.

ਗੁਰਮਤਿ ਬਨਾਮ ਮਨਮਤਿ

ਗੁਰਮਤਿ ਦੇ ਸਰਲ ਤੇ ਸਪਸ਼ਟ ਅਰਥ ਹਨ: ਸਾਰੀ ਮਨੁੱਖਤਾ ਦੇ ਕਲਿਆਣ ਲਈ ਗੁਰੂ ਦੁਆਰਾ ਨਿਰਧਾਰਤ ਕੀਤੇ ਗਏ ਮਾਨਵ-ਹਿਤੈਸ਼ੀ ਨਿਯਮ/ਸਿੱਧਾਂਤ। ਗੁਰਮਤਿ ਦਾ ਵਿਪਰੀਤਾਰਥਕ ਸ਼ਬਦ (antonym) ਹੈ ਮਨਮਤਿਮਨਮਤਿ ਦੇ ਸੌਖੇ ਤੇ ਸਿੱਧੇ ਅਰਥ ਹਨ: ਗੁਰੁਮਤਿ ਦੇ ਵਿਰੋਧ ਵਿੱਚ, ਮਨਮਤੀਆਂ ਦੁਆਰਾ ਆਪਣੇ ਸਵਾਰਥ ਵਾਸਤੇ, ਪਰ ਮਾਨਵਤਾ ਦੇ ਘਾਣ ਲਈ ਘੜੇ ਗਏ ਮਾਨਵ-ਘਾਤੀ ਨਿਯਮ। (ਮਨਮਤੀਆ: ਆਪਣੇ ਖੋਟੇ ਮਨ ਦੇ ਮਗਰ ਲਗਿ, ਸਵਾਰਥ ਵਾਸਤੇ ਗੁਰਮਤਿ-ਵਿਰੋਧੀ ਨਿਯਮ ਨਿਰਧਾਰਤ ਕਰਨ ਵਾਲਾ।) ਗੁਰਮਤਿ ਆਤਮ-ਗਿਆਨ, ਪਰਮਾਰਥ ਤੇ ਪਰਸੁਆਰਥ ਦਾ ਸੁਮਾਰਗ ਹੈ, ਅਤੇ ਇਸ ਦੇ ਮੂਲ ਅੰਸ਼ ਹਨ: ਈਸ਼ਵਰ-ਭਗਤੀ, ਕਿਰਤ, ਸਦਾਚਾਰ, ਸ਼ਿਸ਼ਟਾਚਾਰ, ਸਵੈ-ਤਿਆਗ, ਮਾਇਆ ਤੋਂ ਨਿਰਲੇਪਤਾ, ਦੀਨਤਾ ਅਤੇ ਇਨਸਾਨੀਯਤ। ਮਨਮਤਿ ਅਗਿਆਨਤਾ/ਮੂਰਖਤਾ ਤੇ ਸੁਆਰਥ ਦਾ ਕੁਮਾਰਗ ਹੈ, ਅਤੇ ਇਸ ਦੇ ਮੂਲ ਲੱਛਣ ਹਨ ਸਵੈ-ਭਗਤੀ, ਹਉਮੈ, ਮੁਰਦਾਰ-ਖ਼ੋਰੀ/ਹਰਾਮਖ਼ੋਰੀ, ਭ੍ਰਸ਼ਟਾਚਾਰ, ਦੁਰਾਚਾਰ, ਉਜੱਡਤਾ, ਖ਼ੁਦਗ਼ਰਜ਼ੀ, ਮਾਇਆ-ਮੋਹ, ਲੋਭ-ਲਾਲਚ, ਛਲ, ਕਪਟ ਅਤੇ ਸ਼ੈਤਾਨੀਯਤ। ਅਨੁਸ਼ਾਸਨ-ਬੱਧ ਸੰਜਮੀ, ਸੰਤੋਖੀ ਤੇ ਸੁਲੱਖਣੇ ਗੁਰਮਤਿ-ਪ੍ਰੇਮੀਆਂ ਦੇ ਸਦਗੁਣ ਹਨ: ਗੁਰੂ (ਗ੍ਰੰਥ) -ਗਿਆਨ, ਬਿਬੇਕ, ਸੱਚਿਆਰਤਾ, ਸਬਰ-ਸੰਤੋਖ, ਸਾਦਗੀ, ਧੀਰਜ, ਪ੍ਰੇਮ, ਸ਼ਾਂਤੀ ਅਤੇ ਖਿਮਾ ਤੇ ਸਹਿਨਸ਼ੀਲਤਾ। (ਸਤਿ, ਸੰਤੋਖ, ਦਯਾ, ਧਰਮ ਤੇ ਧੀਰਜ।) ਬੇਲਗਾਮ ਕੁਲੱਛਣੇ ਮਨਮਤੀਆਂ ਦੇ ਮਾਨਵ-ਘਾਤਿਕ ਅਵਗੁਣ ਹਨ: ਮੂੜ੍ਹਤਾ, ਦੁਰਾਚਾਰਤਾ, ਝੂਠ/ਕੁਫ਼ਰ, ਛਲ, ਕਪਟ, ਕਲੇਸ਼, ਭੇਖ/ਚਿੰਨ੍ਹ, ਮੌਕਾਪਰਸਤੀ ਵਗ਼ੈਰਾ ਵਗ਼ੈਰਾ। ਇਨ੍ਹਾਂ ਅਵਗੁਣਾਂ ਦੀਆਂ ਜਨਮ-ਦਾਤੀਆਂ ਹਨ: ਗੁਰੂ (ਗ੍ਰੰਥ) ਤੋਂ ਬੇਮੁਖ ਹੋ ਕੇ ਲਿਖੀਆਂ/ਲਿਖਵਾਈਆਂ ਗਈਆਂ ਕੂੜ-ਕਿਤਾਬਾਂ ਅਤੇ ਇਨ੍ਹਾਂ ਗੁਰਮਤਿ-ਵਿਰੋਧੀ ਕੂੜ-ਕਿਤਾਬਾਂ ਨੂੰ ਆਧਾਰ ਬਣਾ ਕੇ ਆਪੂੰ ਬਣਾਈਆਂ ਮਰਯਾਦਾਵਾਂ ਆਦਿ। ਇਹ ਮਨਮਤੀ ਮਰਯਾਦਾਵਾਂ ਹੀ ਗੁੰਡਾਗਰਦੀ ਅਤੇ ਆਤੰਕ ਦਾ ਕਾਰਣ ਬਣਦੀਆਂ ਹਨ।

ਇਹ ਕੋਈ ਨਵੀਂ ਗੱਲ ਨਹੀਂ, ਮਨਮਤੀਆਂ ਦਾ ਧੜਾ ਤਾਂ, ਸਿਆਸਤਦਾਨ ਹਾਕਮਾਂ ਦੀ ਸਰਪ੍ਰਸਤੀ ਹੇਠ, ਸ਼ੁਰੂ ਤੋਂ ਹੀ ਗੁਰਮਤਿ ਦੇ ਅੰਮ੍ਰਿਤ ਵਿੱਚ ਮਨਮਤਿ ਦਾ ਜ਼ਹਿਰ ਘੋਲ ਕੇ ਆਪਣਾ ਉੱਲੂ ਸਿੱਧਾ ਕਰਦਾ ਆ ਰਿਹਾ ਹੈ। ਇਹ ਵੀ ਸੱਚ ਹੈ ਕਿ ਕਪਟੀ ਤੇ ਬੇਲਗਾਮ ਮਨਮਤੀਏ ਗੁੰਡਿਆਂ ਦਾ ਵਿਨਾਸ਼ਕ ਦੁਰਾਚਾਰ ਅੱਜ ਸਿਖ਼ਰ `ਤੇ ਹੈ। ਗੁਰਮਤਿ ਨੂੰ ਮਨਮਤਿ ਦਾ ਪੂਰਨ ਗ੍ਰਹਿਣ ਲੱਗ ਚੁੱਕਿਆ ਹੈ; ਅਤੇ ਇਸ ਗ੍ਰਹਿਣ ਦੇ ਹਟਣ ਦੇ ਆਸਾਰ ਵੀ ਨਜ਼ਰ ਨਹੀਂ ਆਉਂਦੇ! ਆਓ! ਇਸ ਗ੍ਰਹਿਣ ਦੇ ਇਤਿਹਾਸਕ ਪਿਛੋਕੜ `ਤੇ ਪੰਛੀ-ਝਾਤ ਮਾਰੀਏ:

ਗੁਰੂ-ਕਾਲ ਵਿੱਚ ਵਿਚਰੇ ਇਕਾ-ਦੁੱਕਾ ਲੇਖਕਾਂ ਨੇ ਗੁਰੁ-ਇਤਿਹਾਸ ਲਿਖਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਤੇ ਨਾ ਹੀ ਲਿਖਣ ਦੀ ਖੇਚਲ ਕੀਤੀ! ਸੋ, ਇਹ ਇੱਕ ਅਤਿ ਮੰਦਭਾਗੀ ਸੱਚਾਈ ਹੈ ਕਿ ਗੁਰੂ-ਕਾਲ ਦਾ ਸਹੀ, ਸੱਚਾ ਤੇ ਭਰੋਸੇਯੋਗ ਇਤਿਹਾਸ ਉਪਲਬਧ ਨਹੀਂ ਸੀ/ਹੈ। ਇਸ ਨਾਮੁਰਾਦ ਘਾਟ ਦਾ ਫ਼ਾਇਦਾ ਉਠਾਉਂਦਿਆਂ, 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਵਿੱਚ, ਉਸ ਸਮੇਂ ਦੇ ਹਉਮੈਂ-ਗਲੇ, ਜ਼ਮੀਰ-ਮਰੇ ਮਨਮੁੱਖ ‘ਵਿਦਵਾਨ’ ਲੇਖਕਾਂ ਨੇ ਸੁਆਰਥ ਦੀ ਖ਼ਾਤਿਰ ਕੁੱਝ ਅਜਿਹੀਆਂ ਪੁਸਤਕਾਂ ਲਿਖ ਮਾਰੀਆਂ ਜੋ ਗੁਰਮਤਿ ਸਿੱਧਾਂਤਾਂ ਦੀ ਕਸਵੱਟੀ ਉੱਤੇ ਪਰਖਿਆਂ ਪੂਰਨ ਤੌਰ `ਤੇ ਰੱਦ ਹੁੰਦੀਆਂ ਹਨ। ਇਨ੍ਹਾਂ ਮਨਮਤੀ ਰਚਨਾਵਾਂ ਵਿੱਚੋਂ ਪਰਮੁੱਖ ਹਨ: ਸਾਖੀਆਂ, ਪ੍ਰਕਾਸ਼ (ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਆਦਿ), ਚਾਲੀ ਦੇ ਕਰੀਬ ਰਹਿਤਨਾਮੇ, ਗੁਰਬਿਲਾਸ, ਵਿੱਦਿਆ ਸਾਗਰ/ਬਚਿੱਤ੍ਰ ਨਾਟਕ/ਦਸਮ ਗ੍ਰੰਥ ਜਿਸ ਨੂੰ ਅੱਜ ਕਲ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ’ ਦਾ ਨਾਮ ਦੇ ਕੇ ਇਸ ਦੀ ਪੂਜਾ ਕੀਤੀ/ਕਰਵਾਈ ਜਾ ਰਹੀ ਹੈ, “ਖਾਲਸਾ ਧਰਮ ਸ਼ਾਸਤ੍ਰ” ਤੇ “ਚਮਤਕਾਰ” ……ਆਦਿ! ਇਨ੍ਹਾਂ ਪੁਸਤਕਾਂ ਦੇ ਹਵਾਲੇ ਨਾਲ ਮਿਥਿਹਾਸਕ ਸਥਾਨਾਂ ਉੱਤੇ ‘ਇਤਿਹਾਸਕ’ ਗੁਰੂਦਵਾਰੇ ਬਣਾਏ ਜਾਣ ਲੱਗੇ। 1930ਵਿਆਂ ਵਿੱਚ ਹੇਮਕੂਟ ਪ੍ਰਬਤ ਤੇ ਬਣਾਇਆ ਗਿਆ ਹੇਮਕੁੰਡ ਗੁਰੂਦਵਾਰਾ ਇਸ ਤੱਥ ਦਾ ਵੱਡਾ ਪ੍ਰਮਾਣ ਹੈ। (ਨੋਟ:-1930 ਵਿੱਚ ਪ੍ਰਕਾਸ਼ਤ ਹੋਏ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਹੇਮਕੁੰਡ ਗੁਰੂਦਵਾਰੇ ਦਾ ਇੰਦਰਾਜ ਨਹੀਂ ਹੈ!)

ਉਪਰੋਕਤ ਲਿਖਤਾਂ ਦੇ ਬੇ-ਜ਼ਮੀਰੇ ਲਾਲਚੀ ਲੇਖਕਾਂ ਨੂੰ ਰਾਜੇ-ਰਜਵਾੜਿਆਂ, ਧਰਮ ਦੇ ਅਧਰਮੀ ਲੀਡਰਾਂ ਤੇ ਪਾਖੰਡੀ ਪੁਜਾਰੀਆਂ ਦੀ ਸਰਪ੍ਰਸਤੀ ਪ੍ਰਾਪਤ ਸੀ!

ਗੁਰਮਤਿ ਉੱਤੇ ਦੂਜਾ ਵੱਡਾ ਹਮਲਾ ਮਿਸਲ-ਰਾਜ, ਰਜਵਾੜਾਸ਼ਾਹੀ ਅਤੇ ਜਾਗੀਰਦਾਰੀ ਨਿਜ਼ਾਮ ਸਮੇਂ ਹੋਇਆ ਜਦੋਂ ਗੁਰੂ-ਕਾਲ ਦੀਆਂ ਧਰਮ-ਸ਼ਾਲਾਵਾਂ ਨੂੰ ਸੰਗ ਮਰਮਰ ਦੇ ਗੁਰੂਦਵਾਰੇ ਬਣਾ ਕੇ ਇਨ੍ਹਾਂ ਨਾਲ ਜਾਗੀਰਾਂ ਲਗਾ ਦਿੱਤੀਆਂ ਗਈਆਂ। ਮਹਾਰਾਜਾ ਰਣਜੀਤ ਸਿੰਘ ਦੇ ‘ਖ਼ਾਲਸਾ’ ਰਾਜ ਵਿੱਚ ਮਿਥਿਹਾਸਕ ਨੀਹਾਂ ਉੱਤੇ ਕਈ ਹੋਰ ‘ਇਤਿਹਾਸਕ’ ਗੁਰੂਦਵਾਰੇ ਉਸਾਰੇ ਗਏ ਤੇ ਉਨ੍ਹਾਂ ਗੁਰੂਦਵਾਰਿਆਂ ਉੱਤੇ ਸੋਨਾ ਚੜ੍ਹਾਉਣ ਦੀ ਪਿਰਤ ਵੀ ਪਾ ਦਿੱਤੀ ਗਈ ਜੋ ਅੱਜ ਤਕ ਪ੍ਰਚੱਲਿਤ ਹੈ। ਦੂਜੇ ਸ਼ਬਦਾਂ ਵਿੱਚ, ਗੁਰੂ ਨਾਨਕ ਦੇਵ ਜੀ ਦੁਆਰਾ ਸਮੁੱਚੀ ਮਨੁੱਖਤਾ ਵਾਸਤੇ ਸਥਾਪਿਤ ਕੀਤੇ ਗੁਰਮਤਿ ਦੇ ਅਦੁੱਤੀ ਚਾਨਣ-ਮੁਨਾਰੇ ਨੂੰ, ਗੁਰੂ ਨਾਨਕ ਦੁਆਰਾ ਦੁਰਕਾਰੇ ਗਏ, ਮਾਇਆ-ਮੁੱਠੇ ਮਨਮਤੀਏ ਮਲਿਕ ਭਾਗੋਆਂ ਨੇ ਮਾਇਆ-ਧੂੜ ਨਾਲ ਲਥ-ਪਥ ਕਰਕੇ ਧੁੰਦਲਾ ਕਰ ਦਿੱਤਾ।

19ਵੀਂ ਸਦੀ ਦੀ ਤੀਜੀ ਚੌਥਾਈ ਵਿੱਚ ਕੁੱਝ ਇੱਕ ਗੁਰਮਤਿ-ਪ੍ਰੇਮੀਆਂ ਨੇ ਗੁਰਮਤਿ ਨੂੰ ਲੱਗੇ ਮਨਮਤਿ ਦੇ ਅਸ਼ੁੱਭ ਤੇ ਚੰਦਰੇ ਗ੍ਰਹਿਣ ਨੂੰ ਤੋੜਨ ਦਾ ਯਤਨ ਕੀਤਾ। ਪਰ ਉਦੋਂ ਤਕ ਗੁਰੂ (ਗ੍ਰੰਥ) ਦੇ ਸੱਚੇ ਸਿੱਖ ਉੱਤੇ ‘ਸਿੰਘ’ ਅਤੇ ‘ਖ਼ਾਲਸਾ’ ਭਾਰੂ ਹੋ ਚੁੱਕੇ ਸਨ। ਨਤੀਜੇ ਵਜੋਂ, ਗੁਰਮਤਿ ਦੇ ਪਵਿੱਤਰ ਵਿਹੜੇ ਵਿੱਚੋਂ ਮਨਮਤਿ ਦਾ ਕੂੜਾ ਕੱਢਣ ਵਾਸਤੇ ਸਤਸੰਗੀਆਂ ਦੀ ਇੱਕ ਸਾਂਝੀ ਸਿੱਖ ਸਭਾ” (…ਸਿਖ ਸਭਾ ਦੀਖਿਆ ਕਾ ਭਾਉ॥ ਗੁਰਮੁਖਿ ਸੁਣਣਾ ਸਾਚਾ ਨਾਉ॥ …), ਦਾ ਗਠਨ ਕਰਨ ਦੀ ਬਜਾਏ, ‘ਸਿੰਘ ਸਭਾਵਾਂ’ ਹੋਂਦ ਵਿੱਚ ਆਈਆਂ। ਸ਼ੁਰੂ ਵਿੱਚ ਦੋ ਹੀ ‘ਸਿੰਘ ਸਭਾਵਾਂ’ ਸਨ: ਸਿੰਘ ਸਭਾ, ਅੰਮ੍ਰਿਤਸਰ ਅਤੇ ਸਿੰਘ ਸਭਾ, ਲਾਹੌਰ। ਸਿੰਘ ਸਭਾ ਅੰਮ੍ਰਿਤਸਰ ਦੇ ਸੰਸਥਾਪਕ ਤੇ ਸਰਪ੍ਰਸਤ ਸਮੇਂ ਦੇ ਰਈਸ ਤੇ ਜਾਗੀਰਦਾਰ ਸਨ, ਜਿਨ੍ਹਾਂ ਨੂੰ ਵੇਲੇ ਦੇ ਹਾਕਿਮ ਅੰਗਰੇਜ਼ਾਂ ਦੀ ਸਰਪ੍ਰਸਤੀ ਪ੍ਰਾਪਤ ਸੀ। ਇਸ ਵਾਸਤੇ ਉਨ੍ਹਾਂ ਨੇ ਗੁਰਮਤਿ ਵਾਸਤੇ ਉਤਨਾ ਕੁੱਝ ਹੀ ਕੀਤਾ ਜਿਤਨਾ ਅੰਗਰੇਜ਼ਾਂ ਦੀ ਨਾਰਾਜ਼ਗੀ ਦਾ ਕਾਰਣ ਨਾ ਬਣ ਸਕੇ। ਇਨ੍ਹਾਂ ਰਈਸ ਜਾਗੀਰਦਾਰਾਂ ਵਿੱਚੋਂ ਇੱਕ ਸਨ ਬਾਬਾ ‘ਸਰ’ ਖੇਮ ਸਿੰਘ ਬੇਦੀ (Sir: ਅੰਗਰੇਜ਼ਾਂ ਵੱਲੋਂ ਬਖ਼ਸ਼ਿਆ ਗਿਆ ਖ਼ਿਤਾਬ)। ਭਾਵੇਂ ਉਹ ਬਾਬਾ ਨਾਨਕ ਦੀ ਵੰਸ਼ ਦੀ 14ਵੀਂ ਪੀੜ੍ਹੀ ਵਿੱਚੋਂ ਕਹੇ ਜਾਂਦੇ ਹਨ, ਪਰ ਉਨ੍ਹਾਂ ਦਾ ਜੀਵਨ ਮਲਿਕ ਭਾਗੋਆਂ ਵਾਲਾ ਸੀ। ਬਾਬਾ ਖੇਮ ਸਿੰਘ ਬੇਦੀ ਸਮੇਂ ਦੇ ਸ਼ਾਸਕਾਂ ਵੱਲੋਂ ਬਖ਼ਸ਼ੇ ਗਏ ਕਈ ਪਿੰਡਾਂ ਅਤੇ 25-30 ਹਜ਼ਾਰ ਏਕੜ ਜ਼ਮੀਨ ਦੇ ਮਾਲਿਕ ਸਨ। ਇਨ੍ਹਾਂ ਨੇ ਗੁਰੂਦਵਾਰਿਆਂ ਦੇ ਨਾਮ ਜਾਗੀਰਾਂ ਲਗਵਾ ਕੇ ਤੇ ਕਈ ਹੋਰ ‘ਪੁੰਨ-ਕਰਮ’ ਕਮਾ ਕੇ ਖ਼ੂਬ ‘ਨਾਮਨਾ’ ਖੱਟਿਆ। ਇਹ ਜਾਗੀਰਾਂ ਹੀ ਅੱਗੇ ਜਾ ਕੇ ਗੁਰੂਦਵਾਰਿਆਂ ਵਿੱਚ ਕੀਤੇ ਗਏ/ਜਾਂਦੇ ਕੁਕਰਮਾਂ ਦਾ ਕਾਰਣ ਬਣੀਆਂ।

ਸਿੰਘ ਸਭਾ ਲਾਹੌਰ ਦੇ ਮੋਢੀ ਸਨ: ਪ੍ਰੋ: ਗੁਰਮੁਖ ਸਿੰਘ ਤੇ ਗਿ: ਦਿੱਤ ਸਿੰਘ। ਇਨ੍ਹਾਂ ਦੋਨਾਂ ਸੱਚੇ ਸਿੱਖਾਂ ਦੀ ਦੇਣ ਸ਼ਾਲਾਘਾ-ਯੋਗ ਹੈ। ਪਰੰਤੂ ਇਥੇ ਇਹ ਤੱਥ ਵੀ ਜ਼ਿਕਰ ਯੋਗ ਹੈ ਕਿ ਸਿੰਘ ਸਭਾ ਲਾਹੌਰ ਦਾ ਬਹੁਤਾ ਜ਼ੋਰ ਈਸਾਈ ਮਿਸ਼ਨਰੀਆਂ ਅਤੇ ਸਨਾਤਨੀ ਤੇ ਰੂੜ੍ਹੀਬਧ ਹਿੰਦੂਆਂ ਵੱਲੋਂ ਗੁਰਸਿੱਖੀ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਠੱਲ੍ਹ ਪਾਉਣ `ਤੇ ਹੀ ਲੱਗ ਗਿਆ ਅਤੇ ਉਹ ਗੁਰਮਤਿ ਦੇ ਪ੍ਰਚਾਰ ਵਾਸਤੇ ਬਹੁਤਾ ਕੁੱਝ ਨਾ ਕਰ ਸਕੇ। ਸਿੰਘ ਸਭਾ ਲਾਹੌਰ ਬਹੁਤੀ ਦੇਰ ਪੈਰ ਵੀ ਨਾ ਜਮਾ ਸਕੀ। ਕਿਉਂਕਿ ਇੱਕ ਤਾਂ, 1887 ਵਿੱਚ “ਸ੍ਰੀ ਅਕਾਲ ਸਹਾਏ ਤਖ਼ਤ ਅਕਾਲ ਬੁੰਗਾ ਸਾਹਿਬ” ਅਤੇ “ਅਕਾਲ ਸਹਾਏ ਸ੍ਰੀ ਦਰਬਾਰ ਸਾਹਿਬ” ਦੀ ਮੋਹਰ-ਛਾਪ ਹੇਠ ਪ੍ਰੋ: ਗੁਰਮੁਖ ਸਿੰਘ ਨੂੰ ਸਮੇਂ ਦੇ “ਸਿੰਘਾਂਨ, ਪੁਜਾਰੀਆਨ, ਗ੍ਰੰਥੀਆਨ, ਨੰਬਰਦਾਰਾਨ” ਆਦਿ ਨੇ ਆਪਣੇ ਇੱਕ “ਆਦੇਸ਼” ਅਧੀਨ ‘ਸਿੱਖ ਪੰਥ’ ਵਿੱਚੋਂ ਛੇਕ ਦਿੱਤਾ। ਇਸ ਮਨਮਤੀ “ਆਦੇਸ਼” (ਹੁਕਮਨਾਨੇ) ਦੇ ਦਸਤਾਵੇਜ਼ ਉੱਤੇ ਦਸਤਖ਼ਤ ਕਰਨ ਵਾਲੇ ਸਨ: ਰਈਸ (ਮਾਇਆ-ਮੁਗਧ ਮਲਿਕ ਭਾਗੋ), ਮਹੰਤ (ਜਿਨ੍ਹਾਂ ਨੇ ਗੁਰੂਦਵਾਰਿਆਂ ਨੂੰ ਅਯਾਸ਼ੀ ਦੇ ਅੱਡੇ ਬਣਾ ਰੱਖਿਆ ਸੀ), ਪੱਤੀਦਾਰ (ਗੁਰੂਦਵਾਰਿਆਂ ਤੇ ਬੁੰਗਿਆਂ ਤੋਂ ਹੁੰਦੀ ਕਮਾਈ ਦੇ ਹਿੱਸੇਦਾਰ), ਨੰਬਰਦਾਰ (ਚੌਧਰ ਦੇ ਭੁੱਖੇ), ਸੁਖਈ ਸਿੰਘ (ਨਸ਼ਾ-ਪੱਤਾ ਕਰਨ ਤੇ ਵਰਤਾਉਣ ਵਾਲੇ) ਅਤੇ (ਧਰਮ ਨੂੰ ਧੰਦਾ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਲੇ) ਪੁਜਾਰੀ ਤੇ ਗ੍ਰੰਥੀ ਆਦਿ। (ਨੋਟ:-1995 ਵਿੱਚ, 108 ਸਾਲ ਬਾਅਦ, ਪ੍ਰੋ: ਗੁਰਮੁਖ ਸਿੰਘ ਜੀ ਦੇ ਪ੍ਰਸੰਸ਼ਕਾਂ ਦੇ ਦਬਾਉ ਹੇਠ, ਅਕਾਲੀ ਦਲ ਅਤੇ ਸ਼ਿਰੋਮਣੀ ਕਮੇਟੀ ਦੇ ਲੀਡਰਾਂ ਨੇ ਆਪਣੇ ਸਿਆਸੀ ਤੇ ਸੰਸਾਰਕ ਲਾਭ ਵਾਸਤੇ ਉਕਤ “ਆਦੇਸ਼” ਨੂੰ ਸਮੇਂ ਦੇ “ਸਿੰਘ ਸਾਹਿਬਾਨ” (ਜਥੇਦਾਰਾਂ) ਤੋਂ ਹੀ ਰੱਦ ਕਰਵਾ ਦਿੱਤਾ! ਹੈ ਨਾ ਗੁਰਮਤਿ-ਪ੍ਰੇਮੀਆਂ ਨਾਲ ਮਨਮਤੀਆਂ ਦਾ ਕੋਝਾ ਮਜ਼ਾਕ! !) ( “ਸਿੰਘਾਂਨ” ਦੇ ਇਸ ਕਾਲੇ ਕਾਰਨਾਮੇ ਪਿੱਛੇ ਬਾਬਾ ‘ਸਰ’ ਖੇਮ ਸਿੰਘ ਬੇਦੀ ਦਾ ਹੱਥ ਵੀ ਕਿਹਾ ਜਾਂਦਾ ਹੈ!) ਦੂਜਾ, ਉਹ (ਪ੍ਰੋ: ਗੁਰਮੁਖ ਸਿੰਘ) ਇਸ ਸੰਸਾਰ ਤੋਂ ਜਲਦੀ ਕੂਚ ਕਰ ਗਏ। ਅਤੇ ਤੀਜਾ, ਰਵਿਦਾਸੀਆ ਫ਼ਿਰਕੇ ਵਿੱਚੋਂ ਹੋਣ ਕਰਕੇ, ਗਿ: ਦਿੱਤ ਸਿੰਘ ਜੀ ਦੀ ਸੱਚੀ ਸੇਵਾ ਸਿੰਘ ਸਭਾ ਅੰਮ੍ਰਿਤਸਰ ਦੇ ਜਾਤਿ-ਅਭਿਮਾਨੀਆਂ ਨੂੰ ਪਸੰਦ ਨਹੀਂ ਸੀ।

ਸਿੰਘ ਸਭਾ ਲਹੌਰ ਤੇ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਖ਼ਾਲਸਾ ਦੀਵਾਨ ਤੇ ਚੀਫ਼ ਖ਼ਾਲਸਾ ਦੀਵਾਨ ਵੀ ਹੋਂਦ ਵਿੱਚ ਆਏ; ਜਿਨ੍ਹਾਂ ਦੁਆਰਾ ਗੁਰਮਤਿ ਦੇ ਪ੍ਰਚਾਰ ਵਾਸਤੇ ਕਈ ਪ੍ਰਸੰਸ਼ਾ-ਯੋਗ ਯਤਨ ਕੀਤੇ ਗਏ। ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਕੁੱਝ ਕਾਰਕੁਨਾਂ ਦੇ ਉੱਦਮ ਨਾਲ ਖ਼ਾਲਸਾ ਟ੍ਰੈਕਟ ਸੋਸਾਇਟੀ ਅੰਮ੍ਰਿਤਸਰ ਵੀ ਸਥਾਪਿਤ ਕੀਤੀ ਗਈ ਜਿਸ ਨੇ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਵਾਸਤੇ ਬੜੇ ਸ਼ਾਲਾਘਾਯੋਗ ਉਪਰਾਲੇ ਕੀਤੇ। ਪਰੰਤੂ ਸ਼ਿਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀਆਂ ਦੁਆਰਾ ਉਡਾਈ ਗਈ ਮਨਮਤਿ ਦੀ ਧੂੜ ਨੇ ਇਨ੍ਹਾਂ ਸੰਸਥਾਵਾਂ ਨੂੰ ਵੀ ਪਿੱਛੇ ਧੱਕ ਦਿੱਤਾ। (ਨੋਟ:-1966-67 ਵਿੱਚ ਮੈਂ ਆਪਣੇ ਖੋਜ-ਪੱਤਰ ਦੇ ਸੰਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਦੋ ਕਾਰਕੁਨਾਂ: ਗਿਆਨੀ ਮਹਾਂ ਸਿੰਘ ਜੀ ਤੇ ਸ: ਸੁਤਿੰਦਰ ਸਿੰਘ ਜੀ ਨੂੰ ਮਿਲਿਆ ਸੀ, ਇਹ ਤੱਥ ਉਨ੍ਹਾਂ ਦੇ ਕਹੇ ਅਨੁਸਾਰ ਹੈ।)

ਸਿੰਘ ਸਭਾ ਲਾਹੌਰ ਦੇ ਅਸਤ ਹੋਣ ਉਪਰੰਤ 20ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਸਾਂਝੀ ਸੰਸਥਾ ਹੋਂਦ ਵਿੱਚ ਆਈ ਜਿਸ ਨੂੰ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਨਾਂ ਦਿੱਤਾ ਗਿਆ।

ਗੁਰੂਦਵਾਰਿਆਂ ਨਾਲ ਲੱਗੀਆਂ ਜਾਗੀਰਾਂ ਦੀ ਕਮਾਈ ਨੇ ਸਮੇਂ ਦੇ ਵਿਰਾਸਤੀ ਪ੍ਰਬੰਧਕਾਂ ਨੂੰ ਅਯਾਸ਼ ਮਹੰਤ ਬਣਾ ਦਿੱਤਾ ਸੀ। ਇਨ੍ਹਾਂ ਮਹੰਤਾਂ ਦੀ ਮਹੰਤਗੀਰੀ ਸਮੇਂ ਗੁਰੂਦਵਾਰਿਆਂ ਵਿੱਚ ਅਕਹਿ ਮਨਮਤੀ ਅਤਿ ਭ੍ਰਸ਼ਟ ਕਰਤੂਤਾਂ ਹੋਣ ਲੱਗੀਆਂ। ਇਸ ਸੱਚ ਨੂੰ ਮੁੱਦਾ ਬਣਾ ਕੇ ਗੁਰੂਦਵਾਰਿਆਂ ਨੂੰ ਕਰਮਕਾਂਡੀ ਭ੍ਰਸ਼ਟ ਮਹੰਤਾਂ ਤੋਂ ‘ਆਜ਼ਾਦ’ ਕਰਵਾਉਣ ਵਾਸਤੇ 1920 ਵਿੱਚ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਸੈਨਿਕ ਟੁੱਕੜੀ (Task Force) ਦਾ ਸੰਗਠਨ ਕਰਕੇ ਉਸ ਨੂੰ ਅਕਾਲੀ ਦਲ ਦਾ ਨਾਮ ਦਿੱਤਾ। ਯਾਦ ਰਹੇ ਕਿ ਉਸ ਸਮੇਂ ਅਕਾਲੀ ਦਲ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ! ਅਕਾਲੀ ਦਲ ਨੇ ਆਪਣਾ ਦਬਦਬਾ ਫੈਲਾਉਣ ਵਾਸਤੇ ਵੱਖ ਵੱਖ ਇਲਾਕਿਆਂ ਵਿੱਚ ‘ਜਥੇਦਾਰ’ ਨਿਯੁਕਤ ਕੀਤੇ। ਇਸ ਉਪਰੰਤ, ਗੁਰਦਵਾਰਿਆਂ ਨੂੰ ਭ੍ਰਸ਼ਟ ਤੇ ਦੁਰਾਚਾਰੀ ਮਹੰਤਾਂ ਤੋਂ ‘ਆਜ਼ਾਦ’ ਕਰਵਾਉਣ ਵਾਸਤੇ ਅਕਾਲੀ ਦਲ ਦੇ ਲੀਡਰਾਂ ਅਤੇ ਉਨ੍ਹਾਂ ਦੁਆਰਾ ਨਿਯੁਕਤ ਕੀਤੇ ਗਏ ‘ਜਥੇਦਾਰਾਂ’ ਵੱਲੋਂ ‘ਗੁਰੁਦੁਆਰਾ ਸੁਧਾਰ ਲਹਿਰ’ ਆਰੰਭੀ ਗਈ। ਅੰਦੋਲਨ ਹੋਏ, ਜਲਸੇ ਕੀਤੇ ਗਏ, ਜਲੂਸ ਕੱਢੇ ਗਏ, ਮੋਰਚੇ ਲੱਗੇ, ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ, ਖ਼ੂਨੀ ਮੁੱਠ-ਭੇੜਾਂ ਹੋਈਆਂ ਅਤੇ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ ਰਚਿਆ ਗਿਆ। ਹਰ ਦਿਨ ਹੁੰਦੇ ਖ਼ੂਨ-ਖ਼ਰਾਬੇ ਨੂੰ ਰੋਕਣ ਲਈ, ਪਟਿਆਲੇ ਦੇ ਰਾਜੇ ਦੇ ਮਸ਼ਵਰੇ ਨਾਲ, ਉਸ ਸਮੇਂ ਦੇ ਅੰਗਰੇਜ਼ ਗਵਰਨਰ ਨੇ ਗੁਰੂਦਵਾਰਿਆਂ ਦੇ ਪ੍ਰਬੰਧ ਵਾਸਤੇ ਇੱਕ ਛੱਤੀ ਮੈਂਬਰੀ ਬੋਰਡ ਨਾਮਜ਼ਦ ਕਰ ਦਿੱਤਾ। ਨਾਮਜ਼ਦ ਕੀਤੇ ਗਏ ਮੈਂਬਰ ਅਧਿਕਤਰ ਅੰਗਰੇਜ਼ਾਂ ਅਤੇ ਰਾਜਿਆਂ ਦੇ ਵਫ਼ਾਦਾਰ ਸਨ। ਸਮੇਂ ਦੀ ਸਿੱਖ ਲੀਡਰਸ਼ਿਪ ਨੂੰ ਅੰਗਰੇਜ਼ਾਂ ਦਾ ਇਹ ਕਦਮ ਮਨਜ਼ੂਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਨਵੰਬਰ 1920 ਵਿੱਚ ਇੱਕ ਵੱਡੀ ਕਾਨਫ਼੍ਰੰਸ ਬੁਲਾਈ ਜਿਸ ਵਿੱਚ ਇੱਕ 175 ਮੈਂਬਰੀ ਕਮੇਟੀ ਬਣਾ ਲਈ ਗਈ। ਇਸ ਕਮੇਟੀ ਵਿੱਚ ਅੰਗਰੇਜ਼ਾਂ ਵੱਲੋਂ ਨਾਮਜ਼ਦ 36 ਮੈਂਬਰ ਵੀ ਸ਼ਾਮਿਲ ਕਰ ਲਏ ਗਏ!

ਆਖ਼ਿਰ, ‘ਸਿੱਖ ਗੁਰੁਦਵਾਰਾ ਐਕਟ 1925(Sikh Gurudwaras Act of 1925) ਪਾਸ ਕਰਵਾ ਲਿਆ ਗਿਆ। ਇਸ ਅਨੁਸਾਰ ਪੰਜਾਬ ਅਤੇ ਦਿੱਲੀ ਦੇ ‘ਇਤਿਹਾਸਕ’ ਗੁਰੂਦਵਾਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਖੋਹ ਕੇ ਇੱਕ ਸੈਂਟ੍ਰਲ ਗੁਰੂਦਵਾਰਾ ਬੋਰਡ (Central Gurudwara Board) ਦੇ ਅਧਿਕਾਰ ਅਧੀਨ ਕੀਤਾ ਗਿਆ। ਇਸੇ ਬੋਰਡ ਨੂੰ ਬਾਅਦ ਵਿੱਚ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦਾ ਨਾਮ ਦਿੱਤਾ ਗਿਆ ਜੋ ਅੱਜ ਤੀਕ ਪ੍ਰਚੱਲਿਤ ਹੈ। ਭਾਵੇਂ ਇਸ ‘ਪ੍ਰਾਪਤੀ’ `ਤੇ ਸਭ ਪਾਸੇ ਖ਼ੁਸ਼ੀ ਮਨਾਈ ਗਈ ਪਰ, ਦਰਅਸਲ, ਇਹ ਉਹ ਮੰਦਭਾਗੀ ਪ੍ਰਾਪਤੀ ਸੀ ਜਿਸ ਕਾਰਣ ਗੁਰਮਤਿ ਨੂੰ ਲੱਗਿਆ ਮਨਮਤਿ ਦਾ ਗ੍ਰਹਿਣ ਹੋਰ ਗਾੜ੍ਹਾ, ਪਕੇਰਾ ਤੇ ਸਦੀਵੀ ਹੋ ਗਿਆ। ਆਓ! ਵਿਚਾਰੀਏ ਕਿਵੇਂ?

‘ਸਿੰਘਾਂ’ ਦੀ ਇਸ ਪ੍ਰਾਪਤੀ ਅਤੇ ਅੰਗਰੇਜ਼ਾਂ ਦੀ ਦੇਣ (ਸਿੱਖ ਗੁਰੁਦਵਾਰਾ ਐਕਟ, 1925) ਪਿੱਛੇ ਅੰਗਰੇਜ਼ਾਂ ਦੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਰਾਜ ਕਰਨ ਦੀ ਕੁਟਿਲ ਰਾਜਨੀਤੀ ਸੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ। ਅਸਲ ਵਿੱਚ ਇਹ ਐਕਟ ਫੁੱਟ ਤੇ ਦਵੈਸ਼ ਦੀ ਮਾਰੂ ਜ਼ਹਿਰ ਦਾ ਉਹ ਅੰਤਰਨਸੀ ਟੀਕਾ (intravenous injection) ਸੀ ਜੋ ਚਾਤੁੱਰ ਅੰਗਰੇਜ਼ ਉਸ ਵੇਲੇ ਦੇ ਸੁਆਰਥੀ, ਹੰਕਾਰੀ ਤੇ ਚੌਧਰ ਦੇ ਭੁੱਖੇ ‘ਸਿੰਘ’ ਲੀਡਰਾਂ ਦੀਆਂ ਨਸਾਂ ਵਿੱਚ ਲਗਾਉਣ ਵਿੱਚ ਸਫ਼ਲ ਰਹੇ। ਪਰ ਇਸ ਪਾਪ ਦਾ ਸਿਹਰਾ ਸਮੇਂ ਦੇ ‘ਸਿੰਘ’ ਮੋਹਰੀਆਂ ਨੇ ਆਪਣੇ ਸਿਰ ਬੰਨ੍ਹ ਲਿਆ! ਫੁੱਟ ਤੇ ਧੜੇਬੰਦੀ ਦਾ ਇਹ ਜ਼ਹਿਰ ਸਾਡੇ ਖ਼ੂਨ ਵਿੱਚ ਵੀ ਰਚਾ ਦਿੱਤਾ ਗਿਆ ਹੈ। ਨਤੀਜੇ ਵਜੋਂ, ਅੱਜ ਦੇਸ-ਵਿਦੇਸ਼ ਵਿੱਚ ਅਣਗਿਣਤ ‘ਸਿੰਘ ਸਭਾਵਾਂ’ ਤੇ ‘ਖ਼ਾਲਸਾ ਸੰਸਥਾਵਾਂ’ ਬਣ ਚੁੱਕੀਆਂ ਹਨ ਅਤੇ ਅਕਾਲੀਆਂ ਦੇ ਧੜਿਆਂ ਦੀ ਵੀ ਕੋਈ ਕਮੀ ਨਜ਼ਰ ਨਹੀਂ ਆਉਂਦੀ! ਫਲਸਰੂਪ, ਮਨਮਤੀਏ ਸਿੱਖ, ਸਿੰਘ ਤੇ ਖ਼ਾਲਸੇ ਆਪਸ ਵਿੱਚ ਹੀ ਗੁੱਥਮ-ਗੁੱਥਾ ਤੇ ਜੂਤ-ਪਤਾਂਗ ਹੁੰਦੇ ਰਹਿੰਦੇ ਹਨ; ਅਤੇ ਗੁਰੂ (ਗ੍ਰੰਥ) ਦੇ ਅਦਬ ਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦਾ ਕਿਸੇ ਨੂੰ ਚਿਤ-ਚੇਤਾ ਹੀ ਨਹੀਂ ਰਿਹਾ! ਸੋ, ਇਸ ਐਕਟ ਨੇ ਕਲਿਆਣਕਾਰੀ ਗੁਰਮਤਿ ਨੂੰ ਪਛਾੜ ਕੇ ਮਾਰੂ ਮਨਮਤਿ ਦੀਆਂ ਜੜਾਂ ਹੋਰ ਵੀ ਮਜ਼ਬੂਤ ਕਰ ਦਿੱਤੀਆਂ। ਇਸ ਕੜਵੇ ਕਥਨ ਦੀ ਹੋਰ ਪੁਸ਼ਟੀ ਹੇਠ ਲਿਖੇ ਤੱਥਾਂ ਤੋਂ ਹੁੰਦੀ ਹੈ:

ਗੁਰਮਤਿ ਦਾ ਇੱਕੋ ਇੱਕ ਸ੍ਰੋਤ ਹੈ ਗੁਰਬਾਣੀ ਅਥਵਾ ਗੁਰੂ ਗ੍ਰੰਥ। ਗੁਰਬਾਣੀ-ਵਿਚਾਰ ਤੋਂ ਪਰਤੱਖ ਹੈ ਕਿ ਗੁਰੂ ਗ੍ਰੰਥ ਦਾ ਮੁੱਖ ਮੰਤਵ ਸਾਰੀ ਮਨੁੱਖਤਾ ਨੂੰ ਹਰ ਪ੍ਰਕਾਰ ਦੇ ਅਮਾਨਵੀ ਭੇਦ-ਭਾਵਾਂ (ਬਹੁ ਇਸ਼ਟ-ਪੂਜਾਵਾਦ, ਵਰਣ-ਵੰਡ, ਵਰਗ-ਵੰਡ, ਜਾਤਿ-ਪਾਤ, ਊਚ-ਨੀਚ, ਅਮੀਰ-ਗ਼ਰੀਬ, ਰੰਗ-ਰੂਪ ਤੇ ਪ੍ਰਾਂਤਵਾਦ ਆਦਿ) ਤੋਂ ਮੁਕਤ ਕਰਕੇ ਇੱਕ ਨਾਲ ਜੋੜਿ ਇੱਕ ਕਰਨਾ ਹੈ। ਇਸ ਪਰਮਾਰਥੀ ਮੰਤਵ ਵਿੱਚ ਬਾਣੀਕਾਰਾਂ ਨੇ ਸਫ਼ਲਤਾ ਵੀ ਪ੍ਰਾਪਤ ਕੀਤੀ। ਪਰੰਤੂ ਅੰਗਰੇਜ਼ਾਂ ਨੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਸਮਰਥਨ ਨਾਲ ਬਾਣੀਕਾਰਾਂ ਦੁਆਰਾ ਗੰਢੀ ਮਨੁੱਖਤਾ ਨੂੰ ‘ਸਿੱਖ ਗੁਰੂਦਵਾਰਾ ਐਕਟ’ ਬਣਾ ਕੇ ਫਿਰ ਖੇਰੂੰ ਖੇਰੂੰ ਕਰ ਦਿੱਤਾ। ਕਿਵੇਂ? ਪਹਿਲਾ, ਅੰਗਰੇਜ਼ਾਂ ਨੇ ਇਸ ਐਕਟ ਰਾਹੀਂ ਸਿਆਸਤ ਦੇ ਕੋੜ੍ਹ ਦੀ ਬਿਮਾਰੀ ਦੇ ਰੋਗਾਣੂਆਂ (germs) ਦਾ ਛੱਟਾ ਗੁਰਮਤਿ ਦੇ ਸਵੱਛ ਵਿਹੜੇ ਵਿੱਚ ਦੇ ਕੇ ਸਿੱਖਾਂ ਨੂੰ ਸਿਆਸਤ ਦੇ ਮਾਰੂ ਰੋਗ ਦੇ ਸਦੀਵੀ ਰੋਗੀ ਬਣਾ ਦਿੱਤਾ। ਇਸ ਐਕਟ ਅਨੁਸਾਰ ਕਾਰਕੁਨਾਂ ਦੀ ਚੋਣ ਪ੍ਰਜਾਤੰਤ੍ਰੀ ਵਿਧੀ ਅਰਥਾਤ ਵੋਟਾਂ ਨਾਲ ਕੀਤੀ ਜਾਵੇਗੀ। ਵੋਟਾਂ ਦੀ ਵਿਧੀ ਪਿੱਛੇ ਅੰਗਰੇਜ਼ਾਂ ਦੀ ਗੰਦੀ ਸਿਆਸਤ ਵੀ ਕੰਮ ਕਰ ਰਹੀ ਸੀ। (ਸੰਸਾਰ ਦੇ ਸਾਰੇ ਧਰਮਾਂ ਵਿੱਚੋਂ ਇੱਕ ‘ਸਿੱਖ ਪੰਥ’ ਹੀ ਅਜਿਹਾ ਹੈ ਜਿਸ ਦੇ ਪ੍ਰਤਿਨਿਧ ਆਮ ਵੋਟਾਂ ਨਾਲ ਚੁਣੇ ਜਾਂਦੇ ਹਨ!) ਸਿੱਖਾਂ ਵਿੱਚ ਸਦੀਵੀ ਪਾੜਾ ਪਾਉਣ ਲਈ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਵਾਸਤੇ ਸੀਟਾਂ ਦਾ ਰਾਖਵਾਂਕਰਨ ਵੀ ਕੀਤਾ ਗਿਆ! ਬਾਰਾਂ ਸੀਟਾਂ ਰਿਆਸਤੀ ਰਾਜਿਆਂ (ਰਾਜੇ ਸੀਹ ਮੁਕਦਮ ਕੁਤੇ॥ …) ਵੱਲੋਂ ਨਾਮਜ਼ਦ ਉਮੀਦਵਾਰਾਂ ਲਈ, ਕੁੱਝ ਸੀਟਾਂ ਮਜ਼੍ਹਬੀ ਸਿੰਘਾਂ, ਰਾਮਦਾਸੀਏ ਸਿੱਖ ਤੇ ਕਬੀਰਪੰਥੀਆਂ ਆਦਿ ਵਾਸਤੇ, ਕੁੱਝ ਸੀਟਾਂ ਨਾਮਜ਼ਦਗੀ ਨਾਲ ਤੇ ਬਾਕੀ ਸੀਟਾਂ ਚੋਣਾਂ ਨਾਲ! ਦੂਜਾ, ਵੋਟ ਪਾਉਣ ਦਾ ਹੱਕ ਸਿਰਫ ‘ਸਿੱਖਾਂ’ ਨੂੰ ਹੀ ਦਿੱਤਾ ਗਿਆ। ਪਰੰਤੂ ਗੁਰਮਤਿ ਉੱਤੇ ਆਧਾਰਤ ਸਿੱਖ ਦੀ ਪਰਿਭਾਸ਼ਾ ‘ਸਿੰਘ’ ਲੀਡਰਾਂ ਤੋਂ ਅੱਜ ਤੀਕ ਨਹੀਂ ਬਣ ਸਕੀ! ਸੋ, ਉਕਤ ਕਾਰਣਾਂ ਕਰਕੇ ‘ਸਿੰਘ’ ਤੇ ‘ਖ਼ਾਲਸੇ’ ਅੱਜ ਤਕ ਆਪਸ ਵਿੱਚ ਹੀ ਹੱਥੋ-ਪਾਈ ਹੁੰਦੇ ਆ ਰਹੇ ਹਨ, ਅਤੇ ਹਮੇਸ਼ਾ ਹੁੰਦੇ ਰਹਿਣਗੇ। ਇੱਕ ਹੋਰ ਅਤਿ ਕੜਵੀ ਸੱਚਾਈ: ਗੁਰਮਤਿ ਅਥਵਾ ਗੁਰਬਾਣੀ ਸਾਰੀ ਮਨੁੱਖਤਾ (ਹਿੰਦੂ, ਮੁਸਲਮਾਨ, ਜੈਨੀ, ਬੋਧੀ ਤੇ ਜੋਗੀਆਂ ਆਦਿ) ਵਾਸਤੇ ਸਾਂਝੀ ਹੈ; ਪਰੰਤੂ ਵੋਟ ਦਾ ਹੱਕ ਸਿਰਫ ਤੇ ਸਿਰਫ ‘ਸਿੰਘ’ ਤੇ ‘ਕੌਰ’ ਨੂੰ ਦੇ ਕੇ ਦੇਵ, ਦਾਸ, ਚੰਦ, ਰਾਏ, ਨਾਥ, ਖ਼ਾਨ, ਅਲੀ, ਮਸੀਹ ਅਤੇ ਦੇਵੀ ਆਦਿ, ਜੋ ਸਦੀਆਂ ਤੋਂ ਗੁਰੂ (ਗ੍ਰੰਥ) ਦੇ ਅਨਿੰਨ ਸਿੱਖ ਸਨ/ਹਨ, ਨੂੰ ਦੁਰਕਾਰ ਦਿੱਤਾ ਤੇ ਉਹ ਗੁਰੂ (ਗ੍ਰੰਥ) ਦਾ ਸਦੀਆਂ ਤੋਂ ਫੜਿਆ ਪੱਲਾ ਛੱਡਣ `ਤੇ ਮਜਬੂਰ ਹੋ ਗਏ! ਇਸ ਤਰ੍ਹਾਂ ‘ਸਿੰਘਾਂ’ ਤੇ ‘ਖ਼ਾਲਸਿਆਂ’ ਨੇ ਸੱਚੀ ਗੁਰਸਿੱਖੀ ਦੇ ਸਰੀਰ ਦਾ ਵੱਡਾ ਹਿੱਸਾ ਕਠੋਰਤਾ ਨਾਲ ਕੱਟ ਕੇ ਪਰ੍ਹੇ ਸੁੱਟ ਦਿੱਤਾ।

ਸਿੱਖ ਗੁਰੂਦਵਾਰਾ ਐਕਟ ਪਾਸ ਹੁੰਦਿਆਂ ਹੀ ਹਉਮੈਂ ਦੇ ਮਰੀਜ਼ ਸੁਆਰਥੀ ‘ਸਿੰਘਾਂ’ ਵਿੱਚ ਗੱਦੀਆਂ ਤੇ ਗੋਲਕਾਂ ਦੀ ਖ਼ਾਤਿਰ ਚੂਹਾ-ਦੌੜ ਸ਼ੁਰੂ ਹੋ ਗਈ ਤੇ ਉਹ ਨਿਰਲੱਜ ਹੋ ਕੇ ਇੱਕ ਦੂਜੇ ਨੂੰ ਠਿੱਬੀਆਂ ਦੇਣ ਲੱਗੇ। ਇਸ ਦੌੜ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਗੁਰਮਤਿ ਨਾਲ ਦੂਰ ਦਾ ਵੀ ਸੰਬੰਧ ਨਹੀਂ ਸੀ/ਹੈ; ਉਹ ਤਾਂ ਗੱਦੀਆਂ ਤੇ ਗੋਲਕਾਂ ਉੱਤੇ ਕਬਜ਼ਾ ਜਮਾਉਣ ਵਾਸਤੇ ‘ਜੂਝਦੇ’ ਸਨ/ਹਨ।

ਗੁਰਮਤਿ ਗੁਰਸਿੱਖਾਂ ਨੂੰ ਹਰ ਪ੍ਰਕਾਰ ਦੇ ਸੰਸਾਰਕ ਧੜਿਆਂ ਦਾ ਪਰਿਤਿਆਗ ਕਰਕੇ ਅਕਾਲਪੁਰਖ ਤੇ ਗੁਰੂ (ਗ੍ਰੰਥ) ਨਾਲ ਧੜਾ ਬਣਾਉਣ ਦੀ ਸਿੱਖਆ ਦਿੰਦੀ ਹੈ:

……ਏਹਿ ਸਭਿ ਧੜੇ ਮਾਇਆ ਮੋਹ ਪਸਾਰੀ॥ ਮਾਇਆ ਕਉ ਲੂਝਹਿ ਗਾਵਾਰੀ॥

ਜਨਮਿ ਮਰਹਿ ਜੂਐ ਬਾਜੀ ਹਾਰੀ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥ ੩॥

ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ॥

ਕਾਮੁ ਕ੍ਰੋਧ ਲੋਭੁ ਮੋਹੁ ਅਭਿਮਾਨੁ ਵਧਾਏ॥

ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ॥

ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ॥ ……

ਪਰੰਤੂ ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਸੈਂਟ੍ਰਲ ਗੁਰੁਦਵਾਰਾ ਬੋਰਡ (Central Gurudwara Board) ਅਰਥਾਤ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਸਮੇਂ ਹੀ ਚੌਧਰ ਦੀ ਲਾਲਸਾ ਕਾਰਣ ‘ਸਿੰਘਾਂ’ ਦੇ ਦੋ ਧੜੇ ਬਣ ਗਏ। ਸਿੰਘਾਂ ਨੂੰ ਕਮਜ਼ੋਰ ਕਰਨ ਵਾਸਤੇ ਅੰਗਰੇਜ਼ ਵੀ ਇਹੋ ਚਾਹੁੰਦੇ ਸਨ। ਅੱਜ ‘ਸਿੰਘਾਂ’ ਤੇ ‘ਖ਼ਾਲਸਿਆਂ’ ਦੇ ਧੜਿਆਂ ਦੀ ਗਿਣਤੀ ਕਰਨੀ ਸੌਖੀ ਨਹੀਂ! ਸੋ, ‘ਸਿੰਘਾਂ’ ਤੇ ‘ਖ਼ਾਲਸਿਆਂ’ ਨੇ ਆਪਣੇ ਸੰਸਾਰਕ ਹਿਤਾਂ ਦੀ ਖ਼ਾਤਿਰ ਪਹਿਲਾਂ ਗੁਰੂ (ਗ੍ਰੰਥ) ਦੇ ਨਾਮ `ਤੇ ਮਨੁੱਖਤਾ ਵੰਡੀ ਤੇ ਫੇਰ ਆਪਸ ਵਿੱਚ ਵੀ ਸਦੀਵੀ ਵੰਡੀਆਂ ਪਾ ਲਈਆਂ। ਇਨ੍ਹਾਂ ਮਨਮਤੀ ਵੰਡੀਆਂ ਦਾ ਸੰਤਾਪ ਅਸੀਂ ਸਾਰੇ ਭੁਗਤ ਰਹੇ ਹਾਂ।

ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ:-

…ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥

ਮਤੁ ਦੇਖਿ ਭੁਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੧॥ ……

ਪਰੰਤੂ ਗੁਰੂ ਦੇ ਇਸ ਆਦੇਸ਼ ਦੀ ਘੋਰ ਅਵੱਗਿਆ ਕਰਦਿਆਂ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਮਤਿ-ਪ੍ਰਚਾਰ ਦੇ ਪਰਮ ਮਕਸਦ ਨੂੰ ਪ੍ਰਾਥਮਿਕਤਾ ਦੇਣ ਦੀ ਬਜਾਏ ਗੋਲਕਾਂ ਦੀ ਆਮਦਨ ਵਧਾਉਣ ਦੇ ਕਾਰਜ ਨੂੰ ਪਹਿਲ ਦਿੱਤੀ। ਇਸ ਮੰਤਵ ਦੀ ਪੂਰਤੀ ਵਾਸਤੇ ਇਹ ਜ਼ਰੂਰੀ ਸੀ ਕਿ ਆਮ-ਖ਼ਾਸ ਗੁਰੁਸਿੱਖਾਂ ਨੂੰ ਗੁਰਮਤਿ ਨਾਲੋਂ ਤੋੜ ਕੇ ਮਨਮਤਿ ਦੇ ਲੜ ਲਾਇਆ ਜਾਵੇ। ਇਸ ਵਾਸਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਕਾਰਕੁਨਾਂ ਨੇ ਧਰਮਸ਼ਾਲਾਵਾਂ ਤੋਂ ਬਣੇ ਗੁਰੂਦਵਾਰਿਆਂ ਨੂੰ ਵਧੇਰੇ ਆਲੀਸ਼ਾਨ ਬਣਾਉਣ `ਤੇ ਸਾਰਾ ਜ਼ੋਰ ਲਾ ਦਿੱਤਾ ਤਾਂ ਜੋ ਸ਼ਰੱਧਾਲੂ ਗੁਰੂ ਗ੍ਰੰਥ ਦੇ ਦਰਸ਼ਨਾਂ (ਗੁਰਮਤਿ ਦੇ ਕਲਿਆਣਕਾਰੀ ਸਿੱਧਾਂਤਾਂ ਦਾ ਗਿਆਨ ਪ੍ਰਾਪਤ ਕਰਨ) ਦੀ ਬਜਾਏ ਸੁੰਦਰ ਸਥਾਨਾਂ ਦੇ ‘ਦਰਸ਼ਨ-ਦੀਦਾਰੇ’ ਕਰਕੇ ਹੀ ਆਪਣਾ ‘ਜਨਮ ਸਫ਼ਲਾ’ ਕਰਦੇ ਰਹਿਣ।

ਇਸ ਤੋਂ ਬਿਨਾਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ ਨੇ 1925 ਤੋਂ 1947 ਤਕ ਪੰਥ-ਸੇਵਾ ਤੇ ਗੁਰੁਮਤਿ ਪ੍ਰਚਾਰ ਦੇ ਨਾਮ `ਤੇ ਮਨਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਜੋ ‘ਉੱਦਮ’ ਕੀਤੇ, ਉਹ ਨਿਮਨ ਲਿਖਿਤ ਹਨ:-

ਗੁਰਮਤਿ ਦੇ ਜਿਗਿਆਸੂਆਂ ਨੂੰ ਗੁਰਮਤਿ ਵੱਲੋਂ ਹੋੜ ਕੇ ਮਨਮਤਿ ਨਾਲ ਜੋੜਿ ਉਨ੍ਹਾਂ ਦੀ ਮਾਸੂਮ ਮਾਨਸਿਕਤਾ ਨੂੰ ਗ਼ੁਲਾਮ ਬਣਾਉਣ ਵਾਸਤੇ ਪ੍ਰਬੰਧਕਾਂ ਨੇ ਮਨਮਤੀ ਪੁਸਤਕਾਂ, ਜਿਨ੍ਹਾਂ ਦਾ ਜ਼ਿਕਰ ਉੱਪਰ ਹੋ ਚੁਕਿਆ ਹੈ, ਦਾ ਸਹਾਰਾ ਲਿਆ। ਗੁਰੂ (ਗ੍ਰੰਥ) /ਗੁਰਬਾਣੀ ਤੋਂ ਮਿਲਦੀ ਜੀਵਨ-ਜਾਚ ਦੀ ਵਿਧੀ ਨੂੰ ਨਜ਼ਰਅੰਦਾਜ਼ ਕਰਕੇ ਮਨਮਤੀ ਪੁਸਤਕਾਂ ਦੇ ਆਧਾਰ `ਤੇ ‘ਸਿੱਖ ਰਹਿਤ ਮਰਯਾਦਾ’ ਬਣਾਈ ਗਈ। ਇਸ ਰਹਿਤ ਮਰਯਾਦਾ ਨੂੰ ਬਣਾਉਣ ਵਾਲੇ ਬਹੁਤੇ ਰੂੜ੍ਹੀਵਾਦੀ ਰਈਸ, ‘ਜਥੇਦਾਰ’, ਪੁਜਾਰੀ ਤੇ ਕੁੱਝ ਉਹ ਸਜਨ ਸਨ ਜੋ, ਗੁਰਬਾਣੀ ਦੇ ਸੱਚ ਤੋਂ ਅਣਜਾਣ, ਕੱਚੀਆਂ ਕਿਤਾਬਾਂ ਦੇ ਮੁਰੀਦ ਸਨ ਅਤੇ ਗੁਰਮਤਿ ਦੇ ਗਾਡੀਰਾਹ ਤੋਂ ਥਿੜਕ ਚੁੱਕੇ ਸਨ। ਉਨ੍ਹਾਂ ਸੱਜਨਾਂ ਵਿੱਚੋਂ ਜੋ ਥੋੜੇ-ਬਹੁਤ ਗੁਰਬਾਣੀ ਦੇ ਸੱਚ ਨੂੰ ਸਮਝਦੇ ਸਨ, ਉਹ ਬਹੁਗਿਣਤੀ ਦੇ ਸਾਹਮਣੇ ਕੁੱਝ ਨਾ ਕਰ ਸਕੇ। ‘ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ’ ਦੁਆਰਾ ਨਿਯੁਕਤ ‘ਧਰਮ ਪ੍ਰਚਾਰ ਕਮੇਟੀ’ ਵੱਲੋਂ ਪ੍ਰਕਾਸ਼ਤ ਕੀਤੀ ਗਈ ਇਸ ਰਹਿਤ ਮਰਯਾਦਾ ਵਿੱਚ ਸ਼ਾਇਦ ਹੀ ਕੋਈ ਮੱਦ ਅਜਿਹੀ ਹੋਵੇ ਜੋ ਗੁਰਮਤਿ ਦੇ ਸਿੱਧਾਂਤਾਂ ਦੀ ਕਸੌਟੀ ਉੱਤੇ ਪਰਖਿਆਂ ਖਰੀ ਸਾਬਤ ਹੁੰਦੀ ਹੋਵੇ। ਇਹ ਰਹਿਤ ਮਰਯਾਦਾ ਗੁਰਸਿੱਖਾਂ ਨੂੰ ਗੁਰਮਤਿ ਵੱਲੋਂ ਹੋੜ ਕੇ ਮਨਮਤੀ ਕਰਮਕਾਂਡਾਂ ਨਾਲ ਜੋੜਦੀ ਹੈ। ਅੱਜ ਸਾਰੇ ਸਿੱਖ ਗੁਰਮਤਿ ਵੱਲੋਂ ਬੇਮੁਖ ਹੋ ਕੇ ਇਸ ਰਹਿਤ-ਮਰਯਾਦਾ ਨੂੰ ਸਮਰਪਿਤ ਹੋ ਚੁੱਕੇ ਹਨ। ਇਸ ਰਹਿਤ ਮਰਯਾਦਾ ਸਦਕਾ ਹੀ ਗੁਰਸਿੱਖ ਗੁਰੁ-ਗਿਆਨ ਵੱਲੋਂ ਮੂੰਹ ਮੋੜ ਕੇ ਅਗਿਆਨਤਾ ਦੇ ਅੰਧਕਾਰ ਦੇ ਸੈਦਾਈ ਬਣ ਕੇ ਕਰਮਕਾਂਡਾਂ ਦੇ ਜਾਲ ਵਿੱਚ ਪੂਰੀ ਤਰ੍ਹਾਂ ਉਲਝ ਚੁੱਕੇ ਹਨ।

ਗੁਰਸਿੱਖਾਂ ਦੀ ਮਾਨਸਿਕਤਾ ਨੂੰ ਗ਼ੁਲਾਮ ਬਣਾਉਣ ਵਾਸਤੇ ਪਹਿਲਾਂ, ਗੁਰਬਿਲਾਸ ਦੇ ਹਵਾਲੇ ਨਾਲ, ਅਕਾਲ ਬੁੰਗੇ ਨੂੰ ‘ਅਕਾਲ ਤਖ਼ਤ’ ਦਾ ਨਾਮ ਦਿੱਤਾ ਗਿਆ ਤੇ ਫੇਰ ਭਾਰਤ ਦੇ ਚਾਰ ਹੋਰ ਗੁਰੂਦਵਾਰਿਆਂ ਨੂੰ ਵੀ ‘ਤਖ਼ਤ’ ਘੋਸ਼ਿਤ ਕੀਤਾ ਗਿਆ! ਇਨ੍ਹਾਂ ਵਿੱਚੋਂ ਚਾਰ ਤਖ਼ਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਹੀ ਜੋੜੇ ਗਏ ਹਨ! ਇਸ ਉਪਰੰਤ, ਸਿੱਖਾਂ ਨੂੰ ਨੱਥ ਪਾ ਕੇ ਵੱਸ ਵਿੱਚ ਕਰਨ ਵਾਸਤੇ ਇਨ੍ਹਾਂ ‘ਤਖ਼ਤਾਂ’ ਉੱਤੇ ‘ਜਥੇਦਾਰ’ ਬਿਠਾ ਦਿੱਤੇ ਗਏ ਜਿਨ੍ਹਾਂ ਦੇ ਅਧਿਕਾਰਾਂ ਦੀ ਕੋਈ ਸੀਮਾ ਨਹੀਂ! ਯਾਦ ਰਹੇ ਕਿ ਰਹਿਤ ਮਰਯਾਦਾ ਵਿੱਚ ‘ਤਖ਼ਤਾਂ’ ਦਾ ਜ਼ਿਕਰ ਤਾਂ ਹੈ ਪਰੰਤੂ ‘ਜਥੇਦਾਰਾਂ’ ਦੀ ਪਦਵੀ ਦਾ ਕੋਈ ਉਲੇਖ ਨਹੀਂ ਹੈ! ਗੁਰੁਬਾਣੀ ਵਿੱਚ ਧਰਮ-ਸਥਾਨਾਂ ਦੀ ਚੌਧਰ ਨੂੰ ਨਕਾਰਿਆ ਗਿਆ ਹੈ ਅਤੇ ਧਰਮਾਂ ਦੇ ਨਾਮ `ਤੇ ਬਣਾਈਆਂ ਗਈਆਂ ਕਰਮਕਾਂਡੀ ਮਰਯਾਦਾਵਾਂ ਦਾ ਪੁਰਜ਼ੋਰ ਖੰਡਨ ਹੈ!

ਗੁਰਮਤਿ ਦੇ ਇਲਾਹੀ ਨੂਰ ਨੂੰ ਮੱਧਮ ਕਰਨ ਵਾਸਤੇ ਤੇ ਮਨਮਤਿ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਨ ਲਈ ਸ਼ਿਰੋਮਣੀ ਕਮੇਟੀ ਦੁਆਰਾ ਬਣਾਈ ਗਈ ਰਹਿਤ ਮਰਯਾਦਾ ਵਿੱਚ ਅਖਾਉਤੀ ਦਸਮ ਗ੍ਰੰਥ ਵਿੱਚੋਂ ਕੁੱਝ ਇੱਕ ਕੱਚੀਆਂ ਰਚਨਾਵਾਂ ਲੈ ਕੇ ਉਨ੍ਹਾਂ ਨੂੰ ਨਿਤਨੇਮ ਦਾ ਹਿੱਸਾ ਬਣਾ ਕੇ ਨਿਤਨੇਮ ਦੇ ਗੁਟਕਿਆਂ ਵਿੱਚ ਪੱਕੇ ਤੌਰ `ਤੇ ਸ਼ਾਮਿਲ ਕਰ ਦਿੱਤਾ ਗਿਆ। ਸ਼ਿਰੋਮਣੀ ਕਮੇਟੀ ਨੇ ਰਾਗ ਮਾਲਾ, ਜੋ ਕਿਸੇ ਵੀ ਪੱਖੋਂ ਬਾਣੀ ਨਹੀਂ ਹੈ, ਨੂੰ ਰਹਿਤ ਮਰਯਾਦਾ ਰਾਹੀਂ ਪਵਿੱਤਰ ਗੁਰਬਾਣੀ ਦਾ ਅਟੁੱਟ ਅੰਗ ਬਣਾ ਦਿੱਤਾ!

1925 ਤੋਂ 1947 ਤਕ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਮਤਿ ਦੇ ਸ਼ੁੱਧ ਪ੍ਰਚਾਰ ਵਾਸਤੇ ਇੱਕ ਵੀ ਪੁਸਤਕ ਪ੍ਰਕਾਸ਼ਤ ਨਹੀਂ ਕੀਤੀ! ਇਸ ਸਮੇਂ ਦੌਰਾਨ ਇੱਕ ਹੀ ਗੁਰਮਤਿ-ਗਿਆਨ-ਗ੍ਰੰਥ ਰਚਿਆ ਗਿਆ ਤੇ ਪ੍ਰਕਾਸ਼ਤ ਹੋਇਆ; ਇਸ ਗੌਰਵਮਈ ਉੱਚਕੋਟੀ ਦੇ ਸਮਾਰਕੀ ਗ੍ਰੰਥ ਦਾ ਨਾਮ ਹੈ: “ਗੁਰਸ਼ਬਦ ਰਤਨਾਕਰ ਮਹਾਨ ਕੋਸ਼”, ਅਤੇ ਇਸ ਦੇ ਨਿਸ਼ਕਾਮ ਰਚੈਤਾ ਹਨ, ਸੱਚੇ ਤੇ ਸੁਹਿਰਦ ਗੁਰਮਤਿ-ਪ੍ਰੇਮੀ ਭਾਈ ਕਾਨ੍ਹ ਸਿੰਘ ਜੀ ਨਾਭਾ। ਇਸ ਮਹਾਨ ਕਾਰਜ ਦੀ ਸਿੱਧੀ ਵਾਸਤੇ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੀ ਦੇਣ ਸ਼ੁੰਨ ਦੇ ਸਮਾਨ ਹੈ!

(ਨੋਟ:- ਖ਼ਾਲਸਾ ਇੱਕ ਅਤਿ ਸਤਿਕਾਰਤ ਸਿੱਧਾਂਤਕ ਸ਼ਬਦ ਹੈ। ਸਿੰਘ ਜ਼ੁਲਮ ਵਿਰੁੱਧ ਝੂਜਣ ਵਾਲੇ ਨਿਸ਼ਕਾਮ, ਨਿਧੜਕ ਅਤੇ ਸਿਰਲੱਥ ਖ਼ਾਲਸੇ ਲਈ ਵਰਤਿਆ ਗਿਆ ਇੱਕ ਰੂਪਕ ਹੈ। ਦਾਸ ਦੇ ਮਨ ਵਿੱਚ ਇਨ੍ਹਾਂ ਸ਼ਬਦਾਂ ਪ੍ਰਤਿ ਸ਼ਰੱਧਾ ਤੇ ਸਤਿਕਾਰ ਹੈ। ਇਹ ਲੇਖ ਸਿਰਫ਼ ਇਨ੍ਹਾਂ ਸ਼ਬਦਾਂ ਦੀ ਅਯੋਗ ਵਰਤੋਂ ਕਰਨ ਵਾਲੇ ਢੌਂਗੀਆਂ ਵਾਸਤੇ ਹੀ ਲਿਖਿਆ ਗਿਆ ਹੈ। ਖ਼ਾਲਸਾ ਅਤੇ ਸਿੰਘ ਦੇ ਵਿਸ਼ੇ ਉੱਤੇ, ਗੁਰਮਤਿ ਅਤੇ ਤੱਥਾਂ `ਤੇ ਆਧਾਰਤ, ਅਲੱਗ ਲੇਖ ਲਿਖਣ ਦਾ ਯਤਨ ਕਰਾਂਗੇ।)

ਚਲਦਾ……

ਗੁਰਇੰਦਰ ਸਿੰਘ ਪਾਲ

ਅਗਸਤ 9, 2015.




.