ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੂਤ, ਭਵਾਨ ਤੇ ਭਵਿਖ
(ਕਿਸ਼ਤ ਨੰ: 1)
ਧੰਨ ਧੰਨ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਮਹਾਰਾਜ ਦੀ ਮਹਿਮਾ ਕਰਦਿਆਂ ‘ਗੁਰਪ੍ਰਤਾਪ ਸੂਰਜ` ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ
ਸਿੰਘ ਲਿਖਦੇ ਹਨ “ਜੋ ਸਰਬੋਤਮ, ਜੋ ਸਰਬਮਯ, ਤਹੀਂ ਕੇ ਨਾਮ ਇਸੀ ਮਹਿ ਗਾਏ। ਨਾਮ ਔ ਨਾਮੀ ਭੇਦ
ਨਹੀਂ, ਇਹ ਮੂਰਤਿ ਕਰਤਾਰ ਸੁਹਾਏ।” ਇਹ ਕੋਈ ਅਤਿਕਥਨੀ ਨਹੀਂ, ਸਗੋਂ ਇੱਕ ਸੰਪੂਰਨ ਤੇ
ਪ੍ਰਤੱਖ ਸੱਚ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਦਬ ਸਹਿਤ ਨਮਸ਼ਕਾਰ ਕਰਨੀ,
ਕਿਸੇ ਪੁਸਤਕੀ ਜਾਂ ਵਿਅਕਤੀ ਆਕਾਰ ਅੱਗੇ ਝੁਕਣਾ ਨਹੀਂ। ਸਗੋਂ ਇਹ ਤਾਂ ਉਸ ਨਿਰੰਕਾਰ ਅਕਾਲਪੁਰਖ
ਅੱਗੇ ਨਿਵਣਾ ਹੈ, ਜਿਸ ਦੀ ਮਹਿਮਾ ਦਾ ਇਸ ਵਿੱਚ ਗਾਇਨ ਹੈ। ਕਿਉਂਕਿ, ਸਾਹਿਤਕ ਦ੍ਰਿਸ਼ਟੀ ਤੋਂ ਨਾਮ
ਤੇ ਨਾਮੀ, ਹੁਕਮ ਤੇ ਹੁਕਮੀ ਆਪਸ ਵਿੱਚ ਅਭੇਦ ਮੰਨੇ ਜਾਂਦੇ ਹਨ।
ਪੰਥ ਦੇ ਪ੍ਰਸਿੱਧ ਗੁਰਸਿੱਖ ਵਿਦਵਾਨ ਤੇ ਗੁਰਬਾਣੀ ਦੇ ਪ੍ਰਮਾਣੀਕ ਵਿਆਖਿਆਕਾਰ ਪ੍ਰਿੰਸੀਪਲ (ਭਾਈ
ਸਾਹਿਬ) ਹਰਿਭਜਨ ਸਿੰਘ ਜੀ ਹੁਰਾਂ ਪਾਸੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ
ਵਿਦਿਆ ਪ੍ਰਾਪਤ ਕਰਦਿਆਂ ਦਾਸ ਨੇ ਉਨ੍ਹਾਂ ਦੀ ਰਸਨਾ ਤੋਂ ਇਹ ਅਮੋਲਕ ਕਥਨ ਕਈ ਵਾਰ ਸੁਣਿਆ ਸੀ, ਜੋ
ਮੇਰੇ ਦਿਲ ਦਿਮਾਗ ਅੰਦਰ ਸਦਾ ਗੂੰਜਦਾ ਰਹਿੰਦਾ ਹੈ ਕਿ “ਅਸੀਂ ਸਿੱਖ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ
ਨੂੰ ਗੁਰੂ ਮੰਨ ਕੇ ਪੂਜਦੇ ਅਤੇ ਉਨ੍ਹਾਂ ਅੱਗੇ ਨਮਸ਼ਕਾਰ ਕਰਦੇ ਹੋਏ ਆਪਣੀ ਸ਼ਰਧਾ ਤੇ ਸਨੇਹ ਅਰਪਣ
ਕਰਦੇ ਹਾਂ। ਪਰ, ਮਹਤੱਵ ਪੂਰਨ ਬਾਤ ਇਹ ਹੈ ਕਿ ਜੋ ਲੋਕ ਗੁਰੂ ਨਹੀਂ ਮੰਨਦੇ, ਸਾਹਿਤਕ ਦ੍ਰਿਸ਼ਟੀਕੋਨ
ਤੋਂ ਉਨ੍ਹਾਂ ਨੂੰ ਵੀ ਇਸ ਅੰਦਰਲੀ ਸਰਬਕਾਲੀ, ਸਰਬਦੇਸ਼ੀ ਅਤੇ ਸਰਬਸਾਂਝੀ ਵਿਚਾਰਧਾਰਾ ਤੇ ਭਾਸ਼ਾਈ
ਸਾਂਝ ਅੱਗੇ ਸਿਰ ਝਕਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਹ ਵੀ ਇਸ ਦੀ ਸੰਗੀਤਕ-ਕਲਾ ਦੀ ਵਿਲੱਖਣਤਾ,
ਸੰਪਾਦਨ-ਕਲਾ ਦੀ ਸਾਹਿਤਕ ਖ਼ੂਬਸੂਰਤੀ ਅਤੇ ਇਸ ਦੇ ਕੁਦਰਤੀ ਵਰਨਣ ਦੀਆਂ ਚਿਤ੍ਰਕਾਰੀਆਂ ਵੇਖ ਕੇ
ਵਿਸਮਾਦਤ ਹੁੰਦੇ ਤੇ ਅਨੰਦ ਮਾਣਦੇ ਹਨ।”
ਕਿਉਂਕਿ, ਇਸ ਵਿੱਚ ੧੨ਵੀਂ ਸਦੀ ਦੇ ਮਹਾਨ ਦਰਵੇਸ਼ ਬਾਬਾ ਸ਼ੇਖ ਫਰੀਦ ਜੀ ਤੋਂ ਲੈ ਕੇ ੧੭ਵੀਂ ਸਦੀ
ਵਿੱਚ ਰਾਜਨੀਤਕ ਧੱਕੇ ਵਿਰੁਧ ਸ਼ਹੀਦੀ ਸਾਕਾ ਵਰਤਾ ਕੇ ਧਰਮ ਦੀ ਚਾਦਰ ਬਣਨ ਵਾਲੇ ਨੌਵੇਂ ਪਾਤਸ਼ਾਹ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਦੇ ੬ ਗੁਰੂ ਸਾਹਿਬਾਨਾਂ, ਭਾਰਤ ਭਰ ਦੇ ਵੱਖ ਵੱਖ
ਭਾਈਚਾਰਿਆਂ ਤੇ ਵੱਖ ਵੱਖ ਪ੍ਰਾਂਤਾਂ ਨਾਲ ਸਬੰਧਤ ੧੫ ਭਗਤਾਂ, ੧੧ ਗੁਰਸਿੱਖ ਬਣੇ ਬ੍ਰਾਹਮਣ
ਭੱਟ-ਜਨਾਂ ਤੇ ੩ ਗੁਰਸਿੱਖਾਂ ਸਮੇਤ ੩੫ ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਦੈਵੀ-ਗੁਣਾਂ ਦੇ ਰਤਨਾਂ
ਨਾਲ ਭਰਪੂਰ ਇਹ ਧੁਰ ਕੀ ਬਾਣੀ ਸੰਗੀਤਕ ਪੱਖੋਂ ੩੧ ਮੁਖ ਰਾਗਾਂ ਅਤੇ ਵਾਰਾਂ, ਬਾਰਾਮਾਂਹ, ਘੋੜੀਆਂ,
ਛੰਤ ਤੇ ਅਲਾਹੁਣੀਆਂ ਵਰਗੀਆਂ ੨੩ ਲੋਕ-ਗੀਤਾਂ ਦੀਆਂ ਰੀਤਾਂ ਦੀ ਰੇਸ਼ਮੀ ਗੁਥਲੀ ਵਿੱਚ ਲਪੇਟੀ ਹੋਈ
ਹੈ। (ਯਾਦ ਰੱਖਣ ਦੀ ਲੋੜ ਹੈ ਕਿ ਇਸ ਲੜੀ ਵਿੱਚ ਵਾਰਾਂ ਦੀ ਵੱਖ ਵੱਖ ੨੧ ਧੁਨੀਆਂ (ਤਰਜ਼ਾਂ) ਨੂੰ
ਇੱਕੋ ਕਾਵਿ ਰੂਪ ‘ਵਾਰ` ਵਿੱਚ ਹੀ ਗਿਣਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਭਾਵੇਂ
‘ਗੁਰਮੁਖੀ` ਹੈ। ਪਰ, ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਵਸਨੀਕ ਗੁਰੂ ਸਾਹਿਬਾਨ ਨੇ ਮਾਨਵ-ਏਕਤਾ ਤੇ
ਭਾਈਚਾਰਕ ਸਾਂਝ ਦੇ ਮੁਦੱਈ ਹੋਣ ਨਾਤੇ ਪੰਜਾਬੀ ਭਾਸ਼ਾ ਦੀ ਉਹ ਵੰਨਗੀ ਵਰਤੀ, ਜਿਹੜੀ ਉਸ ਵੇਲੇ
ਸਮੁੱਚੇ ਭਾਰਤੀ ਮਹਾਂਦੀਪ ਵਿੱਚ ਬੋਲੀ ਤੇ ਸਮਝੀ ਜਾਂਦੀ ਸੀ। ਇਹ ਪ੍ਰਮੁੱਖ ਤੌਰ `ਤੇ ‘ਸਾਧ-ਭਾਸ਼ਾ`,
‘ਸਾਧ ਭਾਖਾ` ਜਾਂ ‘ਸਧੂਕੜੀ` ਦੇ ਨਾਂ ਤੋਂ ਜਾਣੀ ਜਾਂਦੀ ਸੀ। ‘ਪਦਮ` ਜੀ ਦਾ ਮੰਨਣਾ ਹੈ ਕਿ ਬਾਬਾ
ਸ਼੍ਰੀ ਚੰਦ ਜੀ ਨੇ ‘ਜੁਗਤਿ ਕਾ ਟੋਪ ਗੁਰਮੁਖੀ ਬੋਲੀ` ਇਸੇ ਭਾਸ਼ਾ ਨੂੰ ਕਿਹਾ ਹੈ। ਇਸ ਵਿੱਚ ਪੰਜਾਬੀ
ਦੀਆਂ ੭ ਉਪ-ਭਾਸ਼ਾਵਾਂ ਤੋਂ ਇਲਾਵਾ ਬ੍ਰਜ-ਭਾਸ਼ਾ, ਪ੍ਰਾਕ੍ਰਿਤ, ਅਪਭ੍ਰੰਸ਼, ਸਹਸਕ੍ਰਿਤੀ, ਗਾਥਾ,
ਭੱਟ-ਬੋਲੀ ਤੇ ਰੇਖਤਾ (ਫਾਰਸੀ) ਦਾ ਮਿਸ਼ਰਣ ਹੈ। `ਵੈਸੇ ਭਗਤ ਬਾਣੀ ਵਿੱਚ ਕਈ ਹੋਰ ਬੋਲੀਆਂ ਦੇ ਵੀ
ਅਨੇਕਾਂ ਲਫ਼ਜ਼ ਮਿਲਦੇ ਹਨ। ਜਿਵੇਂ ਮਾਰਵਾੜੀ, ਮਰਾਠੀ ਤੇ ਗੁਜਰਾਤੀ, ਬੰਗਲਾ ਤੇ ਮਰਾਠੀ ਆਦਿ।
ਇਸੇ ਲਈ ਪੰਜਾਬੀ ਯੂਨੀਵਰਸਿਟੀ ਦੇ ਰਤਨ ਪ੍ਰੋ. ਪਿਆਰਾ ਸਿੰਘ ‘ਪਦਮ` ਹੁਰਾਂ ਨੇ ਕਿਸੇ ਵੇਲੇ ਧਰਮ
ਗ੍ਰੰਥਾਂ ਦੀ ਚਰਚਾ ਕਰਦਿਆਂ ਭਾਰਤੀ ਹਾਕਮਾਂ ਨੂੰ ਸਾਲਾਹ ਦਿੱਤੀ ਸੀ ਕਿ “ਜਿੱਥੋਂ ਤੀਕ ਇਸ ਦੇ
ਅੰਤਰੀਵ ਵਿਸ਼ਵਾਰਥੀ ਤੇ ਵਿਗਿਆਨਕ (universal and
rational) ਰੂਹਾਨੀ ਸੰਦੇਸ਼ ਦਾ ਸਬੰਧ ਹੈ, ਇਸ
ਨੂੰ ਸੰਸਾਰ ਮਾਤਰ ਦਾ ਕਲਿਆਣਕਾਰੀ ਤੇ ਪੂਜਨੀਕ ਗ੍ਰੰਥ ਵੀ ਆਖਿਆ ਜਾ ਸਕਦਾ ਹੈ। ਪਰ, ਜਿਥੋਂ ਤੱਕ ਇਸ
ਦੇ ਬਾਹਰੀ ਰੂਪ-ਭਾਸ਼ਾ ਤੇ ਸ਼ੈਲੀ ਦਾ ਸਬੰਧ ਹੈ, ਇਸ ਪੱਖ ਤੋਂ ਅਸੀਂ ਇਸ ਨੂੰ ਧਰਮ-ਨਿਰਪੇਖ ਨਵੇਂ
ਭਾਰਤ ਦਾ ‘ਨਵਾਂ ਧਰਮ ਗ੍ਰੰਥ` ਸਹਿਜੇ ਮੰਨ ਸਕਦੇ ਹਾਂ। ਜਿਸ ਵਿੱਚ ਬਿਨਾਂ ਕਿਸੇ ਸਮਾਜਿਕ ਜਾਂ
ਮਜ਼ਹਬੀ ਵਿਤਕਰੇ ਜਾਂ ਫਿਰ ਇਲਾਕਾਈ ਭਿੰਨ-ਭੇਦ, ਸਾਰੇ ਦੇ ਸਾਰੇ ਹਿੰਦੁਸਤਾਨ ਦੀ ਅਧਿਆਤਮਕ ਆਤਮਾ
ਗੂੰਜ ਉੱਠੀ ਹੈ।” (ਗੁਰੂ ਘਰ, ਪੰਨਾ ੧੭੮) ਪਰ, ਦੁੱਖ ਦੀ ਗੱਲ ਹੈ ਕਿ ਅਜੋਕੇ ਦੌਰ ਦੀ ਭਾਰਤੀ
ਹਕੂਮਤ ਇਸ ਪੱਖ ਨੂੰ ਅਣਗੌਲਿਆਂ ਕਰਕੇ ਇੱਕ ਅਜਿਹੀ ਮਜ਼ਹਬੀ ਪੁਸਤਕ ਨੂੰ ਰਾਸ਼ਟਰੀ ਗ੍ਰੰਥ ਘੋਸ਼ਿਤ ਕਰਨ
ਲਈ ਯਤਨਸ਼ੀਲ ਹੈ, ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸੂਤਰਧਾਰ ਕਦੇ ਵੀ ਨਹੀਂ ਬਣ ਸਕਦੀ।
ਭੂਮਿਕਾ ਰੂਪ ਵਿੱਚ ਰੱਬ ਰੂਪ ਬਾਣੀਕਾਰਾਂ, ਭਾਸ਼ਾਵਾਂ ਅਤੇ ਲੋਕ ਗੀਤਾਂ ਦੀਆਂ ਧੁਨੀਆਂ ਆਦਿਕ ਦਾ
ਉਪਰੋਕਤ ਵੇਰਵਾ ਦੇਣ ਤੋਂ ਮੇਰਾ ਇਹੀ ਇੱਕ ਮਨੋਰਥ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਸਧਾਰਨ
ਪੁਸਤਕ ਨਹੀਂ। ਇਸ ਵਿੱਚਲੀ ਅਮ੍ਰਿਤ ਬਾਣੀ ਨੂੰ ਪੜ੍ਹਣ, ਸੁਣਨ, ਗਉਣ ਤੇ ਸਮਝਣ ਸਮਝਾਉਣ ਲਈ ਹਰੇਕ
ਵਿਅਕਤੀ ਨੂੰ ਥੋੜਾ ਬਹੁਤਾ ਭਾਸ਼ਾਈ, ਵਿਆਕ੍ਰਣਿਕ ਤੇ ਸੰਗੀਤਕ ਗਿਆਨ ਹੋਣਾ ਲਾਜ਼ਮੀ ਹੈ। ਕਿਉਂਕਿ,
ਗੁਰਬਾਣੀ ਕਾਵਿ ਰੂਪ ਹੈ, ਵਾਰਤਕ ਨਹੀਂ। ਮੇਰੇ ਪੇਪਰ ਦਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਸੰਥਿਆ ਦਾ ਭੂਤ, ਭਵਾਨ ਤੇ ਭਵਿੱਖ (ਇੱਕ ਸਾਹਿਤਕ ਤੇ ਇਤਿਹਾਸਕ ਦ੍ਰਿਸ਼ਟੀਕੋਨ)। ਭਾਵ, ਸ੍ਰੀ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮੇਂ ੧੫ਵੀਂ ਤੋਂ ਲੈ ਕੇ ਹੁਣ ਤੱਕ ਹੁਣ ਤੱਕ, ਗੁਰਬਾਣੀ ਦੇ ਪਾਠ
ਦੀ ਸੰਥਿਆ ਦੇਣ ਲਈ, ਗੁਰਬਾਣੀ ਦੇ ਅਰਥ-ਭਾਵ ਸਮਝਾਉਣ ਲਈ ਟੀਕਾਕਾਰੀ ਤੇ ਵਿਆਖਿਆਕਾਰੀ ਦੇ ਖੇਤਰ
ਵਿੱਚ ਜੋ ਮੌਖਿਕ ਜਾਂ ਲਿਖਤੀ ਕੰਮ ਹੋਇਆ ਹੈ, ਉਸ ਨੂੰ ਅਧਾਰ ਬਣਾ ਕੇ ਉੱਜਲੇ ਭਵਿੱਖ ਦੀ ਵਿਉਂਤਬੰਦੀ
ਬਾਰੇ ਸੋਚਣਾ ਤੇ ਵਿਚਾਰਨਾ।
‘ਸੰਥਿਆ` ਲਫ਼ਜ਼, ਸੰਸਕ੍ਰਿਤ ਮੂਲਿਕ ਸੰਗਿਆ ‘ਸੰਥਾ` ਦਾ ਪੰਜਾਬੀ ਰੂਪ ਹੈ। ਅਰਬੀ ਦਾ ਲਫਜ਼ ‘ਸਬਕ` ਵੀ
ਲਗਭਗ ਸੰਥਿਆ ਦੇ ਹੀ ਅਰਥ ਰੱਖਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਵੱਲੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਕਰਾਉਣ ਅਤੇ ਘਰਾਂ
ਵਿੱਚ ਸ਼ਰਧਾਲੂਆਂ ਦੇ ਪਾਠ ਕਰਨ ਲਈ ਤਿਆਰ ਕੀਤੀਆਂ ਦੋ ਪਦ-ਛੇਦ ਪੋਥੀਆਂ ਨੂੰ ‘ਸੰਥਾ ਸੈਂਚੀਆਂ` ਦਾ
ਨਾਂ ਦਿੱਤਾ ਗਿਆ ਹੈ। ਪਰ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਰਾਂ ਨੇ ਆਪਣੇ ਦੁਆਰਾ ਤਿਆਰ ਕੀਤੇ
ਗੁਰਬਾਣੀ ਟੀਕੇ ਦੇ ਨਾਂ ਲਈ ਵੀ ‘ਸੰਥ੍ਯਾ` ਲਫ਼ਜ਼ ਦੀ ਹੀ ਵਰਤੋਂ ਕੀਤੀ ਹੈ। ਜਿਵੇਂ ‘ਸੰਥ੍ਯਾ ਸ੍ਰੀ
ਗੁਰੂ ਗ੍ਰੰਥ ਸਾਹਿਬ`। ਇਹ ਪੱਖ ਬੜਾ ਮਹਤਵ ਪੂਰਨ ਤੇ ਵਿਚਾਰਨਯੋਗ ਹੈ।
ਭਾਈ ਕਾਨ੍ਹ ਸਿੰਘ ਜੀ ਨਾਭਾ ਰਚਿਤ ਮਹਾਨਕੋਸ਼ ਵਿੱਚ ‘ਸੰਥਾ` ਅਥਵਾ ‘ਸੰਥਿਆ` ਦੇ ਅਰਥ ਹਨ: ਚੰਗੀ
ਤਰ੍ਹਾਂ ਠਹਿਰਨ ਦਾ ਭਾਵ, ਟਿਕਾਉ, ਇਸਥਿਤੀ। ੨. ਮਨ ਇੰਦ੍ਰੀਆਂ ਨੂੰ ਟਿਕਾ ਕੇ ਵਿਦ੍ਯਾ ਗ੍ਰਹਿਣ ਕਰਨ
ਦੀ ਕ੍ਰਿਯਾ। ੩. ਮਰਨਾ। ਭਾਵ, ਅਧਿਆਪਕ ਪਾਸੋਂ ਸੰਥਿਆ (ਸਬਕ) ਲੈਣ ਵੇਲੇ ਵਿਦਿਆਰਥੀ ਦੇ ਮਨ ਦਾ
ਟਿਕਾਉ ਐਸਾ ਹੋਵੇ, ਜਿਵੇਂ ਕਿਸੇ ਮਿਰਤਕ ਪ੍ਰਾਣੀ ਦਾ ਸਰੀਰ ਹਰ ਕਿਸਮ ਦੀ ਹਰਕਤ ਤੋਂ ਰਹਿਤ ਹੁੰਦਾ
ਹੈ। ਗੁਰਬਾਣੀ ਦੇ ਮੁੱਢਲੇ ਤੇ ਪ੍ਰਮਾਣੀਕ ਵਿਆਖਿਆਕਾਰ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਬਚਨਾਂ ਤੋਂ
ਵੀ ਕੁੱਝ ਐਸੀ ਹੀ ਪ੍ਰੇਰਨਾ ਮਿਲਦੀ ਹੈ:
ਮੁਰਦਾ ਹੋਇ ਮੁਰੀਦ, ਨ ਗਲੀ ਹੋਵਣਾ। (ਵਾਰ ੩ ਪਉੜੀ ੧੮)
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਰਾਂ ਵੱਲੋਂ ਗੁਰਬਾਣੀ ਦੇ ਪਰਮਾਰਥੀ ਟੀਕੇ ਨੂੰ ‘ਸੰਥ੍ਯਾ
ਸ੍ਰ੍ਰੀ ਗੁਰੂ ਗ੍ਰੰਥ ਸਾਹਿਬ` ਨਾਂ ਦੇਣ ਦੇ ਪਿਛੋਕੜ ਵਿੱਚ ਭਾਵੇਂ ਉਨ੍ਹਾਂ ਦੀ ਨਿਮਰਤਾ ਛੁਪੀ ਹੋਈ
ਹੈ। ਕਿਉਂਕਿ, ਗੁਰਬਾਣੀ ਦੇ ਅਰਥ ਲਿਖਦਿਆਂ ਉਹ ਅਜਿਹਾ ਮੰਨ ਕੇ ਚੱਲਦੇ ਸਨ ਸਨ ਕਿ ਮੈਂ ਤਾਂ
ਸਿਖਿਆਰਥੀ ਦੇ ਰੂਪ ਵਿੱਚ ਗੁਰੂ ਜੀ ਤੋਂ ਸੰਥਿਆ ਲੈ ਰਿਹਾਂ ਹਾਂ। ਕਿਉਂਕਿ, ਇਸ ਪੋਥੀ ਦੀ ਭੂਮਿਕਾ
ਲਿਖਦਿਆਂ ਭਾਈ ਸਾਹਿਬ ਜੀ ਦੇ ਭ੍ਰਾਤਾ ਡਾ. ਬਲਬੀਰ ਸਿੰਘ ਜੀ ਹੁਰਾਂ ਨੇ ਉਨ੍ਹਾਂ ਦਾ ਇੱਕ ਬੜਾ ਮਹਤਵ
ਪੂਰਨ ਹੱਥ ਲਿਖਤ ਨੋਟ ਅੰਕਤ ਕੀਤਾ ਹੈ, ਜੋ ਇਉਂ ਹੈ –
“ਇਸ ਪੁਸਤਕ ਦਾ ਨਾਮ ‘ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ` ਕਿਉਂ ਹੈ?
ਇਸ ਦਾ ਨਾਮ ਕੋਈ ਵਡੇਰਾ ਹੋਣਾ ਚਾਹੀਦਾ ਸੀ। ਇਸ ਵਿੱਚ ਜੋ ਮੂਲ ਹੈ ਉਹ ਤਾਂ ਵਡੇ ਤੋਂ ਵੱਡੀ ਵਸਤੂ
ਹੈ, ਉਹ ਧੁਰ ਕੀ ਬਾਣੀ ਹੈ, ਜੋ ਧੁਰੋਂ ਆਈ ਹੈ, ਜੋ ਗੁਰੂ ਹੈ, ਅੰਮ੍ਰਿਤ ਭਰਪੂਰ ਹੈ। ਅਗਮ ਅਗਾਧ ਦੀ
ਬਾਣੀ ਹੋਣ ਕਰਕੇ ਆਪ ਅਗਾਧ ਹੈ, ਪਰ ਇਸ ਦੇ ਅਰਥ ਤੇ ਭਾਵ ਆਦਿਕ, ਜੋ ਇਸ ਵਿੱਚ ਲਿਖੇ ਗਏ ਹਨ, ਉਹ
ਇੱਕ ਅਲਪੱਗ ਜੀਵ ਦਾ ਪ੍ਰਯਤਨ ਹੈ, ਇਸ ਨੂੰ ਸਮਝਣ ਦਾ; ਤੇ ਜਿਥੋਂ ਤੱਕ ਇਸੇ ਬਾਣੀ ਦੀ ਸਹਾਇਤਾ ਨਾਲ
ਇਸ ਦੀ ਵੱਧ ਤੋਂ ਵੱਧ ਸਮਝ ਆ ਸਕੇ, ਉਹ ਇਸ ਦੇ ਚਰਨਾਂ ਵਿੱਚ ਬੈਠ ਕੇ ਇਸ ਤੋਂ ਪ੍ਰਾਪਤ ਕੀਤੀ ਜਾਵੇ।
ਇਸ ਕਰਕੇ ਇਹ ਇੱਕ ਤਰ੍ਹਾਂ ਸੰਥਿਆ ਹੈ, ਜੋ ਬਾਣੀ ਦੀ ਸ਼ਰਣ ਲਿਆਂ ਵਿਦ੍ਯਾਰਥੀ ਵਾਙੂੰ ਮਿਲੀ ਹੈ, ਇਹ
ਮੁਤਾਲਿਆ ਹੈ ਗੁਰਬਾਣੀ ਦੀ, ਤੇ ਕਰਨ ਵਾਲੇ ਦੀ ਅਲਪੱਗਤਾ ਦੇ ਕਾਰਣ ਕੋਈ ਅਭੁੱਲਤਾ ਦਾ ਦਾਵਾ ਨਹੀਂ:-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (ਸਿਰੀ ਮਃ ੧-੧੨)
ਪਰ, ਇਸ ਟੀਕੇ ਨੂੰ ਪੜ੍ਹਦਿਆਂ ਤੇ ਉਸ ਦੀ ਬਣਤਰ ਨੂੰ ਵਾਚਦਿਆਂ ਇਹ ਤੱਥ ਵੀ ਸਪਸ਼ਟ ਨਿਰਣੈ
ਹੁੰਦਾ ਹੈ ਕਿ ‘ਸੰਥਿਆ` ਦਾ ਅਰਥ ਕੇਵਲ ਗੁਰਬਾਣੀ ਦੇ ਪਾਠ ਦਾ ਸ਼ੁਧ ਉਚਾਰਨ ਸਿਖਾਉਣਾ ਹੀ ਨਹੀਂ।
ਸਗੋਂ, ਲਫ਼ਜ਼ਾਂ ਦੇ ਭਾਸ਼ਾਈ ਤੇ ਵਿਆਕ੍ਰਣਿਕ ਰੂਪ (ਨਿਰੁਕਤ), ਸ਼ਬਦਾਰਥ, ਭਾਵ-ਅਰਥ ਅਤੇ ਸਾਧਨਾ ਦੀ
ਦ੍ਰਿਸ਼ਟੀ ਤੋਂ ਸਿਧਾਂਤਕ ਵਿਆਖਿਆ ਸਮਝਾਉਣਾ ਵੀ ਸੰਥਿਆ ਦਾ ਹੀ ਭਾਗ ਹੈ। ਇਸ ਦ੍ਰਿਸ਼ਟੀਕੋਨ ਤੋਂ
ਸੰਥਿਆ ਦੇ ਵੱਖ ਵੱਖ ਅੰਗਾਂ ਨੂੰ ਹੇਠ ਲਿਖੇ ਮੁਤਾਬਿਕ ਨਿਖੇੜ ਕੇ ਸਮਝਿਆ ਜਾ ਸਕਦਾ ਹੈ:
1- ਗੁਰਬਾਣੀ ਦੀਆਂ ਸੰਯੁਕਤ (ਜੁੜਵੀਆਂ) ਤੁਕਾਂ ਨੂੰ ਪਦ-ਛੇਦ ਕਰਨਾ।
2- ਲਫ਼ਜ਼ਾਂ ਦੇ ਭਾਸ਼ਾਈ ਮੂਲ ਤੇ ਪਦ-ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਵਿਆਕ੍ਰਣਿਕ ਦ੍ਰਿਸ਼ਟੀਕੋਨ ਤੋਂ
ਲਫ਼ਜ਼ਾਂ ਦਾ ਸ਼ੁਧ ਉਚਾਰਣ ਸਮਝਾਉਣਾ ਤੇ ਪਦ-ਅਰਥ ਦੱਸਣਾ।
3- ਸੰਪੂਰਨ ਸ਼ਬਦ ਦੇ ਪ੍ਰਕਰਣ ਤੇ ਤੁਕ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਤੁਕ ਅੰਦਰਲੀ ਵਿਆਕ੍ਰਣਿਕ
ਸਾਂਝ `ਤੇ ਅਧਾਰਿਤ ਵਾਕ-ਵੰਡ ਲਈ ਵਿਸਰਾਮ ਨਿਸ਼ਚਤ ਕਰਨੇ। ਤਾਂ ਜੋ ਪਾਠਕ ਨੂੰ ਪੜ੍ਹਦਿਆਂ ਅਤੇ
ਸ੍ਰੋਤਿਆਂ ਨੂੰ ਸੁਣਦਿਆਂ ਵਾਕਾਂ ਦੇ ਅਰਥ ਸੁਭਾਵਿਕ ਹੀ ਸਮਝ ਆਉਂਦੇ ਜਾਣ।
4- ‘ਰਹਾਉ` ਦੇ ਰੂਪ ਵਿੱਚ ਸਥਾਪਿਤ ਸ਼ਬਦ ਦੇ ਕੇਂਦਰੀ ਭਾਵ ਨੂੰ ਧਿਆਨ ਵਿੱਚ ਰੱਖ ਕੇ ਤੁਕ-ਅਰਥ
ਸਮਝਾਉਣੇ।
5- ਸ਼ਬਦ ਦਾ ਸਮੁੱਚਾ ਭਾਵਾਰਥ ਤੇ ਸਿਧਾਂਤਕ ਪੱਖ ਸਮਝਾਉਣਾ। ਤਾ ਕਿ ਗੁਰਬਾਣੀ ਦੀ ਸਿਖਿਆ ਨੂੰ ਜੀਵਨ
ਵਿਹਾਰ ਦਾ ਭਾਗ ਬਣਾਇਆ ਜਾ ਸਕੇ। ਕਿਉਂਕਿ, ਗੁਰਸਿੱਖੀ ਅਮਲੀ ਜੀਵਨ ਹੈ, ਨਾ ਕਿ ਕਰਮਕਾਂਡੀ
ਪਠਨ-ਪਾਠ।
ਜਿਵੇਂ
(ੳ) ਤੀਰਥਿ ਨਾਵਾ (ਨ੍ਹਾਵਾਂ), ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ (ਨ੍ਹਾਇ) ਕਰੀ।। - ਜਪੁ
(ਮਃ ੧) ਗੁਰੂ ਗ੍ਰੰਥ ਸਾਹਿਬ - ਪੰਨਾ ੨
(ਅ) ਥਾਵਾ ਨਾਵ (ਨਾਂਵ) ਨ ਜਾਣੀਅਹਿ; ਨਾਵਾ (ਨਾਵਾਂ), ਕੇਵਡੁ ਨਾਉ (ਨਾਉਂ) ? ।। - ਸਿਰੀਰਾਗੁ
(ਮਃ ੧) ਗੁਰੂ ਗ੍ਰੰਥ ਸਾਹਿਬ -ਪੰਨਾ ੫੩
(ੲ) ਅਠੀ ਪਹਰੀ, ਅਠ ਖੰਡ; ਨਾਵਾ (ਨਾਵਾਂ) ਖੰਡੁ ਸਰੀਰੁ।। - ਮਾਝ ਕੀ ਵਾਰ (ਮਃ
੨) ਗੁਰੂ ਗ੍ਰੰਥ ਸਾਹਿਬ - ਪੰਨਾ ੧੪੬
(ਸ) ਜੇ ਤੂੰ ਪੜਿਆ (ਪੜ੍ਹਿਆ) ਪੰਡਿਤੁ ਬੀਨਾ; ਦੁਇ ਅਖਰ, ਦੁਇ ਨਾਵਾ।। - ਬਸੰਤੁ (ਮਃ ੧) ਗੁਰੂ
ਗ੍ਰੰਥ ਸਾਹਿਬ - ਅੰਗ ੧੧੭੧
(ਹ) ਜਮ ਡੰਡਾ, ਗਲਿ ਸੰਗਲੁ ਪੜਿਆ; ਭਾਗਿ ਗਏ ਸੇ ਪੰਚ ਜਨਾ।। ੩।। - ਗਉੜੀ (ਮਃ ੧) ਗੁਰੂ ਗ੍ਰੰਥ
ਸਾਹਿਬ - ਅੰਗ ੧੫੫
ਭੁਲ-ਚੁਕ ਮੁਆਫ਼।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ,
ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ, ਮੈਲਬਰਨ।