ਏਕੋ ਹੈ ਭਾਈ ਏਕੋ ਹੈ
ਸਤਿੰਦਰਜੀਤ ਸਿੰਘ
ਇਸ ਸੰਸਾਰ ਅੰਦਰ ਸਭ ਨਾਲੋਂ ਜ਼ਿਆਦਾ ਲੁੱਟ ਰੱਬ ਦੇ ਨਾਮ ‘ਤੇ ਹੋ ਰਹੀ ਹੈ,
ਖਾਸ ਕਰ ਕੇ ਭਾਰਤਵਰਸ਼ ਦੇ ਲੋਕਾਂ ਨੂੰ ‘ਰੱਬ’ ਦੇ ਨਾਮ ਹੇਠ ਜਿਵੇਂ ਮਰਜ਼ੀ ਬੁੱਧੂ ਬਣਾ ਲਵੋ, ਜਿਵੇਂ
ਮਰਜ਼ੀ ਵਰਤ ਲਵੋ, ਉਹ ਆਪਣਾ-ਆਪ ਲੁਟਾ ਦਿੰਦੇ ਹਨ, ਇਸੇ ਕਰ ਕੇ ਕੁੱਝ ਚਾਲਾਕ ਸਾਧਾਂ ਨੇ ਆਪਣੇ-ਆਪ
ਨੂੰ ਸੰਸਾਰ ਵਿੱਚ ‘ਬ੍ਰਹਮਗਿਆਨੀ’ ਵਜੋਂ ਸਥਾਪਿਤ ਕਰ ਲਿਆ ‘ਤੇ ਉਹ ਲੋਕਾਂ ਨੂੰ ਵੱਖੋ-ਵੱਖ ਤਰੀਕਿਆਂ
ਨਾਲ ਲੁੱਟ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਸਮਝਾਇਆ ਕਿ ਉਹ ਪ੍ਰਮਾਤਮਾ ‘ਇੱਕ’ ਹੈ ਅਤੇ
ਕਿਤੇ ਬਾਹਰ ਨਹੀਂ, ਉਹ ਤਾਂ ਮਨੁੱਖ ਦੇ ਅੰਦਰ ਹੀ ਹੈ, ਉਹਨੂੰ ਲੱਭਣ ਲਈ ਜੰਗਲਾਂ, ਪਰਬਤਾਂ ਆਦਿ ‘ਤੇ
ਜਾ ਕੇ ਸਮਾਧੀਆਂ ਲਗਾਉਣ ਦਾ ਕੋਈ ਲਾਭ ਨਹੀਂ:
ਤਿਲੰਗ ਮਃ ੧ ॥
ਇਆਨੜੀਏ ਮਾਨੜਾ ਕਾਇ ਕਰੇਹਿ ॥
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
{ਪੰਨਾ 722}
ਭਾਵ ਕਿ ਹੇ ਬਹੁਤ ਅਣਜਾਣ (ਇਆਨੜੀਏ) ਜਿੰਦੇ, ਤੂੰ ਐਨਾ ਕੋਝਾ ਮਾਣ ਕਿਉਂ
ਕਰਦੀ ਹੈਂ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿੱਚ ਹੈ, ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ
ਨਹੀਂ ਮਾਣਦੀ? ਹੇ ਭੋਲੀ ਜੀਵ-ਇਸਤ੍ਰੀਏ, ਪਤੀ-ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵੱਸ ਰਿਹਾ ਹੈ,
ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ,
ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ-ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ, ਪ੍ਰਭੂ
ਦੇ ਪਿਆਰ ਦਾ ਹਾਰ-ਸਿੰਗਾਰ ਕਰ।
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥
{ਪੰਨਾ 1191}
ਭਾਵ ਕਿ ਗੁਰੂ ਨੇ ਮੈਨੂੰ ਇੱਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ
ਆਪਣਾ ਸਾਰਾ ਸਰੀਰ ਖੋਜਿਆ ਹੈ ਅਤੇ ਗੁਰੂ ਦੀ ਮਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿੱਚ ਹੀ
ਪਰਮਾਤਮਾ ਨੂੰ ਲੱਭ ਲਿਆ ਹੈ। ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ-ਢੂੰਢ ਕੇ
ਆਤਮਿਕ ਮੌਤ ਸਹੇੜ ਲੈਂਦੇ ਹਨ ।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
{ਪੰਨਾ 1378}
ਭਾਵ ਕਿ ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀ ਲਾਭ ਹੈ? ਜੰਗਲ ਵਿੱਚ
ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ
ਕੀ ਫ਼ਾਇਦਾ?
ਗੁਰੂ ਸਾਹਿਬ ਨੇ ‘ਸ਼ਬਦ ਗੁਰੂ’ ਦਾ ਖਜ਼ਾਨਾ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ
ਵਿੱਚ ਸਮਾਜ ਨੂੰ ਬਖਸ਼ਿਸ਼ ਕੀਤਾ ਪਰ ਲੋਕਾਂ ਨੇ ਇਸ ‘ਗੁਰੂ’ ਨੂੰ ਨਹੀਂ ਸਮਝਿਆ ਸਗੋਂ ਅਖੌਤੀ
‘ਬ੍ਰਹਮਗਿਆਨੀਆਂ’ ਪਿੱਛੇ ਲੱਗ ਤੁਰੇ। ਗੁਰਬਾਣੀ ਸਮਝਾ ਰਹੀ ਹੈ ਕਿ ‘ਬ੍ਰਹਮਗਿਆਨੀ’ ਇੱਕ ਹੈ ‘ਤੇ ਉਹ
ਖੁਦ ‘ਪ੍ਰਮਾਤਮਾ’ ਦੇਖੋ:
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ {ਪੰਨਾ
273}
ਪਰ ਅਸੀਂ ਲੋਕਾਂ ਨੇ ਸੱਚੇ ਗੁਰੂ ਨੂੰ ਸਮਝਣ ਦੀ ਥਾਂ ਅਖੌਤੀ ਡੇਰੇਦਾਰਾਂ
ਨੂੰ ਵੱਧ ਸੱਚਾ ਸਮਝਿਆ ‘ਤੇ ਉਹਨਾਂ ਨੂੰ ਪ੍ਰਮਾਤਮਾ ਬਣਾ ਪੂਜਣਾ ਸ਼ੁਰੂ ਕਰ ਦਿੱਤਾ। ਹੁਣ ਸਿੱਖ
ਡੇਰਿਆਂ ਦੇ ਸਿੱਖ ਬਣੇ ਫਿਰਦੇ ਹਨ, ਬਾਬਿਆਂ ਪਿੱਛੇ ਲੜਾਈਆਂ ਹੁੰਦੀਆਂ ਹਨ, ਅੱਗਾਂ ਲਗਦੀਆਂ ਹਨ ‘ਤੇ
ਜਾਨਾਂ ਜਾਂਦੀਆਂ ਹਨ। ਗੁਰਬਾਣੀ ਵਿੱਚੋਂ ਸਮਝ ਪੈਂਦੀ ਹੈ ਕਿ ਪ੍ਰਮਾਤਮਾ ਇੱਕ ਹੀ ਹੈ, ਉਸ ਵਰਗਾ ਕੋਈ
ਹੋਰ ਨਹੀਂ:
ਆਸਾ ਮਹਲਾ ੧ ॥
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥
ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
{ਪੰਨਾ 350}
ਭਾਵ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਹੇ ਭਾਈ! ਪਰਮਾਤਮਾ ਹੀ ਸਾਡਾ
ਇੱਕੋ-ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇੱਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ। ਜਗਤ
ਵਿੱਚ ਇਹ ਜਿੰਨਾ ਬੋਲਣਾ ‘ਤੇ ਸੁਣਨਾ ਹੈ, ਇਹ ਸਾਰੀ ‘ਤੇਰੇ’ ਹੀ ਸਦਕਾ ਹੈ, ਇਹ ਜਿਤਨਾ ਦਿੱਸਦਾ
ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ, ਸਾਰੇ ਜੀਵਾਂ ਦੀ ਤੂੰ ਆਪ ਹੀ ਜ਼ਿੰਦਗੀ ਹੈਂ। ਪ੍ਰਮਾਤਮਾ
ਤੋਂ ਬਿਨ੍ਹਾਂ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਬਾਰੇ ਮੈਂ ਆਖ ਸਕਾਂ ਕਿ ਇਹ ਹਸਤੀ ਪ੍ਰਮਾਤਮਾ
ਦੇ ਬਰਾਬਰ ਦੀ ਹੈ।
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਿਸ ਪ੍ਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ
ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਉਹ ਕਰਤਾਰ ਤਾਂ ਕਿਸੇ
ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਪ੍ਰਭੂ ਦੇ ਘਰ ਵਿੱਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ
ਘਰ ਵਿੱਚ ਜਗਤ ਦੇ ਸਾਰੇ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿੱਚ ਭੰਡਾਰੇ ਭਰੇ ਪਏ ਹਨ, ਉਸ ਦਾ
ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ:
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥
ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥
ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥
ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥
ਮੇਰੇ ਮਨ ਜਪੀਐ ਹਰਿ ਭਗਵੰਤਾ ॥
ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥
ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥
ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥
ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥
ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
{ਪੰਨਾ 639}
ਗੁਰੂ ਅਮਰਦਾਸ ਸਾਹਿਬ ਆਖ ਰਹੇ ਹਨ ਕਿ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ
ਕੀਤੀ ਹੈ, ਉਹ ਹੀ ਇਸ ਦੀ ਸੰਭਾਲ ਕਰਦਾ ਹੈ, ਹੇ ਭਰਾਵੋ! ਉਸ ਇੱਕ ਨੂੰ ਸਿਮਰੋ, ਉਸ ਤੋਂ ਬਿਨ੍ਹਾਂ
ਹੋਰ ਕੋਈ ਨਹੀਂ ਹੈ।
ਮਃ ੩ ॥
ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥
ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥
{ਪੰਨਾ 1092}
ਅੱਜਕੱਲ੍ਹ ਹਰ ਕੋਈ ਆਪਣੇ-ਆਪਣੇ ਬਾਬੇ ਨੂੰ ਆਪਣਾ ਰਖਵਾਲਾ ਸਮਝਦਾ ਹੈ, ਉਸ
ਕੋਲੋਂ ਹੀ ਸਭ ਸੁੱਖ ਮੰਗਦਾ ਹੈ ਪਰ ਗੁਰੂ ਸਾਹਿਬ ਆਖ ਰਹੇ ਹਨ ਕਿ ਪ੍ਰਮਾਤਮਾ ਹੀ ਸਭ ਦਾ ਰਖਵਾਲਾ
ਹੈ:
ਪਰਮੇਸਰੁ ਆਪਿ ਹੋਆ ਰਖਵਾਲਾ ॥
{ਪੰਨਾ 622}
ਸਮਾਜ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪੂਰਨ ਅਤੇ ਸਰਬ-ਸ਼੍ਰੇਸ਼ਟ
ਮਾਰਗ-ਦਰਸ਼ਕ ਹੈ, ਇਸ ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ ਅਖੌਤੀ ਡੇਰੇਦਾਰਾਂ ਦੀ ਲੁੱਟ ਤੋਂ ਤਾਂ ਬਚਿਆ
ਹੀ ਜਾ ਸਕਦਾ ਹੈ ਪਰ ਨਾਲ ਹੀ ਜੀਵਨ ਵੀ ਸਰਲ ਅਤੇ ਸਚਿਆਰਾ ਬਣ ਸਕਦਾ ਹੈ। ਜੇ ਹਰ ਕੋਈ ਆਪ ਬਾਣੀ
ਪੜ੍ਹੇ ਅਤੇ ਵਿਚਾਰੇ, ਜੀਵਨ ਵਿੱਚ ਅਪਣਾਵੇ ਤਾਂ ਪ੍ਰਮਾਤਮਾ ਵਾਲੇ ਗੁਣਾਂ ਦਾ ਧਾਰਨੀ ਬਣ ਕੇ
ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।