ਨਗਰ ਕੀਰਤਨ,
ਸ਼ਤਾਬਦੀਆਂ, ਸਵਾਦਲੇ ਲੰਗਰਾਂ ਅਤੇ ਧਾਰਮਕ ਦਰਸ਼ਨ ਯਾਤਰਾ ਦੀ ਗੁਲ਼ਾਮ ਹੋਈ ਸਿੱਖ ਕੌਮ
-ਰਘਬੀਰ ਸਿੰਘ ਮਾਨਾਂਵਾਲੀ
ਅੱਜ ਸਿੱਖਾਂ ਵਿੱਚ ਨਗਰ ਕੀਰਤਨ
ਕੱਢਣ, ਲੰਗਰ ਲਗਾਉਣ ਅਤੇ ਸ਼ਤਾਬਦੀਆਂ ਮਨਾਉਣ ਦੀ ਦੌੜ ਲੱਗੀ ਹੋਈ ਹੈ। ਹਰ ਦੂਜੇ ਤੀਜੇ ਦਿਨ ਕੋਈ ਨਾ
ਕੋਈ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹਨਾਂ ਕੱਢੇ ਜਾ ਰਹੇ ਨਗਰ ਕੀਰਤਨ ਸਮੇਂ ਚੌਧਰ ਦੇ ਭੁੱਖੇ,
ਗੋਲਕਾਂ ਦੀ ਦੁਰਵਰਤੋਂ ਕਰਨ ਵਾਲੇ ਲੋਕ ਅਤੇ ਸਿਆਸੀ ਨੇਤਾ ਗਲ਼ਾਂ ਵਿੱਚ ਸਿਰੋਪਾਓ ਪਾ ਕੇ ਗੁਰੂ
ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ-ਅੱਗੇ ਚੱਲ ਕੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਦੇ ਹਨ। ਨਗਰ
ਕੀਤਰਨ ਅਤੇ ਧਾਰਮਕ ਦਰਸ਼ਨ ਯਾਤਰਾ ਨੂੰ ਕੈਸ਼ ਕਰਕੇ ਆਪਣਾ ਵੋਟ ਬੈਂਕ ਮਜ਼ਬੂਤ ਕਰਕੇ ਸਿਆਸੀ ਲਾਹਾ
ਲੈਂਦੇ ਹਨ। ਥੋੜ੍ਹੇ-ਥੋੜ੍ਹੇ ਵਕਫ਼ੇ ਤੋਂ ਬਾਅਦ ਕਿਸੇ ਨਾ ਕਿਸੇ ਨਿਸ਼ਾਨੀ ਨੂੰ ਗੁਰੂ ਸਾਹਿਬ ਨਾਲ
ਸਬੰਧਤ ਨਿਸ਼ਾਨੀ ਹੋਣਾ ਦੱਸ ਕੇ ਉਸ ਨੂੰ ਨਗਰ ਕੀਰਤਨ ਦੀ ਤਰਜ਼ ‘ਤੇ ਸਾਰੇ ਪੰਜਾਬ ਵਿੱਚ ਘੁਮਾਇਆ
ਜਾਂਦਾ ਹੈ। ਭਾਂਵੇਂ ਉਹਨਾਂ ਪਵਿੱਤਰ ਦੱਸੀਆਂ ਜਾਂਦੀਆਂ ਅਤੇ ਗੁਰੂ ਸਹਿਬਾਨ ਨਾਲ ਸਬੰਧਤ ਦੱਸੀਆਂ
ਜਾਂਦੀਆਂ ਨਿਸ਼ਾਨੀਆਂ ਬਾਰੇ ਕੋਈ ਭਰੋਸੇਯੋਗ ਪੁਖਤਾ ਸਬੂਤ ਨਹੀਂ ਹੁੰਦਾ ਕਿ ਉਹ ਸੱਚਮੁਚ ਗੁਰੂ ਸਾਹਿਬ
ਦੀਆਂ ਪਵਿੱਤਰ ਨਿਸ਼ਾਨੀਆਂ ਹੀ ਹਨ। ਕਈ ਵਾਰ ਤਾਂ ਇਸ ਪਿੱਛੇ ਕੋਈ ਲੁਕਵੀਂ ਚਾਲ ਹੀ ਜਾਪਦੀ ਹੈ।
ਜਿਵੇਂ ਕਿ ਹੁਣ ਵੀ ਗੁਰੂ ਸਾਹਿਬ ਦੇ ਸ਼ਾਸ਼ਤਰ ਅਤੇ ਹੋਰ ਧਰੋਹਰਾਂ ਦੇ ਦਰਸ਼ਨਾ ਲਈ ਕੱਢੀ ਜਾ ਰਹੀ
ਧਾਰਮਕ ਦਰਸ਼ਨ ਯਾਤਰਾ ਵਿਵਾਦਾਂ ਵਿੱਚ ਘਿੱਰੀ ਹੋਈ ਹੈ। ਇੱਕ ਪਾਸੇ ਪੀਰ ਬੁੱਧੂ ਸ਼ਾਹ ਦੀ ਅੱਠਵੀਂ
ਪੀੜ੍ਹੀ ਦੇ ਵਾਰਸ ਸਈਅਦ ਨਈਮ ਹੈਦਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੱਛਲੇ 330 ਸਾਲ ਤੋਂ
ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1685 ਦੇ ਭੰਗਾਣੀ ਦੇ ਯੁੱਧ ਤੋਂ ਬਾਅਦ ਸਨਮਾਨ ਦੇ ਤੌਰ ‘ਤੇ
ਪੀਰ ਬੁੱਧੂ ਸ਼਼ਾਹ ਨੂੰ ਪਵਿੱਤਰ ਨਿਸ਼ਾਨੀਆਂ ਦਸਤਾਰ, ਕੰਘਾ, ਕਿਰਪਾਨ ਅਤੇ ਇੱਕ ਹੁਕਮਨਾਮੇ ਨਾਲ
ਨਿਵਾਜਿਆ ਸੀ, ਉਹਨਾਂ ਦੇ ਕੋਲ ਅੱਜ ਵੀ ਸੁਰੱਖਿਅਤ ਹਨ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਕੋਈ
ਸਪਸ਼ਟੀਕਰਨ ਨਹੀਂ ਦੇ ਰਹੀ। ਸ਼ਾਇਦ ਚੰਡੀਗੜ੍ਹ ਜਾਂ ਨਾਗਪੁਰ ਤੋਂ ਚੁੱਪ ਰਹਿਣ ਦਾ ਇਸ਼ਾਰਾ ਹੋਵੇ। ਪਰ
ਸਿੱਖ ਕੌਮ ਦੀ ਸੰਗਤ ਨੂੰ ਅਜਿਹੀਆਂ ਗੱਲਾਂ ਨਾਲ ਕੋਈ ਵਾ-ਵਾਸਤਾ ਨਹੀਂ ਕਿ ਉਹ ਨਿਸ਼ਾਨੀਆਂ ਗੁਰੂ
ਸਾਹਿਬ ਦੀਆਂ ਹੀ ਹਨ ਜਾਂ ਐਵੇਂ ਕਿਸੇ ਚਾਲ ਅਧੀਨ ਹੀ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਲੋਕਾਂ ਨੂੰ
ਗੁਰੂ ਸਾਹਿਬ ਦੇ ਨਾਮ ‘ਤੇ ਜਿੰਨਾ ਮਰਜ਼ੀ ਲੁੱਟੀ ਜਾਓ ਉਹ ਸੀਅ ਨਹੀਂ ਕਰਨਗੇ। ‘ਵਾਹਿਗੁਰੂ’ ਆਖ ਕੇ
ਸਿਰ ਨਿਵਾਅ ਦੇਣਗੇ ਅਤੇ ਮਾਇਆ ਦਾ ਮੱਥਾ ਟੇਕ ਦੇਣਗੇ। ਗੁਰਮਤਿ ਸਿਧਾਂਤਾਂ ਬਾਰੇ ਤਾਂ ਕਦੀ ਕਿਸੇ ਨੇ
ਸੰਗਤ ਨੂੰ ਦੱਸਿਆ ਹੀ ਨਹੀਂ ਕਿ ਸਿਰੀ ਗੁਰੂ ਗ਼੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਵੀ ਚੀਜ਼,
ਵਸਤੂ ਜ਼ਾਂ ਕੋਈ ਨਿਸ਼ਾਨੀ ਨੂੰ ਮੱਥਾ ਟੇਕਣਾ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ। ਹਾਂ … ਗੁਰੂ
ਸਾਹਿਬ ਨਾਲ ਸਬੰਧਤ ਧਰੋਹਰ ਸਨਮਾਨਯੋਗ ਅਤੇ ਦਰਸ਼ਨ ਕਰਨ ਯੋਗ ਹਨ। ਪਰ ਅੰਧ-ਵਿਸ਼ਵਾਸੀ, ਕਰਮਕਾਂਡਾਂ
ਅਤੇ ਵਹਿਮਾਂ-ਭਰਮਾਂ ਵਿੱਚ ਫਸੇ ਸਿੱਖਾਂ ਵਿੱਚ ਗੁਰੂ ਸਾਹਿਬਾਨ ਪ੍ਰਤੀ ਅੰਨ੍ਹੀ ਸ਼ਰਧਾ ਹੈ। ਉਹ
ਨਿਸ਼ਾਨੀਆਂ ਦੇ ਦਰਸ਼ਨ ਘੱਟ ਪਰ ਮੱਥੇ ਵੱਧ ਟੇਕਦੀਆਂ ਹਨ। ਦੇਖਾ-ਦੇਖੀ ਪੈਸਿਆਂ ਦੇ ਢੇਰ ਲਗਾਈ
ਜ਼ਾਂਦੀਆਂ ਹਨ। ਅਜਿਹਾ ਸਭ ਕੁੱਝ ਵੇਖ ਕੇ ਇੰਜ ਲਗਦਾ ਹੈ ਕਿ ਇਹ ਸਭ ਵਰਤਾਰਾ ਬੂਤ ਅਤੇ ਮੂਰਤੀ ਪੂਜਾ
ਨੂੰ ਉਤਸ਼ਾਹਤ ਕਰਨ ਦੀ ਕੋਈ ਸਾਜ਼ਿਸ਼ ਅਤੇ ਪੈਸਾ ਇਕੱਠਾ ਕਰਨ ਦਾ ਹੀ ਲੁਕਵਾਂ ਯਤਨ ਹੈ। ਇਹ ਸਭ ਕੁੱਝ
ਇਸ ਤਰ੍ਹਾਂ ਵੀ ਲਗਦਾ ਹੈ ਕਿ ਸਿਆਸੀ ਨੇਤਾਵਾਂ ਵਲੋਂ ਲੋਕਾਂ ਦਾ ਧਿਆਨ ਪੰਜਾਬ ਦੀਆਂ ਤਤਕਾਲੀਨ
ਸਮੱਸਿਆਵਾਂ ਵਲੋਂ ਹਟਾਅ ਕੇ ਅਜਿਹੇ ਕਾਰਜਾਂ ਵੱਲ ਲਾਇਆ ਜਾ ਰਿਹਾ ਹੈ।
ਬੜੀ ਗੰਭੀਰਤਾ ਨਾਲ ਸੋਚਣ-ਵਿਚਾਰਨ ਵਾਲੀ ਗੱਲ ਹੈ ਕਿ ਹੁਣ ਤੱਕ ਛੋਟੇ-ਵੱਡੇ ਨਗਰ ਕੀਰਤਨ ਕੱਢਣ ਅਤੇ
ਸ਼ਤਾਬਦੀਆਂ ਮਨਾਉਣ ਨਾਲ ਅਤੇ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਨਾਲ ਸਿੱਖ ਕੌਮ, ਪੰਜਾਬ ਅਤੇ ਪੰਜਾਬ ਦੇ
ਲੋਕਾਂ ਨੂੰ ਕੀ ਲਾਭ ਤੇ ਕੀ ਨੁਕਸਾਨ ਹੋਇਆ ਹੈ? ਨਤੀਜਾ ਤਾਂ ਇਹ ਹੀ ਕੱਢਿਆ ਜਾ ਸਕਦਾ ਹੈ ਕਿ ਇਸ ਦਾ
ਸਿੱਖ ਕੌਮ ਨੂੰ ਧੇਲੇ ਦਾ ਵੀ ਕੋਈ ਲਾਭ ਨਹੀਂ ਹੋਇਆ ਪਰ ਨੁਕਸਾਨ ਬਹੁਤ ਹੋਇਆ ਹੈ। ਕੌਮ ਦਾ ਕਰੋੜਾਂ
ਰੁਪਏ ਬਰਬਾਦ ਹੋਏ ਹਨ। ਪਤਿਤਪੁਣਾ ਵੱਧਿਆ ਹੈ। ਨਸ਼ਿਆਂ ਦੇ ਦਰਿਆ ਨਿਰੰਤਰ ਵੱਗਣ ਲੱਗ ਪਏ ਹਨ। ਫੇਰ
ਵੀ ਧਰਮ ਦੇ ਠੇਕੇਦਾਰ ਅਤੇ ਚੌਧਰਾਂ ਦੇ ਭੁੱਖੇ ਲੋਕ ਇਹ ਕਾਰਜ ਨਿਰੰਤਰ ਕਿਉਂ ਕਰੀ ਜਾ ਰਹੇ ਹਨ?
ਅਬਾਦੀ ਦੇ ਵੱਧਣ ਕਰਕੇ ਹਰ ਪਾਸੇ ਲੋਕਾਂ ਦੀ ਭੀੜ ਨਜ਼ਰ ਆਉਂਦੀ ਹੈ। ਸੜਕਾਂ ਛੋਟੀਆਂ ਹੋ ਗਈਆਂ
ਪ੍ਰਤੀਤ ਹੋ ਰਹੀਆਂ ਹਨ। ਵਾਹਨਾਂ ਦੀ ਗਿਣਤੀ ਵਿੱਚ ਵੀ ਬਹੁਤ ਵਾਧਾ ਹੋ ਗਿਆ ਹੈ। ਆਏ ਦਿਨ ਸੜਕੀ
ਹਾਦਸਿਆਂ ਕਾਰਨ ਟ੍ਰੈਫਿਕ ਜਾਮ ਹੋਇਆ ਰਹਿੰਦਾ ਹੈ। ਹਰ ਮਿੰਟ ਬਾਅਦ ਭਾਰਤ ਦੀਆਂ ਸੜਕਾਂ ‘ਤੇ
ਬੇਨਿਯਮੇਂ ਟ੍ਰੈਫਿਕ ਕਰਕੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਇਹਨਾਂ ਹਾਦਸਿਆਂ ਵਿੱਚ
ਬੁਰੀ ਤਰ੍ਹਾਂ ਜਖ਼ਮੀ ਹੋਏ ਗੰਭੀਰ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜਰੂਰਤ ਹੁੰਦੀ ਹੈ। ਨਗਰ
ਕੀਰਤਨ ਅਤੇ ਯਾਤਰਾ ਵਰਗੇ ਕਾਰਜਾਂ ਦੀ ਭੀੜ ਕਰਕੇ ਜਦੋਂ ਅਜਿਹੇ ਮਰੀਜ਼ਾਂ ਨੂੰ ਹਸਪਤਾਲਾਂ ਤੱਕ
ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਉਹ ਮਰੀਜ਼ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਪਰਿਵਾਰ ਦੇ
ਕਾਮਾਊ ਵਿਅਕਤੀ ਦੀ ਮੌਤ ਹੋ ਜਾਣ ਕਰਕੇ ਉਸ ਦਾ ਪਰਿਵਾਰ ਆਰਥਿਕ ਮੁਸੀਬਤਾਂ ਵਿੱਚ ਫਸ ਜਾਂਦਾ ਹੈ।
ਉਹਨਾਂ ਦੇ ਬੱਚਿਆਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ। ਨਗਰ ਕੀਰਤਨ ਦੇ ਸ਼ੌਕੀਨ ਢੌਂਗੀ, ਪਾਖੰਡੀ ਅਤੇ
ਸਸਤੀ ਸ਼ਹੁਰਤ ਦੇ ਭੁੱਖੇ ਲੋਕਾਂ ਵਲੋਂ ਅਜਿਹੇ ਪਰਿਵਾਰਾਂ ਦੀ ਸਾਰ ਤੱਕ ਨਹੀਂ ਲਈ ਜਾਂਦੀ ਅਤੇ ਅਜਿਹੇ
ਲੋਕਾਂ ਦਾ ਨਗਰ ਕੀਰਤਨ ਅਤੇ ਯਾਤਰਾ ਪ੍ਰਤੀ ਕਿੰਨਾ ਕੁ ਸਤਿਕਾਰ ਰਹੇਗਾ ਜਿਸ ਨੇ ਉਹਨਾਂ ਦੇ ਬੰਦੇ ਦੀ
ਜਾਨ ਲੈ ਲਈ ਹੈ?
ਨਗਰ ਕੀਰਤਨ ਕੱਢਣ ਸਮੇਂ ਟ੍ਰੈਕਟਰ-ਟਰਾਲੀਆਂ, ਫੋਰ ਵ੍ਹੀਲਰ, ਕਾਰਾਂ, ਮੋਟਰ ਸਾਈਕਲ, ਸਕੂਟਰ, ਬੱਸਾਂ
ਅਤੇ ਮੋਟਰਾਂ ਆਦਿ ਨਾਲ ਸੜਕਾਂ ‘ਤੇ ਭੀੜ ਵੱਧ ਜਾਂਦੀ ਹੈ। ਇਹ ਵਾਹਨ ਨਗਰ ਕੀਰਤਨ ਦੇ ਨਾਲ-ਨਾਲ ਜੂੰਅ
ਦੀ ਤੋਰੇ ਚਲਦੇ ਹਨ। ਜਿਸ ਕਰਕੇ ਉਹਨਾਂ ਵਾਹਨਾਂ ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਕਾਰਬਨ
ਮੋਨੋਆਕਸਾਈਡ, ਹਾਈਡਰੋਕਾਰਬਨ ਅਤੇ ਸਲਫਰ ਡਾਇਆਕਸਾਈਡ ਨਾਲ “ਪਵਣੁ ਗੁਰੂ” ਨੂੰ ਪ੍ਰਦੂਸ਼ਤ ਕਰਕੇ ਗੁਰੂ
ਦੀ ਸਿਖਿਆ ਤੋਂ ਅਸੀਂ ਸਾਰੇ ਮੂੰਹ ਮੋੜ ਲੈਂਦੇ ਹਾਂ। ਸਦਕੇ ਜਾਈਏ ਇਹੋ ਜਿਹੇ ਕਾਰਜਾਂ ਦੇ।
ਨਗਰ ਕੀਰਤਨ ਕੱਢਣ ਸਮੇਂ ਲੋਕਾਂ ਵਲੋਂ ਰੀਸੋ-ਰੀਸੀ ਲੰਗਰ ਵੀ ਲਗਾਏ ਜਾਂਦੇ ਹਨ। ਜਿਹਨਾਂ ਵਿੱਚ ਚਾਹ
ਪਕੌੜੇ, ਦਾਲ ਫੁਲਕਾ, ਛੋਲੇ ਪੁਰੀਆਂ ਅਤੇ ਫਰੂਟਾਂ ਦੇ ਲੰਗਰ ਸ਼ਾਮਲ ਹੁੰਦੇ ਹਨ। ਅਜਿਹੇ ਲੰਗਰਾਂ
ਸਮੇਂ ਅੱਧ-ਪਚੱਧਾ ਖਾਣਾ ਖਾਣ ਉਪਰੰਤ ਬਾਕੀ ਬਚਦਾ ਖਾਣਾ ਉਥੇ ਹੀ ਸੜਕਾਂ ਦੇ ਆਲੇ-ਦੁਆਲੇ ਸੁੱਟ ਦਿਤਾ
ਜਾਂਦਾ ਹੈ। ਖਾਧ-ਪਦਾਰਥ ਅਤੇ ਉਹਨਾਂ ਦੀ ਰਹਿੰਦ-ਖੂੰਹਦ ਨਾਲ ਸੜਕਾਂ ‘ਤੇ ਗੰਦ ਪੈ ਜਾਂਦਾ ਹੈ। ਇਸ
ਗੰਦ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਅਜਿਹਾ ਸਭ ਕੁੱਝ ਵੇਖ ਕੇ ਕੀ ਨਗਰ ਕੀਰਤਨ ਦੇ
ਮਕਸਦ ਬਾਰੇ ਅਜੇ ਵੀ ਕੋਈ ਸ਼ੰਕਾ ਬਾਕੀ ਰਹਿ ਜਾਂਦੀ ਹੈ?
ਨਗਰ ਕੀਰਤਨ ਵਿੱਚ ਵੱਡੇ-ਵੱਡੇ ਬੈਂਡ ਵੀ ਸ਼ਾਮਲ ਹੁੰਦੇ ਹਨ। ਹਰੇਕ ਵਾਹਨ ‘ਤੇ ਸਪੀਕਰ ਵੀ ਲੱਗਾ
ਹੁੰਦਾ ਹੈ। ਤੇ ਹਰ ਵਾਹਨ ਦੇ ਸਪੀਕਰ ਵਿਚੋਂ ਕੁੱਝ ਨਾ ਕੁੱਝ ਚਲਦਾ ਹੁੰਦਾ ਹੈ। ਇਕੋ ਸਮੇਂ ਕਈ
ਸਪੀਕਰਾਂ ਅਤੇ ਬੈਂਡਾਂ ਦੀ ਅਵਾਜ਼ ਨਾਲ ਕਾਵਾਂ-ਰੌਲੀ ਵਰਗਾ ਕੁੱਝ ਵੀ ਸਮਝ ਨਾ ਆਉਣ ਵਰਗਾ
ਸ਼ੋਰ-ਪ੍ਰਦੂਸ਼ਣ ਹੋ ਰਿਹਾ ਹੁੰਦਾ ਹੈ। ਜੋ ਕਈ ਗੰਭੀਰ ਬੀਮਾਰੀਆਂ ਨੂੰ ਪੈਦਾ ਕਰਦਾ ਹੈ। ਕੀ ਧਰਮ ਦੀ
ਆੜ ਵਿੱਚ ਫੈਲਾਇਆ ਇਹ ਸ਼ੋਰ-ਪ੍ਰਦੂਸ਼ਣ ਪਹਿਲਾਂ ਹੀ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਦਵਾ-ਦਾਰੂ
ਹੈ ਜਾਂ ਮਨੁੱਖਤਾ ਲਈ ਬੀਮਾਰੀਆਂ ਦਾ ਪ੍ਰਸ਼ਾਦ …? ਇਸ ਸਮੇਂ ਆਤਿਸ਼ਬਾਜੀ ਅਤੇ ਪਟਾਕੇ ਵੀ ਚਲਾਏ ਜਾਂਦੇ
ਹਨ। ਜੋ ਵਾਤਾਵਰਨ ਨੂੰ ਗੰਦਾ ਕਰਦੇ ਹਨ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਹੜੇ ਮਾਰਚ ਜਾਂ ਨਗਰ ਕੀਰਤਨ ਨਿਕਲਦੇ
ਰਹੇ ਹਨ? ਕੀ ਉਸ ਵਕਤ ਸਿੱਖ ਅੱਜ ਨਾਲੋਂ ਘੱਟ ਸ਼ਰਧਾਲੂ ਸਨ? ਨਹੀਂ … ਸਗੋਂ ਉਸ ਵਕਤ ਅੱਜ ਨਾਲੋਂ
ਸਿੱਖੀ ਚੜ੍ਹਦੀਆਂ ਕਲਾਂ ਵਿੱਚ ਸੀ। ਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪੂਰੀ ਸ਼ਰਧਾ
ਸੀ। ਲੋਕਾਂ ਨੇ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲਿਆ ਹੋਇਆ ਸੀ। ਅੱਜ ਜਿੰਨੇ ਜ਼ਿਆਦਾ ਨਗਰ
ਕੀਰਤਨ ਕੱਢੇ ਜਾਂਦੇ ਹਨ। ਓਨਾ ਹੀ ਸਿੱਖਾਂ ਵਿੱਚ ਪਤਿਤਪੁਣਾ ਵਧਿਆ ਹੈ। ਨਗਰ ਕੀਰਤਨਾਂ ਵਿੱਚ ਸ਼ਾਮਲ
ਨੌਜਵਾਨ ਘੋਨੇ-ਮੋਨੇ ਹੁੰਦੇ ਹਨ ਅਤੇ ਖੰਡੇ ਵਾਲੇ ਰੁਮਾਲ ਸਿਰਾਂ ‘ਤੇ ਬੰਨੇ ਹੁੰਦੇ ਹਨ। ਇਹਨਾਂ ਵੱਲ
ਵੇਖ ਕੇ ਇੰਜ ਲਗਦਾ ਹੈ ਕਿ ਸ਼ਾਇਦ ‘ਅੱਜ ਦੇ ਖਾਲਸੇ’ ਦਾ ਰੂਪ ਏਹੀ ਹੋਵੇਗਾ। ਇਹਨਾਂ ਵਿੱਚ ਬਹੁਤੇ
ਨੌਜਵਾਨ ਨਸ਼ਈ ਵੀ ਹੁੰਦੇ ਹਨ। ਇਹਨਾਂ ਨਗਰ ਕੀਰਤਨ, ਧਾਰਮਿਕ ਦਰਸ਼ਨ ਯਾਤਰਾ ਵਰਗੇ ਮਾਰਚਾਂ ਦਾ ਮਕਸਦ
ਤਾਂ ਸਿਰਫ ਸਿੱਖ ਕੌਮ ਦੀ ਤਾਕਤ, ਧਿਆਨ, ਵਕਤ ਅਤੇ ਸਰਮਾਇਆ ਖ਼ਤਮ ਕਰਨਾ ਹੀ ਹੈ। ਸ਼ੈਤਾਨ ਆਪਣੀ ਚਾਲ
ਚੱਲ ਰਿਹਾ ਹੈ। ਤੇ ਸਿੱਖ ਉਸ ਦਾ ਸ਼ਿਕਾਰ ਹੋ ਰਹੇ ਹਨ। ਚੌਧਰਾਂ ਚਮਕਾਉਣ ਅਤੇ ਕੁਰਸੀਆਂ ਕਾਇਮ ਰੱਖਣ
ਲਈ ਲੋਕਾਂ ਨੂੰ ਬੁੱਧੂ ਬਨਾਉਣ ਦਾ ਮਕਸਦ ਸਪਸ਼ਟ ਨਜ਼ਰ ਆ ਰਿਹਾ ਹੈ। ਪਰ ਭੋਲੇ ਅਤੇ ਅੰਨ੍ਹੀ ਸ਼ਰਧਾ
ਵਾਲੇ ਲੋਕ ਇਹਨਾਂ ਚਾਲਾਂ ਨੂੰ ਨਹੀਂ ਸਮਝ ਰਹੇ। ਕਿਸੇ ਵਸਤੂ ਨੂੰ ਗੁਰੂ ਦੀ ਨਿਸ਼ਾਨੀ ਦੱਸ ਕੇ ਸਿੱਖ
ਸੰਗਤ ਨੂੰ ਮਗਰ ਲਾ ਕੇ ਬੁੱਧੂ ਬਣਾ ਕੇ ਆਪਣਾ ਸਵਾਰਥ ਹੱਲ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੀ ਕਿਸੇ
ਨਿਸ਼ਾਨੀ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਲੋਕਾਂ ਵਿੱਚ ਲਿਜਾ ਕੇ ਹੋਕਾ ਦੇ ਦਿਤਾ ਜਾਂਦਾ ਹੈ …
“ਸੰਗਤੇ ਕਰ ਲਓ ਦਰਸ਼ਨ … ਭਰ ਲਓ ਝੋਲੀਆਂ ਗੁਰੂ ਦੀਆਂ ਅਸੀਸਾਂ ਨਾਲ … ਜੀਵਨ ਸਫਲਾ ਕਰ ਲਓ … ਵੱਧ
ਤੋਂ ਵੱਧ ਮਾਇਆ ਭੇਟ ਕਰਨ ਵਾਲੇ ਦੇ ਰੋਗ ਕੱਟੇ ਜਾਣਗੇ … ਇਹ ਮੌਕਾ ਫੇਰ ਨਹੀਂ ਜੇ ਆਉਣਾ … “ ਬੱਸ
ਫੇਰ ਕੀ ਆ ਲੋਕ ਟੁੱਟ ਕੇ ਪੈ ਜਾਣਗੇ। ਜੇਬਾਂ ਦੇ ਸਾਰੇ ਨੋਟ ਢੇਰੀ ਕਰ ਦੇਣਗੇ। ਗੁਰੂ ਸਾਹਿਬਾਨਾਂ
ਦੀਆਂ ਤਾਂ ਅਨੇਕਾਂ ਹੀ ਵਸਤਾਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਪਈਆਂ ਹੋਣਗੀਆਂ। ਪਰ
ਚਾਹੀਦਾ ਤਾਂ ਇਹ ਹੈ ਕਿ ਅਜਿਹੀਆਂ ਵਸਤਾਂ ਕੇਂਦਰੀ ਸਿੱਖ ਅਜਾਇਬ ਘਰ ਜ਼ਾਂ ਕਿਸੇ ਹੋਰ ਢੁਕਵੇਂ
ਥਾਂਵੇਂ ਰੱਖੀਆਂ ਜਾਣ, ਜਿਥੇ ਸੰਗਤ ਸਿਰਫ ਦਰਸ਼ਨ ਕਰ ਸਕੇ ਨਾ ਕਿ ਮੱਥੇ ਟੇਕੇ ਅਤੇ ਮਾਇਆ ਚੜ੍ਹਾਵੇ।
ਗੁਰੂ ਸਾਹਿਬ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਪਰ ਅਸੀਂ ਵਸਤੂਆਂ, ਨਿਸ਼ਾਨੀਆਂ
ਤੇ ਨਗਰ ਕੀਰਤਨ ਦੇ ਲੜ੍ਹ ਲਗ ਕੇ ਪੈਸਾ ਅਤੇ ਕੀਮਤੀ ਸਮਾਂ ਖਰਾਬ ਕਰ ਰਹੇ ਹਾਂ। ਸਿੱਖ ਸੰਗਤ ਭੇਡ
ਚਾਲ ਵਿੱਚ ਫਸ ਗਈ ਹੈ।
ਕਾਫੀ ਸਮੇਂ ਤੋਂ ਸਿੱਖ ਕੌਮ ਸ਼ਤਾਬਦੀਆਂ ਮਨਾਉਣ ਦਾ ਕਾਰਜ ਕਰ ਰਹੀ ਹੈ। ਸ਼ਤਾਬਦੀਆਂ ਮਨਾਉਣ ਦੇ ਅਸਲ
ਅਰਥ ਹੁੰਦੇ ਹਨ ਕਿ ਗੁਰੂਆਂ ਅਤੇ ਸ਼ਹੀਦ ਸੂਰਮਿਆਂ ਦੇ ਪਾਏ ਪੂਰਨਿਆਂ ‘ਤੇ ਚਲਦਿਆਂ ਉਹਨਾਂ ਅਣਖੀ
ਵਰਤਾਇਆਂ ਦੇ ਸੰਦਰਭ ਵਿਚੋਂ ਕੌਮ ਦਾ ਭਵਿੱਖ ਤਲਾਸ਼ਣਾ। ਪਰ ਅੱਜ ਮਨਾਈਆਂ ਜਾ ਰਹੀਆਂ ਸ਼ਤਾਬਦੀਆਂ ਦੇ
ਅਰਥ ਅਸਲੋਂ ਹੀ ਵੱਖਰੇ ਹੋ ਗਏ ਹਨ। ਇਹਨਾਂ ਸ਼ਤਾਬਦੀਆਂ ਸਮੇਂ ਬਾਬੇ ਨਾਨਕ ਦੀ ਬਾਣੀ ਦੇ ਵਿਰੁੱਧ ਕੰਮ
ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਸਿੱਖ ਧਰਮ ਦੇ ਮਹੱਤਵ ਨੂੰ ਘਟਾਇਆ ਜਾ ਰਿਹਾ ਹੈ। ਸਿੱਖ ਇਤਿਹਾਸ
ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸ਼ਤਾਬਦੀਆਂ ਸਮਾਗਮਾਂ ਸਮੇਂ ਸਿੱਖਾਂ ਦੀ
ਅਜ਼ਾਦ ਹਸਤੀ ਤੇ ਵੱਖਰੀ ਹੋਂਦ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਹੀ ਭਾਰੂ ਹੋ ਰਹੀਆਂ ਹਨ।
ਸ਼ਤਾਬਦੀਆਂ ਸਮੇਂ ਸਿਆਸਤ ਭਾਰੂ ਹੁੰਦੀ ਹੈ। ਇਹਨਾਂ ਸਮਾਗਮਾਂ ਵਿੱਚ ਸਿੱਖ ਵਿਦਵਾਨਾਂ ਅਤੇ
ਬੁੱਧੀਜੀਵੀਆਂ ‘ਤੇ ਪੂਰਨ ਪਾਬੰਦੀ ਹੁੰਦੀ ਹੈ। ਇਸ ਸਾਲ ਅਨੰਦਪੁਰ ਸਾਹਿਬ ਵਿੱਚ 350 ਸਾਲਾ ਸਥਾਪਨਾ
ਦਿਵਸ ਵੀ ਮਨਾਏ ਜਾ ਰਹੇ ਹਨ। ਸਿੱਧੇ ਤੌਰ ‘ਤੇ ਇਹ ਸਰਕਾਰੀ ਸਮਾਗਮ ਹੀ ਸਿੱਧ ਹੋਵੇਗਾ। ਕਿਉਂਕਿ
ਪੰਜਾਬ ਵਿੱਚ ਰਾਜ ਕਰ ਰਹੀ ਹਾਕਮ ਪਾਰਟੀ ਦੇ ਨੇਤਾਵਾਂ ਅਤੇ ਸਰਕਾਰੀ ਅਫ਼ਸਰਾਂ ਦੀ ਇਸ ਵਿੱਚ ਸਮੂਲੀਅਤ
ਹੋਵੇਗੀ। ਜਿਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਨਹੀਂ ਹੈ। ਉਹ ਗੁਰਮਤਿ ਵਿਰੋਧੀ
ਕਾਰਵਾਈਆਂ ਬਾਰੇ ਨਿਰਣਾ ਨਹੀਂ ਕਰ ਸਕਣਗੇ। ਅਗਾਊ ਹੀ ਇਹਨਾਂ ਸਮਾਗਮਾਂ ਬਾਰੇ ਕਿਹਾ ਜਾ ਸਕਦਾ ਹੈ ਕਿ
ਇਸ ਸ਼ਤਾਬਦੀ ਸਮੇਂ ਵੀ ਸਿੱਖ ਧਰਮ ਅਤੇ ਗੁਰਮਤਿ ਸਿਧਾਂਤਾਂ ਨੂੰ ਢਾਅ ਲਾਉਣ ਵਾਲੀਆਂ ਘਟਨਾਵਾਂ ਜਰੂਰ
ਵਾਪਰਨਗੀਆਂ।
ਹਰ ਸ਼ਤਾਬਦੀ ਸਮੇਂ ਨਵੇਂ ਹੀ ਚੰਦ ਚੜ੍ਹਦੇ ਹਨ। ਸ਼ਤਾਬਦੀਆਂ ਮਨਾਉਣ ਸਮੇਂ ਗੁਰਮਤਿ ਸਿਧਾਂਤਾਂ ਨੂੰ
ਢਾਅ ਲਾਈ ਜਾਂਦੀ ਹੈ। ਗੈਰ-ਸਿੱਖਾਂ ਦੀ ਸ਼ਮੂਲੀਅਤ ਤਾਂ ਜਰੂਰ ਹੋਣੀ ਚਾਹੀਦੀ ਹੈ ਪਰ ਸਿੱਖੀ
ਸ਼਼ਿਧ਼ਾਂਤਾਂ ਬਾਰੇ ਉਹਨਾਂ ਨੂੰ ਵਿਸਥਾਰ ਨਾਲ ਦੱਸਿਆ ਜਾਵੇ। ਮੇਰਾ ਮਤਲਬ ਇਹ ਨਹੀਂ ਕਿ ਸ਼ਤਾਬਦੀਆਂ
ਮਨਾਉਣੀਆਂ ਨਹੀਂ ਚਾਹੀਦੀਆਂ। ਜਰੂਰ ਮਨਾਉਣੀਆਂ ਚਾਹੀਦੀਆਂ ਹਨ ਪਰ ਇਹਨਾਂ ਸ਼ਤਾਬਦੀਆਂ ਸਮੇਂ ਸਿੱਖ
ਕੌਮ ਦਾ ਭਵਿੱਖ ਤਲਾਸ਼ਣਾ ਚਾਹੀਦਾ ਹੈ। ਸਿੱਖ ਧਰਮ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਕੌਮ ਦੇ ਸਨਮੁੱਖ
ਰੱਖਣਾ ਚਾਹੀਦਾ ਹੈ। ਉਹਨਾਂ ਦੇ ਹੱਲ ਲਈ ਤਰੁੰਤ ਉਪਰਾਲੇ ਅਰੰਭਣੇ ਚਾਹੀਦੇ ਹਨ। ਅੱਜ ਸਿੱਖ ਕੌਮ ਦਾ
ਸਭ ਤੋਂ ਵੱਡਾ ਮਸਲਾ ਪਤਿਤਪੁਣਾ ਅਤੇ ਕਰਮਕਾਂਡ ਹੈ। ਇਸ ਬਲਾਅ ਨੂੰ ਕਿਵੇਂ ਖ਼ਤਮ ਕਰਨਾ ਹੈ? ਬਾਬੇ
ਨਾਨਕ ਦੀ ਬਾਣੀ ਦੀ ਸੋਚ ‘ਤੇ ਕਿਵੇਂ ਪਹਿਰਾ ਦੇਣਾ ਹੈ? ਗੁਰੂ ਸਾਹਿਬਾਨ
ਦੇ ਬਾਰੇ ਵਿੱਚ ਲਿਖੇ ਜਾ ਰਹੇ ਉਟ-ਪਟਾਂਗ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ? ਸਿੱਖ ਧਰਮ ‘ਤੇ ਹੋ ਰਹੇ
ਬਾਹਰੀ ਅਤੇ ਅਦੰਰੂਨੀ ਹਮਲਿਆਂ ਨੂੰ ਕਿਵੇਂ ਰੋਕਣਾ ਹੈ? ਗੁਰੂ ਸਾਹਿਬਾਨ ਦੇ ਬਾਰੇ ਵਿੱਚ ਭਿੰਨ-ਭਿੰਨ
ਕਿਤਾਬਾਂ ਵਿੱਚ ਭੱਦੀਆਂ ਟਿਪੱਣੀਆਂ ਲਿਖੀਆਂ ਗਈਆਂ ਹਨ, ਉਹਨਾਂ ਨਾਲ ਮਨਘੜ੍ਹਤ ਕਹਾਣੀਆਂ ਅਤੇ
ਕਰਾਮਾਤਾਂ ਜੋੜੀਆਂ ਗਈਆਂ ਹਨ। ਇਸ ਸਾਰੀ ਗੰਦਗੀ ਨੂੰ ਕਿਵੇਂ ਦੂਰ ਕਰਨਾ ਹੈ? ਉਹਨਾਂ ਪੁਸਤਕਾਂ ਦੀ
ਪੜਚੋਲ ਕਿਵੇਂ ਕਰਨੀ ਹੈ, ਸਿੱਖ ਗੁਰੂਆਂ ਅਤੇ ਸਿੱਖੀ ਸਿਧਾਂਤਾਂ ਦਾ ਖਿਲਵਾੜ ਕਰ ਰਹੀਆਂ ਹਨ? ਸਦੀਆਂ
ਤੋਂ ਜੋ ਸਿੱਖ ਧਰਮ ਨਾਲ ਸਬੰਧਤ ਵਿਵਾਦ ਹਨ ਉਹਨਾਂ ਨੂੰ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
ਅਖੌਤੀ ਦਸਮ ਗ੍ਰੰਥ, ਰਾਗਮਾਲਾ, ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਦੀ ਵੱਖੋ-ਵੱਖਰੀ
ਮਰਿਆਦਾ, ਨਾਨਕਸ਼ਾਹੀ ਕਲੰਡਰ ਦਾ ਗੰਭੀਰ ਮਸਲਾ ਅਤੇ ਗੁਰਦੁਆਰਿਆਂ ਵਿੱਚ ਚਲਦੀ ਗੁਰਮਤਿ ਵਿਰੋਧੀ
ਪ੍ਰੰਪਰਾਵਾਂ ਅਤੇ ਭਾਈ ਬਾਲੇ ਦੀ ਸਾਖੀ ਦਾ ਵਿਵਾਦ ਹਨ। ਇਹਨਾਂ ਬਾਰੇ ਤੁਰੰਤ ਖੁਲ੍ਹ ਕੇ ਵਿਚਾਰਾਂ
ਕਰਕੇ ਇਸ ਸਬੰਧੀ ਅੰਤਮ ਫੈਸਲਾ ਹੋਣਾ ਚਾਹੀਦਾ ਹੈ। ਬਾਬੇ ਨਾਨਕ ਅਤੇ ਗੁਰਮਤਿ ਰਹਿਣੀ ਬਹਿਣੀ ਦੇ
ਸਿੱਖ ਵਿਦਵਾਨ਼ਾਂ ਅਤੇ ਖੋਜੀ ਇਤਿਹਾਸਕਾਰਾਂ ਦਾ ਪੈਨਲ ਬਣਾ ਕੇ ਇਹ ਸਾਰੇ ਮਸਲੇ ਛੇਤੀ ਹੱਲ ਕਰਨ ਦਾ
ਯਤਨ ਕਰਨਾ ਚਾਹੀਦਾ ਹੈ। ਨਹੀਂ ਤਾਂ ਦੁਬਿਧਾਵਾਂ ਬਣੀਆਂ ਰਹਿਣਗੀਆਂ ਅਤੇ ਕੌਮ ਵਿੱਚ ਪੰਥਕ ਏਕਤਾਂ
ਨਹੀਂ ਰਹੇਗੀ।
ਸਿੱਖਾਂ ਧਰਮ ਨਾਲ ਸਬੰਧਤ ਹਰ ਸ਼ਤਾਬਦੀ ਅਕਸਰ ਸਿਆਸਤ ਦੀ ਭੇਟ ਚੜ੍ਹ ਜਾਂਦੀ ਹੈ। ਕਿਉਂਕਿ ਸਿਆਸੀ
ਲੋਕਾਂ ਨੇ ਵੀ ਇਹਨਾਂ ਸ਼ਤਾਬਦੀਆਂ ਤੋਂ ਲਾਹਾ ਲੈਣਾ ਹੁੰਦਾ ਹੈ। ਸਿੱਖ ਕੌਮ ਦੇ ਗਲ਼ੇ ਵਿਚੋਂ ਸਿਆਸੀ
ਗੁਲਾਮੀ ਦਾ ਜੂਲਾ ਲਾਹ ਕੇ ਸਿਰਫ ਸਿੱਖ ਧਰਮ ਦੇ ਭਵਿੱਖ ਰੁਸ਼ਨਾਉਣ ਲਈ ਠੋਸ ਕੌਮੀ ਪ੍ਰਾਜੈਕਟ ਹੋਂਦ
ਵਿੱਚ ਲਿਆਉਣੇ ਚਾਹੀਦੇ ਹਨ। ਆਉਣ ਵਾਲੀਆਂ ਸ਼ਤਾਬਦੀਆਂ ਮਨਾਉਣ ਬਾਰੇ ਇਹ ਗੱਲ ਯਕੀਨੀ ਬਣਾਈ ਜਾਵੇ ਕਿ
ਸਿੱਖ ਧਰਮ ਦੀ ਪਹਿਲਾਂ ਨਾਲੋਂ ਵੱਧ ਚੱੜ੍ਹਦੀਕਲਾ ਹੋਣੀ ਚਾਹੀਦੀ ਹੈ।
ਸ਼ਤਾਬਦੀਆਂ, ਧਾਰਮਿਕ ਦਰਸ਼ਨ ਯਾਤਰਾ ਅਤੇ ਗੁਰਪੁਰਬਾਂ ਦੇ ਸਮੇਂ ਨਗਰ ਕੀਰਤਨ ਕੱਢਣੇ ਬੰਦ ਕਰਕੇ ਸਬੰਧਤ
ਸ਼ਤਾਬਦੀ ਦੇ ਬਾਰੇ ਵਿੱਚ ਕਿਤਾਬਚੇ ਛਪਵਾ ਕੇ ਮੁਫ਼ਤ ਘਰ-ਘਰ ਵਿੱਚ ਪਹੁੰਚਾਉਣੇ ਚਾਹੀਦੇ ਹਨ। ਅੱਜ
ਜਰੂਰਤ ਹੈ, ਨੌਜਵਾਨਾਂ ਲਈ ਅਜਿਹੇ ਵਿਦਿਅਕ ਅਦਾਰੇ ਖੋਲ੍ਹਣ ਦੀ, ਜਿਹੜੇ ਭਵਿੱਖ ਵਿੱਚ ਕੌਮ ਦੀ
ਜਵਾਨੀ ਲਈ ਰਾਹ ਦਸੇਰਾ ਬਣ ਸਕਣ।
ਸ਼ਤਾਬਦੀਆਂ ਸਮੇਂ ਪੂਰਾ ਸਾਲ ਉਚੇਚੇ ਤੌਰ ‘ਤੇ ਲੋਕ ਭਲਾਈ ਦੇ ਕਾਰਜ ਜ਼ਰੂਰਤਮੰਦ ਵਿਅਕਤੀਆਂ ਲਈ ਕੀਤੇ
ਜਾਣੇ ਚਾਹੀਦੇ ਹਨ। ਭਾਵੇਂ ਉਹ ਕਿਸੇ ਵੀ ਫਿਰਕੇ ਜਾਂ ਜ਼ਾਤ ਨਾਲ ਸਬੰਧ ਰੱਖਦੇ ਹੋਣ। ਅੱਜ ਕਿਸੇ ਵੀ
ਗੁਰਦੁਆਰੇ ਵਲੋਂ ਕਿਸੇ ਜ਼ਰੂਰਤਮੰਦ ਦੀ ਮਦਦ ਨਹੀਂ ਕੀਤੀ ਜਾਂਦੀ। ਸਗੋਂ ਕਮੇਟੀਆਂ ਦੇ ਪ੍ਰਧਾਨ ਅਤੇ
ਸਿਆਸੀ ਲੋਕ ਗੋਲਕਾਂ ‘ਤੇ ਕੁੰਡਲੀ ਮਾਰ ਕੇ ਬੈਠੇ ਹਨ ਤੇ ਗੋਲਕਾਂ ਦੇ ਪੈਸੇ ਨੂੰ ਆਪਣੇ ਨਿੱਜੀ
ਹਿੱਤਾਂ ਲਈ ਵਰਤਦੇ ਹਨ। ਗੁਰੂ ਸਾਹਿਬ ਨੇ ਤਾਂ ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ’ ਆਖਿਆ ਸੀ। ਪਰ
ਸ਼ਰਮ ਦੀ ਗੱਲ ਹੈ ਕਿ ਗੁਰੂ ਸਾਹਿਬ ਦਾ ਇਹ ਬਚਨ ਹਰ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਟਿੱਚ ਕਰਕੇ
ਜਾਣਦੇ ਹਨ। ਗੁਰੂ ਦੀਆਂ ਗੋਲਕਾਂ ਜਾਂ ਤਾਂ ਕਮੇਟੀ ਮੈਂਬਰ ਵਰਤ ਰਹੇ ਹਨ ਜਾਂ ਕਾਰਸੇਵਾ ਵਾਲੇ ਬਾਬੇ
ਗੁਰਦੁਆਰਿਆਂ ‘ਤੇ ਸੰਗਮਰਮਰ ਲਾਉਣ ਅਤੇ ਸੋਨਾ ਝੜਾਉਣ ‘ਤੇ ਖਰਚ ਕਰ ਰਹੇ ਹਨ। ਕਾਰਸੇਵਾ ਵਾਲੇ
ਬਾਬਿਆਂ ਨੇ ਸਿੱਖ ਵਿਰਸਾ ਖਤਮ ਕਰਨ ਦੀ ਜਿੰਮੇਵਾਰੀ ਲਈ ਹੋਈ ਹੈ। ਜੇ ਸ਼ਤਾਬਦੀਆਂ ਅਤੇ ਗੁਰਪੁਰਬਾਂ
ਸਮੇਂ ਸਰਬ ਸਾਂਝੀਵਾਲਤਾ ਦੇ ਸਿਧਾਂਤ ‘ਤੇ ਚੱਲ ਕੇ ਸਰਬਤ ਦੇ ਭਲੇ ਲਈ ਕਾਰਜ ਕੀਤੇ ਜਾਣ ਤਾਂ ਸਭ ਲੋਕ
ਸ਼ਤਾਬਦੀਆਂ ਨੂੰ ਹਮੇਸ਼ਾ ਯਾਦ ਰੱਖਿਆ ਕਰਨਗੇ। ਸ਼ਤਾਬਦੀ ਵਾਲੇ ਸਾਲ ਵਿੱਚ ਹਰ ਮਹੀਨੇ ਖੂਨਦਾਨ ਦੇ ਕੈਂਪ
ਗੁਰੁਦਆਰਾ ਸਾਹਿਬ ਵਲੋਂ ਲਗਾਏ ਜਾਣ। ਖੂਨਦਾਨ ਨਾਲ ਅਨਮੋਲ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਲੋੜਵੰਦ ਗਰੀਬ ਮਰੀਜ਼ਾਂ ਦੀ ਸਹਾਇਤਾ ਦੇ ਨਾਲ-ਨਾਲ ਬਾਕੀ ਲੋਕਾਂ ਲਈ ਵੀ ਮੈਡੀਕਲ ਕੈਂਪਾਂ ਲਗਾਏ ਜਾਣੇ
ਚਾਹੀਦੇ ਹਨ। ਗਰੀਬਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਅਤੇ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਵੀ ਗੁਰਦੁਆਰੇ
ਵਲੋਂ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਗੁਰਦੁਆਰੇ
ਦੀਆਂ ਗੋਲਕਾਂ ਦਾ ਮੂੰਹ ਗਰੀਬ ਵੱਲ ਕੀਤਾ ਜਾਵੇ।
ਗੁਰਬਾਣੀ ਵਿੱਚ ਧਰਤੀ, ਹਵਾ ਅਤੇ ਪਾਣੀ ਨੂੰ ਬਹੁਤ ਉੱਚਾ ਦਰਜ਼ਾ ਦਿਤਾ ਗਿਆ ਹੈ। ਇਸ ਦੀ ਸ਼ੁਧਤਾ ਲਈ
ਦਰਖਤਾਂ ਦਾ ਹੋਣਾ ਬਹੁਤ ਜਰੂਰੀ ਹੈ। ਹਰੇਕ ਸ਼ਹਿਰ ਕਸਬੇ ਅਤੇ ਪਿੰਡਾਂ ਵਿੱਚ ਖ਼ਾਲੀ ਥਾਵਾਂ ‘ਤੇ ਹਰ
ਗੁਰਦੁਆਰਾ ਕਮੇਟੀ ਦੁਆਰਾ ਦਰਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਹਰ ਸਾਲ ਗੁਰਪੁਰਬਾਂ
‘ਤੇ ਲੱਖਾਂ ਦਰਖੱਤ ਲਗਾਉਣ ਦਾ ਟੀਚਾ ਮਿਥਿਆ ਜਾਵੇ। ਸ਼ਤਾਬਦੀਆਂ ਸਮੇਂ ਬਨਸਪਤੀ ਵਧਾਉਣ ਲਈ ਸਾਲ ਭਰ
ਦਰੱਖਤ ਲਗਾਏ ਜਾਣ। ਲਗਾਏ ਗਏ ਦਰਖ਼ਤਾਂ ਦੀ ਸੰਭਾਲ ਕੀਤੀ ਜਾਵੇ।
ਡੈਂਗੂ ਤੇ ਪੀਲੀਏ ਦੀਆਂ ਬੀਮਾਰੀਆਂ ਗੰਦਗੀ ਦੇ ਕਾਰਨ ਫੈਲਦੀਆਂ ਹਨ। ਗੰਦਗੀ ਦੇ ਢੇਰਾਂ ਦੀ ਸਫਾਈ
ਕਰਕੇ ਇਹਨਾਂ ਬੀਮਾਰੀਆਂ ਦੇ ਫੈਲਣ ਨੂੰ ਰੋਕਿਆ ਜਾ ਸਕਦਾ ਹੈ। ਅਜਿਹੀਆਂ ਹੋਰ ਅਨੇਕਾਂ ਸਮਾਜਿਕ
ਬੀਮਾਰੀਆਂ ਨੂੰ ਦੂਰ ਕਰਨ ਲਈ, ਉਪਰਾਲੇ ਇਹਨਾਂ ਸ਼ਤਾਬਦੀਆਂ ਤੇ ਗੁਰਪੁਰਬਾਂ ਤੇ ਕੀਤੇ ਜਾਣੇ ਚਾਹੀਦੇ
ਹਨ। ਲੋਕਾਂ ਲਈ ਸਾਫ-ਸੁਥਰੇ ਪਾਣੀ ਦਾ ਪ੍ਰਬੰਧ ਕਰਕੇ ਭਲੇ ਦੇ ਕਾਰਜਾਂ ਵਿੱਚ ਹਿੱਸਾ ਪਾਇਆ ਜਾ ਸਕਦਾ
ਹੈ।
ਕੌਮ ਦੀ ਜਿਹੜੀ ਤਾਕਤ, ਵਕਤ ਤੇ ਸਰਮਾਇਆ ਨਗਰ ਕੀਰਤਨ, ਧਾਰਮਿਕ ਯਾਤਰਾਵਾਂ ਅਤੇ ਸ਼ਤਾਬਦੀਆਂ ਤੇ
ਬਰਬਾਦ ਕੀਤਾ ਜਾਂਦਾ ਹੈ। ਉਸ ਪੈਸੇ ਨਾਲ ਵਧੀਆਂ ਸਕੂਲ, ਹਸਪਤਾਲ ਜਾਂ ਨੌਜਵਾਨਾਂ ਲਈ ਰੁਜ਼ਗਾਰ ਦੇ
ਸਾਧਨ ਪੈਦਾ ਕੀਤੇ ਜਾਣ। ਇਹ ਪੈਸਾ ਸਿੱਖੀ ਸਰੂਪ ਵਾਲੇ ਸਿੱਖ ਨੌਜਵਾਨਾਂ ਨੂੰ ਆਈ. ਏ. ਐਸ. ਅਤੇ ਪੀ.
ਸੀ. ਐਸ. ਅਫਸਰ ਬਨਾਉਣ ਲਈ ਖਰਚਿਆ ਜਾਵੇ। ਇਸ ਪੈਸੇ ਨਾਲ ਸਿੱਖੀ ਸਰੂਪ ਵਿੱਚ ਅਹਿਮ ਪ੍ਰਾਪਤੀਆਂ ਕਰਨ
ਵਾਲੇ ਨੌਜਵਾਨਾਂ ਨੂੰ ਤਕੜੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇ। ਤੱਦ ਹੀ ਅਸੀਂ ਬਾਬੇ ਨਾਨਕ ਦੇ
ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਹ ਸੱਚਾ, ਠੰਡਾ, ਮਿੱਠਾ ਅਤੇ ਨਿਮਰਤਾ ਭਰਿਆ ਸੰਦੇਸ਼ ਦੁਨੀਆਂ ਤੱਕ
ਪਹੁੰਚਾ ਕੇ ਸਿੱਖੀ ਬਚਾ ਸਕਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰ ਸਕਦੇ ਹਾਂ।
ਜੇ ਸਿੱਖ ਕੌਮ ਦੇ ਪੁਜਾਰੀ ਨੁਮਾ ਬੇਜ਼ਮੀਰੇ ਲੋਕਾਂ ਨੇ ਸਿੱਖ ਧਰਮ ਪ੍ਰਤੀ ਮੁਨਾਸਬ ਕਦਮ ਨਾ ਚੁੱਕੇ
ਤਾਂ ਬਾਬੇ ਨਾਨਕ ਦੀ ਬਾਣੀ ਅਤੇ ਗੁਰਮਤਿ ਸ਼ਿਧਾਂਤ ਗੁਰਦੁਆਰਿਆਂ ਵਿੱਚੋਂ ਅਲੋਪ ਹੋ ਜਾਵੇਗਾ ਅਤੇ
ਸਿੱਖ ਕੌਮ ਮ਼ੁੜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਵਾਲੀ ਹਾਲਤ ਵਿੱਚ ਪਹੁੰਚ ਜਾਵੇਗੀ।
ਅੱਜ ਸਾਨੂੰ ਲੋੜ ਹੈ ਕਿ ਧਾਰਮਿਕ ਦਰਸ਼ਨ ਯਾਤਰਾ ਕੱਢਣ ਦੀ ਬਜਾਇ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜ੍ਹ
ਤੋਂ ਖ਼ਤਮ ਕਰਨ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੱਧ ਕਰਨ ਲਈ ਯਾਤਰਾ ਕੱਢਦੇ। ਨਸ਼ਿਆਂ ਨੂੰ
ਫੈਲਾਉਣ ਦੇ ਕਾਰਨ ਲੋਕ਼ਾਂ ਨੂੰ ਦੱਸੇ ਜ਼ਾਂਦੇ। ਬਾਣੀ ਨਸ਼ਿਆਂ ਦੇ ਵਿਰੁ਼ੱਧ ਹੈ। ਇਸ ਲਈ ਇਸ ਪਾਸੇ
ਜ਼ਿਆਦਾ ਤਵੱਜੋਂ ਦਿਤੀ ਜਾਣੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਨੂੰ ਜਰੂਰਤ ਸੀ ਪਤਿਤਪੁਣੇ ਦੇ ਵਿਰੁੱਧ
ਯਾਤਰਾ ਕੱਢਦੀ। ਸਿੱਖੀ ਸਿਧਾਂਤਾਂ ਤੋਂ ਦੂਰ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ
ਲਈ ਪਿੰਡ ਪੱਧਰ ‘ਤੇ ਯਾਤਰਾ ਲਿਜਾਣੀ ਚਾਹੀਦੀ ਸੀ। ਇੱਕ ‘ਅੰਮ੍ਰਿਤ ਛਕੋ ਅਤੇ ਗੁਰੂ ਨਾਲ ਜੁੜੋ’
਼ਯਾਤਰਾ ਕੱਢਣੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਨੂੰ ਇੱਕ ਹੋਰ ਬ਼ੜੀ ਅਹਿਮ ਯਾਤਰਾ ਕੱਢਣੀ ਚਾਹੀਦੀ
ਸੀ ਜੋ ਸਿੱਖ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਵੀ
ਉਹਨਾਂ ਨੂੰ ਸਰਕਾਰ ਵਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਸਬੰਧ ਬਾਰੇ ਲੋਕਾਂ ਨੂੰ ਜਾਗ੍ਰਤ ਕਰਨ
ਲਈ ਯਾਤਰਾ ਕੱਢਦੀ ਅਤੇ ਉਹਨਾਂ ਸਿੱਖਾਂ ਨੂੰ ਰਿਹਾ ਕਰਨ ਤੱਕ ਇਹ ਼ਯਾਤਰਾ ਚੱਲਦੀ ਰਹਿੰਦੀ। ਸਿੱਖਾਂ
ਦੀ ਵੱਖਰੀ ਕੌਮ ਦਰਸਾਉਣ ਲਈ ਸੰਵਿਧਾਨ ਦੀ 25 ਧਾਰਾਂ ਨੂੰ ਖ਼ਤਮ ਕਰਨ ਲਈ ਯਾਤਰਾ ਕੱਢ ਕੇ ਲੋਕਾਂ ਨੂੰ
ਜਾਗ੍ਰਤ ਕਰਦੀ। ਯਾਤਰਾ ਕੱਢਣੀ ਚਾਹੀਦੀ ਸੀ ਖੁੰਬਾਂ ਵਾਂਗ ਪੈਦਾ ਹੋਏ ਡੇਰਿਆਂ ਅਤੇ ਸਾਧਾਂ-ਸੰਤਾਂ
ਦੇ ਵਿਰੁੱਧ ਜੋ ਗੁਰਮਤਿ ਨੂੰ ਢਾਅ ਲਾ ਕੇ ਲੋਕਾਂ ਨੂੰ ਭੰਬਲਭੂਸਿਆਂ ਵਿੱਚ ਪਾ ਕੇ ਐਂਸ਼ ਕਰ ਰਹੇ ਹਨ।
ਅੱਜ ਲੋਕਾਈ ਫਿਰ ਵਹਿਮਾਂ-ਭਰਮਾਂ ਵਿੱਚ ਫਸੀ ਜਾ ਰਹੀ ਹੈ। ਇਸ ਲਈ ਬਾਬੇ ਨਾਨਕ ਦੇ ਸਿਧਾਂਤ ਨੂੰ
ਲੋਕਾਂ ਤੱਕ ਪਹੁੰਚਾਉਣ ਲਈ ਗੁਰਬਾਣੀ ਦੇ ਛੋਟੇ ਸਟੀਕ ਛਾਪ ਕੇ ਪਿੰਡ-ਪਿੰਡ ਜਾ ਕੇ ਲੋਕਾਂ ਵਿੱਚ
ਮੁਫ਼ਤ ਵੰਡਦੀ। ਸਵਾਦਲੇ ਪਦਾਰਥਾਂ ਦੇ ਲੰਗਰ ਲਗਾਉਣ ਦੀ ਬਜਾਇ ਗੁਰਬਾਣੀ ਦੇ ਕਿਤਾਬਚੇ ਵੰਡਣ ਦੇ ਲੰਗਰ
ਲਗਾਉਦੀ। ਪਰ ਅਜਿਹੇ ਕਾਰਜਾਂ ਵਿੱਚ ਕਿਸੇ ਨੂੰ ਚੌਧਰ ਨਹੀਂ ਸੀ ਮਿਲਣੀ ਸਗੋਂ ਨਿਸ਼ਕਾਮ ਸੇਵਾ ਕਰਨੀ
ਪੈਣੀ ਸੀ ਇਸ ਕਰਕੇ ਨਾ ਤਾਂ ਲੋਕਾਂ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਕੋਈ ਧਿਆਨ ਹੈ। ਇਸ ਦਾ ਅਰਥ ਹੈ
ਕਿ ਅਸੀਂ ਨੈਤਿਕ ਅਤੇ ਸਦਾਚਾਰਕ ਤੌਰ ‘ਤੇ ਕੁੱਝ ਕਰਨ ਤੋਂ ਕੰਨੀ ਕਤਰਾਉਂਦੇ ਹਾਂ। ਇਸ ਲਈ ਇਹ ਸਿੱਖ
ਧਰਮ ਦੇ ਪਤਨ ਦਾ ਕਾਰਨ ਬਣੇਗੀ।
ਪਿੰਡ ਮਾਨਾਂਵਾਲੀ ਤਹਿਸੀਲ ਫਗਵਾੜਾ (ਕਪੂਰਥਲਾ)
ਮੋਬਾਇਲ 88728-54500