. |
|
ਭੱਟ ਬਾਣੀ-67
ਬਲਦੇਵ ਸਿੰਘ ਟੋਰਾਂਟੋ
ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ।।
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ।।
ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ।।
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ।।
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ।।
ਗੁਰ ਅਰਜੁਨ ਕਲ੍ਯ੍ਯੁਚਰੈ ਤੈ ਰਾਜ ਜੋਗ ਰਸੁ ਜਾਣਿਅਉ।। ੭।।
ਪੰਨਾ ੧੪੦੭-੦੮)
ਪਦ ਅਰਥ:- ਧ੍ਰੰਮ –
ਧਰਮ। ਧੀਰੁ – ਧੀਰਜ, ਬਲਵਾਨ, ਵੱਡਮੁੱਲਾ, ਵੱਡਮੁੱਲੀ। ਗੁਰਮਤਿ – ਗਿਆਨ ਦੀ
ਸਿੱਖਿਆ। ਗਭੀਰੁ – ਬਹੁਤ ਡੂੰਘਾ, ਗਹਿਰਾ। ਪਰ ਦੁਖ – ਪਰਾਈ ਗ਼ਲਤ ਧਾਰਨਾ ਦਾ ਰੋਗ
(misconception disease)
ਬਿਸਾਰਣੁ – ਖ਼ਤਮ ਕਰਨ ਲਈ। ਸਬਦ ਸਾਰੁ –
ਤੱਤ ਗਿਆਨ ਦੀ ਵੀਚਾਰਧਾਰਾ। ਹਰਿ ਸਮ – ਹਰੀ ਦੇ ਬਰਾਬਰ ਆਪਣੇ ਆਪ ਨੂੰ ਦਰਸਾਉਣ ਵਾਲੇ
ਹੰਕਾਰੀ। ਉਦਾਰੁ ਅਹੰਮੇਵ – ਖ਼ੁਦੀ ਤੋਂ ਉਦਾਰ, ਛੁਟਕਾਰਾ। ਉਦਾਰੁ – ਛੁਟਕਾਰਾ।
ਅਹੰਮੇਵ – ਖ਼ੁਦੀ। ਮਹਾ ਦਾਨਿ – ਮਹਾਨ ਬਖ਼ਸ਼ਿਸ਼। ਸਤਿਗੁਰ – ਸਦੀਵੀ ਸਥਿਰ ਰਹਿਣ
ਵਾਲਾ ਕਰਤਾ। ਗਿਆਨ ਮਨਿ – ਗਿਆਨ ਨਾਲ ਉਤਸ਼ਾਹਿਤ-ਪ੍ਰਭਾਵਤ ਹੋਇਆ ਮਨ। ਨ ਹੁਟੈ –
ਹੁਣ ਪਿੱਛੇ ਹਟਣ ਵਾਲਾ ਨਹੀਂ। ਸਤਿਵੰਤੁ – ਸਤ ਦੇ ਧਾਰਨੀਆਂ। ਹਰਿ – ਕਰਤਾ।
ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਨਵ ਨਿਧਿ – ਗਿਆਨ ਦਾ ਖ਼ਜ਼ਾਨਾ। ਨ
ਨਿਖੁਟੈ – ਕਦੇ ਖ਼ਤਮ ਹੋਣ ਵਾਲਾ ਨਹੀਂ। ਗੁਰ – ਯਤਨ ਕਰਨਾ, ਉੱਦਮ ਕਰਨਾ, ਯਤਨਸ਼ੀਲ
ਹੋਣਾ (ਮ: ਕੋਸ਼)। ਤਨੁ – ਅੱਗੇ ਵਧਾਉਣਾ, ਪ੍ਰਚਾਰਨਾ। ਸਰਬਮੈ – ਸਰਬ-ਵਿਆਪਕ।
ਤਾਣਿਅਉ – ਫੈਲਾਉਣਾ। ਗੁਰ – ਯਤਨ, ਯਤਨਸ਼ੀਲ। ਕਲ੍ਹੁ – ਅਗਿਆਨਤਾ ਦਾ ਹਨੇਰਾ।
ਚਰੈ – ਪ੍ਰਕਾਸ਼ ਕਰਨਾ। ਤੈ - ਤੋਂ। ਰਾਜ – ਰਹੱਸ। ਜਾਣਿਅਉ – ਜਾਣਿਆ ਹੋਇਆ ਭਾਵ
ਅਪਣਾਇਆ ਹੋਇਆ ਹੈ।
ਅਰਥ:- ਹੇ ਭਾਈ! ਇਹ ਗਹਿਰੇ ਗਿਆਨ ਦੀ ਸਿੱਖਿਆ ਪਰਾਈ ਗ਼ਲਤ ਧਾਰਨਾ ਦਾ
ਰੋਗ (misconception disease)
ਦੂਰ ਕਰਨ ਲਈ ਵੱਡਮੁੱਲੀ ਹੈ। ਇਹ ਤੱਤ ਗਿਆਨ ਦੀ ਵੀਚਾਰਧਾਰਾ ਉਸ ਹਰੀ ਦੇ ਬਰਾਬਰ ਆਪਣੀ ਬਖ਼ਸ਼ਿਸ਼ ਦੱਸਣ
ਵਾਲੇ ਅਹੰਕਾਰੀ (ਅਵਤਾਰਵਾਦੀਆਂ) ਦੀ ਅਹੰਮੇਵ-ਖ਼ੁਦੀ, ਖ਼ੁਦਾਈ ਤੋਂ ਛੁਟਕਾਰਾ ਅਤੇ (ਅਗਿਆਨਤਾ) ਖ਼ਤਮ
ਕਰਨ ਵਾਲੀ ਹੈ। ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਮਹਾਨ ਬਖ਼ਸ਼ਿਸ਼ ਰੂਪ ਇਸ ਗਿਆਨ ਨਾਲ ਉਤਸ਼ਾਹਿਤ
ਹੋਇਆ ਮਨ ਹੁਣ ਇਸ ਤੋਂ ਪਿੱਛੇ ਹਟਣ ਵਾਲਾ ਨਹੀਂ ਅਤੇ ਇਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ
ਸਤ ਦੇ ਧਾਰਨੀਆਂ ਦਾ ਇਹ ਮੰਤ੍ਰੁ-ਮੂਲ, ਕਰਤੇ ਦੇ ਗਿਆਨ ਦਾ ਖ਼ਜ਼ਾਨਾ ਕਦੇ ਖ਼ਤਮ ਹੋਣ ਵਾਲਾ ਨਹੀਂ। ਇਸ
ਤਰ੍ਹਾਂ ਰਾਮਦਾਸ ਜੀ ਸਰਬ-ਵਿਆਪਕ ਦੇ ਗਿਆਨ ਦਾ ਚੰਦੋਆ-ਬਖ਼ਸ਼ਿਸ਼ ਫੈਲਾਉਣ-ਪ੍ਰਚਾਰਨ ਲਈ ਅਡੋਲ ਯਤਨਸ਼ੀਲ
ਸਨ। ਉਸੇ ਯਤਨ ਨੂੰ ਅਰਜਨ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਉੱਤਮ
ਗਿਆਨ ਦੇ ਰਹੱਸ ਦੇ ਰਸ ਨੂੰ ਜਾਣਿਆ ਹੋਇਆ ਭਾਵ ਅਪਣਾਇਆ ਹੋਇਆ ਹੈ ਅਤੇ ਪ੍ਰਚਾਰਨ ਲਈ ਯਤਨਸ਼ੀਲ ਹਨ।
ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ।।
ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ।।
ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ।।
ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ।।
ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ।।
ਗੁਰ ਅਰਜੁਨ ਕਲ੍ਯ੍ਯੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ।। ੮।।
(ਪੰਨਾ ੧੪੦੮)
ਪਦ ਅਰਥ:- ਭੈ ਨਿਰਭਉ –
ਭੈਅ ਤੋਂ ਨਿਰਭਉ। ਲਾਖ – ਜਾਣ ਕੇ। ਮਾਣਿਅਉ –
ਮਾਣ ਕੀਤਾ। ਲਖਾਯਉ – ਸਮਝਾਇਆ। ਗਤਿ – ਮਾਰਗ, ਰਸਤਾ (ਮ: ਕੋਸ਼)। ਗੰਭੀਰੁ
– ਬੜੀ ਗੰਭੀਰਤਾ ਨਾਲ। ਸਤਿਗੁਰਿ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਪਰਚਾਯਉ – ਸਮਝਾਇਆ।
ਗੁਰ ਪਰਚੈ ਪਰਵਾਣੁ – ਜਿਨ੍ਹਾਂ ਨੇ ਗਿਆਨ ਦੇ ਪਰਚੇ ਨੂੰ ਪ੍ਰਵਾਣ ਕੀਤਾ। ਰਾਜ –
ਰਹੱਸ। ਮਹਿ – ਵਿੱਚ। ਜੋਗੁ – ਉੱਤਮ ਗਿਆਨ। ਕਮਾਯਉ – ਕਮਾਈ ਕੀਤੀ।
ਧੰਨਿ – ਸਲਾਹੁਣਯੋਗ। ਗੁਰੁ – ਜਿਨ੍ਹਾਂ ਨੇ ਗਿਆਨ ਨੂੰ ਜੀਵਨ ਵਿੱਚ ਅਪਣਾਇਆ। ਅਭਰ
– ਨਾ ਭਰੀ ਹੋਈ ਭਾਵ ਖ਼ਾਲੀ ਥਾਂ। ਸਰ – ਮੁਨਾਸਿਬ ਵੇਲੇ ਭਾਵ ਸਮੇਂ ਸਿਰ (ਮ:
ਕੋਸ਼)। ਸੁਭਰ – ਉਹ ਭਰ ਕੇ। ਭਰਾਯਉ – ਸੰਪੂਰਣ ਕਰ ਦਿੱਤੀ ਹੈ। ਗੁਰ ਗਮ –
ਗਿਆਨ ਦਾ ਮਾਰਗ। ਗਮ – ਮਾਰਗ। ਪ੍ਰਮਾਣਿ – ਸਬੂਤ। ਅਜਰੁ – ਨਾ ਜਰਨਾ ਭਾਵ ਨਾ
ਪ੍ਰਵਾਣ ਕਰਨਾ, ਨਾ ਅਪਣਾਉਣਾ, ਨਾ ਚਾਹੁਣ ਵਾਲਿਆਂ। ਜਰਿਓ – ਪ੍ਰਵਾਣ ਕਰਨਾ, ਕਰ ਲੈਣਾ,
ਅਪਣਾਣਿਆ। ਸਰਿ – ਸਾਗਰ। ਸੰਤੋਖ – ਸਬਰ, ਲੋਭ ਦਾ ਤਿਆਗ ਕਰਕੇ। ਸਮਾਇਯਉ – ਲੀਨ
ਹੋ ਜਾਣਾ, ਸਮਰਪਤ ਹੋ ਜਾਣਾ। ਕਲ੍ਹੁ – ਅਗਿਆਨਤਾ ਦਾ ਹਨੇਰਾ। ਚਰੈ – ਪ੍ਰਕਾਸ਼ ਕਰਨਾ,
ਰੁਸ਼ਨਾ ਰਹੇ ਹਨ। ਤੈ – ਉਸ ਦੇ (ਮ: ਕੋਸ਼)। ਸਹਿਜ – ਅਡੋਲ। ਜੋਗੁ –
ਉੱਤਮ। ਨਿਜੁ – ਨਿੱਜੀ ਜੀਵਨ। ਪਾਇਯਉ – ਅਪਣਾਇਆ ਹੋਇਆ ਹੈ।
ਅਰਥ:- ਹੇ ਭਾਈ! ਜਿਨ੍ਹਾਂ ਨੇ ਗਿਆਨ ਦੇ ਰਹੱਸ ਨੂੰ ਜਾਣਿਆ, ਉਨ੍ਹਾਂ
ਨੇ (ਅਵਤਾਰਵਾਦੀਆਂ ਦੇ) ਭੈਅ ਤੋਂ ਨਿਰਭਉ ਹੋ ਕੇ ਉਸ ਨਿਰਭਉ-ਜੋ ਕਿਸੇ ਨੂੰ ਡਰਾਉਂਦਾ ਨਹੀਂ, ਉਸ
ਅਲਖੁ ਦੇ ਹੁਕਮ ਨੂੰ ਜਾਣ ਕੇ ਉਸ `ਤੇ ਆਪ ਮਾਣ ਕੀਤਾ ਅਤੇ ਹੋਰਨਾਂ ਨੂੰ ਵੀ ਸਮਝਾਇਆ ਭਾਵ ਉਸ ਉੱਪਰ
ਮਾਣ ਕਰਨ ਲਈ ਪ੍ਰੇਰਿਆ। ਜਿਨ੍ਹਾਂ ਪ੍ਰੇਰਿਆ, ਉਹ ਆਪ ਵੀ ਅਗੰਮ ਅਗੋਚਰ ਦੇ (ਗਿਆਨ) ਦੇ ਮਾਰਗ `ਤੇ
ਬੜੀ ਗੰਭੀਰਤਾ ਨਾਲ ਚੱਲੇ ਅਤੇ ਸਦੀਵੀ ਸਥਿਰ ਵਾਲੇ ਦੀ ਬਖ਼ਸ਼ਿਸ਼ ਗਿਆਨ ਦੇ ਮਾਰਗ/ਰਸਤੇ `ਤੇ ਚੱਲਣ ਲਈ
ਅੱਗੇ ਹੋਰਨਾਂ ਨੂੰ ਵੀ ਉਪਦੇਸ਼ ਕੀਤਾ ਭਾਵ ਪ੍ਰੇਰਿਆ। ਜਿਨ੍ਹਾਂ ਹੋਰਨਾਂ ਨੇ ਗਿਆਨ ਦੇ ਪਰਚੇ ਨੂੰ
ਪ੍ਰਵਾਣ ਕੀਤਾ, ਉਨ੍ਹਾਂ ਨੇ ਵੀ ਉੱਤਮ ਗਿਆਨ ਦੇ ਰਹੱਸ ਨੂੰ ਆਪਣੇ ਜੀਵਨ ਵਿੱਚ ਕਮਾਇਆ। ਜਿਨ੍ਹਾਂ ਨੇ
ਗਿਆਨ ਨੂੰ ਆਪਣੇ ਜੀਵਨ ਵਿੱਚ ਕਮਾਇਆ, ਉਨ੍ਹਾਂ ਨੇ ਉਸ ਸਲਾਹੁਣਯੋਗ ਨੂੰ ਹੀ ਸਲਾਹੁਣਯੋਗ ਕਰਕੇ
ਸਲਾਹਿਆ ਅਤੇ ਇਹ ਜੋ ਇੱਕ ਗਿਆਨ ਤੋਂ ਸੱਖਣੀ ਖ਼ਾਲੀ ਥਾਂ ਸੀ ਜੋ ਭਰਨ ਵਾਲੀ ਸੀ, ਉਹ ਸਮੇਂ ਸਿਰ ਭਰ
ਕੇ ਸੰਪੂਰਣ ਕਰ ਦਿੱਤੀ ਹੈ। ਇਹ ਗਿਆਨ ਇਸ ਗੱਲ ਦਾ ਸਬੂਤ ਹੈ ਕਿ ਇਸ ਗਿਆਨ ਦੇ ਮਾਰਗ ਨੂੰ ਜਦੋਂ ਨਾ
ਚਾਹੁਣ-ਨਾ ਅਪਣਾਉਣ ਵਾਲਿਆਂ ਨੇ ਜਦੋਂ ਚਾਹਿਆ ਭਾਵ ਅਪਣਾਇਆ ਤਾਂ ਉਹ ਲੋਭ ਦਾ ਤਿਆਗ ਕਰਕੇ ਗਿਆਨ ਦੇ
ਸਾਗਰ ਵਿੱਚ ਹੀ ਲੀਨ ਹੋ ਗਏ ਭਾਵ ਇਸ ਗਿਆਨ ਨੂੰ ਹੀ ਸਮਰਪਤ ਹੋ ਗਏ। ਅਰਜਨ ਦੇਵ ਜੀ ਨੇ ਆਪ ਨਿੱਜੀ
ਜੀਵਨ ਵਿੱਚ ਅਡੋਲ ਇਸ ਉੱਤਮ ਗਿਆਨ ਨੂੰ ਅਪਣਾਇਆ ਹੋਇਆ ਹੈ ਅਤੇ ਜਿਹੜੇ ਲੋਕ ਅਗਿਆਨਤਾ ਦੇ ਹਨੇਰੇ
ਵਿੱਚ ਹਨ, ਉਨ੍ਹਾਂ ਨੂੰ ਉਸ ਗਿਆਨ ਦੇ ਨਾਲ ਰੁਸ਼ਨਾ ਰਹੇ ਹਨ।
|
. |