ਮੜ੍ਹੀ ਪੂਜਾ
ਸੰਸਾਰ ਵਿੱਚ ਅਗਿਆਨਤਾ ਕਾਰਨ ਮਨੁੱਖ, ਰੱਬ ਦੀ ਕਲਪਨਾ ਕਰਕੇ ਜਿਥੇ ਅਨੇਕਾਂ ਪਸੂ, ਪੰਛੀਆਂ,
ਸੱਪਾਂ, ਚੂਹਿਆਂ, ਸ਼ੇਰਾਂ, ਹਾਥੀਆਂ ਤੇ ਬਾਂਦਰਾਂ ਆਦਿਕ ਨੂੰ ਪੂਜਦਾ ਹੈ, ਉਥੇ ਇਹ ਚੰਦ, ਸੂਰਜ,
ਹਵਾ, ਅੱਗ, ਪਾਣੀ, ਪੱਥਰਾਂ ਤੇ ਮੜ੍ਹੀਆਂ ਮਸਾਣਾ ਦੀ ਵੀ ਪੂਜਾ ਕਰ ਰਿਹਾ ਹੈ। ਮੌਜੂਦਾ ਪੂਜਾ ਇੱਕ
ਵਖਾਵੇ ਦੀ ਰਸਮ ਬਣ ਕੇ ਹੀ ਰਹਿ ਗਈ ਹੈ ਤੇ ਇਸ ਵਿਚੋਂ ਸਚਾਈ ਅਲੋਪ ਹੋ ਗਈ ਹੈ। ਇਹ ਹਕੀਕਤ ਹੈ ਕਿ
ਸੱਚ ਨੂੰ ਛੁਪਾਣ ਲਈ ਉਸ ਦਾ ਬਾਹਰੀ ਕਰਮ ਕਾਂਡ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਜਾਂਦੀ ਹੈ
ਜਿਵੇਂ ਗੁਰਮਤ ਅਨੁਸਾਰ ਪੂਜਾ ਦਾ ਅਸਲੀ ਭਾਵ ਗੁਰੂ ਦੇ ਗਿਆਨ ਦੁਆਰਾ ਸ਼ੁਭ ਗੁਣਾ ਨੂੰ ਧਾਰਨ ਕਰਨਾ
ਹੈ। ਇਸੇ ਸਿਲਸਲੇ ਵਿੱਚ ਉੱਠੇ ਪੂਜਾ ਦੇ ਸਵਾਲ “ਕਵਨ ਸੁ ਪੂਜਾ ਤੇਰੀ ਕਰਉ” (ਕਿ ਤੇਰੀ ਪੂਜਾ ਕਿਵੇਂ
ਕਰਾਂ?) ਦੇ ਜਵਾਬ ਵਿੱਚ ਗੁਰੂ ਸਾਹਿਬ ਫੁਰਮਾਂਦੇ ਹਨ ਗੁਣ ਪੂਜਾ ਗਿਆਨ
ਧਿਆਨ ਨਾਨਕ ਸਗਲ ਘਾਲ ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ 187 ਗੁਰਬਾਣੀ ਦੁਆਰਾ
ਸ਼ੁੱਭ ਗੁਣਾਂ ਨੂੰ ਧਾਰਨ ਕਰਨਾ ਹੀ ਸੱਚੀ ਪੂਜਾ ਹੈ ਤੇ ਇਹੀ ਗੁਰੂ ਦਾ ਸਤਿਕਾਰ ਜਾਂ ਸਨਮਾਨ ਹੈ ਪਰ
ਜਦੋਂ ਇਸ ਨੂੰ ਇੱਕ ਬਾਹਰੀ ਕਰਮ ਕਾਂਡ ਬਣਾ ਲਿਆ ਗਿਆ ਤਾਂ ਉਸ ਦਾ ਅਸਲੀ ਭਾਵ (ਗੁਣ ਪੂਜਾ ਗਿਆਨ
ਧਿਆਨ) ਵਿਚੋਂ ਅਲੋਪ ਹੋ ਗਿਆ ਤੇ ਹੁਣ ਬਾਹਰਲੇ ਨਿਸਫਲ ਕਰਮ ਕਾਂਡਾਂ ਨੂੰ ਹੀ ਪੂਜਾ ਸਮਝਿਆ ਜਾ ਰਿਹਾ
ਹੈ। ਮਨੁੱਖ, ਗਿਰੀ ਨੂੰ ਛੱਡ ਕੇ ਫੋਲਕ ਨੂੰ ਹੀ ਸੰਭਾਲੀ ਜਾ ਰਿਹਾ ਹੈ। ਇਹੋ ਜਿਹੀ ਨਿਸਫਲ ਪੂਜਾ
ਤਾਂ ਬਹੁਤ ਲੋਕ ਕਰ ਰਹੇ ਹਨ। ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ
ਥਾਇ ਨ ਪਾਈ ॥੪॥ ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥ ਪਰ ਇਹ ਥਾਇ ਨਹੀ
ਪੈਂਦੀ ਕਿਉਂਕਿ ਗੁਰੂ ਦਾ ਅਟੱਲ ਫੈਸਲਾ ਹੈ ਕਿ ਜਿਸ ਨੇ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਨਿਰਮਲ ਨਹੀ
ਕੀਤਾ, ਮਨ ਨੂੰ ਪਵਿੱਤ੍ਰ ਨਹੀ ਕੀਤਾ, ਉਸ ਦੀ ਕਰਮ ਕਾਂਡਾਂ ਦੁਆਰਾ ਕੀਤੀ ਪੂਜਾ ਥਾਇ ਨਹੀ ਪੈਣੀ।
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥
558
ਮੈਲਾ ਮਨ ਮੈਲੇ ਹੀ ਕਰਮ ਕਰੇਗਾ ਤੇ ਇਹ ਮੈਲ ਬਾਹਰੀ ਕਰਮ ਕਾਂਡ (ਧੋਣ) ਨਾਲ ਪਵਿੱਤ੍ਰ ਨਹੀ
ਹੋਣੀ। ਇਸ ਲਈ ਕੇਵਲ ਤੇ ਕੇਵਲ ਗੁਰਬਾਣੀ ਦੀ ਓਟ ਵਿੱਚ ਜੀਵਨ ਬਤੀਤ ਕਰਨਾ ਹੀ ਗੁਰੂ ਦੀ ਅਸਲ ਪੂਜਾ,
ਸਤਿਕਾਰ ਜਾਂ ਸਨਮਾਨ ਹੈ। ਗੁਰਬਾਣੀ ਗੁਰੂ (ਗਿਆਨ) ਹੈ, ਨਿਰਆਕਾਰ ਹੈ ਤੇ ਇਸ ਦਾ ਸਤਿਕਾਰ ਬਾਹਰੀ
ਕਰਮ ਕਾਂਡਾਂ ਨਾਲ ਨਹੀ ਕੀਤਾ ਜਾ ਸਕਦਾ ਬਲਿਕੇ ਉਸ ਨੂੰ ਪੜ੍ਹਨਾ, ਸੁਣਨਾ, ਬੁੱਝਣਾ ਤੇ ਮਨ ਵਸਾਉਣਾ
ਹੀ ਉਸ ਦਾ ਸਤਿਕਾਰ ਜਾਂ ਸਨਮਾਨ ਹੈ ਜੋ ਕੇਵਲ ਮਨ ਦੀ ਕਾਰਵਾਈ ਹੈ। ਇਹ ਕੈਸੀ ਬੇਸਮਝੀ ਹੈ ਕਿ ਸਿਖ
ਜਗਤ ਜੋਤ (ਗਿਆਨ) ਨੂੰ ਛੱਡ ਕੇ ਦੀਵਿਆਂ (ਦੇਹਾਂ) ਦੀ ਪੂਜਾ ਨੂੰ ਹੀ ਗੁਰੂ ਦਾ ਸਤਿਕਾਰ ਸਮਝ ਬੈਠਾ
ਹੈ। ਇਹਨਾਂ ਬਾਹਰੀ ਪੂਜਾ ਦੇ ਕਰਮ ਕਾਂਡਾਂ ਨੂੰ ਤਾਂ ਬਾਣੀ ਨੇ ਖੰਡਨ ਕੀਤਾ ਹੈ:
ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥ ਦੇਖਾ ਦੇਖੀ
ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥੧੩੫॥ ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥ ਇਸ
ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥ 1371 ਜੋ ਲੋਕ ਆਪਣੇ ਇਸ਼ਟ ਦੀ ਮੂਰਤੀ ਨੂੰ ਮੁਲ ਖਰੀਦ
ਕੇ ਉਸ ਦੀ ਪੂਜਾ (ਦੇ ਬਾਹਰੀ ਕਰਮ ਕਾਂਡ) ਕਰਦੇ ਹਨ ਉਹ ਲੋਕ ਸਹੀ ਰਾਹ ਤੋਂ ਖੁੰਝ ਕੇ ਭਟਕਦੇ
ਰਹਿੰਦੇ ਹਨ। ਸੰਸਾਰ ਬਾਹਰੀ ਆਕਾਰ ਵਾਲੀ ਵਸਤੂ ਨੂੰ ਪਰਮੇਸ਼ਰ ਜਾਣਕੇ ਪੂਜੀ ਜਾ ਰਿਹਾ ਹੈ ਤੇ
ਜਿਨ੍ਹਾਂ ਨੂੰ ਇਹ ਭਰਮ ਹੈ ਕਿ ਉਹ ਇਹਨਾਂ ਕਰਮ ਕਾਂਡਾਂ ਨਾਲ ਪ੍ਰਭੂ ਦੀ ਭਗਤੀ (ਆਦਰ, ਸਤਿਕਾਰ) ਕਰ
ਰਹੇ ਹਨ ਉਹ ਡੂੰਘੇ ਪਾਣੀਆਂ ਵਿੱਚ ਡੁੱਬੇ ਸਮਝੋ। ਇਹ ਗਲ ਉਹਨਾਂ ਤੇ ਵੀ ਢੁਕਦੀ ਹੈ ਜੋ ਘਰਾਂ,
ਦਰਬਾਰਾਂ, ਠਾਠਾਂ ਜਾਂ ਟਕਸਾਲਾਂ ਵਿੱਚ ਗੁਰੂ ਨੂੰ ਦੇਹ ਜਾਣਕੇ ਉਸ ਦੀ ਬਾਹਰੀ ਕਰਮ ਕਾਂਡਾਂ ਨਾਲ ਹਰ
ਤਰਾਂ ਦੀ ਸੇਵਾ (ਜੋ ਪੂਜਾ ਦਾ ਹੀ ਰੂਪ ਹੈ) ਤਾਂ ਕਰਦੇ ਹਨ ਪਰ ਉਸ ਦੇ ਗਿਆਨ ਨੂੰ ਜਾਨਣ ਦੀ ਕੋਈ
ਕੋਸ਼ਿਸ਼ ਨਹੀ ਕਰਦੇ। ਗੁਰਗਿਆਨ ਹਾਸਲ ਕਰਨ ਬਿਨਾ ਉਸ ਦੀ (ਦੇਹ ਜਾਣਕੇ) ਬਾਹਰੀ ਕਰਮ ਕਾਂਡਾਂ ਨਾਲ
ਕੀਤੀ ਸੇਵਾ (ਪੂਜਾ) ਨਿਰਰਥਕ ਹੈ। ਘਰਿ ਨਾਰਾਇਣੁ ਸਭਾ ਨਾਲਿ ॥ ਪੂਜ
ਕਰੇ ਰਖੈ ਨਾਵਾਲਿ ॥ ਕੁੰਗੂ ਚੰਨਣੁ ਫੁਲ ਚੜਾਏ ॥ ਪੈਰੀ ਪੈ ਪੈ ਬਹੁਤੁ ਮਨਾਏ ॥ ਮਾਣੂਆ ਮੰਗਿ ਮੰਗਿ
ਪੈਨ੍ਹ੍ਹੈ ਖਾਇ ॥ ਅੰਧੀ ਕੰਮੀ ਅੰਧ ਸਜਾਇ ॥ਭੁਖਿਆ ਦੇਇ ਨ ਮਰਦਿਆ ਰਖੈ ॥ ਅੰਧਾ ਝਗੜਾ ਅੰਧੀ ਸਥੈ
॥1241
ਠਾਕਰਾਂ ਦੀਆਂ ਆਕਾਰ ਵਾਲੀਆਂ ਮੂਰਤੀਆਂ ਜਾਂ ਤਸਵੀਰਾਂ ਨੂੰ ਘਰ ਵਿੱਚ ਰੱਖ ਕੇ, ਬਾਹਰੀ ਕਰਮ
ਕਾਂਡਾਂ ਨਾਲ ਉਹਨਾਂ ਦੀ ਪੂਜਾ ਕਰਨੀ, ਇਸ਼ਨਾਨ ਕਰਾਉਣਾ, ਕੇਸਰ ਚੰਦਨ ਤੇ ਫੁੱਲ ਭੇਟ ਕਰਨੇ, ਉਹਨਾਂ
ਦੀ ਪ੍ਰਸੰਨਤਾ ਲਈ ਉਹਨਾਂ ਨੂੰ ਮੱਥੇ ਟੇਕਣੇ, ਅਰਦਾਸਾਂ ਕਰਨੀਆਂ ਪਰ ਆਪਣੇ ਰੋਟੀ ਕਪੜੇ ਲਈ ਕਿਸੇ
ਹੋਰ ਤੇ ਨਿਰਭਰ ਹੋਣਾ ਇੱਕ ਅੰਨ੍ਹਾ (ਭਾਵ ਅਗਿਆਨਤਾ ਦਾ) ਕੰਮ ਹੈ। ਅਗਿਆਨਤਾ ਵਾਲੇ ਕੰਮਾਂ ਨਾਲ ਹੀ
ਅਗਿਆਨਤਾ ਹੋਰ ਵੱਧਦੀ ਹੈ ਕਿਉਂਕਿ ਨਾ ਤਾਂ ਇਹ ਆਕਾਰ ਵਾਲਾ ਨਿਰਜਿੰਦ ਠਾਕਰ ਭੁੱਖੇ ਨੂੰ ਕੁੱਛ ਦੇ
ਸਕਦਾ ਹੈ ਤੇ ਨਾ ਹੀ ਮਰਨੋਂ ਬਚਾ ਸਕਦਾ ਹੈ। ਮੂਰਤੀ ਮਨੁੱਖ ਦੀ ਕਲਪਣਾ ਹੈ, ਮਨੁੱਖ ਦੀ ਘਾੜਤ ਹੈ ਤੇ
ਮਨੁੱਖ ਦੀ ਘਾੜਤ ਰੱਬ ਨਹੀ ਹੋ ਸਕਦੀ ਕਿਉਂਕਿ ਮਨੁੱਖ ਆਪ ਹੀ ਰੱਬ ਦੀ ਘਾੜਤ ਹੈ। ਘਾੜਤ, ਘਾੜੇ ਤੋਂ
ਵਡ੍ਹੀ ਨਹੀ ਹੋ ਸਕਦੀ, ਕਿਰਤ, ਕਰਤੇ ਨਾਲੋਂ ਵਡ੍ਹੀ ਨਹੀ ਹੋ ਸਕਦੀ, ਇਸ ਲਈ ਅਗਿਆਨਤਾ ਵਿੱਚ ਮਨੁੱਖ
ਅਪਣੀ ਘਾੜਤ ਦੀ ਆਪ ਹੀ ਰੱਬ ਸਮਝ ਕੇ ਨਿਸਫਲ ਪੂਜਾ ਕਰੀ ਜਾ ਰਿਹਾ ਹੈ। ਕੈਸੀ ਤਰਸਯੋਗ ਹਾਲਤ ਹੈ
ਮਨੁੱਖ ਦੀ ਕਿ ਜਿਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹ, ਸੁਣ, ਬੁੱਝ ਤੇ ਮਨ ਵਸਾ ਕੇ ਜ਼ਿੰਦਗੀ ਨੂੰ ਸੁਖੀ
ਤੇ ਅਨੰਦਿਤ ਬਨਾਉਣਾ ਸੀ, ਉਹਨਾਂ ਦੀ ਆਰਤੀ ਉਤਾਰ ਰਿਹਾ ਹੈ, ਫੁੱਲਾਂ ਦੀ ਬਰਖਾ ਕਰ ਰਿਹਾ ਹੈ, ਭੋਗ
ਲਵਾ ਰਿਹਾ ਹੈ, ਜਲੂਸ ਕੱਢ ਰਿਹਾ ਹੈ, ਨਗਰ ਕੀਰਤਨ ਦੀ ਫੇਰੀ ਲਗਵਾ ਰਿਹਾ ਹੈ, ਸਿਰਾਂ ਤੇ ਚੁੱਕ ਕੇ,
ਕਾਰਾਂ ਤੇ ਹੈਲੀਕੌਪਟਰਾਂ `ਚ ਸੈਰ ਕਰਵਾ ਰਿਹਾ ਹੈ, ਮੌਸਮ ਅਨੁਸਾਰ ਠੰਡੇ ਤੇ ਗਰਮ ਰੁਮਾਲਿਆਂ ਵਿੱਚ
ਲਪੇਟ ਰਿਹਾ ਹੈ …. . ਆਦਿਕ … ਪਰ ਉਸ ਦੇ ਅੰਦਰ ਪਏ ਅਥਾਹ ਗਿਆਨ ਦੇ ਖਜ਼ਾਨੇ ਤੋਂ ਬਿਲਕੁਲ ਅਨਜਾਣ
ਹੈ। ਉਸ ਦੇ ਇਹ ਕਰਮ ਕਾਂਡ ਹੀ ਸਪਸ਼ਟ ਕਰਦੇ ਹਨ ਕਿ ਮਨੁੱਖ ਅਗਿਆਨਤਾ ਕਾਰਨ ਨਿਰਆਕਾਰ ਪ੍ਰਭੂ ਨੂੰ
ਛੱਡ ਕੇ ਨਾਸਵੰਤ ਆਕਾਰਾਂ ਦੀ ਪੂਜਾ ਕਰੀ ਜਾਂਦਾ ਹੈ। ਸਚਾਈ ਤਾਂ ਇਹ ਹੈ ਕਿ ਨਿਰੰਕਾਰ ਆਕਾਲ ਪੁਰਖ
ਜਾਂ ਗੁਰੂ ਬਿਨਾ ਕਿਸੇ ਵੀ ਹੋਰ ਆਪਣੇ ਘੜੇ ਸਰੂਪ (ਆਕਾਰ) ਦੀ ਪੂਜਾ ਨਿਸਫਲ ਮੜ੍ਹੀ ਪੂਜਾ ਹੀ
ਕਹਿਲਾਵੇਗੀ ਕਿਉਂਕਿ ਇੱਕ ਆਕਾਲ ਪੁਰਖ ਜਾਂ ਗੁਰੂ ਹੀ ਜੁਗੋ ਜੁਗ ਅਟੱਲ ਤੇ ਅਬਿਨਾਸ਼ੀ ਹੈ ਬਾਕੀ ਸਭ
ਕਿਛ ਬਿਨਸਣਹਾਰ ਹੈ ਤੇ ਇਸ ਲਈ ਕਿਸੇ ਬਿਨਸਣਹਾਰ ਦੀ ਕੀਤੀ ਪੂਜਾ ਵੀ ਨਿਸਫਲ ਮੜ੍ਹੀ ਪੂਜਾ ਹੈ। ਮਹਾਨ
ਕੋਸ਼ ਵਿੱਚ ਮੜ੍ਹੀ ਦਾ ਅਰਥ ਮਠ, ਦੇਹ ਜਾਂ ਸਰੀਰ ਵੀ ਕੀਤਾ ਹੈ ਅਤੇ ਕਿਉਂਕਿ ਇਹ ਮਨੁਖੀ ਸਰੀਰ, ਮੱਠ
ਜਾਂ ਕਿਸੇ ਹੋਰ ਧਾਤੂ ਤੋਂ ਬਣੀਆਂ ਮੂਰਤੀਆਂ (ਆਕਾਰ) ਬਿਨਸਨਹਾਰ ਹਨ, ਇਸ ਲਈ ਮੜ੍ਹੀ (ਬਿਨਸਣਹਾਰ
ਆਕਾਰ)) ਦੀ ਪੂਜਾ ਨੂੰ ਗੁਰਮਤ ਵਿੱਚ ਪ੍ਰਵਾਨਗੀ ਨਹੀ ਪਰ ਫਿਰ ਵੀ ਅਗਿਆਨਤਾ ਤੇ ਹਉਮੈ ਦਾ ਸ਼ਿਕਾਰ
ਹੋਇਆ ਮਨੁੱਖ ਦੇਹ ਨਾਲ ਇਤਨਾ ਜੁੜ ਗਿਆ ਹੈ ਕਿ ਗੁਰੂ ਨੂੰ ਵੀ ਦੇਹ ਦੇ ਰੂਪ ਵਿੱਚ ਹੀ ਪੂਜੀ ਜਾ
ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ ਕਿ ਮੜ੍ਹੀਆਂ ਮਸਾਣਾ ਨੂੰ ਮੰਨਣ ਵਾਲੇ ਅੰਨ੍ਹੇ ਕੋਲ ਅੰਤ ਨੂੰ
ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ।
ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥
(467)। ਗੁਰੂ ਗਿਆਨ ਹੈ ਜਿਸ ਦੀ ਮੂਰਤ (ਤਸਵੀਰ) ਨਹੀ ਬਣਾਈ ਜਾ ਸਕਦੀ ਪਰ ਸਿੱਖ ਆਪਣੀ ਹੀ
ਕਲਪਨਾਂ ਦੁਆਰਾ ਬਣਾਈ ਗੁਰੂ ਦੀ ਤਸਵੀਰ ਨੂੰ ਅਗੇ ਰੱਖ ਕੇ ਉਸ ਦੀ ਪੂਜਾ ਕਰੀ ਜਾਂਦਾ ਹੈ। ਸ਼ਾਇਦ ਹੀ
ਕੋਈ ਐਸਾ ਗੁਰੂਦੁਆਰਾ ਹੋਵੇਗਾ ਜਿਥੇ ਗੁਰੂ ਦੀਆਂ ਤਸਵੀਰਾਂ ਨਾ ਲੱਗੀਆਂ ਹੋਵਣ ਤੇ ਉਹਨਾਂ ਨੂੰ ਮੱਥੇ
ਨਾ ਟਿਕਦੇ ਹੋਣ, ਪਰ ਫਿਰ ਵੀ ਸਿੱਖ ਆਪਣੇ ਆਪ ਨੂੰ ਸ਼ਬਦ ਗੁਰੂ ਦਾ ਪੁਜਾਰੀ ਦਸਦਾ ਹੈ, ਤੇ ਇਹ ਵੀ
ਇੱਕ ਅੱਖੀਂ ਵੇਖੀ ਹਕੀਕਤਾ ਹੈ ਕਿ ਲੋਕ ਗੁਰੂ ਦੀ, ਆਪਣੀ ਕਲਪਣਾ ਦੁਆਰਾ, ਬਣਾਈ ਤਸਵੀਰ ਨੂੰ ਅੱਗੇ
ਰੱਖ ਕੇ ਵਾਹਿਗੁਰੂ ਨਾਮ ਦੀ ਮਾਲਾ ਫੇਰਦੇ ਹਨ, ਧੂਫਾਂ ਦਿੰਦੇ ਹਨ, ਫੁੱਲ ਭੇਟ ਕਰਦੇ, ਭੋਗ ਲਵਾਂਦੇ
ਤੇ ਅਰਦਾਸਾਂ ਕਰਕੇ ਮੱਥੇ ਟੇਕਦੇ ਹਨ।
ਸ਼ਾਇਦ ਇਹ ਭਰਮ ਗੁਰਬਾਣੀ ਦੀ ਗਲਤ ਵਿਆਖਿਆ ਕਾਰਨ ਹੀ ਪੈਦਾ ਹੋਇਆ ਹੈ ਕਿਉਂਕਿ ਗੁਰਬਾਣੀ ਵੀ ਗੁਰੂ
ਦੀ ਮੂਰਤ ਵਿੱਚ ਧਿਆਨ ਲਗਾਉਣ ਨੂੰ ਕਹਿੰਦੀ ਹੈ ਪਰ ਜਿਸ ਮੂਰਤ ਨੂੰ ਮਨ ਵਿੱਚ ਧਿਆਉਣ ਦਾ ਗੁਰਬਾਣੀ
ਜ਼ਿਕਰ ਕਰਦੀ ਹੈ ਉਹ ਕੋਈ ਆਕਾਰ ਵਾਲੀ ਬਿਨਸਣਹਾਰ ਮੂਰਤ ਨਹੀ। ਗੁਰ ਉਪਦੇਸ਼ ਹੈ:
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ
ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ 864 ਗੁਰੂਸ਼ਬਦ
(ਗੁਰਬਾਣੀ ਹੀ ਗੁਰ ਮੂਰਤਿ ਹੈ ਜਿਸ) ਨੂੰ ਮਨ ਵਸਾ ਕੇ ਜੀਵਨ ਜਿਉਣਾ (ਭਾਵ ਉਸ ਦੇ ਹੁਕਮ ਵਿੱਚ
ਚੱਲਣਾ) ਹੀ ਗੁਰੂ ਦੀ ਮੂਰਤਿ ਦਾ ਧਿਆਨ ਹੈ, ਪੂਜਾ ਹੈ, ਜੋ ਕੋਈ ਕਰਮ ਕਾਂਡ ਨਹੀ ਤੇ ਇਹੀ ਗੁਰੂ ਨੂੰ
ਨਮਸਕਾਰ ਜਾਂ ਗੁਰੂ ਦਾ ਸਤਿਕਾਰ ਹੈ। ਗੁਰ ਮੂਰਤਿ ਸਿਉ ਲਾਇ ਧਿਆਨੁ ॥
ਈਹਾ ਊਹਾ ਪਾਵਹਿ ਮਾਨੁ ॥ 192 (ਗੁਰੂਸ਼ਬਦ, ਗੁਰਗਿਆਨ, ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ
ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣਾ ਧਿਆਨ ਜੋੜਨ ਨਾਲ (ਗੁਰਸ਼ਬਦ ਨੂੰ ਮਨ ਵਸਾਉਣ ਨਾਲ) ਹੀ ਈਹਾਂ
(ਹੁਣ) ਤੇ ਊਹਾਂ (ਅਗੇ ਨੂੰ) ਆਦਰ ਜਾਂ ਸਤਿਕਾਰ ਪ੍ਰਾਪਤ ਹੁੰਦਾ ਹੈ। ਇਸ ਦੇ ਉਲਟ, ਜਿਵੇਂ ਮੰਦਰਾਂ
ਵਿੱਚ ਮੂਰਤੀਆਂ ਦੀ ਪੂਜਾ ਹੋ ਰਹੀ ਹੈ ਤਿਵੇਂ ਅੱਜ ਬਾਹਰੀ ਕਰਮ ਕਾਂਡਾਂ ਨਾਲ ਗੁਰੂ ਗ੍ਰੰਥ ਨੂੰ ਦੇਹ
ਰੂਪ ਜਾਣ ਕੇ ਪੂਜਿਆ ਜਾ ਰਿਹਾ ਹੈ। ਪਰ ਇਹ ਉਹੀ ਮੜ੍ਹੀ ਪੂਜਾ ਹੈ ਜੋ ਗੁਰਮਤ ਵਿੱਚ ਅਪ੍ਰਵਾਨ ਹੈ।
ਦ੍ਰਿਸ਼ਟਮਾਨ ਆਕਾਰ ਰੂਪ ਮੂਰਤਿ ਨੇ ਇੱਕ ਦਿਨ ਬਿਨਸ ਜਾਣਾ ਹੈ ਇਸ ਲਈ ਬਿਨਸਣਹਾਰ ਆਕਾਰ ਦੀ ਪੂਜਾ
ਨਿਰਰਥਕ ਹੈ।
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥ ਦ੍ਰਿਸਟਿਮਾਨ ਸਭੁ ਬਿਨਸੀਐ
ਕਿਆ ਲਗਹਿ ਗਵਾਰ ॥ 808 ਹੇ ਮੇਰੇ ਮੂਰਖ ਮਨ, ਰਾਤ ਦੇ ਸੁਪਨੇ ਵਾਂਗ ਇਹ ਜਗਤ ਵਿੱਚ ਜੋ
ਕੁੱਝ ਵੀ ਦਿਸ ਰਿਹਾ ਹੈ ਇਹ ਸਾਰਾ ਨਾਸਵੰਤ ਹੈ। ਤੂੰ ਇਸ ਨਾਲ ਕਿਉਂ ਮੋਹ ਪਾ ਰਿਹਾ ਹੈਂ, ਕਿਉਂ ਇਸ
ਦੀ ਪਕੜ ਕਰ ਰਿਹਾ ਹੈ? ਤਾਂ ਫਿਰ ਸੰਸਾਰ ਵਿੱਚ ਕਿਸੇ ਵੀ ਬਿਨਸਣਹਾਰ ਆਕਾਰ ਦੀ ਪੂਜਾ ਨਿਸਫਲ ਮੜ੍ਹੀ
ਪੂਜਾ ਹੀ ਹੈ। ਗੁਰਦੁਆਰਿਆਂ ਵਿੱਚ ਮਨੁੱਖ ਨਿਸ਼ਾਨ ਨੂੰ, ਇਮਾਰਤਾਂ ਨੂੰ, ਜੁੱਤੀਆਂ ਨੂੰ, ਰੁੱਖਾਂ
ਨੂੰ, ਸ਼ਸ਼ਤਰਾਂ ਨੂੰ, ਮੰਝੀ ਤੇ ਹੋਰ ਆਕਾਰਾਂ ਨੂੰ ਮੱਥੇ ਟੇਕਦਾ ਦੇਖਿਆ ਜਾ ਸਕਦਾ ਹੈ ਇਥੋਂ ਤੱਕ ਕਿ
ਮਿਰਤਕ ਦੇਹਾਂ ਨੂੰ ਗੁਰਦੁਆਰੇ ਲਿਆ ਕੇ, ਮਾਇਆ ਭੇਟ ਕਰਕੇ ਮੱਥੇ ਟੇਕਦਾ ਵੀ ਦੇਖਿਆ ਜਾ ਸਕਦਾ ਹੈ।
ਅਗਿਆਨਤਾ ਵਿੱਚ ਮਨੁੱਖ (ਆਕਾਰਾਂ ਦੀ) ਮੜ੍ਹੀ ਪੂਜਾ ਹੀ ਕਰੀ ਜਾ ਰਿਹਾ ਹੈ।
ਜੋ ਦੀਸੈ ਸੋ ਸੰਗਿ ਨ ਗਇਓ ॥ ਸਾਕਤੁ ਮੂੜੁ ਲਗੇ ਪਚਿ ਮੁਇਓ ॥
241 ਜਗਤ ਵਿੱਚ (ਆਕਾਰ ਰੂਪ) ਅੱਖੀਂ ਜੋ ਕੁੱਝ ਦਿਸ ਰਿਹਾ ਹੈ, ਇਹ ਕਿਸੇ ਦੇ ਵੀ ਨਾਲ ਨਹੀ ਜਾਂਦਾ
ਪਰ ਮੂਰਖ ਮਨੁੱਖ ਇਸ ਦਿਸਦੇ (ਆਕਾਰਾਂ) ਦੇ ਮੋਹ ਵਿੱਚ ਲੱਗ ਕੇ ਖੁਆਰ ਹੋ ਕੇ ਆਤਮਕ ਮੌਤ ਸਹੇੜ
ਲੈਂਦਾ ਹੈ। ਇਹ ਇੱਕ ਸਾਧਾਰਨ ਮਤ ਹੈ ਕਿ ਜੋ ਆਪਣੇ ਹੀ ਘੜੇ ਰੱਬ ਦੇ ਆਕਾਰ (ਮੂਰਤੀਆਂ ਜਾਂ
ਤਸਵੀਰਾਂ) ਸਦਾ ਸੰਗ ਨਹੀ ਨਿਭ ਸਕਦੇ ਉਹਨਾਂ ਨੂੰ ਪੂਜਣ ਦਾ ਕੀ ਲਾਭ ਹੋ ਸਕਦਾ ਹੈ? ਗੁਰਬਾਣੀ ਦਾ
ਕਥਨ ਹੈ ਕਿ ਨਿਰੰਕਾਰ ਨਾਲ ਜੁੜਨ ਲਈ ਆਕਾਰਾਂ ਦੇ ਮੋਹ ਨੂੰ ਤਿਆਗਣਾ ਹੀ ਪਵੇਗਾ
ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ
॥ (801)। ਨਜ਼ਰ ਆਉਣ ਵਾਲੀ ਕਿਸੇ ਵੀ ਬਿਨਸਣਹਾਰ ਆਕਾਰ ਦੀ ਪਕੜ ਮੜੀ ਪੂਜਾ ਹੀ ਹੈ ਜੋ
ਪ੍ਰਭੂ ਦੇ ਮੇਲ ਵਿੱਚ ਰੁਕਾਵਟ ਹੈ। ਜੇ ਸਰੀਰ ਇੱਕ ਮੜ੍ਹੀ ਹੈ (ਰਕਤੁ
ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥ 945) ਤਾਂ ਇਹਨਾਂ ਮਿਰਤਕ ਮੜ੍ਹੀਆਂ ਦਾ
ਮੋਹ, ਇਹਨਾਂ ਦੇ ਜਨਮ ਦਿਨ ਤੇ ਬਰਸੀਆਂ ਮਨਾਉਣਾ ਮੜੀ ਪੂਜਾ ਹੈ ਜੋ ਗੁਰਮਤ ਵਿਰੁਧ ਹੈ। ਕਈ ਲੋਕ
ਇਹਨਾਂ ਦੀਆਂ ਤਸਵੀਰਾਂ ਦੀ ਗੁਰੂ ਨਾਲੋਂ ਵੀ ਵੱਧ ਪੂਜਾ ਕਰਦੇ ਹਨ। ਗੁਰੂ ਨੇ ਤਾਂ ਸੁਚੇਤ ਕਰਨ ਵਿੱਚ
ਕੋਈ ਕਸਰ ਨਹੀ ਛੱਡੀ ਪਰ ਗੁਰੂ ਵਿਚਾਰਾ ਕੀ ਕਰੇ, ਸੁਣਨ ਵਾਲੇ ਹੀ ਵਿਰਲੇ ਹਨ, ਸੁਣਨ ਵਾਲਿਆਂ ਵਿੱਚ
ਹੀ ਚੂਕ ਹੈ। ਗੁਰੂ ਤਾਂ ਬਾਰ ਬਾਰ ਸੁਚੇਤ ਕਰਦਾ ਹੈ: ਦੁਬਿਧਾ ਨ ਪੜਉ
ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ
ਬੁਝਾਈ ॥ 634
ਮੈ ਦੋਗਲੇ ਮਨ ਦੀ ਗਲ ਮੰਨ ਕੇ (ਵਹਿਮਾਂ ਭਰਮਾਂ ਵਿੱਚ ਪੈ ਕੇ) ਤੇ ਤ੍ਰਿਸ਼ਨਾ ਵੱਸ ਹੋਇਆ, ਪ੍ਰਭੂ
ਨੂੰ ਛੱਡ ਕੇ ਕਿਸੇ ਹੋਰ ਪਰਾਈਆਂ ਮੜ੍ਹੀਆਂ ਮਸਾਣਾ (ਆਕਾਰਾਂ) ਨੂੰ ਨਹੀ ਪੂਜਦਾ, ਨਹੀ ਮੰਨਦਾ,
ਕਿਉਂਕਿ ਇਸ ਮਨ ਦੀ ਤ੍ਰਿਸ਼ਨਾ ਨੂੰ ਬੁਝਾਉਣ ਵਾਲਾ ਤਾਂ ਕੇਵਲ ਇੱਕ ਪ੍ਰਭੂ ਦਾ ਨਾਮ (ਹੁਕਮ, ਗਿਆਨ,
ਗੁਰਬਾਣੀ) ਹੀ ਹੈ। ਇਸ ਤੋਂ ਸਪਸ਼ਟ ਹੋਰ ਕਿਵੇਂ ਕਿਹਾ ਜਾ
ਸਕਦਾ ਹੈ? ਅਫਸੋਸ ਹੈ ਕਿ ਗੁਰੂ ਤੋਂ ਬੇਮੁੱਖ ਹੋਏ ਲੋਕ ਗੁਰੂ ਦੀ ਅਸਲੀ ਤਸਵੀਰ (ਗੁਰਸ਼ਬਦ) ਨੂੰ ਛੱਡ
ਕੇ ਇਹਨਾਂ ਨਕਲੀ ਤਸਵੀਰਾਂ ਤੋਂ ਪੈਦਾ ਹੋਏ ਝਗੜਿਆਂ ਵਿੱਚ ਉਲਝ ਕੇ ਆਪਣੀਆਂ ਜਾਨਾ ਅਜਾਈਂ ਗਵਾ
ਲੈਂਦੇ ਹਨ। ਵੱਖ ਵੱਖ ਇਸ਼ਟਾਂ ਦੀਆਂ ਵੱਖ ਵੱਖ ਮੂਰਤੀਆਂ ਜਾਂ ਤਸਵੀਰਾਂ ਹੀ ਮਨੁਖਤਾ ਵਿੱਚ ਵਖਰੇਵੇਂ
ਤੇ ਵੰਡੀਆਂ ਪਾ ਕੇ ਘਿਰਨਾ ਤੇ ਕੱਟੜਤਾ ਪੈਦਾ ਕਰਦੀਆਂ ਹਨ। ਆਕਾਰਾਂ ਦਾ ਪੁਜਾਰੀ ਅਕਸਰ ਕੱਟੜ ਹੋ
ਜਾਂਦਾ ਹੈ। ਜਿਵੇਂ ਹਿੰਦੂ ਮਤ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਹੋ
ਰਹੀ ਹੈ ਤਿਵੇਂ ਸਿੱਖ ਮਤ ਵਿੱਚ ਵੀ ਅਨੇਕਾਂ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੀਆਂ ਮੜ੍ਹੀਆਂ
(ਸਰੀਰਾਂ) ਦੇ ਜਨਮ ਦਿਨ ਤੇ ਬਰਸੀਆਂ ਮਨਾ ਕੇ ਪੂਜਿਆ ਜਾ ਰਿਹਾ ਹੈ। ਉਹਨਾਂ ਤੋਂ ਮਨੋ ਕਾਮਨਾ ਦੀ
ਪੂਰਤੀ ਲਈ ਅਰਦਾਸਾਂ ਦੁਆਰਾ ਮੰਗਾਂ ਮੰਗੀਆਂ ਜਾ ਰਹੀਆਂ ਹਨ ਜੋ ਕਦੇ ਪੂਰੀਆਂ ਨਹੀ ਹੋ ਸਕਦੀਆਂ
ਕਿਉਂਕਿ ਸੱਭ ਨੂੰ ਦਾਤਾਂ ਦੇਣ ਵਾਲਾ ਤਾਂ ਇਕੋ ਇੱਕ ਪ੍ਰਭੂ ਆਪ ਹੀ ਹੈ:
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ ਅਗਨਤ
ਭਰੇ ਭੰਡਾਰ ॥ 257. ਅਗਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਪ੍ਰਭੂ ਹੀ ਹੇ, ਤਾਂ ਕਿਸੇ
ਹੋਰ ਅਗੇ ਐਵੇਂ ਹੱਥ ਫੈਲਾਉਂਦੇ ਫਿਰਨਾ, ਮੱਥੇ ਟੇਕਦੇ ਫਿਰਨਾ, ਉਹਨਾਂ ਦੀ ਪੂਜਾ ਕਰਦੇ ਫਿਰਨਾ ਇੱਕ
ਮੂਰਖਤਾਈ ਤੋਂ ਵੱਧ ਹੋਰ ਕੁਛ ਨਹੀ। ਮਨੁੱਖ, ਜੋ ਆਪ ਮੰਗਤਾ ਹੈ ਤਾਂ ਮੰਗਤਿਆਂ ਕੋਲੋਂ ਮੰਗਾਂ
ਮੰਗਦਿਆਂ ਲੱਜਾ ਆਉਣੀ ਚਾਹੀਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: ਦੇਵੀ
ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥
637
ਅਗਰ ਦੇਵੀ ਦੇਵਤਿਆਂ ਦੀ ਮੂਰਤੀ ਪੂਜਾ ਤੋਂ ਕੋਈ ਪ੍ਰਾਪਤੀ ਨਹੀ, ਉਹ ਨਿਰਜਿੰਦ ਮਨੁੱਖ ਦੀਆਂ
ਮੰਗਾਂ ਪੂਰੀਆਂ ਨਹੀ ਕਰ ਸਕਦੇ ਤਾਂ ਇਹਨਾਂ ਮਿਰਤਕ ਅਖੌਤੀ ਸਾਧਾਂ, ਸੰਤਾਂ, ਬਾਬਿਆਂ ਜਾਂ ਸ਼ਹੀਦਾਂ
ਦੀ ਮੜ੍ਹੀ ਪੂਜਾ ਤੋਂ ਕੀ ਪ੍ਰਾਪਤ ਹੋ ਸਕਦਾ ਹੈ? ਉਹ ਵੀ ਕਿਸੇ ਦੀਆਂ ਮੰਗਾਂ ਪੂਰੀਆਂ ਨਹੀ ਕਰ ਸਕਦੇ
ਅਤੇ ਜੋ ਆਪ ਬਿਨਸਣਹਾਰ ਹੈ ਉਹ ਕਿਸੇ ਹੋਰ ਨੂੰ ਕਿਵੇਂ ਤਾਰ ਸਕਦਾ ਹੈ? ਕੇਵਲ ਨਿਰਆਕਾਰ ਤੇ ਅਬਿਨਾਸ਼ੀ
ਗੁਰੂ (ਗਿਆਨ) ਹੀ ਮਨੁੱਖ ਦਾ ਪਾਰ ਉਤਾਰਾ ਕਰ ਸਕਦਾ ਹੈ। ਮੌਜੂਦਾ ਗਿਆਨ ਦੇ ਯੁੱਗ ਵਿੱਚ ਇਹ ਸਦੀਆਂ
ਪੁਰਾਣੇ ਅਖੌਤੀ ਪੂਜਾ ਦੇ ਵਿਅਰਥ ਕਰਮ ਕਾਂਡ ਹੁੰਦੇ ਵੇਖ ਕੇ ਨਵੇਂ ਯੁੱਗ ਦੇ ਬੱਚੇ ਤੇ ਨੌਜਵਾਨ
ਅਨੇਕਾਂ ਸਵਾਲ ਤਾਂ ਕਰਦੇ ਹਨ ਪਰ ਪੂਜਾ ਕਰਨ ਵਾਲੇ ਪੁਜਾਰੀ ਉਹਨਾਂ ਨੂੰ ਪੱਕਾ ਵਿਸ਼ਵਾਸ ਦਿਲਾਉਂਦੇ
ਹਨ ਕਿ ਕੀਤੀ ਪੂਜਾ ਦਾ ਫਲ ਜੇ ਅੱਜ ਇਥੇ ਨਹੀ ਤਾਂ ਅੱਗੇ (ਪਤਾ ਨਹੀ ਕਿੱਥੇ) ਜਾ ਕੇ ਜ਼ਰੂਰ ਪ੍ਰਾਪਤ
ਹੋਵੇਗਾ। ਬੜੀ ਅਸਚਰਜਤਾ ਦੀ ਗਲ ਹੈ ਕਿ ਆਮ ਦੁਨਿਆਵੀ ਹਫਤਾ-ਵਾਰੀ ਕੰਮਾਂ ਕਾਰਾਂ ਦੀ ਮਜਦੂਰੀ ਲੈਣ
ਲਈ ਤਾਂ ਥੋੜੀ ਜੇਹੀ ਉਡੀਕ ਕਰਨੀ ਹੀ ਮੁਸ਼ਕਿਲ ਹੋ ਜਾਂਦੀ ਹੈ ਪਰ ਧਰਮ ਦੀ ਦੁਨੀਆਂ ਵਿੱਚ ਕੀਤੀ
ਮਜਦੂਰੀ (ਪੂਜਾ) ਦਾ ਫਲ ਕਿਤੇ ਅੱਗੇ ਜਾ ਕੇ ਮਿਲਨ ਦੀ ਲੰਮੀ ਉਡੀਕ ਲਈ ਮਨੁੱਖ ਕਿਵੇਂ ਰਾਜ਼ੀ ਹੋ
ਜਾਂਦਾ ਹੈ? ਸੰਸਾਰ ਦਾ ਇਹ ਵਾਪਾਰੀ ਅਸੂਲ “ਐਹ ਹੱਥ ਕਰੇ ਤੇ ਐਹ ਹੱਥ ਪਾਏ” ਧਰਮ ਦੀ ਦੁਨੀਆਂ ਵਿੱਚ
ਵੀ ਲਾਗੂ ਹੁੰਦਾ ਹੈ ਪਰ ਧਰਮ ਦੇ ਠੇਕੇਦਾਰ ਇਸ ਨੂੰ “ਸ਼ਰਧਾ” ਤੇ “ਵਿਸ਼ਵਾਸ” ਦੇ ਪਰਦੇ ਪਿਛੇ ਲਕੋ
ਲੈਂਦੇ ਹਨ ਕਿਉਂਕਿ ਚੋਖੇ ਨਫੇ ਵਾਲਾ ਵਾਪਾਰ ਬੰਦ ਹੋਣ ਦਾ ਡਰ ਹੈ। ਬੜੀਆਂ ਮੁਸ਼ੱਕਤਾਂ ਪਿਛੋਂ ਇਹ
ਗਿਆਨ ਦਾ ਖਜ਼ਾਨਾ (ਗੁਰਬਾਣੀ) ਪ੍ਰਾਪਤ ਹੋਇਆ ਹੈ ਜਿਸ ਨੂੰ ਵਰਤਣ ਦੀ ਬਜਾਏ ਉਸ ਦੀ ਪੂਜਾ ਸ਼ੁਰੂ ਕਰ
ਦਿੱਤੀ ਹੈ, ਹੀਰੇ ਨੂੰ ਮਿੱਟੀ ਵਿੱਚ ਰੋਲਣਾ ਸ਼ੁਰੂ ਕਰ ਦਿੱਤਾ ਹੈ, ਅਮੋਲਕ ਰਤਨ ਨੂੰ ਲਕੋਣਾ ਸ਼ੁਰੂ
ਕਰ ਦਿੱਤਾ ਹੈ, ਉਸ ਨੂੰ ਮੜੀ ਪੂਜਾ ਬਨਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਗੁਰਗਿਆਨ ਮਨੁਖੀ
ਜੀਵਨ ਨੂੰ ਸੁਧਾਰਨ ਲਈ ਹੈ, ਸੁਖੀ ਤੇ ਅਨੰਦਿਤ ਬਨਾਉਣ ਲਈ ਹੈ, ਮੜ੍ਹੀਆਂ ਵਾਙੂੰ ਪੂਜਣ ਲਈ ਨਹੀ
ਜੈਸਾ ਕੇ ਅੱਜ ਆਮ ਗੁਰਦੁਆਰਿਆਂ ਵਿੱਚ ਹੀ ਨਹੀ ਬਲਿਕੇ ਪ੍ਰਸਿੱਧ ਗੁਰ ਧਾਮਾਂ ਤੇ ਵੀ, ਬਿਨਾ ਕਿਸੇ
ਰੋਕ, ਹੋ ਰਿਹਾ ਹੈ। ਮੌਜੂਦਾ ਸਮੇ ਅੰਦਰ ਆਕਾਲ ਪੁਰਖ ਦੀ ਪੂਜਾ ਦਾ ਅਰਥ ਤਾਂ ਕੋਈ ਵਿਰਲਾ ਹੀ ਜਾਣਦਾ
ਹੈ ਅਤੇ ਮੜ੍ਹੀਆਂ ਮਸਾਣਾਂ ਦੀ ਕੂੜ ਪੂਜਾ ਹੀ ਸੱਭ ਥਾਈਂ ਪ੍ਰਧਾਨ ਬਣੀ ਹੋਈ ਹੈ
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਦਰਸ਼ਨ ਸਿੰਘ
ਵੁਲਵਰਹੈਂਪਟਨ, ਯੂ. ਕੇ.