. |
|
ਕੁਝ ਦਿਲਚਸਪ ਘਟਨਾਵਾਂ
ਕਈ ਵਾਰੀ ਕਿਸੇ ਵਿਅਕਤੀ ਦੇ
ਮੂਹੋਂ, ਭਵਿਖ ਵਿੱਚ ਵਾਪਰ ਜਾਣ ਵਾਲ਼ੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਭਵਿਖਬਾਣੀਆਂ ਸਮੇ ਤੋਂ
ਪਹਿਲਾਂ ਹੀ ਨਿਕਲ਼ ਜਾਂਦੀਆਂ, ਜੋ ਸਮਾ ਬੀਤਣ ਨਾਲ਼ ਸੱਚੀਂ ਹੀ ਵਾਪਰ ਜਾਂਦੀਆਂ ਨੇ। ਅਜਿਹੀਆਂ
ਘਟਨਾਵਾਂ ਮਨੁਖਤਾ ਲਈ ਮਾੜੀਆਂ ਵਧੇਰੇ ਸਹੀ ਹੋ ਜਾਂਦੀਆਂ ਨੇ ਤੇ ਚੰਗੀਆਂ ਸ਼ਾਇਦ ਨਾ ਵਾਪਰਨ ਜਾਂ ਘੱਟ
ਵਾਪਰਦੀਆਂ ਹੋਣ!
ਇਕ ਗੱਲ਼: ਸਾਲ ੧੯੮੩ ਦੇ ਅੰਤਲੇ ਕਿਸੇ ਮਹੀਨੇ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਤਤਕਾਲੀ ਪ੍ਰਧਾਨ, ਸ. ਗੁਰਚਰਨ ਸਿੰਘ ਟੌਹੜਾ ਦਾ ਇਹ ਬਿਆਨ ਅਖ਼ਬਾਰਾਂ ਵਿੱਚ ਛਪਿਆ, ਮੈਂ ਪੜ੍ਹਿਆ
ਕਿ ਡੇਹਰਾਦੂਨ ਦੇ ਨੇੜੇ, ਚਕਰਾਤਾ ਦੀਆਂ ਪਹਾੜੀਆਂ ਵਿਚ, ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ,
ਕਮਾਡੋਜ਼ ਨੂੰ ਟ੍ਰੇਨਿੰਗ ਦਿਤੀ ਜਾ ਰਹੀ ਹੈ ਤਾਂ ਕਿ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕੀਤਾ ਜਾ
ਸਕੇ। ਮੈਂ ਸਰਸਰੀ ਇਹ ਖ਼ਬਰ ਪੜ੍ਹ ਲਈ ਤੇ ਨਜ਼ਰ ਅੰਦਾਜ਼ ਕਰ ਦਿਤੀ ਪਰ ਸਮਾ ਆਉਣ ਤੇ ਇਹ ਸੱਚੀ ਸਾਬਤ
ਹੋਈ।
ਦੂਜੀ ਗੱਲ: ਸਾਲ ੧੯੮੮ ਵਿੱਚ ਰਾਜੀਵ ਗਾਂਧੀ ਵਲੈਤ ਗਿਆ ਸੀ ਤੇ ਓਥੇ ਦੇ ਮੀਡੀਏ ਨਾਲ਼ ਗੱਲ
ਬਾਤ ਸਮੇ ਪੰਜਾਬ ਵਿਚਲੀ ‘ਗੜਬੜ’ ਵਾਲ਼ੀ ਸਮੱਸਿਆ ਬਾਰੇ ਪੁੱਛ ਦਾ ਉਤਰ ਦਿੰਦਿਆਂ ਉਸ ਨੇ ਆਖਿਆ ਕਿ ਇਹ
ਚਾਰ ਸਾਲਾਂ ਵਿੱਚ ਮੁੱਕ ਜਾਵੇਗੀ। ੧੯੯੨ ਵਿੱਚ ਬੇਅੰਤ ਸਿੰਘ ਤੇ ਕੇ. ਪੀ. ਐਸ. ਗਿੱਲ ਤੋਂ ਜ਼ੁਲਮ
ਕਰਵਾ ਕੇ ਇਹ ਲਹਿਰ ਮੁਕਾ ਦਿਤੀ ਗਈ।
ਤੀਜੀ ਗੱਲ: ਇਹ ਗੱਲ ਜਨਵਰੀ ੧੯੭੯ ਦੀ ਹੈ। ਮੈਂ ਓਹਨੀਂ ਦਿਨੀਂ ਇੰਗਲੈਂਡ, ਅਮ੍ਰੀਕਾ ਤੇ
ਕੈਨੇਡਾ ਦੀ ਯਾਤਰਾ ਦੌਰਾਨ, ਕੈਲੇਫ਼ੋਰਨੀਆ ਦੇ ਸ਼ਹਿਰ, ਲਾਸ ਏਂਜਲਜ਼ ਵਿਚ, ਯੋਗੀ ਹਰਭਜਨ ਸਿੰਘ ਖ਼ਾਲਸਾ
ਜੀ ਦੇ ਪਾਸ ਠਹਿਰਿਆ ਹੋਇਆ ਸਾਂ। ਮੇਰੇ ਉਸ ਪਾਸ ਪੁੱਜਣ ਵਾਲ਼ਾ ਦਿਨ ਬੁਧਵਾਰ ਸੀ ਜਿਸ ਦਿਨ ਯੋਗੀ ਜੀ
ਛੁੱਟੀ ਮਨਾਇਆ ਕਰਦੇ ਸਨ। ਇਸ ਮੁਲਾਕਾਤ ਦਾ ਜ਼ਿਕਰ ਮੈਂ ਉਹਨਾਂ ਸਬੰਧੀ, ਮੇਰੇ ਪਾਸੋਂ ਲਿਖਵਾਏ ਗਏ
ਇੱਕ ਲੇਖ ਵਿੱਚ ਕਰ ਚੁੱਕਾ ਹਾਂ। ਇਹ ਲੇਖ ਮੇਰੀ ਪੰਜਵੀਂ ਕਿਤਾਬ ‘ਜੋ ਵੇਖਿਆ ਸੋ ਆਖਿਆ’ ਦੀ ਦੂਜੀ
ਐਡੀਸ਼ਨ ਵਿੱਚ ਛਪ ਵੀ ਚੁੱਕਿਆ ਹੈ। ਪਹਿਲੇ ਦਿਨ ਹੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੌਰਾਨ ਯੋਗੀ
ਖ਼ਾਲਸਾ ਜੀ ਨੇ ਇੱਕ ਬੜਾ ਅਹਿਮ ਇਨਕਸ਼ਾਫ਼ ਵੀ ਕੀਤਾ ਜੋ ਕਿ ਉਸ ਸਮੇ ਮੇਰੇ ਮੰਨਣ ਵਿੱਚ ਨਹੀਂ ਸੀ ਆਇਆ
ਪਰ ਕਿਸੇ ਹੱਦ ਤੱਕ ਉਹ ਸਮਾ ਪੈਣ ਤੇ ਸਹੀ ਨਿਕਲ਼ ਆਇਆ। ਭੇਦ ਇਹ ਸੀ ਕਿ ਉਹਨਾਂ ਨੇ ਦੱਸਿਆ ਕਿ ਆਹ
ਜੇਹੜਾ ਗਰੁੱਪ ਦੀਵਾਨਾਂ ਵਿੱਚ ਸੰਗਤਾਂ ਪਾਸੋਂ ਪੈਸੇ ਇਕੱਠੇ ਕਰ ਰਿਹਾ ਹੈ, ਇਹਨਾਂ ਪੈਸਿਆਂ ਨਾਲ਼
ਹਥਿਆਰ ਖਰੀਦੇ ਜਾਣੇ ਨੇ ਤੇ ਪੰਜਾਬ ਵਿੱਚ ਸਿਆਸੀ ਲੀਡਰਾਂ ਦੇ ਕਤਲ ਹੋਣੇ ਨੇ। ਓਹਨੀਂ ਦਿਨੀਂ
ਗੁਰਦੁਆਰਿਆਂ ਵਿੱਚ ਸਜਣ ਵਾਲੇ ਦੀਵਾਨਾਂ ਵਿਚ, ਚਾਦਰ ਫੜ ਕੇ ਦੀਵਾਨ ਵਿੱਚ ਬੈਠੀ ਸੰਗਤ ਵਿੱਚ ਫੇਰ
ਕੇ, ਡਾਲਰਾਂ ਦੀ ਉਗ੍ਰਾਹੀ ਕੀਤੀ ਜਾਂਦੀ ਸੀ। ਸੰਗਤਾਂ ਨੂੰ ਇਸ ਉਗ੍ਰਾਹੀ ਦਾ ਕਾਰਨ ਇਹ ਦੱਸਿਆ
ਜਾਂਦਾ ਸੀ ਕਿ ਇਸ ਮਾਇਆ ਨਾਲ਼ ਪੰਜਾਬ ਅੰਦਰ ਸਿੱਖੀ ਪ੍ਰਚਾਰ ਵਾਸਤੇ ਸਾਧਨ ਜੁਟਾਏ ਜਾਣਗੇ ਤੇ ਉਸ
ਪ੍ਰਚਾਰ ਨਾਲ਼ ਸਿੱਖਾਂ ਨੂੰ ਵੱਖ ਵੱਖ ਡੇਰਿਆਂ ਦੇ ਜਾਲ਼ ਵਿੱਚ ਫਸਣ ਤੋਂ ਰੋਕਿਆ ਜਾਵੇਗਾ। ਸੰਗਤ ਉਪਰ
ਅਜਿਹੀ ਵਿਚਾਰ ਦਾ ਅਸਰ ਵੀ ਹੁੰਦਾ ਸੀ ਕਿਉਂਕਿ ਅਜੇ ਤਾਜਾ ਹੀ ਅੰਮ੍ਰਿਤਸਰ ਦੀ ਨਿਰੰਕਾਰੀਆਂ ਨਾਲ਼
ਮੁੱਠ ਭੇੜ ਹੋਣ ਕਰਕੇ, ਸਿੱਖ ਸੰਗਤਾਂ ਵਿੱਚ ਡੇਰਾਦਾਰਾਂ ਦੇ ਖ਼ਿਲਾਫ਼ ਬਹੁਤ ਰੋਸੇ ਦੀ ਭਾਵਨਾ ਸੀ।
ਮੈਂ ਇਹ ਹੈਰਾਨੀ ਭਰੀ ਗੱਲ ਸੁਣ ਕੇ ਯੋਗੀ ਜੀ ਨੂੰ ਸਵਾਲ ਕੀਤਾ ਕਿ ਕੇਹੜੇ ਲੀਡਰਾਂ ਨੂੰ ਕਤਲ ਕੀਤਾ
ਜਾਵੇਗਾ ਤਾਂ ਉਹਨਾਂ ਨੇ ਕੁੱਝ ਕੁ ਲੀਡਰਾਂ ਦੇ ਨਾਂ ਵੀ ਲੈ ਦਿਤੇ। ਮੈਂ ਕਿਹਾ ਕਿ ਇਹਨਾਂ ਨੂੰ ਮੈਂ
ਦੱਸ ਦਿਆਂ ਤਾਂ ਉਹਨਾਂ ਨੇ ਕਿਹਾ ਕਿ ਦੱਸ ਦੇਵੋ ਪਰ ਮੈਂ ਇਸ ਨੂੰ ਗੰਭੀਰਤਾ ਨਾਲ਼ ਨਹੀਂ ਲਿਆ ਤੇ
ਕਿਸੇ ਨਾਲ਼ ਇਸ ਬਾਰੇ ਗੱਲ ਵੀ ਨਹੀਂ ਸੀ ਕੀਤੀ। ਗੱਲ ਨਾ ਕਰਨ ਦੇ ਕਾਰਨਾਂ ਵਿਚੋਂ ਇੱਕ ਇਹ ਵੀ ਸੀ ਕਿ
ਯੋਗੀ ਜੀ ਦੇ ਅਮ੍ਰੀਕਾ ਤੇ ਭਾਰਤ ਦੇ ਬਹੁਤ ਸਾਰੇ ਲੀਡਰਾਂ ਨਾਲ਼, ਉਹਨਾਂ ਦੇ ਖ਼ੁਦ ਦੱਸਣ ਮੁਤਾਬਿਕ,
ਨਿਘੇ ਸਬੰਧ ਹਨ। ਜੇਕਰ ਅਜਿਹੀ ਕੋਈ ਗੱਲ ਹੋਵੇ ਤਾਂ ਇਹ ਖ਼ੁਦ ਹੀ ਉਹਨਾਂ ਨੂੰ ਖ਼ਬਰਦਾਰ ਕਰ ਸਕਦੇ ਹਨ।
ਸਮੇ ਨਾਲ਼ ਅਜਿਹਾ ਕੁੱਝ ਹੋਇਆ ਵੀ ਤੇ ਕਰਨ ਦੇ ਯਤਨ ਵੀ ਪੰਜਾਬ ਵਿੱਚ ਹੋਏ।
ਉਪ੍ਰੋਕਤ ਗੱਲਾਂ ਬਾਰੇ ਤਾਂ ਅਸੀਂ ਸੋਚ ਸਕਦੇ ਹਾਂ ਕਿ ਉਹਨਾਂ ਵਸੀਲਿਆਂ ਵਾਲ਼ੇ ਸੱਜਣਾਂ ਨੂੰ ਆਪਣੇ
ਸੂਤਰਾਂ ਦੁਆਰਾ ਗੁਪਤ ਸਾਜਸ਼ਾਂ ਦਾ ਸਮੇ ਤੋਂ ਪਹਿਲਾਂ ਪਤਾ ਲੱਗ ਗਿਆ ਹੋਵੇਗਾ! ਸ. ਗੁਰਚਰਨ ਸਿੰਘ
ਟੌਹੜਾ ਨੂੰ ਲੰਮੇ ਸਮੇ ਤੋਂ ਐਮ. ਪੀ. ਹੋਣ ਕਰਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਇਹ ਭੇਤ ਵਾਲ਼ੀ ਗੱਲ
ਦੱਸ ਦਿਤੀ ਹੋਵੇਗੀ। ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਹੋਣ ਕਰਕੇ ਅੰਦਰੂਨੀ ਸਾਰੀਆਂ ਸਜਸ਼ਾਂ ਦਾ
ਪਤਾ ਹੋਵੇਗਾ ਤੇ ਇਹ ਵੀ ਪਤਾ ਹੋਵੇਗਾ ਕਿ ਇਹ ਸਾਰਾ ਕੁੱਝ ਕਿਉਂ ਕਰਵਾਇਆ ਜਾ ਰਿਹਾ ਹੈ ਤੇ ਇਸ ਨੂੰ
ਖ਼ਤਮ ਕਦੋਂ ਕਰਨਾ ਹੈ! ਜਿਵੇਂ ਇੰਦਰਾ ਦੇ ਕਤਲ ਤੋਂ ਬਾਅਦ ਬਹੱਤਰ ਘੰਟੇ ਸਾਰੇ ਹਿੰਦੁਸਤਾਨ ਵਿੱਚ
ਬੇਦੋਸ਼ੇ ਸਿੱਖਾਂ ਦਾ ਕਤਲਾਮ ਜਾਣ ਬੁਝ ਕੇ ਕਰਵਾਇਆ ਗਿਆ ਤੇ ਫਿਰ ਜਦੋਂ ਚਾਹਿਆ ਇੱਕ ਦਮ ਇਹ ਨਰ
ਸੰਘਾਰ ਸਮਾਪਤ ਕਰ ਦਿਤਾ ਗਿਆ ਜੋ ਕਿ ਸ਼ੁਰੂ ਵਿੱਚ ਹੀ ਬੜੀ ਆਸਾਨੀ ਨਾਲ਼ ਰੋਕਿਆ ਜਾ ਸਕਦਾ ਸੀ। ਭਾਈ
ਸਾਹਿਬ ਹਰਭਜਨ ਸਿੰਘ ਖ਼ਾਲਸਾ ਯੋਗੀ ਜੀ ਨੂੰ ਵੀ, ਵਸੀਲਿਆਂ ਵਾਲ਼ੇ ਹੋਣ ਕਰਕੇ ਇਸ ਭੇਤ ਦਾ ਪਤਾ ਲੱਗ
ਗਿਆ ਹੋਵੇਗਾ ਪਰ ਹੈਰਾਨੀ ਦੀ ਇਹ ਗੱਲ ਹੈ ਕਿ, ਅੱਗੇ ਲਿਖੀ ਜਾਣਕਾਰੀ, ਪਰਦੇਸ ਵਿੱਚ ਓਥੋਂ ਦੀ
ਸਰਕਾਰ ਤੋਂ ਲੁਕ ਕੇ ਬੈਠੇ ਨੌਜਵਾਨ ਨੂੰ, ਸਮੇ ਤੋਂ ੧੭ ਸਾਲ ਪਹਿਲਾਂ ਹੀ, ਕਿਵੇਂ ਮਿਲ਼ ਗਈ?
ਚੌਥੀ ਤੇ ਸਭ ਤੋਂ ਵੱਡੀ ਤੀਜੀ ਗੱਲ਼: ਗੱਲ ਇਹ ਮਈ ੧੯੭੭ ਦੀ ਹੈ; ਉਪ੍ਰੋਕਤ ਵਾਪਰੀਆਂ
ਘਟਨਾਵਾਂ ਤੋਂ ਵੀ ਵਾਹਵਾ ਚਿਰ ਪਹਿਲਾਂ ਦੀ। ਮੈਂ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ
ਨੌਕਰੀ ਛੱਡ ਕੇ ਦੁਨੀਆਂ ਭਰਮਣ ਦੇ ਇਰਾਦੇ ਨਾਲ਼, ਪਰਵਾਰ ਨੂੰ ਅੰਮ੍ਰਿਤਸਰ ਨੂੰ ਜਹਾਜੇ ਚੜ੍ਹਾ ਕੇ,
ਖ਼ੁਦ ਕੁੱਝ ਅਫ਼੍ਰੀਕਾ ਦੇ ਅਤੇ ਕੁੱਝ ਯੂਰਪ ਦੇ ਮੁਲਕਾਂ ਵਿੱਚ ਦੀ ਗੇੜਾ ਕੱਢਦਾ ਹੋਇਆ, ਵਲੈਤ ਵਿੱਚ
ਵੜਨ ਦੇ ਆਖਰੀ ਪੜਾ ਵਜੋਂ, ਹਾਲ਼ੈਂਡ (ਨੀਦਰਲੈਂਡ) ਦੇ ਸ਼ਹਿਰ, ਐਮਸਟਰਡੈਮ ਵਿੱਚ ਰੁਕਿਆ ਹੋਇਆ ਸਾਂ।
ਏਥੇ ਮੈਂ ਪਹਿਲਾਂ ਤਾਂ ਸਸਤੇ ਜਿਹੇ ਹੋਟਲ ਵਿੱਚ ਇੱਕ ਰਾਤ ਟਿਕਾਣਾ ਕੀਤਾ ਤੇ ਫਿਰ ਅਮ੍ਰੀਕਨ ਸਿੱਖਾਂ
ਦੇ ਆਸ਼੍ਰਮ ਵਿੱਚ ਜਾ ਡੇਰਾ ਲਾਇਆ। ਇਸ ਬਾਰੇ ਮੈਂ ਸ਼ਾਇਦ ਪਹਿਲਾਂ ਲਿਖੇ ਕਿਸੇ ਲੇਖ ਵਿੱਚ ਜ਼ਿਕਰ ਕਰ
ਚੁੱਕਾ ਹਾਂ।
ਇਸ ਸ਼ਹਿਰ ਵਿੱਚ ਦੋ ਹਫ਼ਤਿਆਂ ਦੇ ਕਿਆਮ ਦੌਰਾਨ, ਇੱਕ ਦਿਨ ਰਾਤ ਦੇ ਪ੍ਰਸ਼ਾਦੇ ਉਪਰ, ਵਿਚਾਰਾਂ ਕਰਨ
ਹਿਤ, ਓਥੇ ਰਹਿ ਰਹੇ ਕੁੱਝ ਗ਼ੈਰ ਕਾਨੂੰਨੀ ਸਿੱਖ ਨੌਜਵਾਨਾਂ ਨੇ ਮੈਨੂੰ ਸੱਦ ਲਿਆ। ਬਹੁਤ ਲੰਮੀਆਂ
ਚੌੜੀਆਂ ਏਧਰ ਓਧਰ ਦੀਆਂ ਵਿਚਾਰਾਂ ਦੌਰਾਨ, ਇੱਕ ਨੌਜਵਾਨ ਜਿਸ ਦਾ ਨਾਂ ਚੈਨ ਸਿੰਘ ਸੈਣੀ ਸੀ, ਨੇ
ਬਹੁਤ ਹੀ ਭਿਆਨਕ ਤੇ ਮੇਰੇ ਕਦੀ ਵੀ ਨਾ ਮੰਨਣ ਵਿੱਚ ਆ ਸਕਣ ਵਾਲ਼ੀ ਭਵਿਖਬਾਣੀ ਕੀਤੀ। ਉਸ ਨੇ ਕਿਹਾ
ਕਿ ਸ੍ਰੀ ਹਰਿਮੰਦਰ ਸਾਹਿਬ ਉਪਰ ਫੌਜ ਦਾ ਹਮਲਾ ਹੋਣਾ ਹੈ ਅਤੇ ਓਥੇ ਆਏ ਯਾਤਰੂਆਂ ਦਾ ਕਤਲਾਮ ਹੋਣਾ
ਹੈ। ਫੌਜਾਂ ਨੇ ਓਥੇ ਸ਼ਰਾਬ ਪੀਣੀ ਹੈ; ਸਿਗਰਟਾਂ ਪੀਣੀਆਂ ਹਨ ਇੱਕ ਦਿਨ। ਮੇਰੇ ਲਈ ਅਜਿਹੀ ਭਿਆਨਕ
ਤਸਵੀਰ ਕਾਂਬਾ ਛੇੜਨ ਵਾਲੀ ਸੀ ਤੇ ਮੈਂ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਉਸ ਨੇ ਕਿਹਾ ਕਿ
ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲ਼ੇ ਅਜਿਹਾ ਹੋਇਆ? ਹੁਣ ਵੀ ਹੋ ਸਕਦਾ ਹੈ। ਖ਼ੈਰ, ਮੇਰੇ ਸੰਘੋਂ ਇਹ
ਗੱਲ ਲੰਘਣੀ ਮੁਸ਼ਕਲ ਸੀ ਤੇ ਮੇਰੇ ਮੰਨਣ ਵਿੱਚ ਨਹੀਂ ਸੀ ਆਈ।
ਇਸ ‘ਭਿਆਨਕਤਾ’ ਨੂੰ ਮੰਨਣਾ ਤਾਂ ਕਿਤੇ ਰਿਹਾ, ਸਗੋਂ ਸੌਣ ਦੇ ਅੰਨ੍ਹੇ ਵਾਂਙ, ਓਹਨੀਂ ਦਿਨੀਂ ਮੈਨੂੰ
ਤਾਂ ਜਿਵੇਂ ਹਰੇਕ ਪਾਸੇ ‘ਹਰਿਆ’ ਹੀ ਦਿਸਦਾ ਹੁੰਦਾ ਸੀ। ਮੇਰੀ ਸੋਚ ਅੰਦਰ ਜੂਨ ੧੯੮੪ ਤੋਂ ਪਹਿਲਾਂ
ਭਾਰਤ ਦੀ ਤਸਵੀਰ ਰੰਗੀਨ ਹੀ ਦਿਸਦੀ ਹੁੰਦੀ ਸੀ। ਸੋਚਿਆ ਕਰਦਾ ਸਾਂ ਕਿ ਅਕਾਲੀ ਸਿਖਾਂ ਦੀਆਂ ਲੰਮੇ
ਸਮੇ ਤੱਕ ਕੀਤੀਆਂ ਕੁਰਬਾਨੀਆਂ ਨਾਲ ਪੰਜਾਬੀ ਸੂਬਾ ਬਣ ਗਿਆ ਹੈ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ
ਅਗਵਾਈ ਹੇਠ ਸ਼ਾਂਤਮਈ ਮੋਰਚਿਆਂ ਅਤੇ ਗੱਲਾਂ ਬਾਤਾਂ ਰਾਹੀਂ ਪੂਰਾ ਕਰਵਾਉਣਾ ਹੈ। ਫਿਰ ਸਾਰੇ ਸੂਬਿਆਂ
ਨੂੰ, ਓਥੋਂ ਦੀਆਂ ਸਥਾਨਕ ਸਿਆਸੀ ਜਮਾਤਾਂ ਦੇ ਮਿਲਵਰਤਣ ਨਾਲ਼, ਵਧ ਅਧਿਕਾਰ ਦਿਵਾ ਕੇ, ਸ੍ਰੀ
ਅਨੰਦਪੁਰ ਸਾਹਿਬ ਵਾਲ਼ੇ ਮਤੇ ਅਨੁਸਾਰ, ਭਾਰਤ ਨੂੰ ਸਹੀ ਮਾਹਨਿਆਂ ਵਿੱਚ ਸੰਘੀ ਰਾਜ ਬਣਾਉਣਾ ਹੈ।
ਫਿਰ ਜੂਨ ੧੯੭੫ ਵਾਲ਼ੀ ਇੰਦਰਾ ਗਾਂਧੀ ਵੱਲੋਂ ਠੋਸੀ ਗਈ ਐਮਰਜੈਂਸੀ ਵੀ ਖ਼ਤਮ ਜੋ ਚੁੱਕੀ ਸੀ। ਇਸ
ਐਮਰਜੈਂਸੀ ਦੇ ਖ਼ਿਲਾਫ਼, ਸਾਰੇ ਦੇਸ਼ ਵਿਚੋਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ, ਸ਼ਾਂਤਮਈ
ਮੋਰਚਾ ਵੀ ਲੱਗਾ ਰਿਹਾ ਸੀ ਤੇ ਐਮਰਜੈਂਸੀ ਚੁਕ ਕੇ ਚੋਣਾਂ ਦਾ ਐਲਾਨ ਹੋਣ ਪਿੱਛੋਂ ਹੀ ਮੋਰਚਾ ਸਮਾਪਤ
ਹੋਇਆ ਸੀ। ਫਿਰ ਚੋਣਾਂ ਹੋਈਆਂ ਤੇ ਅਕਾਲੀ ਆਗੂ, ਸ. ਆਤਮਾ ਸਿੰਘ ਨੇ ਤਿਹਾੜ ਜੇਹਲ ਅੰਦਰ ਬੰਦ
ਵਿਰੋਧੀ ਪਾਰਟੀਆਂ ਦੇ ਆਗੂਆਂ ਪ੍ਰੇਰ ਕੇ, ਇਕੋ ਜਥੇਬੰਦੀ ‘ਜਨਤਾ ਪਾਰਟੀ’ ਨਾਂ ਹੇਠ ਇਕੱਠਾ ਕਰਕੇ
ਚੋਣ ਲੜਵਾਈ ਅਤੇ ਜਿੱਤ ਪ੍ਰਾਪਤ ਕੀਤੀ। ਡਿਕਟੇਟਰ ਇੰਦਰਾ ਤੇ ਉਸ ਦਾ ਪੁੱਤਰ ਸੰਜੇ ਐਮ. ਪੀ. ਵੀ ਨਾ
ਬਣ ਸਕੇ। ਭਾਰਤ ਦੇ ਅਜਿਹੇ ਉਤਸ਼ਾਹੀ ਵਾਤਾਵਰਣ ਸਮੇ ਮੈਂ ਭਾਵੇਂ, ਪੰਜਾਬੋਂ ਬਹੁਤ ਦੂਰ, ਇੱਕ
ਗੁੰਮਨਾਮ ਜਿਹੇ ਅਫ਼੍ਰੀਕਨ ਮੁਲਕ, ਮਲਾਵੀ ਵਿੱਚ ਹੀ ਰਹਿੰਦਾ ਸਾਂ ਪਰ ਇਸ ਉਤਸ਼ਾਹ ਦੀ ਗਰਮੀ ਦਾ ਨਿਘ
ਓਥੇ ਵੀ ਮਾਣ ਰਿਹਾ ਸਾਂ। ਇਸ ਸਭ ਕਾਸੇ ਵਿੱਚ ਖ਼ੁਦ ਨੂੰ ਸ਼ਾਮਲ ਸਮਝ ਰਿਹਾ ਸਾਂ। ਅਜਿਹੀ ਉਤਸ਼ਾਹੀ
ਮਾਨਸਕ ਅਵਸਥਾ ਵਿੱਚ ਵਿਚਰਨ ਸਮੇ, ਇਹੋ ਜਿਹੀ ਭਿਆਨਕ ਭਵਿੱਖਬਾਣੀ ਸੁਣ ਕੇ ਮੰਨ ਸਕਣੀ ਮੇਰੇ ਲਈ
ਮੁਸ਼ਕਲ ਸੀ; ਪਰ ਬਦਕਿਸਮਤੀ ਨਾਲ਼, ਸਮਾ ਪਾ ਕੇ, ਇਹ ਸਭ ਕੁੱਝ ਸੱਚ ਹੋ ਗਿਆ ਤੇ ਜਿੰਨਾ ਉਸ ਨੌਜਵਾਨ
ਚੈਨ ਸਿੰਘ ਸੈਣੀ ਨੇ ਕਲਪਿਆ ਸੀ ਉਸ ਤੋਂ ਵੀ ਕਈ ਗੁਣਾਂ ਵਧੇਰੇ ਭਿਆਨਕ ਰੂਪ ਵਿੱਚ ਹੋ ਗੁਜਰਿਆ।
ਉਸ ਤੋਂ ਬਾਅਦ ਮੇਰੇ ਚਾਰ ਪੰਜ ਚੱਕਰ ਐਸਟਰਡੈਮ ਦੇ ਲੱਗ ਚੁਕੇ ਨੇ। ਪਹਿਲੇ ਦੋ ਚੱਕਰਾਂ ਵਿੱਚ ਮੈਂ
ਉਸ ਨੌਜਵਾਨ ਚੈਨ ਸਿੰਘ ਨੂੰ ਲੱਭਣ ਦਾ ਯਤਨ ਕੀਤਾ ਪਰ ਲਭ ਨਹੀਂ ਸਕਿਆ। ਕਿਸੇ ਨੇ ਕਿਹਾ ਕਿ ਉਹ ਵਲੈਤ
ਚਲਿਆ ਗਿਆ ਸੀ ਤੇ ਕਿਸੇ ਨੇ ਕੁੱਝ ਹੋਰ ਦੱਸਿਆ। ਮੇਰਾ ਵਿਚਾਰ ਸੀ ਕਿ ਉਸ ਨੂੰ ਦੱਸਿਆ ਜਾਵੇ ਕਿ ਉਸ
ਦੀ ‘ਦੁਰਭਵਿਖਬਾਣੀ’ ਪੂਰੀ ਹੋ ਗਈ ਸੀ ਤੇ ਜੇਕਰ ਉਹ ਇਹ ਵੀ ਦੱਸ ਸਕੇ ਕਿ ਉਸ ਨੂੰ ੧੭ ਸਾਲ ਪਹਿਲਾਂ
ਹੀ ਇਸ ਗੱਲ ਦਾ ਗਿਆਨ ਕਿਸ ਸ਼ਕਤੀ ਨੇ ਕਰਵਾ ਦਿਤਾ ਤਾਂ ਮੇਰੀ ਉਤਸੁਕਤਾ ਕਿਸੇ ਹੱਦ ਤੱਕ ਮਿਟ
ਜਾਵੇਗੀ!
(ਗਿਆਨੀ ਸੰਤੋਖ ਸਿੰਘ)
|
. |