.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਉਪਰਾਲੇ

ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਧਰਮ ਦਾ ਪਚਾਰ ਨਹੀਂ ਹੋ ਰਿਹਾ। ਚਾਰ ਚੁਫੇਰੇ ਦੇਖਿਆ ਜਾਏ ਤਾਂ ਹਰ ਸਭਾ ਸੁਸਾਇਟੀ ਧਰਮ ਦਾ ਹੀ ਪਰਚਾਰ ਕਰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਧਰਮ ਪਰਚਾਰ ਸਮਝਿਆ ਜਾ ਰਿਹਾ ਹੈ ਉਹ ਇੱਕ ਖਾਨਾ ਪੂਰਤੀ ਜਾਂ ਭੱਜ-ਦੌੜ ਹੀ ਲੱਗ ਰਹੀ ਹੈ। ਧਰਮ ਦਾ ਜਿੰਨ੍ਹਾ ਪ੍ਰਚਾਰ ਹੋ ਰਿਹਾ ਹੈ ਉਸ ਦੇ ਨਤੀਜੇ ਸਾਰਥਿਕ ਨਹੀਂ ਆ ਰਹੇ। ਧਰਮ ਪ੍ਰਚਾਰ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਦੇਖਿਆ ਜਾਏ ਤਾਂ ਸਮਾਜ ਦਿਨ-ਬ-ਦਿਨ ਨਿਗਰਦਾ ਹੀ ਜਾ ਰਿਹਾ ਹੈ। ਗੁਰਦੁਆਰਿਆਂ ਦੀ ਕੋਈ ਘਾਟ ਨਹੀਂ ਸਵੇਰੇ ਸ਼ਾਮ ਪੂਰੀ ਲਗਨ ਨਾਲ ਦੀਵਾਨ ਸੱਜਦੇ ਹਨ। ਨਗਰ ਕੀਰਤਨ ਨਿਕਲ ਰਹੇ ਹਨ, ਕੀਰਤਨ ਦਰਬਾਰਾਂ ਦੀਆਂ ਪੂਰੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ, ਲੰਗਰਾਂ ਦੀ ਭਰਮਾਰ ਹੈ, ਪ੍ਰਭਾਤ ਫੇਰੀਆਂ ਦਾ ਕੋਈ ਅੰਤ ਨਹੀਂ ਹੈ। ਏੰਨਾ ਕੁੱਝ ਹੋਣ ਦੇ ਬਾਵਜੂਦ ਵੀ ਨੌਜਵਾਨ ਪੀੜ੍ਹੀ ਆਪਣੇ ਧਰਮ ਤੋਂ ਬੇਮੁੱਖ ਕਿਉਂ ਹੋ ਰਹੀ ਹੈ, ਇਹ ਸੋਚਣ ਵਾਲਾ ਵਿਸ਼ਾ ਹੈ।
ਪੰਥ ਦਾ ਦਰਦ ਸਮਝਦਿਆਂ ਸੂਝਵਾਨ ਵੀਰ ਜ਼ਰੂਰ ਤਰਲੇ ਲੈਂਦੇ ਨਜ਼ਰ ਆਉਂਦੇ ਹਨ ਕਿ ਅਜੇਹੇ ਸਾਰਥਿਕ ਕੰਮ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਕੌਮ ਦੇ ਬੱਚਿਆਂ ਨੂੰ ਗੁਰਮਤਿ ਦੀ ਸਹੀ ਤੇ ਸਿਧਾਂਤਿਕ ਜਾਣਕਾਰੀ ਦਿੱਤੀ ਜਾ ਸਕੇ। ਅਜੇਹੀਆਂ ਸੋਚਾਂ ਵਿਚੋਂ ਹੀ ਸਮੇਂ ਸਮੇਂ ਮਿਸ਼ਨਰੀ ਕਾਲਜ ਹੋਂਦ ਵਿੱਚ ਆਏ ਜਿੰਨਾਂ ਨੇ ਜਾਨ ਮਾਰ ਕੇ ਪੰਥ ਦੀ ਚੜ੍ਹਦੀ ਕਲਾ ਲਈ ਸਿਰਤੋੜ ਯਤਨ ਕੀਤੇ ਹਨ।
ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਸਿਧਾਂਤ ਨਾਲ ਜੋੜਨ ਲਈ ਅਤੇ ਧਰਮ ਪ੍ਰਚਾਰ ਲਈ ਹੋਰ ਹੰਭਲ਼ੇ ਮਾਰਨ ਲਈ ਦਸ ਕੁ ਵਿਦਿਆਰਥੀਆਂ ਦੀ ਹੋਂਦ ਨਾਲ ੧੯੯੬ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦਾ ਜਨਮ ਹੋਇਆ। ਕਾਲਜ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੀ ਨਿਰੋਈ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਇਆ ਜਾਏ। ਕਾਲਜ ਦੇ ਜਨਮ ਤੋਂ ਹੀ ਇਹ ਉਪਰਾਲੇ ਕੀਤੇ ਜਾਂਦੇ ਰਹੇ ਹਨ ਕਿ ਜਿੱਥੇ ਕਾਲਜ ਵਿੱਚ ਕਥਾਵਾਚਕ, ਕੀਰਤਨੀਏ ਤਿਆਰ ਕੀਤੇ ਜਾਂਦੇ ਹਨ ਓੱਥੇ ਪਿੰਡਾਂ ਸ਼ਾਹਿਰਾਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕਰਕੇ ਬੱਚਿਆਂ ਨੂੰ ਗੁਰਬਾਣੀ, ਸਿੱਖ ਸਿਧਾਂਤ, ਗੁਰ-ਇਤਿਹਾਸ ਤੇ ਰਹਿਤ ਮਰਯਾਦਾ ਦੀ ਜਾਣਕਾਰੀ ਦੇਣ ਦਾ ਯਤਨ ਕੀਤਾ ਜਾਂਦਾ ਹੈ। ਇੱਕ ਪਰਚਾਰਕ ਇੱਕ ਪ੍ਰਚਾਰ ਕੇਂਦਰ ਤੇ ਕੰਮ ਕਰਦਿਆਂ ਛਿਆਂ ਸੱਤਾਂ ਪਿੰਡਾਂ ਵਿੱਚ ਗੁਰਮਤਿ ਦੀਆਂ ਕਲਾਸਾਂ ਲਗਾਉਂਦਾ ਹੈ। ਇਸ ਕੰਮ ਲਈ ਕਾਲਜ ਵਿਖੇ ਇੱਕ ਵੱਖਰਾ ਵਿਭਾਗ ਬਣਾਇਆ ਗਿਆ ਹੈ ਜੋ ਸਾਰੇ ਪ੍ਰੋਗਰਾਮ ਦੀ ਦੇਖ ਰੇਖ ਕਰਦਾ ਹੈ। ਗੁਰਮਤਿ ਪ੍ਰਚਾਰ ਕੇਂਦਰਾਂ ਦੇ ਗਰੁਬਾਣੀ ਕੰਠ, ਇਤਿਹਾਸ, ਲੈਕਚਰ, ਸ਼ਬਦ ਵਿਚਾਰ, ਕਵਿਤਾਵਾਂ ਤੇ ਕਵਿਸ਼ਰੀ ਦੇ ਮੁਕਾਬਲੇ ਕਰਾਏ ਜਾਂਦੇ ਹਨ। ਅਖੀਰ ਵਿੱਚ ਸਟੇਟ ਪੱਧਰ ਦਾ ਮੁਕਾਬਲਾ ਕਾਲਜ ਵਿਖੇ ਨਵੰਬਰ ਦੇ ਮਹੀਨੇ ਵਿੱਚ ਕਰਾਇਆ ਜਾਂਦਾ ਹੈ। ਮਈ ਅਤੇ ਜੂਨ ਮਹੀਨੇ ਵਿੱਚ ਸਕੂਲਾਂ ਦੇ ਬੱਚਿਆਂ ਪਾਸ ਥੋੜਾ ਵਿਹਲ ਹੁੰਦਾ ਹੈ। ਦੂਸਰਾ ਖੇਤੀ ਬਾੜੀ ਦੇ ਰੁਝੇਵੇਂ ਵੀ ਘੱਟ ਹੁੰਦੇ ਹਨ। ਇਸ ਸਮੇਂ ਨੂੰ ਹੋਰ ਲਾਭਕਾਰੀ ਬਣਾਉਣ ਲਈ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਟੀਮਾਂ ਅਧਿਆਪਕਾਂ ਦੀ ਨਿਗਰਾਨੀ ਹੇਠ ਪਿੰਡਾਂ ਸ਼ਾਹਿਰਾਂ ਵਿੱਚ ਮਈ ਜੂਨ ਦੇ ਮਹੀਨੇ ਵਿੱਚ ਗੁਰਮਤਿ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ ਗੁਰਮਤਿ ਦੇ ਕੈਂਪਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਭਾਗ ਲੈਂਦੇ ਹਨ। ਇਸ ਵਾਰ ਸੌ ਦੇ ਕਰੀਬ ਗੁਰਮਤਿ ਪ੍ਰਚਾਰ ਦੇ ਕੈਂਪ ਲੱਗੇ ਹਨ। ਕੁੱਝ ਥਾਂਵਾਂ `ਤੇ ਸੰਗਤ ਲਈ ਰਾਤ ਦੇ ਦੀਵਾਨ ਵੀ ਸਜਾਏ ਗਏ।
ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖਦਿਆਂ ਕਾਲਜ ਵਲੋਂ ਗੁਰਮਤਿ ਵਿਰਸਾ ਮੈਗਜ਼ੀਨ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਸਮੇਂ ਦੀਆਂ ਸਮੱਸਿਆਵਾਂ, ਸ਼ਬਦ ਦੀ ਵਿਚਾਰ, ਰਹਿਤ ਮਰਯਾਦਾ, ਸਿੱਖ ਇਤਿਹਾਸ, ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਅਤੇ ਸਿਹਤ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੰਗਤਾ ਵਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ।
ਪਿੱਛਲੇ ਲੰਬੇ ਸਮੇਂ ਤੋਂ ਜਿੱਥੇ ਗੁਰਮਤਿ ਦੇ ਕੈਂਪ ਲਗਾਏ ਜਾਂਦੇ ਰਹੇ ਹਨ ਓੱਥੇ ਸੀਨੀਅਰ ਪਰਚਾਰਕ ਵੀਰਾਂ ਵਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਕਿ ਜਿੱਥੇ ਬੱਚਿਆਂ ਲਈ ਖਾਸ ਪ੍ਰੋਗਰਾਮ ਉਲੀਕੇ ਗਏ ਹਨ ਓੱਥੇ ਬੱਚਿਆਂ ਦੇ ਮਾਪਿਆਂ ਲਈ ਜਾਂ ਹੋਰ ਸੰਗਤ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਿੱਤਾ ਜਾਏ। ਇਸ ਤਹਿਤ ਸਾਰੇ ਪ੍ਰਚਾਰਕ ਵੀਰਾਂ ਨੇ ਆਪਣੇ ਨਿੱਜੀ ਰੁਝੇਵੇਂ ਜਾਂ ਕਥਾ ਦੇ ਪ੍ਰੋਗਰਾਮ ਛੱਡ ਕੇ ਕੇਵਲ ਸਿੱਖੀ ਲਹਿਰ ਨੂੰ ਸਮਰੱਪਤ ਹੋ ਕੇ ਜੇਠ ਹਾੜ ਦੀਆਂ ਧੁੱਪਾਂ ਵਿੱਚ ਜਿੱਥੇ ਕੈਂਪ ਲਗਾਏ ਜਾਂਦੇ ਹਨ ਓੱਥੇ ਸਿੱਖੀ ਲਹਿਰ ਦੇ ਪ੍ਰੋਰਾਮ ਨਿਭਾਏ ਜਾਂਦੇ ਰਹੇ ਹਨ।
ਪੰਜਾਬ ਨੂੰ ਗੁਰੂਆਂ ਦੀ ਧਰਤੀ ਨਾਲ ਸੰਬੋਧਨ ਕੀਤਾ ਜਾਂਦਾ ਹੈ। ਪਰ ਇਹ ਗੁਰੂਆਂ ਦੀ ਧਰਤੀ ਬਾਬਾਵਾਦ, ਸੰਤਗਿਰੀ, ਡੇਰਵਾਦ, ਨਸ਼ਿਆਂ ਦਾ ਕਹਿਰ, ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡ ਤੇ ਸਮਾਜਕ ਬੁਰਾਈਆਂ ਨੇ ਆਪਣੇ ਤੰਦੂਏ ਜਾਲ਼ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਰਹਿੰਦੀ ਕਸਰ ਸਭਿਅਚਾਰ ਦੇ ਨਾਂ `ਤੇ ਲਚਰ ਗਾਇਕੀ ਨੇ ਪੂਰੀ ਕਰ ਦਿੱਤੀ ਹੈ। ਸਮਾਜਿਕ ਬੁਰਾਈਆਂ ਤਾਂ ਏਥੋਂ ਤੱਕ ਜੜ੍ਹਾਂ ਫੈਲਾ ਚੁੱਕੀਆਂ ਹਨ ਕਿ ਕੋਈ ਵੀ ਵਿਆਹ ਸ਼ਾਦੀ ਲੱਚਰ ਗਾਇਕੀ ਤੇ ਸ਼ਰਾਬ ਤੋਂ ਨਹੀਂ ਬਚ ਸਕੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਸਮੇਂ ਸਮੇਂ ਇਹ ਯਤਨ ਕੀਤਾ ਜਾਂਦਾ ਰਿਹਾ ਹੈ ਸਿੱਖੀ ਦੇ ਪ੍ਰਚਾਰ ਪਸਾਰ ਨੂੰ ਅਧੁਨਿਕ ਢੰਗ ਨਾਲ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾਏ। ਤਪਦੀਆਂ ਲੂਆਂ ਵਿੱਚ ਸਿੱਖੀ ਲਹਿਰ ਰਾਂਹੀ ਪਿੰਡ ਪਿੰਡ ਸ਼ਹਿਰ ਸ਼ਹਿਰ ਗੁਰਮਤਿ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸ ਵਾਰ ਵੀ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਉਚੇਚੇ ਤੌਰ `ਤੇ ਸਿੱਖੀ ਲਹਿਰ ਦੇ ਪ੍ਰੋਗਰਾਮ ਕੀਤੇ ਗਏ। ਸਿੱਖੀ ਲਹਿਰ ਦੇ ਪ੍ਰੋਗਰਾਮਾਂ ਦੀ ਇੱਕ ਵਿਲੱਖਣਤਾ ਇਹ ਰਹਿੰਦੀ ਹੈ ਕਿ ਇਸ ਵਿੱਚ ਸਾਰੇ ਸੀਨੀਅਰ ਪ੍ਰਚਾਰਕ ਵੀਰ ਹਿੱਸਾ ਲੈਂਦੇ ਹਨ। ਸਿੱਖੀ ਲਹਿਰ ਦੇ ਸਾਰੇ ਪ੍ਰੋਗਰਾਮ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲੇ ਭਾਗ ਵਿੱਚ ਸਿੱਖੀ ਦੀ ਮੁੱਢਲੀ ਜਾਣਕਾਰੀ ਤੇ ਸਿੱਖੀ ਲਹਿਰ ਦਾ ਮੰਤਵ ਦੱਸਿਆ ਜਾਂਦਾ ਹੈ। ਦੂਜੇ ਭਾਗ ਵਿੱਚ ਦੋ ਬੁਲਾਰਿਆਂ ਵਲੋਂ ਗੁਰਬਾਣੀ ਦੇ ਸ਼ਬਦਾਂ ਦੁਆਰਾ ਸਿੱਖ ਸਿਧਾਂਤ, ਗੁਰ-ਇਤਿਹਾਸ, ਸਮਾਜਿਕ ਬੁਰਾਈਆਂ, ਧਰਮ ਦੇ ਨਾਂ `ਤੇ ਔਖਿਆਂ ਹੋ ਕੇ ਨਿਭਾਏ ਜਾ ਰਹੇ ਕਰਮ-ਕਾਂਡ, ਡੇਰਵਾਦ, ਨਸ਼ਿਆਂ, ਲੱਚਰ ਗਾਇਕੀ, ਪਰਵਾਰਕ ਸਮੱਸਿਆਵਾਂ ਅਤੇ ਸਾਡੀ ਰੋਜ਼ਮਰਾ ਦੀ ਜ਼ਿੰਦਗੀਸਬੰਧੀ ਵਿਚਾਰ ਰੱਖੇ ਜਾਂਦੇ ਹਨ। ਇਸ ਕੜੀ ਦਾ ਤੀਜਾ ਭਾਗ ਬਹੁਤ ਹੀ ਅਹਿਮ ਹੈ। ਆਮ ਦੇਖਿਆ ਗਿਆ ਹੈ ਕਿ ਕਥਾ ਵਾਚਕ ਕਥਾ ਕਰਕੇ ਤੁਰਦਾ ਬਣਦਾ ਹੈ। ਸੰਗਤ ਦੇ ਮਨ ਵਿੱਚ ਕਈ ਸਵਾਲ ਜਨਮ ਲੈਂਦੇ ਹਨ ਜਾਂ ਕਿਸੇ ਨੇ ਗੁਰਮਤਿ ਸਬੰਧੀ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਹੈ ਪਰ ਉਹ ਸਵਾਲ ਪੁਛਣ ਲਈ ਝਕਦੇ ਰਹਿੰਦੇ ਹਨ। ਬਹੁਤੇ ਕਥਾ ਵਾਚਕ ਸੁਆਲਾਂ ਦੇ ਜੁਆਬ ਦੇਣ ਲਈ ਤਿਆਰ ਨਹੀਂ ਹੁੰਦਾ। ਕਥਾਵਾਚਕਾਂ ਜਾਂ ਗੁਰਮਤਿ ਦਾ ਪਰਚਾਰ ਕਰਨ ਵਾਲਿਆਂ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਅਸੀਂ ਨਾਮ ਬਹੁਤ ਜੱਪਦੇ ਹਾਂ, ਅਸੀਂ ਆਮ ਲੋਕਾਂ ਨਾਲੋਂ ਉੱਚੇ ਹਾਂ ਜੇ ਕਿਸੇ ਨਾਲ ਕੋਈ ਗੱਲ ਕੀਤੀ ਗਈ ਤਾਂ ਸਾਡਾ ਕਿਤੇ ਪ੍ਰਭਾਵ ਹੀ ਨਾ ਘੱਟ ਜਾਏ। ਅਜੇਹੇ ਪਾਖੰਡੀ ਕਿਸੇ ਨਾਲ ਗੱਲ ਕਰਨੀ ਵੀ ਮਹਾਂਪਾਪ ਸਮਝਦੇ ਹਨ। ਕੁਲ ਮਿਲ ਕੇ ਆਮ ਧਰਮ ਦਾ ਪਰਚਾਰ ਕਰਨ ਵਾਲੇ ਆਪਣੇ ਆਪ ਨੂੰ ਸ੍ਰਿੇਸ਼ਟ ਸਮਝਦੇ ਹਨ ਤੇ ਜਨ ਸਧਾਰਨ ਕਿਰਤੀ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੁੰਦੇ।
ਪ੍ਰੋਗਰਾਮ ਦੇ ਤੀਜੇ ਭਾਗ ਵਿੱਚ ਤਿੰਨ ਵੀਰਾਂ ਵਲੋਂ ਗੁਰਬਾਣੀ, ਸਿੱਖ ਰਹਿਤ ਮਰਯਾਦਾ, ਗੁਰ-ਇਤਿਹਾਸ ਤੇ ਬੇਲੋੜੇ ਕਰਮਕਾਂਡਾਂ ਸਬੰਧੀ ਆਏ ਸਵਾਲਾਂ ਦੇ ਜਆਬ ਦਿੱਤੇ ਜਾਂਦੇ ਹਨ। ਸਿੱਖੀ ਲਹਿਰ ਦੇ ਇਸ ਪ੍ਰੋਗਰਾਮ ਵਿੱਚ ਸੰਗਤ ਨੂੰ ਆਮ ਜਾਣਕਾਰੀ ਮਿਲਦੀ ਹੈ। ਓਦਾਂ ਵੀ ਕਈ ਵੀਰ ਸਵਾਲ ਕਰਨ ਲੱਗੇ ਡਰਦੇ ਹਨ ਕਿ ਕਿਤੇ ਸਾਡੇ ਕੋਲੋਂ ਕੋਈ ਅਵੱਗਿਆ ਨਾ ਹੋ ਜਾਏ ਪਰ ਇਸ ਪ੍ਰੋਗਰਾਮ ਵਿੱਚ ਆਏ ਹਰ ਸਵਾਲ ਦਾ ਜੁਆਬ ਦੇਣ ਦਾ ਯਤਨ ਕੀਤਾ ਜਾਂਦਾ ਹੈ ਪਰ ਫਿਰ ਵੀ ਸਵਾਲ ਏੰਨੇ ਜ਼ਿਆਦਾ ਹੁੰਦੇ ਸਨ ਕਿ ਬਹੁਤ ਦਫ਼ਾ ਕਈ ਸਵਾਲਾਂ ਦੇ ਜੁਆਬ ਰਹਿ ਵੀ ਜਾਂਦੇ ਸਨ। ਉਹਨਾਂ ਸੁਆਲਾਂ ਦੇ ਜੁਆਬ ਅਗਲੇਰੇ ਦੀਵਾਨਾਂ ਵਿੱਚ ਦਿੱਤੇ ਜਾਂਦੇ ਹਨ। ਪਰਚਾਰਕ ਵੀਰਾਂ ਨੂੰ ਇੱਕ ਸਮੱਸਿਆ ਆਉਂਦੀ ਹੈ ਕਿ ਸੰਗਤ ਤੇ ਅਸਥਾਨ ਨਵਾਂ ਹੁੰਦਾ ਹੈ ਪਰ ਸਵਾਲ ਲੱਗ-ਪੱਗ ਇਕੋ ਜੇਹੇ ਹੁੰਦੇ ਹਨ। ਸਿੱਖੀ ਲਹਿਰ ਦੇ ਸਾਰੇ ਪ੍ਰੋਗਰਾਮ ਸਿੱਖੀ ਲਹਿਰ ਰੇਡੀਓ ਰਾਂਹੀਂ ਸਿੱਧੇ ਪ੍ਰਸਾਰਣ ਕੀਤੇ ਜਾਂਦੇ ਹਨ। ਲਗਾਤਾਰ ਸਰੋਤਿਆਂ ਨੂੰ ਇਕੋ ਸਵਾਲ ਕਈ ਕਈ ਵਾਰੀ ਸੁਣਨ ਨੂੰ ਮਿਲਦੇ ਹਨ। ਸਮਾਜਿਕ ਬੁਰਾਈਆਂ ਜਾਂ ਧਾਰਮਿਕ ਕਰਮ-ਕਾਂਡ ਤਾਂ ਇਕੋ ਜੇਹੇ ਹੀ ਹੁੰਦੇ ਹਨ।
ਸਿੱਖੀ ਲਹਿਰ ਦੇ ਚੌਥੇ ਭਾਗ ਵਿੱਚ ਸਿੱਖ ਧਰਮ ਨਾਲ ਸੰਬਧਤਿਤ ਪੁਸਤਕਾਂ ਦਾ ਸਟਾਲ ਲਗਾਇਆ ਜਾਂਦਾ ਹੈ। ਹੁਣ ਤੱਕ ਦੇਖਣ ਵਿੱਚ ਆਇਆ ਹੈ ਕਿ ਜਿੱਥੇ ਵੀ ਗੁਰਮਤਿ ਦੇ ਸਮਾਗਮ ਹੁੰਦੇ ਹਨ ਜਾਂ ਸਾਡੇ ਇਤਿਹਾਸਕ ਗੁਰਦੁਆਰਿਆਂ ਦੇ ਬਾਹਰ ਜੋ ਸਿੱਖੀ ਦੇ ਨਾਂ `ਤੇ ਸਮਾਨ ਵੇਚਿਆ ਜਾ ਰਿਹਾ ਹੈ ਉਹ ਨੱਬ੍ਹੇ ਪ੍ਰਤੀਸ਼ੱਤ ਸਿੱਖ ਸਿਧਾਂਤ ਦੇ ਵਿਰੋਧੀ ਹੈ। ਦੂਰ ਕੀ ਜਾਣਾ ਹੈ ਜਦੋਂ ਵੀ ਸਾਡਿਆਂ ਘਰਾਂ ਵਿਚੋਂ ਕੋਈ ਇਤਿਹਾਸਕ ਅਸਥਾਨ ਦੇ ਦਰਸ਼ਨਾਂ ਨੂੰ ਜਾਂਦਾ ਹੈ ਓੱਥੋਂ ਚੰਗੀਆਂ ਪੁਸਤਕਾਂ ਲਿਆਉਣ ਦੀ ਬਜਾਏ ਸੰਕਟ ਮੋਚਨ, ਤਰ੍ਹਾਂ ਤਰ੍ਹਾਂ ਦੀਆਂ ਮਾਲਾਵਾਂ, ਨੱਗਾਂ ਵਾਲੀਆਂ ਮੁੰਦਰੀਆਂ, ਚਾਬੀ ਵਾਲੇ ਬਾਂਦਰ, ਭੌਂਕਣ ਵਾਲੇ ਕੁੱਤੇ ਜਾਂ ਦੁੱਖ ਭੰਜਨੀਵਾਲੀਆਂ ਪੁਸਤਕਾਂ ਚੁੱਕੀ ਆਉਂਦੇ ਨਜ਼ਰ ਆਉਣਗੇ। ਸਿੱਖੀ ਲਹਿਰ ਦੇ ਵੀਰਾਂ ਨੇ ਯਤਨ ਕੀਤਾ ਹੈ ਕਿ ਜਿੱਥੇ ਵੀ ਗੁਰਮਤਿ ਦਾ ਸਮਾਗਮ ਹੋਵੇ ਓੱਥੇ ਨਾਲ ਗੁਰਮਤਿ ਨੂੰ ਸਮਝਣ ਵਾਲੀਆਂ ਪੁਸਤਕਾਂ ਦਾ ਜ਼ਰੂਰ ਸਟਾਲ ਲਗਾਇਆ ਜਾਏ। ਅਸਾਂ ਦੇਖਿਆ ਹੈ ਕਿ ਦੀਵਾਨ ਵਿੱਚ ਜਿਸ ਪੁਸਤਕ ਦਾ ਵੀ ਜ਼ਿਕਰ ਹੋਇਆ ਹੈ ਉਹ ਪੁਸਤਕ ਹੱਥੋ-ਹੱਥੀ ਸੰਗਤ ਨੇ ਖਰੀਦੀ ਹੈ। ਸਿੱਖ ਰਾਜ ਕਿਵੇਂ ਬਣਿਆਂ ਕਿਵੇਂ ਗਇਆ, ਭਗਤ ਬਾਣੀ ਸਟੀਕ ਪੁਸਤਕਾਂ ਆਮ ਸੰਗਤ ਨੇ ਲਈਆਂ। ਇਸ ਦੇ ਇਲਾਵਾ ਸੰਗਤਾਂ ਨੇ ਗਰਮਤਿ ਵਿਰਸਾ ਮੈਗ਼ਜ਼ੀਨ ਉਹ ਵੀ ਆਪਣਿਆਂ ਘਰਾਂ ਲਈ ਬੁੱਕ ਕਰਾਏ।
ਸਿੱਖੀ ਲਹਿਰ ਵਾਲਿਆਂ ਨੂੰ ਤਜਰਬੇ ਬਹੁਤ ਜ਼ਿਆਦਾ ਹੋਏ ਹਨ ਜਿੰਨ੍ਹਾਂ ਦਾ ਵੇਰਵਾ ਇੱਕ ਪੂਰੀ ਪੁਸਤਕ ਵਿੱਚ ਦਿੱਤਾ ਜਾਏਗਾ। ਇੱਕ ਦੋ ਤਜਰਬੇ ਜ਼ਰੂਰ ਸਾਂਝੇ ਕਰਾਂਗਾ। ਇੱਕ ਸ਼ਹਿਰ ਦੇ ਜਿਸ ਗੈਸਟ ਹਉਸ ਵਿੱਚ ਸਾਨੂੰ ਠਹਿਰਾਇਆ ਗਿਆ ਸੀ ਓੱਥੇ ਪਾਣੀ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ। ਟੂਟੀ ਵਿਚੋਂ ਪਾਣੀ ਏਦਾਂ ਆਉਂਦਾ ਸੀ ਜਿਵੇਂ ਚਿੱਟੇ ਰੰਗ ਦਾ ਧਾਗਾ ਲਮਕ ਰਿਹਾ ਹੋਵੇ। ਬਾਲਟੀ ਤੇ ਮੱਗ ਆਪਣੇ ਮੂੰਹੋਂ ਕਹਿ ਰਹੇ ਸਨ ਕਿ ਜਦੋਂ ਦੇ ਅਸੀਂ ਇਸ ਬਾਥਰੂਮ ਵਿੱਚ ਆਏ ਹਾਂ ਸਾਨੂੰ ਕਦੇ ਵੀ ਕਿਸੇ ਨੇ ਸਾਫ਼ ਨਹੀਂ ਕੀਤਾ। ਜਿਲ਼ਬਾਂ ਨਾਲ ਤਿਲਕਦੀ ਡੇਢ ਬਾਲਟੀ ਦੇ ਪਾਣੀ ਨਾਲ ਬਰੱਸ਼ ਕਰਕੇ ਅਗਲੇ ਮੁਕਾਮ ਲਈ ਕੂਚ ਕੀਤਾ। ਆਪਣੇ ਆਪ ਤੋਂ ਕਚਿਆਣ ਆ ਰਹੀ ਸੀ।
ਤਜਰਬਿਆਂ ਦੀ ਦਾਸਤਾਂ ਤਾਂ ਲੰਮੇਰੀ ਹੈ ਪਰ ਕੁੱਝ ਤਜਰਬੇ ਜ਼ਿਆਦਾ ਹੀ ਕਾਹਲੇ ਹਨ। ਦਸ ਵਜੇ ਰਾਤ ਦੀਵਾਨ ਦੀ ਸਮਾਪਤੀ ਹੋਈ ਸੱਠ ਕਿਲੋਮੀਟਰ ਦਾ ਪਹਾੜੀ ਰਸਤਾ ਤਹਿ ਕਰਕੇ ਜਿਸ ਗੁਰਦੁਆਰੇ ਪਹੁੰਚੇ ਤਾਂ ਅੱਗੋਂ ਪ੍ਰਬੰਧ ਦੋ ਚਿੱਤੀ ਵਿੱਚ ਸਨ ਕਿ ਇਹ ਹੁਣ ਆ ਤਾਂ ਗਏ ਹਨ ਇਹਨਾ ਦਾ ਕੀਤਾ ਕੀ ਜਾਏ? ਕਰਦਿਆਂ ਕਰਾਉਂਦਿਆਂ ਦੋ ਘਰਾਂ ਵਿੱਚ ਸਾਡੀ ਵੰਡ ਹੋਈ। ਅਸੀਂ ਪੰਜ ਜਣੇ ਇੱਕ ਘਰ ਵਿੱਚ ਬਾਕੀ ਦਸ ਜਣੇ ਇੱਕ ਘਰ ਵਿੱਚ ਜਾਣ ਦੀ ਆਗਿਆ ਹੋਈ। ਜਿਸ ਘਰ ਵਿੱਚ ਅਸੀਂ ਠਹਿਰੇ ਸੀ ਉਸ ਘਰ ਵਿੱਚ ਪਤਾ ਲੱਗਿਆ ਕਿ ਰਾਤ ਰਿੱਛ ਭੱਜਦਾ ਭੱਜਦਾ ਲੰਘਿਆ ਸੀ ਘਰ ਵਾਲੇ ਬੰਦਕਾਂ ਲੈ ਕੇ ਘਰ ਦੀ ਛੱਤ `ਤੇ ਖੜੇ ਰਹੇ ਪਰ ਭਾਲੂ ਜੀ ਅਗਾਂਹ ਇੱਕ ਬੀਬੀ `ਤੇ ਹਮਲਾ ਕਰਕੇ ਜੰਗਲ਼ ਵਲ ਨੂੰ ਭੱਜ ਗਏ। ਜਿਸ ਘਰ ਵਿੱਚ ਦਸ ਜਣੇ ਠਹਿਰੇ ਹੋਏ ਸਨ ਪਾਣੀ ਚਾਹ ਦਾ ਕੋਈ ਪ੍ਰਬੰਧ ਨਹੀਂ ਸੀ ਜਦੋਂ ਸਵੇਰੇ ਉਹ ਗੁਰਦੁਆਰੇ ਆਏ ਤਾਂ ਪਿੱਛੋਂ ਘਰ ਵਾਲਿਆਂ ਨੇ ਬਾਥਰੂਮ ਜੀ ਨੂੰ ਤਾਲਾ ਲਗਾ ਦਿੱਤਾ ਠੰਡ ਹੋਣ ਦਾ ਬਾਵਜੂਦ ਵੀ ਬਿਸਤਰਿਆਂ ਨੂੰ ਅਰਾਮ ਦਿਵਾਉਣ ਲਈ ਅਲਮਾਰੀਆਂ ਵਿੱਚ ਬੰਦ ਕਰ ਦਿੱਤਾ। ਇਹ ਵਿਚਾਰੇ ਠਰੂੰ ਠਰੂੰ ਕਰਦੇ ਦੜੈ ਬੈਠੇ ਰਹੇ। ਦੁਸਰੇ ਪਾਸੇ ਅਸੀਂ ਸੋਚਿਆ ਕਿ ਸਵੇਰੇ ਅਸਾਂ ਕੂਚ ਤਾਂ ਕਰ ਹੀ ਜਾਣਾ ਹੈ ਰਾਤ ਦਾ ਦੀਵਾਨ ਕਰਕੇ ਵਾਪਸ ਏੱਥੇ ਹੀ ਰਹਿ ਪਵਾਂਗੇ ਕਿਹੜਾ ਸਮਾਨ ਬੰਨਦਾ ਚੁੱਕਦਾ ਫਿਰੇ। ਅਜੇ ਸਲਾਹਾਂ ਹੀ ਕਰ ਰਹੇ ਸੀ ਘਰ ਵਾਲੇ ਕਹਿਣ ਲੱਗੇ ਕਿ ਜਿਸ ਬੀਬੀ ਨੂੰ ਰਿੱਛ ਨੇ ਕੱਟਿਆ ਸੀ ਉਹ ਸਾਡੀ ਵਿੱਚ ਭੂਆ ਲੱਗਦੀਆ ਤੇ ਉਹ ਚੜ੍ਹਾਈ ਕਰ ਗਈ ਹੈ ਇਸ ਲਈ ਤੁਸੀਂ ਆਪਣਾ ਸਮਾਨ ਨਾਲ ਹੀ ਲੈ ਜਾਓ।
ਕੁਲ ਮਿਲਾ ਕੇ ਸਿੱਖੀ ਲਹਿਰ ਨੂੰ ਜੋ ਹੂੰਗਾਰਾ ਮਿਲਿਆ ਹੈ ਉਸ ਦੀ ਮਿਸਾਲ ਆਪਣੀ ਹੈ। ਸਵਾਲਾਂ ਦਾ ਸਵਾਲ ਹੈ ਕਿ ਸਿੱਖੀ ਪਰਚਾਰ ਕੀ ਹੈ ਇਸ ਦਾ ਉੱਤਰ ਹੈ ਕਿ ਜਿਸ ਰਾਂਹੀਂ ਸਿੱਖ ਸਿਧਾਂਤ, ਸਮਾਜਿਕ ਬੁਰਾਈਆਂ ਤੇ ਆਪਣੀ ਸਵੈ ਪ੍ਰੜਚੋਲ ਦੀ ਸਮਝ ਆਏ ਉਸ ਨੂੰ ਸਿੱਖੀ ਪਰਚਾਰ ਕਿਹਾ ਜਾ ਸਕਦਾ ਹੈ। ਜੋ ਪ੍ਰੰਪਰਾ-ਗਤ ਪਰਚਾਰ ਹੋ ਰਿਹਾ ਹੈ ਉਸ ਦੀ ਸਾਨੂੰ ਸ਼ੈਲੀ ਬਦਲਣੀ ਪਏਗੀ। ਇਹ ਤਾਂ ਹੀ ਹੋ ਸਕਦਾ ਹੈ ਜੇ ਪ੍ਰਬੰਧਕ ਕਮੇਟੀਆਂ, ਸੰਗਤ ਤੇ ਗ੍ਰੰਥੀ ਸਹਿਬਾਨ ਸਹਿਯੋਗ ਦੇਣ। ਬਹੁਤੀਆਂ ਥਾਵਾਂ ਤੇ ਸੰਗਤ ਸਿੱਖੀ ਪਰਚਾਰ ਨੂੰ ਲੋਚਦੀ ਹੈ ਪਰ ਪ੍ਰਬੰਧਕ ਲੱਤ ਲਗਾਉਣ ਲਈ ਤਿਆਰ ਨਹੀਂ ਹੁੰਦੇ। ਕਈ ਪ੍ਰਬੰਧਕ ਤਾਂ ਰਾਜਨੀਤਿਕ ਪ੍ਰਭਾਵ ਹੇਠ ਵੀ ਗੁਰਮਤਿ ਪ੍ਰਚਾਰ ਤੋਂ ਕਿਨਾਰਾ ਕਰੀ ਬੈਠੇ ਹਨ। ਪਰਚਾਰ ਵਿੱਚ ਵੱਡੀ ਸਮੱਸਿਆ ਪ੍ਰਬੰਧਕੀ ਢਾਂਚੇ ਦੀ ਆਉਂਦੀ ਹੈ ਜੋ ਪ੍ਰਬੰਧਕ ਤਾਂ ਬਣ ਗਏ ਹਨ ਪਰ ਉਹਨਾਂ ਨੂੰ ਸਿੱਖ ਸਿਧਾਂਤ ਦੀ ਸੂਝ ਨਹੀਂ ਹੈ।
ਸਿੱਖੀ ਲਹਿਰ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੇ ਦਸਤਾਰਾਂ ਸਜਾਉਣ, ਕੇਸ ਰੱਖਣ ਤੇ ਬਾਣੀ ਪੜ੍ਹਨ ਦਾ ਪ੍ਰਣ ਕੀਤਾ। ਸਭ ਤੋਂ ਵੱਡੀ ਪਰਾਪਤੀ ਕਿ ਇਹਨਾਂ ਸਾਰੇ ਸਮਾਗਮਾਂ ਵਿੱਚ ਨੌਜਵਾਨ ਸਭ ਤੋਂ ਵੱਡੀ ਗਿਣਤੀ ਵਿੱਚ ਸ਼ਾਮਿਲ। ਕੁੱਝ ਉਹਨਾਂ ਪਿੰਡਾਂ ਵਿੱਚ ਵੀ ਜਾਣ ਦਾ ਸਬੱਬ ਬਣਿਆਂ ਜਿੰਨ੍ਹਾਂ ਵਿੱਚ ਅੱਜ ਤੱਕ ਕੋਈ ਵੀ ਪ੍ਰਚਾਰਕ ਪਰਚਾਰ ਕਰਨ ਲਈ ਨਹੀਂ ਗਿਆ। ਕਹਿ ਸਕਦੇ ਹ ਕਿ ਏਸੇ ਤਰ੍ਹਾਂ ਪ੍ਰਚਾਰ ਵਿੱਚ ਇਹ ਉਤਸ਼ਾਹੀ ਵੀਰ ਲੱਗੇ ਰਹੇ ਤਾਂ ਡੇਰਵਾਦ, ਨਸ਼ੇ, ਸਮਾਜਿਕ ਬੁਰਾਈਆਂ ਤੇ ਧਾਰਮਿਕ ਕਰਮ ਕਾਂਡ ਤੋਂ ਛੁਟਕਾਰਾ ਕੌਮ ਨੂੰ ਮਿਲ ਸਕਦਾ ਹੈ।




.