.

ਭੱਟ ਬਾਣੀ-61

ਬਲਦੇਵ ਸਿੰਘ ਟੋਰਾਂਟੋ

ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ

ਸੇਵਾ ਕਰਤ ਨ ਛੋਡਿਓ ਪਾਸੁ।।

ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ

ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ।।

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ

ਤਿਨੑ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ।।

ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ

ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ।। ੧।।

(ਪੰਨਾ ੧੪੦੫-੦੬)

ਪਦ ਅਰਥ:- ਜਿਨਿ ਸਬਦੁ ਕਮਾਇ – ਜਿਨ੍ਹਾਂ ਨੇ ਗਿਆਨ ਨੂੰ ਕਮਾਇਆ ਭਾਵ ਆਪਣੇ ਜੀਵਨ ਵਿੱਚ ਕਮਾਈ ਕੀਤੀ। ਸਬਦੁ – ਗਿਆਨ ਨੂੰ। ਪਰਮ – ਪਵਿੱਤਰ। ਪਦੁ – ਪੈੜਾਂ, ਚਰਨ, ਪੂਰਨੇ। ਪਾਇਉ – ਪਾਇਆ, ਚੱਲਣ ਲਈ ਪ੍ਰੇਰਨਾ ਕੀਤੀ। ਸੇਵਾ ਕਰਤ – ਸੇਵਾ ਕੀਤੀ, ਗੁਰਮਤਿ ਅਨੁਸਾਰ ਸੇਵਾ ਹੈ, ਜੇਕਰ ਗਿਆਨ ਪ੍ਰਾਪਤ ਹੋਇਆ ਹੈ ਤਾਂ ਉਸ ਨੂੰ ਅੱਗੇ ਵੰਡਣਾ, ਜੇਕਰ ਆਪਣੇ ਕੋਲ ਖਾਣ ਲਈ ਹੈ ਤਾਂ ਲਾਗੇ ਬੈਠੇ ਭੁੱਖੇ ਨਾਲ ਵੰਡ ਕੇ ਖਾਣਾ। ਪਾਸੁ – ਸਾਥ। ਸੇਵਾ ਕਰਤ ਨ ਛੋਡਿਓ ਪਾਸੁ – ਉਹ ਅੱਗੇ ਇਸ ਪਵਿੱਤਰ ਗਿਆਨ ਨੂੰ ਵੰਡਦੇ ਹਨ ਅਤੇ ਆਪ ਵੀ ਗਿਆਨ ਦਾ ਸਾਥ ਨਹੀਂ ਛੱਡਦੇ। ਤਾ ਤੇ – ਜਿਸ ਨਾਲ। ਗਉਹਰੁ – ਹੀਰਾ ਭਾਵ ਵੱਡਮੁਲਾ, ਇੱਕ ਹੋਰ ਖ਼ਾਸੀਅਤ ਕਿ ਹੀਰਾ ਹਨੇਰੇ ਵਿੱਚ ਚਮਕਦਾ ਹੈ ਪਰ ਇਥੇ ਗਉਹਰ ਦੇ ਨਾਲ ਸ਼ਬਦ ਗਿਆਨ ਹੈ, ਇਥੇ ਵੱਡਮੁਲੇ ਗਿਆਨ ਦੀ ਚਮਕ ਦਾ ਪ੍ਰਤੀਕ ਹੈ। ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ – ਜਿਸ ਵੱਡਮੁਲੇ ਗਿਆਨ ਦੇ ਨਾਲ ਪ੍ਰਕਾਸ਼ ਪ੍ਰਗਟ ਹੋਵੇ। ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ – ਅਗਿਆਨਤਾ ਦੇ ਹਨੇਰੇ ਦਾ ਦੁੱਖ ਮਿਟ ਸਕਦਾ ਹੈ। ਕਵਿ ਕੀਰਤ – ਕਵਿ ਕੀਰਤ ਜੀ। ਸੰਤ ਚਰਨ – ਗਿਆਨ ਦੀਆਂ ਪੈੜਾਂ। ਜੋ ਸੰਤ ਚਰਨ ਮੁੜਿ ਲਾਗਹਿ – ਜੋ ਆਪ (ਕਰਮ-ਕਾਂਡੀ ਵੀਚਾਰਧਾਰਾ ਤੋਂ) ਮੁੜ ਕੇ ਇਸ ਗਿਆਨ ਨਾਲ ਜੁੜ ਕੇ ਗਿਆਨ ਦੀਆਂ ਪੈੜਾਂ ਉੱਪਰ ਤੁਰੇ। ਤਿਨੑ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ – ਉਨ੍ਹਾਂ ਨੂੰ ਕਾਮੀ ਕ੍ਰੋਧੀ (ਅਵਤਾਰਵਾਦੀ) ਜਮ ਕਿਸਮ ਦੇ ਲੋਕਾਂ ਦਾ ਡਰ ਨਹੀਂ ਸਤਾਉਂਦਾ। ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ – ਜਿਵੇਂ ਅੰਗਦ ਜੀ ਨੇ ਨਾਨਕ ਜੀ ਦੇ ਗਿਆਨ ਦਾ ਸੰਗ ਕੀਤਾ। ਤਿਵ ਗੁਰ ਅਮਰਦਾਸ – ਤਿਵੇਂ ਹੀ ਉਹ ਗਿਆਨ ਅਮਰਦਾਸ ਜੀ ਦੇ ਅੰਗ ਸੰਗ ਸੀ। ਕੈ ਗੁਰੁ ਰਾਮਦਾਸੁ – ਉਵੇਂ ਹੀ ਉਹ ਗਿਆਨ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚ ਅਪਣਾਇਆ ਹੋਇਆ ਹੈ।

ਅਰਥ:- ਹੇ ਭਾਈ! ਜਿਨ੍ਹਾਂ ਨੇ ਸ਼ਬਦ ਗਿਆਨ ਨੂੰ ਆਪਣੇ ਜੀਵਨ ਵਿੱਚ ਕਮਾਇਆ, ਉਨ੍ਹਾਂ ਨੇ ਇਸ ਗਿਆਨ ਦਾ ਆਪ ਵੀ ਸਾਥ ਨਹੀਂ ਛੱਡਿਆ ਸਗੋਂ ਹੋਰਨਾਂ ਨੂੰ ਵੀ ਇਸ ਪਵਿੱਤਰ ਗਿਆਨ ਦੀਆਂ ਪੈੜਾਂ ਉੱਪਰ ਪਾਇਆ ਭਾਵ ਗਿਆਨ ਦੇ ਮਾਰਗ `ਤੇ ਚੱਲਣ ਦੀ ਪ੍ਰੇਰਨਾ ਕਰਨ ਦੀ ਸੇਵਾ ਕੀਤੀ। ਇਸ ਤਰ੍ਹਾਂ ਇਸ ਵੱਡਮੁਲੇ ਗਿਆਨ ਦੇ ਪ੍ਰਗਟ-ਪ੍ਰਕਾਸ਼ ਹੋਣ ਨਾਲ ਅਗਿਆਨਤਾ ਦੇ ਹਨੇਰੇ ਦਾ ਰੋਗ ਨਾਸ਼ ਭਾਵ ਮਿਟ ਸਕਦਾ ਹੈ। ਇਸ ਤਰ੍ਹਾਂ ਜੋ (ਕਰਮ-ਕਾਂਡੀ ਵੀਚਾਰਧਾਰਾ ਤੋਂ) ਮੁੜ ਕੇ ਇਸ ਗਿਆਨ ਨਾਲ ਜੁੜ ਕੇ ਗਿਆਨ ਦੀਆਂ ਪੈੜਾਂ ਉੱਪਰ ਤੁਰੇ ਅਤੇ ਤੁਰਦੇ ਹਨ, ਉਨ੍ਹਾਂ ਨੂੰ ਫਿਰ ਕਾਮੀ, ਕ੍ਰੋਧੀ (ਅਵਤਾਰਵਾਦੀ) ਜਮ ਕਿਸਮ ਦੇ ਲੋਕਾਂ ਦਾ ਡਰ ਨਹੀਂ ਸਤਾਉਂਦਾ ਭਾਵ ਇਨ੍ਹਾਂ ਤੋਂ ਮੁਕਤ ਹੋ ਗਏ। ਜਿਵੇਂ ਅੰਗਦ ਜੀ ਨੇ ਨਾਨਕ ਜੀ ਦੇ ਵਾਂਗ ਗਿਆਨ ਦਾ ਸੰਗ ਕੀਤਾ, ਤਿਵੇਂ ਹੀ ਉਹ ਗਿਆਨ ਅਮਰਦਾਸ ਜੀ ਦੇ ਸੰਗ ਸੀ, ਉਵੇਂ ਹੀ ਉਹ ਗਿਆਨ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚ ਅਪਣਾਇਆ ਹੋਇਆ ਹੈ (ਅਤੇ ਉਵੇਂ ਹੀ ਉਹ ਅੱਗੇ ਹੋਰਨਾਂ ਨੂੰ ਇਹ ਗਿਆਨ ਜੀਵਨ ਵਿੱਚ ਅਪਣਾਉਣ ਅਤੇ ਅੱਗੇ ਪ੍ਰਚਾਰਨ ਲਈ ਪ੍ਰੇਰਨਾ ਕਰ ਰਹੇ ਹਨ)।

ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ।।

ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ।।

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਯ੍ਯੋ ਜੁ ਪ੍ਰਗਾਸੁ।।

ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ।। ੨।।

(ਪੰਨਾ ੧੪੦੬)

ਪਦ ਅਰਥ:- ਜਿਨਿ – ਜਿਨ੍ਹਾਂ ਨੇ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਸੇਵਿ – ਸੇਵਿਆ, ਸੇਵ ਕੇ, ਆਪਣੇ ਜੀਵਨ ਵਿੱਚ ਅਪਣਾ ਕੇ। ਪਦਾਰਥੁ – ਗੁਣ। ਪਦਾਰਥੁ ਪਾਯਉ – ਗਿਆਨ ਦੇ ਗੁਣਾਂ ਨੂੰ ਅਪਣਾਇਆ ਹੈ। ਨਿਸਿ – ਰਾਤ, ਅਗਿਆਨਤਾ ਦੇ ਹਨੇਰੇ ਵਿੱਚ। ਬਾਸੁਰ – ਦਿਨ, ਗਿਆਨ ਦਾ ਪ੍ਰਕਾਸ਼। ਹਰਿ ਚਰਣ ਨਿਵਾਸੁ – ਉਹ ਸੱਚੇ ਹਰੀ ਦੀ ਬਖ਼ਸ਼ਿਸ਼ ਗਿਆਨ ਦੇ ਪੈੜਾਂ `ਤੇ ਟਿਕੇ। ਤਾ ਤੇ – ਉਹ ਹੀ, ਉਸੇ। ਸੰਗਤਿ – ਗਿਆਨ ਦਾ ਸੰਗ ਕਰਕੇ ਅਗਿਆਨਤਾ ਤੋਂ ਗਤਿ ਪ੍ਰਾਪਤ ਕਰਕੇ। ਸਘਨ – ਗੂੜ੍ਹਾ ਭਾਵ ਅਗਿਆਨਤਾ ਦਾ ਗੂੜ੍ਹਾ ਹਨੇਰਾ। ਭਾਇ ਭਉ – ਆਦਰ ਸਹਿਤ। ਮਾਨਹਿ ਤੁਮ – ਤੈਨੂੰ ਭਾਵ ਕਰਤੇ ਨੂੰ ਹੀ ਮੰਨਦੇ ਹਨ। ਮਲੀਆਗਰ – ਚੰਦਨ ਦਾ ਦਰੱਖ਼ਤ। ਪ੍ਰਗਟ – ਪ੍ਰਤੱਖ। ਸੁਬਾਸੁ – ਖ਼ੁਸ਼ਬੂ, ਗਿਆਨ ਦੀ ਖ਼ੁਸ਼ਬੂ। ਧ੍ਰੂ – ਧ੍ਰੂ ਭਗਤ ਜੀ। ਪ੍ਰਹਲਾਦ – ਪ੍ਰਹਿਲਾਦ ਜੀ। ਤਿਲੋਚਨ – ਤ੍ਰਿਲੋਚਨ ਜੀ। ਨਾਮੁ ਲੈ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਣ ਨਾਲ। ਉਪਜ੍ਯ੍ਯੋ ਜੁ ਪ੍ਰਗਾਸੁ – ਜਿਵੇਂ ਪ੍ਰਕਾਸ਼ ਹੋਇਆ ਸੀ। ਜਿਹ ਪਿਖਤ – ਇਹ ਦੇਖ ਕੇ, ਜਾਣ ਕੇ। ਅਤਿ ਹੋਇ ਰਹਸੁ ਮਨਿ – ਮਨ ਅੰਦਰ ਅਤਿਅੰਤ ਖ਼ੁਸ਼ੀ ਹੋਈ। ਸੋਈ – ਉਸੇ ਹੀ। ਸੰਤ – ਗਿਆਨ। ਸਹਾਰੁ – ਆਸਰਾ। ਸਹਾਰੁ – ਆਸਰਾ ਲੈਣ ਲਈ ਪ੍ਰੇਰਨਾ। ਸੋਈ ਸੰਤ ਸਹਾਰੁ ਗੁਰੂ ਰਾਮਦਾਸੁ – ਰਾਮਦਾਸ ਜੀ ਨੇ ਉਸੇ ਅਗਿਆਨਤਾ ਦੇ ਹਨੇਰੇ ਨੂੰ ਖ਼ਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਦਾ ਆਸਰਾ ਲੈ ਕੇ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਪ੍ਰੇਰਨਾ ਕਰ ਰਹੇ ਹਨ। ਰਾਮਦਾਸੁ – ਰਾਮਦਾਸ ਜੀ ਨੇ। ਗੁਰੂ – ਅਗਿਆਨਤਾ ਦਾ ਹਨੇਰਾ ਖ਼ਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗਿਆਨ।

ਅਰਥ:- ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਦੇ ਗੁਣਾਂ ਨੂੰ ਜੀਵਨ ਵਿੱਚ ਅਪਣਾਇਆ, ਉਹ ਹੀ ਸੱਚੇ ਹਰੀ ਦੀ ਬਖ਼ਸ਼ਿਸ਼ ਗਿਆਨ ਦੀਆਂ ਪੈੜਾਂ ਉੱਪਰ ਟਿਕੇ। ਜਿਹੜੇ ਗਿਆਨ ਦੀਆਂ ਪੈੜਾਂ ਉੱਪਰ ਟਿਕੇ, ਉਨ੍ਹਾਂ ਦੇ ਹੀ ਜੀਵਨ ਰੂਪੀ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ। ਜਿਨ੍ਹਾਂ ਦੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ, ਉਹ ਗਿਆਨ ਦਾ ਸੰਗ ਕਰਕੇ ਅਗਿਆਨਤਾ ਦੇ ਸੰਘਣੇ ਹਨੇਰੇ ਤੋਂ ਗਤਿ-ਮੁਕਤੀ ਪ੍ਰਾਪਤ ਕਰਕੇ ਤੈਨੂੰ ਪ੍ਰਤੱਖ ਨੂੰ ਹੀ ਚੰਦਨ ਵਾਂਗ ਗਿਆਨ ਦੀ ਖ਼ੁਸ਼ਬੂ ਵੰਡਣ ਵਾਲਾ ਆਦਰ ਸਹਿਤ ਮੰਨਦੇ ਹਨ। ਇਸੇ ਤਰ੍ਹਾਂ ਜਿਵੇਂ ਧ੍ਰੂ, ਪ੍ਰਹਿਲਾਦ, ਕਬੀਰ ਅਤੇ ਤ੍ਰਿਲੋਚਨ ਜੀ ਵੱਲੋਂ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਣ ਨਾਲ ਹੀ ਗਿਆਨ ਉਪਜਿਆ ਸੀ, ਤਿਵੇਂ ਰਾਮਦਾਸ ਜੀ ਨੇ ਵੀ ਅਗਿਆਨਤਾ ਦੇ ਹਨੇਰੇ ਨੂੰ ਖ਼ਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਉਸੇ ਗਿਆਨ ਦਾ ਆਸਰਾ ਲੈ ਕੇ ਆਪਣੇ ਜੀਵਨ ਦਾ ਆਧਾਰ ਬਣਾਇਆ ਅਤੇ ਬਣਾਉਣ ਲਈ ਪ੍ਰੇਰਨਾ ਕਰ ਰਹੇ ਹਨ, ਇਹ ਜਾਣ ਕੇ ਅਤਿਅੰਤ ਖ਼ੁਸ਼ੀ ਹੋਈ ਹੈ।




.