਉੜੀ ਦੀ ਅਗਲੀ ਤੁਕ ਵਿਚ—

ਸਰਬ ਸੁਖਾ ਨਿਧਿ ਚਰਣ ਹਰਿ, ਭਉਜਲੁ ਬਿਖਮੁ ਤਰੇ।।

ਸਾਰੇ ਸੁਖਾਂ ਦੀ ਗੱਲ ਵਿਚਾਰੀ ਹੈ ਜਿਸ ਦੇ ਅੱਖਰੀਂ ਅਰਥ--ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।

ਵਿਚਾਰ ਤੇ ਵਿਹਾਰਕ ਪੱਖ—ਛੋਟੇ ਹੁੰਦਿਆਂ ਆਮ ਦੇਖਿਆ ਗਿਆ ਸੀ ਕਿ ਕਈ ਭੈਣ ਭਾਈ ਪਾਲਕੀ ਜਾਂ ਪੀੜ੍ਹੇ ਦੇ ਪਾਵਿਆਂ ਨੂੰ ਗੁਰੂ ਸਾਹਿਬ ਜੀ ਦੇ ਚਰਨ ਸਮਝ ਕੇ ਘੁੱਟਦੇ ਸਨ ਕਿਉਂ ਕਿ ਸ਼ਬਦ ਗੁਰੂ ਦੀ ਮਹਾਨਤਾ ਨੂੰ ਨਾ ਸਮਝਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਸਰੀਰ ਵਾਂਗ ਸਮਝਦਿਆਂ ਮਨੁੱਖਾਂ ਵਾਂਗ ਹੀ ਲੋੜਾਂ ਮਹਿਸੂਸ ਕਰਕੇ ਓਸੇ ਤਰ੍ਹਾਂ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗਿਆਨ ਦੀ ਸੋਝੀ ਦੁਆਰਾ ਇਹ ਸਮਝ ਆਈ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਅਰਥ ਗੁਰ-ਉਪਦੇਸ਼ ਹੈ। ਦੂਸਰਾ ਜਦੋਂ ਰੱਬ ਜੀ ਦਾ ਕੋਈ ਰੰਗ ਰੂਪ ਨਹੀਂ ਹੈ ਤਾਂ ਉਸ ਦੇ ਚਰਨ ਕਿਹੜੇ ਹਨ? ਇਸ ਦਾ ਭਾਵ ਅਰਥ ਇਹ ਹੀ ਕਿ `ਚਰਣ ਹਰਿ` ਰੱਬੀ ਗੁਣ ਹਨ ਤੇ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲਾ ਹੀ ਸੰਸਾਰ ਰੁਪੀ ਸਮੁੰਦਰ ਤੋਂ ਤਰ ਸਕਦਾ ਹੈ—ਗੁਰਬਾਣੀ ਵਾਕ ਹੈ—

ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ।।

ਸਿਰੀ ਰਾਗ ਮਹਲਾ ੫ ਪੰਨਾ ੪੬

ਅਰਥ--ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।

ਰੱਬੀ ਗੁਣ ਹੀ ਰੱਬ ਜੀ ਦੇ ਚਰਣ ਹਨ—

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ।।

ਪੰਨਾ ੪੬

ਅੱਖਰੀਂ ਅਰਥ--ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿੱਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ।

ਅਤੇ ਇਹ ਗੁਣ ਸ਼ਬਦ ਵਿੱਚ ਸਮਝੇ ਜਾ ਸਕਦੇ ਹਨ-

ਮੇਰੇ ਮਨ, ਗੁਰ ਸਬਦੀ ਸੁਖੁ ਹੋਇ।। ਪੰਨਾ ੪੬

ਸੰਸਾਰ ਨੂੰ ਭਉਜਲ ਵੀ ਆਖਿਆ ਹੈ। ਇਸ ਭਵਜਲ ਵਿਚੋਂ ਤਰਨ ਤੇ ਸੁਖ ਦੀ ਪ੍ਰਾਪਤੀ ਲਈ ਸ਼ਬਦ ਵਿੱਚ ਰੱਖੀ ਗਈ ਹੈ। ਗੁਰਬਾਣੀ ਦਾ ਇੱਕ ਹੋਰ ਵਾਕ ਹੈ—

ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ।।

ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ।।

ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ।।

ਪੰਨਾ ੯੬੨

ਅੱਖਰੀਂ ਅਰਥ--ਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ। ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ, ਜੇਹੜੇ ਸੰਸਾਰ ਵਿੱਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।

ਨਿਯਮ ਵਿੱਚ ਚੱਲਣ ਵਾਲਾ ਹੀ ਸੁੱਖੀ ਰਹਿੰਦਾ ਹੈ। ਭਵਜਲ ਤਰਨ ਤੋਂ ਮੁਰਾਦ ਹੈ ਬੱਝਵੇਂ ਨਿਯਮ ਵਿੱਚ ਚੱਲਣਾ, ਵਿਕਾਰਾਂ ਤੋਂ ਦੂਰੀ ਬਣਾ ਕਿ ਚੱਲਣਾ। ਮੰਨ ਲਓ ਜੇ ਏਡਜ਼ ਦੀ ਸਮਝ ਆ ਜਾਏ ਤਾਂ ਫਿਰ ਮਨੁਖ ਕਦੇ ਵੀ ਭੈੜੇ ਕੰਮ ਵਿੱਚ ਖਚਤ ਨਹੀਂ ਹੋਏਗਾ। ਨਸ਼ਿਆਂ ਬਾਰੇ ਸੂਝ ਆ ਜਾਏ ਤਾਂ ਬੰਦਾ ਨਸ਼ਿਆਂ ਤੋਂ ਬਚ ਜਾਏਗਾ ਵਿਕਾਰੀ, ਪਖੰਡੀ ਤੇ ਕਰਮ-ਕਾਂਡੀ ਜ਼ਿੰਦਗੀ ਤੋਂ ਬਚਣਾ ਹੀ ਭਵਜਲ ਤੋਂ ਤਰਨਾ ਹੈ।

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਅੱਗੇ ਫਰਮਾਉਂਦੇ ਹਨ—

ਪ੍ਰੇਮ ਭਗਤਿ ਤਿਨ ਪਾਈਆ, ਬਿਖਿਆ ਨਾਹਿ ਜਰੇ।।

ਅੱਖਰੀਂ ਅਰਥ--ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿੱਚ ਉਹ ਨਹੀਂ ਸੜਦੇ।

ਵਿਚਾਰ ਤੇ ਵਿਹਾਰਕ ਪੱਖ---ਇਸ ਤੁਕ ਵਿੱਚ ਪਿਆਰ ਦੀ ਗੱਲ ਆਈ ਹੈ ਤੇ ਪਿਆਰ ਹੀ ਪ੍ਰਭੂ ਭਗਤੀ ਹੈ। ਬਾਰ ਬਾਰ ਇੱਕ ਗੱਲ ਦੀ ਵਿਚਾਰ ਕੀਤੀ ਜਾਂਦੀ ਹੈ ਕੀ ਰੱਬ ਜੀ ਦਾ ਕੋਈ ਰੰਗ-ਰੂਪ ਨਹੀਂ ਹੈ ਫਿਰ ਉਸ ਨਾਲ ਪਿਆਰ ਕਿਦਾਂ ਕਰਨਾ ਹੈ? ਜਪ ਬਾਣੀ ਵਿੱਚ ਇੱਕ ਖ਼ਿਆਲ ਆਇਆ ਹੈ ਕਿ ਰੱਬ ਜੀ ਨਾਲ ਗੱਲਾਂ ਕਰਨ ਲਈ ਉਸ ਦੀ ਬੋਲੀ ਵਿੱਚ ਗੱਲ ਕਰਨੀ ਪਏਗੀ। ਰੱਬ ਜੀ ਦੀ ਬੋਲੀ ਪਿਆਰ ਦੀ ਹੈ-

ਸਾਚਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ।।

ਜਪੁ ਬਾਣੀ

ਅੱਖਰੀਂ ਅਰਥ--ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।

ਹੁਣ ਜੇ ਰੱਬ ਦਾ ਕੋਈ ਰੰਗ ਰੂਪ ਨਹੀਂ ਤਾਂ ਫਿਰ ਗੱਲਾਂ ਕਿਸ ਨਾਲ ਕਰਨੀਆਂ ਹਨ? ਇਸ ਦਾ ਅਰਥ ਹੈ ਗੱਲਾਂ ਅਸੀਂ ਫਿਰ ਮਨੁੱਖਤਾ ਨਾਲ ਕਰਨੀਆਂ ਹਨ ਭਾਵ ਅਸੀਂ ਘਰ ਜਾਂ ਆਪਣੇ ਆਲੇ ਦੁਆਲੇ ਨਾਲ ਪ੍ਰੇਮ ਭਾਵਨਾ ਰੱਖਣੀ ਹੈ।

ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ।।

ਸਾਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ।।

ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ।। ੫।।

ਸਿਰੀ ਰਾਗ ਮਹਲਾ ਪੰਨਾ ੬੧

ਅੱਖਰੀਂ ਅਰਥ-- (ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ। ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿੱਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ, ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿੱਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ।

ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਮਿੱਟ ਸਕਦਾ ਹੈ ਪਰ ਜ਼ਬਾਨ ਦੇ ਬੋਲੇ ਹੋਏ ਬੋਲ ਲੰਮੇਰਾ ਸਮਾਂ ਬੰਦਾ ਯਾਦ ਰੱਖਦਾ ਹੈ। ਕਈ ਵਾਰੀ ਜ਼ਬਾਨ ਦੇ ਬੋਲਾਂ ਕਰਕੇ ਪੀੜ੍ਹੀਆਂ ਤੱਕ ਵੈਰ ਚੱਲਦਾ ਰਹਿੰਦਾ ਹੈ। ਪ੍ਰੇਮ ਦੁਸ਼ਮਣਾਂ ਨੂੰ ਵੀ ਆਪਣੇ ਦੋਸਤ ਬਣਾ ਲੈਂਦਾ ਹੈ। ਇਹ ਗੁਣਾਂ ਵਾਲ ਪ੍ਰੇਮ ਸਾਨੂੰ ਸਮਾਜ ਵਿੱਚ ਮਾਣ ਸਨਮਾਨ ਦਿਵਾਉਂਦਾ ਹੈ—

ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ।। ਨਾਨਕ ਦਰਗਹ ਪਾਈਐ ਮਾਨੁ।। ੪।।

ਗਉੜੀ ਮਹਲਾ ੫ ਪੰਨਾ ੧੮੬

ਅੱਖਰੀਂ ਅਰਥ--ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ, (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ-ਮਾਣ ਮਿਲਦਾ ਹੈ।

ਗੁਰੂ ਜੀ ਦੇ ਸ਼ਬਦ ਨਾਲ ਪ੍ਰੇਮ ਕੀਤਿਆਂ ਆਪਣੇ ਅੰਦਰੋਂ ਹਉਮੇ ਨੂੰ ਸਾੜ ਲੈਂਦਾ ਹੈ। ਗੁਰ ਵਾਕ ਹੈ—

ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ।।

ਪੰਨਾ ੮੫੨

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਕੂੜ ਗਏ, ਦੁਬਿਧਾ ਨਸੀ, ਪੂਰਨ ਸਚਿ ਭਰੇ।।

ਅੱਖਰੀਂ ਅਰਥ--ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿੱਚ ਟਿਕੇ ਰਹਿੰਦੇ ਹਨ।

ਵਿਚਾਰ ਤੇ ਵਿਹਾਰਕ ਪੱਖ--ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਜਿਸ ਜਿਸ ਨੇ ਰੱਬ ਜੀ ਦਾ ਨਾਮ ਧਿਆਇਆ ਹੈ ਓਸੇ ਓਸੇ ਦੇ ਹੀ ਕਾਰਜ ਰਾਸ ਹੁੰਦੇ ਹਨ। ਏੱਥੇ ਗੱਲ ਸਪੱਸ਼ਟ ਹੁੰਦੀ ਹੈ ਕਿ ਜਿਹੜਾ ਮਨੁੱਖ ਸੱਚ `ਤੇ ਪਹਿਰਾ ਦੇਂਦਾ ਹੈ ਕਾਰਜ ਓਸੇ ਦੇ ਹੀ ਰਾਸ ਹੋਣੇ ਹਨ। ਕਈ ਸੱਚ `ਤੇ ਕੋਈ ਵੀ ਪਹਿਰਾ ਨਹੀਂ ਦੇਂਦੇ ਪਰ ਕਾਰਜ ਉਹਨਾਂ ਦੇ ਵੀ ਰਾਸ ਹੋਈ ਜਾਂਦੇ ਹਨ। ਦਰ ਅਸਲ ਅਸੀਂ ਬਹੁਤ ਦਫ਼ਾ ਸਥੂਲ ਵਸਤੂਆਂ ਨੂੰ ਹੀ ਕਾਰਜ ਸਮਝੀ ਬੈਠੇ ਹਾਂ। ਕੋਈ ਚਾਲੀ ਦਿਨਾਂ ਲਈ ਗੁਰਦੁਆਰੇ ਇਸ ਲਈ ਆ ਰਿਹਾ ਹੈ ਕਿ ਮੇਰਾ ਲੜਕਾ ਬਾਹਰਲੇ ਮੁਲਕ ਵਿੱਚ ਚਲਿਆ ਜਾਏ। ਜੇ ਉਸ ਦਾ ਲੜਕਾ ਬਾਹਰਲੇ ਮੁਲਕ ਵਿੱਚ ਚਲਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਸੁੱਖਣਾ ਸੁਖੀ ਸੀ ਹੁਣ ਮੇਰਾ ਕਾਰਜ ਰਾਸ ਹੋ ਗਿਆ ਹੈ। ਅਜੇਹੇ ਮਨੁੱਖ ਨੇ ਧਰਮ ਦੇ ਨਾਂ `ਤੇ ਕਰਮ-ਕਾਂਡ ਤਾਂ ਕਰ ਲਏ ਪਰ ਉਸ ਦੇ ਅੰਦਰ ਸੱਚ ਦਾ ਪ੍ਰਕਾਸ਼ ਨਹੀਂ ਹੋਇਆ। ਨਾਮ ਧਿਆਉਣਾ ਭਾਵ ਪੂਰੇ ਗੁਰੂ ਦੀ ਗੱਲ ਨੂੰ ਧਿਆਨ ਪੂਰਵਕ ਪੱਲੇ ਬੰਨ੍ਹਣ ਨਾਲ ਸਭ ਤੋਂ ਪਹਿਲਾਂ ਝੂਠ ਕਿਨਾਰਾ ਕਰਦਾ ਹੈ। ਦੁਚਿੱਤੀ ਖਤਮ ਹੁੰਦੀ ਹੈ। ਜੇ ਮਨ ਵਿਚੋਂ ਝੂਠ ਤੇ ਦੁਬਿਧਾ ਦੂਰ ਹੋ ਜਾਣ ਤਾਂ ਕੁਦਰਤੀ ਓੱਥੇ ਸੱਚ ਦਾ ਟਿਕਾ ਹੋਏਗਾ। ਇੱਕ ਦਿਨ ਸਵੇਰੇ ਸਵੇਰੇ ਕਰਿਆਨੇ ਦੀ ਦੁਕਾਨ ਤੋਂ ਥੋੜਾ ਸਮਾਨ ਲੈਣ ਲਈ ਜਾਣਾ ਪਿਆ। ਅੱਗੇ ਬਾਹਰੋਂ ਪੂਰਨ ਗੁਰਸਿੱਖ ਦਿਸ ਰਿਹਾ ਦੁਕਾਨਦਾਰ ਦੇਵੀ ਮਾਤਾ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਅੱਗੇ ਜੋਤ ਜਗਾ ਕੇ ਨੂੰ ਧੁਪ ਬੱਤੀ ਕਰ ਰਿਹਾ ਸੀ ਇਹਨਾਂ ਫੋਟੋਆਂ ਦੇ ਉੱਪਰ ਗੁਰੂਆਂ ਦੀ ਫੋਟੋਆਂ ਰੱਖੀ ਖੜਾ ਸੀ। ਪੰਜ ਕੁ ਮਿੰਟ ਦੁਕਾਨਦਾਰ ਸਿਰ ਨੀਵਾਂ ਕਰਕੇ ਖੜਾ ਰਿਹਾ। ਅਚਾਨਕ ਮੈਨੂੰ ਦੇਖ ਕੇ ਸ਼ਰਮਿੰਦਾ ਹੋ ਗਿਆ ਕਿਉਂਕਿ ਉਹ ਨਿਤਾ ਪ੍ਰਤੀ ਗੁਰਦੁਆਰੇ ਜਾ ਕੇ ਆਪਣੇ ਵਲੋਂ ਅਸਲੀ ਸਿੱਖ ਹੋਣ ਦਾ ਦਾਅਵਾ ਵੀ ਕਰਦਾ ਹੁੰਦਾ ਹੈ। ਮੈਂ ਤਾਂ ਸਿਰਫ ਏੰਨਾ ਹੀ ਪੁੱਛਿਆ ਕਿ ਭਾਈ ਸਾਹਿਬ ਜੀ ਤੁਸੀਂ ਦੁਬਿਧਾ ਵਿੱਚ ਕਿਉਂ ਹੋ? ਅੱਗੋਂ ਝੂਠਾ ਜੇਹਾ ਹੀਂ ਹੀਂ ਕਰਕੇ ਕਹਿਣ ਲੱਗਾ ਭਾਈ ਸਾਹਿਬ ਜੀ ਤੁਸੀਂ ਠੀਕ ਆਖਦੇ ਹੋ ਪਰ ਸਾਡਾ ਧੰਧਾ ਹੈ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਕਿਤੇ ਕੋਈ ਨੁਕਸਾਨ ਹੀ ਨਾ ਹੋ ਜਾਏ। ਮੇਰੇ ਖ਼ਿਆਲ ਅਨੁਸਾਰ ਉਹ ਸਮਝਦਾ ਸੀ ਕਿ ਇੰਜ ਕਰਨ ਨਾਲ ਸ਼ਾਇਦ ਸਾਡਾ ਕਾਰੋਬਾਰ ਵੱਧੇਗਾ। ਪਰ ਇਹ ਮਨੁੱਖ ਪੂਰੀ ਦੁਬਿਧਾ ਦਾ ਸ਼ਿਕਾਰ ਹੈ। ਦੂਜਾ ਗੁਰੂਆਂ ਪ੍ਰਤੀ ਝੂਠੀ ਸ਼ਰਧਾ ਵੀ ਰੱਖਦਾ ਹੈ ਕਿਉਂਕਿ ਇਸ ਨੂੰ ਆਪਣੇ ਆਪ ਜਾਂ ਆਪਣੇ ਗੁਰੂਆਂ ਦੀ ਕਰਨੀ `ਤੇ ਕੋਈ ਯਕੀਨ ਨਹੀਂ ਹੈ। ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ—

ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ।।

ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ।।

ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ।। ੨।।

ਸਿਰੀ ਰਾਗ ਮਹਲਾ ੧ ਪੰਨਾ ੧੯

ਅੱਖਰੀਂ ਅਰਥ--ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿੱਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਉਹ ਸਦਾ ਮੇਰ-ਤੇਰ ਵਿੱਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿੱਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ। ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ।

ਕਈ ਲੋਕ ਏਦਾਂ ਦੇ ਵੀ ਹੁੰਦੇ ਹਨ ਇਹ ਬਹੁਤ ਘੱਟ ਬੋਲਦੇ ਹਨ ਕਿਉਂਕਿ ਇਹ ਭੁਲੇਖਾ ਪਿਆ ਰਹੇ ਕਿ ਸ਼ਾਇਦ ਇਹ ਨਾਮ ਬਹੁਤ ਜੱਪਦੇ ਹਨ ਪਰ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਬਾਹਰੋਂ ਜਿੰਨੇ ਮਰਜ਼ੀ ਅਸੀਂ ਚੁੱਪ ਰਹਿਣ ਦਾ ਯਤਨ ਕਰੀਏ ਜਾਂ ਬਾਹਰੋਂ ਭੇਖ ਕਰਕੇ ਧਰਮੀ ਹੋਣ ਦਾ ਯਤਨ ਕਰੀਏ ਪਰ ਅੰਦਰ ਦੁਬਿਧਾ ਹੀ ਲੱਗੀ ਰਹਿੰਦੀ ਹੈ। ਅਜੇਹੀ ਦੁਬਿਧਾ ਵਾਲਾ ਕਦੇ ਵੀ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦਾ ਗੁਰੂ ਅਮਰਦਾਸ ਜੀ ਦਾ ਫਰਮਾਣ ਹੈ—

ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ।।

ਦੁਬਿਧਾ ਮਾਰਿ ਬ੍ਰਹਮੁ ਬੀਚਾਰੇ।। ੧।।

ਭੈਰਉਂ ਮਹਲਾ ੩ ਪੰਨਾ ੧੧੨੮

ਅੱਖਰੀਂ ਅਰਥ--ਹੇ ਭਾਈ! ਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ, ਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿੱਚ ਵਸਾਂਦਾ ਹੈ।

ਬਾਰਹ ਮਾਂਹ ਦੀ ਅਗਲੀ ਤੁਕ ਵਿੱਚ ਫਰਮਾਉਂਦੇ ਹਨ—

ਪਾਰਬ੍ਰਹਮੁ ਪ੍ਰਭੁ ਸੇਵਦੇ, ਮਨ ਅੰਦਰਿ ਏਕੁ ਧਰੇ।।

ਅੱਖਰੀਂ ਅਰਥ--ਉਹ ਆਪਣੇ ਮਨ ਵਿੱਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।

ਵਿਚਾਰ ਤੇ ਵਿਹਾਰਕ ਪੱਖ—ਜਿੰਨਾਂ ਦੇ ਮਨਾ ਵਿੱਚ ਦੁਬਿਧਾ ਤੇ ਕੂੜ ਵਰਗੀਆਂ ਬਿਮਾਰੀਆਂ ਨਿਕਲ ਜਾਂਦੀਆਂ ਹਨ ਉਹ ਹੀ ਸੱਚ ਨਾਲ ਜੁੜਦੇ ਹਨ—

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ।।

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ।। ੧।।

ਪੰਨਾ ੨੮੧

ਅੱਖਰੀਂ ਅਰਥ--ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ; ਕੇਵਲ ਪ੍ਰਭੂ ਦੀ ਆਸ ਮਨ ਵਿੱਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ।

ਜਦੋਂ ਅਸੀਂ ਆਪਣਾ ਵਿਹਾਰਕ ਪੱਖ ਦੇਖਦੇ ਹਾਂ ਤਾਂ ਅਸੀਂ ਮਨ ਕਰਕੇ ਅੰਦਰੋਂ ਇੱਕ ਨਹੀਂ ਹਾਂ। ਦੁਨੀਆਂ `ਤੇ ਮਨੁੱਖ ਉਹ ਸਫਲ ਗਿਣਿਆਂ ਜਾਂਦਾ ਹੈ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਦੁਬਿਧਾ ਦਾ ਮਾਰਿਆ ਹੋਇਆ ਬੰਦਾ ਕਦੇ ਦਿਨਾਂ ਨੂੰ ਮਾੜਾ ਕਹਿੰਦਾ ਹੈ ਕਦੇ ਮਹੀਨਿਆਂ ਨੂੰ ਬੁਰਾ ਭਲਾ ਆਖਦਾ ਹੈ। ਗੁਰੂ ਸਾਹਿਬ ਜੀ ਦਾ ਰੱਬੀ ਫਰਮਾਣ ਹੈ ਕਿ ਦਿਨ ਮਹੀਨਾ ਕੋਈ ਵੀ ਮਾੜ ਜਾਂ ਚੰਗਾ ਨਹੀਂ ਹੈ। ਹਰ ਰੁੱਤ ਵਿੱਚ ਸੂਰਜ ਇਕੋ ਹੀ ਚੜ੍ਹਦਾ ਹੈ। ਇਸ ਪਉੜੀਆਂ ਦੀਆਂ ਅਖੀਰਲੀਆਂ ਤਕਾਂ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ-

ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ।।

ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ।। ੧੪।।

ਅੱਖਰੀਂ ਅਰਥ-- ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)। ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ।

ਵਿਚਾਰ ਤੇ ਵਿਹਾਰਕ ਪੱਖ— ਕਈ ਵਾਰੀ ਤਾਂ ਇਸ ਤਰ੍ਹਾਂ ਸਮਝ ਆਉਂਦੀ ਹੈ ਕਿ ਜਿਸ ਕਰਮ-ਕਾਂਡ ਤੋਂ ਗੁਰਬਾਣੀ ਨੇ ਸਾਨੂੰ ਬਾਹਰ ਕੱਢਿਆ ਸੀ ਲੱਗ-ਪੱਗ ਅਸੀਂ ਉਸੇ ਨਿਵਾਣ ਵਲ ਨੂੰ ਫਿਰ ਚਲੇ ਗਏ ਹਾਂ। ਬਾਹਰਲੇ ਮੁਲਕਾਂ ਵਿੱਚ ਜਿੰਨੀਆਂ ਪੰਜਾਬੀ ਦੀਆਂ ਅਖਬਾਰਾਂ ਹਨ ਉਹਨਾਂ ਸਾਰੀਆਂ ਵਿੱਚ ਜੋਤਿਸ਼, ਹੱਥ ਦੇਖਣ ਚੰਗੇ ਮਾੜੇ ਦਿਨਾਂ ਦੀ ਭਰਮਾਰ ਹੁੰਦੀ ਹੈ। ਕਈ ਅਖਬਾਰਾਂ ਵਿੱਚ ਤਾਂ ਸਤਾਈ ਸਤਾਈ ਸਫ਼ੇ ਅਜੇਹੀ ਸੋਚ ਨਾਲ ਪਰੋਸੇ ਹੁੰਦੇ ਹਨ। ਅਸਲ ਵਿੱਚ ਮਾਰਕੀਟ ਨੁਕਤਾ ਹੈ ਜਿਸ ਚੀਜ਼ ਦੀ ਮੰਗ ਹੋਵੇਗੀ ਅਖਬਾਰਾਂ ਵਾਲੇ ਉਹ ਹੀ ਦੇਣਗੇ। ਇਹਨਾਂ ਅਖਬਾਰਾਂ ਨੂੰ ਚਲਾਉਣ ਵਾਲੇ ਸਿੱਖ ਤੇ ਇਹਨਾਂ ਅਖਬਾਰਾਂ ਨੂੰ ਲੈਣ ਵਾਲੇ ਵੀ ਸਿੱਖ ਹੀ ਹਨ। ਪਹਿਲਾਂ ਤਾਂ ਇਹ ਦੇਖਣ ਦਾ ਯਤਨ ਕਰਾਂਗੇ ਆਇਆ ਹੁਣ ਕਿਹੜੇ ਕਿਹੜੇ ਭਰਮਾਂ ਵਿੱਚ ਪਏ ਹੋਏ ਹਾਂ? ਅਸੀਂ ਚੰਗੇ ਜਾਂ ਮਾੜੇ ਦਿਨਾਂ ਦੇ ਬਹੁਤ ਸ਼ਿਕਾਰ ਹੋਏ ਹਾਂ। ਗੁਰਬਾਣੀ ਦਾ ਫਰਮਾਣ ਹੈ ਕਿ ਦਿਨ ਮਹੀਨਾ ਕੋਈ ਵੀ ਮਾੜਾ ਨਹੀਂ ਹੈ। ਅਸਲ ਵਿੱਚ ਮਾੜਾ ਓਦੋਂ ਹੁੰਦਾ ਹੈ ਜਦੋਂ ਅਸੀਂ ਉਸ ਰੱਬ ਜੀ ਨੂੰ ਵਿਸਾਰ ਦੇਂਦੇ ਹਾਂ ਗੁਰਬਾਣੀ ਫਰਮਾਣ ਹੈ—

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।। ੧।।

ਸਲੋਕ ਮ: ੫ ਪੰਨਾ ੩੧੮

ਅੱਖਰੀਂ ਅਰਥ--ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿੱਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ।

ਜਿਹੜੇ ਥਿੱਤਾਂ ਮਹੀਨਿਆਂ ਨੂੰ ਮੰਨਦੇ ਹਨ ਗੁਰਬਾਣੀ ਉਹਨਾਂ ਨੂੰ ਮੂਰਖ ਆਖਦੀ ਹੈ—

ਆਪੇ ਪੂਰਾ ਕਰੇ ਸੁ ਹੋਇ।।

ਏਹਿ ਥਿਤੀ ਵਾਰ ਦੂਜਾ ਦੋਇ।।

ਸਤਿਗੁਰ ਬਾਝਹੁ ਅੰਧੁ ਗੁਬਾਰੁ।।

ਥਿਤੀ ਵਾਰ ਸੇਵਹਿ ਮੁਗਧ ਗਵਾਰ।।

ਨਾਨਕ ਗੁਰਮੁਖਿ ਬੂਝੈ ਸੋਝੀ ਪਾਇ।।

ਇਕਤੁ ਨਾਮਿ ਸਦਾ ਰਹਿਆ ਸਮਾਇ।। ੧੦।। ੨।।

ਪੰਨਾ ੮੪੩

ਅੱਖਰੀਂ ਅਰਥ--ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ। ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ। ੧੦।

ਅੱਜ ਬਾਂਰਹ ਰਾਸ਼ੀਆਂ ਮੰਨੀਆਂ ਗਈਆਂ ਹਨ ਤੇ ਇਹ ਸਮਝਿਆ ਗਿਆ ਹੈ ਕਿ ਸੂਰਜ ਦੇਵਤਾ ਜੀ ਇੱਕ ਮਹੀਨਾ ਇੱਕ ਰਾਸ਼ੀ ਵਿੱਚ ਰਹਿੰਦਾ ਹੈ। ਜਿਸ ਦਿਨ ਸੂਰਜ ਦੂਜੀ ਰਾਸ਼ੀ ਵਿੱਚ ਜਾਂਦਾ ਹੈ ਉਸ ਦਿਨ ਦੀ ਪੂਜਾ ਕੀਤੀ ਜਾਂਦੀ ਹੈ ਕਿ ਤਾਂ ਕਿ ਸਾਡਾ ਸਾਰਾ ਮਹੀਨਾ ਸੁੱਖ ਸ਼ਾਂਤੀ ਨਾਲ ਲੰਘ ਜਾਏ। ਇਸ ਦਿਨ ਮੰਦਰਾਂ ਵਾਂਗ ਗੁਰਦੁਆਰਿਆਂ ਵਿੱਚ ਉਚੇਚੀ ਭੀੜ ਦੇਖੀ ਜਾ ਸਕਦੀ ਹੈ। ਏਸ ਤਰ੍ਹਾਂ ਮੱਸਿਆ ਤੇ ਪੂਰਨਮਾਸ਼ੀ ਵਾਲੇ ਦਿਨਾਂ ਨੂੰ ਵੀ ਪਵਿਤਰ ਗਿਣਦਿਆਂ ਲੋਕਾਂ ਲੋਕੋਂ ਉਚੇਚੀ ਪੂਜਾ ਕਰਾਈ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਬਾਰਹ ਮਾਹ ਦੀ ਅਖੀਰਲੀ ਪਉੜੀ ਰਾਂਹੀ ਇਸ ਵਹਿਮ ਵਿਚੋਂ ਬਾਹਰ ਕੱਢਿਆ ਗਿਆ ਹੈ—

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ।।

ਘੜੀ ਮੂਰਤ ਪਲ, ਸਾਚੇ ਆਏ ਸਹਜਿ ਮਿਲੇ।।

ਅੱਖਰੀਂ ਅਰਥ--ਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿੱਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ, ਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ)।

ਬਿਲਾਵਲ ਰਾਗ ਵਿੱਚ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਮਹੀਨੇ ਦਿਨ ਦਿਹਾਰ ਤਦ ਹੀ ਸੋਹਣੇ ਲੱਗਦੇ ਹਨ ਜਦੋਂ ਬੰਦਾ ਗੁਰੂ ਜੀ ਦੇ ਸ਼ਬਦ ਨਾਲ ਜੁੜਿਆ ਹਇਆ ਹੋਵੇ—

ਥਿਤੀ ਵਾਰ ਸਭਿ ਸਬਦਿ ਸੁਹਾਏ।। ਸਤਿਗੁਰੁ ਸੇਵੇ ਤਾ ਫਲੁ ਪਾਏ।।

ਥਿਤੀ ਵਾਰ ਸਭਿ ਆਵਹਿ ਜਾਹਿ।। ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ।।

ਥਿਤੀ ਵਾਰ ਤਾ ਜਾ ਸਚਿ ਰਾਤੇ।। ਬਿਨੁ ਨਾਵੈ ਸਭਿ ਭਰਮਹਿ ਕਾਚੇ।। ੭।।

ਅੱਖਰੀਂ ਅਰਥ--ਹੇ ਭਾਈ! (ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿੱਚ (ਜੁੜੇ ਰਹਿਣ)। (ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ। ਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ। ਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਸਦਾ ਲੀਨ ਰਹਿ ਸਕਦੇ ਹਨ, (ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿੱਚ ਰੰਗੇ ਜਾਂਦੇ ਹਨ। ਹੇ ਭਾਈ! ਪਰਮਾਤਮਾ

ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ। ੭।

ਤੰਦ ਨਹੀਂ ਅੱਜ ਤਾਣੀ ਹੀ ਵਿਗੜੀ ਹੋਈ ਹੈ। ਸਭ ਤੋਂ ਵੱਧ ਵਹਿਮਾਂ ਭਰਮਾਂ ਵਿੱਚ ਅਸੀਂ ਰੁੱਝੇ ਹੋਏ ਹਾਂ। ਜਨਮ ਪੱਤਰੀਆਂ ਬਣਾਉਣੀਆਂ, ਹੱਥਾਂ ਦੀਆਂ ਰੇਖਾਵਾਂ ਦਿਖਾਲਣੀਆਂ, ਦਿਨਾਂ-ਮਹੀਨਿਆਂ ਦਾ ਵਹਿਮ ਕਰਨਾ ਹੁਣ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਬਣ ਚੁੱਕੀ ਹੈ। ਵਿਹਾਰਕ ਪੱਖ ਏਹੀ ਸਮਝ ਆਉਂਦਾ ਹੈ ਕਿ ਹਰ ਖੇਤਰ ਦੇ ਬੰਦੇ ਨੂੰ ਆਪਣੇ ਕਿੱਤੇ ਸਬੰਧੀ ਗਿਆਨ ਹੈ ਤੇ ਉਹ ਆਉਣ ਵਾਲੇ ਸਮੇਂ ਸਬੰਧੀ ਦਸ ਸਕਦਾ ਹੈ। ਮਿਸਾਲ ਦੇ ਤੋਰ ਤੇ ਇੱਕ ਅਧਿਆਪਕ ਨੂੰ ਪਤਾ ਹੈ ਕਿ ਕਿੰਨੇ ਵਿਦਿਆਰਥੀ ਪਾਸ ਹੋਣਗੇ। ਇੱਕ ਡਾਕਟਰ ਨੂੰ ਪਤਾ ਹੈ ਇਹ ਮਰੀਜ਼ ਕਿੰਨਾ ਕੁ ਸਮਾਂ ਹੋਰ ਕੱਢ ਜਾਏਗਾ। ਦੁਖਾਂਤ ਇਹ ਹੈ ਇਹਨਾਂ ਗੱਲਾਂ ਨੂੰ ਸਮਝਣ ਦੀ ਬਜਾਏ ਅਸੀਂ ਦਿਨਾਂ ਨੂੰ ਹੀ ਮਾੜਾ ਕੋਸੀ ਜਾ ਰਹੇ ਹਾਂ। ਜਿਸ ਤਰ੍ਹਾਂ ਕਈ ਵਾਰੀ ਸਾਡਿਆਂ ਘਰਾਂ ਵਿੱਚ ਕਿਸੇ ਨੇੜਲੇ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ। ਕੁਦਰਤੀ ਅਗਲੇ ਸਾਲ ਏਸੇ ਦਿਨ ਓਸੇ ਪਰਵਾਰ ਵਿਚੋਂ ਕਿਸੇ ਹੋਰ ਜੀਅ ਦੀ ਮੋਤ ਹੋ ਜਾਂਦੀ ਹੈ। ਮਿਲਣ-ਗਿਲਣ ਵਾਲੇ ਵਾਪਰੇ ਕਾਰਨਾਂ ਦੀ ਸਮੱਸਿਆ ਨੂੰ ਸਮਝਣ ਦੀ ਬਾਜਏ, ਉਸ ਘਰ ਨੂੰ ਢਾਰਸ ਦੇਣ ਦੀ ਬਜਾਏ ਜਾਂ ਉਹਨਾਂ ਦੀਆਂ ਮੁਸ਼ਲਕਾਂ ਦਾ ਹੱਲ ਲੱਭਣ ਦੀ ਬਜਾਏ ਆਪਣੇ ਆਪ ਨੂੰ ਸਿਆਣੇ ਗਿਣਨ ਵਾਲੇ ਵੀ ਪੁੱਠੀ ਰਾਏ ਵਿੱਚ ਹਾਂ ਨਾਲ ਹਾਂ ਮਿਲਾਈ ਜਾਣਗੇ। ਸਾਰੇ ਕਹੀ ਜਾਣਗੇ ਦੇਖੋ ਜੀ ਇਸ ਪਰਵਾਰ `ਤੇ ਕਿੱਡੀ ਵੱਡੀ ਸਾੜਸੱਤੀ ਹੈ, ਪਿੱਛਲੇ ਸਾਲ ਵੀ ਇਸੇ ਦਿਨ ਇਸ ਘਰ ਵਿਚੋਂ ਜੀਅ ਗਿਆ ਸੀ, ਇਸ ਸਾਲ ਇੱਕ ਹੋਰ ਜੀਅ ਚਲਾ ਗਿਆ ਇਹ ਦਿਨ ਹੀ ਬਹੁਤ ਮਾੜਾ ਹੈ। ਪਰਵਾਰ ਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਤੇ ਫਿਰ ਕਿਸੇ ਸਿਆਣੇ ਦੀ ਭਾਲ ਵਿੱਚ ਤੁਰ ਪੈਂਦਾ ਹੈ ਤੇ ਉਸ ਨੂੰ ਕੋਈ ਉਪਾਅ ਪੁੱਛਦਾ ਹੈ। ਉਂਝ ਕਈ ਮੁਹਵਰੇ ਵੀ ਬਣੇ ਹੋਏ ਹਨ। ਜਿਸ ਤਰ੍ਹਾਂ ਕੋਈ ਪ੍ਰਵਾਰ ਗਰੀਬੀ ਦੀ ਰੇਖਾਂ ਤੋਂ ਵੀ ਹੇਠਾਂ ਰਹਿ ਰਿਹਾ ਹੈ। ਉਸ ਪਰਵਾਰ ਵਿਚੋਂ ਕੋਈ ਮਿਹਨਤ ਕਰਕੇ ਕੋਈ ਨੌਕਰੀ ਜਾਂ ਬਾਹਰਲੇ ਮੁਲਕ ਵਿੱਚ ਚਲਿਆ ਜਾਂਦਾ ਹੈ ਤਾਂ ਆਮ ਪਿੰਡ ਵਾਲੇ ਕਹਿਣਗੇ ਭਈ ਇਹਨਾਂ ਦੇ ਹੁਣ ਦਿਨ ਫਿਰ ਆਏ ਹਨ। ਭਾਵ ਇਹਨਾਂ ਦੇ ਦਿਨ ਸੋਹਣੇ ਹੋ ਗਏ ਹਨ। ਕਿਸੇ ਦੁਕਾਨਦਾਰ ਦਾ ਵਟਕ ਚੰਗੀ ਹੋ ਜਾਏ ਤਾਂ ਕਹੇਗਾ ਭਈ ਅੱਜ ਦਾ ਦਿਨਾਂ ਤਾਂ ਬਹੁਤ ਭਾਗਾਂ ਵਾਲਾ ਸੀ ਮੇਰੀ ਵਟਕ ਬਹੁਤ ਹੋਈ ਹੈ। ਕਿਸੇ ਕਿਸਾਨ ਦੀਆਂ ਦੋ ਫਸਲਾਂ ਚੰਗੀਆਂ ਲੱਗ ਜਾਣ ਤਾਂ ਉਹ ਕਹੇਗਾ ਭਈ ਇਹ ਸਾਲ ਬਹੁਤ ਵਧੀਆ ਰਿਹਾ ਹੈ। ਭਾਦਰੋਂ ਦੇ ਮਹੀਨੇ ਵਿੱਚ ਫਸਲਾਂ ਵੱਡੀਆਂ ਹੋ ਜਾਂਦੀਆਂ ਹਨ ਹੁੰਮਸ ਵੱਧ ਜਾਂਦਾ ਹੈ ਸਾਰੇ ਕਹੀ ਜਾਣਗੇ ਭਈ ਭਾਦਰੋਂ ਦੇ ਮਹੀਨਾ ਵਿੱਚ ਤਾਂ ਨਰਕ ਭੋਗ ਰਹੇ ਹਾਂ ਇਹ ਮਹੀਨਾ ਹੀ ਬੜਾ ਮਾੜਾ ਹੈ। ਵਿਚਾਰੇ ਭਾਦਰੋਂ ਦੇ ਮਹੀਨੇ ਨੂੰ ਕੋਈ ਪਤਾ ਨਹੀਂ ਹੈ ਕਿ ਲੋਕ ਮੇਰੇ ਬਾਰੇ ਮਾੜੀ ਰਾਏ ਵੀ ਰੱਖਦੇ ਹਨ। ਕਈ ਵਾਰੀ ਕੁੜਮਾਚਾਰੀ ਵਿੱਚ ਫਿੱਕ ਪੈ ਜਾਏ ਤਾਂ ਆਮ ਹੀ ਕਿਹਾ ਸੁਣਿਆਂ ਜਾਂਦਾ ਹੈ ਕਿ ਕਿਹੜੇ ਵੇਲੇ ਮਾੜੇ ਘੜੀ ਸਾਡਾ ਮੱਥਾ ਲੱਗਿਆ ਹੈ ਝਗੜਾ ਮੁੱਕਣ ਵਿੱਚ ਹੀ ਨਹੀਂ ਆਉਂਦਾ। ਮੇਰੇ ਇੱਕ ਜਾਣਕਾਰ ਬੰਦੇ ਨੂੰ ਜੋਤਿਸ਼ ਵਿਦਿਆ ਦਾ ਬੜਾ ਗਿਆਨ ਹੈ ਤੇ ਲੋਕਾਂ ਦੇ ਅਕਸਰ ਹੱਥ ਦੇਖ ਕੇ ਉਹਨਾਂ ਦਾ ਆਉਣ ਵਾਲੇ ਚੰਗੇ ਸਮੇਂ ਦੀ ਤਰਤੀਬ ਸਮਝਾਉਂਦਾ ਹੈ। ਅਜੇ ਸਾਲ ਨਹੀਂ ਹੋਇਆ ਉਸ ਦੇ ਲੜਕੇ ਦੇ ਵਿਆਹ ਹੋਏ ਨੂੰ ਗੱਲ ਪੁਲੀਸ ਤੱਕ ਪਹੁੰਚ ਗਈ ਹੈ ਜਿਸ ਦਾ ਕੋਈ ਹੱਲ ਲੱਭਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਦਾ ਭਵਿੱਖ ਦੱਸਣ ਵਾਲਾ ਆਪ ਪੂਰਾ ਪਰੇਸ਼ਾਨ ਹੈ। ਨੂੰਹ ਰਾਣੀ ਕਲ੍ਹ ਦੀ ਪੇਕੇ ਚਲੀ ਗਈ ਹੈ ਹੁਣ ਉਹ ਹੱਲ ਹੋਰ ਲੋਕਾਂ ਪਾਸੋਂ ਪੁੱਛਦਾ ਫਿਰ ਰਿਹਾ ਹੈ। ਮਹੀਨਿਆਂ, ਤਿੱਥਾਂ ਤੇ ਦਿਨਾਂ ਦਾ ਚੰਗਾ ਮਾੜਾ ਦੱਸਣ ਨਾਲ ਧਰਮਿਕ ਵਰਗ ਨੂੰ ਸਭ ਤੋਂ ਵੱਧ ਲਾਭ ਹੁੰਦਾ ਹੈ। ਰਾਜਨਤਿਕ ਲੋਕ ਵੀ ਇਹਨਾਂ ਪਾਸੋਂ ਪੁੱਛ ਕੇ ਹੀ ਕੋਈ ਕੰਮ ਕਰਦੇ ਨਜ਼ਰ ਆ ਰਹੇ ਹਨ। ਜਿਸ ਕਰਕੇ ਜਨ ਸਧਾਰਨ ਬੰਦਾ ਵੀ ਸਮਝਦਾ ਹੈ ਕਿ ਸ਼ਾਇਦ ਚੰਗੇ ਮਾੜੇ ਦਿਨਾਂ ਕਰਕੇ ਹੀ ਸਾਡੇ ਜੀਵਨ ਵਿੱਚ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਗੱਲਾਂ ਤੇ ਨਿੱਕੀਆਂ ਨਿੱਕੀਆਂ ਹਨ ਪਰ ਸਮਝਣ ਵਾਲੀਆਂ ਹਨ। ਮਿਸਾਲ ਦੇ ਤੌਰ `ਤੇ ਇਕੱਤੀ ਮਾਰਚ ਨੂੰ ਸਰਕਾਰੀ ਸਕੂਲਾਂ ਦਾ ਨਤੀਜਾ ਨਿਕਲਦਾ ਹੈ, ਤਾਂ ਕਈ ਬੱਚੇ ਫੇਲ੍ਹ ਹੋ ਜਾਂਦੇ ਹਨ ਕਿਉਂਕਿ ਉਹ ਨਕਲ ਨਹੀਂ ਸਕੇ ਸਨ ਤਾਂ ਉਹ ਕਹਿ ਦੇਂਦੇ ਹਨ ਕਿ ਜੀ ਅੱਜ ਮੇਰੇ ਲਈ ਦਿਨ ਬਹੁਤ ਮਾੜਾ ਸੀ ਇਸ ਲਈ ਮੈਂ ਫੇਲ੍ਹ ਹੋ ਗਿਆ। ਪਰ ਜਿਹੜੇ ਨਕਲ ਮਾਰ ਕੇ ਪਾਸ ਹੋ ਗਏ ਉਹ ਕਹਿੰਦੇ ਸੁਣੇ ਜਾਂਦੇ ਹਨ ਕੇ ਜੀ ਅੱਜ ਤਾਂ ਸਾਡੇ ਲਈ ਦਿਨ ਵਧੀਆ ਚੜ੍ਹਿਆ ਹੈ।

ਗੁਰੂ ਸਾਹਿਬ ਜੀ ਨੇ ਇਸ ਵਹਿਮ ਵਿਚੋਂ ਬਾਹਰ ਕੱਢਦਿਆਂ ਇਹ ਸਮਝਾਇਆ ਹੈ—

ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ।।

ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ।।

ਤੱਤਸਾਰ-- ਬਾਰਹ ਮਾਹ ਦਾ ਵਿਹਾਰਕ ਪੱਖ ਇਹ ਹੀ ਸਮਝ ਵਿੱਚ ਆਉਂਦਾ ਹੈ ਕਿ ਗੁਰਬਾਣੀ ਦੇ ਅਰਥਾਂ ਤਥਾ ਭਾਵ ਅਰਥਾਂ ਨੂੰ ਸਮਝ ਕੇ ਆਪਣੇ ਸੁਭਾਅ ਵਿੱਚ ਲੈ ਕੇ ਆਈਏ ਜਿਸ ਨਾਲ ਸਾਡਾ ਕਹਿਣੀ ਕਰਨੀ ਇਕੋ ਜੇਹੀ ਹੋਵੇ। ਹਰ ਰੋਜ਼ ਇਕੋ ਜੇਹਾ ਸੂਰਜ ਚੜ੍ਹਦਾ ਹੈ, ਇਸ ਲਈ ਕੋਈ ਵੀ ਦਿਨ-ਵਾਰ, ਮਹੀਨਾ, ਪੂਰਮਮਾਸ਼ੀ, ਮੱਸਿਆ, ਸੰਗਰਾਂਦ ਚੰਗੇ ਮਾੜੈ ਨਹੀਂ ਹਨ। ਜਦੋਂ ਸਾਡਾ ਕਰਮ ਠੀਕ ਨਹੀਂ ਹੁੰਦਾ ਓਦੋਂ ਅਸੀਂ ਦਿਨ ਦਿਹਾਰਾਂ ਨੂੰ ਕੋਸਣ ਲੱਗ ਪੈਂਦੇ ਹਾਂ। ਆਪਣੇ ਸੁੱਖ ਲਈ ਹਕੀਮਾਂ ਜੋਤਸ਼ੀਆਂ ਹੱਥ ਦੇਖਣ ਵਾਲਿਆਂ ਪੰਡਤਾਂ ਤੋਂ ਆਪਣੀ ਹੋਣੀ ਸਬੰਧੀ ਪੁੱਛਦੇ ਫਿਰਦੇ ਹਾਂ। ਅਸੀਂ ਤਾਂ ਏਨ੍ਹੇ ਵਹਿਮੀ ਹੋ ਗਏ ਹਾਂ ਦਰਿਆਂ ਵਿੱਚ ਨਿੱਕ ਸੁੱਕ ਰੋੜ ਕੇ ਜਾਂ ਗੁਰਦੁਆਰਿਆਂ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਸੁੱਖਣਾਂ ਸੁੱਖ ਕੇ ਸੁੱਖ ਲੱਭਣ ਦਾ ਕੋਝਾ ਯਤਨ ਕਰ ਰਹੇ ਹਾਂ।

ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ---

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ।।

ਮੁਖੁ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ।। ੨।।

ਸਲੋਕ ਮ: ੫ ਪੰਨਾ ੩੨੦




.