.

ਗੁਰਦਵਾਰਿਆਂ ਅਤੇ ਲੰਗਰਾਂ ਵਿੱਚ ਵਿਅਕਤੀਗਤ ਸਫਾਈ ਜਰੂਰੀ ਹੈ।
-ਰਘਬੀਰ ਸਿੰਘ ਮਾਨਾਂਵਾਲੀ

ਅੱਜ ਕੱਲ ਸਿੱਖਾਂ ਵਿੱਚ ਲੰਗਰ ਲਗਾਉਣ ਦੀ ਸ਼ਰਧਾ ਦਾ ਕੋਈ ਅੰਤ ਨਹੀਂ ਹੈ। ਜੇ ਲੰਗਰ ਭੁਖਿਆਂ ਅਤੇ ਲੋੜਵੰਦਾਂ ਨੂੰ ਛਕਾਇਆ ਜਾਏ ਤਾਂ ਸੁਲਾਹਣਯੋਗ ਹੈ ਪਰ ਜੇ ਲੰਗਰ ਰੱਜਿਆਂ-ਪੁੱਜਿਆਂ ਨੂੰ ਰੋਕ-ਰੋਕ ਕੇ ਧੱਕੇ ਨਾਲ ਛਕਾਇਆ ਜਾਏ ਤਾਂ ਇਸ ਨੂੰ ਅੰਨ੍ਹੀ ਸ਼ਰਧਾ ਹੀ ਕਿਹਾ ਜਾ ਸਕਦਾ ਹੈ। ਸ਼ਰਧਾ ਜਾਂ ਅੰਨ੍ਹੀ ਸ਼ਰਧਾ ਰੱਖਣ ਵਾਲੇ ਲੋਕਾਂ ਦੁਆਰਾ ਗਾਹੇ-ਬਗਾਹੇ ਸੜਕਾਂ ਜਾਂ ਹੋਰ ਅਖੌਤੀ ਥਾਵਾਂ `ਤੇ ਅਕਸਰ ਲੰਗਰ ਲਗਾਏ ਜਾਂਦੇ ਹਨ। ਇਤਿਹਾਸਕ ਮਹੱਤਵਪੂਰਨ ਦਿਹਾੜਿਆਂ ਅਤੇ ਹੋਲੇ-ਮਹੱਲੇ ਦੇ ਦਿਹਾੜੇ `ਤੇ ਤਾਂ ਲੰਗਰ ਹਰ ਸ਼ਹਿਰ ਦੀ ਹਰ ਸੜਕ `ਤੇ ਉਚੇਚੇ ਤੌਰ `ਤੇ ਲਗਾਏ ਜਾਂਦੇ ਹਨ। ਉਸ ਸਮੇਂ ਥੋੜ੍ਹੀ-ਥੋੜ੍ਹੀ ਦੂਰੀ `ਤੇ ਹੀ ਲੰਗਰ ਲਗਾਏ ਜਾਂਦੇ ਹਨ। ਕਿਧਰੇ ਲੰਗਰ ਦਾਲ-ਫੁਲਕੇ ਦਾ, ਕਿਧਰੇ ਚਾਹ ਪਕੌੜੇ ਦਾ, ਕਿਧਰੇ ਬਦਾਮਾਂ ਵਾਲੀ ਖੀਰ ਦਾ, ਕਿਧਰੇ ਜਲੇਬੀਆਂ ਦਾ ਲੰਗਰ ਨਿਰੰਤਰ ਚਲਦਾ ਰਹਿੰਦਾ ਹੈ। ਸੜਕਾਂ ਅਤੇ ਖੁਲ੍ਹੀਆਂ ਥਾਵਾਂ `ਤੇ ਲੰਗਰ ਲਗਾਉਣ ਵੇਲੇ ਕਦੀ ਲੰਗਰ ਪ੍ਰਬੰਧਕਾਂ ਨੇ ਇਸ ਗੱਲ ਦਾ ਧਿਆਨ ਤੱਕ ਨਹੀਂ ਰੱਖਿਆ ਕਿ ਜਿਸ ਥਾਂ `ਤੇ ਉਹ ਲੰਗਰ ਲਗਾ ਰਹੇ ਹਨ ਅਤੇ ਇਹ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰ ਰਹੇ ਹਨ ਕੀ ਉਥੇ ਅਤੇ ਉਸ ਦੇ ਆਲੇ-ਦੁਆਲੇ ਸਫਾਈ ਵੀ ਹੈ? ਸੜਕਾਂ ਦੇ ਆਲੇ-ਦੁਆਲੇ ਸਫਾਈ ਨਹੀਂ ਹੁੰਦੀ। ਸੜਕਾਂ ਅਤੇ ਹੋਰ ਥਾਵਾਂ `ਤੇ ਥੋੜ੍ਹਾ ਜਿਹਾ ਥਾਂ ਸਾਫ ਕਰਕੇ ਉਥੇ ਸ਼ਾਮਿਆਨੇ ਲਗਾ ਕੇ ਲੰਗਰ ਚਲਾਇਆ ਜਾ ਰਿਹਾ ਹੁੰਦਾ ਹੈ। ਡਾਕਟਰੀ ਲਹਿਜੇ ਅਨੁਸਾਰ ਅਜੋਕੇ ਸਮੇਂ ਵਿੱਚ ਖਾਣ ਵਾਲੀਆਂ ਚੀਜ਼ਾਂ ਦੀ ਸਫਾਈ ਰੱਖਣੀ ਬਹੁਤ ਜਰੂਰੀ ਹੈ। ਬਹੁਤ ਬੀਮਾਰੀਆਂ ਦੇ ਜ਼ਰਾਸੀਮ ਹਵਾ ਅਤੇ ਪਾਣੀ ਰਾਹੀਂ ਸਾਡੇ ਸਰੀਰ ਵਿੱਚ ਜਾ ਕੇ ਬੀਮਾਰੀਆਂ ਪੈਦਾ ਕਰ ਦਿੰਦੇ ਹਨ। ਸੜਕ `ਤੇ ਲਗਾਏ ਲੰਗਰ ਸਮੇਂ ਪਾਣੀ ਵੀ ਸਾਫ ਨਹੀਂ ਹੁੰਦਾ। ਪਖਾਨੇ ਵੀ ਉਥੇ ਹੀ ਤੰਬੂ ਲਗਾ ਕੇ ਬਣਾਏ ਗਏ ਹੁੰਦੇ ਹਨ। ਖੁਲ੍ਹੀਆਂ ਥਾਵਾਂ `ਤੇ ਲੰਗਰ ਲਗਾਏ ਜਾਣ ਸਮੇਂ ਪੂਰੀ ਤਰ੍ਹਾਂ ਸਫਾਈ ਰੱਖੀ ਹੀ ਨਹੀਂ ਜਾ ਸਕਦੀ। ਜੂਠੇ ਭਾਂਡੇ ਧੋਣ ਲਈ ਉਥੇ ਖੁਲ੍ਹੇ ਪਾਣੀ ਦਾ ਪ੍ਰਬੰਧ ਵੀ ਨਹੀਂ ਹੁੰਦਾ। ਜਿਸ ਕਰਕੇ ਬਰਤਨਾਂ ਦੀ ਸਫਾਈ ਵੀ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ। ਧੋਤੇ ਹੋਏ ਬਰਤਨਾਂ `ਤੇ ਸਰਫ਼ ਅਤੇ ਥੰਦੀਆਈ ਲੱਗੀ ਰਹਿੰਦੀ ਹੈ। ਉਹ ਬਰਤਨ ਗੰਦੇ ਜਾਪਦੇ ਹਨ। ਲੰਗਰ ਨੂੰ ਵਰਤਾਉਣ ਵਾਲਿਆਂ ਵਿੱਚ ਅਕਸਰ ਬੱਚੇ ਹੀ ਹੁੰਦੇ ਹਨ। ਉਹ ਖਾਣ ਵਾਲੀਆਂ ਚੀਜ਼ਾਂ ਜਿਵੇਂ ਫੁਲਕਾ ਜਾਂ ਰੋਟੀ, ਪਕੌੜੇ, ਜਲੇਬੀਆਂ ਅਤੇ ਕੋਈ ਹੋਰ ਮਠਿਆਈਆਂ ਹੱਥਾਂ ਨਾਲ ਵੀ ਵਰਤਾਉਂਦੇ ਹਨ। ਉਹਨਾਂ ਦੇ ਹੱਥ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੁੰਦੇ। ਉਹ ਇਹ ਚੀਜ਼ਾਂ ਵਰਤਾਉਣ ਤੋਂ ਪਹਿਲਾਂ ਹੱਥਾਂ ਦੀ ਚੰਗੀ ਤਰ੍ਹਾਂ ਸਫਾਈ ਵੀ ਨਹੀਂ ਕਰਦੇ। ਲੰਗਰ ਵਰਤਾਉਂਦੇ ਸਮੇਂ ਬੱਚੇ ਕਈ ਵਾਰ ਆਪਣੇ ਸ੍ਰੀਰ ਦੇ ਗੰਦੇ ਅਤੇ ਪਸੀਨੇ ਵਾਲੀਆਂ ਥਾਵਾਂ `ਤੇ ਵੀ ਹੱਥ ਲਗਾਉਂਦੇ ਰਹਿੰਦੇ ਹਨ। ਨੱਕ ਪੂੰਝਦੇ ਰਹਿੰਦੇ ਹਨ, ਕੱਛਾਂ ਅਤੇ ਸ੍ਰੀਰ ਦੇ ਹੋਰ ਅੰਗਾਂ `ਤੇ ਖਾਜ ਕਰਦੇ ਰਹਿੰਦੇ ਹਨ। ਸਟੀਲ ਦੇ ਗਲਾਸ ਵਰਤਾਉਣ ਸਮੇਂ ਉਹ ਗਲਾਸਾਂ ਵਿੱਚ ਹੱਥ ਪਾ ਕੇ ਗਲਾਸ ਦਿੰਦੇ ਹਨ। ਉਹ ਫੁਲਕੇ ਵਰਤਾਉਂਦੇ-ਵਰਤਾਉਂਦੇ ਵਿਚੇ ਹੀ ਕੋਈ ਹੋਰ ਕੰਮ ਕਰਨ ਲੱਗ ਜਾਂਦੇ ਹਨ ਤੇ ਉਸ ਤੋਂ ਬਾਅਦ ਮੁੜ ਫੁਲਕੇ ਵਰਤਾਉਂਣ ਲੱਗ ਜਾਂਦੇ ਹਨ। ਹੋਰ ਕੰਮ ਕਰਨ ਤੋਂ ਬਾਅਦ ਮੁੜ ਫੁਲਕੇ ਵਰਤਾਉਣ ਸਮੇਂ ਹੱਥ ਨਹੀਂ ਧੋਂਦੇ। ਮੈਡੀਕਲ ਸਾਇੰਸ ਤਾਂ ਇਹ ਕਹਿੰਦੀ ਹੈ ਕਿ ਰੋਟੀ ਜਾਂ ਲੰਗਰ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ਤੇ ਰੋਟੀ ਨੂੰ ਹੱਥ ਲਾਉਣ ਤੋਂ ਪਹਿਲਾਂ ਕਿਸੇ ਹੋਰ ਚੀਜ਼ ਜਾਂ ਥਾਂ ਨੂੰ ਤੁਹਾਡਾ ਹੱਥ ਨਹੀਂ ਲੱਗਣਾ ਚਾਹੀਦਾ। ਜੇ ਕਿਸੇ ਹੋਰ ਥਾਂ ਜਾਂ ਚੀਜ਼ ਨੂੰ ਤੁਹਾਡਾ ਹੱਥ ਲਗਦਾ ਹੈ ਤਾਂ ਹੱਥਾਂ ਨੂੰ ਦੁਬਾਰਾ ਸਾਫ ਕਰਨਾ ਜਰੂਰੀ ਹੈ। ਖਾਣ ਵਾਲੀਆਂ ਚੀਜ਼ਾਂ ਨੂੰ ਕਦੀ ਵੀ ਹੱਥਾਂ ਨਾਲ ਨਹੀਂ ਵਰਤਾਉਣਾ ਚਾਹੀਦਾ। ਹੱਥਾਂ ਨਾਲ ਵਰਤਾਉਣ ਕਰਕੇ ਉਹ ਚੀਜ਼ਾਂ ਗੰਦੀਆਂ ਹੋ ਜਾਂਦੀਆਂ ਹਨ। ਲੰਗਰ ਕਿਤੇ ਵੀ ਵਰਤਾਇਆ ਜਾਵੇ। ਸਾਫ਼ ਹੱਥਾਂ ਅਤੇ ਸਾਫ਼ ਪਹਿਰਾਵੇ ਵਿੱਚ ਹੀ ਵਰਤਾਇਆ ਜਾਵੇ। ਖਾਣ ਵਾਲੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਜਾਵੇ। ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ। ਇਸ ਲਈ ਲੰਗਰ ਬਨਾਉਣ ਤੇ ਵਰਤਾਉਂਣ ਸਮੇਂ ਸਖ਼ਤੀ ਨਾਲ ਸਫਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਿਥੇ ਸਫਾਈ ਹੈ ਉਥੇ ਖੁਦਾਈ ਹੈ। ਫੁਲਕਾ, ਰੋਟੀ, ਪਕੌੜੇ, ਜਲੇਬੀਆਂ ਅਤੇ ਮਠਿਆਈ ਆਦਿ ਨੂੰ ਨੰਗੇ ਹੱਥਾਂ ਨਾਲ ਨਹੀਂ ਵਰਤਾਉਣਾ ਚਾਹੀਦਾ। ਜੇ ਲੰਗਰ ਵਿੱਚ ਸਫਾਈ ਹੋਵੇਗੀ ਤਾਂ ਖਾਣ ਵਾਲੇ ਰਾਹਤ ਮਹਿਸੂਸ ਕਰਨਗੇ। ਸੜਕਾਂ `ਤੇ ਲਗਾਏ ਲੰਗਰ ਦੀ ਸਮਾਪਤੀ ਤੋਂ ਬਾਅਦ ਉਸ ਥਾਂ ਦੀ ਸਫਾਈ ਕਰਨੀ ਵੀ ਲੰਗਰ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਪਰ ਅਜਿਹਾ ਨਹੀਂ ਹੁੰਦਾ, ਲੰਗਰ ਤੋਂ ਬਾਅਦ ਉਥੇ ਲੰਗਰ ਦੀ ਰਹਿੰਦ-ਖੂਹੰਦ ਅਤੇ ਡਿਪੋਜੇਬਲ ਪਲੇਟਾਂ ਦਾ ਗੰਦ ਪਿਆ ਰਹਿੰਦਾ ਹੈ।
ਆਮ ਤੌਰ `ਤੇ ਸਾਰੇ ਗੁਰਦੁਆਰਿਆਂ ਵਿੱਚ ਸੇਵਾਦਾਰ ਸੰਗਤ ਨੂੰ ਮੱਥਾ ਟੇਕਣ ਤੋਂ ਬਾਅਦ ਹੱਥਾਂ ਨਾਲ ਹੀ ਪ੍ਰਸਾਦ ਦਿੰਦੇ ਹਨ, ਸੇਵਾਦਾਰ ਪ੍ਰਸਾਦ ਦੇਣ ਤੋਂ ਬਾਅਦ ਆਪਣੇ ਘਿਉ ਨਾਲ ਲਿਬੜੇ ਹੱਥ ਉਥੇ ਕੋਲ ਰੱਖੇ ਕਿਸੇ ਕਪੜੇ ਨਾਲ ਪੂੰਝਦੇ ਹਨ। ਸਾਰਾ ਦਿਨ ਹਰ ਵਾਰੀ ਪ੍ਰਸਾਦ ਦੇਣ ਤੋਂ ਬਾਅਦ ਉਹ ਸੇਵਾਦਾਰ ਆਪਣਾ ਘਿਉ ਨਾਲ ਲਿਬੜਿਆ ਹੱਥ ਉਸੇ ਕਪੜੇ ਨਾਲ ਹੀ ਪੂੰਝਦਾ ਰਹਿੰਦਾ ਹੈ। ਇਸ ਕਰਕੇ ਉਹ ਕਪੜਾ ਘਿਉ ਨਾਲ ਪੂਰੀ ਤਰ੍ਹਾਂ ਥਿੰਦਾ ਅਤੇ ਮੈਲਾ-ਕੁਚੈਲਾ ਹੋ ਜਾਂਦਾ ਹੈ। ਫਿਰ ਵੀ ਸੇਵਾਦਾਰ ਪ੍ਰਸਾਦ ਦੇਣ ਤੋਂ ਬਾਅਦ ਹਰ ਵਾਰੀ ਆਪਣਾ ਹੱਥ ਉਸੇ ਕਪੜੇ ਨਾਲ ਪੂੰਝਦਾ ਹੈ। ਗੰਦੇ ਤੇ ਥਿੰਦੇ ਕਪੜੇ ਨਾਲ ਵਾਰ-ਵਾਰ ਹੱਥ ਪੂੰਝ ਕੇ ਮੁੜ ਪ੍ਰਸਾਦ ਦੇਣਾ ਇੱਕ ਗੰਦਗੀ ਭਰਿਆ ਕੰਮ ਹੈ। ਉਸ ਗੰਦੇ ਕਪੜੇ ਵੱਲ ਵੇਖ ਕੇ ਲਿਆ ਹੋਇਆ ਪ੍ਰਸਾਦ ਖਾਧਾ ਨਹੀਂ ਜਾ ਸਕਦਾ। ਪਿੰਡਾਂ ਵਿੱਚ ਕਿਸੇ ਦੇ ਘਰ ਜਾਂ ਗੁਰਦਵਾਰਾ ਸਾਹਿਬ ਵਿੱਚ ਰਖਵਾਏ ਅਖੰਡ ਪਾਠ ਸਮੇਂ ਪ੍ਰਸਾਦ ਦੇਣ ਵਾਲਾ ਸੇਵਾਦਾਰ ਤਿੰਨ ਦਿਨ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਹੈ। ਇੱਕ ਵਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਤੋਂ ਬਾਅਦ ਪ੍ਰਸਾਦ ਨਹੀਂ ਸੀ ਲਿਆ। ਕਿਉਂਕਿ ਸੇਵਾਦਾਰ ਪ੍ਰਸਾਦ ਹੱਥਾਂ ਨਾਲ ਹੀ ਦੇ ਰਹੇ ਹਨ। ਉਹ ਲੋਕ ਸਫਾਈ ਨੂੰ ਪਹਿਲ ਦਿੰਦੇ ਹਨ। ਖਾਣ ਵਾਲੀ ਚੀਜ਼ ਨੂੰ ਹੱਥ ਲਾਉਣਾ ਉਹ ਗੰਦਗੀ ਸਮਝਦੇ ਹਨ ਤੇ ਉਸ ਨੂੰ ਖਾਂਦੇ ਨਹੀਂ।
ਮੈਂ ਫਗਵਾੜਾ-ਮਾਹਿਲਪੁਰ ਰੋਡ `ਤੇ ਪਿੰਡ ਕੋਟ ਫਤੂਹੀ ਦੇ ਨੇੜੇ ਪਿੰਡ ਮੰਨਣਹਾਣਾ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਨੂੰ ਇੱਕ ਕੜਛੀ ਨਾਲ ਪ੍ਰਸਾਦ ਦਿੰਦੇ ਹੋਏ ਤੱਕਿਆ ਹੈ। ਮੈਨੂੰ ਉਥੋਂ ਪ੍ਰਸਾਦ ਲੈ ਕੇ ਬਹੁਤ ਖੁਸ਼ੀ ਹੋਈ। ਸਾਰੇ ਗੁਰਦੁਆਰਿਆਂ ਵਿੱਚ ਕਿਸੇ ਵੀ ਸਮਾਗਮ ਦੇ ਭੋਗ ਤੋਂ ਬਾਅਦ ਕੜਛੀ ਨਾਲ ਹੀ ਪ੍ਰਸਾਦ ਦਿਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਘਿਉ ਵਾਲੇ ਹੱਥ ਪੂੰਝਣ ਲਈ ਪ੍ਰਸਾਦ ਲੈਣ ਵਾਲੇ ਨੂੰ ਪੇਪਰ ਨੈਪਕਿਨ ਦੇਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਫਾਈ ਪਸੰਦ ਲੋਕਾਂ ਨੂੰ ਰਾਹਤ ਮਹਿਸੂਸ ਹੋਵੇਗੀ। ਅਜੋਕੇ ਸਮੇਂ ਵਿੱਚ ਸਫਾਈ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ।
ਗਰਮੀਆਂ ਦੇ ਦਿਨਾਂ ਵਿੱਚ ਸੜਕਾਂ `ਤੇ ਸ਼ਬੀਲਾਂ ਲਗਾਈਆਂ ਜਾਂਦੀਆਂ ਹਨ। ਮਾਲਵਾ ਖੇਤਰ ਵਿੱਚ ਜਿਥੇ ਧਰਤੀ ਹੇਠਲਾ ਪਾਣੀ ਦੂਸ਼ਤ ਹੋ ਚੁੱਕਿਆ ਹੈ। ਸ਼ਬੀਲਾਂ ਲਈ ਓਹੀ ਦੂਸ਼ਿਤ ਪਾਣੀ ਵਰਤਿਆ ਜਾਂਦਾ ਹੈ। ਕਈ ਥਾਂਈ ਸ਼ਬੀਲਾਂ ਲਾਉਣ ਵਾਲੇ ਪਲਾਸਟਿਕ ਦੇ ਗਲਾਸਾਂ ਦੀ ਵਰਤੋਂ ਕਰਦੇ ਹਨ ਜੋ ਵਾਰ-ਵਾਰ ਵਰਤਣ ਕਰਕੇ ਕਾਫੀ ਮੈਲੇ-ਕੁਚੈਲੇ ਜਾਪਦੇ ਹਨ। ਸੜਕਾਂ `ਤੇ ਸ਼ਬੀਲ ਲੱਗੀ ਹੋਣ ਕਰਕੇ ਮਿੱਟੀ ਘੱਟਾ ਵੀ ਪਾਣੀ ਵਿੱਚ ਡਿਗਦਾ ਰਹਿੰਦਾ ਹੈ। ਸ਼ਬੀਲ ਵਾਲੀ ਥਾਂ `ਤੇ ਚਿਕੜ ਹੀ ਚਿਕੜ ਹੁੰਦਾ ਹੈ। ਉਥੇ ਜੂਠੇ ਗਲਾਸ ਧੋਣ ਲਈ ਖੁਲ੍ਹੇ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਹਿਲਾਂ-ਪਹਿਲ ਸ਼ਬੀਲ ਦੇ ਮਿੱਠੇ ਪਾਣੀ ਵਿੱਚ ਦੁੱਧ ਮਿਲਾ ਕੇ ਪਾਣੀ ਪੀਣ ਲਈ ਦਿਤਾ ਜਾਂਦਾ ਸੀ, ਜੋ ਠੀਕ ਸੀ। ਪਰ ਅੱਜ ਕਲ ਬਜ਼ਾਰ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਰੰਗ ਬਿਰੰਗੇ ਸ਼਼ਰਬਤ ਲਿਆ ਕੇ ਪਾਣੀ ਵਿੱਚ ਮਿਲ ਕੇ ਪਾਣੀ ਪਿਲਾਇਆ ਜਾਂਦਾ ਹੈ। ਉਸ ਸ਼ਰਬਤ ਦਾ ਰੰਗ ਕਈ ਸੇਵਾਦਾਰਾਂ ਦੇ ਹੱਥਾਂ ਨੂੰ ਵੀ ਚੜ੍ਹਿਆ ਹੋਇਆ ਹੁੰਦਾ ਹੈ। ਇਹ ਕੈਮੀਕਲ ਵਾਲੇ ਰੰਗਾਂ ਵਾਲੇ ਸ਼ਰਬਤ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਸ਼ਬੀਲਾਂ ਲਾਉਣ ਸਮੇਂ ਵੀ ਸਫਾਈ ਜਰੂਰੀ ਹੈ। ਸ਼ਬੀਲ ਲਾਉਣ ਤੋਂ ਪਹਿਲਾਂ ਹੀ ਉਥੇ ਸੰਗੀਤਕ ਸਿਸਟਮ ਲਗਾ ਕੇ ਸਾਰਾ ਦਿਨ ਅਵਾਜ਼ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਜੋ ਠੀਕ ਨਹੀਂ ਹੈ। ਸ਼ਬੀਲ `ਤੇ ਸੰਗੀਤਕ ਸਿਸਟਮ ਬੰਦ ਹੋਣੇ ਚਾਹੀਦੇ ਹਨ। ਸ਼ਬੀਲ ਦਾ ਪਾਣੀ ਪਿਲਾਉਣ ਸਮੇਂ ਗੁਰਮਤਿ ਅਨੁਸਾਰ ਛਪਵਾਇਆ ਧਾਰਮਿਕ ਸਾਹਿਤ ਵੀ ਵੰਡਿਆ ਜਾਣਾ ਚਾਹੀਦਾ ਹੈ।
ਇਹ ਵੀ ਦੇਖਿਆ ਗਿਆ ਹੈ ਕਿ ਗੁਰਦਵਾਰਿਆਂ ਵਿੱਚ ਬਹੁਤ ਸਾਰੇ ਲੋਕ ਧਾਰਮਿਕ ਸਮਾਗਮਾਂ ਸਮੇਂ ਜੁਰਾਬਾਂ ਸਮੇਤ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸੰਗਤ ਦੇ ਇਕੱਠ ਵਿੱਚ ਬੈਠਦੇ ਹਨ। ਜੁਰਾਬਾਂ ਕਦੀ ਵੀ ਸਾਫ ਨਹੀਂ ਰਹਿ ਸਕਦੀਆਂ ਭਾਵੇਂ ਤੁਸੀਂ ਗੁਰਦਵਾਰੇ ਆਉਣ ਸਮੇਂ ਘਰੋਂ ਨਵੀਆਂ-ਨਕੋਰ ਜੁਰਾਬਾਂ ਹੀ ਕਿਉਂ ਨਾ ਪਾ ਕੇ ਆਏ ਹੋਵੋ। ਜੁਤੀ ਨਾਲ ਲੱਗ ਕੇ ਅਤੇ ਪਸੀਨਾਂ ਆ ਕੇ ਜੁਰਾਬਾਂ ਗੰਦੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜੁਰਾਬਾਂ ਪਾਉਣ ਵਾਲੇ ਵਿਅਕਤੀ ਦੇ ਨੇੜੇ ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਗੁਰੂਦਵਾਰੇ ਵਿੱਚ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਕਿਸੇ ਵੀ ਇਕੱਠ ਵਿੱਚ ਬੈਠਣ ਸਮੇਂ ਜੁਰਾਬਾਂ ਲਾਹ ਕੇ ਆਉਣਾ ਚਾਹੀਦਾ ਹੈ। ਤਾਂ ਕਿ ਜੁਰਾਬਾਂ ਦੀ ਬਦਬੂ ਹੋਰ ਲੋਕਾਂ ਨੂੰ ਪ੍ਰੇਸ਼ਾਨ ਨਾ ਕਰ ਸਕੇ।
ਬਹੁਤ ਸਾਰੇ ਗੁਰਦਵਾਰਿਆਂ ਦੇ ਬਾਹਰ ਇੱਕ ਚੁੱਬਚਾ ਬਣਿਆ ਹੋਇਆ ਹੁੰਦਾ ਹੈ ਜਿਸ ਵਿੱਚ ਸੰਗਤ ਨੂੰ ਪੈਰ ਧੋ ਕੇ ਗੁਰਦਵਾਰਾ ਸਾਹਿਬ ਦੇ ਅੰਦਰ ਜਾਣ ਦੀ ਹਦਾਇਤ ਹੁੰਦੀ ਹੈ। ਪਰ ਕਈ ਲੋਕ ਉਹ ਪੈਰ਼ਾਂ ਵਾਲਾ ਗੰਦਾ ਪਾਣੀ ਚੁਲੀਆਂ ਭਰ ਕੇ ਪੀਂਦੇ ਹਨ ਅਤੇ ਓਹੀ ਗੰਦਾ ਪਾਣੀ ਆਪਣੇ ਸਿਰ ਵਿੱਚ ਵੀ ਪਾਉਂਦੇ ਹਨ। ਇਹ ਬਿਲਕੁਲ ਗੰਦਾ ਕੰਮ ਹੈ ਅਤੇ ਪੂਰੀ ਤਰ੍ਹਾਂ ਅੰਧ-ਵਿਸ਼ਵਾਸ ਹੈ। ਲੋਕਾਂ ਦੇ ਪੈਰਾਂ ਦੀ ਮੈਲ ਵਾਲਾ ਗੰਦਾ ਪਾਣੀ ਪੀਣਾ ਕੋਈ ਸਿਆਣਪ ਨਹੀਂ ਹੈ। ਇਹ ਗੁਰਮਤਿ ਦੇ ਅਨੁਸਾਰ ਠੀਕ ਨਹੀਂ ਹੈ।
ਕਈ ਲੋਕ ਜੋੜਾ-ਘਰ ਵਿੱਚ ਜਮ੍ਹਾਂ ਕਰਵਾਏ ਜੋੜ੍ਹਿਆਂ ਨੂੰ ਆਪਣੇ ਰੁਮਾਲ ਨਾਲ ਸਾਫ ਕਰਦੇ ਹਨ ਤੇ ਫਿਰ ਜੋੜਿਆਂ (ਸੰਗਤ ਦੀਆਂ ਜੁੱਤੀਆਂ) ਨੂੰ ਮੱਥੇ ਨਾਲ ਲਾਉਂਦੇ ਹਨ। ਇਸ ਤਰ੍ਹਾਂ ਕਈ ਵਾਰੀ ਜੋੜੇ ਦਸਤਾਰ ਨੂੰ ਵੀ ਛੂਹ ਜਾਂਦੇ ਹਨ। ਅਜਿਹਾ ਕਰਨ ਵਾਲੇ ਲੋਕਾਂ ਦਾ ਵਿਚਾਰ ਹੈ ਕਿ ਇਸ ਤਰ੍ਹਾਂ ਕਰਨਾ ਨਿਮਰਤਾ ਦਾ ਪ੍ਰਤੀਕ ਹੈ। ਪਰ ਨਿਮਰਤਾ ਤਾਂ ਗੁਰਬਾਣੀ ਨੂੰ ਪੜ੍ਹਨ ਅਤੇ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਕੇ ਮਨ ਵਿੱਚ ਵਸਾਉਣ ਨਾਲ ਹੀ ਆਉਣੀ ਹੈ। ਜੋੜ੍ਹਿਆਂ ਨੂੰ ਝਾੜਨ ਅਤੇ ਮੱਥੇ ਨਾਲ ਲਾਉਣ ਨਾਲ ਨਹੀਂ ਆਉਣੀ। ਇਹ ਤਾਂ ਮਹਿਜ਼ ਵਿਖਾਵਾ ਹੈ ਆਪਣੇ ਆਪ ਨੂੰ ਬਹੁਤ ਧਰਮੀ ਸਮਝਣ ਦਾ ਭੁਲੇਖਾ ਹੈ।
ਸਾਨੂੰ ਗੁਰਦਵਾਰਿਆਂ ਵਿੱਚ ਸੰਗਮਰਮਰ ਲਾਉਣ ਅਤੇ ਸੋਨਾ ਚੜਾਉਣ ਵੱਲ ਹੀ ਨਹੀਂ ਰੁਝੇ ਰਹਿਣਾ ਚਾਹੀਦਾ ਸਗੋਂ ਗੁਰਦਵਾਰਿਆਂ ਵਿੱਚ ਧਾਰਮਿਕ ਕਾਰਜਾਂ ਸਮੇਂ ਖਾਣ-ਪੀਣ ਵਾਲੀਆਂ ਵਸਤਾਂ ਵਰਤਾਉਣ ਸਮੇਂ ਸਫਾਈ ਵੱਲ ਵੀ ਬਹੁਤ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਗੰਦੀਆਂ ਥਾਵਾਂ `ਤੇ ਲੰਗਰ ਲਾਉਣ ਅਤੇ ਗੰਦੇ ਹੱਥਾਂ ਨਾਲ ਲੰਗਰ ਵਰਤਾਉਣ ਨਾਲ ਲੰਗਰ ਦੇ ਨਾਲ-ਨਾਲ ਬੀਮਾਰੀਆਂ ਹੀ ਨਾ ਸੰਗਤ ਨੂੰ ਵਰਤਾਈਆਂ ਜਾਣ। ਗੁਰਦੁਆਰੇ ਦੇ ਬਾਹਰੋਂ ਆਲਾ-ਦੁਆਲਾ ਵੀ ਸਾਫ਼ ਰੱਖਣਾ ਚਾਹੀਦਾ ਹੈ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500




.