.

ਭੱਟ ਬਾਣੀ-62

ਬਲਦੇਵ ਸਿੰਘ ਟੋਰਾਂਟੋ

ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ।।

ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ।।

ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛੁ ਕਹੀ ਨ ਜਾਈ।।

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ।। ੩।।

(ਪੰਨਾ ੧੪੦੬)

ਪਦ ਅਰਥ:- ਨਾਨਕਿ – ਨਾਨਕ ਨੇ। ਨਾਮੁ – ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ। ਨਿਰੰਜਨ – ਬੇਦਾਗ਼। ਜਾਨ੍ਯ੍ਯਉ – ਜਾਣ ਕੇ। ਕੀਨੀ ਭਗਤਿ ਪ੍ਰੇਮ – ਪ੍ਰੇਮ ਨਾਲ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਲਿਵ ਲਾਈ – ਨਾਤਾ ਜੋੜਿਆ। ਤਾ ਤੇ – ਉਹ ਹੀ, ਉਸੇ। ਅੰਗਦੁ ਅੰਗ ਸੰਗ ਭਯੋ – ਅੰਗਦ ਜੀ ਦੇ ਅੰਗ-ਸੰਗ ਹੋਇਆ। ਸਾਇਰ – ਸਮੁੰਦਰ। ਤਿਨਿ – ਉਨ੍ਹਾਂ ਨੇ। ਸਬਦ – ਗਿਆਨ। ਸੁਰਤਿ – ਉੱਤਮ। ਨੀਵ ਰਖਾਈ – ਇਸ ਤਰ੍ਹਾਂ ਇਸ ਉੱਤਮ ਗਿਆਨ ਦੀ ਨੀਂਹ ਰੱਖੀ। ਸੋਢੀ – ਸ੍ਰੇਸ਼ਟ। ਸ੍ਰਿਸ੍ਟਿ - ਸ੍ਰਿਸ਼ਟੀ, ਲੋਕਾਈ। ਸਕਲ – ਸਗਲ, ਸਾਰੀ। ਤਾਰਣ – ਕਰਮ-ਕਾਂਡਾਂ, ਅਗਿਆਨਤਾ ਤੋਂ ਉੱਪਰ ਚੁੱਕਣ ਵਾਸਤੇ। ਕਉ – ਨੂੰ। ਅਬ – ਹੁਣ। ਗੁਰ – ਗਿਆਨ ਦੀ ਬਖ਼ਸ਼ਿਸ਼। ਰਾਮਦਾਸ ਕਉ – ਰਾਮਦਾਸ ਜੀ ਨੂੰ। ਮਿਲੀ – ਪ੍ਰਾਪਤ ਹੋਈ। ਬਡਾਈ – ਵਡਿਆਈ ਕਰਨ ਦੀ ਭਾਵ ਪ੍ਰਚਾਰ ਕਰਨ ਦੀ।

ਅਰਥ:- ਜਿਸ ਤਰ੍ਹਾਂ ਪਹਿਲਾਂ ਨਾਨਕ ਜੀ ਨੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਪ੍ਰੇਮ ਨਾਲ ਉਸ ਨਿਰੰਜਨ-ਬੇਦਾਗ਼ ਪ੍ਰਭੂ ਨਾਲ ਆਪਣਾ ਨਾਤਾ ਜੋੜਿਆ, ਉਸੇ ਹੀ ਤਰ੍ਹਾਂ ਅੰਗਦ ਦੇਵ ਜੀ ਨੇ ਜਦੋਂ ਇਸ ਉੱਤਮ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਤਾਂ ਉਨ੍ਹਾਂ ਨੇ ਇਸ ਗਿਆਨ ਦੇ ਸਾਗਰ ਦੀ ਨੀਂਹ (ਨਾਨਕ ਜੀ ਤੋਂ) ਅੱਗੇ ਰੱਖੀ। ਜਿਸ ਤਰ੍ਹਾਂ ਇਸ ਤੋਂ ਅੱਗੇ ਜੋ ਉਸ ਅਕਥ ਦੀ ਕਥਾ-ਗੁਰ ਬਖ਼ਸ਼ਿਸ਼ ਵਜੋਂ ਅਮਰਦਾਸ ਜੀ ਉੱਪਰ ਹੋਈ, ਉਹ ਮੈਥੋਂ ਇੱਕ ਜੀਵ ਤੋਂ ਕਿਛੁ-ਕਿੰਨਕਾ ਭਰ ਵੀ ਕਹਿ ਨਹੀਂ ਹੋ ਰਹੀ ਭਾਵ ਮੇਰੇ ਬਿਆਨ ਕਰਨ ਤੋਂ ਬਾਹਰ ਹੈ। ਇਸੇ ਤਰ੍ਹਾਂ ਸਮੁੱਚੀ ਲੋਕਾਈ ਨੂੰ ਤਾਰਣ-ਕਰਮ-ਕਾਂਡਾਂ, ਅਗਿਆਨਤਾ ਤੋਂ ਉੱਪਰ ਚੁੱਕਣ ਵਾਸਤੇ ਇਸ ਸ੍ਰੇਸ਼ਟ ਗਿਆਨ ਨੂੰ ਪ੍ਰਚਾਰਨ ਦੀ ਜ਼ਿੰਮੇਵਾਰੀ ਹੁਣ ਰਾਮਦਾਸ ਜੀ ਨੂੰ ਪ੍ਰਾਪਤ ਹੋਈ ਹੈ।

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ।।

ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ।।

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ।।

ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।। ੪।। ੫੮।।

(ਪੰਨਾ ੧੪੦੬)

ਪਦ ਅਰਥ:- ਹਮ ਅਵਗੁਣ ਭਰੇ – ਮੈਂ ਵੀ ਅਵਗੁਣਾਂ ਦਾ ਭਰਿਆ ਹੋਇਆ ਸੀ। ਏਕੁ ਗੁਣੁ ਨਾਹੀ – ਕੋਈ ਇੱਕ ਵੀ ਗੁਣ ਨਹੀਂ ਸੀ। ਅੰਮ੍ਰਿਤ ਛਾਡਿ ਬਿਖੈ ਬਿਖ ਖਾਈ – ਭਟਕਣਾ ਨੂੰ ਖ਼ਤਮ ਕਰਕੇ ਸ਼ਾਂਤ ਕਰ ਦੇਣ ਵਾਲਾ ਅੰਮ੍ਰਿਤ-ਗਿਆਨ ਛੱਡ ਕੇ ਨਿਰੋਲ ਅਗਿਆਨਤਾ ਅਪਣਾਈ ਹੋਈ ਸੀ। ਬਿਖੈ ਬਿਖ – ਨਿਰੋਲ ਅਗਿਆਨਤਾ। ਖਾਈ – ਅਪਣਾਈ ਹੋਈ ਸੀ। ਮਾਯਾ ਮੋਹ – ਅਗਿਆਨਤਾ ਦੇ ਮੋਹ। ਭਰਮ ਪੈ ਭੂਲੇ – ਭਰਮ ਵਿੱਚ ਪੈ ਕੇ। ਸੁਤ ਦਾਰਾ – ਅਗਿਆਨਤਾ ਰੂਪੀ ਇਸਤਰੀ ਦੇ ਪੁੱਤ ਬਣ ਕੇ। ਸਿਉ ਪ੍ਰੀਤ ਲਗਾਈ – ਨਾਲ ਪ੍ਰੀਤ ਲਗਾਈ ਹੋਈ ਸੀ। ਇਕੁ ਉਤਮ ਪੰਥੁ ਸੁਨਿਓ - ਜਦੋਂ ਇਸ ਇੱਕ ਉੱਤਮ ਗਿਆਨ ਦੇ ਮਾਰਗ ਬਾਰੇ ਸੁਣਿਆ। ਗੁਰ ਸੰਗਤਿ – ਗਿਆਨ ਦਾ ਸੰਗ ਕਰਕੇ ਗਤਿ। ਤਿਹ ਮਿਲੰਤ ਜਮ ਤ੍ਰਾਸ ਮਿਟਾਈ – ਜਿਸ ਗਿਆਨ ਦੇ ਪ੍ਰਾਪਤ ਹੋਣ ਨਾਲ (ਅਵਤਾਰਵਾਦੀ) ਜਮਾਂ ਦਾ ਡਰ ਖ਼ਤਮ ਹੋ ਗਿਆ। ਮਿਲੰਤ – ਪ੍ਰਾਪਤ ਹੋਣ ਨਾਲ। ਇੱਕ ਅਰਦਾਸਿ ਭਾਟ ਕੀਰਤਿ ਕੀ – ਹੁਣ ਭੱਟ ਕੀਰਤ ਦੀ ਇੱਕ ਹੀ ਅਰਦਾਸ ਹੈ। ਗੁਰ – ਗਿਆਨ ਦੀ ਬਖ਼ਸ਼ਿਸ਼। ਰਾਮਦਾਸ ਰਾਖਹੁ ਸਰਣਾਈ – ਰਾਮਦਾਸ ਜੀ ਦੀ ਤਰ੍ਹਾਂ ਮੈਨੂੰ ਆਪਣੀ ਸ਼ਰਨ ਰੱਖ ਲਵੋ ਭਾਵ ਮੈਂ ਆਪਣੇ ਅਕੀਦੇ ਤੋਂ ਡੋਲਾਂ ਨਾ।

ਅਰਥ:- ਹੇ ਭਾਈ! ਮੈਂ ਭੱਟ ਕੀਰਤ ਵੀ ਅਉਗੁਣਾਂ ਨਾਲ ਭਰਿਆ ਹੋਇਆ ਸੀ ਅਤੇ ਕੋਈ ਇੱਕ ਵੀ ਗੁਣ ਮੇਰੇ ਪੱਲੇ ਨਹੀਂ ਸੀ। ਅੰਮ੍ਰਿਤ ਰੂਪੀ ਗਿਆਨ ਛੱਡ ਕੇ ਨਿਰੋਲ (ਅਵਤਾਰਵਾਦੀ) ਅਗਿਆਨਤਾ ਅਪਣਾਈ ਹੋਈ ਸੀ। ਇਸ ਤਰ੍ਹਾਂ ਅਗਿਆਨਤਾ ਦੇ ਮੋਹ ਦੇ ਭਰਮ ਵਿੱਚ ਭੁਲਿਆ ਹੋਇਆ ਸੀ। ਅਗਿਆਨਤਾ ਰੂਪ ਇਸਤਰੀ ਦਾ ਪੁੱਤ ਬਣ ਕੇ ਇਸ ਨਾਲ ਆਪਣੀ ਪ੍ਰੀਤ ਜੋੜੀ ਹੋਈ ਸੀ। ਜਦੋਂ ਉਸ ਇਕੁ (ਹਰੀ) ਦੇ ਉੱਤਮ ਗਿਆਨ ਦੇ ਮਾਰਗ ਬਾਰੇ ਸੁਣਿਆ ਤਾਂ ਇਸ ਦਾ ਸੰਗ ਕਰਕੇ ਅਗਿਆਨਤਾ ਤੋਂ ਗਤਿ ਪ੍ਰਾਪਤ ਕਰ ਲੈਣ ਨਾਲ (ਅਵਤਾਰਵਾਦੀ, ਦੇਹਧਾਰੀ) ਜਮਾਂ ਦਾ ਡਰ ਖ਼ਤਮ ਹੋ ਗਿਆ। ਹੁਣ ਤਾਂ ਭੱਟ ਕੀਰਤ ਦੀ ਵੀ ਹੇ ਹਰੀ! ਤੇਰੇ ਇਕੁ ਅੱਗੇ ਅਰਦਾਸ ਹੈ ਕਿ ਮੈਨੂੰ ਵੀ ਰਾਮਦਾਸ ਜੀ ਦੀ ਤਰ੍ਹਾਂ ਆਪਣੇ ਗਿਆਨ ਦੀ ਸ਼ਰਨ ਹਮੇਸ਼ਾ ਲਈ ਰੱਖ ਲਵੋ ਭਾਵ ਮੈਂ ਵੀ ਹੁਣ ਆਪਣੇ ਅਕੀਦੇ ਤੋਂ ਡੋਲਾਂ ਨਾ।

ਨੋਟ:- ਇਹ ੪ ਸਵਈਏ ਭੱਟ ਕੀਰਤ ਜੀ ਦੇ ਹਨ ਅਤੇ ਸਵਈਏ ਮਹਲੇ ਦੂਜੇ ਕੇ ਦਿਆਂ ਦਾ ਵੀ ਉਚਾਰਨ ਕਰਤਾ ਵੀ ਭੱਟ ਕੀਰਤ ਜੀ ਹੀ ਹੈ।




.