ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਧਰਮ ਪਰਿਵਰਤਨ ਦੀ ਸਾਰਥਿਕਤਾ
ਰਾਜਨੀਤਿਕ ਲੋਕ ਬੇ-ਗੈਰਤੇ, ਧਾਰਮਿਕ ਆਗੂ ਰਿਸ਼ਵਤ ਖੋਰ ਤੇ ਪਰਜਾ ਗਿਆਨ ਤੋਂ
ਸੱਖਣੀ ਹੋਈ ਦੇਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ---
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥ ਆ1ਧੇਰੈ ਰਾਹੁ ਨ ਕੋਈ ॥
ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਸਲੋਕ
ਮ: ੧ ਪੰਨਾ੧੪੫
ਮੁਢਲੇ ਤੌਰ `ਤੇ ਜੇ ਕੋਈ ਪੁੱਛੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ
ਦਾ ਵਿਸ਼ਾ ਕੀ ਹੈ? ਤਾਂ ਨੂੰ ਸੰਖੇਪ ਵਿੱਚ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ
ਨੇ ਸਾਰੀ ਮਨੁੱਖਤਾ ਨੂੰ ਸਚਿਆਰ ਬਣਨ ਲਈ ਕਿਹਾ ਹੈ--
ਕਿਵ
ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ
॥
ਕਿ ਅਸੀਂ ਸਚਿਆਰ ਕਿਵੇਂ ਬਣ ਸਕਦੇ ਹਾਂ? ਸਾਡੇ ਮਨਾ ਵਿਚੋਂ ਹੰਕਾਰ ਦੀ
ਦੀਵਾਰ ਕਿਵੇਂ ਟੁੱਟ ਸਕਦੀ ਹੈ? ਤਾਂ ਇਸ ਦਾ ਗੁਰਦੇਵ ਜੀ ਅਗਲ਼ੀ ਤੁਕ ਵਿੱਚ ਉੱਤਰ ਦੇਂਦੇ ਹਨ ਕਿ ਉਸ
ਦੇ ਹੁਕਮ ਵਿੱਚ ਚੱਲਣ ਨਾਲ ਹੀ ਸਾਡੇ ਅੰਦਰੋਂ ਹੰਕਾਰ ਦੀ ਦੀਵਾਰ ਟੱਟ ਸਕਦੀ ਹੈ। ਭਾਵ ਨਿਯਮਬੰਦ ਹੋਣ
ਨਾਲ ਹੀ ਤਰੱਕੀ ਦੇ ਰਾਹ ਖੁਲ੍ਹਦੇ ਹਨ।
ਹੁਕਮਿ
ਰਜਾਈ ਚਲਣਾ ਨਾਨਕ ਲਿਖਿਆ ਨਾਲਿ
॥੧॥
ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹਦੇ ਵਿਚਾਰਦੇ ਹਾਂ
ਤਾਂ ਸਹਿਜੇ ਹੀ ਸਮਝ ਆਉਂਦਾ ਹੈ ਕਿ ਉਹਨਾਂ ਨੇ ਇਹ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਆਪਣਾ ਧਰਮ
ਛੱਡ ਕੇ ਮੇਰੇ ਪਿੱਛੇ ਲਗ ਜਾਓ। ਉਹਨਾਂ ਤਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਤੂੰ ਹੁਕਮ ਦੀ
ਪਹਿਚਾਣ ਕਰ। ਐ ਮਨੁੱਖ ਤੂੰ ਬਾਹਰੋਂ ਆਪਣੇ ਆਪ ਨੂੰ ਧਰਮੀ ਸ਼ੋਅ ਕਰਦਾ ਏਂ ਤੇ ਅੰਦਰੋਂ ਕਪਟ ਨਾਲ
ਭਰਿਆ ਪਿਆ ਏਂ। ਮੋਟੇ ਤੌਰ `ਤੇ ਇਹ ਸਮਝ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਏਹੋ ਹੀ ਕਿਹਾ ਹੈ ਕਿ
ਤੂੰ ਜਿੱਥੇ ਵੀ ਹੈਂ ਓੱਥੇ ਹੀ ਇੱਕ ਚੰਗਾ ਇਨਸਾਨ ਬਣਨ ਦਾ ਸਾਰਥਿਕ ਯਤਨ ਕਰ। ਜੇ ਮੁਸਲਮਾਨ ਵੀਰ ਨੂੰ
ਉਪਦੇਸ਼ ਦਿੱਤਾ ਹੈ ਤਾਂ ਉਸ ਨੂੰ ਸਮਝਾਇਆ ਹੈ ਕਿ ਸੱਚੀ ਨਿਮਾਜ਼ ਕਿਸ ਤਰ੍ਹਾਂ ਅਦਾ ਕਰਨੀ ਹੈ। ਇਸਲਾਮੀ
ਰਾਜ ਹੁੰਦਿਆਂ ਵੀ ਉਹਨਾਂ ਨੇ ਸੱਚੀ ਨਿਮਾਜ਼ ਸਮਝਾਈ ਹੈ--
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
ਸਲੋਕ
ਮ: ੧ ਪੰਨਾ ੧੪੧
ਜੇ ਬ੍ਰਾਹਮਣ ਭਰਾ ਨਾਲ ਗੱਲ ਕੀਤੀ ਹੈ ਤਾਂ ਉਸ ਨੂੰ ਸਿੱਧੇ ਸ਼ਬਦਾਂ ਵਿੱਚ
ਸਮਝਾਇਆ ਹੈ ਕਿ ਮਿੱਤਰਾ ਤੇਰਾ ਜਨੇਊ ਸਾਰੀ ਮਨੱਖਤਾ ਲਈ ਇਕਸਾਰਤਾ ਵਾਲਾ ਨਹੀਂ ਹੈ। ਆ ਮੈਂ ਤੈਨੂੰ
ਸਹੀ ਜਨੇਊ ਸਬੰਧੀ ਦਸਦਾ ਹਾਂ ਜੋ ਸਾਰੀ ਦੁਨੀਆਂ ਦੇ ਕੰਮ ਆ ਸਕਦਾ ਹੈ---
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਸਲੋਕ ਮ: ੧ ਪੰਨਾ ੪੭੧
ਏਦਾਂ ਹੀ ਜੋਗੀਆਂ ਨੂੰ ਜ਼ਿੰਦਗੀ ਦੇ ਸਹੀ ਤੱਤ ਸਮਝਾਏ। ਗ੍ਰਹਿਸਤੀਆਂ ਨੂੰ
ਬਣਦੀ ਜ਼ਿੰਮੇਵਾਰੀ ਸਮਝਾਈ ਹੈ। ਗੱਲ ਕੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਆਮ ਲੋਕਾਂ ਨੂੰ
ਬੜੇ ਸੌਖੇ ਢੰਗ ਨਾਲ ਸਮਝ ਆ ਗਈ। ਅਜੇਹੀ ਸਰਲ ਤੇ ਸਿੱਧੀ ਵਿਚਾਰ ਨੂੰ ਲੋਕਾਂ ਨੇ ਸਹਿਜੇ ਹੀ ਅਪਨਾ
ਲਿਆ। ਸਿੱਖ ਇਤਿਹਾਸ ਵਿੱਚ ਇਹ ਕਿਤੇ ਵੀ ਸੰਕੇਤ ਨਹੀਂ ਮਿਲਦਾ ਕਿ ਗੁਰਦੇਵ ਪਿਤਾ ਜੀ ਨੇ ਇਹ ਕਿਹਾ
ਹੋਵੇ ਕਿ ਤੁਸੀਂ ਮੇਰੇ ਸਿੱਖ ਬਣੋਗੇ ਤਾਂ ਹੀ ਤੁਸੀਂ ਦੁਨੀਆਂ ਵਿੱਚ ਪਰਵਾਨ ਚੜੋਗੇ। ਹਾਂ ਉਹਨਾਂ ਨੇ
ਕਰਮ-ਕਾਂਡਾਂ ਤੋਂ ਰਹਿਤ ਵਾਲੀ ਵਿਚਾਰਧਾਰਾ ਦਿੱਤੀ ਜਿਸ ਨੂੰ ਲੋਕਾਂ ਨੇ ਪ੍ਰਵਾਨ ਕੀਤਾ।
ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਵਿੱਚ ਆਈਆਂ ਕਮਜ਼ੋਰੀਆਂ ਤੇ ਕਰਮ ਕਾਂਡਾ
ਨੂੰ ਮੁੱਢੋਂ ਨਕਾਰਿਆ ਹੈ। ਕਰਮ-ਕਾਂਡੀ ਜ਼ਿੰਦਗੀ ਨੂੰ ਭੋਗ ਰਹੇ ਲੋਕਾਂ ਨੇ ਇੰਝ ਮਹਿਸੂਸ ਕੀਤਾ ਕਿ
ਜਿਵੇਂ ਧਰਮ ਦੀਆਂ ਰਸਮਾ ਨਿਭਾਉਂਦਿਆ ਪੀੜ੍ਹੀਆਂ ਲੱਗ ਗਈਆਂ ਹਨ ਪਰ ਰੂਹਾਨੀਅਤ ਜਾਂ ਸਮਾਜ ਵਿੱਚ ਕੋਈ
ਤਬਦੀਲੀ ਨਹੀਂ ਆਈ। ਧਰਮ ਦੀ ਪ੍ਰੀਭਾਸ਼ਾ ਨੂੰ ਅਸੀਂ ਇੰਝ ਸਮਝਦੇ ਹਾਂ ਕਿ ਸ਼ਾਇਦ ਜਿਹੜਾ ਮਨੁੱਖ ਵੱਧ
ਤੋਂ ਵੱਧ ਧਾਰਮਿਕ ਰਸਮਾਂ ਨਿਭਾਏਗਾ ਉਹੀ ਰੱਬ ਜੀ ਨੂੰ ਪ੍ਰਾਪਤ ਕਰ ਸਕਦਾ ਹੈ। ਸਿਰੇ ਦੇ ਵਹਿਮ
ਨਿਭਾਹੁੰਣ ਵਾਲਾ ਆਪਣੇ ਆਪ ਨੂੰ ਸਮਾਜ ਵਿੱਚ ਸਰੇਸ਼ਟ ਧਰਮੀ ਸਮਝਦਾ ਹੈ।
ਲੋਕਾਂ ਨੂੰ ਆਪਣੇ ਪਿੱਛੇ ਲਗਾਉਣ ਲਈ ਕਿਸੇ ਨੇ ਕਿਹਾ ਕਿ ਅਸੀਂ ਤੁਹਾਨੂੰ
ਮਰਨ ਉਪਰੰਤ ਸਵਰਗ ਲੈ ਕੇ ਦਿਆਂਗੇ। ਕਿਸੇ ਨੇ ਕਿਹਾ ਕਿ ਤੁਸੀਂ ਮੇਰੇ ਵਾੜੇ ਦੀਆਂ ਭੇਡਾਂ ਬਣ ਜਾਓਗੇ
ਤਾਂ ਮੈਂ ਤੁਹਾਡੇ ਸਾਰੇ ਪਾਪ ਬਖਸ਼ ਦਿਆਂਗਾ। ਤੁਹਾਡੇ ਕੀਤੇ ਹੋਏ ਗੁਨਾਹ ਮੈਂ ਆਪਣੇ ਸਿਰ ਲੈ
ਲਵਾਂਗਾ। ਕਿਸੇ ਨੇ ਕਿਹਾ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਵੱਧ ਤੋਂ ਵੱਧ ਕਰਮ-ਕਾਂਡ ਨਿਭਾਏਗਾ
ਸਵਰਗ ਓਸੇ ਨੂੰ ਹੀ ਪ੍ਰਾਤਪ ਹੋਏਗਾ ਨਹੀਂ ਤਾਂ ਸਦਾ ਲਈ ਨਰਕਾਂ ਦੇ ਭਾਗੀਦਾਰ ਬਣੋਗੇ। ਕਿਸੇ ਨੇ
ਨੰਗੇ ਰਹਿਣ ਨੂੰ ਕਿਸੇ ਨੇ ਪਿੰਡੇ `ਤੇ ਸਵਾਹ ਮਲਣ ਨੂੰ ਕਿਹਾ। ਇਹ ਲੋਕ ਵੀ ਆਪੋ ਆਪਣੇ ਧੜੇ ਹੀ
ਬਣਾਉਂਦੇ ਰਹੇ ਹਨ। ਕਈ ਲੋਕਾਂ ਨੇ ਧਰਮ ਦੇ ਨਾਂ `ਤੇ ਆਪਸ ਵਿੱਚ ਪੂਰੀਆਂ ਵੰਡੀਆਂ ਪਾ ਲਈਆਂ ਹਨ।
ਗੁਰਬਾਣੀ ਨੇ ਇਕੋ ਹੀ ਫੈਸਲਾ ਦਿੱਤਾ ਹੈ ਮਿੱਤਰੋ ਜੇਹੋ ਜੇਹਾ ਬੀਜੋਗੇ ਤੁਸੀਂ ਉਹੋ ਜੇਹਾ ਹੀ
ਵੱਢੋਗੇ। ਧਰਮ ਦੀ ਵਿਆਖਿਆ ਕਰਦਿਆਂ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ
ਸਰਬ ਧਰਮ ਮਹਿ ਸ੍ਰੇਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
ਗਉੜੀ ਮ: ੫ ਪੰਨਾ ੨੬੬
ਜਦੋਂ ਵੀ ਕਿਸੇ ਧਰਮ ਵਿੱਚ ਕਰਮ ਕਾਂਡ ਵੱਧ ਜਾਂਦਾ ਹੈ ਤਾਂ ਲੋਕ ਉਸ ਤੋਂ
ਤੰਗ ਆ ਜਾਂਦੇ ਹਨ ਫਿਰ ਕੋਈ ਉਹ ਰਾਹ ਲੱਭਦੇ ਹਨ ਜਿਸ ਨਾਲ ਉਹਨਾਂ ਨੂੰ ਸੌਖੀ ਸ਼ਾਂਤੀ ਮਿਲ ਜਾਏ। ਇੰਜ
ਸਹਿਜੇ ਹੀ ਲੋਕ ਆਪਣਾ ਧਰਮ ਤਬਦੀਲ ਕਰ ਲੈਂਦੇ ਹਨ। ਦੂਸਰਾ ਰਾਜਿਆ ਵਲੋਂ ਕੀਤੇ ਜਾਂਦੇ ਅਤਿਆਚਾਰਾਂ
ਦਾ ਸਾਹਮਣਾ ਨਾ ਕਰਨ ਵਾਲੇ ਹਾਕਮਾ ਦੀ ਹੀ ਬੋਲੀ ਬੋਲਣ ਲੱਗ ਜਾਂਦੇ ਹਨ। ਉਹ ਲੋਕ ਵੀ ਆਪਣੇ ਰਵਾਇਤੀ
ਧਰਮ ਦਾ ਤਿਆਗ ਕਰ ਜਾਂਦੇ ਹਨ। ਤੀਸਰਾ ਲੋਕ ਗ਼ਰਜ਼ਾਂ ਦੇ ਮਾਰ ਹੁੰਦੇ ਹਨ ਜਿਥੋਂ ਉਹਨਾਂ ਦੀਆਂ ਲੋੜਾਂ
ਪੂਰੀਆਂ ਹੁੰਦੀਆਂ ਹਨ ਲੋਕ ਉਸ ਪਾਸੇ ਹੀ ਚਲੇ ਜਾਂਦੇ ਹਨ। ਸਰਕਾਰੀ ਜ਼ੁਲਮ ਜਾਂ ਕੁੱਝ ਰਿਆਇਤਾਂ ਕਰਕੇ
ਲੋਕ ਪੁਰਾਣੇ ਧਰਮ ਨੂੰ ਛੱਡ ਜਾਂਦੇ ਹਨ।
ਜਿਸ ਤਰ੍ਹਾਂ ਅਸੀਂ ਅਰੰਭ ਵਿੱਚ ਲਿਖ ਆਏ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ
ਨੇ ਕਿਸੇ ਨੂੰ ਵੀ ਆਪਣਾ ਧਰਮ ਛੱਡਣ ਲਈ ਨਹੀਂ ਕਿਹਾ ਸਗੋਂ ਆਪਣਾ ਕਰਮ ਤਬਦੀਲ ਕਰਨ ਨੂੰ ਦੀ ਜੁਗਤੀ
ਸਮਝਾਈ ਹੈ।
ਭਾਈ ਲਹਿਣਾ ਜੀ ਦੇਵੀ ਪੂਜਕ ਸਨ ਇਤਿਹਾਸ ਦੇ ਤੱਥਾਂ ਅਨੁਸਾਰ ਹਰ ਸਾਲ ਦੇਵੀ
ਦੀ ਯਾਤਰਾ `ਤੇ ਆਪਣੇ ਨਾਲ ਸੰਗ ਲੈ ਕੇ ਯਾਤਰਾ ਕਰਨ ਲਈ ਜਾਂਦੇ ਸਨ। ਇਸ ਨੂੰਂ ਉਹ ਬਹੁਤ ਵੱਡਾ ਧਰਮ
ਦਾ ਕਰਮ ਸਮਝਦੇ ਸਨ। ਭਾਈ ਜੋਧ ਜੀ ਪਾਸੋਂ ਸ਼ਬਦ ਸੁਣਿਆ --
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ।।
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ।।
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ।।
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ।।
ਕਿਛੁ ਲਾਹੇ ਉਪਰਿ ਘਾਲੀਐ।। ੨੧।। ਆਸਾ ਮਹਲਾ ੧ ਪੰਨਾ ੪੭੪ ਪਉੜੀ
ਭਾਈ ਜੋਧ ਜੀ ਨਾਲ ਲੰਬੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ। ਭਾਈ ਲਹਿਣਾ
ਜੀ ਨੇ ਦੇਵੀ ਦੇ ਦਰਸ਼ਨਾ ਦੀ ਲਾਲਸਾ ਛੱਡ ਕੇ ਸਿੱਖ ਸਿਧਾਂਤ ਸਮਝਣ ਲਈ ਕਰਤਾਰਪੁਰ ਹੀ ਡੇਰਾ ਲਗਾ
ਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਲਹਿਣੇ ਤੋਂ ਅੰਗਦ ਬਣਾ ਦਿੱਤਾ। ਤੀਸਰੇ ਪਤਾਸ਼ਾਹ ਜੀ ਨੂੰ ਗੁਰੂ
ਅਗੰਦ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਰਾਸਤ ਤੇ ਉਹਨਾਂ ਦੇ ਮਿਸ਼ਨ ਦੀ ਪੂਰੀ ਪੂਰੀ
ਜਾਣਕਾਰੀ ਸੀ ਪਰ ਗੁਰੂ ਅਮਰਦਾਸ ਜੀ ਦਾ ਮਨ ਨਹੀਂ ਮੰਨਦਾ ਸੀ। ਗੁਰੂ ਅਮਰਦਾਸ ਜੀ ਗੁਰੂ ਅੰਗਦ
ਪਾਤਸ਼ਾਹ ਜੀ ਨਾਲ ਰਿਸ਼ੇਦਾਰੀ ਹੋਣ ਦੇ ਸਿੱਖ ਸਿਧਾਂਤ ਦੀ ਕਦੇ ਵੀ ਗਹਿਰਾਈ ਤੱਕ ਨਹੀਂ ਉੱਤਰੇ ਸਨ।
ਇਤਿਹਾਸ ਦੇ ਪੰਨਿਆਂ ਅਨੁਸਾਰ ਕਈ ਵਾਰੀ ਧਰਮ ਦਾ ਪਵਿੱਤਰ ਕਰਮ ਸਮਝਦਿਆਂ ਹੋਇਆਂ ਹਰ ਸਾਲ ਗੰਗਾ ਦੀ
ਯਾਤਰਾ ਕਰਦੇ ਸਨ। ਇੱਕ ਦਿਨ ਬੀਬੀ ਅਮਰੋ ਜੀ ਨਾਲ ਡੂੰਘੀਆਂ ਵਿਚਾਰਾਂ ਹੋਈਆਂ, ਗੁਰਬਾਣੀ ਨੂੰ ਸਮਝਣ
ਦਾ ਯਤਨ ਕੀਤਾ ਮਨ ਨੇ ਗੁਰਬਾਣੀ ਦੇ ਗਹਿਰੇ ਪ੍ਰਭਾਵ ਕਬੂਲਦਿਆਂ ਖਡੁਰ ਸਾਹਿਬ ਜੀ ਨੂੰ ਖਿੱਚੇ ਆਏ।
ਤੀਸਰੇ ਗੁਰੂ ਬਣਦਿਆਂ ਹੀ ਸਮਾਜ ਭਲਾਈ ਦੇ ਕਾਰਜ ਅਰੰਭ ਕੀਤੇ। ਮੌਕੇ ਦੀ ਸਰਕਾਰ ਨਾਲ ਵਿਚਾਰਾਂ ਕਰਨ
ਲਈ ਭਾਈ ਜੇਠਾ ਜੀ ਨੂੰ ਭੇਜਿਆ ਗਿਆ। ਅਕਬਰ ਦਲੀਲਾਂ ਤੋਂ ਬੜਾ ਕਾਇਲ ਹੋਇਆ। ਗੋਇੰਦਵਾਲ ਵਿਖੇ ਜੋ
ਵਿਉਂਤਬੰਦੀ ਸੀ ਉਸ ਨੂੰ ਅਕਬਰ ਨੇ ਆਪ ਆਪਣੀ ਅੱਖੀਂ ਦੇਖਿਆ ਤੇ ਬੜਾ ਪ੍ਰਭਾਵਤ ਹੋਇਆ।
ਜਦੋਂ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਮਾਂ ਦੇਖਦੇ ਹਾਂ ਭਾਈ ਬਹਿਲੋਲ
ਖਾਨ ਜੋ ਕਿ ਸਖੀ ਸਰਵਰ ਦਾ ਬਹੁਤ ਵੱਡਾ ਪ੍ਰਚਾਰਕ ਆਗੂ ਸੀ। ਨਿਗਾਹੇ ਨੂੰ ਜਾਂਦਿਆਂ ਜਦੋਂ ਗੁਰੂ
ਅਰਜਨ ਪਾਤਸ਼ਾਹ ਜੀ ਦੇ ਵਿਚਾਰ ਸੁਣੇ ਤੇ ਭਾਈ ਬਹਿਲੋ ਸਭ ਤੋਂ ਪਹਿਲੋਂ ਹੋਣ ਦਾ ਮਾਣ ਹਾਸਲ ਕੀਤਾ।
ਭਾਈ ਮੰਝ ਸਬੰਧੀ ਤਾਂ ਇਤਿਹਾਸਕਾਰਾਂ ਨੇ ਏੱਥੋਂ ਤੱਕ ਲਿਖਿਆ ਹੈ ਗੁਰੂ ਅਰਜਨ ਪਾਤਾਸ਼ਾਹ ਜੀ
ਸਮਝਾਉਂਦੇ ਹਨ ਕਿ ਭਾਈ ਦੇਖ! ਸਿੱਖ ਸਿਧਾਂਤ ਤੇ ਚਲਦਿਆਂ ਤੇਰਾ ਬਣਿਆ ਮਾਣ ਸਾਨਮਾਨ ਇੱਕ ਵਾਰ ਗਵਾਚ
ਵੀ ਸਕਦਾ ਹੈ ਤੈਨੂੰ ਕਈ ਤਕਲੀਫਾਂ ਵੀ ਆ ਸਕਦੀਆਂ ਹਨ ਕਿਉਂ ਕਿ ਤੂੰ ਆਪਣੇ ਮਤ ਦਾ ਇੱਕ ਸਥਾਪਿਤ ਆਗੂ
ਪ੍ਰਚਾਰਕ ਹੈਂ। ਦੂਜਾ ਇੱਕ ਸਿੱਖੀ ਤੇ ਦੂਜੀ ਸਿੱਖੀ ਨਹੀਂ ਟਿਕ ਸਕਦੀ। ਸਿੱਖੀ ਸਿਦਕ ਨਿਭਾਉਂਦਿਆਂ
ਭਾਵ ਸੱਚ ਦੇ ਮਾਰਗ `ਤੇ ਚਲਦਿਆਂ ਬਹੁਤ ਨੁਕਸਾਨ ਵੀ ੳਠਾਉਣੇ ਪੈ ਸਕਦੇ ਹਨ। ਭਾਵ ਕਿ ਭਾਈ ਮੰਝ ਨੂੰ
ਸਿੱਧਾ ਨਹੀਂ ਕਿਹਾ ਕਿ ਜੀਉ ਆਇਆਂ ਨੂੰ ਸਗੋਂ ਉਸ ਨੂੰ ਸੁਚੇਤ ਕੀਤਾ ਸੀ ਕਿ ਸੱਚ `ਤੇ ਤੁਰਨ ਵਾਲਿਆਂ
ਨੂੰ ਸਮੱਸਿਆਵਾਂ ਵੀ ਆਉਂਦੀਆਂ ਹਨ।
ਪੀਰ ਬੱਧੂਸ਼ਾਹ ਮੁਸਲਮਾਨ ਹੁੰਦਿਆਂ ਸਰਕਾਰੇ ਦਰਬਾਰੇ ਪੂਰਾ ਦਬਦਬਾ ਹੋਣ ਦੇ
ਨਾਤੇ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿੱਚ ਹਾਜ਼ਰ ਹੋਇਆ ਸੀ। ਸੱਚ ਦੀ ਲੜਾਈ ਲੜਦਿਆਂ
ਪੁੱਤਰ ਤੇ ਮੁਰੀਦ ਸ਼ਹੀਦ ਕਰਾਏ। ਭਾਈ ਗਨੀ ਖਾਂ ਭਾਈ ਨਬੀ ਖਾਂ ਨੇ ਜਾਨ ਦੀ ਬਾਜ਼ੀ ਲਗਾਉਂਦਿਆਂ ਗੁਰੂ
ਗਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਉਂਦਿਆਂ ਘੜੀ ਨਹੀਂ ਲਾਈ।
ਭਾਰਤ ਵਿੱਚ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਮੰਦਰਾਂ ਵਿੱਚ ਵੀ ਜਾਣ ਦਾ
ਅਧਿਕਾਰ ਨਹੀਂ ਹੈ। ਪਛੜੇ ਵਰਗ ਨੂੰ ਅਮੀਰ ਲੋਕਾਂ ਦੀ ਦੁਬੇਲ ਬਣ ਕੇ ਰਹਿਣਾ ਪੈ ਰਿਹਾ ਸੀ। ਬਾਹਰੋਂ
ਆਏ ਹਮਲਾਵਰਾਂ ਨੇ ਆਪਣੇ ਰਾਜ ਨੂੰ ਪੱਕਾ ਕਰਨ ਲਈ ਭਾਰਤੀ ਲੋਕਾਂ ਨੂੰ ਆਪਣੇ ਨਾਲ ਰਲਾਇਆ ਤੇ ਉਹਨਾਂ
ਨੂੰ ਕੁੱਝ ਬਰਾਬਰੀ ਦੇ ਅਧਿਕਾਰ ਦਿੱਤੇ ਕੁਦਰਤੀ ਲੋਕ ਉਸ ਪਾਸੇ ਖਿਚੇ ਗਏ। ਭਾਰਤ ਵਿੱਚ ਇਸਲਾਮਿਕ
ਰਾਜ ਸਥਾਪਿਤ ਹੁੰਦਿਆਂ ਸਰਕਾਰੀ ਤੰਤਰ ਵਲੋਂ ਲੋਕਾਂ ਦੇ ਜਬਰੀ ਧਰਮ ਪਰਿਵਰਤਨ ਕਰਾਏ ਗਏ। ਕਸ਼ਮੀਰੀ
ਪੰਡਤਾਂ ਨੂੰ ਢਾਰਸ ਅਨੰਦਪੁਰ ਦੀ ਧਰਤੀ ਤੋਂ ਹੀ ਮਿਲੀ ਸੀ। ਗੁਰੂ ਤੇਗ ਬਹਾਦਰ ਜੀ ਨੇ ਸਰਕਾਰੀ ਜਬਰ
ਦੇ ਵਿਰੋਧ ਵਿੱਚ ਆਪਣੀ ਅਣਮੁੱਲੀ ਸ਼ਹਾਦਤ ਦੇ ਕੇ ਦੁਨੀਆਂ ਅੰਦਰ ਇਹ ਸਾਬਤ ਕਰ ਦਿੱਤਾ ਕਿ ਜਬਰੀ ਧਰਮ
ਤਬਦੀਲ ਕਿਸੇ ਦਾ ਵੀ ਨਹੀਂ ਹੋਣਾ ਚਾਹਦਿਾ ਸਗੋਂ ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਨਾ
ਜਬਰੀ ਧਾਗੇ ਦਾ ਜਨੇਊ ਪਾਇਆ ਜਾਏਗਾ ਤੇ ਨਾ ਹੀ ਜਬਰੀ ਕਿਸੇ ਨੂੰ ਲਹੁੰਣ ਦਿੱਤਾ ਜਾਏਗਾ। ਇਸਲਾਮ ਦੇ
ਧਰਮ ਦਾ ਪਰਚਾਰ ਸੂਫੀ ਲੋਕਾਂ ਨੇ ਪਿਆਰ ਨਾਲ ਵੀ ਬਹੁਤ ਕੀਤਾ। ਭਾਰਤੀ ਲੋਕਾਂ ਨੇ ਸੂਫੀ ਲੋਕਾਂ ਦੇ
ਪ੍ਰਭਾਵ ਨੂੰ ਵੀ ਬਹੁਤ ਕਬੂਲਿਆ।
ਗੁਰੁ ਨਾਨਕ ਸਾਹਿਬ ਜੀ ਨੇ ਇੱਕ ਵਿਚਾਰਧਾਰਾ ਖੜੀ ਕਰਨ ਲਈ ਪੂਰੇ ੨੩੦ ਸਾਲ
ਲਗ ਗਏ। ਅਨੰਦਪੁਰ ਦੀ ਧਰਤੀ `ਤੇ ਜਦੋਂ ਪੰਚਾਇਤੀ ਰਾਜ ਦੀ ਬਣਤਰ ਤਿਆਰ ਕਰਦਿਆਂ ਪੰਜਾਂ ਪਿਆਰਿਆਂ ਦੀ
ਚੋਣ ਕੀਤੀ ਸੀ ਤਾਂ ਦੇਸ਼ ਦੇ ਵੱਖ ਵੱਖ ਕੋਨਿਆਂ ਵਿਚੋਂ ਸੰਗਤਾ ਆਈਆਂ ਸਨ। ਆਪਣੀ ਮਰਜ਼ੀ ਨਾਲ ਮਰ
ਜੀਵੜੇ ਅੱਗੇ ਆਏ। ਏੱਥੇ ਇੱਕ ਗੱਲ ਸਾਬਤ ਹੁੰਦੀ ਹੈ ਕਿ ਉਹ ਲੋਕ ਸਾਹਮਣੇ ਆਏ ਜਿੰਨਾਂ ਦੇ ਮੂੰਹ
ਵਿੱਚ ਇਹ ਬੋਲ ਸਨ ਕਿ ਜੇ ਤਉ ਪ੍ਰੇਮ ਖੇਲਣ ਕਾ ਸਿਰ ਧਰ ਗਲੀ ਮੇਰੀ ਆਉ। ਗੁਰੂ ਅਰਜਨ ਪਾਤਸ਼ਾਹ ਜੀ ਦੇ
ਸਮੇਂ ਲਾਹੌਰ ਵਿੱਚ ਕਾਲ ਪੈ ਗਿਆ ਅੰਗਰੇਜ਼ ਪਰਚਾਰਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲਾਹੌਰ
ਪਹੁੰਚੇ। ਜਦੋਂ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸੇਵਾ ਦੇਖੀ ਤਾਂ ਉਹਨਾਂ ਅੰਗਰੇਜ਼ ਪਰਚਾਰਕਾਂ
ਨੇ ਪਿੱਛੇ ਰਿਪੋਰਟ ਭੇਜੀ ਕੇ ਜਿਸ ਤਰੀਕੇ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਸੇਵਾ ਜਾਂ ਦੁਖੀਆਂ ਦੀ
ਸੰਭਾਲ਼ ਕਰ ਰਹੇ ਹਨ ਅਸੀਂ ਇਸ ਤੋਂ ਬਹੁਤ ਪ੍ਰਭਾਵਤ ਹੋਏ ਹਾਂ।
ਇਸਲਾਮ ਮੱਤ ਵਾਲਿਆਂ ਨੇ ਸਰਕਾਰੀ ਤੰਤਰ ਦੇ ਜਬਰ ਕਾਜ਼ੀਆਂ ਦੇ ਫਤਵੇ ਤੇ
ਸੂਫੀਆਂ ਦੇ ਮਿੱਠੇ ਪ੍ਰਭਾਵ ਦੁਆਰਾ ਇਸਲਾਮ ਮੱਤ ਦਾ ਫੈਲਾ ਕੀਤਾ। ਅੰਗਰੇਜ਼ਾਂ ਨੇ ਪੰਜਾਬ ਤੇ ਮੁਕੰਮਲ
ਕਬਜ਼ਾ ਕਰਦਿਆਂ ਹੀ ਆਪਣੇ ਇਸਾਈ ਪਰਚਾਰਕ ਵੱਡੀ ਗਿਣਤੀ ਵਿੱਚ ਸਥਾਪਿਤ ਕੀਤੇ। ਇਰਾਦਾ ਇਕੋ ਹੀ ਸੀ ਕਿ
ਸਿੱਖਾਂ ਦਾ ਧਰਮ ਪਰਿਵਰਤਨ ਕੀਤਾ ਜਾਏ। ਇਸਾਈ ਮਿਸ਼ਨਰੀਆਂ ਨੇ ਗਰੀਬ ਪਰਵਾਰਾਂ ਨੂੰ ਸਹਿਜੇ ਹੀ ਆਪਣੀ
ਲਪੇਟ ਵਿੱਚ ਲੈ ਆਂਦਾ। ੧੮੫੨ ਤੋਂ ੧੮੫੬ ਤੱਕ ਤਕਰੀਬਨ ੩੭੫ ਪਿੰਡਾਂ ਵਿੱਚ ੨੭੦੦੦ ਦੇ ਕਰੀਬ ਪਰਵਾਰ
ਇਸਾਈ ਬਣ ਗਏ। ਇੰਜ ਲੋਕਾਂ ਨੂੰ ਆਪਣੇ ਧਰਮ ਨਾਲ ਜੋੜਨ ਵਿੱਚ ਕਾਮਯਾਬ ਹੋਏ ਦੂਸਰਾ ਇਹਨਾਂ ਦੋਹਾਂ
ਵਲੋਂ ਕੁੱਝ ਲਾਰੇ ਵੀ ਲਾਏ ਗਏ ਕਿ ਮਰਨ ਉਪਰੰਤ ਸਵਰਗ ਵੀ ਤਿਆਰ ਹੈ। ਤੀਸਰਾ ਇਹਨਾਂ ਨੇ ਜਬਰੀ ਧਰਮ
ਵੀ ਤਬਦੀਲ ਕਰਾਏ ਜਿਸ ਦੀ ਮਿਸਾਲ ਮਹਾਰਾਜਾ ਦਲੀਪ ਸਿੰਘ ਦੀ ਹੈ। ਮਿਸ਼ਨ ਸਕੂਲ ਦੇ ਚਾਰ ਸਿੱਖ ਬੱਚਿਆਂ
ਦੇ ਜਬਰੀ ਧਰਮ ਤਬਦੀਲ ਕਰਨ ਦਾ ਯਤਨ ਕੀਤਾ ਪਰ ਸਿੱਖਾਂ ਦੀ ਵਿਰੋਧਤਾ ਦੇਖਦਿਆਂ ਕਾਮਯਾਬ ਨਾ ਹੋ ਸਕੇ।
ਇਹ ਤੇ ਇਕਾ ਦੁਕਾ ਘਟਨਾਵਾਂ ਨੇ ਵਿਸਥਾਰ ਬਹੁਤ ਲੰਬਾ ਹੈ।
ਆਰੀਆ ਸਮਾਜ ਨੇ ਵੀ ਧਰਮ-ਸ਼ੁਧੀ ਦੇ ਨਾਂ `ਤੇ ਮੁਸਲਮਾਨ ਤੇ ਸਿੱਖਾਂ ਦੇ ਜਬਰੀ
ਧਰਮ ਪਰਿਵਰਤਨ ਕਰਾਉਣ ਦਾ ਉਪਰਾਲਾ ਕੀਤਾ। ਲਾਹੌਰ ਵਛੋਵਾਲੀ ਅਰੀਆ ਸਮਾਜ ਮੰਦਰ ਨੇ ਜਲੰਧਰ ਦੁਆਬੇ ਦੇ
੧੦-੧੨ ਦਲੱਤ ਸਿੱਖਾਂ ਨੂੰ ਲਾਹੌਰ ਲਿਜਾ ਕੇ ਉਹਨਾਂ ਦੇ ਕੇਸ ਕਟਵਾ ਕੇ ਧਰਮ ਸ਼ੁਧੀ ਕੀਤੀ ਸੀ। ਅੱਜ
ਜਦੋਂ ਫਿਰ ਭਾਰਤ ਵਿੱਚ ਭਗਵਾ ਕਰਨ ਨੇ ਜ਼ੋਰ ਫੜਿਆ ਹੈ ਤਾਂ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਸ਼ੁਧੀ ਦੇ
ਨਾਂ `ਤੇ ਧਰਮ ਪਰਿਵਰਤਨ ਦੀਆਂ ਖਬਰਾਂ ਮਿਲ ਰਹੀਆਂ ਹਨ ਜੋ ਘੱਟ ਗਿਣਤੀਆਂ ਲਈ ਚਿੰਤਾ ਦਾ ਗੰਭੀਰ
ਵਿਸ਼ਾ ਹੈ।
ਇਕ ਪਾਸੇ ਇਸ ਦੇਸ਼ ਦੇ ਧਰਮ ਨਿਰਪੱਖ ਹੋਣ ਦਾ ਢੰਡੋਰਾ ਦਿਤਾ ਜਾਂਦਾ ਹੈ ਦੂਜੇ
ਪਾਸੇ ਸਾਰਾ ਸਰਕਾਰੀ ਤੰਤਰ ਆਰ ਐਸ ਐਸ ਵਰਗੀਆਂ ਸੰਸਥਾਵਾਂ ਦੇ ਹਿੰਦੀ ਹਿੰਦੂ ਹਿੰਦੁਸਤਾਨ ਦੇ ਨਾਅਰੇ
ਦਾ ਸਮਰਥਨ ਕਰਦਾ ਪ੍ਰਤੀਤ ਹੁੰਦਾ ਹੈ। ਬਲਕਿ ਇਸ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੈ। ਸਰਕਾਰੀ
ਨੁੰਮਾਇੰਦੇ ਭਾਰਤੀ ਜਾਂ ਦੇਸ਼ ਦੇ ਜ਼ਿੰਮੇਵਾਰ ਆਗੂ ਘੱਟ ਸਗੋਂ ਸੰਪਰਦਾਇਕ ਪ੍ਰਚਾਰਕ ਜ਼ਿਆਦਾ ਦਿਸ
ਆਉਂਦੇ ਹਨ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਭਾਰਤ ਵਿੱਚ ਘਟ ਗਿਣਤੀਆਂ ਦੀ ਹਰ ਗੱਲ ਸੰਪਰਦਾਇਕਤਾ ਤੇ
ਫਿਰਕੂ ਕਹਿ ਕੇ ਨਕਾਰੀ ਜਾਂਦੀ ਹੈ ਤੇ ਉਨ੍ਹਾਂ ਨੂੰ ਭੰਡਿਆ ਤੇ ਨਿੰਦਿਆ ਜਾਂਦਾ ਹੈ। ਕੀ ਇਹ ਸਾਰਾ
ਕੁੱਝ ਸਮੁਚੇ ਸਮਾਜ ਲਈ ਹਾਨੀਕਾਰਕ ਤੇ ਭਵਿਖ ਲਈ ਨੁਕਸਾਨਦੇਹ ਹੈ। ਪਰ ਅਫਸੋਸ! ਇਹ ਸਾਰਾ ਕੁੱਝ
ਭਾਰਤੀ ਸਿਸਟਮ ਦੇ ਨੁੰਮਾਇਮਦੇ ਤੇ ਜ਼ਿੰਮੇਵਾਰਾਂ ਨੂੰ ਜਾਂ ਤਾਂ ਸਮਝ ਨਹੀਂ ਆ ਰਿਹਾ ਤੇ ਜਾਂ ਫਿਰ ਉਹ
ਸਾਜਿਸ਼ ਤਹਿਤ ਸਾਰਾ ਕੁੱਝ ਕਰ ਕਰਵਾ ਰਹੇ ਹਨ।
ਅੱਜ ਜਿਹੜਾ ਮੁੱਦਾ ਹੈ ਉਹ ਧਰਮ ਦਾ ਨਹੀਂ ਸਗੋਂ ਆਪੋ ਆਪਣੀਆਂ ਵੋਟਾਂ ਵਧਾਉਣ
ਦਾ ਹੈ। ਦੂਸਰਾ ਆਮ ਲੋਕਾਂ ਦਾ ਅਸਲੀ ਮੁਦਿਆਂ ਤੋਂ ਧਿਆਨ ਹਟਾ ਕੇ ਮਨੁੱਖੀ ਭਾਈਚਾਰੇ ਨੂੰ ਆਪਸ ਵਿੱਚ
ਲੜਾਉਣ ਦੀਆਂ ਕੋਝੀਆਂ ਚਾਲਾਂ ਹਨ। ਅੱਜ ਜਿਹੜੀ ਜਬਰੀ ਧਰਮ ਸ਼ੁੱਧੀ ਕਰਾਈ ਜਾ ਰਹੀ ਹੈ ਕੀ ਇਸ ਦੁਆਰਾ
ਬਰਾਬਰੀ ਦੇ ਅਧਿਕਾਰ ਮਿਲ ਜਾਣਗੇ? ਸਦੀਆਂ ਤੋਂ ਲਿਤਾੜੇ ਲੋਕਾਂ ਦਾ ਆਰਥਿਕ ਪੱਖ ਉੱਚਾ ਹੋ ਸਕਦਾ ਹੈ।
ਕੀ ਧਰਮ ਤਬਦੀਲ ਕਰਾ ਕੇ ਉਹਨਾਂ ਨੂੰ ਆਪਣੇ ਧਰਮ ਮੰਦਰਾਂ ਵਿੱਚ ਬੈਠਣ ਦਿਉਗੇ?
ਡਾਕਟਰ ਅੰਬੇਦਕਰ ਜੀ ਦਾ ਸਿੱਖ ਧਰਮ ਵਲ ਝੁਕਾ ਦੇਖ ਕੇ ਮਹਾਤਮਾ ਗਾਂਧੀ ਨੇ
ਮਰਨ ਵਰਤ ਦੀ ਧਮਕੀ ਦੇ ਦਿੱਤੀ ਸੀ। ਹਾਂ ਸਾਡੇ ਵਿੱਚ ਰਲ਼ ਜਾਓ ਤਾਂ ਠੀਕ ਹੈ ਦੂਜੇ ਪਾਸੇ ਜਾਓ ਤਾਂ
ਹਨੇਰ ਮੱਚਦਾ ਹੈ। ਇਹ ਬਹੁਤ ਹੀ ਪੇਚੀਦਾ ਮਾਆਮਲਾ ਹੈ ਇਸ ਤੇ ਸੰਜੀਦਾ ਹੋਣ ਦੀ ਲੋੜ ਹੈ। ਰਾਜਨੀਤਿਕ
ਲੋਕ ਸਿਰਫ ਧਰਮ ਦੇ ਨਾਂ `ਤੇ ਆਪਣੀਆਂ ਰੋਟੀਆਂ ਹੀ ਸੇਕ ਰਹੇ ਹਨ ਤੇ ਜ਼ਜਬਾਤੀ ਲੋਕ ਧਰਮ ਦੇ ਨਸਸਸਾਂ
`ਤੇ ਕਤਲੇ ਆਮ ਕਰਦੇ ਹਨ।
ਡਾਕਟਰ ਮਹੀਪ ਸਿੰਘ ਦੇ ਵਿਚਾਰ—
ਘਰ ਵਾਪਸੀ ਕਿਸ ਦੀ
ਦੇਸ਼ ਵਿਚ ਘਰ ਵਾਪਸੀ ਦੀ ਬੜੀ ਚਰਚਾ ਹੈ। ਇਕ ਹਿੰਦੂਵਾਦੀ ਸੰਗਠਨ 'ਧਰਮ
ਪ੍ਰਚਾਰਣੀ ਸਭਾ' ਨੇ ਐਲਾਨ ਕੀਤਾ ਹੈ ਕਿ ਉਹ ਸੰਨ 2021 ਤੱਕ ਉਨ੍ਹਾਂ ਸਾਰੇ ਹਿੰਦੂਆਂ ਦੀ ਘਰ ਵਾਪਸੀ
ਕਰਾ ਲੈਣਗੇ, ਜਿਹੜੇ ਕਿਸੇ ਵੇਲੇ ਮੁਸਲਮਾਨ ਜਾਂ ਈਸਾਈ ਬਣ ਗਏ ਹਨ। ਸਮੇਂ ਦੇ ਗੇੜ ਵਿਚ ਹਿੰਦੂ ਧਰਮ
ਛੱਡ ਕੇ ਮੁਸਲਮਾਨ ਜਾਂ ਈਸਾਈ ਬਣਨ ਵਾਲੇ ਬਹੁਤੇ ਲੋਕਾਂ ਦੀ ਗਿਣਤੀ ਦਲਿਤ ਵਰਗ ਦੇ ਲੋਕਾਂ ਦੀ ਸੀ।
ਪਰ ਉੱਚੀਆਂ ਜਾਤਾਂ ਜਾਂ ਸਵਰਨ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਸੀ। ਇਨ੍ਹਾਂ ਵਿਚ ਬ੍ਰਾਹਮਣ ਵੀ
ਸਨ, ਖੱਤਰੀ ਵੀ ਸਨ, ਰਾਜਪੂਤ ਵੀ ਸਨ, ਵੈਸ਼ ਵੀ ਸਨ। ਪਾਕਿਸਤਾਨ ਵਿਚਾਰ ਦੇ ਮੋਢੀ ਅੱਲਾਮਾ ਇਕਬਾਲ ਦੇ
ਵੱਡ-ਵਡੇਰੇ ਕਸ਼ਮੀਰੀ ਬ੍ਰਾਹਮਣ ਸਨ। ਰਾਜਪੂਤਾਂ ਵਿਚੋਂ ਤੇ ਹੋਰ ਬੜੇ ਸਾਰੇ ਲੋਕਾਂ ਨੇ ਇਸਲਾਮ
ਪ੍ਰਵਾਨ ਕਰ ਲਿਆ ਸੀ। ਅੱਜ ਵੀ ਮੁਸਲਮਾਨਾਂ ਵਿਚ ਰਾਅ, ਰਾਣਾ, ਰਾਜਾ, ਜਿਹੜੀਆਂ ਜਾਤੀਆਂ ਹਨ, ਉਹ
ਰਾਜਪੂਤਾਂ ਵਿਚੋਂ ਧਰਮ ਪਰਿਵਰਤਨ ਕੀਤੇ ਲੋਕੀਂ ਹਨ। ਹਿੰਦੁਸਤਾਨ ਵਿਚ ਹਰਿਆਣਾ ਦੇ ਇਕ ਜ਼ਿਲ੍ਹੇ
ਮੇਵਾਤ ਵਿਚ ਰਾਜਪੂਤ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ। ਫਿਰ ਵੀ ਧਰਮ ਪਰਿਵਰਤਨ ਕੀਤੇ ਬਹੁਤੇ
ਮੁਸਲਮਾਨ ਅਤੇ ਈਸਾਈ ਦਲਿਤ ਜਾਤੀਆਂ ਦੇ ਹਨ ਜਾਂ ਆਦਿਵਾਸੀਆਂ ਵਿਚੋਂ ਹਨ। ਡਾ: ਬਾਬਾ ਸਾਹਿਬ
ਅੰਬੇਡਕਰ ਦੇ ਯਤਨਾਂ ਨਾਲ ਬਹੁਤ ਸਾਰੇ ਦਲਿਤਾਂ ਨੇ ਬੁੱਧ ਧਰਮ ਅਪਣਾ ਲਿਆ ਸੀ। ਸਿੰਘ ਸਭਾ ਲਹਿਰ ਦੇ
ਯਤਨਾਂ ਨਾਲ ਪੰਜਾਬ ਵਿਚ ਅਤੇ ਪੰਜਾਬ ਤੋਂ ਬਾਹਰ ਵੀ ਕੁਝ ਇਲਾਕਿਆਂ ਵਿਚ ਲੋਕਾਂ ਨੇ ਸਿੱਖ ਧਰਮ
ਸਵੀਕਾਰ ਕਰ ਲਿਆ ਸੀ। ਇਨ੍ਹਾਂ ਵਿਚ ਵੀ ਪਛੜੀਆਂ ਜਾਤਾਂ ਅਤੇ ਦਲਿਤਾਂ ਦੀ ਵੱਡੀ ਗਿਣਤੀ ਸੀ। ਕੀ
ਇਨ੍ਹਾਂ ਦੀ ਵੀ ਘਰ ਵਾਪਸੀ ਹੋਵੇਗੀ? ਪਰ ਧਰਮ ਪ੍ਰਚਾਰਣੀ ਸਭਾ ਬੋਧੀਆਂ ਤੇ ਸਿੱਖਾਂ ਦੀ ਗੱਲ ਨਹੀਂ
ਕਰਦੀ, ਭਾਵੇਂ ਡਾ: ਅੰਬੇਡਕਰ ਨੇ ਆਪ ਇਹ ਕਿਹਾ ਸੀ, ਕਿ ਮੈਂ ਹਿੰਦੂ ਹੋ ਕੇ ਜਨਮਿਆ ਜ਼ਰੂਰ ਹਾਂ ਪਰ
ਹਿੰਦੂ ਰਹਿ ਕੇ ਮਰਾਂਗਾ ਨਹੀਂ। ਧਰਮ ਪ੍ਰਚਾਰਣੀ ਸਭਾ ਦਾ ਪੂਰਾ ਨਿਸ਼ਾਨਾ ਮੁਸਲਮਾਨ ਤੇ ਈਸਾਈ ਹੀ ਹਨ।
ਬੋਧੀਆਂ ਤੇ ਸਿੱਖਾਂ ਨੂੰ ਤਾਂ ਉਹ ਹਿੰਦੂ ਹੀ ਮੰਨਦੀ ਹੈ। ਹਿੰਦੂ ਸਮਾਜ ਅਨੇਕ ਵਰਨਾਂ ਅਤੇ ਅਸੰਖ
ਜਾਤੀਆਂ, ਉਪਜਾਤੀਆਂ ਵਿਚ ਵੰਡਿਆ ਹੋਇਆ ਹੈ। ਜਾਤ-ਪਾਤ ਦੀ ਬੜੀ ਉੱਚੀ ਤੇ ਪੀਡੀ ਕੰਧ ਇਸ ਦੇ ਚਹੁੰ
ਪਾਸੇ ਬਣੀ ਹੋਈ ਹੈ। ਇਸ ਵਿਚੋਂ ਬਾਹਰ ਨਿਕਲਣ ਦੇ ਬੂਹੇ ਤਾਂ ਹਨ, ਅੰਦਰ ਆਉਣ ਦੇ ਨਹੀਂ ਹਨ।
ਇਤਿਹਾਸਕ ਪ੍ਰਸੰਗ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ: ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ
ਸੂਬੇਦਾਰ ਬਣਾਇਆ ਸੀ, ਉਸ ਨੇ ਕਸ਼ਮੀਰੀ ਪੰਡਿਤਾਂ ਦੀ ਮੀਟਿੰਗ ਬੁਲਾਈ ਸੀ ਤੇ ਪੁੱਛਿਆ ਸੀ ਕਿ ਕੁਝ
ਪੰਡਿਤ ਮੁਸਲਮਾਨ ਹੁਕਮਰਾਨਾਂ ਵੱਲੋਂ ਜਬਰਨ ਮੁਸਲਮਾਨ ਬਣਾ ਲਏ ਗਏ ਸਨ। ਹੁਣ ਉਹ ਵਾਪਸ ਆਉਣਾ
ਚਾਹੁੰਦੇ ਹਨ। ਕਸ਼ਮੀਰੀ ਪੰਡਿਤਾਂ ਨੇ ਪੂਰੀ ਤਰ੍ਹਾਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦਾ ਮਤ ਸੀ ਕਿ
ਜਿਹੜੇ ਪੰਡਿਤ ਇਕ ਵਾਰੀ ਮੁਸਲਮਾਨ ਬਣ ਗਏ ਹਨ, ਹੁਣ ਉਹ ਵਾਪਸ ਨਹੀਂ ਆ ਸਕਦੇ। ਹਿੰਦੂ ਸਮਾਜ ਦਾ
ਢਾਂਚਾ ਇਸ ਤਰ੍ਹਾਂ ਦਾ ਹੈ ਕਿ ਉਸ ਵਿਚ ਘਰ ਵਾਪਸੀ ਏਨੀ ਸੌਖੀ ਨਹੀਂ, ਜਿੰਨੀ ਜਾਪਦੀ ਹੈ। ਘਰ ਵਾਪਸ
ਆਇਆ ਬੰਦਾ ਕਿਸ ਵਰਨ ਜਾਂ ਜਾਤੀ ਵਿਚ ਸ਼ਾਮਿਲ ਕੀਤਾ ਜਾਵੇਗਾ? ਇਕ ਰਾਜਪੂਤ ਮੁਸਲਮਾਨ ਜੇ ਹਿੰਦੂ ਧਰਮ
ਵਿਚ ਵਾਪਸ ਆ ਜਾਵੇ ਤਾਂ ਉਹ ਰਾਜਪੂਤ ਹਿੰਦੂਆਂ ਵਿਚ ਜਜ਼ਬ ਹੋ ਸਕਦਾ ਹੈ। ਇਹ ਗੱਲ ਖੱਤਰੀਆਂ ਤੇ
ਵੈਸ਼ਾਂ ਵਿਚ ਵੀ ਮੁਮਕਿਨ ਹੈ। ਪਰ ਦਲਿਤਾਂ ਵਿਚੋਂ ਮੁਸਲਮਾਨ ਬਣੇ ਬੰਦੇ ਜੇ ਘਰ ਵਾਪਸੀ ਕਰਨ ਤਾਂ ਉਹ
ਦਲਿਤ ਹੀ ਰਹਿਣਗੇ, ਸਵਰਨ ਜਾਤੀਆਂ ਦੇ ਲੋਕੀਂ ਉਨ੍ਹਾਂ ਨੂੰ ਅੱਜ ਵੀ ਆਪਣੇ ਨਾਲ ਮਿਲਾ ਕੇ ਉਨ੍ਹਾਂ
ਤੋਂ ਦੂਰ ਹੀ ਰਹਿਣਗੇ।
ਗੱਲ ਘਰ ਵਾਪਸੀ ਦੀ ਨਹੀਂ, ਸਦੀਆਂ ਤੋਂ ਬੰਦ ਬੂਹੇ-ਬਾਰੀਆਂ ਖੋਲ੍ਹਣ ਦੀ ਹੈ।
-ਸੀ-1/407, ਪਾਲਮ ਵਿਹਾਰ, ਗੁੜਗਾਓਂ-122017.