ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਬਾਰਹ ਮਾਹ ਦਾ ਵਿਹਾਰਕ ਪੱਖ
ਭਾਗ ਪਹਿਲਾ
ਬਾਰਹ ਮਾਂਹ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਤੇ ਮਾਝ ਰਾਗ
ਵਿੱਚ ਗੁਰੁ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ। ਇੰਜ
ਲੱਗਦਾ ਹੈ ਕਿ ਮਾਝ ਰਾਗ ਵਿੱਚ ਬਾਰਹ ਮਾਂਹ ਦੀ ਸ਼ਬਦਾਵਲੀ ਆਮ ਬੋਲ-ਚਾਲ ਵਾਲੀ ਹੋਣ ਕਰਕੇ ਜ਼ਿਆਦਾ ਸਰਲ
ਹੈ ਤੇ ਤੁਖਾਰੀ ਰਾਗ ਦੀ ਸ਼ਬਦਾਵਲੀ ਆਮ ਬੋਲ-ਚਾਲ ਵਾਲੀ ਨਾ ਹੋਣ ਕਰਕੇ ਕਠਨ ਲੱਗਦੀ ਹੈ। ਪ੍ਰੋਫੈਸਰ
ਸਾਹਿਬ ਸਿੰਘ ਜੀ ਨੇ ਬਾਂਰਰਹ ਮਾਂਹ ਦੇ ਸਬੰਧੀ ਬੜਾ ਪਿਆਰਾ ਲਿਖਿਆ ਹੈ—
ਆਪਣੇ ਦੇਸ ਦੇ ‘ਲੋਕ-ਗੀਤਾਂ` ਨੂੰ ਗਹੁ
ਨਾਲ ਵੇਖੋ, ਜੀਵਨ-ਪੰਧ ਦੀ ਹਰੇਕ ਝਾਕੀ ਨਾਲ ਸੰਬੰਧ ਰੱਖਦੇ ਹਨ—ਘੋੜੀਆਂ, ਸੁਹਾਗ, ਕਾਮਣ,
ਸਿੱਠਣੀਆਂ, ਛੰਦ, ਗਿੱਧਾ, ਲਾਵਾਂ ਤੇ ਅਲਾਹਣੀਆਂ ਆਦਿਕ ਹਰੇਕ ਕਿਸਮ ਦੇ ‘ਗੀਤ` ਮਿਲਦੇ ਹਨ। ਰੁੱਤਾਂ
ਦੇ ਬਦਲਣ ਤੇ ਭੀ ਨਵੀਆਂ-ਨਵੀਆਂ ਰੁੱਤਾਂ ਦੇ ਨਵੇਂ ਨਵੇਂ ‘ਲੋਕ-ਗੀਤ`, ਹੋਲੀਆਂ ਸਾਂਵਿਆਂ ਆਦਿਕ ਦੇ
ਗੀਤ। ਇਸੇ ਤਰ੍ਹਾਂ ਕਵੀਆਂ ਨੇ ਦੇਸ-ਵਾਸੀਆਂ ਦੇ ਜੀਵਨ ਵਿੱਚ ਨਵੇਂ ਨਵੇਂ ਹੁਲਾਰੇ ਪੈਦਾ ਕਰਨ ਲਈ
‘ਵਾਰਾਂ`, ਸਿ-ਹਰਫ਼ੀਆਂ ਤੇ ‘ਬਾਰਹਮਾਹ` ਪੜ੍ਹਨ ਸੁਣਨ ਦਾ ਰਿਵਾਜ ਪੈਦਾ ਕਰ ਦਿੱਤਾ।
ਗੁਰੂ ਨਾਨਕ ਦੇਵ ਜੀ ਨੇ ਦੇਸ ਵਿੱਚ ਇੱਕ ਨਵਾਂ ਜੀਵਨ ਪੈਦਾ ਕਰਨਾ ਸੀ।
ਵਾਰਤਕ ਨਾਲੋਂ ਕਵਿਤਾ ਵਧੀਕ ਖਿੱਚ ਪਾਂਦੀ ਹੈ। ਕਵਿਤਾ ਦੇ ਜੋ ਛੰਦ ਪੰਜਾਬ ਵਿੱਚ ਵਧੀਕ ਪਰਚਲਤ ਸਨ,
ਸਤਿਗੁਰੂ ਜੀ ਨੇ ਉਹੀ ਵਰਤੇ। ਸਤਿਗੁਰੂ ਜੀ ਨੇ ਇੱਕ ‘ਬਾਰਹਮਾਹ` ਭੀ ਲਿਖਿਆ ਜੋ ਤੁਖਾਰੀ ਰਾਗ ਵਿੱਚ
ਦਰਜ ਹੈ। ਗੁਰੂ ਅਰਜਨ ਸਾਹਿਬ ਨੇ ਭੀ ਇੱਕ ‘ਬਾਰਹਮਾਹ` ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਝ
ਰਾਗ ਵਿੱਚ ਦਰਜ ਕੀਤਾ। ਪਰ ਇਹਨਾਂ ਦੋਹਾਂ ‘ਬਾਰਹਮਾਹਾਂ` ਦਾ ਸੂਰਜ ਦੀ ‘ਸੰਗ੍ਰਾਂਦ` ਨਾਲ ਕੋਈ
ਸੰਬੰਧ ਨਹੀਂ ਸੀ ਰੱਖਿਆ ਗਿਆ। ਇਹ ਤਾਂ ਦੇਸ ਵਿੱਚ ਪਰਚਲਤ ‘ਕਾਵਿ ਛੰਦਾਂ` ਵਿਚੋਂ ਇੱਕ ਕਿਸਮ ਸੀ।
ਸਾਰੀ ਬਾਣੀ ਵਿੱਚ ਕਿਤੇ ਕੋਈ ਐਸਾ ਬਚਨ ਨਹੀਂ ਮਿਲਦਾ, ਜਿਥੇ ਸਤਿਗੁਰੂ ਜੀ ਨੇ ਸਾਧਾਰਨ ਦਿਨਾਂ
ਵਿਚੋਂ ਕਿਸੇ ਇੱਕ ਖ਼ਾਸ ਦਿਨ ਦੇ ਚੰਗਾ ਜਾਂ ਮੰਦਾ ਹੋਣ ਦਾ ਵਿਤਕਰਾ ਦੱਸਿਆ ਹੋਵੇ।
ਪਹਿਲੀ ਸਟੇਜ ਹੈ ਗੁਰਬਾਣੀ ਪੜ੍ਹਨੀ ਜਾਂ ਸੁਣਨੀ। ਦੂਜੀ ਸਟੇਜ ਹੈ ਗੁਰਬਾਣੀ
ਦੀ ਵਿਚਾਰ ਨੂੰ ਸਮਝਣਾ ਅਤੇ ਸਮਝਾਉਣਾ। ਤੀਜੀ ਸਟੇਜ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਤਥਾ
ਸਮਾਜ ਵਿੱਚ ਢਾਲਣਾ ਦੀ ਹੈ। ਫਿਰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਸ ਮਹਾਨ ਉਪਦੇਸ਼ ਅਨੁਸਾਰੀ ਹੋ
ਕੇ ਚੱਲਣਾ ਹੈ।
ਕਈ ਵਿਦਵਾਨ, ਰਾਗੀ, ਪ੍ਰਚਾਰਕ ਤਥਾ ਸਾਧ ਲਾਣਾ ਆਪਣੀ ਲੋੜ ਅਨੁਸਾਰ ਗੁਰਬਾਣੀ
ਦੇ ਅਰਥ ਕਰਦੇ ਹਨ। ਦੂਸਰਾ ਜਿਹੜਾ ਵਿਚਾਰ ਇੱਕ ਵਾਰੀ ਸਾਡੇ ਦਿਮਾਗ ਵਿੱਚ ਬੈਠ ਗਿਆ ਉਸ ਨੂੰ ਅਸੀਂ
ਬਦਲਣ ਲਈ ਤਿਆਰ ਵੀ ਨਹੀਂ ਹੁੰਦੇ। ਕਿਤੇ ਤਾਂ ਅਸੀਂ ਗੁਰਬਾਣੀ ਦੇ ਭਾਵ ਅਰਥਾਂ ਨੂੰ ਲੈਂਦੇ ਹਾਂ ਤੇ
ਕਿਤੇ ਕੇਵਲ ਅੱਖਰੀਂ ਅਰਥਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਾਂ। ਘਰਾਂ ਵਿੱਚ ਜਦੋਂ ਕੋਈ ਖੁਸ਼ੀ
ਗ਼ਮੀ ਦਾ ਸਮਾਗਮ ਹੁੰਦਾ ਹੈ ਤਾਂ ਰਾਗੀਆਂ ਨੇ ਸ਼ਬਦਾਂ ਦੇ ਅਨਰਥ ਕਰਦਿਆਂ ਪਰਵਾਰਾਂ ਨੂੰ ਖਸ਼ ਕਰਨ ਲਈ
ਸ਼ਬਦ ਪੜ੍ਹੇ ਹਨ। ਜਿਸ ਤਰ੍ਹਾਂ—
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।।
ਨਿਮਖ ਏਕ ਹਰਿ ਨਾਮੁ ਦੇਇ, ਮੇਰਾ ਮਨੁ ਤਨੁ ਸੀਤਲੁ ਹੋਇ।।
ਸਿਰੀ ਰਾਗੁ ਮਹਲਾ ੫ ਪੰਨਾ ੪੪
ਜਦ ਕਿ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਦਾ ਅਧਾਰ ਬਣਾਉਣਾ ਚਾਹੀਦਾ ਸੀ—
ਮੇਰੇ ਮਨ, ਏਕਸ ਸਿਉ ਚਿਤੁ ਲਾਇ।।
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ।। ੧।। ਰਹਾਉ।।
ਸਿਰੀ ਰਾਗੁ ਮਹਲਾ ੫ ਪੰਨਾ ੪੪
ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅਸੀਂ ਗੁਰਬਾਣੀ ਦੇ ਸਿਧਾਂਤਿਕ ਪੱਖ ਤੋਂ
ਦੂਰ ਚਲੇ ਗਏ ਹਾਂ। ਇਸ ਅਵਸਥਾ ਵਿੱਚ ਅਸੀਂ ਕਿਸੇ ਦੀ ਕੋਈ ਵੀ ਦਲੀਲ ਮੰਨਣ ਲਈ ਤਿਆਰ ਨਹੀਂ ਹੁੰਦੇ।
ਖਾਸ ਤੌਰ `ਤੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਆਤਮਾ ਦੇ ਕਲਿਆਣ ਲਈ ਉਪਾਅ,
ਆਵਾਗਉਣ, ਭੂਤ-ਪ੍ਰੇਤ, ਨਰਕ-ਸਵਰਗ, ਧਰਮਰਾਜ, ਜੰਮਣਾ ਮਰਣਾ, ਚਉਰਾਸੀ ਲੱਖ ਜੂਨਾਂ ਸਬੰਧੀ ਸ਼ਬਦ
ਗੁਰਬਾਣੀ ਦਾ ਲੈਂਦੇ ਹਾਂ ਤੇ ਵਿਚਾਰ ਲੱਗ-ਪੱਗ ਗਰੜ ਪੁਰਾਣ ਦੀ ਕਰਦੇ ਹਾਂ।
ਗੁਰਬਾਣੀ ਦੋ ਦੂਣੀ ਚਾਰ ਵਾਂਗ ਤ੍ਰੈ ਕਾਲ ਸੱਚ ਹੈ, ਪਰ ਗੁਰਬਾਣੀ ਦੇ ਅਰਥਾਂ
ਵਿੱਚ ਸਮੇਂ ਸਮੇਂ ਵਿਕਾਸ ਹੋਇਆ ਹੈ। ਇਹ ਵਿਕਾਸ ਹੁੰਦਾ ਰਹੇਗਾ ਤੇ ਹੋਣਾ ਵੀ ਚਾਹੀਦਾ ਹੈ। ਯਤਨ ਇਹ
ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਤਥਾ ਗੁਰਬਾਣੀ ਦਾ ਸਿਧਾਂਤਿਕ ਪੱਖ ਦੁਨੀਆਂ
ਸਾਹਮਣੇ ਰੱਖਿਆ ਜਾਏ। ਦੂਜਾ ਗੁਰਬਾਣੀ ਵਿਚਾਰ ਸਾਡੇ ਜੀਵਨ ਤੇ ਲਾਗੂ ਹੋਣਾ ਚਾਹੀਦਾ ਹੈ। ਸਮੇਂ ਸਮੇਂ
ਗੁਰਬਾਣੀ ਦੇ ਅਰਥ ਬੋਧ ਦੀ ਵਿਚਾਰ ਹੁੰਦੀ ਰਹੀ ਹੈ ਤੇ ਹੁੰਦੀ ਰਹੇਗੀ। ਗੁਰਬਾਣੀ ਵਿਚਾਰ `ਤੇ ਜਦੋਂ
ਵੀ ਕੋਈ ਨਵਾਂ ਵਿਚਾਰ ਆਇਆ ਹੈ ਤਾਂ ਓਦੋਂ ਹੀ ਪੁਰਾਣੀ ਸੋਚ ਨੇ ਵਿਰੋਧ ਕੀਤਾ ਹੈ। ਇਸ ਦਾ ਇਕੋ ਹੀ
ਮਕਸਦ ਸੀ ਕਿ ਜੇ ਨਵੀਂ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕ ਸਾਨੂੰ ਝੂਠਾ ਕਹਿਣਗੇ ਕਿ
ਤੁਸੀਂ ਹੁਣ ਤੱਕ ਝੂਠ ਹੀ ਬੋਲਦੇ ਰਹੇ ਹੋ। ਬਹੁਤੇ ਵਿਦਵਾਨ ਆਪਣੀ ਧਾਰਨਾ ਨੂੰ ਬਦਲਣ ਲਈ ਤਿਆਰ ਨਹੀਂ
ਹੁੰਦੇ। ਅੱਜ ਸੰਸਾਰ ਨਵੀਆਂ ਬਲੰਦੀਆਂ ਨੂੰ ਛੋਹ ਰਿਹਾ ਹੈ। ਬੱਚੇ ਨਿੱਤ ਨਵੀਂ ਸੋਚ ਨਾਲ ਜੁੜ ਰਹੇ
ਹਨ। ਅਸੀਂ ਅਜੇ ਤੱਕ ਆਪਣਾ ਮੀਡੀਆ ਵੀ ਨਹੀਂ ਸਥਾਪਿਤ ਕਰ ਸਕੇ। ਅੱਜ ਦੇ ਤੇਜ਼ ਤਰਾਰ ਜੀਵਨ ਵਿੱਚ
ਸਿੱਖ ਕੌਮ ਬੱਚਿਆਂ ਦੇ ਪੱਧਰ ਦਾ ਕੌਮੀ ਤੇ ਸਿਧਾਂਤਿਕ ਸਾਹਿਤ ਨਹੀਂ ਪੈਦਾ ਕਰ ਸਕੀ। ਦੂਰ ਅੰਦੇਸ਼ੀ
ਤੋਂ ਕੰਮ ਨਾ ਲੈਂਦਿਆਂ ਹੋਇਆ ਅਗੂਆਂ ਨੇ ਵੀ ਰਾਜਸੀ ਸਤਾ ਪ੍ਰਾਪਤ ਕਰਕੇ ਵੀ ਆਪਣੀ ਕੌਮ ਦੇ ਮੁਦਿਆਂ
ਦੀ ਜਾਂ ਸਿੱਖ ਸਿਧਾਂਤ ਦੀ ਗੱਲ ਨਹੀਂ ਕੀਤੀ।
ਜਿਹੜੀਆਂ ਮੀਡੀਏ ਰਾਂਹੀ ਵਿਚਾਰਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ
ਸੱਤਰ ਪ੍ਰਤੀਸ਼ੱਤ ਸਨਾਤਨੀ ਮਤ ਦੀ ਪੁੱਠ ਚੜ੍ਹੀ ਹੋਈ ਹੈ। ਸਮਾਜ ਵਲ ਨਿਗਾਹ ਮਾਰ ਕੇ ਦੇਖੀਏ ਤਾਂ ਸਾਫ਼
ਸਪੱਸ਼ਟ ਪਤਾ ਚਲਦਾ ਹੈ ਕਿ ਸਾਡੇ ਸਮਾਜਿਕ, ਧਾਰਮਿਕ, ਰਾਜਨੀਤਿਕ ਤਥਾ ਸਾਡੇ ਨੱਜੀ ਕਾਰਜ ਸਿੱਖ
ਸਿਧਾਂਤ ਦੇ ਵਿਰੋਧ ਵਾਲੇ ਹੁੰਦੇ ਹਨ।
ਗੁਰਬਾਣੀ ਦਾ ਵਿਹਾਰਕ ਪੱਖ ਪੇਸ਼ ਕਰਨ ਦੀ ਥਾਂ `ਤੇ ਰੱਬ ਜੀ ਨੂੰ ਲੱਭਣ ਲਈ
ਜ਼ਫ਼ਰ ਜਾਲਦੇ ਦਿਖਾਈ ਦੇ ਰਹੇ ਹਾਂ। ਸਾਰੀ ਸਾਧ ਸ਼੍ਰੇਣੀ ਨੇ ਵਿਹਾਰਕ ਪੱਖ ਪੇਸ਼ ਕਰਨ ਦੀ ਥਾਂ `ਤੇ ਇਹ
ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੋਇਆ ਕਿ ਸਾਡੇ ਬਾਬਾ ਜੀ ਤਾਂ ਬਹੁਤ ਹੀ ਕਠਨ ਤਪੱਸਿਆ ਕਰ ਰਹੇ ਹਨ
ਤੇ ਏਸੇ ਨਾਲ ਹੀ ਮਨੁੱਖਤਾ ਦਾ ਭਲਾ ਹੋਣਾ ਹੈ। ਅੱਧੀ ਸਦੀ ਸਾਧਾਂ ਦੀਆਂ ਜਬਲ਼ੀਆਂ ਸੁਣਦਿਆਂ ਹੋ ਗਈ
ਹੈ। ਡੇਰਵਾਦ ਬਿਰਤੀ ਤਥਾ ਸਾਧੜਿਆ ਨੇ ਸਿੱਖ ਕੌਮ ਦਾ ਮੂੰਹ ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ
ਹੈ। ਸਰੀਰ ਕਰਕੇ ਤੇ ਨਾਂ ਤਾਂ ਰੱਬ ਜੀ ਨੂੰ ਲੱਭਿਆ ਜਾ ਸਕਦਾ ਹੈ ਤੇ ਨਾ ਗੁਰੂ ਜੀ ਨੇ ਪ੍ਰਗਟ ਹੋਣਾ
ਹੈ ਪਰ ਇਹਨਾਂ ਦੇ ਲੀਹੋਂ ਲੱਥੇ ਪਰਚਾਰ ਨੇ ਸਿਖ ਕੌਮ ਨੂੰ ਭੋਰਿਆਂ ਤੇ ਮਾਲਾ ਘਮਾਉਣ ਦਾ ਮੁਥਾਜ ਬਣਾ
ਕਿ ਰੱਖ ਦਿੱਤਾ ਹੈ।
ਅੱਜ ਸਿੱਖੀ ਦੇ ਪਰਚਾਰ ਵਿੱਚ ਇਹ ਦੋਵੇਂ ਗੱਲਾਂ ਭਾਰੂ ਹਨ। ਬਹੁਤ ਸਾਰੀ
ਦੁਨੀਆਂ ਰੱਬ ਜੀ ਨੂੰ ਲੱਭਣ ਲਈ ਤੁਰੀ ਫਿਰਦੀ ਨਜ਼ਰ ਆ ਰਹੀ ਹੈ। ਰੱਬ ਜੀ ਨੂੰ ਲੱਭਣ ਲਈ ਡੇਰਿਆਂ
ਵਿੱਚ ਐਸ਼ ਕਰਦੇ ਬਾਬਿਆਂ ਪਾਸੋਂ ਪੁੱਿਛਆ ਜਾ ਰਿਹਾ ਹੈ ਕਿ ਬਾਬਾ ਜੀ ਅਸੀਂ ਰੱਬ ਨੂੰ ਮਿਲਣਾ ਹੈ। ਇਹ
ਤੇ ਏਦਾਂ ਹੈ ਜਿਵੇਂ ਕਿਸੇ ਦੀ ਸੂਈ ਘਰ ਵਿੱਚ ਗਵਾਚੀ ਹੋਵੇ ਤੇ ਉਹ ਲੱਭ ਰਿਹਾ ਹੋਵੇ ਰਾਤ ਨੂੰ
ਸਰਕਾਰੀ ਰੋਸ਼ਨੀ ਦੀ ਲੋਅ ਵਿਚੋਂ। ਕਿਸੇ ਨੇ ਪੁੱਛਿਆ ਚੱਲ ਰਹੀ ਸੜਕ ਤੋਂ ਕੀ ਲੱਭਦਾ ਫਿਰਦਾ ਏਂ ਤਾਂ
ਅੱਗੋਂ ਉੱਤਰ ਮਿਲਦਾ ਹੈ ਕਿ ਮੇਰੀ ਸੂਈ ਘਰ ਵਿੱਚ ਗਵਾਚ ਗਈ ਸੀ ਪਰ ਘਰ ਵਿੱਚ ਚਾਨਣ ਨਹੀਂ ਹੈ ਇਸ ਲਈ
ਸੜਕ `ਤੇ ਬਲਬ ਜਗ ਰਿਹਾ ਹੈ ਮੈਂ ਸੋਚਿਆ ਏੱਥੋਂ ਹੀ ਸੂਈ ਲੱਭ ਲਵਾਂ। ਰੱਬ ਜੀ ਸਾਡੇ ਮਨ ਵਿੱਚ ਹਨ
ਪਰ ਅਸੀਂ ਉਸ ਨੂੰ ਲੱਭਣ ਲਈ ਸਾਧਾਂ ਦਿਆਂ ਭੋਰਿਆਂ ਵਿੱਚ ਵੜਦੇ ਜਾ ਰਹੇ ਹਾਂ। ਉਹਨਾਂ ਵਲੋਂ ਧਰਮ ਦੇ
ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡ ਦੇ ਤਦੂੰਏ ਜਾਲ ਵਿੱਚ ਫਸ ਕੇ ਰਹਿ ਗਏ ਹਾਂ। ਗੁਰਬਾਣੀ ਵਾਕ ਹੈ-
ਘਰ ਹੀ ਮੁੰਧਿ ਵਿਦੇਸਿ ਪਿਰੁ, ਨਿਤ ਝੂਰੇ ਸੰਮ੍ਹਾਲੇ।।
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ।। ੧।।
ਸਲੋਕ ਮ: ੧ ਪੰਨਾ ੫੯੪
ਅੱਖਰੀਂ ਅਰਥ--
ਪਤੀ
ਤਾਂ ਘਰ (ਭਾਵ, ਹਿਰਦੇ) ਵਿੱਚ ਹੀ ਹੈ, (ਪਰ ਉਸ ਨੂੰ) ਪਰਦੇਸ ਵਿੱਚ (ਸਮਝਦੀ ਹੋਈ) ਕਮਲੀ ਇਸਤ੍ਰੀ
ਸਦਾ ਝੂਰਦੀ ਹੈ ਤੇ (ਉਸ ਨੂੰ) ਯਾਦ ਕਰਦੀ ਹੈ; ਜੇ ਨੀਯਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ
ਲੱਗਦੀ।
ਆਪਣਿਆਂ ਘਰਾਂ ਦੀਆਂ ਸਮੱਸਿਆਵਾਂ ਜਾਂ ਆਪਣੇ ਕੌਮੀ ਮਸਲਿਆਂ ਨੂੰ ਹੱਲ ਕਰਨ
ਦੀ ਥਾਂ `ਤੇ ਬੱਤੀਆਂ ਬੰਦ ਕਰਕੇ ਨਾਮ ਜੱਪਣਾ, ਦੁਪਹਿਰੇ-ਚੁਪਹਿਰੇ ਤੇ ਮਨ ਘੜਤ ਕਰਮ ਕਾਂਡ, ਤੀਰਥ
ਯਾਤਰਾ ਤੇ ਅਖੰਡ ਪਾਠ ਦੀਆਂ ਲੜੀਆਂ ਚਲਾ ਕੇ ਆਪਣੇ ਆਪ ਤੇ ਕੌਮ ਨੂੰ ਅੰਨ੍ਹੇ ਖੂਹ ਵਿੱਚ ਸੁੱਟ ਰਹੇ
ਹਾਂ। ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ—
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ।।
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ।। ੧।।
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ।।
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।।
ਸੋਰਠਿ ਮਹਲਾ ੫ ਪੰਨਾ ੬੪੧
ਅੱਖਰੀਂ ਅਰਥ--
ਹੇ ਭਾਈ! ਕੋਈ ਮਨੁੱਖ ਵੇਦ (ਆਦਿਕ
ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ
ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ
ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿੱਚ (ਮਨੁੱਖ) ਬੱਝ ਜਾਂਦੇ ਹਨ। ੧।
ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ
ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ
ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ
ਰਹਿੰਦਾ ਹਾਂ—ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ। ਰਹਾਉ।
ਗੁਰਬਾਣੀ ਦੀ ਵਿਚਾਰ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਸਭ ਤੋਂ ਪਹਿਲਾਂ
ਮੈਂ ਆਪਣਾ ਜੀਵਨ ਬਦਲਣਾ ਹੈ। ਭਾਵ ਗੁਰਬਾਣੀ ਪਹਿਲਾਂ ਆਪਣੇ ਜੀਵਨ ਤੇ ਲਾਗੂ ਕਰਨੀ ਹੈ। ਜਦੋਂ ਮੈਨੂੰ
ਅਸਲੀਅਤ ਦੀ ਸਮਝ ਲੱਗਦੀ ਹੈ ਤਾਂ ਫਿਰ ਇਹ ਪੱਖ ਸਮਾਜ-ਭਾਈਚਾਰੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ।
ਇਹਨਾਂ ਵਿਚਾਰਾਂ ਨੂੰ ਸਮਝਣ ਲਈ ਆਪਣੇ ਆਪ ਨੂੰ ਖੋਜਣ ਦੀ ਜ਼ਰੂਰਤ ਹੈ। ਜਿਸ ਸੰਸਾਰ ਭਾਵ ਦੁਨੀਆਦਾਰੀ
ਦੇ ਅਸੀਂ ਪਿੱਛੇ ਲੱਗੇ ਹੋਏ ਹਾਂ ਉਹ ਹੱਥ ਵਿੱਚ ਆਉਣ ਵਾਲੀ ਵਸਤੂ ਨਹੀਂ ਹੈ। ਤਿਲੰਗ ਰਾਗ ਵਿੱਚ
ਕਬੀਰ ਸਾਹਿਬ ਜੀ ਦਾ ਵਾਕ ਹੈ--
ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ।।
ਇਹ ਜੁ ਦੁਨੀਆ ਸਿਹਰੁ ਮੇਲਾ, ਦਸਤਗੀਰੀ ਨਾਹਿ।। ੧।। ਰਹਾਉ।।
ਰਾਗ ਤਿਲੰਗ ਬਾਣੀ ਕਬੀਰ ਜੀ ਕੀ ਪੰਨਾ ੭੨੭
ਅੱਖਰੀਂ ਅਰਥ--
ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ
ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿੱਚ ਨਾਹ ਭਟਕ। ਇਹ ਜਗਤ ਇੱਕ ਜਾਦੂ ਜਿਹਾ ਹੈ, ਇੱਕ
ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ
ਨਹੀਂ। ੧।
ਇਸ ਵਿਚਾਰ ਨੂੰ ਹੋਰ ਸਮਝਣ ਲਈ ਗੁਰੂ ਤੇਗ ਬਹਾਦਰ ਜੀ ਦਾ ਧਨਾਸਰੀ ਰਾਗ
ਵਿਚੋਂ ਇੱਕ ਵਾਕ ਲਵਾਂਗੇ ਕਿ ਜਿੰਨ੍ਹਾਂ ਚਿਰ ਆਪਣੇ ਮਨ ਦੀ ਖੋਜ ਨਹੀਂ ਕਰਦੇ ਓਨਾ ਚਿਰ ਸਾਡੇ ਭਰਮ
ਦੂਰ ਨਹੀਂ ਹੋ ਸਕਦੇ—
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ।।
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ।। ੨।। ੧।।
ਰਾਗ ਧਨਾਸਰੀ ਮਹਲਾ ੯ ਪੰਨਾ ੬੮੪
ਅੱਖਰੀਂ ਅਰਥ--
ਹੇ
ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ
ਸਰੀਰ ਤੋਂ) ਬਾਹਰ (ਹਰ ਥਾਂ) ਇੱਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ
ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ
ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ)। ੨।
ਗੁਰਬਾਣੀ ਨੇ ਬੜਾ ਸਿੱਧਾ ਰਸਤਾ ਸਮਝਾਇਆ ਹੈ ਕਿ ਸੰਸਾਰ ਵਿੱਚ ਰਹਿੰਦਿਆਂ
ਕਿਰਤ-ਵਿਹਾਰ ਕਰਦਿਆਂ ਹੀ ਰੱਬ ਜੀ ਨਾਲ ਮਿਲਾਪ ਹੋ ਸਕਦਾ ਹੈ। ਸ਼ਰਤ ਇਹ ਹੈ ਕਿ ਤੇਰਾ ਵਿਹਾਰ ਸਤਿ ਦੇ
ਅਧਾਰਤ ਹੋਣਾ ਚਾਹੀਦਾ ਹੈ।
ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।
ਅੱਜ ਮਿੱਤੀ ੬-੭-੧੪ ਨੂੰ ਬਾਰਹ ਮਾਂਹ ਦਾ ਵਿਹਾਰਕ ਪੱਖ ਲਿਖ ਰਿਹਾ ਸੀ ਤਾਂ
ਲਗ-ਪਗ ਇੱਕ ਘੰਟੇ ਤੋਂ ਗੁਰਦੁਆਰਾ ਸਾਹਿਬ ਵਿਚੋਂ ਕੇਵਲ ਵੈਗੁਰੂ ਵੈਗੁਰੂ ਦੀ ਹੀ ਅਵਾਜ਼ ਆ ਰਹੀ ਸੀ
ਹੁਣ ਸਮਝਿਆ ਇਹ ਜਾ ਰਿਹਾ ਹੈ ਕਿ ਸ਼ਾਇਦ ਗੁਰਦੁਆਰੇ ਆ ਕੇ ਏਦਾਂ ਨਾਮ ਜੱਪਣ ਦੀਆਂ ਧੂੜਾ ਪੁੱਟਣ ਨਾਲ
ਹੀ ਸਵਰਗ ਦੀਆਂ ਸਿੱਧੀਆਂ ਟਿਕਟਾਂ ਮਿਲ ਜਾਣਗੀਆਂ। ਕਦੇ ਕਦੇ ਵੈਗੁਰੂ ਵੈਗੁਰੂ ਕਦੇ ਕਦੇ ਗੁਰ ਗੁਰ
ਜ਼ਿਆਦਾ ਲੋਰ ਵਿੱਚ ਹੁਰਰ ਹੁਰਰ ਦੀ ਹੀ ਸਮਝ ਵਿੱਚ ਆ ਰਹੀ ਸੀ। ਨਾ ਤਾਂ ਗੁਰਬਾਣੀ ਕੀਰਤਨ ਸੀ ਤੇ ਨਾ
ਹੀ ਸ਼ਬਦ ਦੀ ਵਿਚਾਰ ਸੀ। ਏਦਾਂ ਦੇ ਸੰਸਕਾਰ ਰਚ ਕੇ ਪਤਾ ਨਹੀਂ ਅਸੀਂ ਕਿਹੜੀ ਗੁਰਮਤਿ ਦਾ ਸੁਨੇਹਾਂ
ਦੇਣ ਜਾ ਰਹੇ ਹਾਂ।
ਗੁਰਬਾਣੀ ਨਾਲ ਕੌਤਕਾਂ ਵਾਲੀਆਂ ਕਰਾਮਾਤੀ ਕਥਾ ਕਹਾਣੀਆਂ ਜੋੜ ਕੇ ਗੁਰਬਾਣੀ
ਦਾ ਵਿਹਾਰਕ ਪੱਖ ਰਹਿਣ ਹੀ ਨਹੀਂ ਦਿੱਤਾ। ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਅੱਖਾਂ ਮੀਚ ਕੇ ਧਰੂ
ਭਗਤ ਦੇ ਦੇਸ਼ ਦੀ ਸੈਰ ਕਰਕੇ ਆਏ ਹਨ, ਕੋਈ ਕਹਿੰਦਾ ਹੈ ਕਿੱਕਰਾਂ ਹਿਲਾਉਣ ਨਾਲ ਜਲੇਬੀਆਂ ਡਿੱਗਦੀਆਂ
ਹਨ। ਕੋਈ ਕਹਿੰਦਾ ਹੈ ਬਿਨਾ ਦੁੱਧ ਦੇਣ ਵਾਲੀ ਮੱਝ ਦੇ ਥੱਲੇ ਥਾਪੀ ਮਾਰ ਕੇ ਬੈਠਣ ਨਾਲ ਹੀ ਛੇਕਾਂ
ਵਾਲਾ ਗੜਵਾ ਦੁੱਧ ਨਾਲ ਭਰ ਗਿਆ ਸੀ। ਕੋਈ ਕਹਿ ਰਿਹਾ ਹੈ ਕਿ ਗੂੰਗੇ ਦੇ ਸਿਰ `ਤੇ ਖੂੰਢੀ ਰੱਖਣ ਨਾਲ
ਹੀ ਗੂੰਗਾ ਪਟਾਕ ਪਟਾਕ ਬੋਲਣ ਲੱਗ ਪਿਆ ਸੀ। ਜਨੀ ਕਿ ਜਿੰਨੇ ਮੂੰਹ ਓਨੀਆਂ ਹੀ ਮਨ ਘੜਤ ਕਹਾਣੀਆਂ
ਸਟੇਜਾਂ ਤੋਂ ਸੁਣਾਈਆਂ ਜਾ ਰਹੀਆਂ ਹਨ।
ਪਿੱਛਲੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਬਾਰਹ ਮਾਂਹ ਦਾ
ਵਿਹਾਰਕ ਪੱਖ ਲਿਖਿਆ ਜਾਏ। ਕਿਉਂਕਿ ਜ਼ਿਆਦਾਤਰ ਗੈਰ ਕੁਦਰਤੀ ਗੱਲਾਂ ਹੀ ਪੇਸ਼ ਕੀਤੀਆਂ ਜਾਂਦੀਆਂ
ਰਹੀਆਂ ਹਨ। ਅਸਲ ਵਿੱਚ ਸੱਚੇ ਵਿਹਾਰਕ ਪੱਖ ਦਾ ਪਰਗਟ ਹੋਣਾ ਹੀ ਅਧਿਆਤਮਿਕ ਪੱਖ ਹੈ। ਅਸੀਂ ਬਾਹਰਲੇ
ਪਹਿਰਾਵੇ ਨੂੰ ਧਰਮੀ ਹੋਣ ਦਾ ਅਧਿਆਤਮਿਕ ਪੱਖ ਸਮਝ ਲਿਆ ਹੈ ਤੇ ਗੁਰਬਾਣੀ ਦੇ ਮਹਾਨ ਫਲਸਫ਼ੇ ਨੂੰ
ਮੰਤਰਾਂ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ।
ਸਨਾਤਨੀ ਮਤ ਅਨੁਸਾਰ ਬਾਰ੍ਹਾਂ ਰਾਸ਼ੀਆਂ ਹਨ ਤੇ ਸੂਰਜ ਇੱਕ ਰਾਸ਼ੀ ਵਿੱਚ ਇੱਕ
ਮਹੀਨਾ ਰਹਿੰਦਾ ਹੈ। ਜਿਸ ਦਿਨ ਸੂਰਜ ਰਾਸ਼ੀ ਬਦਲਦਾ ਹੈ ਉਸ ਦੇ ਪਹਿਲੇ ਦਿਨ ਨੂੰ ਸੰਕਰਾਤ ਕਿਹਾ
ਜਾਂਦਾ ਹੈ। ਅਖੋਤੀ ਪੁਜਾਰੀਆਂ ਨੇ ਆਮ ਲੁਕਾਈ ਨੂੰ ਸਮਝਾਇਆ ਹੈ ਕਿ ਜੇ ਇਸ ਦਿਨ ਉਚੇਚੇ ਤੌਰ `ਤੇ
ਧਾਰਮਿਕ ਅਸਥਾਨਾਂ `ਤੇ ਜਾ ਕੇ ਪੂਜਾ-ਪਾਠ, ਦਾਨ-ਪੁੰਨ ਕੀਤਾ ਜਾਏ ਤਾਂ ਸਾਰਾ ਮਹੀਨਾ ਸਾਡਾ ਸੌਖਾ
ਲੰਘ ਜਾਏਗਾ। ਮਹੀਨੇ ਦਾ ਨਾਮ ਵੀ ਪੁਜਾਰੀ ਦੇ ਮੂੰਹੋਂ ਸੁਣ ਕੇ ਅਸੀਂ ਆਪਣੇ ਕਾਰੋਬਾਰ ਸ਼ੂਰੂ ਕਰਦੇ
ਹਾਂ। ਏਹੀ ਕਾਰਨ ਹੈ ਕਿ ਬੰਦਾ ਡਰਦਾ ਹੀ ਸੰਗਰਾਂਦ ਵਾਲੇ ਦਿਨ ਉਚੇਚ ਤੌਰ `ਤੇ ਧਾਰਮਿਕ ਅਸਥਾਨਾਂ
`ਤੇ ਜਾਂਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਵਹਿਮ ਵਿਚੋਂ ਸਾਨੂੰ ਬਾਰ ਕੱਢਿਆ ਹੈ ਤੇ ਸਮਝਾਇਆ ਹੈ
ਕਿ ਕੋਈ ਦਿਨ, ਤਿੱਥ, ਮਹੀਨਾ, ਵਾਰ, ਪੂਰਨਮਾਸ਼ੀ ਤੇ ਮੱਸਿਆ ਆਦਿ ਵਿਸ਼ੇਸ਼ ਨਹੀਂ ਹਨ। ਗੁਰਬਾਣੀ ਵਾਕ
ਹੈ—
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।। ੧।।
ਸਲੋਕ ਮ: ੫ ਪੰਨਾ ੩੧੮
ਅੱਖਰੀਂ ਅਰਥ--
ਹੇ
ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿੱਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ
ਜਾਂਦਾ ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ।
ਇਸ ਪ੍ਰਥਾਏ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ
ਹਨ--ਕਈ ਮਨੁੱਖ ਇਹ ਖ਼ਿਆਲ ਕਰਦੇ ਹਨ ਕਿ
‘ਸੰਗ੍ਰਾਂਦ` ਆਦਿਕ ਦਿਨ ਉਚੇਚੇ ਮਨਾਏ ਜਾਣੇ ਚਾਹੀਦੇ ਹਨ, ਤਾਂ ਜੋ ਇਸੇ ਬਹਾਨੇ ਹੀ ਉਹ ਲੋਕ ਭੀ
ਆਪਣੇ ਧਰਮ-ਅਸਥਾਨਾਂ ਤੇ ਆ ਕੇ ਕੁੱਝ ਸਮਾਂ ਸਤਸੰਗ ਵਿੱਚ ਗੁਜ਼ਾਰ ਸਕਣ ਜੋ ਅੱਗੇ-ਪਿੱਛੇ ਕਦੇ ਵਿਹਲ
ਨਹੀਂ ਕੱਢ ਸਕਦੇ। ਪਰ, ਇਹ ਖ਼ਿਆਲ ਬਹੁਤ ਹੱਦ ਤੱਕ ਕੁਰਾਹੇ ਪਾ ਦੇਂਦਾ ਹੈ, ਮਨੁੱਖ ਦਾ ‘ਅਸਲਾ` ਉਸ
ਦੇ ਨਿਰੇ ਬਾਹਰਲੇ ਕੰਮਾਂ ਤੋਂ ਜਾਚਿਆ ਨਹੀਂ ਜਾ ਸਕਦਾ। ਇੱਕ ਮਨੁੱਖ ਕਿਸੇ ਦੀਵਾਨ ਆਦਿਕ ਦੇ ਸਮੇ
ਕਿਸੇ ਧਾਰਮਿਕ ਪੰਥਕ ਕਾਰਜ ਲਈ ਰੁਪਇਆ ਦਾਨ ਕਰਦਾ ਹੈ; ਪਰ ਨਿਰੇ ਇਸ ਦਾਨ ਤੋਂ ਇਹ ਅੰਦਾਜ਼ਾ ਲਾਣਾ
ਗ਼ਲਤ ਹੈ ਕਿ ਇਹ ਮਨੁੱਖ ਮਨੁੱਖਤਾ ਦੇ ਮਾਪ ਵਿੱਚ ਪੂਰਾ ਉਤਰ ਪਿਆ ਹੈ। ਹੋ ਸਕਦਾ ਹੈ ਕਿ ਉਹ ਧਨਾਢ
ਮਨੁੱਖ ਲੋਕਾਂ ਵਿੱਚ ਸਿਰਫ਼ ਸੋਭਾ ਖੱਟਣ ਦੀ ਖ਼ਾਤਰ ਤੇ ਚੌਧਰੀ ਬਣਨ ਦੀ ਖ਼ਾਤਰ ਇਹ ਦਾਨ ਕਰਦਾ ਹੋਵੇ,
ਤੇ ਇਸ ਤਰ੍ਹਾਂ ਇਹ ਦਾਨ ਉਸ ਦੀ ਹਉਮੈ ਨੂੰ ਵਧਾਈ ਜਾਂਦਾ ਹੋਵੇ, ਤੇ ਇਨਸਾਨੀਅਤ ਤੋਂ ਉਸ ਨੂੰ ਗਿਰਾਈ
ਜਾਂਦਾ ਹੋਵੇ। ‘ਦਾਨ` ਆਦਿਕ ਧਾਰਮਿਕ ਕੰਮ ਦਾ ਅਸਰ ਮਨੁੱਖ ਦੇ ਜੀਵਨ ਉਤੇ ਉਹੋ ਜਿਹਾ ਹੀ ਪੈ ਸਕਦਾ
ਹੈ ਜੈਸੀ ਉਸ ਕੰਮ ਦੇ ਕਰਨ ਵੇਲੇ ਉਸ ਦੀ ਨੀਅਤ ਹੋਵੇ।
ਜਦੋਂ ਮਨੁੱਖ ਕਿਸੇ ‘ਸੰਗ੍ਰਾਂਦ` ਆਦਿਕ ਨੂੰ ਇੱਕ ਉਚੇਚਾ ਭਾਗਾਂ ਵਾਲਾ ਸ਼ੁਭ
ਦਿਹਾੜਾ ਸਮਝਦਾ ਹੈ, ਤੇ ਧਰਮ-ਅਸਥਾਨ ਤੇ ਜਾਂਦਾ ਹੈ, ਉਹ ਉਸ ਦਿਨ ਇਹ ਭੀ ਤਾਂਘ ਰੱਖਦਾ ਹੈ ਕਿ
‘ਵਰ੍ਹੇ ਦਿਨ ਦੇ ਦਿਨ` ਕਿਸੇ ਭਲੇ ਦੇ ਮੱਥੇ ਲੱਗਾਂ। ਸੋ, ਉਹ ਕਿਸੇ ਖ਼ਾਸ ਮਨੁੱਖ ਦੇ ਮੂੰਹੋਂ
‘ਮਹੀਨਾ` ਸੁਣਦਾ ਹੈ। ਜੇ ਉਸ ਸਾਰੇ ਮਹੀਨੇ ਵਿੱਚ ਕੋਈ ਕਸ਼ਟ-ਤਕਲੀਫ਼ ਆ ਪਏ ਤਾਂ ਸਹਿਜ-ਸੁਭਾਇ ਆਖਦਾ
ਹੈ ਕਿ ਐਤਕੀ ‘ਵਰ੍ਹੇ ਦਿਨ ਦੇ ਦਿਨ` ਫਲਾਣਾ ਚੰਦਰਾ ਬੰਦਾ ਮੱਥੇ ਲੱਗਾ ਸੀ। ਜਿਸ ਵਹਿਮ-ਪ੍ਰਸਤੀ ਨੂੰ
ਹਟਾਣ ਲਈ, ਜੋ ਵਿਤਕਰੇ ਦੂਰ ਕਰਨ ਲਈ, ਸਿੱਖ ਨੇ ਗੁਰਦੁਆਰੇ ਵਿੱਚ ਜਾਣਾ ਹੈ, ਇਸ ‘ਸੰਗ੍ਰਾਂਦ` ਦੇ
ਮਨਾਣ ਨਾਲ ਉਹ ਵਹਿਮ-ਪ੍ਰਸਤੀ ਤੇ ਵਿਤਕਰੇ ਸਗੋਂ ਵਧਦੇ ਹਨ।
ਅਸਲ ਵਿੱਚ ਗੁਰਬਾਣੀ ਦਾ ਸਿਧਾਂਤ ਸਦੀਵ ਕਾਲ ਰੱਬੀ ਗੁਣ ਹਨ ਤੇ ਇਹ ਰੱਬੀ
ਗੁਣ ਸਾਡੇ ਵਰਤੋਂ ਵਿਹਾਰ ਵਿਚੋਂ ਪ੍ਰਗਟ ਹੋਣੇ ਹਨ। ਇਹਨਾਂ ਗੁਣਾਂ ਦੀ ਸਮਝ ਗੁਰਬਾਣੀ ਵਿਚਾਰ ਵਿਚੋਂ
ਮਿਲਣੀ ਹੈ। ਧਰਮ ਦੀਆਂ ਰਸਮਾਂ ਤਾਂ ਨਿਭਾਈਆਂ ਤਾਂ ਜਾ ਰਹੀਆਂ ਹਨ ਪਰ ਧਰਮੀ ਬਣਨ ਲਈ ਅਸੀਂ ਤਿਆਰ
ਨਹੀਂ ਹਾਂ ‘ਜਪੁ ਬਾਣੀ` ਦਾ ਬੜਾ ਪਿਆਰਾ ਖ਼ਿਆਲ ਹੈ ਕਿ ਗੁਣਾਂ ਤੋਂ ਬਿਨਾ ਕੋਈ ਭਗਤੀ ਨਹੀਂ ਹੋ ਸਕਦੀ
ਸਭਿ ਗੁਣ ਤੇਰੇ, ਮੈ ਨਾਹੀ ਕੋਇ।।
ਵਿਣੁ ਗੁਣ ਕੀਤੇ, ਭਗਤਿ ਨ ਹੋਇ।।
ਜਪੁ ਬਾਣੀ ਪੰਨਾ ੪
ਗੁਰਬਾਣੀ ਦੀਆਂ ਕੇਵਲ ਦੋ ਗੱਲਾਂ ਹੀ ਸਮਝ ਲਈਏ ਤਾਂ ਸਾਡਾ ਵਿਹਾਰਕ ਪੱਖ
ਉੱਚੀਆਂ ਕਦਰਾਂ ਕੀਮਤਾਂ ਵਾਲਾ ਹੋ ਸਕਦਾ ਹੈ। ਸੁਖਮਨੀ ਦੀ ਬਾਣੀ ਵਿੱਚ ਦੋ ਵਿਚਾਰ ਹਨ—
ਉਸਤਤਿ ਮਨ ਮਹਿ ਕਰਿ ਨਿਰੰਕਾਰ।।
ਕਰਿ ਮਨ ਮੇਰੇ ਸਤਿ ਬਿਉਹਾਰ।।
ਪੰਨਾ
੨੮੧
ਅੱਖਰੀਂ ਅਰਥ--
ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ
ਕਰ। ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।
ਅਤੇ
ਸਰਬ ਧਰਮ ਮਹਿ ਸ੍ਰੇਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
ਪੰਨਾ ੨੬੬
(
ਹੇ
ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) —ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
ਭਾਗ ਦੂਜਾ
ਚੰਗੇ ਤੇ ਭੈੜੇ ਵਿਹਾਰ ਨਾਲ ਜ਼ਿੰਦਗੀ ਗੁਜ਼ਰ ਤਾਂ ਜਾਏਗੀ ਪਰ ਚੰਗੇ ਵਿਹਾਰ
ਨਾਲ ਇਹ ਸੌਖੀ, ਸੁਖਾਵੀਂ ਅਤੇ ਚੰਗੇਰੀ ਗੁਜ਼ਰੇਗੀ। ਇੱਕ ਵਿਦਵਾਨ ਨੇ ਬੜਾ ਖੂਬਸੂਰਤ ਲਿਖਿਆ ਹੈ,
"ਪਹਿਲੇ ਸਮਿਆਂ ਵਿੱਚ ਭੈੜੈ ਬੰਦਿਆਂ ਦੇ ਵੀ ਅਸੂਲ ਹੁੰਦੇ ਸਨ ਪਰ ਹੁਣ ਵੱਡੇ ਬੰਦੇ ਵੀ ਬੇ-ਅਸੂਲੇ
ਹੋ ਗਏ ਲਗਦੇ ਹਨ। ਚੰਗਾ ਵਿਹਾਰ ਮਨੁੱਖ ਨੂੰ ਓੱਥੇ ਲੈ ਜਾਂਦਾ ਹੈ ਜਿੱਥੇ ਪੇਸੈ ਨਹੀਂ ਲੈ ਜਾ ਸਕਦਾ।
ਚੰਗੇ ਵਿਹਾਰ ਨਾਲ ਚੰਗੇ ਅਵਸਰ ਉਪਜਦੇ ਹਨ। ਭੈੜੇ ਵਿਹਾਰ ਕਮਜ਼ੋਰ ਬੰਦੇ ਵਲੋਂ ਬਹਾਦਰ ਹੋਣ ਦਾ
ਉਪਰਾਲਾ ਹੁੰਦਾ ਹੈ। ਜਿਹੜਾ ਸਮਾਜ ਮਨੁੱਖ ਨੂੰ ਚੰਗਾ ਵਿਹਾਰ ਕਰਨਾ ਨਹੀਂ ਸਿਖਾਉਂਦਾ, ਉਹ ਸਮਾਜ
ਗਰੀਬ ਤੇ ਪਛੜਿਆ ਹੀ ਰਹਿੰਦਾ ਹੈ। ਘਟੀਆ ਵਿਹਾਰ
ਮਾਨਸਿਕ ਗਰੀਬੀ ਦਾ ਲੱਛਣ ਹੁੰਦਾ ਹੈ।
ਚੰਗਾ ਵਿਹਾਰ ਬੰਦ ਬੂਹੇ ਖੋਲਦਾ, ਨਵੇਂ ਰਿਸ਼ਤੇ ਸਿਰਜਦਾ ਅਤੇ ਕਾਮਯਾਬੀ ਦਾ ਵਾਤਾਵਰਣ ਉਸਾਰਦਾ ਹੈ।
ਚੰਗੇ ਵਰਤੋਂ ਵਿਹਾਰ ਅਤੇ ਅਸੂਲ ਵਾਲਾ ਅਦਾਰਾ, ਕੰਪਨੀ ਜਾਂ ਵਿਆਕਤੀ, ਡੂੰਘੇ ਸੰਕਟ ਵਿੱਚ ਹੋਣ ਦੇ
ਬਾਵਜੂਦ ਹਰਮਨ ਪਿਆਰਾ ਬਣਿਆ ਰਹਿੰਦਾ ਹੈ ਅਤੇ ਆਪਣੇ ਚੰਗੇ ਵਿਹਾਰ ਦੀ ਤਾਕਤ ਨਾਲ, ਮੁੜ ਲੀਹ ਉੱਤੇ ਆ
ਜਾਂਦਾ ਹੈ। ਜੀਵਨ ਵਿਚੋਂ ਗੁਜ਼ਰਦਿਆਂ, ਭਾਂਤ ਭਾਂਤ ਦੇ ਅਨੁਭਵ ਹੰਢਾਉਂਦਿਆਂ ਬੜੀ ਦੇਰ ਮਗਰੋਂ ਪਤਾ
ਲੱਗਦਾ ਹੈ ਕਿ ਜ਼ਿੰਦਗੀ ਨੂੰ ਅਸੀਂ ਹੋਰ ਸੌਖੀ ਬਣਾ ਸਕਦੇ ਸੀ।
ਜੇ ਤੁਹਾਡਾ ਵਰਤੋਂ ਵਿਹਾਰ ਚੰਗਾ ਹੈ ਤਾਂ ਕੋਈ ਤੁਹਾਡੇ ਰਸਤੇ ਦੀ ਰੁਕਾਵਟ
ਨਹੀਂ ਬਣੇਗਾ। ਭੈੜੇ ਕਾਰਜਾਂ ਨੂੰ ਕਰਨ ਤੋਂ ਨਾਂਹ ਕਹਿਣ ਦੀ ਜਾਚ ਸਿੱਖਣ ਦੀ ਲੋੜ ਹੈ। ਧਿਆਨ,
ਨੀਅਤ, ਉਤਸ਼ਾਹ, ਕੁਰਬਾਨੀ, ਵਸੀਲੇ, ਸਮਾਂ, ਮੇਹਨਤ, ਚਰਿੱਤਰ ਆਦਿ ਰਲ਼ ਕੇ ਨਿਰਧਾਰਤ ਕਰਦੇ ਹਨ ਕਿ
ਅਸੀਂ ਕੀ ਹਾਂ। ਰੁਕਾਵਟਾਂ ਹਰੇਕ ਲਈ ਉਪਜਦੀਆਂ ਹਨ, ਪਰ ਮੁਸ਼ਕਲਾਂ ਅਤੇ ਰੁਕਾਵਟਾਂ ਰਾਂਹੀਂ
ਯੋਗਤਾ-ਸਮਰੱਥਾ ਪਰਖੀ ਜਾਵੇਗੀ। ਰੁਕਾਵਟਾਂ ਤੋਂ ਪਾਰ ਜਾਣਾ ਪਏਗਾ, ਧੀਰਜ ਨਾਲ ਸਿਦਕ ਨਾਲ
ਉਦਾਸ-ਮਾਯੂਸ ਨਹੀਂ ਹੋਣਾ ਕਿਉਂਕਿ ਮੁਸ਼ਲਕਾਂ ਸਾਡੀ ਦ੍ਰਿੜਤਾ ਦਾ ਇਮਤਿਹਾਨ ਅਤੇ ਰੁਕਾਵਟਾਂ ਸਾਡੇ
ਇਰਾਦਿਆਂ ਦੀ ਪਰਖ ਹੁੰਦੀਆਂ ਹਨ-ਜੇ ਨੇਮਾਂ ਅਨੁਸਾਰ ਵਿਹਾਰ ਕੀਤਾ ਜਾਏ ਤਾਂ ਸਮੁੱਚਾ ਸਮਾਜ ਲਾਭ
ਉਠਾਉਂਦਾ ਹੈ। ਵਧੀਆ ਵਿਹਾਰ ਹਰੇਕ ਖੇਤਰ ਵਿੱਚ ਚੰਗੀ ਸਭਿਅਤਾ ਉਸਾਰੂ ਸਮਾਜ ਅਤੇ ਉਦਾਰ ਸਭਿਆਚਾਰ ਦਾ
ਸਬੂਤ ਹੁੰਦਾ ਹੈ"।
ਗੁਰਬਾਣੀ ਹਰ ਰੋਜ਼ ਨਵੀਆਂ ਸੋਚਾਂ ਦੇਂਦੀ ਹੈ, ਨਵਾਂ ਸਮਾਜਿਕ ਜੀਵਨ ਦੇਂਦੀ
ਹੈ ਪਰ ਓਦੋਂ ਜਦੋਂ ਅਸੀਂ ਵਿਚਾਰਵਾਨ ਹੋਣ ਦਾ ਯਤਨ ਕਰਾਂਗੇ। ਗੁਰਬਾਣੀ ਨੂੰ ਸਿਰਫ ਅਸਾਂ ਪੂਜਾ ਪਾਠ
ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਕੇਵਲ ਗੁਰਬਾਣੀ ਦੇਖਣ ਨਾਲ ਅਸੀਂ
ਮੁਕਤ ਹੋ ਸਕਦੇ ਹਾਂ? ਕੀ ਕੇਵਲ ਰੁਮਾਲਾ ਭੇਟ ਕਰਨ ਕਰਕੇ ਸਾਨੂੰ ਕੋਈ ਸਮਾਜਿਕ ਜੀਵਨ ਦੀ ਸੇਧ ਮਿਲ
ਸਕਦੀ ਹੈ? ਕੇਵਲ ਅਖੰਡ ਪਾਠ ਜਾਂ ਸੰਪਟ ਪਾਠਾਂ ਨਾਲ ਕੋਈ ਕੌਮ ਦਾ ਭਲਾ ਹੋ ਸਕਦਾ ਹੈ? ਇਹਨਾਂ
ਸਾਰਿਆਂ ਸਵਾਲਾਂ ਦੇ ਜਵਾਬ ਅਸੀਂ ਗੁਰਬਾਣੀ ਵਿਚੋਂ ਲੈਣ ਦਾ ਯਤਨ ਕਰਾਂਗੇ- ਗੁਰਬਾਣੀ ਫੈਸਲਾ ਦੇਂਦੀ
ਹੈ—
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ।।
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ।। ੧।।
ਸਲੋਕ ਮ: ੩ ਪੰਨਾ ੫੯੪
ਅੱਖਰੀਂ ਅਰਥ--
ਜਿਤਨਾ
ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ
ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ
ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ। ਕਈ
ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ
ਛੱਡੇ ਹਨ। ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿੱਚ ਬਿਰਤੀ
ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿੱਚ ਮਿਲ ਗਏ ਹਨ। ੧।
ਬਾਰਹ ਮਾਹ ਦੀ ਪਹਿਲੀ ਪਉੜੀ ਵਿੱਚ
ਗੁਰੁ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਅਸੀਂ ਆਪਣਿਆਂ ਕਰਮਾਂ ਕਰਕੇ ਰੱਬ ਜੀ ਨਾਲੋਂ ਵਿਛੜੇ ਹੋਏ ਹਾਂ।
ਹੁਣ ਰੱਬ ਜੀ ਸਾਡੇ `ਤੇ ਕ੍ਰਿਪਾ ਕਰਨ ਤਾਂ ਅਸੀਂ ਰੱਬ ਜੀ ਨਾਲ ਮਿਲ ਸਕਦੇ ਹਾਂ। ਰੱਬ ਸਬੰਧੀ ਬਾਰ
ਬਾਰ ਵਿੱਚ ਪੁਸਤਕ ਵਿਚਾਰ ਆਏਗਾ ਕਿ ਰੱਬ ਜੀ ਦਾ ਕੋਈ ਰੂਪ-ਰੰਗ ਨਹੀਂ ਹੈ ਤੇ ਸਥੂਲ ਤਲ਼ `ਤੇ ਵੀ
ਵੇਖਿਆ ਜਾ ਸਕਦਾ। ਫਿਰ ਰੱਬ ਜੀ ਕੀ ਹਨ ਜਿਸ ਨੂੰ ਅਸੀਂ ਮਿਲਣਾ ਹੈ। ਇਸ ਦਾ ਭਾਵ ਅਰਥ ਸਮਝਿਆ ਹੈ ਕਿ
ਸੱਚੇ ਨਿਸ਼ਾਨੇ ਦੀ ਪ੍ਰਾਪਤੀ ਰੱਬ ਜੀ ਦੀ ਪ੍ਰਾਪਤੀ ਹੈ। ਅਸੀਂ ਆਪਣਿਆਂ ਕਰਮਾਂ ਕਰਕੇ ਆਪਣੀ ਮੰਜ਼ਿਲ
ਤੋਂ ਖੁੰਝੇ ਹੋਏ ਹਾਂ। ਅਸੀਂ ਆਪ ਕੋਈ ਉਦਮ ਕਰਨ ਲਈ ਤਿਆਰ ਨਹੀਂ ਹਾਂ ਤੇ ਸਮਝਦੇ ਹਾਂ ਕਿ ਰੱਬ ਜੀ
ਸਾਡੇ `ਤੇ ਕਿਰਪਾ ਕਰਨਗੇ ਤੇ ਉਹ ਸਾਨੂੰ ਆਪਣੇ ਨਾਲ ਮਿਲਾ ਲੈਣਗੇ। ਇਸ ਪੱਖ ਨੂੰ ਆਪਣੇ ਜੀਵਨ ਵਿੱਚ
ਢਾਲਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਜਿਸ ਤਰ੍ਹਾਂ ਇੱਕ ਬੱਚਾ ਡਾਕਟਰੀ ਦੀ ਪੜ੍ਹਾਈ ਕਰਦਿਆਂ ਕਰਦਿਆਂ
ਮੇਹਨਤ ਕਰਨੀ ਛੱਡ ਦੇਂਦਾ ਹੈ ਜਾਂ ਡਾਕਟਰੀ ਸਿੱਖਣ ਦੀ ਥਾਂ `ਤੇ ਨਾਵਲ ਪੜ੍ਹਨੇ ਸ਼ੂਰੂ ਕਰ ਦੇਵੇ,
ਅਜੇਹਾ ਵਿਦਿਆਰਥੀ ਕਦੇ ਵੀ ਡਾਕਟਰ ਨਹੀਂ ਬਣ ਸਕਦਾ। ਬੱਚਾ ਪੜ੍ਹਾਈ ਕਰਨ ਦੀ ਥਾਂ `ਤੇ ਇਹ ਕਹੀ ਜਾਏ
ਕਿ ਰੱਬ ਜੀ ਆਪੇ ਮੇਰੇ `ਤੇ ਕ੍ਰਿਪਾ ਕਰਨਗੇ ਤੇ ਮੇਰੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਾ ਦੇਣਗੇ।
ਏਦਾਂ ਹੁੰਦਾ ਨਹੀਂ ਹੈ। ਹੁਣ ਮੈਂ ਆਪਣਿਆਂ ਕਰਮਾਂ ਕਰਕੇ ਹੀ ਡਾਕਟਰੀ ਦੀ ਪੜ੍ਹਾਈ ਨਹੀਂ ਕਰ ਸਕਿਆ
ਇਸ ਵਿੱਚ ਰੱਬ ਜੀ ਕੁੱਝ ਨਹੀਂ ਕਰ ਸਕਦੇ। ਕਸੂਰ ਮੇਰਾ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ
ਸੀ ਜਿਸ ਕਰਕੇ ਮੈਂ ਪੜ੍ਹਾਈ ਨਹੀਂ ਕਰ ਸਕਿਆ। ਮੈਂ ਆਪਣਿਆਂ ਕਰਮਾਂ ਕਰਕੇ ਆਪਣੀ ਮੰਜ਼ਿਲ ਨਾਲੋਂ ਵਿਛੜ
ਗਿਆ ਹਾਂ। ਇਸ ਸਮੇਂ ਦੌਰਾਨ ਬੱਚੇ ਨੂੰ ਆਪਣੇ ਕਰਮ ਸਬੰਧੀ ਗਿਆਨ ਆ ਜਾਏ ਅਹਿਸਾਸ ਹੋ ਜਾਏ ਕਿ ਮੈਂ
ਮਿਲੇ ਸਮੇਂ ਦੀ ਸਹੀ ਵਰਤੋਂ ਨਹੀਂ ਕਰ ਰਿਹਾ। ਉਹ ਫਿਰ ਮਨ ਮਾਰ ਕੇ ਜ਼ੋਰ-ਸ਼ੋਰ ਨਾਲ ਪੜ੍ਹਾਈ ਸ਼ੁਰੂ ਕਰ
ਦੇਵੇ ਤਾਂ ਮਿਲੇ ਮੌਕੇ ਦਾ ਫਾਇਦਾ ਲੈ ਸਕਦਾ ਹੈ ਤੇ ਉਹ ਆਪਣੀ ਮਿੱਥੀ ਸੱਚੀ ਮੰਜ਼ਿਲ `ਤੇ ਪਹੁੰਚ
ਸਕਦਾ ਹੈ। ਸੁ ਪਹਿਲੀ ਪਉੜੀ ਦੀ ਪਹਿਲੀ ਤੁਕ ਵਿਚਲੇ ਵਿਹਾਰਕ ਪੱਖ ਨੂੰ ਦੇਖਣ ਦਾ ਯਤਨ ਕਰਾਂਗੇ—
ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ।।
ਅੱਖਰੀਂ ਅਰਥ--
ਹੇ
ਪ੍ਰਭੂ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ
ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।
ਦੋ ਉਦਾਹਰਣਾਂ ਲਈਆਂ ਹਨ ਜਿਸ ਤਰ੍ਹਾਂ ਪਾਣੀ ਤੋਂ ਬਿਨਾ ਖੇਤੀ ਦੀ ਪੈਦਾਵਰ
ਨਹੀਂ ਹੁੰਦੀ ਹੈ ਤੇ ਉਹ ਗਊ ਜਿਹੜੀ ਦੁੱਧ ਨਾ ਦੇਂਦੀ ਹੋਵੇ ਤੇ ਅਗਾਂਹ ਉਸ ਪਾਸੋਂ ਦੁੱਧ ਦੀ ਕੋਈ ਆਸ
ਵੀ ਨਾ ਹੋਵੇ ਉਹ ਗਊ ਕਿਸੇ ਕੰਮ ਨਹੀਂ ਆਉਂਦੀ। ਏਸੇ ਤਰ੍ਹਾਂ ਜਿਸ ਮਨੁੱਖ ਪਾਸ ਰੱਬੀ ਗੁਣ ਨਹੀਂ ਹਨ,
ਉਸਾਰੂ ਬਿਰਤੀ ਨਹੀਂ ਹੈ ਤੇ ਸਿਰੇ ਦਾ ਕੰਮਚੋਰ ਹੋਵੇ ਉਹ ਕਿਸੇ ਕੰਮ ਦਾ ਇਨਸਾਨ ਨਹੀਂ ਹੈ। ਅਜੇਹਾ
ਮਨੁੱਖ ਸਮਾਜ ਤੇ ਬੋਝ ਹੀ ਹੈ। ਦੁਜੀ ਪਉੜੀ ਵਿੱਚ ਗੋਵਿੰਦ ਨੂੰ ਅਰਾਧ ਕੇ ਅਨੰਦ ਦੀ ਪ੍ਰਾਪਤੀ ਕਰਨ
ਦੀ ਗੱਲ ਸਮਝਾਈ ਹੈ। ਇਸ ਦਾ ਵਿਹਾਰਕ ਪੱਖ ਲਿਆ ਹੈ ਕਿ ਆਪਣੇ ਜੀਵਨ ਕਾਲ ਵਿੱਚ ਸਖਤ ਮੇਹਨਤ ਕਰਦਿਆਂ
ਸੱਚੀ ਮੰਜ਼ਿਲ ਨੂੰ ਹਾਸਲ ਕਰਨਾ ਹੈ। ਗੋਵਿੰਦ ਨੂੰ ਅਰਾਧਣਾ ਨਫੇ ਨੁਕਸਾਨ ਨੂੰ ਇਕਸਾਰ ਜਾਨਣਾ ਹੈ।
ਅਨੰਦ ਦੀ ਪ੍ਰਾਪਤੀ ਸੰਤੋਖ ਦੇ ਅਭਿਆਸ ਵਿੱਚ ਹੈ। ਗੁਰਬਾਣੀ ਵਾਕ ਹੈ–-
ਬਿਨਾ ਸੰਤੋਖ ਨਹੀ ਕੋਊ ਰਾਜੈ।।
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ।।
ਸੁਖਮਨੀ ਪੰਨਾ ੨੭੯
ਅੱਖਰੀਂ ਅਰਥ--
ਜੇ
ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ, ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ
ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ।
ਅਨੰਦ ਦੀ ਅਵਸਥਾ ਮਹਿਸੂਸ ਕੀਤੀ ਜਾ ਸਕਦੀ ਹੈ। ਜੀਵਨ ਵਿੱਚ ਅਨੰਦ ਭਰਨਾ ਹੈ।
ਸਮਝਿਆ ਗਿਆ ਹੈ ਕਿ ਸ਼ਾਇਦ ਇੱਕ ਸ਼ਬਦ ਨੂੰ ਬਾਰ ਬਾਰ ਬੋਲਣਾ ਰੱਬ ਜੀ ਦਾ ਨਾਮ ਅਰਾਧਣਾ ਹੈ ਤੇ ਇੰਜ
ਕਰਨ ਨਾਲ ਅਨੰਦ ਜਨਮ ਲੈਂਦਾ ਹੈ। ਅਰਾਧਣਾ ਤੇ ਅਨੰਦ ਨੂੰ ਆਪਣੇ ਵਿਹਾਰਕ ਜੀਵਨ ਵਿੱਚ ਲੈ ਕੇ ਅਵਾਂਗੇ
ਤਾਂ ਇਸ ਵਿਚੋਂ ਸੱਚੀ ਕਿਰਤ ਕਰਨ ਦਾ ਅਭਿਆਸ ਦਿਸਦਾ ਹੈ। ਦੁਨੀਆਂ ਦੀ ਸੇਵਾ ਕਰਨ ਦਾ ਅਹਿਸਾਸ ਹੁੰਦਾ
ਹੈ। ਅਨੰਦ ਇੱਕ ਨਿਰੰਤਰ ਅਭਿਆਸ ਵਿਚੋਂ ਜਨਮ ਲੈਂਦਾ ਹੈ। ਇੱਕ ਬੱਚਾ ਅਭਿਆਸ ਕਰਕੇ ਹੀ ਅਗਲੀ ਜਮਾਤ
ਵਿੱਚ ਜਾਂਦਾ ਹੈ ਤੇ ਅਗਲੀ ਜਮਾਤ ਵਿੱਚ ਜਾਣਾ ਹੀ ਉਸ ਲਈ ਅਨੰਦਮਈ ਅਵਸਥਾ ਹੈ। ਮਾਂ ਆਪਣੇ ਬੱਚਿਆਂ
ਨੂੰ ਰੋਟੀ ਖੁਆ ਕਿ ਅਨੰਦ ਮਾਣਦੀ ਹੈ। ਕਿਰਸਾਨ ਦਾਣੇ ਘਰ ਆਉਣ `ਤੇ ਖੁਸ਼ ਹੁੰਦਾ ਹੈ।
ਵੈਸਾਖ ਦੀ ਪਉੜੀ ਇਹ ਅਹਿਸਾਸ ਕਰਾਉਂਦੀ ਹੈ ਕਿ ਜੇ ਤੂੰ ਰੱਬੀ ਗੁਣਾਂ ਰੂਪੀ
ਸੱਜਣ ਨੂੰ ਵਿਸਾਰ ਦਿੱਤਾ ਤਾਂ ਵਿਕਾਰੀ ਬਿਰਤੀ ਜਨਮ ਲੈ ਲਵੇਗੀ। ਜ਼ਿੰਦਗੀ ਵਿੱਚ ਸਾਫ਼ਗੋਈ, ਨਿਰਮਲਤਾ
ਜਾਂ ਸੁਚੱਜੀ ਜੀਵਨ ਜਾਚ ਪ੍ਰੀਤਮ ਦੇ ਚਰਨਾ ਵਿੱਚ ਹੈ। ਭਾਵ ਰੱਬੀ ਗੁਣਾਂ ਵਿੱਚ ਹੈ—
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ।।
ਜਿਸ ਤਰ੍ਹਾਂ ਇਹ ਬਾਰ ਬਾਰ ਵਿਚਾਰ ਕੀਤੀ ਜਾਂਦੀ ਹੈ ਕਿ ਗੁਰਬਾਣੀ ਸਦੀਵ ਕਾਲ
ਸੱਚ, ਸਰਬ ਸਾਂਝੀ ਤੇ ਸਰਬ ਦੇਸ਼ੀ ਹੈ। ਜੇਠ ਤੇ ਹਾੜ੍ਹ ਦਾ ਮਹੀਨਾ ਪੰਜਾਬ ਵਿੱਚ ਤੱਪਦਾ ਹੁੰਦਾ ਹੈ
ਕਿ ਜਦ ਕਿ ਨਿਊਜ਼ੀਲੈਂਡ ਵਿੱਚ ਠੰਡ ਪੈ ਰਹੀ ਹੁੰਦੀ ਹੈ। ਪੋਹ ਦੇ ਮਹੀਨੇ ਵਿੱਚ ਪੰਜਾਬ ਠੰਡ ਹੁੰਦੀ
ਹੈ ਜਦ ਕਿ ਨਿਊਜ਼ੀਲੈਂਡ ਵਿੱਚ ਗਰਮੀ ਪੈ ਰਹੀ ਹੁੰਦੀ ਹੈ। ਹਾੜ੍ਹ ਦੇ ਮਹੀਨੇ ਵਿੱਚ ਗੁਰਦੇਵ ਪਿਤਾ ਜੀ
ਫਰਮਾੳਂਦੇ ਹਨ ਕਿ ਹਾੜ੍ਹ ਦਾ ਮਹੀਨਾ ਉਹਨਾਂ ਨੂੰ ਤੱਤਾ ਲਗਦਾ ਹੈ ਜਿੰਨ੍ਹਾਂ ਦੇ ਪਾਸ ਰੱਬ ਜੀ ਦਾ
ਨਾਂ ਨਹੀਂ ਹੈ। ਹੁਣ ਨਿਊਜ਼ੀਲੈਂਡ ਵਿੱਚ ਠੰਡ ਹੁੰਦੀ ਹੈ। ਫਿਰ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਜੀਵਨ
ਤਥਾ ਵਿਹਾਰ ਵਿੱਚ ਲੈ ਕੇ ਅਵਾਂਗੇ ਨਾ ਕਿ ਰੁੱਤਾਂ ਦੇ ਪਿੱਛੇ ਨਹੀਂ ਭੱਜਾਂਗੇ। ਬਾਹਰਲੀ ਠੰਡ ਜਾਂ
ਗਰਮੀ ਵਿਗਿਆਨਕ ਸਾਧਨਾ ਨਾਲ ਅਸੀਂ ਦੂਰ ਤਾਂ ਕਰ ਸਕਦੇ ਹਾਂ ਪਰ ਅੰਦਰ ਬੈਠੀ ਤ੍ਰਿਸ਼ਨਾ, ਈਰਖਾਲੂ
ਗਰਮੀ ਤੇ ਹੰਕਾਰ ਰੂਪੀ ਕੋਰਾ-ਠੰਡ ਇਹ ਤੇ ਗੁਰ-ਉਪਦੇਸ਼ ਦੁਆਰਾ ਹੀ ਦੂਰ ਹੋ ਸਕਦੀ ਹੈ। ਇਹਨਾਂ
ਮਹੀਨਿਆਂ ਰਾਂਹੀ ਅੰਦਰਲੀ ਤਪਸ਼ ਦੀ ਵਿਚਾਰ ਕੀਤੀ ਹੈ--ਗੁਰਬਾਣੀ ਦਾ ਇੱਕ ਹੋਰ ਵਾਕ ਹੈ।
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ।।
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ।। ੨।।
ਸਲੋਕ ਮ: ੫ ਪੰਨਾ ੭੦੯
ਅੱਖਰੀਂ ਅਰਥ--
ਭਾਵੇਂ
ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ
ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ। ਹੇ ਨਾਨਕ! ਪ੍ਰਭੂ ਦਾ ਨਾਮ
ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ।
ਬਾਰਹ ਮਾਂਹ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਹਾੜ੍ਹ ਦਾ ਮਹੀਨਾ
ਓਸੇ ਨੂੰ ਤੱਤਾ ਲੱਗਦਾ ਹੈ ਜਿੰਨ੍ਹਾਂ ਨੇ ਮਾਲਕ ਦਾ ਆਸਾਰਾ ਛਡ ਕੇ ਮਨੁੱਖਾਂ ਤੇ ਆਸ ਰੱਖ ਲਈ ਹੋਵੇ—
ਜਗਜੀਵਨ ਪੁਰਖੁ ਤਿਆਗਿ ਕੈ, ਮਾਣਸ ਸੰਦੀ ਆਸ।।
ਭਾਈ ਬੰਦੀ ਤੋਂ ਬਿਨਾ ਮਨੁੱਖ ਅਧੂਰਾ ਹੈ। ਮਨੁੱਖ ਇੱਕ ਦੂਜੇ ਦੇ ਕੰਮ ਆਉਂਦਾ
ਹੈ ਤੇ ਮਨੁੱਖ ਨੇ ਸੇਵਾ ਵੀ ਸਮਾਜ ਦੀ ਕਰਨੀ ਹੈ। ਫਿਰ ਇਹਨਾਂ ਤੁਕਾਂ ਦਾ ਵਿਹਾਰਕ ਪੱਖ ਸਮਝਣਾ
ਪਏਗਾ—ਜਿਸ ਤਰ੍ਹਾਂ ਕਿਸੇ ਬੰਦੇ ਦੇ ਦਿੱਲ ਦਾ ਅਪਰੇਸ਼ਨ ਹੋਣਾ ਹੈ ਤੇ ਉਹ ਕਿਸੇ ਬਾਬੇ ਪਾਸ ਜਾ ਕੇ
ਅਰਦਾਸ ਕਰਾਏ ਕਿ ਬਾਬਾ ਜੀ ਮੈਨੂੰ ਅਪਰੇਸ਼ਨ ਤੋਂ ਬਚਾ ਲਓ ਤੇ ਬਾਬਾ ਕਹੇ ਕਿ ਕੋਈ ਗੱਲ ਨਹੀਂ ਤੁਸੀਂ
ਪੰਜ ਚੌਂਕੀਆਂ ਭਰੋ ਵਿਧੀ-ਪੂਰਵਕ ਪਾਠ ਕਰੋ ਭਗਵਾਨ ਜੀ ਆਪੇ ਤੰਦਰੁਸਤ ਕਰ ਦੇਣਗੇ। ਪਾਠਕ ਜਨੋ
ਅੰਦਾਜ਼ਾ ਲਗਾਓ ਕਿ ਅਜੇਹਾ ਬੰਦਾ ਤੰਦਰੁਸਤ ਹੋਏਗਾ ਕਿ ਜਾਂ ਸ਼ਾਮਸ਼ਾਨ ਘਾਟ ਜਾਏਗਾ। ਇਸ ਤੁਕ ਅਨੁਸਾਰ
ਮਨੁੱਖ ਨੂੰ ਆਪ ਹੁਨਰ ਸਿੱਖਣਾ ਚਾਹੀਦਾ ਹੈ। ਵਿਦਿਆਰਥੀ ਨੂੰ ਨਕਲ `ਤੇ ਟੇਕ ਨਹੀਂ ਰੱਖਣੀ ਚਾਹੀਦੀ।
ਆਪਣਾ ਕੰਮ ਆਪ ਕਰਨ ਦੀ ਪ੍ਰੇਰਨਾ ਮਿਲਦੀ ਹੈ। ਜੇ ਕੁਦਰਤੀ ਬੱਚਾ ਪੈਦਾ ਨਹੀਂ ਹੋਇਆ ਤਾਂ ਡਾਕਟਰੀ
ਸਲਾਹ ਲੈਣੀ ਚਾਹੀਦੀ ਹੈ ਨਾ ਕਿ ਨਾਮ ਧਰੀਕ ਬਾਬਿਆਂ ਪਾਸੋਂ ਅਰਦਾਸਾਂ ਕਰਾਉਣ ਤੁਰ ਪਈਏ। ਅਜੇਹੀ ਆਸ
ਰੱਖਣ ਵਾਲਾ ਮਨੁੱਖ ਹਨ੍ਹੇਰੇ ਵਿੱਚ ਹੈ।
ਜੀਵਨ ਦੀ ਘਾੜਤ ਚੰਗੇ ਉਸਤਾਦ ਦੁਆਰਾ ਹੁੰਦੀ ਹੈ। ਅਜੇਹੇ ਉਸਤਾਦ ਦੀ ਸਿੱਖਿਆ
ਆਤਮਿਕ ਮੌਤੇ ਨਹੀਂ ਮਰਨ ਦੇਂਦੀ। ਹਿੰਦੁਸਤਾਨ ਕਈ ਸਦੀਆਂ ਗੁਲਾਮ ਰਿਹਾ ਹੈ। ਗੁਰੁ ਨਾਨਕ ਸਾਹਿਬ ਜੀ
ਗੁਲਮੀ ਦੇ ਕਾਰਨ ਲੱਭੇ `ਤੇ ਲੋਕਾਂ ਨੂੰ ਅੰਤਰ ਆਤਮੇ `ਤੇ ਅਹਿਸਾਸ ਕਰਾ ਕੇ ਖ਼ੁਦ-ਮੁਖਤਿਆਰ ਜ਼ਿੰਦਗੀ
ਜਿਉਣ ਦੀ ਜਾਣ ਦੱਸੀ ਹੈ। ਗੁਰੁ ਨਾਨਕ ਸਾਹਿਬ ਜੀ ਦੇ ਫਲਸਫੇ ਨੇ ਹੀ ਧਾਰਮਿਕ, ਰਾਜਨੀਤਿਕ ਤੇ
ਸਮਾਜਿਕ ਖੇਤਰਾਂ ਵਿੱਚ ਨਵੀਂ ਜਾਗਰਤੀ ਲਿਆਂਦੀ। ਇਹ ਆਤਮਿਕ ਵਿਹਾਰਕ ਜੀਵਨ ਦਾ ਅਧਾਰ ਸ਼ਿਲਾ ਸੰਗਤ
ਤਥਾ ਸ਼ਬਦ ਵਿੱਚ ਰੱਖਿਆ ਹੈ---
ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲਿ ਸਾਧੂ ਪੀਵਣਹਾਰੁ।।
ਅਤੇ
ਨਾਨਕ ਹਰਿ ਜੀ ਮਇਆ ਕਰਿ, ਸਬਦਿ ਸਵਾਰਣਹਾਰੁ।।
ਜੇ ਸਉਣ ਦੇ ਮਹੀਨੇ ਵਿੱਚ ਸਾਰੀ ਬਨਸਪਤੀ ਹਰੀ ਹੋ ਜਾਂਦੀ ਤਾਂ ਫਿਰ ਮਨੁੱਖ
ਕਿਉਂ ਨਹੀਂ ਸ਼ਬਦ ਦੀ ਵਿਚਾਰ ਦੁਆਰਾ ਹਰਿਆ ਹੋ ਸਕਦਾ? ਸ਼ਬਦ ਦੀ ਵਿਚਾਰ ਨੇ ਹੀ ਮੁਰਦਾ ਹੋ ਚੁੱਕੀ
ਮਨੁੱਖਤਾ ਵਿੱਚ ਨਵੀਂ ਰੂਹ ਫੂਕੀ ਜਿਸ ਦਾ ਪ੍ਰਤੱਖ ਪ੍ਰਮਾਣ ਚਮਕੌਰ ਦੀ ਜੂਹ, ਸਰਹੰਦ ਦੀ ਦੀਵਾਰ
ਛੱਟੇ ਵੱਡੇ ਘੁਲੂਘਾਰੇ ਤੇ ਹਰ ਸਿੱਖ ਸੰਘਰਸ਼ਾਂ ਵਿਚੋਂ ਦੇਖਿਆ ਜਾ ਸਕਦਾ ਹੈ। ਉਹੀ ਮਨੁੱਖ ਸਨ ਜਿਹੜੇ
ਕੁੱਤਿਆਂ ਬਿੱਲਿਆਂ ਤੋਂ ਡਰੀ ਜਾਂਦੇ ਸਨ। ਗੁਰੁ ਨਾਨਕ ਸਾਹਿਬ ਦੀ ਸੋਚ ਨੇ ਵਿਹਾਰਕ ਪੱਖ ਵਿੱਚ
ਅਜੇਹੀ ਤਬਦੀਲੀ ਲਿਆਂਦੀ ਕਿ ਸੁੱਕੇ ਹੋਏ ਜੀਵਨ ਹਰੇ ਹੋ ਗਏ ਭਾਵ ਆਪਣੇ ਹੱਕਾਂ ਲਈ ਉੱਠ ਖੜੇ ਹੋਏ।
ਦੁਬਿੱਧਾ ਤੇ ਭਰਮਾਂ ਦਾ ਸ਼ਿਕਾਰ ਬੰਦਾ ਕਦੇ ਵੀ ਸਹੀ ਫੈਸਲੇ ਨਹੀਂ ਲੈ ਸਕਦਾ।
ਅਜੇਹਾ ਬੰਦਾ ਬਾਹਰੀ ਤੌਰ `ਤੇ ਧਰਮ ਦੇ ਕਰਮ ਹੀ ਕਰਦਾ ਰਹਿੰਦਾ ਹੈ ਅਜੇਹੇ ਅਡੰਬਰਾਂ ਨਾਲ ਮਾਨਸਿਕ
ਵਿਕਾਸ ਨਹੀਂ ਹੁੰਦਾ ਸਗੋਂ ਗੁਲਾਮੀ ਨੂੰ ਜੀਉ ਆਇਆਂ ਕਹਿੰਦਾ ਹੈ। ਜੇਹੋ ਜੇਹੇ ਕਰਮ ਕਰੇਗਾ ਉਹੋ
ਜੇਹਾ ਹੀ ਇਹ ਫ਼ਲ਼ ਮਿਲੇਗਾ—
ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ।।
ਗੁਰੁ ਸਾਹਿਬ ਜੀ ਨੇ ਹਮੇਸ਼ਾਂ ਲਈ ਪਰਬੰਧ ਕੀਤਾ ਹੈ ਕਿ ਮਨੁੱਖ ਜ਼ਿਉਂਦੇ ਜੀਅ
ਨਰਕਾਂ ਵਿੱਚ ਨਾ ਜਾਏ। ਖੁਦ-ਮੁਖਤਿਆਰੀ ਤੋਂ ਬਿਨਾ ਨਰਕਾਂ ਵਾਲਾ ਹੀ ਜੀਵਨ ਹੈ। ਸਵੈ ਪੜਚੋਲ ਦੀ
ਜ਼ਰੂਰਤ ਹੈ।
ਦਰ ਅਸਲ ਮਨੁੱਖ ਵਿੱਚ ਹਉਮੈ ਹੈ ਜੋ ਇਸ ਦੀ ਤਰੱਕੀ ਦੇ ਰਾਹ ਰੋਕਦੀ ਹੈ,
ਆਲਸੀ ਬਣਾਉਂਦੀ ਹੈ, ਇਹ ਹਉਮੇ ਕੌਮੀ ਸੋਚ ਖਤਮ ਕਰਦੀ ਹੈ। ਇਸ ਦਾ ਇਕੋ ਹੀ ਹੱਲ ਹੈ ਸਭ ਤੋਂ ਪਹਿਲਾਂ
ਆਪਣੇ ਆਪ ਨੂੰ ਗੁਰੁ ਦੇ ਹਵਾਲੇ ਕਰਨਾ ਹੈ।
ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ।।
ਜੇ ਕਿਸੇ ਪਾਸੋਂ ਕੋਈ ਗੁਣ ਗ੍ਰਹਿਣ ਕਰਨਾ ਹੈ ਤਾਂ ਆਪਣੀ ਹਉਮੇ ਨੂੰ ਮਾਰਨਾ
ਹੋਏਗਾ। ਕਿਸੇ ਭਰੇ ਹੋਏ ਭਾਂਡੇ ਵਿੱਚ ਕੋਈ ਵਸਤੂ ਪਉਣੀ ਹੈ ਤਾਂ ਸਭ ਤੋਂ ਪਹਿਲਾਂ ਭਰਿਆ ਹੋਇਆ
ਭਾਂਡਾ ਖਾਲੀ ਕਰਨਾ ਪਏਗਾ—
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ।।
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ।।
ਅੱਖਰੀਂ ਅਰਥ--
ਕਿਸੇ
ਇੱਕ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ
ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ
ਤਬਦੀਲ ਕੀਤਾ ਜਾਏ)। ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ
ਨਿਮ੍ਰਤਾ ਹੀ ਫਬਦੀ ਹੈ।
ਮਨੁੱਖ ਦੀ ਬਹੁਤ ਵੱਡੀ ਮਨਸਿਕ ਕੰਮਜ਼ੋਰੀ ਹੈ ਕਿ ਆਪਣੇ ਕਰਮ ਨੂੰ ਠੀਕ ਕਰਨ
ਦੀ ਬਜਾਏ ਦੋਸ਼ ਦੂਜਿਆਂ ਦੇਂਦਾ ਹੈ। ਗੁਰੁ ਸਾਹਿਬ ਜੀ ਫਰਮਾਉਂਦੇ ਹਨ ਕਿ ਦੁਜਿਆਂ ਨੂੰ ਦੋਸ਼ ਦੇਣ ਦੀ
ਜ਼ਰੂਰਤ ਨਹੀਂ ਹੈ ਸਗੋਂ ਆਪਣੇ ਕਰਮ ਪਹਿਚਾਨਣ ਦਾ ਯਤਨ ਕਰ। ਤੇਰੇ ਦੁਖਾਂ ਦਾ ਮੂਲ ਕਾਰਨ ਹੈ ਕਿ ਤੂੰ
ਸੱਚ ਦੇ ਮਾਰਗ ਨੂੰ ਭੁੱਲ ਗਿਆ ਏਂ—
ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗੁ।।
ਰੱਬ ਤੋਂ ਖੁੰਝਿਆ ਭਾਵ ਰੱਬੀ ਗੁਣਾਂ ਨੂੰ ਵਿਸਾਰਨ ਨਾਲ ਵਿਕਾਰ ਰੂਪੀ ਜਮਾਂ
ਦੇ ਵੱਸ ਵਿੱਚ ਪੈ ਜਾਂਦਾ ਹੈ। ਇਸ ਦਾ ਸਮਾਧਾਨ ਗੁਰਦੇਵ ਪਿਤਾ ਜੀ ਦਸਦੇ ਹਨ ਕਿ ਰੱਬੀ ਗੁਣਾਂ ਨੂੰ
ਸਮਝ ਤਾਂ ਕਿ ਤੇਰਾ ਵਿਹਾਰਕ ਪੱਖ ਠੀਕ ਹੋ ਸਕੇ—
ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ।।
ਬੜੀਆਂ ਗਲਤ ਧਾਰਨਾਵਾਂ ਦਾ ਅਸੀਂ ਪ੍ਰਯੋਗ ਕਰ ਰਹੇ ਹਾਂ। ਕਈ ਗੁਰਦੁਆਰਿਆਂ
ਵਿੱਚ ਜੁੱਤੀਆਂ ਦੀ ਮਿੱਟੀ ਇਕੱਠੀ ਕਰਕੇ ਉਸ ਨੂੰ ਚਰਨ ਧੂੜ ਦਾ ਨਾਂ ਦੇ ਕੇ ਆਪਣੀਆਂ ਬਿਮਾਰੀਆਂ ਠੀਕ
ਕਰਨ ਦੇ ਆਹਰ ਵਿੱਚ ਲੱਗੇ ਹੋਏ ਹਾਂ। ਅਜੇਹੀ ਧੂੜ ਦੀਆਂ ਕਈਆਂ ਗੁਰਦੁਅਰਿਆਂ ਵਿਚੋਂ ਪੁੜੀਆਂ ਵੀ
ਮਿਲਦੀਆਂ ਹਨ। ਇਸ ਵਹਿਮ ਵਿਚੋਂ ਬਾਹਰ ਕੱਢਦਿਆਂ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਸਾਧੂਆਂ ਦੀ
ਧੂੜੀ ਭਾਵ ਗੁਰ-ਉਪਦੇਸ਼ ਵਿੱਚ ਆਤਮਾ ਦਾ ਇਸ਼ਨਾਨ
ਕਰਾ--ਮਾਘਿ ਮਜਨੁ ਸੰਗਿ ਸਾਧੂਆ, ਧੂੜੀ
ਕਰਿ ਇਸਨਾਨੁ।।
ਗਿਆਨ ਦੀ ਧੂੜੀ ਵਿੱਚ ਇਸ਼ਨਾਨ ਕਰਨ ਨਾਲ ਕਾਮ-ਕ੍ਰੋਧ ਤੇ ਲਾਲਚੀ ਕੁੱਤੇ ਵਾਲੀ
ਬਿਰਤੀ ਖਤਮ ਹੁੰਦੀ ਹੈ--
ਕਾਮਿ ਕਰੋਧਿ ਨ ਮੋਹੀਐ, ਬਿਨਸੈ ਲੋਭੁ ਸੁਆਨੁ।।
ਜਦੋਂ ਭੈੜੀਆਂ ਵਾਦੀਆਂ ਖਤਮ ਹੁੰਦੀਆਂ ਹਨ ਸਵੈ ਪੜਚੋਲ ਕਰਦਾ ਹੈ।
ਖੁਦਮੁਖਤਿਆਰ ਵਾਲੀ ਭਾਵਨਾ ਦਾ ਜਨਮ ਹੁੰਦਾ ਹੈ ਤੇ ਇਸ ਦੀ ਬੀਰਤਾ ਤਥਾ ਉੱਚੇ ਸੁੱਚੇ ਕਿਰਦਾਰ ਦੀਆਂ
ਲੋਕ ਸਿਫਤਾਂ ਕਰਦੇ ਹਨ—
ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।
ਬਾਰਹ ਮਾਂਹ ਵਿੱਚ ਗੁਰਦੇਵ ਪਿਤਾ ਜੀ ਨੇ ਇੱਕ ਵਾਕ ਰਾਂਹੀਂ ਬੜਾ ਗਹਿਰਾ
ਉਪਦੇਸ਼ ਦਿੱਤਾ ਹੈ ਕਿ ਲੋਕ ੳਦੋਂ ਹੀ ਸਿਫਤ ਕਰਦੇ ਹਨ ਜਦੋਂ ਉਹਨਾਂ ਨੂੰ ਜੀਵਨ ਵਿਚੋਂ ਕੋਈ ਚੰਗਾ
ਪੱਖ ਦਿਸਦਾ ਹੈ। ਸਾਡੇ ਵਿਹਾਰ ਵਿਚੋਂ ਰੱਬੀ ਗੁਣਾਂ ਦਾ ਪ੍ਰਤੱਖ ਪ੍ਰਗਟਾਅ ਹੋਣਾ ਚਾਹੀਦਾ ਹੈ ਜੋ
ਅਨੰਦ ਦਾ ਲਖਾਇਕ ਹੈ—
ਫਲਗੁਣਿ ਅਨੰਦ ਉਪਾਰਜਨਾ, ਹਰਿ ਸਜਣ ਪ੍ਰਗਟੇ ਆਇ।।
ਅਜੇਹੇ ਵਿਹਾਰ ਵਿਚੋਂ ਦੁਖ-ਕਲੇਸ਼ ਖਤਮ ਹੁੰਦੇ ਹਨ। ਜਿਸ ਨੂੰ ਸੱਚ ਦੇ ਰਸਤੇ
ਦੀ ਸਮਝ ਲੱਗ ਜਾਂਦੀ ਹੈ ਉਹ ਮੌਤ ਦੀ ਪ੍ਰਵਾਹ ਨਹੀਂ ਕਰਦਾ। ਸਮਾਜ ਦੇ ਅਖੌਤੀ ਨੱਕ ਨਮੂਜ ਵਾਲੇ ਕਰਮ
ਬੌਣੇ ਹੋ ਜਾਂਦੇ ਹਨ। ਸਹੀ ਫੈਸਲੇ ਸਮੇਂ ਸਿਰ ਲੈਣ ਦੀ ਚੋਣ ਕਰਦਾ ਹੈ। ਨਿੱਜੀ ਲਾਭਾਂ ਦੀ ਉਸ ਲਈ
ਕੋਈ ਥਾਂ ਨਹੀਂ ਹੁੰਦੀ। ਅਨੰਦ ਸੱਚ ਤੇ ਟਿੱਕਿਆ ਹੋਇਆ ਹੈ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ।
ਸੇਜ ਸੁਹਾਵੀ, ਸਰਬ ਸੁਖ, ਹੁਣਿ ਦੁਖਾ ਨਾਹੀ ਜਾਇ।।
ਚੰਗਿਆਈਆਂ ਨੂੰ ਇਕੱਠੇ ਕਰਦੇ ਰਹਿਣਾ ਤੇ ਬੁਰਾਈਆਂ ਵਲੋਂ ਹਮੇਸ਼ਾਂ ਦੂਰੀ ਬਣਾ
ਕੇ ਰੱਖਣਾ ਹੀ ਨਾਮ ਧਿਆਉਣਾ ਹੈ--
ਜਿਨਿ ਜਿਨਿ ਨਾਮੁ ਧਿਆਇਆ, ਤਿਨ ਕੇ
ਕਾਜ ਸਰੇ।।
ਕਾਰਜ ਤੇ ਓਸੇ ਦਾ ਸੰਵਰਨਾ ਹੈ ਜਿਹੜਾ ਮੇਹਨਤ ਕਰੇਗਾ। ਮਿਲੇ ਸਮੇਂ ਦਾ ਲਾਭ
ਪ੍ਰਾਪਤ ਕਰੇਗਾ।
ਗੁਰਬਾਣੀ ਦੇ ਜਿੱਥੇ ਅੱਖਰੀਂ ਅਰਥ ਹਨ ਓੱਥੇ ਗੁਰਬਾਣੀ ਦੇ ਭਾਵ ਅਰਥ ਨੂੰ
ਸਮਝ ਕੇ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ ਹੈ। ਸਾਡਾ ਵਰਤੋਂ ਵਿਹਾਰ ਹੀ ਸਮਾਜ ਵਿੱਚ ਸਾਡੀ ਚੰਗੀ
ਥਾਂ ਨਿਰਧਾਰਤ ਕਰਦਾ ਹੈ—ਘਰ ਵਿੱਚ ਸਮਾਨ ਤਾਂ ਬਥੇਰਾ ਪਿਆ ਹੋਇਆ ਹੈ ਉਸ ਸਮਾਨ ਦੀ ਤਰਤੀਬ ਕੋਈ ਨਹੀਂ
ਤੇ ਹੀ ਸਹੀ ਵਰਤੋਂ ਕਰਨ ਦੀ ਜਾਚ ਹੈ।
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ।।
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ।।
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ।।
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ।। ੧।।
ਸਲੋਕ ਮ: ੩ ਪੰਨਾ ੫੦੮
ਅੱਖਰੀਂ ਅਰਥ-
ਇਹ ਜਗਤ (ਭਾਵ, ਹਰੇਕ ਜੀਵ)
(ਇਹ ਚੀਜ਼ ‘ਮੇਰੀ` ਬਣ ਜਾਏ, ਇਹ ਚੀਜ਼ ‘ਮੇਰੀ` ਹੋ ਜਾਏ—ਇਸ) ਅਣਪੱਤ ਵਿੱਚ ਇਤਨਾ ਫਸਿਆ ਪਿਆ ਹੈ ਕਿ
ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ
ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ, ਉਹ ਸਮਝੋ,
ਸਦਾ ਹੀ ਜੀਉਂਦੇ ਹਨ, (ਕਿਉਂਕਿ) ਹੇ ਨਾਨਕ!
ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਅਵਸਥਾ
ਵਿੱਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ।