ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਭੂਤ ਅੰਗਰੇਜ਼ੀ ਦਾ ਬੇ-ਵਫ਼ਾਈ ਗੁਰਮੁੱਖੀ ਨਾਲ
ਸ਼ਾਡਾ ਇਹ ਮੰਨਣਾ ਹੈ ਕਿ
ਬੱਚਿਆਂ ਨੂੰ ਵੱਧ ਤੋਂ ਵੱਧ ਬੋਲੀਆਂ ਆਉਣੀਆਂ ਚਾਹੀਦੀਆਂ ਹਨ।
ਸਾਡਾ ਇਹ ਵੀ ਮੰਨਣਾ ਹੈ ਅਜੋਕੇ ਸਮੇਂ ਵਿੱਚ ਜੇ ਬੱਚਿਆਂ ਨੂੰ ਅੰਗਰੇਜ਼ੀ ਜ਼ਬਾਨ ਨਾ ਪੜ੍ਹਾਈ ਗਈ ਤਾਂ
ਬੱਚੇ ਬਹੁਤ ਪਿੱਛੇ ਰਹਿ ਜਾਣਗੇ।
ਸਾਡਾ ਇਹ ਵੀ ਮੰਨਣਾ ਹੈ ਕਿ ਆਪਣੇ ਧਰਮ, ਸਭਿਆਚਾਰ ਤੇ ਅਮੀਰ ਵਿਰਾਸਤ ਦੀ ਜਾਣਕਾਰੀ ਅੰਤਰਰਾਸ਼ਟਰੀ
ਪੱਧਰ `ਤੇ ਦੇਣ ਲਈ ਅੰਗਰੇਜ਼ੀ ਭਾਸ਼ਾ ਦਾ ਅਉਣਾ ਜ਼ਰੂਰੀ ਹੈ।
ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਆਪਣੀ ਮਾਂ ਬੋਲੀ ਨਾਲ ਬੇ-ਵਫ਼ਾਈ ਵੀ ਤਾਂ ਨਹੀਂ ਕਰਨੀ ਚਾਹੀਦੀ।
ਜਦੋਂ ਮੈਂ ਸਿਰੀ ਗੁਰੂ ਸਿੰਘ ਸਭਾ ਬੈਂਕਾਕ ਥਾਈਲੈਂਡ ਵਿਖੇ ਮੁੱਖੀ ਗ੍ਰੰਥੀ ਦੀ ਸੇਵਾ ਅਰੰਭ ਕੀਤੀ
ਤਾਂ ਪ੍ਰਬੰਧਕ ਵੀਰਾਂ ਨੇ ਉਚੇਚੇ ਤੌਰ `ਤੇ ਇੱਕ ਗੱਲ ਕਹੀ ਕੇ “ਭਾਈ ਸਾਹਿਬ ਜੀ ਤੁਸੀਂ ਗੁਰਬਾਣੀ
ਸੰਥਾ ਦੀਆਂ ਕਲਾਸਾਂ ਲਗਾਉਣੀਆਂ ਹਨ”। ਮੈਂ ਕਿਹਾ ਕਿ “ਇਹ `ਤੇ ਸਾਡਾ ਫ਼ਰਜ਼ ਬਣਦਾ ਹੈ, ਗੁਰਬਾਣੀ
ਸੰਥਾ ਦੀਆਂ ਕਲਾਸਾਂ ਜ਼ਰੂਰ ਲਗਾਈਆਂ ਜਾਣਗੀਆਂ”। ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਤੁਸਾਂ
ਸਾਡੇ ਬੱਚਿਆਂ ਨਾਲ ਥਾਈ ਭਾਸ਼ਾ ਵਿੱਚ ਗੱਲਾਂ ਨਹੀਂ ਕਰਨੀਆਂ ਕਿਉਂਕਿ ਥਾਈ ਭਾਸ਼ਾ ਇਹਨਾਂ ਦੀ ਮਾਤਰੀ
ਜ਼ਬਾਨ ਹੈ। ਇਸ ਲਈ ਸਥਾਨਿਕ ਬੱਚਿਆਂ ਨਾਲ ਤੁਸਾਂ ਪੰਜਾਬੀ ਜ਼ਬਾਨ ਵਿੱਚ ਹੀ ਗੱਲਾਂ ਕਰਨੀਆਂ ਹਨ।
ਉਨ੍ਹਾਂ ਦਾ ਖ਼ਿਆਲ ਸੀ ਕਿ ਘੱਟੋ ਘੱਟ ਸਾਡੇ ਬੱਚਿਆਂ ਨੂੰ ਇਹ ਅਹਿਸਾਸ ਹੋਵੇ ਕਿ ਗੁਰਮੁੱਖੀ ਅੱਖਰ
ਸਿੱਖਣ ਤੋਂ ਬਿਨਾ ਗੁਰਬਾਣੀ ਦੀ ਜਾਣਕਾਰੀ ਨਹੀਂ ਆ ਸਕਦੀ। ਹੁਣ ਦਾ ਮੈਨੂੰ ਪਤਾ ਨਹੀਂ ਹੈ ਪਰ ਓਦੋਂ
ਲਗ-ਪਗ ਹਰ ਬੱਚੀ ਬੱਚਾ ਵਿਆਹ ਤੋਂ ਪਹਿਲਾਂ ਗੁਰਬਾਣੀ ਪਾਠ ਜ਼ਰੂਰ ਸਿੱਖ ਲੈਂਦਾ ਸੀ।
ਅਮਰੀਕਾ ਦੇ ਕਲੀਵਲੈਂਡ ਸ਼ਹਿਰ ਵਿੱਚ ਪਿੱਛਲੀ ਦਿਨੀ ਭਾਈ ਦਲਜੀਤ ਸਿੰਘ ਰਾਂਹੀ ਮੈਨੂੰ ਸ਼ਬਦ ਵਿਚਾਰ ਦਾ
ਮੌਕਾ ਮਿਲਿਆ। ਕੁਦਰਤੀ ਦਿਨੇ ਸੈਰ ਕਰਨ ਲਈ ਮੈਂ ਨਿਕਲਿਆ। ਅੱਗੋਂ ਇੱਕ ਭਾਅ ਜੀ ਮਿਲ ਪਏ। ਵਿਚਾਰ
ਵਟਾਂਰਦਾ ਕਰਦਿਆਂ ਉਹਨਾਂ ਦੱਸਿਆ ਕਿ ਮੈਂ ਦੂਜੇ ਗੁਰਦੁਆਰੇ ਦਾ ਪ੍ਰਧਾਨ ਹਾਂ। ਗੱਲਾਂਬਾਤਾਂ ਕਰਦਿਆਂ
ਕਹਿਣ ਲੱਗੇ, ਕਿ “ਤੁਸੀਂ ਕਥਾ-ਵਾਚਕ ਅੰਗਰੇਜ਼ੀ ਵਿੱਚ ਤਿਆਰ ਕਰਿਆ ਕਰੋ। ਅੱਜ ਅੰਗਰੇਜ਼ੀ ਦੀ ਬਹੁਤ
ਜ਼ਰੂਰਤ ਹੈ ਕਿਉਂਕਿ ਅਸੀਂ ਗੋਰਿਆਂ ਨੂੰ ਸਿੱਖੀ ਸਮਝਾਉਣੀ ਹੈ। ਦੂਜਾ ਸਾਡੇ ਬੱਚੇ ਵੀ ਅੰਗਰੇਜ਼ੀ ਹੀ
ਸਮਝਦੇ ਹਨ ਇਸ ਲਈ ਕਥਾ ਵਿਚਾਰ ਅੰਗਰੇਜ਼ੀ ਵਿੱਚ ਹੋਣੀ ਚਾਹੀਦੀ ਹੈ”। ਇਸ ਵਿਸ਼ੇ `ਤੇ ਉਨ੍ਹਾਂ ਨੇ ਕਈ
ਚੰਗੀਆਂ ਤੇ ਕੁੱਝ ਬੇ-ਤੁਕੀਆਂ ਮੇਰੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਦੀ ਗੱਲ ਸੁਣ ਕੇ
ਮੈਂ ਪੁੱਛਿਆ, ਕਿ “ਅਸੀਂ ਗੋਰਿਆਂ ਨੂੰ ਅੰਗਰੇਜ਼ੀ ਵਿੱਚ ਕੀ ਸਮਝਾਉਣਾ ਚਹੁੰਦੇ ਹਾਂ”? ਅੱਗੋਂ ਉੱਤਰ
ਦੇਂਦੇ ਹਨ, ਕਿ “ਆਹੀ ਕਿ ਭਈ ਚੰਗੇ ਇਨਸਾਨ ਬਣੋ, ਦਾਰੂ ਸਿੱਕੇ ਦੀ ਵਰਤੋਂ ਨਾ ਕਰੋ, ਪਰਵਾਰਾਂ ਵਿੱਚ
ਰਲ਼-ਮਿਲ ਕੇ ਬੈਠਿਆ ਕਰੋ, ਇੱਕ ਦੁਜੇ ਦੀ ਸਹਾਇਤਾ ਕਰੋ”। ਮੈਂ ਕਿਹਾ ਕਿ,” ਵੀਰ ਜੀ ਜੇ ਤਾਂ ਏਨੀ ਕੁ
ਗੱਲ ਵਾਸਤੇ ਅੰਗਰੇਜ਼ੀ ਸਿੱਖਣੀ ਹੈ ਤਾਂ ਇਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈ। ਇਹ ਸਾਰੀਆਂ ਗੱਲਾਂ
ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀਆਂ ਹਨ”। ਅੱਗੇ ਗੱਲ ਨੂੰ ਵਧਾਉਂਦਿਆਂ ਹੋਇਆ ਮੈਂ ਕਿਹਾ ਕਿ
“ਵੀਰ ਜੀ ਇਹ ਦੱਸੋ ਤੁਹਾਡੇ ਸ਼ਹਿਰ ਵਿੱਚ ਕਿਤੇ ਕੋਈ ਕਾਗ਼ਜ਼ ਦਾ ਟੁਕੜਾ ਮਿਲਦਾ ਹੈ? ਕਿਤੇ ਕੋਈ ਗੰਦਗੀ
ਦਿਸਦੀ ਹੈ? ਕੀ ਤੁਹਾਡੇ ਮੁਲਕ ਵਿੱਚ ਰਾਤ ਨੂੰ ਵੀ ਧੀ ਭੈਣ ਆਪਣੀ ਨੌਕਰੀ ਕਰਕੇ ਘਰ ਅਰਾਮ ਨਾਲ ਆ
ਸਕਦੀ ਹੈ? ਤੁਹਾਡੇ ਮੁਲਕ ਵਿੱਚ ਕੁਦਰਤੀ ਕਿਤੇ ਕਾਰ ਦਾ ਟਾਇਰ ਪੈਂਚਰ ਹੋ ਜਾਏ ਪੁਲੀਸ ਵਾਲੇ ਝੱਟ ਉਸ
ਦੀ ਮਦਦ `ਤੇ ਪਹੁੰਚ ਜਾਂਦੇ ਹਨ। ਕਿਤੇ ਕੋਈ ਧੱਕਾ ਨਹੀਂ ਵੱਜਦਾ, ਤੁਸੀਂ ਸੈਰ ਕਰਨ ਲਈ ਨਿਕਲਦੇ ਹੋ
ਹਰ ਮਾਈ ਭਾਈ ਇੱਕ ਦੂਜੇ ਨੂੰ ਮੁਸਕਰਾਹਟ ਨਾਲ ਮਿਲਦੇ ਹਨ, ਹੱਥ ਮਿਲਾਉਂਦੇ ਹਨ”। ਅੱਗੇ ਮੈਂ ਕਿਹਾ
ਕਿ “ਵੀਰ ਜੀ ਜੇ ਤਾਂ ਕੇਵਲ ਜ਼ਿੰਦਗੀ ਜਿਉਣ ਦਾ ਸਲੀਕਾ ਹੀ ਸਮਝਾਉਣਾ ਹੈ ਤਾਂ ਇਹ ਇਹਨਾਂ ਨੂੰ ਸਾਡੇ
ਨਾਲੋਂ ਜ਼ਿਆਦਾ ਆਉਂਦਾ ਹੈ। ਆਮ ਨਾਗਰਿਕ ਨੂੰ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੀ ਬਹੁਤ ਵਧੀਆ
ਜਾਣਕਾਰੀ ਹੈ। ਇਹਨਾਂ ਨੂੰ ਸਲੀਕਾ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਵੀਰ ਜੀ ਜੇ ਇਹ ਸਲੀਕਾ ਸਮਝਾਉਣਾ
ਹੈ ਤਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸਮਝਾਓ, ਜਿਹੜੇ ਹਰ ਮੀਟਿੰਗ ਵਿੱਚ ਡਾਂਗ ਸੋਟਾ
ਖੜਕਾਉਂਦੇ ਹਨ। ਵੀਰ ਜੀ ਅਸੀਂ ਤਾਂ ਗੁਰਬਾਣੀ ਰੋਜ਼ ਪੜ੍ਹਦੇ ਹਾਂ ਪਰ ਸਾਡੇ `ਤੇ ਗੁਰਬਾਣੀ ਦਾ ਕੋਈ
ਅਸਰ ਹੋਇਆ ਹੈ? ਅੱਜ ਕਿਹੜਾ ਗੁਰਦੁਆਰਾ ਹੈ ਜਿਸ ਦਾ ਅਦਾਲਤ ਵਿੱਚ ਕੇਸ ਨਹੀਂ ਚਲ ਰਿਹਾ। ਜਿਹੜੇ
ਗੁਰਦੁਆਰੇ ਬਚੇ ਹੋਏ ਹਨ ਉਹ ਅਗਲੀ ਚੋਣ ਵੇਲੇ ਕੋਟ ਕਚਹਿਰੀ ਜਾਣ ਲਈ ਕਾਹਲ਼ੇ ਪਏ ਹੋਏ ਹਨ। ਇਹ ਦਸ
ਦਿਓ ਕਿ ਸਿੱਖ ਗੁਰਬਾਣੀ ਪੜ੍ਹ ਕੇ ਗੁਰਦੁਆਰਿਆਂ ਵਿੱਚ ਧੀ ਭੈਣ ਦੀ ਇੱਕ ਕਿਉਂ ਕਰਦੇ ਹਨ”? ਵੀਰ ਜੀ
ਪਾਸ ਇਹਨਾਂ ਗੱਲਾਂ ਦਾ ਕੋਈ ਵੀ ਸਹੀ ਉੱਤਰ ਨਹੀਂ ਸੀ। ਵੀਰ ਜੀ ਕਹਿੰਦੇ, “ਹਾਂ ਊਂ ਤਾਂ ਤੁਹਾਡੀਆਂ
ਸਾਰੀਆਂ ਗੱਲਾਂ ਸਹੀ ਹਨ”।
ਏਸੇ ਪਰਚਾਰ ਫੇਰੀ ਦੌਰਾਨ ਅਮਰੀਕਾ ਸ਼ਹਿਰ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਵਿਚਾਰ ਦਾ
ਸਮਾਂ ਮਿਲਿਆ, ਤਾਂ ਓੱਥੇ ਵੀਰ ਚੀਮਾਂ ਜੀ ਨੇ ਗੱਲ ਸੁਣਾਈ, ਕਿ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਦੇ
ਦੋਵੇਂ ਬੱਚੇ ਈਸਾਈ ਬਣ ਗਏ ਹਨ। ਜਿਹੜਾ ਕਾਰਨ ਉਹਨਾਂ ਦੱਸਿਆ ਉਹ ਕਈ ਸਵਾਲ ਖੜੇ ਕਰਦਾ ਹੈ। ਕਹਿੰਦੇ
ਕਿ ਉਹ ਬੱਚੇ ਜਦੋਂ ਵੀ ਗੁਰਦੁਆਰੇ ਆਉਂਦੇ ਸਨ ਤਾਂ ਉਹ ਅਕਸਰ ਗੁਰਦੁਆਰੇ ਦੇ ਅੰਦਰ ਬਦ ਕਲਾਮੀ ਹੀ
ਦੇਖਦੇ ਸਨ। ਸਾਡੇ ਗੁਰਦੁਆਰੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਦਾ ਕੋਈ ਵੀ ਯਤਨ ਨਹੀਂ ਸੀ। ਬੱਚੇ
ਹਮੇਸ਼ਾਂ ਨੱਠੇ ਫਿਰਦੇ ਹੀ ਦਿਸਦੇ ਸਨ। ਜਦੋਂ ਵੀ ਚੋਣ ਹੋਣੀ ਲੜਾਈ ਝਗੜਾ ਹੀ ਰਹਿੰਦਾ ਸੀ। ਇੱਕ ਦਿਨ
ਉਹ ਬੱਚੇ ਆਪਣਿਆਂ ਦੋਸਤਾਂ ਨਾਲ ਚਰਚ ਵਿੱਚ ਗਏ। ਚਰਚ ਵਿੱਚ ਕੋਈ ਲੜਾਈ ਝਗੜਾ ਨਹੀਂ ਸੀ। ਉਹਨਾਂ ਦਾ
ਪਰਚਾਰਕ ਆਇਆ, ਇੱਕ ਘੰਟਾ ਲੈਕਚਰ ਕੀਤਾ ਲੋਕਾਂ ਧਿਆਨ ਪੂਰਵਕ ਸੁਣਿਆਂ ਤੇ ਆਪੋ ਆਪਣੇ ਘਰਾਂ ਨੂੰ ਚਲੇ
ਗਏ। ਉਹ ਬੱਚੇ ਗੁਰਦੁਆਰੇ ਵਿੱਚ ਲੜਾਈ ਦੇਖ ਕੇ ਹੀ ਚਰਚ ਵਲ ਨੂੰ ਖਿੱਚੇ ਗਏ। ਦੂਜਾ ਸਾਡੇ
ਗੁਰਦੁਆਰਿਆਂ ਵਿੱਚ ਬੱਚਿਆਂ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਸੀ।
ਸਵਾਲਾਂ ਦਾ ਸਵਾਲ ਹੈ ਕਿ ਕੀ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਗੁਰਮਤਿ ਪੜ੍ਹਾਈ ਜਾਏ ਤਾਂ ਹੀ ਉਹ
ਗੁਰਮਤਿ ਸਮਝਣਗੇ? ਕੀ ਅੰਗਰੇਜ਼ੀ ਵਿੱਚ ਕਥਾ ਕਰਨ ਨਾਲ ਹੀ ਇੱਕ ਹੱਲ ਹੈ ਜਿਸ ਰਾਂਹੀ ਬੱਚੇ ਸਿੱਖੀ
ਨਾਲ ਜੁੜੇ ਰਹਿ ਸਕਦੇ ਹਨ?
ਇਨ੍ਹਾਂ ਸਵਾਲਾਂ ਦਾ ਉੱਤਰ ਹੈ ਕਿ ਬਿਮਾਰੀ ਦਰੱਖਤ ਦੀ ਜੜ੍ਹ ਵਿੱਚ ਹੈ ਪਰ ਦਵਾਈ ਅਸੀਂ ਪੱਤਿਆਂ `ਤੇ
ਪਾ ਰਹੇ ਹਾਂ। ਸਾਡੀ ਬਦ ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਜਦੋਂ ਅਸੀਂ ਆਪ ਕੁੱਝ ਨਹੀਂ ਕਰਨਾ
ਚਾਹੁੰਦੇ ਓਦੋਂ ਦੋਸ਼ ਦੂਜਿਆਂ ਨੂੰ ਜਾਂ ਰੱਬ ਜੀ ਨੂੰ ਦਈ ਜਾਵਾਂਗੇ। ਮੇਰੇ ਖ਼ਿਆਲ ਅਨੁਸਾਰ ਅਮਰੀਕਾ
ਵਿੱਚ ਰਹਿ ਰਹੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਗੁਰਮਤਿ ਸਿਖਾਉਣ ਦੀ ਲੋੜ ਨਹੀਂ ਹੈ ਕਿਉਂ ਕਿ ਜਿੰਨੀ
ਕੁ ਅਸੀਂ ਜਾਣਕਾਰੀ ਦੇਣੀ ਹੈ ਉਸ ਤੋਂ ਕਈ ਗੁਣਾਂ ਵੱਧ ਇੰਟਰਨੈੱਟ ਤੋਂ ਪ੍ਰਾਪਤ ਕਰ ਲੈਂਦੇ ਹਨ। ਇਹ
ਇੱਕ ਬਹਾਨਾ ਹੈ ਕਿ ਕੀ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਗੁਰਮਤਿ ਸਮਝਾਈ ਜਾਏ। ਕਿਉਂਕਿ ਅਸੀਂ ਆਪ
ਬੱਚਿਆਂ `ਤੇ ਘਰ ਵਿੱਚ ਮੇਹਨਤ ਕਰਨ ਲਈ ਤਿਆਰ ਨਹੀਂ ਹਾਂ। ਗੁਰਮਤਿ ਦੀ ਸਮਝ ਨਾ ਆਉਣ ਦਾ ਕਾਰਨ ਹੈ
ਕਿ ਬੱਚੇ ਆਪਣੀ ਮਾਂ ਬੋਲੀ ਨਾਲੋਂ ਟੁੱਟ ਚੁੱਕੇ ਹਨ। ਚਾਹੀਦਾ ਤਾਂ ਇਹ ਸੀ ਕਿ ਬੱਚਿਆਂ ਨੂੰ
ਗੁਰਮੁੱਖੀ ਅੱਖਰ ਸਿਖਾਏ ਜਾਣ, ਤਾਂ ਕਿ ਉਹ ਖ਼ੁਦ ਗੁਰਬਾਣੀ ਪੜ੍ਹ ਸਕਣ। ਜਿੰਨ੍ਹਾਂ ਚਿਰ ਬੱਚੇ ਆਪ
ਗੁਰਮੁੱਖੀ ਅੱਖਰ ਨਹੀਂ ਸਿਖਦੇ ਓਨਾ ਚਿਰ ਬੱਚੇ ਕਦੇ ਵੀ ਗੁਰਬਾਣੀ ਨਾਲ ਨਹੀਂ ਜੁੜ ਸਕਦੇ।
ਮਾਰਚ ੨੦੦੫ ਨੂੰ ਮੈਨੂੰ ਜਰਮਨੀ ਦੇ ਸ਼ਹਿਰ ਸਟੁੱਟਗਾਰਡ ਜਾਣ ਦਾ ਮੌਕਾ ਮਿਲਿਆ। ਓੱਥੇ ਇੱਕ ਪਰਵਾਰ
ਆਪਣੀ ਬੱਚੀ ਲੈ ਕੇ ਮੇਰੇ ਪਾਸ ਆਏ ਤੇ ਕਹਿਣ ਲੱਗੇ,” ਭਾਈ ਸਾਹਿਬ ਜੀ ਬੱਚੀ ਨੂੰ ਜਪੁ ਬਾਣੀ ਦਾ ਪਾਠ
ਜ਼ਬਾਨੀ ਯਾਦ ਕਰਾ ਦਿਓ”। ਮੈਂ ਪੁੱਛਿਆ, ਕਿ “ਇਸ ਨੂੰ ਗੁਰਮੁੱਖੀ ਅੱਖਰਾਂ ਦੀ ਪਹਿਚਾਨ ਹੈ” ਤਾਂ,”
ਅੱਗੋਂ ਭੈਣ ਜੀ ਕਹਿਣ ਲੱਗੇ ਕਿ ਨਹੀਂ ਵੀਰ ਜੀ ਬੱਚੀ ਨੂੰ ਪੰਜਾਬੀ ਅੱਖਰਾਂ ਦਾ ਗਿਆਨ ਨਹੀਂ ਹੈ।
ਤੁਸੀਂ ਅੱਗੇ ਅੱਗੇ ਪਾਠ ਪੜ੍ਹਾਓ ਤੇ ਇਹ ਬੱਚੀ ਅੰਗਰੇਜ਼ੀ ਵਿੱਚ ਲਿਖੇ ਹੋਏ ਗੁਟਕੇ ਤੋਂ ਵੇਖ ਕੇ
ਤੁਹਾਡੇ ਪਿੱਛੇ ਪਿੱਛੇ ਪੜ੍ਹੇਗੀ। ਏਦਾਂ ਇੱਕ ਇੱਕ ਪਉੜੀ ਕਰਕੇ ਇਸ ਨੂੰ ਪਾਠ ਜ਼ਬਾਨੀ ਯਾਦ ਕਰਾ
ਦਿਓ”। ਮੈਂ ਸਿੱਧਾ ਹੀ ਕਹਿ ਦਿੱਤਾ ਕਿ “ਭੈਣ ਜੀ ਮੇਰੇ ਵਾਸਤੇ ਬਹੁਤ ਵੱਡੀ ਬਿਪਤਾ ਹੈ। ਮੇਰਾ ਸਮਾਂ
ਵੀ ਬਹੁਤ ਬਰਬਾਦ ਹੋਏਗਾ। ਇਸ ਤਰ੍ਹਾਂ ਬੱਚੀ ਪਾਠ ਵੀ ਨਹੀਂ ਸਿੱਖ ਸਕਦੀ”। ਫਿਰ ਮੈਨੂੰ ਪਰਵਾਰ ਵਾਲੇ
ਪੁੱਛਦੇ ਹਨ ਅਸੀਂ ਕੀ ਕਰੀਏ। ਮੈਂ ਕਿਹਾ ਤੁਹਾਡਾ ਧੰਨਵਾਦ ਹੈ,” ਕਿ ਤੁਸਾਂ ਮੇਰੀ ਰਾਏ ਪੁੱਛੀ ਹੈ”।
ਮੈਂ ਕਿਹਾ ਭੈਣ ਜੀ ਇਸ ਬੱਚੀ ਨੂੰ ਗੁਰਮੁੱਖੀ ਅੱਖਰ ਸਿਖਾਓ। ਇਹ ਕੰਮ ਕੋਈ ਬਹੁਤਾ ਔਖਾ ਨਹੀਂ ਹੈ।
ਤੁਹਾਡੀ ਬੇਟੀ ਨੇ ਇੱਕ ਹਫਤੇ ਵਿੱਚ ਹੀ ਅੱਖਰਾਂ ਦੀ ਪਹਿਚਾਨ ਕਰਕੇ ਮੁਹਾਰਨੀ ਰਟ ਲੈਣੀ ਹੈ। ਜਿਸ
ਬੱਚੇ ਨੂੰ ਪੰਜਾਬੀ ਦੀ ਮੁਹਾਰਨੀ ਆ ਗਈ ਉਸ ਨੂੰ ਪੰਜਾਬੀ ਪੜ੍ਹਨੀ ਆ ਜਾਏਗੀ। ਫਿਰ ਇਹ ਬੱਚੀ ਖ਼ੁਦ ਆਪ
ਪਾਠ ਪੜ੍ਹ ਲਿਆ ਕਰੇਗੀ। ਜਿਹੜਾ ਢੰਗ ਤੁਸਾਂ ਅਪਨਾਇਆ ਹੋਇਆ ਹੈ ਇੰਜ ਕਰਨ ਨਾਲ ਬੱਚੀ ਕਦੇ ਵੀ ਗੁਰੂ
ਗ੍ਰੰਥ ਸਾਹਿਬ ਜੀ ਤੋਂ ਪਾਠ ਨਹੀਂ ਪੜ੍ਹ ਸਕੇਗੀ। ਤੁਹਾਡੀ ਸਮੱਸਿਆ ਤਾਂ ਹੀ ਹੱਲ ਹੋ ਸਕਦੀ ਹੈ ਜੇ
ਬੱਚੀ ਖ਼ੁਦ ਆਪ ਗੁਰਬਾਣੀ ਤਥਾ ਹੋਰ ਲਿਟਰੇਚਰ ਪੰਜਾਬੀ ਵਿੱਚ ਪੜ੍ਹੇ। ਇਹ ਗੱਲ ਉਹਨਾਂ ਦੇ ਮਨ ਨੂੰ ਜਚ
ਗਈ। ਸੱਚ ਇਹ ਹੈ ਉਸ ਬੱਚੀ ਨੇ ਦਸ ਦਿਨ ਦੇ ਵਿੱਚ ਪੰਜਾਬੀ ਪੜ੍ਹਨੀ ਸਿੱਖ ਲਈ ਸੀ ਤੇ ਉਹ ਆਪ ਦੋ ਕੁ
ਹਫਤਿਆਂ ਵਿੱਚ ਪਾਠ ਕਰਨ ਲੱਗ ਪਈ ਸੀ।
ਸਾਡੇ ਪਰਵਾਰਾਂ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਅਸੀਂ ਬੱਚਿਆਂ ਨੂੰ ਮਾਂ ਬੋਲੀ ਭਾਵ ਗੁਰਮੁੱਖੀ
ਅੱਖਰ ਸਿਖਾਉਣ ਲਈ ਤਿਆਰ ਨਹੀਂ ਹਾਂ ਤੇ ਸਮਝਦੇ ਹਾਂ ਕਿ ਸ਼ਾਇਦ ਸਿੱਖੀ ਰੈਡੀਮੇਟ ਹੈ ਤੇ ਸਾਰੀ
ਅੰਗਰੇਜ਼ੀ ਵਿੱਚ ਲੈਕਚਰ ਕਰਨ ਨਾਲ ਬੱਚੇ ਗੁਰਸਿੱਖ ਬਣ ਜਾਣਗੇ। ਜਿੰਨਾ ਚਿਰ ਬੱਚਿਆਂ ਨੂੰ ਇਹ ਨਹੀਂ
ਸਮਝਾਉਂਦੇ ਕਿ ਗੁਰੂ ਗ੍ਰੰਥ ਸਾਹਿਬ ਗੁਰਮੁੱਖੀ ਅੱਖਰਾਂ ਵਿੱਚ ਲਿਖਿਆ ਹੈ ਤੇ ਗੁਰੂਆਂ ਨੇ ਸ਼ਾਹਿਦ
ਵਰਗੀ ਮਿੱਠੀ ਪੰਜਾਬੀ ਬੋਲੀ ਨਾਲ ਪਿਆਰ ਕੀਤਾ ਹੈ। ਆਪਣੀ ਸਾਰੀ ਬਾਣੀ ਏਸੇ ਬੋਲੀ ਵਿੱਚ ਲਿਖੀ ਹੈ।
ਪਰ ਅਸੀਂ ਗੁਰਮੁੱਖੀ ਅੱਖਰ ਸਿੱਖਣ ਦੀ ਬਜਾਏ ਇਹ ਭਰਮ ਪਾਲ ਲਿਆ ਹੈ ਕਿ ਸ਼ਾਇਦ ਗੁਰਦੁਆਰਿਆਂ ਵਿੱਚ
ਅੰਗਰੇਜ਼ੀ ਭਾਸ਼ਾ ਵਿੱਚ ਕੁੱਝ ਕਥਾ ਕਰਨ ਨਾਲ ਹੀ ਬੱਚੇ ਸਿੱਖ ਬਣ ਜਾਣਗੇ ਇਹ ਇੱਕ ਝੂਠੀ ਮਨ ਨੂੰ
ਧਰਵਾਸ ਦੇਣ ਵਾਲੀ ਗੱਲ ਹੈ। ਇਸ ਦਾ ਸਿੱਧਾ ਅਰਥ ਹੈ ਕਿ ਮਾਪੇ ਅਤੇ ਪ੍ਰਬੰਧਕ ਆਪਣੀ ਬਣਦੀ
ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਬੱਚਿਆਂ ਦੇ ਦਿਮਾਗ ਬਹੁਤ ਤਿਖੇ ਹੁੰਦੇ ਹਨ। ਇਹਨਾਂ ਨੂੰ ਜੋ ਸਿਖਾਉਣ ਦਾ ਯਤਨ ਕਰਾਂਗੇ ਇਹ ਉਹੀ
ਕੁੱਝ ਸਿੱਖ ਲੈਂਦੇ ਹਨ ਪਰ ਗੁਰਮੁਖੀ ਅੱਖਰ ਸਿਖਾਉਣ ਲਈ ਅਸੀਂ ਆਪ ਯਤਨ ਸ਼ੀਲ ਨਹੀਂ ਹਾਂ। ਆਪਣੀ
ਜ਼ਿੰਮੇਵਾਰੀ ਸੰਭਾਲਣ ਦੀ ਥਾਂ `ਤੇ ਇਕੋ ਗੱਲ ਤੇ ਹੀ ਜ਼ੋਰ ਦੇ ਰਹੇ ਹਾਂ ਕਿ ਜੇ ਗੁਰਦੁਆਰਿਆਂ ਵਿੱਚ
ਕਥਾ ਅੰਗਰੇਜ਼ੀ ਭਾਸ਼ਾ ਵਿੱਚ ਕਰੋ ਤਾਂ ਕਿ ਸਾਡੇ ਬੱਚੇ ਗੁਰਦੁਆਰੇ ਵਿੱਚ ਬੈਠਿਆ ਕਰਨ।
ਹਾਂ ਅੰਗਰੇਜ਼ੀ ਮੁਹਾਰਤ ਤੇ ਸਿੱਖ ਸਿਧਾਂਤ ਨੂੰ ਸਮਝਣ ਵਾਲੇ ਪ੍ਰਚਾਰਕ ਤਿਆਰ ਕਰਨੇ ਚਾਹੀਦੇ ਹਨ ਤਾਂ
ਕਿ ਜਿੱਥੇ ਕਿਤੇ ਅੰਤਰਰਾਸ਼ਟਰੀ ਪੱਧਰ ਦਾ ਕੋਈ ਸੈਮੀਨਾਰ ਹੋਵੇ ਓੱਥੇ ਅੰਗਰੇਜ਼ੀ ਵਿੱਚ ਸਿੱਖ ਸਿਧਾਂਤ
ਦੀ ਵਿਚਾਰ ਕਰ ਸਕਣ। ਕੇਵਲ ਅੰਗਰੇਜ਼ੀ ਹੀ ਨਹੀਂ ਸਗੋਂ ਜਿਸ ਮੁਲਕ ਵਿੱਚ ਵੀ ਸਾਡੇ ਵੀਰ ਰਹਿ ਰਹੇ
ਓੱਥੋਂ ਦੀ ਭਾਸ਼ਾ ਵਿੱਚ ਛੋਟੇ ਛੋਟੇ ਟ੍ਰੈਕਟ ਛਪਾ ਕੇ ਵੰਡਣੇ ਚਾਹੀਦੇ ਹਨ ਤੇ ਉਸ ਮੁਲਕ ਦੀ ਬੋਲੀ ਵੀ
ਆਉਣੀ ਚਾਹੀਦੀ ਹੈ। ਗੁਰਦੁਆਰਿਆਂ ਵਿੱਚ ਬਾਹਰੋਂ ਆਏ ਵੀਰਾਂ ਨੂੰ ਉਹਨਾਂ ਦੀ ਬੋਲੀ ਵਿੱਚ ਗੱਲ ਕਰਨ
ਵਾਲੇ ਪਰਚਾਰਕ ਹੋਣੇ ਚਾਹੀਦੇ ਹਨ।
ਜਿਸ ਮੁਲਕ ਵਿੱਚ ਵੀ ਪੰਜਾਬੀ ਗਿਆ ਹੈ ਉਸ ਮੁਲਕ ਦੀ ਭਾਸ਼ਾ ਇਹਨਾਂ ਨੇ ਬਹੁਤ ਸੌਖਿਆਂ ਹੀ ਸਿੱਖ ਲਈ
ਹੈ ਕਿਉਂਕਿ ਓੱਥੋਂ ਦੀ ਭਾਸ਼ਾ ਸਿੱਖੇ ਬਗੈਰ ਬੰਦਾ ਕਾਮਯਾਬ ਨਹੀਂ ਹੋ ਸਕਦਾ। ਦੂਜੇ ਪਾਸੇ ਬਹੁਤੇ
ਪਰਵਾਰਾਂ ਨੇ ਆਪਣੀ ਬੋਲੀ ਵਲ ਧਿਆਨ ਹੀ ਨਹੀਂ ਦਿੱਤਾ। ਹੌਲ਼ੀ ਹੌਲ਼ੀ ਸਾਡਿਆਂ ਘਰਾਂ ਵਿਚੋਂ ਮਾਂ ਬੋਲੀ
ਗਵਾਚਣੀ ਸ਼ੁਰੂ ਹੋ ਗਈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬੱਚਿਆਂ ਨੇ ਬਿਲਕੁਲ ਆਪਣੀ ਮਾਂ ਬੋਲੀ ਭੁਲਾ
ਦਿੱਤੀ ਹੈ। ਦਰਅਸਲ ਜਿੱਥੇ ਬੱਚਿਆ ਦਾ ਜਨਮ ਹੋਇਆ ਹੈ ਓੱਥੇ ਰਹਿਣ ਨਾਲ ਇਹਨਾਂ ਦੀ ਉਹ ਹੀ ਮਾਂ ਬੋਲੀ
ਬਣ ਗਈ। ਦੁਖਾਂਤ ਇਹ ਹੈ ਕਿ ਮਾਪਿਆਂ ਨੇ ਬੱਚਿਆਂ ਨੂੰ ਮਾਂ ਬੋਲੀ ਭਾਵ ਗੁਰਮੁੱਖੀ ਅੱਖਰ ਸਿਖਾਉਣ ਦਾ
ਕੋਈ ਸਾਰਥਿਕ ਯਤਨ ਨਹੀਂ ਕੀਤਾ। ਇਹ ਮਾਪੇ ਆਪਣੀ ਜ਼ਿੰਮੇਵਾਰੀ ਨਿਭਾਹੁੰਣ ਤੋਂ ਅਸਮਰੱਥ ਰਹੇ ਹਨ।
ਬਾਹਰਲੇ ਮੁਲਕਾਂ ਦਿਆਂ ਗੁਰਦੁਆਰਿਆਂ ਵਿੱਚ ਅਨੰਦ ਕਾਰਜ ਸਮੇਂ ਬੱਚੇ ਪੰਜਾਬੀ ਵਿੱਚ ਏੰਨੀ ਗੱਲ ਵੀ
ਸਮਝਣ ਲਈ ਤਿਆਰ ਨਹੀਂ ਹੁੰਦੇ ਕਿ ਸੱਜੇ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਪ੍ਰਕਰਮਾਂ ਕਰਨੀਆਂ
ਹਨ। ਉਹ ਵੀ ਅੰਗਰੇਜ਼ੀ ਵਿੱਚ ਸਮਝੌਣਾ ਪੈਂਦਾ ਹੈ। ਜ਼ਰਾ ਸੋਚੋ ਜੇ ਏੰਨੀ ਗੱਲ ਵੀ ਬੱਚੇ ਪੰਜਾਬੀ ਵਿੱਚ
ਨਹੀਂ ਸਮਝਦੇ ਤਾਂ ਕੀ ਉਹਨਾਂ ਦੀ ਅਗਲ਼ੀ ਪੀੜ੍ਹੀ ਸਿੱਖੀ ਨੂੰ ਕਾਇਮ ਰੱਖ ਸਕਦੀ ਹੈ? ਅਨੰਦ ਕਾਰਜ
ਵਾਲਿਆਂ ਨੂੰ ਘੱਟ ਤੇ ਬਾਹਰੋਂ ਆਏ ਅੰਗਰੇਜ਼ਾਂ ਨੂੰ ਅਨੰਦ ਕਾਰਜ ਸਮਝਾਈ ਜਾਣ ਨੂੰ ਅਸੀਂ ਸਮਝਦੇ ਹਾਂ
ਕਿ ਸ਼ਾਇਦ ਅਸੀਂ ਬਹੁਤ ਵੱਡਾ ਮਾਰਕਾ ਮਾਰਿਆ ਹੈ।
ਹਿਟਲਰ ਨੇ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸਾੜ ਕੇ ਉਹਨਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ
ਕੀਤਾ ਸੀ ਤਾਂ ਯਹੂਦੀ ਤਬਾਹੀ ਦੇ ਕੰਢੇ `ਤੇ ਪਹੁੰਚ ਚੁੱਕੇ ਸਨ। ਆਪਣੀ ਮਰ ਰਹੀ ਕੌਮ ਨੂੰ ਬਚਾਉਣ ਲਈ
ਸਿਆਣੇ ਯਹੂਦੀਆਂ ਨੇ ਦੁਨੀਆਂ ਵਿੱਚ ਵੱਸੇ ਯਹੂਦੀਆਂ ਨੂੰ ਅਵਾਜ਼ ਮਾਰੀ ਸੀ ਕੀ ਜਿਸ ਕਿਸੇ ਨੂੰ ਵੀ
ਹਿਬਰੂ ਭਾਸ਼ਾ ਆਉਂਦੀ ਹੈ ਉਹ ਸਾਡੇ ਨਾਲ ਸਪੰਰਕ ਕਰਨ `ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ
ਭਾਵ ਨੌਕਰੀ ਦਾ ਪੂਰਾ ਪ੍ਰਬੰਧ ਕੀਤਾ ਜਾਏਗਾ। ਵਾਪਸ ਆਪਣੇ ਮੁਲਕ ਵਿੱਚ ਆ ਕਿ ਬੱਚਿਆਂ ਨੂੰ ਆਪਣੀ
ਮਾਂ ਜ਼ਬਾਨ ਪੜ੍ਹਾਉਣ ਦਾ ਯਤਨ ਕਰਨ। ਇੰਜ ਉਹਨਾਂ ਨੇ ਆਪਣੀ ਕੌਮ ਦੀ ਵਫ਼ਾਦਾਰੀ ਕੀਤੀ।
ਪੰਜਾਬ ਦੀ ਧਰਤੀ `ਤੇ ਆਪਣੀ ਮਾਂ ਬੋਲੀ ਨਾਲ ਹੋਰ ਵੀ ਅੱਤਿਆਚਾਰ ਕੀਤਾ ਜਾ ਰਿਹਾ ਹੈ। ਸਾਡੇ ਸਾਰੇ
ਪਰਵਾਰ ਕੀ ਸ਼ੀਹਰੀ ਕੀ ਪੇਂਡੂ ਕੀ ਪੜ੍ਹੇ ਲਿਖੇ ਸਾਰੇ ਹੀ ਔਖਿਆਂ ਹੋ ਕੇ ਭਈਏ ਨਾਲ ਹਿੰਦੀ ਵਿੱਚ ਗੱਲ
ਕਰਨ ਨੂੰ ਤਰਜੀਹ ਦੇਂਦੇ ਹਨ। ਕਦੇ ਕਿਸੇ ਬੈਂਕ ਜਾਂ ਟੈਲੀਫੂਨ ਕੇਂਦਰ ਵਿਚੋਂ ਕਾਲ ਆਉਂਦੀ ਹੈ ਤਾਂ
ਅੱਗੋਂ ਹਿੰਦੀ ਵਿੱਚ ਗੱਲ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਹਾਂ। ਕੀ ਪੰਜਾਬ ਵਿਚੋਂ ਕਾਲ ਕਰਨ ਵਾਲੇ ਨੂੰ
ਅਸੀਂ ਕਹਿ ਨਹੀਂ ਸਕਦੇ ਕਿ ਭਲਿਆ ਤੂੰ ਪੰਜਾਬੀ ਵਿੱਚ ਸਾਡੇ ਨਾਲ ਗੱਲ ਕਰ, ਸਗੋਂ ਅਸੀਂ ਵੀ ਓਦ੍ਹੇ
ਨਾਲ ਗੁਲਾਬੀ ਹਿੰਦੀ ਵਿੱਚ ਖੱਚਾਂ ਮਾਰਨ ਲੱਗ ਜਾਂਦੇ ਹਾਂ। ਹਾਸਾ ਆਉਂਦਾ ਹੈ ਓਦੋਂ ਜਦੋਂ ਕਦੇ ਸਾਡੇ
ਨੇਤਾਜਨ ਕਿਸੇ ਟੀ. ਵੀ. ਚੈਨਲ ਵਾਲੇ ਨਾਲ ਗੱਲਬਾਤ ਕਰਦੇ ਹਨ ਤਾਂ ਉਖੜੀ ਹੋਈ ਹਿੰਦੀ ਬੋਲ ਕੇ ਜਿੱਥੇ
ਪੰਜਾਬੀ ਮਾਂ ਨਾਲ ਧ੍ਰੋਅ ਕਮਾਉਂਦੇ ਹਨ ਓੱਥੇ ਆਪਣੀ ਅਕਲ ਦਾ ਜਲੂਸ ਵੀ ਕੱਢਦੇ ਹੋਏ ਨਜ਼ਰ ਆਉਂਦੇ ਹਨ।
ਕੁਝ ਵਿਸ਼ੇ ਸੋਚਣ ਲਈ ਮਜ਼ਬੂਰ ਕਰਦੇ ਹਨ ਜਦੋਂ ਈਰਖਾ ਵੱਸ ਪੰਜਾਬੀ ਵਿੱਚ ਬੋਲ ਕੇ ਕਹਿਣਗੇ ਕਿ ਜੀ
ਸਾਡੀ ਤਾਂ ਮਾਂ ਭਾਸ਼ਾ ਹਿੰਦੀ ਹੈ। ਸਾਨੂੰ ਹਿੰਦੀ ਭਾਸ਼ਾ ਨਾਲ ਕੋਈ ਨਫਰਤ ਨਹੀਂ ਹੈ ਸਾਡਾ ਤਰਕ ਹੈ ਕਿ
ਅਸੀਂ ਆਪਣੀ ਮਾਂ ਭਾਸ਼ਾ ਨੂੰ ਕਿਉਂ ਵਿਸਾਰ ਰਹੇ ਹਾਂ?
੧ ਜੇ ਅਸੀਂ ਆਪਣਿਆਂ ਬੱਚਿਆਂ ਨੂੰ ਸਿੱਖੀ ਸਮਝਾਉਣੀ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ
ਬੱਚਿਆਂ ਨੂੰ ਗੁਰਮੁੱਖੀ ਅੱਖਰ ਸਿਖਾਉਣ ਦਾ ਪ੍ਰਬੰਧ ਕਰਨਾ ਪਏਗਾ।
੨ ਗੁਰਬਾਣੀ ਪਾਠ ਜ਼ਰੂਰ ਸਿਖਾਉਣਾ ਚਾਹੀਦਾ ਹੈ।
੩ ਗੁਰਮੁੱਖੀ ਵਿੱਚ ਲਿਖੀਆਂ ਪੁਸਤਕਾਂ ਘਰ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ।
੪ ਪੰਜਾਬੀ ਦੇ ਮੈਗ਼ਜ਼ੀਨ ਸਾਡਿਆਂ ਘਰਾਂ ਵਿੱਚ ਆਉਣੇ ਚਾਹੀਦੇ ਹਨ।
੫ ਘਰਾਂ ਵਿੱਚ ਤਥਾ ਗੁਰਦੁਆਰਿਆਂ ਵਿੱਚ ਕੇਵਲ ਪੰਜਾਬੀ ਜ਼ਬਾਨ ਵਿੱਚ ਗੱਲ ਕਰਨ ਤੇ ਜ਼ੋਰ ਦੇਣਾ ਚਾਹੀਦਾ
ਹੈ।
੬ ਬੱਚਿਆਂ ਦੇ ਪੰਜਾਬੀ ਭਾਸ਼ਾ ਵਿੱਚ ਭਾਸ਼ਣ ਮੁਕਾਬਲੇ ਹੋਣੇ ਚਾਹੀਦੇ ਹਨ।
ਅਸੀਂ ਇਹ ਵੀ ਇੱਕ ਐਸਾ ਭਰਮ ਪਾਲ ਲਿਆ ਹੈ ਕਿ ਜਿਸ ਨੂੰ ਅੰਗਰੇਜ਼ੀ ਭਾਸ਼ਾ ਆਉਂਦੀ ਹੈ ਸ਼ਾਇਦ ਉਹ ਹੀ
ਸਿਆਣਾ ਤੇ ਪੜ੍ਹਿਆ ਲਿਖਿਆ ਤੇ ਸੂਝਵਾਨ ਮਨੁੱਖ ਹੈ।
ਪਰ ਪੰਜਾਬੀ ਪੜ੍ਹੇ ਲਿਖੇ ਮਨੁੱਖਾਂ ਨੇ ਵੀ ਦੁਨੀਆਂ `ਤੇ ਨਾਮਵਰ ਕੰਮ ਕਰਕੇ ਆਪਣੀ ਕੌਮ ਦਾ ਸਿਰ
ਉੱਚਾ ਕੀਤਾ ਹੈ।
ਸਰ ਰਬਿੰਦਰਾ ਨਾਥ ਟੈਗੋਰ ਨੇ ਬਲਰਾਜ ਸਾਹਨੀ ਨੂੰ ਇੱਕ ਹੀ ਨੁਕਤੇ ਦੀ ਗੱਲ ਕਹੀ ਸੀ ਕਿ ਜਿਸ ਭਾਸ਼ਾ
ਵਿੱਚ ਤੇਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ ਤੂੰ ਉਸ ਵਿੱਚ ਕਿਉਂ ਨਹੀਂ ਲਿਖਦਾ।
ਸਮਝਣ ਲਈ—ਕਹਿੰਦੇ ਹਨ ਇੱਕ ਵਿਦਵਾਨ ਸੰਖ ਵਿੱਚ ਫੂਕ ਮਾਰਦਾ ਸੀ ਤੇ ਮੀਂਹ ਪੈ ਜਾਂਦਾ ਸੀ। ਅਚਾਨਕ
ਵਿਦਵਾਨ ਕਿਸੇ ਨਾਲ ਲੜ ਪਿਆ ਤੇ ਉਸ ਨੇ ਗੁਸੇ ਵਿੱਚ ਆ ਕਿ ਪ੍ਰਣ ਕਰ ਲਿਆ, ਕਿ “ਮੈਂ ਸੰਖ ਵਿੱਚ ਫੂਕ
ਨਹੀਂ ਮਾਰਾਂਗਾ ਤੇ ਮੀਂਹ ਨਹੀਂ ਪਏਗਾ ਆਪੇ ਲੋਕ ਭੁੱਖੇ ਮਰਨਗੇ”। ਇੱਕ ਦਿਨ ਵਿਦਵਾਨ ਤੇ ਉਸ ਦੀ
ਘਰਵਾਲੀ ਤੁਰੇ ਜਾ ਰਹੇ ਹਨ। ਰਸਤੇ ਵਿੱਚ ਇੱਕ ਕਿਰਸਾਨ ਸੁੱਕੀ ਜ਼ਮੀਨ `ਤੇ ਹੀ ਹਲ਼ ਵਾਹ ਰਿਹਾ ਸੀ।
ਕੋਲੋਂ ਲੰਘਦੇ ਰਾਹੀ ਨੇ ਕਿਰਸਾਨ ਨੂੰ ਸਵਾਲ ਕੀਤਾ, ਕਿ “ਤੈਨੂੰ ਪਤਾ ਹੈ ਫਲਾਣੇ ਵਿਦਵਾਨ ਨੇ ਸੰਖ
ਵਿੱਚ ਫੂਕ ਨਹੀਂ ਮਾਰਨੀ ਇਸ ਲਈ ਮੀਂਹ ਨਹੀਂ ਪੈਣਾ, ਤੂਂ ਐਵੇਂ ਸੁੱਕੀ ਜ਼ਮੀਨ `ਤੇ ਹਲ਼ ਵਾਹ ਰਿਹਾ
ਏਂ”। ਅੱਗੋਂ ਕਿਰਸਾਨ ਨੇ ਉੱਤਰ ਦਿੱਤਾ, ਕਿ “ਹਾਂ ਮੈਨੂੰ ਪਤਾ ਹੈ ਪਰ ਮੈਂ ਹਲ਼ ਇਸ ਲਈ ਵਾਹ ਰਿਹਾਂ
ਹਾਂ ਕਿ ਕਿਤੇ ਮੈਨੂੰ ਹਲ਼ ਵਹੁੰਣ ਦਾ ਚੇਤਾ ਹੀ ਨਾ ਭੁੱਲ ਜਾਏ”। ਵਿਦਵਾਨ ਦੀ ਘਰ ਵਾਲੀ ਨੇ ਇਹ ਬੋਲ
ਸੁਣ ਕੇ ਆਪਣੇ ਵਿਦਵਾਨ ਪਤੀ ਨੂੰ ਕਿਹਾ ਕਿ ਪਤੀ ਦੇਵ ਜੀਓ ਆਹ ਤੁਸੀਂ ਵੀ ਸੰਖ ਵਿੱਚ ਫੂਕ ਮਾਰਿਓ
ਕਿਤੇ ਤੂਹਾਨੂੰ ਵੀ ਸੰਖ ਵਿੱਚ ਫੂਕ ਮਾਰਨੀ ਨਾ ਭੁੱਲ ਜਾਏ”। ਮੇਰਾ ਤਰਕ ਵੀ ਏਹੀ ਹੀ ਕਿ ਘੱਟੋ ਘੱਟ
ਆਪਣਿਆਂ ਘਰਾਂ ਤੇ ਗੁਰਦੁਆਰਿਆਂ ਵਿੱਚ ਜ਼ਰੂਰ ਮਾਂ ਬੋਲੀ ਨੂੰ ਮਨੋ ਪਿਆਰ ਦਿੱਤਾ ਜਾਏ ਕਿਤੇ ਸਾਨੂੰ
ਵੀ ਆਪਣੀ ਮਾਂ ਬੋਲੀ ਹੀ ਨਾ ਵਿਸਰ ਜਾਏ।
ਇਸ ਕਪਟੀ ਫੈਸ਼ਨ `ਚੋਂ ਬਾਹਰ ਆਈਏ ਕਿ ਜੀ ਸਾਡੇ ਬੱਚਿਆਂ ਨੂੰ ਮਾਂ ਬੋਲੀ ਨਹੀਂ ਆਉਂਦੀ ਇਹਨਾਂ ਨੂੰ
ਅੰਗਰੇਜ਼ੀ ਵਿੱਚ ਸਮਝਾਇਆ ਜਾਏ?
ਇਕ ਤਥ ਅਨੁਸਾਰ ਦੁਨੀਆਂ ਵਿੱਚ ਵੀਹ ਕ੍ਰੋੜ ਤੋਂ ਉੱਪਰ ਪੰਜਾਬੀ ਬੋਲਣ ਵਾਲੇ ਹਨ।