.

ਭੱਟ ਬਾਣੀ-65

ਬਲਦੇਵ ਸਿੰਘ ਟੋਰਾਂਟੋ

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ।।

ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ।।

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ।।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ।। ੩।।

(ਪੰਨਾ ੧੪੦੭)

ਪਦ ਅਰਥ:- ਜਨਕ – ਜਨਮ ਦਾਤਾ, ਕਰਤਾ। ਰਾਜੁ – ਰਹੱਸ, ਭੇਦ। ਬਰਤਾਇਆ – ਬਣਾਇਆ ਹੋਇਆ ਸੀ। ਸਤਜੁਗੁ – ਸਤਜੁਗ ਦੀ ਸ਼ੁਰੂਆਤ ਤੋਂ ਵੀ ਪਹਿਲਾਂ। ਆਲੀਣਾ – ਸਮਾਇਆ ਹੋਇਆ (Creator in his creation)ਗੁਰ ਸਬਦੇ – ਕਰਤੇ ਦੀ ਬਖ਼ਸ਼ਿਸ਼ ਗਿਆਨ। ਮਨੁ ਮਾਨਿਆ – ਮਨ ਮੰਨਿਆ। ਅਪਤੀਜੁ – ਨਾ ਪਤੀਜਣ ਵਾਲਾ। ਪਤੀਜ – ਪਤੀਜਣ ਵਾਲਾ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਕਰਕੇ। ਨਾਨਕੁ – ਨਾਨਕ ਜੀ ਨੇ। ਸਚੁ ਨੀਵ – ਸੱਚ ਗਿਆਨ ਦੀ ਨੀਂਹ। ਸਾਜਿ – ਰੱਖਣੀ, ਰੱਖੀ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਕਰਤਾ। ਸੰਗਿ – ਨਾਲ। ਲੀਣਾ – ਲੀਨ ਹੋ ਜਾਣਾ। ਅਰਜੁਨੁ – ਅਰਜਨ ਦੇਵ ਜੀ ਨੇ ਗਿਆਨ ਨੂੰ। ਘਰਿ – ਘਰ ਵਿੱਚ। ਗੁਰ – ਉਸ ਕਰਤੇ ਦੀ ਬਖ਼ਸ਼ਿਸ਼ ਗਿਆਨ। ਬੀਣਾ – ਗਿਆਨ ਦੀ ਬੀਣਾ ਨੂੰ ਅੱਗੇ ਵਜਾਇਆ ਭਾਵ ਹੋਰਨਾਂ ਤੱਕ ਪ੍ਰਚਾਰਿਆ।

ਅਰਥ:- ਹੇ ਭਾਈ! ਜਿਸ ਜਨਮਦਾਤੇ (ਕਰਤੇ) ਦੇ ਸੱਚ ਨੂੰ (ਕਰਮ-ਕਾਂਡੀਆਂ ਵੱਲੋਂ) ਇੱਕ ਰਹੱਸ ਬਣਾਇਆ ਹੋਇਆ ਸੀ, ਉਹ ਕਰਤਾ ਸਤਜੁਗ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਸਮਾਇਆ (ਭਾਵ ਆਪਣੀ ਰਚਨਾ ਵਿੱਚ ਹੀ ਸਮਾਇਆ) ਹੋਇਆ ਹੈ। ਉਸ ਦੀ ਬਖ਼ਸ਼ਿਸ਼ ਗਿਆਨ ਦੇ ਨਾਲ ਮੇਰਾ ਨਾ ਪਤੀਜਣ ਵਾਲਾ ਮਨ ਵੀ ਪਤੀਜ ਗਿਆ। ਪਹਿਲਾਂ ਨਾਨਕ ਜੀ ਇਸ ਗਿਆਨ ਨੂੰ ਆਪ ਦ੍ਰਿੜ੍ਹ ਕਰਕੇ ਸਦੀਵੀ ਸਥਿਰ ਰਹਿਣ ਵਾਲੇ ਦੇ ਸੰਗ ਲੀਨ ਹੋਏ ਅਤੇ ਫਿਰ ਇਸ ਸੱਚ ਗਿਆਨ ਦੀ ਅੱਗੇ ਨੀਂਹ ਰੱਖੀ। ਇਸੇ ਤਰ੍ਹਾਂ ਅਰਜਨ ਦੇਵ ਜੀ ਨੇ ਉਸ ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਆਪਣੇ ਜੀਵਨ ਵਿੱਚ ਦ੍ਰਿੜ੍ਹ ਕਰਕੇ ਰਾਮਦਾਸ ਜੀ ਦੇ ਘਰ ਵਿੱਚ ਇਸ ਗਿਆਨ ਦੀ ਅਪ੍ਰੰਪਰ ਬੀਣਾ ਨੂੰ ਅੱਗੇ ਵਜਾਇਆ ਭਾਵ ਪ੍ਰਚਾਰਿਆ।

ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿ੍ਯ੍ਯਓ

ਬਿਮਲ ਬੁਧਿ ਸਤਿਗੁਰਿ ਸਮਾਣਉ।।

ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ।।

ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ।।

ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ।। ੪।।

(ਪੰਨਾ ੧੪੦੭)

ਪਦ ਅਰਥ:- ਖੇਲੁ – ਖੇਲ। ਗੂੜੑਉ – ਅਸਚਰਜ। ਕੀਅਉ – ਕਰਿਆ, ਰਚਿਆ। ਹਰਿ ਰਾਇ – ਪਾਲਕ ਅਤੇ ਰੱਖਿਅਕ ਹਰੀ, ਕਰਤਾ। ਸੰਤੋਖਿ – ਸਬਰ ਨਾਲ। ਸਮਾਚਰਿ੍ਯ੍ਯਓ – (ਮ: ਕੋਸ਼) ਅਨੁਸਾਰ ਇਹ ਸੰ: ਦੇ ਸ਼ਬਦ ਸਮਾਚਰਣ ਤੋਂ ਹੈ ਜਿਸ ਦਾ ਅਰਥ ਹੈ ਆਚਰਣ, ਨੇਕ ਚਾਲ-ਚਲਣ, ਅਮਲ ਕਰਨਾ, ਅਭਿਆਸ ਕਰਨਾ। ਬਿਮਲ ਬੁਧਿ – ਨਿਰਮਲ ਵੀਚਾਰਧਾਰਾ। ਸਤਿਗੁਰਿ - ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ। ਸਮਾਣਉ – ਲੀਨ ਹੋ ਗਏ। ਆਜੋਨੀ – ਜੋ ਜੂਨ ਵਿੱਚ ਨਹੀਂ ਆਉਂਦਾ ਅਜੂਨੀ ਕਰਤਾ। ਸੰਭਵਿਅਉ – ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਕਰਤਾ (ਗੁ: ਗ੍ਰ: ਦਰਪਣ)। ਸੁ – ਉਸ। ਜਸੁ – ਜੱਸ ਕਰਨਾ ਭਾਵ ਪ੍ਰਚਾਰ ਕਰਨਾ। ਕਲ੍ਯ੍ਯ - ਅਗਿਆਨਤਾ। ਕਵੀਅਣਿ – ਤਸਵੀਰ। ਜਿਵੇਂ ਇੱਕ ਕਵੀ ਕਿਸੇ ਵਿਸ਼ੇ `ਤੇ ਆਪਣੀ ਰਚਨਾ ਰਾਹੀਂ ਤਸਵੀਰ ਪੇਸ਼ ਕਰਦਾ ਹੈ। ਬਖਾਣਿਅਉ – ਪੇਸ਼ ਕਰਨਾ, ਕੀਤੀ। ਗੁਰਿ – ਗਿਆਨ ਨੂੰ ਅੱਗੇ ਦੇਣਾ। ਨਾਨਕਿ – ਨਾਨਕ ਜੀ ਨੇ। ਵਰ੍ਯ੍ਯਉ – ਸੌਂਪਿਆ। ਅੰਗਦਿ – ਅੰਗਦ ਦੇਵ ਜੀ ਨੇ। ਅਮਰ – ਅਮਰਦਾਸ ਜੀ। ਨਿਧਾਨੁ – ਖ਼ਜ਼ਾਨਾ ਅੱਗੇ ਸਪੁਰਦ ਕਰਨਾ। ਗੁਰਿ – ਗਿਆਨ ਨੂੰ ਅੱਗੇ ਦੇਣਾ। ਅਰਜੁਨੁ – ਅਰਜਨ ਦੇਵ ਜੀ ਨੇ ਗਿਆਨ ਨੂੰ। ਵਰ੍ਯ੍ਯਉ – ਸੌਂਪਿਆ। ਪਾਰਸੁ – ਪਾਰਸ ਰੂਪ ਨਿਰਮਲ ਵੀਚਾਰਧਾਰਾ। ਪਰਸੁ – ਪਰਸਿਆ, ਅਪਣਾਇਆ। ਪ੍ਰਮਾਣੁ – ਸਬੂਤ।

ਅਰਥ:- ਹੇ ਭਾਈ! ਜਿਨ੍ਹਾਂ ਨੇ ਇਹ ਜਾਣ ਲਿਆ ਕਿ ਇਹ ਸ੍ਰਿਸ਼ਟੀ ਦਾ ਅਸਚਰਜ ਖੇਲ ਸੱਚ ਰੂਪ ਹਰੀ (ਕਰਤੇ) ਨੇ ਹੀ ਰਚਿਆ ਹੈ, ਉਨ੍ਹਾਂ ਨੇ ਹੀ ਸਬਰ ਨਾਲ ਇਸ ਗੱਲ `ਤੇ ਅਮਲ ਕੀਤਾ ਅਤੇ ਉਹ ਇਸ ਨਿਰਮਲ ਵੀਚਾਰਧਾਰਾ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਇਸ ਗਿਆਨ ਵਿੱਚ ਲੀਨ ਹੋ ਗਏ। ਜਿਹੜੇ ਇਸ ਸੱਚ ਵਿੱਚ ਲੀਨ ਹੋ ਗਏ ਉਨ੍ਹਾਂ ਨੇ ਉਸ ਅਜੂਨੀ (ਕਦੇ ਵੀ ਨਾ ਜੂਨ ਵਿੱਚ ਨਾ ਆਉਣ ਵਾਲੇ ਕਰਤੇ) ਦੇ ਜਸੁ-ਪ੍ਰਚਾਰ ਰਾਹੀਂ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦੀ ਸਹੀ ਤਸਵੀਰ ਪੇਸ਼ ਕੀਤੀ। ਨਾਨਕ ਜੀ ਨੇ ਇਹ ਗਿਆਨ ਅੱਗੇ ਅੰਗਦ ਜੀ ਨੂੰ ਸੌਂਪਿਆ, ਅੰਗਦ ਦੇਵ ਜੀ ਨੇ ਇਹ ਗਿਆਨ ਦਾ ਖ਼ਜ਼ਾਨਾ ਅੱਗੇ ਅਮਰਦਾਸ ਜੀ ਦੇ ਸਪੁਰਦ ਕੀਤਾ। ਇਸੇ ਤਰ੍ਹਾਂ ਇਹ ਗਿਆਨ ਦਾ ਖ਼ਜ਼ਾਨਾ ਅੱਗੇ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ ਸੌਂਪਿਆ ਅਤੇ ਇਸ ਗਿਆਨ ਰੂਪ ਪਾਰਸ ਨੂੰ ਅਰਜਨ ਦੇਵ ਜੀ ਨੇ ਪਰਸਿਆ (ਨਾਨਕ ਜੀ ਦੀ ਵੀਚਾਰਧਾਰਾ ਨੂੰ ਪਰਸਿਆ ਭਾਵ ਅਪਣਾਇਆ ਅਤੇ ਨਾਨਕ ਰੂਪ ਹੀ ਹੋ ਗਏ) ਜੋ ਆਪਣੇ ਆਪ ਵਿੱਚ ਆਪ ਹੀ ਪ੍ਰਮਾਣ-ਸਬੂਤ ਭਾਵ ਆਪਣੀ ਮਿਸਾਲ ਆਪ ਹਨ।




.