.

ਕੀ ਗੁਰੂ ਗ੍ਰੰਥ ਸਾਹਿਬ ਅਧੂਰੇ ਅਤੇ ਖਾਲਸਾ ਭਗਾਉਤੀ (ਦੁਰਗਾ) ਦਾ ਪੁਜਾਰੀ ਹੈ?

ਅਵਤਾਰ ਸਿੰਘ ਮਿਸ਼ਨਰੀ (510-432-5827)

ਨਹੀਂ, “ਗੁਰੂ ਗ੍ਰੰਥ ਸਾਹਿਬ” ਪੂਰੇ ਗੁਰੂ ਹਨ ਅਧੂਰੇ ਤਾਂ ਅਸੀਂ ਹਾਂ ਜੋ ਉਸ ਦੇ ਸਿਧਾਂਤਾਂ ਨੂੰ ਛੱਡ ਕੇ, ਹੋਰ ਹੋਰ ਗ੍ਰੰਥਾਂ ਅਤੇ ਮਰਯਾਦਾਵਾਂ ਦੇ ਮਗਰ ਲੱਗੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਗ੍ਰੰਥਾਂ ਤੇ ਵੱਧ ਟੇਕ ਰੱਖਣੀ, ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਨੀਆਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨ ਦਾ ਕੋਝਾ ਯਤਨ ਹੈ। ਕੀ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਪੜ੍ਹ ਕੇ “ਖੰਡੇ ਦੀ ਪਹੁਲ” ਅੰਮ੍ਰਿਤ ਤਿਆਰ ਕੀਤਾ ਜਾਵੇ ਤਾਂ ਉਹ ਜਹਿਰ ਬਣ ਜਾਂਦਾ ਹੈ ਤੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਪੜ੍ਹਨ ਨਾਲ ਅੰਮ੍ਰਿਤ? ਕੀ ਹਰ ਵੇਲੇ ਗੁਰੂ ਮਾਨਿਓਂ ਗ੍ਰੰਥ ਦੀ ਅਰਦਾਸ ਕਰਨੀ ਤੇ ਮੰਨਣਾਂ ਕਿਸੇ ਹੋਰ ਗ੍ਰੰਥ ਨੂੰ ਵੀ “ਆਂਡੇ ਕਿਤੇ ਤੇ ਕੁੜ ਕੁੜ ਕਿਤੇ ਜਾਂ ਇੱਕ ਮਿਆਣ ਵਿੱਚ ਦੋ ਤਲਵਾਰਾਂ ਪਾਉਣੀਆਂ ਅਤੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਵਾਲੀ ਗੱਲ ਨਹੀਂ?

ਹੁਣ ਇਲੈਟ੍ਰੌਣਿਕ ਮੀਡੀਏ ਰਾਹੀਂ ਖਾਲਸਾ ਪੰਥ ਵਿੱਚ ਜਾਗ੍ਰਿਤੀ ਆ ਰਹੀ ਹੈ ਇਸ ਕਰਕੇ, ਗੁਰੂ ਨਿੰਦਕ ਅਖੌਤੀ ਦਸਮ ਗ੍ਰੰਥ, ਸੰਪ੍ਰਦਾਈ ਡੇਰੇਦਾਰਾਂ ਦੇ, ਪੁਜਾਰੀ, ਪ੍ਰਚਾਰਕ, ਅੰਧਵਿਸ਼ਵਾਸ਼ੀ ਤੇ ਕਰਮਕਾਂਡੀ ਸਾਧ-ਸੰਤ ਅਤੇ ਦੋਗਲੇ ਲੀਡਰ, ਸਿੱਖ ਵਿਰੋਧੀ ਸਰਕਾਰਾਂ ਨਾਲ ਮਿਲ, ਸਿੱਖ ਇਤਿਹਾਸਕ ਗ੍ਰੰਥਾਂ ਅਤੇ ਮਰਯਾਦਾ ਵਿੱਚ, ਗੁਰਮਤਿ ਵਿਰੋਧੀ ਰਲੇ ਕਰਕੇ, ਬ੍ਰਾਹਮਣੀ ਅੰਧਵਿਸ਼ਵਾਸ਼ਾਂ ਅਤੇ ਥੋਥੇ ਪੁਜਾਰੀ ਪੂਜ ਕਰਮਕਾਂਡਾਂ ਨੂੰ, ਸਿੱਖ ਧਰਮ ਅਸਥਾਨਾਂ, ਗ੍ਰੰਥੀਆਂ, ਰਾਗੀਆਂ, ਪ੍ਰਚਾਰਕਾਂ ਅਤੇ ਜਥੇਬੰਦੀਆਂ ਵਿੱਚ ਘਸੋੜ, ਕਾਬਜ ਹੋ, ਸਿੱਖ ਮਿਸਲਾਂ ਖਤਮ ਕਰਨ ਤੋਂ ਬਾਅਦ ਅਖੌਤੀ ਦੇਵੀ ਦੇਵਤਿਆਂ, ਸਾਧਾਂ-ਸੰਤਾਂ ਅਤੇ ਸੰਪ੍ਰਦਾਈ ਡੇਰੇਦਾਰਾਂ ਦੇ ਰੂਪ ਵਿੱਚ, ਭਗਾਉਤੀ (ਦੁਰਗਾ) ਆਦਿਕ ਮਿਥਿਹਾਸਕ ਦੇਵੀਆਂ ਦੇ ਮੱਗਰ, ਸਿੱਖਾਂ ਨੂੰ ਸ਼ੂਗਰਕੋਟ ਢੰਗ ਨਾਲ ਲਾ ਰਹੇ ਹਨ। ਅੱਜ ਜੋ ਸਿੱਖ ਇਨ੍ਹਾਂ ਦੇ ਕਰਮਕਾਂਡੀ-ਧਰਮ ਚੁੰਗਲ ਵਿੱਚੋਂ ਬਾਹਰ ਨਿਕਲ ਰਿਹਾ ਹੈ ਤੋਂ ਘਬਰਾਏ ਹੋਏ, ਇਹ ਡੇਰਾਵਾਦੀ ਜਥੇਦਾਰ, ਉਸ ਨੂੰ ਆਪਣੇ ਅਕਾਵਾਂ ਦੇ ਦਬਾਅ ਥੱਲੇ, ਅਕਾਲ ਤਖਤ ਉੱਤੇ ਸੱਦ ਕੇ ਛੇਕਣ ਦੇ ਡਰਾਵੇ ਦੇ ਦਿੰਦੇ ਹਨ। ਕਈਆਂ ਨੂੰ ਪਾਰਟੀਬਾਜੀ ਕਰਕੇ, ਕਿੜਾਂ ਕੱਢਣ ਕਾਰਨ, ਛੇਕਣ ਦਾ ਡਰਾਉਣਾਂ ਡਰਾਮਾਂ ਵੀ ਖੇਡਦੇ ਹਨ।

ਜਦ ਡੇਰੇਦਾਰ, ਸੰਤ-ਸੰਪ੍ਰਦਾਈ ਸਿੱਖੀ ਭੇਸ ਵਿੱਚ, ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਬਾਅਦ, ਮੌਕੇ ਦੀ ਅੰਗ੍ਰੇਜੀ ਸਰਕਾਰ ਵੇਲੇ, ਸਿੱਖ ਧਰਮ ਅਸਥਾਨਾਂ ਤੇ ਕਾਬਜ ਹੋ ਗਏ ਸਨ। ਓਦੋਂ ਖਾਲਸਾ ਪੰਥ ਨੇ ਇਨ੍ਹਾਂ ਟੁਕੜਬੋਚਾਂ ਨੂੰ ਸਿੰਘ ਸਭਾ ਲਹਿਰ ਤੇ ਗੁਰਦਵਾਰਾ ਸੁਧਾਰ ਲਹਿਰ ਚਲਾ ਅਤੇ ਭਾਰੀ ਕੁਰਬਾਨੀਆਂ ਦੇ ਕੇ, ਛਿੱਤਰਾਂ ਨਾਲ ਬਾਹਰ ਕੱਢਿਆ ਸੀ। ਭਾਰਤ ਅਜਾਦ ਹੋਣ ਤੋਂ ਬਾਅਦ ਗੁਰਮਤਿ ਵਿਰੋਧੀ ਬ੍ਰਾਹਮਣਵਾਦ ਦੇ ਮੁਦਈ ਕੁਰੱਪਟ ਅਤੇ ਚਲਾਕ ਹਿੰਦੂ ਲੀਡਰਾਂ ਨੇ ਧੋਖੇ ਨਾਲ “ਹਿੰਦੂ ਸਿੱਖ ਭਾਈ ਭਾਈ ਦਾ ਨਾਹਰਾ” ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਜਿਸ ਕਰਕੇ ਬ੍ਰਾਹਮਣੀ ਜਾਲ ਵਿੱਚ ਸਿੱਖ ਫਿਰ ਫਸ ਗਏ ਪਰ ਪਤਾ ਲੱਗਣ ਤੇ ਭਾਰਤੀ ਸਵਿਧਾਨ ਤੇ ਉਨ੍ਹਾਂ ਦਸਖਤ ਨਹੀਂ ਕੀਤੇ ਸਨ। ਫਿਰ ਬੜੀਆਂ ਕੁਰਬਾਨੀਆਂ ਅਤੇ ਜਦੋ-ਜਹਿਦ ਨਾਲ ਸਿੱਖਾਂ ਤੇ ਹੋਰ ਪੰਜਾਬੀਆਂ ਨੂੰ, ਲੰਗੜਾ ਪੰਜਾਬੀ ਸੂਬਾ ਮਿਲਿਆ ਓਦੋਂ ਤੋਂ ਹੀ ਬ੍ਰਾਹਮਣਵਾਦੀ ਸਰਕਾਰ ਅਤੇ ਧਰਮ ਪੁਜਾਰੀਆਂ ਨੇ ਠਾਨ ਲਿਆ ਸੀ ਕਿ ਸਿੱਖਾਂ ਨੂੰ ਸਰਕਾਰੀ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ ਕਿਉਂ ਨਾਂ ਸਿੱਖ ਸ਼ਕਲਾਂ ਵਾਲੇ ਸਾਧਾਂ ਦੇ ਡੇਰੇ ਪੈਦਾ ਕਰ, ਗੁਰਮਤਿ ਵਿੱਚ ਬ੍ਰਾਹਮਣਵਾਦ ਰਲਾਕੇ, ਸਿੱਖਾਂ ਦਾ ਅਕੀਦਾ “ਗੁਰੂ ਗ੍ਰੰਥ ਸਾਹਿਬ” ਨਾਲੋਂ ਤੋੜਨ ਲਈ, ਅਖੌਤੀ ਦਸਮ ਗ੍ਰੰਥ ਅਤੇ ਰਹਿਤਨਾਮਿਆਂ ਦਾ ਪ੍ਰਚਾਰ ਕੀਤਾ ਜਾਵੇ, ਜਿਸ ਵਿੱਚ ਉਹ 100% ਕਾਮਯਾਬ ਹੋਏ। ਜਿਸ ਕਰਕੇ ਅੱਜ ਕੇਸਾਧਾਰੀ ਤੇ ਬਹੁਤੇ ਅੰਮ੍ਰਿਤਧਾਰੀ ਸਿੱਖ ਵੀ ਧਰਮ ਅਸਥਾਨਾਂ ਅਤੇ ਨਿਜੀ ਜਿੰਦਗੀ ਵਿੱਚ ਬ੍ਰਾਹਮਣਵਾਦੀ ਅੰਧਵਿਸ਼ਵਾਸ਼ੀ ਕਰਮਕਾਂਡ ਕਰੀ ਕਰਾਈ ਜਾ ਰਹੇ ਹਨ। ਜੇ ਕੋਈ ਗੁਰਮਤਿ ਸਮਝ ਚੁੱਕਾ ਸੂਝਵਾਨ ਸਿੱਖ ਬ੍ਰਾਹਮਣਵਾਦ ਨੂੰ ਗੁਰਦੁਆਰਿਆਂ ਅਤੇ ਨਿਜੀ ਜਿੰਦਗੀ ਚੋਂ ਬਾਹਰ ਕੱਢ ਰਿਹਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਕਿੱਲੀ ਤੇ ਟੰਗ, ਉਸ ਨੂੰ ਸੀਨਾ ਬਸੀਨਾ ਮਿਲਗੋਭਾ ਮਰਯਾਦਾ ਦਾ ਵਾਸਤਾ ਪਾ ਕੇ, ਡੱਕਣ ਦੀ ਪੂਰੀ ਢੀਠਤਾਈ ਨਾਲ ਵਾਹ ਲਾਈ ਜਾਂਦੀ ਹੈ।

ਪਾਠਕ ਜਨੋ! ਗੁਰਮਤਿ ਬਾਰੇ ਹਰੇਕ ਲੇਖਕ ਦੇ ਆਪੋ ਆਪਣੇ ਵਿਚਾਰ ਹਨ ਜਰੂਰੀ ਨਹੀਂ ਕਿ ਕਿਸੇ ਨਾਲ 100% ਸਹਿਮਤ ਹੋਇਆ ਜਾਵੇ। ਗੁਰਮਤਿ ਹੱਥੀਂ ਕਿਰਤ ਕਰਨ, ਵੰਡ ਛਕਣ, ਨਾਮ ਜਪਣ, ਖੋਜ ਕਰਨ, ਅਕਲ (ਬਿਬੇਕ ਬੁੱਧੀ), ਗੁਰੂ ਗਿਆਨ ਅਤੇ ਰੱਬੀ ਰਹਿਮਤ ਦਾ ਸੱਚਾ ਮਾਰਗ ਹੈ ਜਿਸ ਦੇ ਦਰਵਾਜੇ ਸਦਾ ਖੁੱਲ੍ਹੇ ਰਹਿਣੇ ਚਾਹੀਦੇ ਹਨ। ਇਹ ਵੀ ਸੱਚ ਹੈ ਜਦ ਪਤਾ ਲੱਗ ਜਾਵੇ ਕਿ ਸਾਹਮਣੇ ਪਿਆ ਜਹਿਰ ਹੈ ਤਾਂ ਸਮਝਦਾਰ ਤੋਂ ਖਾਦਾ ਨਹੀਂ ਜਾ ਸਕਦਾ। ਇਵੇਂ ਹੀ ਅਖੌਤੀ ਦਸਮ ਗ੍ਰੰਥ, ਰਹਿਤਨਾਮੇ, ਅਖੌਤੀ ਸੰਤ-ਮਹੰਤ ਅਤੇ ਸੰਪ੍ਰਦਾਈਆਂ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅਟੱਲ ਸਿਧਾਂਤਾਂ ਉਲਟ, ਬ੍ਰਾਹਮਣਵਾਦ ਦੇ ਅੰਧਵਿਸ਼ਵਾਸ਼ੀ ਕਰਮਕਾਂਡੀ ਸਿਧਾਂਤਾਂ ਦੇ ਮਿਥਿਹਾਸ ਰੂਪੀ ਸ਼ਰਧਾ ਦੀ ਸ਼ੂਗਰ ਨਾਲ “ਸ਼ੂਗਰਕੋਟ” ਕੀਤੀ ਮਰਯਾਦਾ ਅਤੇ ਅਖੌਤੀ ਦਸਮ ਗ੍ਰੰਥ ਦਾ ਜਹਿਰ “ਗੁਰੂ ਗ੍ਰੰਥ ਸਾਹਿਬ” ਦੇ ਗਿਆਨ ਅੰਮ੍ਰਿਤ ਨੂੰ ਛੱਡ ਕੇ, ਸਮਝ ਚੁੱਕਾ ਵਿਚਾਰਵਾਨ ਸਿੱਖ ਕਿਵੇਂ ਖਾ ਸਕਦਾ ਹੈ? ਭਲਿਓ ਮਨੁੱਖ ਦਾ ਖਾਣ ਪੀਣ, ਰਹਿਣ ਸਹਿਣ, ਪਹਿਨਣ, ਸੋਚਣ, ਰੀਤਾਂ ਰਸਮਾਂ ਅਤੇ ਮਰਯਾਦਾਵਾਂ ਸਦਾ ਇੱਕ ਨਹੀਂ ਰਹਿੰਦੀਆਂ ਸਮਾਂ ਪਾ ਕੇ, ਵਿਕਸਤ ਸਮਾਜ, ਧਰਮ ਅਤੇ ਸਰਕਾਰਾਂ ਵਿੱਚ ਬਦਲਦੀਆਂ ਰਹਿੰਦੀਆਂ ਹਨ। ਭਾਈ ਲਖਬੀਰ ਸਿੰਘ ਨੇ ਕੁਝ ਦਿਨ ਪਹਿਲਾਂ, ਖਾਲਸਾ ਨਿਊਜ ਤੇ ਇਸ ਲੇਖ “ਪ੍ਰਿਥਮ ਭਗਉਤੀ” ਜਾਂ ਪ੍ਰਿਥਮ ਅਕਾਲਪੁਰਖ ਦੇ ਸ਼ੁਰੂ ਵਿੱਚ ਹੀ ਲਿਖਿਆ ਹੈ ਕਿ-ਜਿਵੇਂ ਜਿਵੇਂ ਦਸਮ ਗ੍ਰੰਥ ਸਬੰਧੀ ਅਜੋਕਾ ਸਿੱਖ ਜਗਤ ਜਾਗਰੂਕ ਹੋ ਰਹਿਆ ਹੈ, ਤਿਵੇਂ ਤਿਵੇਂ ਉਹ ਇਸ ਤੋਂ ਆਪਣਾ ਖਹਿੜਾ ਛੁਡਾਉਣ ਲਈ ਵੀ ਯਤਨਸ਼ੀਲ ਹੋ ਰਹਿਆ ਹੈ" ਜਰਾ ਸੋਚੋ! ਇਹ ਕਿਨ੍ਹੀਆਂ ਕੁ ਸਦੀਆਂ ਹੋਰ ਹੁੰਦਾ ਰਹੇਗਾ ਅਤੇ ਲਕੀਰ ਦੇ ਫਕੀਰ ਬਣੇ ਰਹਿਣਾਂ ਵੀ ਕਿੱਧਰ ਦੀ ਸਿਆਣਪ ਹੈ? ਸਿੱਖ ਗੁਰੂ ਸਾਹਿਬਾਨ ਸਾਨੂੰ “ਗੁਰੂ ਗ੍ਰੰਥ ਸਾਹਿਬ” ਦੇ ਲੜ ਲਾ ਗਏ ਸਨ ਨਾਂ ਕਿ ਕਿਸੇ ਹੋਰ ਗ੍ਰੰਥ, ਰਹਿਤਨਾਮੇ ਜਾਂ ਮਰਯਾਦਾ ਦੇ। ਕੀ ਵੱਖ ਵੱਖ ਰਹਿਤਨਾਮੇ, ਮਰਯਾਦਾਵਾਂ ਜਾਂ ਹੋਰ ਗ੍ਰੰਥ, ਸਿੱਖ ਲਈ "ਗੁਰੂ ਗ੍ਰੰਥ ਸਾਹਿਬ" ਤੋਂ ਉੱਪਰ ਹਨ? ਅਖੌਤੀ ਦਸਮ ਗ੍ਰੰਥ ਦੀ ਮੰਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡੌਹਣ ਵਾਲੇ ਦੱਸਣਗੇ ਕਿ ਜਗਤ ਰਹਿਬਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ, ਸਿੱਖਾਂ ਦੀ ਕੀ ਮਰਯਾਦਾ ਸੀ? ਭਲਿਓ! ਜੇ ਕੋਈ ਮਰਯਾਦਾ "ਗੁਰੂ ਗ੍ਰੰਥ ਸਾਹਿਬ" ਦੇ ਸਿਧਾਂਤ ਤੋਂ ਵੱਧ ਜਰੂਰੀ ਹੁੰਦੀ ਤਾਂ ਗੁਰੂ ਸਹਿਬਾਨ ਉਹ ਵੀ ਲਿੱਖ ਦਿੰਦੇ। ਉਹ ਤਾਂ ਸਾਨੂੰ "ਗੁਰੂ ਸ਼ਬਦ” ਦੇ ਲੜ ਲਾ ਗਏ, ਜਿਸ ਵਿੱਚ ਸੁਚੱਜਾ ਮਨੁੱਖਾ ਜੀਵਨ ਜੀਨ ਲਈ, ਗੁਰ ਉਪਦੇਸ਼ਾਂ ਦੇ ਭੰਡਾਰ ਭਰੇ ਪਏ ਹਨ। ਹਾਂ ਗੁਰਸਿੱਖਾਂ ਨੇ ਜੇ ਕੋਈ ਰੂਲ ਜਾਂ ਮਰਯਾਦਾ ਬਨਾਉਣੀ ਵੀ ਹੈ ਤਾਂ ਉਹ "ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਮੁਤਾਬਿਕ ਹੀ ਹੋਣੀ ਚਾਹੀਦੀ ਹੈ ਨਾਂ ਕਿ ਅਖੌਤੀ ਗ੍ਰੰਥਾਂ ਅਤੇ ਰਹਿਤਨਾਮਿਆਂ ਮੁਤਾਬਕ, ਜੋ ਗੁਰੂ ਸਹਿਬਾਨ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਲਿਖੇ ਗਏ ਸਨ।

ਅੱਜ ਅੰਮ੍ਰਿਤ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਲਾਵਾ ਬਾਹਰਲੀਆਂ ਰਚਨਾਵਾਂ ਪੜ੍ਹ ਕੇ ਛਕਾਇਆ ਜਾ ਰਿਹਾ ਹੈ। ਮਰਯਾਦਾ ਵੀ "ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਨੂੰ ਛਿੱਕੇ ਟੰਗ ਹੋਰ ਹੋਰ ਗ੍ਰੰਥਾਂ ਤੇ ਰਹਿਤਨਾਮਿਆਂ, ਰਵਾਇਤਾਂ, ਵੱਖ ਵੱਖ ਜਥੇਦਾਰਾਂ ਅਤੇ ਆਪੂੰ ਬਣੇ ਸੰਤਾਂ-ਮਹੰਤਾਂ ਦੀਆਂ ਰਾਵਾਂ ਤੇ ਦਬਾਅ ਹੇਠ ਬਣਾਈ ਗਈ ਅਤੇ ਪਾਲੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ, ਗੁਰਸਿੱਖ, ਗੁਰਮੁਖ, ਮਨਮੁਖ, ਸਾਧ-ਸੰਤ ਕਿਸ ਨੂੰ ਕਿਹਾ ਗਿਆ ਹੈ? ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਪਹਿਲੇ ਵੀ ਦਾਸ ਨੇ ਇੱਕ ਲੇਖ “ਕੀ ਸਿੱਖ ਭਗਾਉਤੀ (ਦੁਰਗਾ) ਦੇ ਪੁਜਾਰੀ ਜਾਂ ਅਕਾਲ ਪੁਰਖ ਦੇ ਉਪਾਸ਼ਕ” ਲਿਖਿਆ ਸੀ ਜੋ ਖਾਲਸਾ ਨਿਊਜ ਤੋਂ ਇਲਾਵਾ ਹੋਰ ਵੀ ਅਖਬਾਰਾਂ ਰਸਾਲਿਆਂ ਵਿੱਚ ਛਪ ਚੁੱਕਾ ਹੈ। ਸ਼ਾਇਦ ਉਸੇ ਸੰਦਰਭ ਵਿੱਚ ਭਾਈ ਲਖਬੀਰ ਸਿੰਘ ਦਾ ਪ੍ਰਤੀਕਰਮ ਆਇਆ ਸੀ। ਅਜ ਸਿੱਖ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਤੋਂ ਟੁੱਟੇ ਹੀ ਤਾਂ ਹਨ ਕਿ ਉਹ ਪੁਜਾਰੀਆਂ ਜਾਂ ਸੰਪ੍ਰਦਾਈ ਟਕਸਾਲੀਆਂ ਦੇ ਵੱਸ ਪੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗਿਣਤੀ ਦੇ ਮੰਤ੍ਰ-ਪਾਠ ਹੀ ਕਰੀ ਕਰਵਾਈ ਜਾ ਰਹੇ ਹਨ।

ਦੇਖੋ! ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਬਣਾਈ ਮਰਯਾਦਾ, ਕਰਮਕਾਂਡਾਂ ਦੇ ਅਧੀਨ ਹੋ ਗਈ ਹੈ। ਅਸੀਂ ਸ਼ਬਦ ਗੁਰੂ ਨੂੰ ਵੀ ਸਵਾਉਂਦੇ, ਜਗਾਉਂਦੇ, ਖਾਵਾਉਂਦੇ, ਠੰਡ ਲਈ ਏਸੀ ਤੇ ਗਰਮੀ ਲਈ ਹੀਟਰ ਚਲਾਉਂਦੇ ਅਤੇ ਹਵਾ ਲਈ ਪੱਖੇ ਵੀ ਝੱਲਦੇ ਹਾਂ? ਜਰਾ ਧਿਆਨ ਦਿਓ! ਪਹਿਲਾਂ ਤਾਂ ਇਹ ਪਵਿਤਰ ਗ੍ਰੰਥ ਸ਼ਿਆਹੀ ਨਾਲ ਕਾਗਜ ਤੇ ਲਿਖਿਆ ਜਾਂਦਾ ਸੀ ਤੇ ਉਸ ਦੀ ਸੰਭਾਲ ਲਈ ਕਪੜੇ ਦੇ ਰੁਮਾਲੇ ਵਰਤਦੇ ਸੀ ਤੇ ਹਾਂ। ਅਸੀਂ ਗੁਰੂਆਂ ਭਗਤਾਂ ਵੱਲੋਂ ਦਿੱਤੇ ਰੱਬੀ ਗਿਆਨ ਨੂੰ ਸਿਰਫ ਗੁਰਦੁਆਰਿਆਂ ਤੱਕ ਹੀ ਸੀਮਤ ਕਰ ਦਿੱਤਾ ਹੈ ਜਿੱਥੇ ਪਾਠ, ਕਥਾ, ਕੀਰਤਨ ਅਤੇ ਅਰਦਾਸਾਂ ਆਦਿਕ ਸੇਲ ਤੇ ਲਾਏ ਹੋਏ ਹਨ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਕਰਾਉਣ ਦਾ ਪੂਰਾ ਜੋਰ ਲਾਇਆ ਜਾਂਦਾ ਹੈ। ਭਲਿਓ ਹੁਣ 21ਵੀਂ ਸਦੀ ਵਿੱਚ ਜਾ ਰਹੇ ਹਾਂ, ਜਮਾਨੇ ਨੇ ਤਰੱਕੀ ਕੀਤੀ ਹੈ, ਵਿਗਿਆਨ ਨੇ ਸੁਖ ਸਹੂਲਤਾਂ ਦੇ ਕੇ, ਸਮੁੱਚੇ ਸੰਸਾਰ ਨੂੰ ਗਲੋਬਲ ਕਰ ਦਿੱਤਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਵੀ ਕੰਪਿਊਟਰ-ਪ੍ਰਿੰਟ ਹੋਣ ਲੱਗ ਪਏ ਹਨ। ਪੰਜਾਬੀ, ਅੰਗ੍ਰੇਜੀ ਅਤੇ ਹੋਰ ਬੋਲੀਆਂ ਵਿੱਚ ਵੀ, ਇੰਟ੍ਰਨੈੱਟ ਦੇ ਜਰੀਏ, ਸਾਰੇ ਸੰਸਾਰ ਵਿੱਚ ਉਪਲਬਦ ਹੋ, ਫੋਨਾਂ ਦੀਆਂ ਚਿੱਪਾਂ ਵਿੱਚ ਆ ਗਏ ਹਨ। ਹੁਣ ਓਥੇ ਕਰਮਕਾਂਡੀ-ਮਰਯਾਦਾ ਕੀ ਕਰੇਗੀ? ਕੀ ਹੁਣ ਕੰਪਿਊਟਰ, ਇੰਟ੍ਰਨੈੱਟ ਅਤੇ ਫੋਨਾਂ ਨੂੰ ਵੀ ਧੂਫਾਂ ਧੁਖਾਈਆਂ, ਰੁਮਾਲੇ ਚੜ੍ਹਾਏ ਅਤੇ ਮੱਥੇ ਟੇਕੇ ਜਾਇਆ ਕਰਨਗੇ? ਪ੍ਰਮਾਤਮਾਂ ਅਕਾਲ ਪੁਰਖ ਇਸ ਰੱਬੀ ਗਿਆਨ ਦੇ ਭੰਡਾਰ ਨੂੰ ਸਾਰੀ ਦੁਨੀਆਂ ਵਿੱਚ ਵੰਡਣ ਦੇ ਸਾਧਨ ਪੈਦਾ ਕਰਾਈ ਜਾ ਰਿਹਾ ਹੈ। ਅੱਜ ਸਿੱਖ ਜਾਂ ਸ਼ਰਧਾਲੂ ਆਪਣੀ ਮਰਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰ, ਲਾਇਬ੍ਰੇਰੀ ਜਾਂ ਸਫਰ ਵਿੱਚ ਨਾਲ ਨਹੀਂ ਰੱਖ ਸਕਦਾ ਕਿਉਂਕ ਭਗਾਉਤੀਆਂ ਦੇ ਸ਼ਰਧਾਲੂ ਲੱਠਮਾਰ ਕਮੇਟੀਆਂ, ਜਥੇਬੰਦੀਆਂ, ਸੰਪ੍ਰਦਾਵਾਂ ਤੇ ਡੇਰੇ ਉਸ ਨੂੰ ਮਾਰਨ ਕੁੱਟਣ ਤੱਕ ਜਾਂਦੇ ਅਤੇ ਸਰੂਪ ਵੀ ਖੋ ਕੇ ਵਾਪਸ ਲੈ ਜਾਂਦੇ ਹਨ।

ਜਿਵੇਂ ਧਰਮ ਕਰਮ ਅਤੇ ਧਰਮ ਗ੍ਰੰਥਾਂ ਦਾ ਪਾਠ ਪੂਜਾ ਬ੍ਰਾਹਮਣ ਹੀ ਕਰ ਸਕਦਾ ਸੀ ਜੋ ਸੰਸਕ੍ਰਿਤ ਵਿੱਚ ਲਿਖੇ ਹੋਏ ਸਨ, ਤੇ ਆਮ ਜਨਤਾ ਪੜ੍ਹਨ ਦੀ ਅਧਿਕਾਰੀ ਨਾਂ ਹੋਣ ਕਰਕੇ, ਬ੍ਰਾਹਮਣੀ ਧਰਮ ਗ੍ਰੰਥਾਂ ਤੋਂ ਅਣਜਾਣ ਹੀ ਰਹਿੰਦੀ ਸੀ। ਇਵੇਂ ਹੀ ਸਿੱਖ ਜਗਤ ਵਿੱਚ ਚਿਰਾਂ ਤੋਂ ਬਹੁਤੇ ਅੰਧਵਿਸ਼ਵਾਸ਼ੀ ਅਤੇ ਅਗਿਆਨੀ ਸਿੱਖ ਇਵੇਂ ਹੀ ਕਰਦੇ ਸਨ ਪਰ ਹੁਣ ਇੰਟ੍ਰਨੈੱਟ ਮੀਡੀਏ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਉਣ ਕਰਕੇ, ਸਿੱਖ ਸ਼ਰਧਾਲੂ ਘਰਾਂ ਵਿੱਚ, ਤੁਰੇ ਫਿਰਦੇ ਅਤੇ ਗੱਡੀ ਚਲਾਉਂਦੇ ਵੀ ਪੜ੍ਹੀ, ਸੁਣੀ ਤੇ ਵਿਚਾਰੀ ਜਾ ਰਹੇ ਹਨ। ਇਸ ਕਰਕੇ ਅਖੌਤੀ ਦਸਮ ਗ੍ਰੰਥ, ਰਹਿਤਨਾਮੇ ਅਤੇ ਅਜੋਕੀ ਮਰਯਾਦਾ ਵਿਦਵਾਨਾਂ ਤੋਂ ਇਲਾਵਾ, ਆਮ ਸਿੱਖਾਂ ਨੇ ਵੀ ਪੜ੍ਹ ਅਤੇ ਵਿਚਾਰ ਲਏ ਹਨ। ਇਸ ਲਈ ਹੁਣ ਉਹ, ਸਿੱਖ ਪੁਜਾਰੀਆਂ ਅਤੇ ਲੱਠਮਾਰ ਟਕਸਾਲਾਂ ਦੇ ਡਰਾਵਿਆਂ ਦੇ ਪਿੰਜਰੇ ਤੋਂ, ਨਿਧੜਕ ਹੋ ਕੇ ਬਾਹਰ ਆ ਰਹੇ ਹਨ। ਇਸ ਲੋਕ ਭਲਾਈ ਦੇ ਵਰਤਾਰੇ ਨੂੰ ਹੁਣ ਕਰਮਕਾਂਡੀ ਲੋਕ ਤੇ ਮਰਯਾਦਾ ਬਹੁਤਾ ਚਿਰ ਰੋਕ ਨਹੀਂ ਸਕਦੇ।

ਸੋ ਭਲਿਓ ਜੇ ਕੋਈ ਗੁਰਦੁਆਰਾ, ਕਮੇਟੀ, ਜਥੇਬੰਦੀ ਜਾਂ ਵਿਦਵਾਨ ਸਮਝ ਲੱਗਣ ਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਪ੍ਰੈਕਟੀਕਲ ਲਾਗੂ ਕਰਦਾ ਹੈ ਤਾਂ ਉਸ ਅੱਗੇ ਅਖੌਤੀ ਮਰਯਾਦਾ ਦਾ ਹਊਆ ਨਹੀਂ ਖੜਾ ਕਰਨਾਂ ਚਾਹੀਦਾ। ਇੱਕ ਪਾਸੇ ਅਸੀਂ “ਨਿਆਰੇ ਖਾਲਸੇ ਅਤੇ ਹਮ ਹਿੰਦੂ ਨਹੀਂ” ਦੇ ਨਾਅਰੇ ਲਾਉਂਦੇ ਹਾਂ ਪਰ ਦੂਜੇ ਪਾਸੇ ਅੰਧਵਿਸ਼ਵਾਸ਼ੀ ਬ੍ਰਾਹਮਣੀ ਕਰਮਕਾਂਡ, ਉਨ੍ਹਾਂ ਵਾਲੇ ਵੀ ਕਰੀ ਕਰਾਈ ਜਾਂਦੇ ਹਾਂ ਜੋ ਅਖੌਤੀ ਦਸਮ ਗ੍ਰੰਥ ਤੇ ਵੱਖ ਵੱਖ ਰਹਿਤਨਾਮਿਆਂ ਵਾਲੇ ਹਨ, ਜਿਨ੍ਹਾਂ ਨੂੰ ਸੰਪ੍ਰਦਾਵਾਂ ਅਤੇ ਡੇਰੇ ਸੀਨਾ ਬਸੀਨਾਂ ਲਾਗੂ ਰੱਖਣਾਂ ਚਾਹੁੰਦੇ ਹਨ। ਹੁਣ ਪ੍ਰਮਾਤਮਾਂ ਨੇ ਸਾਨੂੰ ਪੁਜਾਰੀਆਂ ਤੇ ਪ੍ਰਬੰਧਕਾਂ ਦੀ ਮਹਿੰਗੀ ਭੇਟਾ ਦੀ ਲੁੱਟ ਤੋਂ ਬਚਾ ਦਿੱਤਾ ਹੈ ਪਰ ਬਚੇਗਾ ਉਹ ਹੀ ਜੋ ਆਪ ਪੜ੍ਹ, ਵਿਚਾਰ ਕੇ ਅਮਲ ਵੀ ਕਰੇਗਾ।

ਹੁਣ ਹਰੇਕ ਸਿੱਖ ਤੇ ਸ਼ਰਧਾਲੂ ਨੂੰ ਆਪਣੇ ਘਰ ਨੂੰ ਹੀ ਧਰਮਸ਼ਾਲ ਬਣਾ ਲੈਣਾਂ ਚਾਹੀਦਾ ਹੈ-ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ॥ (ਭਾ.ਗ) ਸੋ ਸਿੱਖੋ! ਗੁਰੂ ਗ੍ਰੰਥ ਸਾਹਿਬ ਕੇਵਲ ਮੱਥੇ ਟੇਕਣ, ਭਾੜੇ ਦੇ ਪਾਠ ਕਰਾਉਣ ਅਤੇ ਸੋਹਣੇ ਸੋਹਣੇ ਰੁਮਾਲੇ ਚੜ੍ਹਾਉਣ ਲਈ ਹੀ ਨਹੀ ਸਗੋਂ ਆਪਣੇ ਅਤੇ ਸੰਸਾਰ ਦੇ ਭਲੇ ਲਈ, ਆਪ ਪੜ੍ਹ, ਵਿਚਾਰ ਅਤੇ ਸਮਝ ਕੇ ਹੋਰ ਸੰਸਾਰੀ ਮਾਇਆ ਮੋਹ ਵਿੱਚ ਫਸੇ ਲੋਕਾਂ ਨੂੰ, ਰੱਬੀ ਗਿਆਨ ਵੰਡਣ ਲਈ ਹੈ ਤਾਂ ਕਿ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ ਸਰਬਤ ਦਾ ਭਲਾ” ਹੋ ਸੱਕੇ। ਗੁਰੂ ਸਾਹਿਬਾਨ ਨੇ ਸਾਨੂੰ ਉਨ੍ਹਾਂ ਥੋਥੇ ਤੇ ਅੰਧ ਵਿਸ਼ਵਾਸ਼ੀ ਰੀਤਾਂ ਰਸਮਾਂ ਅਤੇ ਕਰਮਕਾਂਡਾਂ ਚੋਂ ਕੱਢਿਆ ਸੀ ਜਿਨ੍ਹਾਂ ਚ’ ਅੱਜ ਅਸੀਂ 21ਵੀਂ ਸਦੀ ਵਿੱਚ ਵੀ, ਲਾਲਚੀ ਧਰਮ-ਪੁਜਾਰੀਆਂ ਦੁਆਰਾ ਫਸਦੇ ਜਾ ਰਹੇ ਹਾਂ। ਸੋ ਸਿੱਖ ਵਾਸਤੇ ਅਸਲੀ ਮਰਯਾਦਾ “ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਹੀ ਹੈ ਨਾਂ ਕਿ ਅਖੌਤੀ ਦਸਮ ਗ੍ਰੰਥ ਦੀ ਰਚਨਾਂ ਜਾਂ ਹੋਰ ਰਹਿਤਨਾਮੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਲਿਖੇ ਗਏ। ਸਿੱਖ ਲਈ-ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥(646) ਦਾ ਸਿਧਾਂਤ, ਸਭ ਤੋਂ ਪਹਿਲਾਂ ਤੇ ਬਾਕੀ ਸਭ ਬਾਅਦ ਵਿੱਚ ਹੈ। ਇਸ ਲਈ ਹੁਣ ਗੁਰਸਿੱਖਾਂ ਨੇ ਸੋਚਣਾਂ ਹੈ ਕਿ ਉਨ੍ਹਾਂ ਨੇ ਹੁਣ ਡੇਰੇਦਾਰ ਸੰਪ੍ਰਦਾਈਆਂ ਦੁਆਰਾ ਪੈਦਾ ਕੀਤੇ ਤੇ ਪ੍ਰਚਾਰੇ ਗਏ, ਅੰਧਵਿਸ਼ਵਾਸ਼ੀ ਕਰਮਕਾਂਡਾਂ ਤੋਂ ਨਿਧੜਕ ਹੋ, ਖਹਿੜਾ ਛੁਡਾਉਣਾ ਹੈ ਜਾਂ ਅਜੇ ਹੋਰ 100 ਸਾਲ ਧੱਕੇ ਨਾਲ ਕਰੀ ਕਰਾਈ ਜਾਣੇ ਹਨ। ਸਿੱਖਾਂ ਨੇ ਹਰੇਕ ਕਰਮ-ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਪੜ੍ਹਨੀ ਹੈ ਜੋ ਪੂਰੇ ਗੁਰੂ ਹਨ ਨਾਂ ਕਿ ਬ੍ਰਾਹਮਣਵਾਦੀ ਅਧੂਰੇ ਗੁਰੂਆਂ ਦੀ ਕੱਚੀ ਬਾਣੀ ਦੀਆਂ ਰਚਨਾਵਾਂ ਹੀ ਅੰਨ੍ਹੀ ਸ਼ਰਧਾ ਨਾਲ ਪੜ੍ਹੀ-ਪੜਾਈ ਜਾਣੀਆਂ ਹਨ। ਸਿੱਖੋ ਜਿਸ ਦਿਨ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ੍ਹ ਲਵੋਗੇ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਪੂਰੇ ਗੁਰੂ ਹਨ ਹੋਰ ਕੋਈ ਅਖੌਤੀ ਦਸਮ ਗ੍ਰੰਥ ਨਹੀਂ, ਉਸੇ ਦਿਨ ਹੀ ਬ੍ਰਾਹਮਣਵਾਦ ਅਤੇ ਅੰਧਵਿਸ਼ਵਾਸ਼ੀ ਕਰਮਕਾਂਡ ਸਿੱਖੀ ਦੇ ਵਿਹੜੇ ਚੋਂ ਪੰਖ ਲਾ ਕੇ ਉੱਡ ਜਾਣਗੇ।




.