.

ਕਰਤੂਤਿ ਪਸੂ ਕੀ ਮਾਨਸ ਜਾਤਿ

ਸਤਿੰਦਰਜੀਤ ਸਿੰਘ

ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ‘ਧੁਰ ਕੀ ਬਾਣੀ’ ਦਾ ਅਮੁੱਕ ਖਜ਼ਾਨਾ ਹੈ, ਰਾਹੀਂ ਗੁਰੂ ਸਾਹਿਬ ਪੈਰ-ਪੈਰ ‘ਤੇ ਮਨੁੱਖ ਨੂੰ ਸਮਝਾਉਂਦੇ ਹਨ। ਜੀਵਨ ਦੀ ਹਰ ਜੁਗਤ ਦੱਸਦੇ ਹਨ ‘ਤੇ ਇੱਕੋ-ਇੱਕ ‘ਪ੍ਰਮਾਤਮਾ’ ਦੇ ਗੁਣ ਦੱਸਦੇ ਹੋਏ, ਉਸ ਵਰਗਾ ਬਣਨ ਲਈ ਪ੍ਰੇਰਦੇ ਹਨ, ਸਮਝਾਉਂਦੇ ਹਨ ਕਿ ਉਸ ‘ਪ੍ਰਮਾਤਮਾ’ ਦੇ ਗੁਣਾਂ ਨੂੰ ਜੀਵਨ ਵਿੱਚ ਅਪਣਾ ਕੇ ਹੀ ਮਨੁੱਖ ਦਾ ਜੀਵਨ ਸਚਿਆਰਾ ਹੋ ਸਕਦਾ ਹੈ। ਜਿਸ ਮਨੁੱਖ ਨੇ ਜੀਵਨ ਵਿੱਚ ਗੁਰਬਾਣੀ ਉਪਦੇਸ਼ ਨੂੰ ਨਹੀਂ ਸਮਝਿਆ, ਉਹਨਾਂ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ:

ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥

ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ {ਪੰਨਾ 1356}

ਪਦ ਅਰਥ:- ਹੀਣਸ੍ਹ-ਸੱਖਣਾ । ਭ੍ਰਸਟਣਹ-ਭੈੜੀ ਬੁੱਧ ਵਾਲਾ । ਕੂਕਰਹ-ਕੁੱਤਾ (ਕੂ#ਕਰ:) । ਸੂਕਰਹ-ਸੂਰ (ਸੁਕਰ:) । ਗਰਧਭਹ-ਖੋਤਾ (Àਾਦਲ਼ਭ:) । ਕਾਕਹ-ਕਾਂ (ਕਾਕ:) । ਤੁਲਿ-ਬਰਾਬਰ (ਤੁਲਯ) । ਖਲਹ-ਮੂਰਖ (ਖਲ:) ।

ਭਾਵ ਕਿ ਜਿਸ ਵਿਆਕਤੀ ਦਾ ਜੀਵਨ ਗੁਰਬਾਣੀ ਉਪਦੇਸ਼ ਤੋਂ ਖਾਲੀ ਹੈ, ਉਸ ਭੈੜੀ ਬੁੱਧੀ ਵਾਲੇ ਦਾ ਜੀਵਨ ਧਿਰਕਾਰਯੋਗ ਹੈ ਅਤੇ ਉਹ ਇੱਕ ਤਰ੍ਹਾਂ ਨਾਲ ਕੁੱਤੇ, ਸੂਰ, ਗਧੇ-ਖੋਤੇ, ਕਾਂ ਅਤੇ ਸੱਪ ਦੀ ਜੂਨ ਜੀਅ ਰਿਹਾ ਹੈ।

ਗੁਰੂ ਸਾਹਿਬ ਕਹਿ ਰਹੇ ਹਨ ਕਿ ਗੁਰਮਤਿ ਤੋਂ ਸੱਖਣਾ ਮਨੁੱਖ ਉਸ ਅਵਾਰਾ ਕੁੱਤੇ ਵਰਗਾ ਹੈ ਜੋ ਗਲੀ ਦੇ ਹਰ ਘਰ ਵਿੱਚ ਮੂੰਹ ਮਾਰਦਾ ਹੈ, ਜਿੱਥੋਂ ਜੋ ਵੀ ਮਿਲਿਆ ਬੱਸ ਖਾ ਲਿਆ। ਮਨੁੱਖ ਵੀ ਸਵਾਰਥਾਂ ਨਾਲ ਲਿਬੜਿਆ ਡੇਰਿਆਂ ‘ਚ ਮੂੰਹ ਮਾਰਦਾ ਫਿਰਦਾ ਹੈ, ਤ੍ਰਿਸ਼ਨਾ ਨਾਲ ਗ੍ਰਸਿਆ ਹੈ। ਦਾਹੜੀ-ਕੇਸ ਰੱਖੇ ਹਨ, ਅੰਮ੍ਰਿਤ ਵੀ ਛਕਿਆ ਹੈ, ਦੇਖਣ ਨੂੰ ਸਿੱਖ ਲਗਦਾ ਹੈ ਪਰ ਮੰਨਦਾ ਦੇਹਧਾਰੀ ਬਾਬਿਆਂ ਨੂੰ ਹੈ, ਕਬਰਾਂ ‘ਤੇ ਜਾਂਦਾ ਹੈ।

ਗੁਰੂ ਨਾਲੋਂ ਟੁੱਟਿਆਂ ਮਨੁੱਖ, ਸੂਰ ਵਰਗਾ ਹੈ ਜੋ ਗੰਦ ਖਾ ਰਿਹਾ ਹੈ ਭਾਵ ਕਿ ਉਸਦੀ ਸੋਚ ਵਿੱਚ ਗੰਦਗੀ ਭਰੀ ਹੈ, ਸਵਾਰਥੀ ਹੈ, ਬੇਗਾਨੇ ਧਨ ਨੂੰ ਪਾਉਣ ਦਾ ਵਿਚਾਰ ਉਸਨੂੰ ਖਾ ਰਿਹਾ ਹੈ, ਗੰਦੇ ਗੀਤ ਸੁਣਦਾ ਹੈ, ਗੰਦੀਆਂ ਫਿਲਮਾਂ ਦੇਖਦਾ ਹੈ, ਅੱਖਾਂ ਨਾਲ ਬੇਗਾਨਾ ਰੂਪ ਤੱਕ ਕੇ ਗਲਤ ਵਿਚਾਰ ਉਸਦੇ ਮਨ ਵਿੱਚ ਆਉਂਦੇ ਹਨ, ਮੂੰਹ ਤੋਂ ਗੰਦੇ ਬੋਲ ਬੋਲਦਾ ਹੈ।

ਦਰ-ਦਰ ‘ਤੇ ਭਟਕਣ ਵਾਲਾ ਮਨੁੱਖ ਗਧੇ-ਖੋਤੇ ਵਰਗਾ ਹੈ ਜੋ ਵਿਕਾਰਾਂ ਦਾ ਭਾਰ ਢੋਅ ਰਿਹਾ ਹੈ। ਜਿਵੇਂ ਖੋਤੇ ‘ਤੇ ਭਾਵੇਂ ਚੰਦਨ ਮਲ ਦਿਉ ਪਰ ਉਹ ਫਿਰ ਸਵਾਹ ਵਿੱਚ ਹੀ ਲਿਟਦਾ ਹੈ, ਇਸੇ ਤਰ੍ਹਾਂ ਮਨੁੱਖ, ਸ਼ਬਦ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਅਖੌਤੀ ਸਾਧਾਂ ਤੋਂ ਮੰਤਰ ਲੈਂਦਾ ਫਿਰਦਾ ਹੈ, ਧਾਗੇ-ਤਵੀਤਾਂ, ਸਵਾਹ ਦੀਆਂ ਪੁੜੀਆਂ ਨਾਲ ਜੁੜਿਆ ਹੋਇਆ ਹੈ।

ਐਸਾ ਮਨੁੱਖ ਉਸ ਕਾਂ ਵਰਗਾ ਹੈ ਜੋ ਆਪਣੇ-ਆਪ ਨੂੰ ਬਹੁਤ ਸਿਆਣਾ ਸਮਝਦਾ ਹੈ ਪਰ ਆਖਰ ਗੰਦ ਖਾਂਦਾ ਹੈ। ਜਿਵੇਂ ਕਾਂ ਕਿਸੇ ਘਰ ਮੱਖਣ, ਰੋਟੀ ਆਦਿ ਖਾ ਕੇ ਵੀ ਆਖਰ ਗੰਦ ਵਿੱਚ ਮੂੰਹ ਮਾਰਦਾ ਹੈ, ਇਸੇ ਤਰ੍ਹਾਂ ਮਨੁੱਖ ਵੀ ਬਾਣੀ ਪੜ੍ਹਦਾ ਹੈ, ਗੁਰਦੁਆਰੇ ਵੀ ਜਾਂਦਾ ਹੈ ‘ਤੇ ਡੇਰਿਆਂ ਨਾਲ ਵੀ ਜੁੜਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਨਾਲੋਂ ਕਿਸੇ ਦੇਹਧਾਰੀ ਦੀ ਗੱਲ ‘ਤੇ ਉਸਨੂੰ ਵੱਧ ਯਕੀਨ ਹੈ।

ਇਸੇ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਹਨ ਕਿ ਪ੍ਰਮਾਤਮਾ ਨਾਲੋਂ ਟੁੱਟਿਆ ਹੈ ਉਹ ਸੱਪ ਦੀ ਜੂਨ ਵਿੱਚ ਹੈ ਭਾਵ ਮਾਇਆ ਨਾਲ ਮੋਹ ਹੈ। ਸੱਪ ਵਾਂਗ ਡੰਗ ਮਾਰਦੇ ਹਨ, ਦੂਸਰਿਆਂ ਦੀ ਕਾਮਯਾਬੀ ਤੋਂ ਖਾਰ ਖਾਂਦੇ ਹਨ, ਹਰ ਪਲ ਉਸਨੂੰ ਨੁਕਸਾਨ ਪਹੁੰਚਾਉਣ ਦੀ ਸੋਚਦੇ ਹਨ।

ਇਸੇ ਲਈ ਗੁਰੂ ਸਾਹਿਬ, ਗੁਣਾਂ ਤੋਂ ਸੱਖਣੇ ਇਨਸਾਨ ਨੂੰ ਪਸ਼ੂ ਜੂਨ ਵਿੱਚ ਆਖ ਰਹੇ ਹਨ, ਟਕੋਰ ਕਰ ਰਹੇ ਹਨ ਕਿ ਮਨੁੱਖ ਬਾਹਰੀ ਤੌਰ ‘ਤੇ ਚੰਗਾ ਹੋਣ ਦਾ ਵਿਖਾਵਾ ਕਰ ਰਿਹਾ ਹੈ ਪਰ ਉਸਦੀ ਸੋਚ ਪਸ਼ੂਆਂ ਵਾਲੀ ਹੈ, ਦੇਖਣ ਨੂੰ ਮਨੁੱਖ ਹੈ ਪਰ ਕੰਮ ਪਸ਼ੂਆਂ ਵਾਲੇ ਹਨ।

ਕਰਤੂਤਿ ਪਸੂ ਕੀ ਮਾਨਸ ਜਾਤਿ ॥

ਪਰ ਉਹ ਦਿਨ ਰਾਤ ਲੋਕਾਂ ਨੂੰ ਵਿਖਾਵਾ ਕਰ ਰਿਹਾ ਹੈ। ਕੇਸ-ਦਾਹੜੀ ਰੱਖੇ ਹਨ, ਗੁਰਦੁਆਰੇ ਜਾਂਦਾ ਹੈ, ਪਾਠ ਕਰਦਾ ਹੈ:

ਲੋਕ ਪਚਾਰਾ ਕਰੈ ਦਿਨੁ ਰਾਤਿ ॥

ਬਾਹਰੀ ਤੌਰ ‘ਤੇ ਉਸਨੇ ਧਾਰਮਿਕ ਹੋਣ ਦਾ ਵਿਖਾਵਾ ਕੀਤਾ ਹੋਇਆ ਹੈ ਪਰ ਮਨ ਵਿੱਚ ਸਵਾਰਥਾਂ ਨਾਲ ਗ੍ਰਸਿਆ ਹੋਇਆ ਹੈ, ਮਨ ਵਿੱਚ ਮਾਇਆ ਦੀ ਮੈਲ ਹੈ, ਗਲਤ ਵਿਚਾਰ ਉਸਦੇ ਮਨ ਵਿੱਚ ਚਲਦੇ ਹਨ:

ਬਾਹਰਿ ਭੇਖ ਅੰਤਰਿ ਮਲੁ ਮਾਇਆ ॥

ਗੁਰੂ ਸਾਹਿਬ ਕਹਿੰਦੇ ਹਨ ਕਿ ਪਰ ਇਹ ਅੰਤਰ ਮਨ ਦੀ ਮੈਲ ਛਿਪ ਨਹੀਂ ਸਕਦੀ, ਮਨੁੱਖ ਬਾਹਰੀ ਭੇਖ ਨਾਲ ਜਿੰਨੇ ਮਰਜ਼ੀ ਯਤਨ ਕਰ ਲਵੇ:

ਛਪਸਿ ਨਾਹਿ ਕਛੁ ਕਰੈ ਛਪਾਇਆ ॥

ਬਾਹਰੀ ਤੌਰ ‘ਤੇ ਮਨੁੱਖ ਬਹੁਤ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਲਾਉਂਦਾ ਹੈ, ਪਾਠ-ਪੂਜਾ ਕਰਨ ਦਾ ਵਿਖਾਵਾ ਕਰਦਾ ਹੈ, ਤੀਰਥ ਅਸਥਾਨਾਂ ‘ਤੇ ਜਾ ਕੇ ਇਸ਼ਨਾਨ ਕਰਦਾ ਹੈ:

ਬਾਹਰਿ ਗਿਆਨ ਧਿਆਨ ਇਸਨਾਨ ॥

ਪਰ ਇਸਦੇ ਮਨ ਵਿੱਚ ਲੋਭ, ਲਾਲਚ ਰੂਪੀ ਕੁੱਤਾ (ਸੁਆਨੁ) ਜ਼ੋਰ ਪਾ ਰਿਹਾ ਹੈ। ਲਾਲਚ ਵੱਸ ਹੋ ਕੇ ਕੁੱਝ ਨਾ ਕੁੱਝ ਪਾਉਣ ਲਈ ਹਰ ਦਰ ‘ਤੇ ਮੂੰਹ ਮਾਰਦਾ ਹੈ:

ਅੰਤਰਿ ਬਿਆਪੈ ਲੋਭੁ ਸੁਆਨੁ ॥

ਮਨੁੱਖ ਦੇ ਮਨ ਵਿਚ ਤ੍ਰਿਸ਼ਨਾ ਦੀ ਅੱਗ ਹੈ ਪਰ ਬਾਹਰੀ ਵਿਖਾਵੇ ਲਈ ਸਰੀਰ ਸੁਆਹ ਨਾਲ ਲਿਬੇੜਿਆ ਹੋਇਆ ਹੈ:

ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥

ਪਰ ਜੇ ਗਲ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਸੰਸਾਰ-ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਭਾਵ ਕਿ ਜੇ ਮਨ ਵਿੱਚ ਗਲਤ ਵਿਚਾਰਾਂ ਹਨ ਤਾਂ ਸਚਿਆਰਾ ਮਨੁੱਖ ਨਹੀਂ ਬਣ ਸਕਦਾ:

ਗਲਿ ਪਾਥਰ ਕੈਸੇ ਤਰੈ ਅਥਾਹ ॥

ਅੱਗੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਭਾਵ ਜੋ ਉਸਦੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਉਹੀ ਅਡੋਲ ਅਵਸਥਾ ਵਿੱਚ ਟਿਕਦਾ ਹੈ ਭਾਵ ਕਿ ਉਸਦਾ ਮਨ ਲੋਭ ਵਰਗੇ ਵਿਕਾਰਾਂ ਤੋਂ ਬਚ ਜਾਂਦਾ ਹੈ, ਉਹ ਮਨੁੱਖ ਸਚਿਆਰਾ ਬਣ ਜਾਂਦਾ ਹੈ:

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥

ਨਾਨਕ ਤੇ ਜਨ ਸਹਜਿ ਸਮਾਤਿ ॥੫॥

{ਪੰਨਾ 267}

ਗੁਰੂ ਸਾਹਿਬ ਸਮਝਾ ਰਹੇ ਹਨ ਕਿ:

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥

ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥

ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥

ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥

ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥

ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥

{ਪੰਨਾ 692}

ਭਾਵ ਕਿ ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਉਸਦੇ ਗੁਣਾਂ ਨੂੰ ਗਾ, ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰ ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾਂ ਬਹੁਤ ਜੀਵ ਵਿਕਾਰਾਂ ਵਿੱਚ ਡੁੱਬਦੇ ਹਨ।੧।ਰਹਾਉ। ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁੱਖ ਦੇਣ ਵਾਲੇ ਜਾਪਦੇ ਹਨ ਪਰ ਜਦੋਂ ਅਖ਼ੀਰਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਰਹਿ ਜਾਏਗਾ।੧। ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ ਇਹਨਾਂ ਵਿਕਾਰਾਂ ਵਿਚੋਂ ਪਾਰ ਲੰਘ ਗਏ। ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿੱਚ ਭਟਕਦਾ ਰਿਹਾ, ਫਿਰ ਭੀ ਤੈਨੂੰ ਹੁਣ ਸ਼ਰਮ ਨਹੀਂ ਆਈ? ਜੋ ਤੂੰ ਅਜੇ ਵੀ ਨਾਮ ਨਹੀਂ ਸਿਮਰਦਾ। ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜ਼ਹਿਰ ਖਾ ਰਿਹਾ ਹੈਂ? ਹੇ ਭਾਈ! ਫੋਕੇ ਵਹਿਮ ਛੱਡ ਦੇ ‘ਤੇ ਪਰਮਾਤਮਾ ਦਾ ਨਾਮ ਸਿਮਰ। ਆਪਣੇ ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਨੂੰ ਸਾਥੀ ਬਣਾ।

ਭੁੱਲ-ਚੁੱਕ ਖਿਮਾਂ,

ਸਤਿੰਦਰਜੀਤ ਸਿੰਘ।




.