.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ

ਮੇਰੇ ਬਚਪਨ ਦੇ ਜੀਵਨ ਵਿਚ, ਮੇਰੇ ਪਿੰਡ ਦੇ ਨੇੜੇ ਤੇਜਾ-ਵੀਲ੍ਹਾ, ਧਿਆਨਪੁਰ ਤੇ ਕਾਲਾ ਅਫ਼ਗਾਨਾ ਦੇ ਵੱਡੇ ਪਿੰਡਾਂ ਵਿੱਚ ਤਿੰਨ ਹਾਈ ਸਕੂਲ ਸਨ। ਮੇਰੇ ਪਿੰਡ ਦੇ ਜ਼ਿਆਦਾ ਵਿਦਿਆਰਥੀ ਕਾਲੇ ਅਫਗਾਨੇ ਦੇ ਸਕੂਲ ਨੂੰ ਹੀ ਤਰਜੀਹ ਦੇਂਦੇ ਸਨ। 1964-65 ਦੇ ਸਮੇਂ ਮੇਰੇ ਪਿੰਡ ਨੂੰ ਇੱਕ ਵੀ ਰਸਤਾ ਪੱਕਾ ਨਹੀਂ ਸੀ। ਕੱਚੇ ਰਸਤਿਆਂ ਦੀ ਹਾਲਤ ਬਹੁਤ ਖਰਾਬ ਹੁੰਦੀ ਸੀ ਇੰਝ ਕਹਿ ਲਈਏ ਕਿ ਸਾਇਕਲ ਨੂੰ ਪਿੰਡੋਂ ਹੀ ਮੋਢੇ `ਤੇ ਚੁੱਕ ਕੇ ਮਲਕਵਾਲ ਵਾਲੀ ਨਹਿਰ ਤੱਕ ਲਿਆਉਣਾ ਪੈਂਦਾ ਸੀ। ਕਾਲੇ ਅਫ਼ਗਾਨੇ ਪੜ੍ਹਨ ਆਉਣ ਵਾਲਿਆਂ ਲਈ ਪਿੰਡੋਂ ਸਿੱਧਾ ਖੇਤਾਂ ਵਾਲਾ ਰਸਤਾ ਤਹਿ ਕਰਕੇ ਸਕੂਲ ਤੱਕ ਅਪੜ੍ਹਨਾ ਪੈਂਦਾ ਸੀ। ਜਦੋਂ ਕਿਸੇ ਖੇਤ ਵਿਚਦੀ ਨਵੀਂ ਡੰਡੀ ਪਉਣੀ ਤਾਂ ਖੇਤ ਮਾਲਕ ਅਕਸਰ ਆਪਣਾ ਗੱਸਾ ਪ੍ਰਗਟ ਕਰਦਾ ਹੁੰਦਾ ਸੀ। ਬਚਪਨਾ ਐਸਾ ਹੁੰਦਾ ਹੈੂ ਕਿ ਸਿੱਧੀ ਗੱਲ ਛੇਤੀ ਕੀਤਿਆਂ ਮੰਨਣ ਵਿੱਚ ਨਹੀਂ ਆਉਂਦੀ। ਏਦਾਂ ਕਹਿ ਲਈਏ ਕਿ ਬੀਜੀਆਂ ਫਸਲਾਂ ਵਿੱਚ ਡੰਡੀਆਂ ਪੈ ਜਾਣੀਆਂ ਆਮ ਜੇਹੀ ਗੱਲ ਹੁੰਦੀ ਸੀ। ਡੰਡੀ ਤੋਂ ਕਈ ਵਾਰੀ ਰਾਹ ਪੱਕਾ ਵੀ ਬਣ ਜਾਂਦਾ ਸੀ। ਪੰਜਾਬੀ ਵਿੱਚ ਇੱਕ ਮੁਹਾਵਰਾ ਹੈ ਕਿ ਗੱਲ “ਸਹੇ ਦੀ ਨਹੀਂ ਹੈ ਗੱਲ ਪਹੇ ਦੀ ਹੈ”। ਸਹਿਆ ਲੰਘ ਜਾਣ ਨਾਲ ਫਸਲ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇ ਇੱਕ ਵਾਰ ਕੋਈ ਖੇਤ ਦੇ ਵਿਚੋਂ ਦੀ ਲੰਘ ਜਾਂਦਾ ਹੈ ਤਾਂ ਫਿਰ ਲੋਕ ਆਪਣੇ ਆਪ ਹੀ ਰਸਤਾ ਬਣਾ ਲੈਂਦੇ ਹਨ ਤੇ ਫਿਰ ਆਪਣਾ ਅਧਿਕਾਰ ਵੀ ਸਮਝ ਲੈਂਦੇ ਸਨ ਕਿ ਸਾਡਾ ਹੱਕ ਬਣਦਾ ਹੈ ਏੱਥੋਂ ਦੀ ਲੰਘਣ ਦਾ। ਇੱਕ ਵਾਰ ਲੰਘਣ `ਤੇ ਫਸਲ ਦਾ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਪਰ ਇੱਕ ਵਾਰ ਲੰਘਣ `ਤੇ ਮੁੜ ਹਾਲ਼ੀ, ਟਾਂਗੇ-ਰੇੜ੍ਹੀਆਂ ਤੇ ਟ੍ਰੈਕਟਰਾਂ ਦਾ ਆਮ ਲਾਂਘਾ ਬਣ ਜਾਂਦਾ ਸੀ। ਇੰਜ ਖੇਤ ਮਾਲਕ ਦਾ ਬਹੁਤ ਨੁਕਸਾਨ ਹੁੰਦਾ ਹੈ। ਲੰਘਣ ਵਾਲੇ ਕਿਸੇ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ ਸਨ। ਇੰਜ ਹੀ ਗੁਰਦੁਆਰਿਆਂ ਵਿੱਚ ਵੀ ਇੱਕ ਵਾਰ ਕੋਈ ਆਪਣੇ ਨਿੱਜੀ ਵਿਚਾਰਾਂ ਨੂੰ ਲਾਗੂ ਕਰਦਾ ਹੈ ਤਾਂ ਫਿਰ ਥੱੜੇ ਸਮੇਂ ਉਪਰੰਤ ਹੀ ਉਹ ਪੱਕੀ ਮਰਯਾਦਾ ਬਣ ਜਾਂਦੀ ਹੈ। ਇੰਜ ਹੀ ਡੇਰਿਆਂ ਦੀਆਂ ਮਰਯਾਦਾਵਾਂ ਪੱਕੀਆਂ ਹੋਈਆਂ ਹਨ। ਅਜੇਹੀ ਪੁੱਠੀ ਸਿੱਧੀ ਮਰਯਾਦਾ ਨੂੰ ਧਰਮ ਦਾ ਅੰਗ ਬਣਾ ਕੇ ਉਭਾਰਿਆ ਗਿਆ ਹੈ। ਲੋਕ ਉਸ ਨੂੰ ਔਖਿਆਂ ਹੋ ਕੇ ਵੀ ਅਜੇਹੀ ਮਰਯਾਦਾਵਾਂ ਨਿਬਾਹੁਣ ਨੂੰ ਆਪਣਾ ਪਰਮ-ਧਰਮ ਸਮਝਦੇ ਹਨ। ਇੰਜ ਕਰਨ ਨਾਲ ਥੋੜੇ ਸਮੇਂ ਵਿੱਚ ਸਿੱਖ ਸਿਧਾਂਤ ਦੀ ਹੋਂਦ ਨੂੰ ਅਸੀਂ ਖ਼ੁਦ ਹੀ ਨਕਾਰਨ ਦਾ ਯਤਨ ਕਰ ਰਹੇ ਨਜ਼ਰ ਆ ਰਹੇੁ ਹਾਂ।
ਗੁਰੂ ਗੋਬਿੰਦ ਸਿੰਘ ਜੀ ਦੇ ਇਗਲੈਂਡ ਤੋਂ ਸ਼ਸ਼ਤਰ ਲਿਆਉਣਾ ਬੜੀ ਵਧੀਆ ਗੱਲ ਸੀ ਪਰ ਥੋੜੇ ਸਮੇਂ ਵਿੱਚ ਹੀ ਬਹੁਤ ਸੰਗਤ ਗੁਰਬਾਣੀ ਨੂੰ ਮੱਥਾ ਟੇਕਣ ਵਾਂਗ ਸ਼ਸਤਰਾਂ ਨੂੰ ਵੀ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਥੋੜੇ ਚਿਰ ਤੋਂ ਗੰਗਾ ਸਗਰ (ਲੋਟੇ) ਦੇ ਅੱਗੇ ਵੀ ਮਾਇਆ ਇੰਜ ਹੀ ਅਰਪਨ ਕੀਤੀ ਜਾ ਰਹੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਜਾ ਰਿਹਾ ਹੋਵੇ। ਪਿਰਤਾਂ ਪੈਂਦੀਆਂ ਪੈਂਦੀਆਂ ਏਨੀਆਂ ਵਿਕਾਸ ਕਰ ਜਾਂਦੀਆਂ ਹਨ ਕਿ ਮੁੜ ਉਹਨਾਂ ਨੂੰ ਕਿਸੇ ਕੀਮਤ `ਤੇ ਵੀ ਨਹੀਂ ਬਦਲਿਆ ਜਾ ਸਕਦਾ। ਥੋੜੇ ਸਮੇਂ ਤੋਂ ਹੀ ਸਾਧਾਂ ਦੀਆਂ ਵਰਤੀਆਂ ਹੋਈਆਂ ਝੂਠੀਆਂ ਚਗ਼ਲ਼ਾਂ ਨੂੰ ਵੀ ਸਿੱਖ ਸਿਧਾਂਤ ਤੋਂ ਉਖੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੱਥਾ ਟੇਕੀ ਜਾ ਰਹੇ ਦੇਖੇ ਜਾ ਸਕਦੇ ਹਨ।
ਕਿਸੇ ਨੇ ਕਹਿ ਦਿੱਤਾ ਕਿ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਨ ਨਾਲ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਹੋ ਜਾਂਦਾ ਹੈ ਤਾਂ ਧੜਾ ਧੜ ਪਾਠ ਕਰਨੇ ਸ਼ੁਰੂ ਹੋ ਗਏ ਹਨ ਜੋ ਸਿੱਖ ਸਿਧਾਂਤ ਤੇ ਬਹੁਤ ਹੀ ਲੁਕਵੇਂ ਢੰਗ ਨਾਲ ਗੁਰਬਾਣੀ ਨੂੰ ਵਿਚਾਰਨ ਦੀ ਥਾਂ `ਤੇ ਮੰਤ੍ਰ ਬਣਾਉਣ ਲਈ ਹਮਲਾ ਹੈ। ਕੋਈ ਕਹਿੰਦਾ ਹੈ ਕਿ ਵਿਧੀ ਦੁਆਰਾ 21 ਵਾਰੀ ਜਾਂ 51 ਵਾਰੀ ਇਹ ਸ਼ਬਦ ਪੜ੍ਹਨ ਨਾਲ ਮੁਕੱਦਮਾ ਜਿੱਤਿਆ ਜਾ ਸਕਦਾ ਹੈ। ਕੋਈ ਕਹਿੰਦਾ ਹੈ ਕਿ ਇਹ ਸ਼ਬਦ ਪੜ੍ਹਨ ਨਾਲ ਬੱਚੇ ਆਪਣੇ ਆਪ ਹੀ ਪੜ੍ਹਾਈ ਵਿਚੋਂ ਪਾਸ ਹੋ ਜਾਣਗੇ। ਇੰਜ ਕਰਨ ਨਾਲ ਗੁਰਬਾਣੀ ਸਿਧਾਂਤ ਖੁਰਦਾ ਨਜ਼ਰ ਆਉਂਦਾ ਹੈ। ਜਦ ਕਿ ਗੁਰਬਾਣੀ ਸਿਧਾਂਤ ਹੈ ਕਿ ਗੁਰਬਾਣੀ ਪੜ੍ਹਨੀ ਸੁਣਨੀ ਤੇ ਵਿਚਾਰ ਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਨਾਲ ਹੀ ਹਉਮੈ ਵਰਗੇ ਦੀਰਘ ਰੋਗਾਂ ਦਾ ਖਾਤਮਾ ਹੋਵੇਗਾ। ਇਸ ਸਬੰਧੀ ਗੁਰਬਾਣੀ ਦਾ ਤੇ ਆਪਣਾ ਫੈਸਲਾ ਹੈ ਕਿ---
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ॥ ਮਾਰੂ ਮਹਲਾ 3 ਪੰਨਾ 1046
ਗੁਰਬਾਣੀ ਤਾਂ ਏਥੋਂ ਤੱਕ ਫੈਸਲਾ ਦੇਂਦੀ ਹੈ ਕਿ ਨਿਰਾ ਦੇਖਣ ਨਾਲ ਵੀ ਤੇਰੇ ਹਿਰਦੇ ਵਿੱਚ ਸਾਫ਼ ਗੋਈ ਨਹੀਂ ਆ ਸਕਦੀ ਜਿਨਾ ਚਿਰ ਸ਼ਬਦ ਦੀ ਵਿਚਾਰ ਨੂੰ ਆਪਣੇ ਸੁਭਾਓ ਦਾ ਹਿੱਸਾ ਨਹੀਂ ਬਣਾਉਂਦੇ।
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥
ਸਲੋਕ ਮ: 3 ਪੰਨਾ 594

ਗੁਰੂਆਂ ਪ੍ਰਤੀ ਅਥਾਹ ਸ਼ਰਧਾ ਤੇ ਪਿਆਰ
ਗੱਲ ਕਰਦੇ ਹਾਂ ਚਾਰ ਸਹਿਬਜ਼ਾਦਿਆਂ ਵਾਲੀ ਫਿਲਮ ਦੀ ਜਿਸ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ। ਇਸ ਫਿਲਮ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਹੜਾ ਵੀ ਇੱਕ ਵਾਰ ਫਿਲਮ ਦੇਖ ਲੈਂਦਾ ਸੀ ਉਹ ਆਪਣੇ ਰੋਕਿਆਂ ਵੀ ਹੰਝੂਆਂ ਨੂੰ ਰੋਕ ਕੇ ਨਹੀਂ ਰੱਖ ਸਕਿਆ। ਚਾਰ ਸਾਹਿਬਜ਼ਾਦਿਆਂ ਦੀ ਫਿਲਮ ਦੇਖ ਕੇ ਆਈ ਮੇਰੀ ਬੇਟੀ ਨੇ ਕਨੇਡਾ ਤੋਂ ਮੈਨੂੰ ਟੈਲੀਫੂਨ ਕੀਤਾ ਕਿ ਪਿਤਾ ਜੀ ਜਿੰਨੇ ਲੋਕ ਵੀ ਫਿਲਮ ਦੇਖਣ ਲਈ ਆਏ ਸਨ, ਸਭ ਦੀਆਂ ਅੱਖਾਂ ਵਿੱਚ ਹੰਝੂ ਸਨ। ਫਿਲਮ ਦੇਖ ਕੇ ਅਸੀਂ ਬੁਹੁਤ ਵੀ ਪ੍ਰਭਾਵਤ ਹੋਏ ਹਾਂ ਤੇ ਸਾਡੇ ਮਨ ਦੇ ਜ਼ਜਬਾਤ ਵੀ ਅੱਖਾਂ ਰਾਂਹੀ ਹੀ ਪ੍ਰਗਟ ਹੋਏ। ਕਿੰਨਾ ਚਿਰ ਅਸੀਂ ਗੱਲ ਹੀ ਨਹੀਂ ਕਰ ਸਕੇ। ਮੈਂ ਓਦੋਂ ਨਿਊਜ਼ੀਲੈਂਡ ਵਿੱਚ ਸੀ। ਰੁਝੇਵੇਂ ਜ਼ਿਆਦਾ ਹੋਣ ਕਰਕੇ ਚਾਰ ਸਾਹਿਬਜ਼ਾਦਿਆਂ ਵਾਲੀ ਫ਼ਿਲਮ ਦੇਖਣ ਦਾ ਕੋਈ ਢੋਅ ਨਾ ਢੁਕ ਸਕਿਆ। ਇੱਕ ਦਿਨ ਸਮਾਂ ਕੱਢ ਕੇ ਮੈਂ ਵੀ ਫਿਲਮ ਦੇਖਣ ਲਈ ਗਿਆ ਸੀ। ਉਂਝ ਹਰੇਕ ਦੇ ਮੂੰਹ ਤੋਂ ਏਹੀ ਸੁਣਨ ਨੂੰ ਮਿਲਦਾ ਸੀ ਕਿ ਫਿਲਮ ਬਹੁਤ ਹੀ ਕਮਾਲ ਦੀ ਬਣਾਈ ਹੋਈ ਹੈ।
ਫਿਲਮ ਦੇਖਣ ਉਪਰੰਤ ਇਹ ਤਹਿ ਕਰਨ ਨੂੰ ਕੋਈ ਦੇਰੀ ਨਹੀਂ ਲੱਗੀ ਕਿ ਫਿਲਮ ਵਾਕਿਆ ਹੀ ਬੜੀ ਰੀਝ ਨਾਲ ਬਣਾਈ ਹੋਈ ਹੈ। ਮਨੁੱਖੀ ਅੱਖਾਂ ਦੇ ਸਾਹਮਣੇ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਸਰਹੰਦ ਦੀਆਂ ਨੀਹਾਂ ਦਾ ਦਾ ਕਰੁਣਾਮਈ ਦ੍ਰਿਸ਼ ਮਿੰਟਾਂ ਵਿੱਚ ਦੀ ਘੁੰਮ ਜਾਂਦਾ ਹੈ। ਰਾਜਨੀਤਿਕ ਤੇ ਧਾਰਮਿਕ ਅਤਿਆਚਾਰ ਦੀ ਮੂੰਹ ਬੋਲਦੀ ਤਸਵੀਰ ਸਭ ਦੇ ਸਾਹਮਣੇ ਆ ਜਾਂਦੀ ਹੈ। ਅਜੇਹੇ ਲਾਸਾਨੀ ਗੌਰਵ-ਮਈ ਇਤਿਹਾਸ ਦੇ ਪੰਨੇ ਦੇਖਣ ਉਪਰੰਤ ਪੱਥਰ ਤੋਂ ਪੱਥਰ ਦਿੱਲ ਵੀ ਪਿਘਲ ਜਾਂਦਾ ਹੈ। ਲੰਬੇਰਾ ਇਤਿਹਾਸ ਪੜ੍ਹਨ ਦੀ ਬਜਾਏ ਥੋੜੇ ਸਮੇਂ ਵਿੱਚ ਹੀ ਗੁਰਇਤਿਹਾਸ ਦੀ ਭਰਪੂਰ ਸ਼ਰਧਾ ਤੇ ਪਿਆਰ ਭਰੀ ਜਾਣਕਾਰੀ ਮਿਲ ਜਾਂਦੀ ਹੈ। ਚਾਰ ਸਾਹਿਬਜ਼ਾਦਿਆ ਦੀ ਮਹਾਨ ਸ਼ਹਾਦਤ ਅੱਖਾਂ ਸਾਹਮਣੇ ਘੁੰਮਣ ਲਗਦੀ ਹੈ। ਇਸ ਫਿਲਮ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖ ਕੌਮ ਵਿੱਚ ਆਪਣੇ ਗੁਰੂਆਂ ਪ੍ਰਤੀ ਵਫ਼ਾਦਾਰੀ ਤੇ ਅਥਾਹ ਸ਼ਰਧਾ ਕੁੱਟ ਕੁੱਟ ਕਿ ਭਰੀ ਹੋਈ ਹੈ। ਇਸ ਫਿਲਮ ਤੋਂ ਪ੍ਰਗਟ ਹੁੰਦਾ ਹੈ ਕਿ ਗੁਰੂਆਂ ਪ੍ਰਤੀ ਸਿੱਖਾਂ ਦੇ ਪਿਆਰ ਦੀਆਂ ਤੰਦਾਂ ਅਜੇ ਪੁਰਾਣੀਆਂ ਨਹੀਂ ਹੋਈਆਂ। ਲੰਗਰਾਂ ਦੀ ਸੇਵਾ, ਨਗਰ ਕੀਰਤਨਾਂ ਵਿੱਚ ਉਤਸ਼ਾਹ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸਿੱਖ ਕੌਮ ਵਿੱਚ ਆਪਣੀ ਆਨ-ਸ਼ਾਨ ਤੇ ਅਣਖ਼ ਦੀ ਕੋਈ ਕਮੀ ਨਹੀਂ ਆਈ ਹੈ।
ਅਜੇਹੀਆਂ ਫਿਲਮਾਂ ਬੱਚਿਆਂ ਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ। ਚਾਰ ਸਹਿਬਜ਼ਾਦਿਆਂ ਦੀ ਫਿਲਮ ਦੇਖ ਕੇ ਕਈਆਂ ਨੇ ਖੰਡੇ ਦੀ ਪਹੁਲ ਲੈਣ ਦਾ ਵੀ ਮਨ ਬਣਾਇਆ ਹੈ ਤੇ ਕਈਆਂ ਨੇ ਕੇਸ ਵੀ ਰੱਖ ਲਏ ਹਨ। ਕਈਆਂ ਨੇ ਦਾਰੂ ਨਾ ਪੀਣ ਦੀ ਪ੍ਰਤਿੱਗਿਆ ਵੀ ਕੀਤੀ ਗਈ ਸੁਣੀ ਦੇਖੀ ਜਾ ਸਕਦੀ ਹੈ। ਬਹੁਤ ਸਾਰੇ ਪਰਵਾਰਾਂ ਨੇ ਆਪਣੇ ਬੱਚਿਆਂ ਨੂੰ ਕਈ ਕਈ ਵਾਰੀ ਘਰ ਆ ਕੇ ਇਸ ਸਾਕੇ ਨੂੰ ਦੁਹਾਰਿਆ।
ਸੁਆਦਲ਼ੀ ਗੱਲ ਇਹ ਹੈ ਕਿ ਇਸ ਫਿਲਮ ਨੂੰ ਗੈਰ ਸਿੱਖਾਂ ਨੇ ਵੀ ਬੜੀ ਉਤਸੁਕਤਾ ਨਾਲ ਦੇਖਿਆ ਹੈ। ਮੇਰੇ ਕਈ ਜਾਣਕਾਰਾਂ ਗੈਰ ਸਿੱਖ ਵੀਰਾਂ ਨੇ ਬਹੁਤ ਤਾਰੀਫ਼ ਕੀਤੀ ਹੈ। ਕਈ ਦਾਨੀ ਪੁਰਸ਼ਾਂ ਨੇ ਪੂਰੇ ਦਾ ਪੂਰਾ ਹਾਲ ਬੁੱਕ ਕਰਾ ਕੇ ਸਕੂਲਾਂ ਦਿਆਂ ਬੱਚਿਆਂ ਨੂੰ ਫਿਲਮ ਦਿਖਾਈ ਹੈ, ਕੀ ਸਰਕਾਰੀ ਤੇ ਕੀ ਪ੍ਰਾਈਵੇਟ ਸਕੂਲਾਂ ਨੇ ਵੀ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਦਿਖਾਉਣ ਦਾ ਯਤਨ ਕੀਤਾ ਹੈ। ਫ਼ਿਲਮ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜੀ ਮਹਿਸੂਸ ਹੁੰਦੀ ਹੈ। ਕਈ ਵਾਰੀ ਇੰਝ ਵੀ ਮਹਿਸੂਸ ਹੁੰਦਾ ਹੈ ਕਿ ਅਜੌਕੇ ਸਮੇਂ ਵਿੱਚ ਏਦਾਂ ਦੀਆਂ ਫ਼ਿਲਮਾਂ ਸਿੱਖੀ ਦੇ ਪਰਚਾਰ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਉਂਦੀਆਂ ਰਹਿਣਗੀਆਂ। ਬਹੁਤੇ ਲੋਕ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਜੀ ਬੱਚਿਆਂ ਲਈ ਅਜੇਹੀਆਂ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ। ਇਹ ਫਿਲਮ ਏਦਾਂ ਦਾ ਪ੍ਰਭਾਵ ਛੱਡ ਕੇ ਗਈ ਹੈ ਕਿ ਕੋਈ ਵੀ ਇਸ ਦੀ ਸਵੈ ਪੜਚੋਲ ਕਰਨ ਸੁਣਨ ਲਈ ਤਿਆਰ ਨਹੀਂ ਹੋਏਗਾ। ਇਸ ਫਿਲਮ ਦੀ ਪੜਚੋਲ ਕਰਨ ਨੂੰ ਰੂਹ ਤਾਂ ਕਰਦਾ ਸੀ ਪਰ ਹਿੰਮਤ ਨਹੀਂ ਪੈ ਰਹੀ ਸੀ ਕਿਉਂ ਕਿ ਬਹੁ ਸੰਮਤੀ ਅਜੇਹੇ ਸਮੇਂ `ਤੇ ਅਜੇਹੀ ਪੜਚੋਲ ਸੁਣਨ ਲਈ ਤਿਆਰ ਨਹੀਂ ਹੋਏਗੀ। ਜਦੋਂ ਊਘੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ ਨੇ ਇਸ ਫਿਲਮ ਦੇ ਉਹਨਾਂ ਪੱਖਾਂ `ਤੇ ਵਿਚਾਰ ਕੀਤੀ ਜਿੰਨਾਂ ਦੁਆਰਾ ਸਿੱਖ ਸਿਧਾਂਤ ਨੂੰ ਖੋਰਾ ਲੱਗਣ ਦੀ ਪ੍ਰਬਲ ਸੰਭਾਵਨਾ ਹੈ। ਸਿੱਖ ਸਿਧਾਂਤ ਦਾ ਅਜੇਹਾ ਖੋਰਾ ਕਦੇ ਵੀ ਨਹੀਂ ਪੂਰਿਆ ਜਾਏਗਾ। ਇੱਕ ਸੁਨੇਹਾਂ ਅਜੇਹਾ ਰਾਹ ਖੋਲ੍ਹ ਦੇਵੇਗਾ ਜਿਸ ਨਾਲ ਅਸੀਂ ਸਿਧਾਂਤ ਨਾਲੋਂ ਟੁੱਟ ਕੇ ਮੂਰਤੀ ਪੂਜਕ ਬਣਨ ਨੂੰ ਆਪ ਹੀ ਪ੍ਰਵਾਨ ਲਿਆ ਹੋਏਗਾ। ਸੋਚਣ ਵਾਲਾ ਵਿਸ਼ਾ ਹੈ।
ਪਹਿਲੀ ਸਟੇਜ ਤੇ ਬਹੁਤ ਹੀ ਉਤਸ਼ਾਹ ਜਨਕ ਕਾਰਜ ਹੈ ਜਿਸ ਨੂੰ ਲੱਗ-ਪਗ ਸਾਰੀ ਕੌਮ ਨੇ ਹੀ ਸਲਾਹਿਆ ਹੈ। ਇਸ ਫਿਲਮ ਤੋਂ ਇਹ ਪਤਾ ਤਾਂ ਲੱਗਦਾ ਹੈ ਕਿ ਕੌਮ ਵਿੱਚ ਆਪਣੇ ਗੁਰੂਆਂ ਪ੍ਰਤੀ ਉਤਸ਼ਾਹ ਓਵੇਂ ਹੀ ਪੱਕਾ ਬਰਕਾਰ ਹੈ ਜਿਵੇਂ ਪਹਿਲੇ ਸਮਿਆਂ ਵਿੱਚ ਹੁੰਦਾ ਸੀ। ਏਸੇ ਪਿਆਰ ਭਰੀ ਭਾਵਨਾ ਵਿਚੋਂ ਹੀ ਸ਼ਹੀਦੀਆਂ ਨਿਕਲਦੀਆਂ ਹਨ। ਆਪਣੀ ਕੌਮ ਪ੍ਰਤੀ ਗੁਰੂਆਂ ਦੇ ਨਾਂ `ਤੇ ਮਰ ਮਿੱਟਣ ਦੀ ਕੁਰਬਾਨੀ ਦੇ ਜ਼ਜਬੇ ਦਾ ਜਨਮ ਹੁੰਦਾ ਹੈ। ਗੁਰੂ ਸਹਿਬਾਨ ਜੀ ਦਾ ਸੱਚਾ-ਸੁੱਚਾ ਜੀਵਨ, ਮਨੁੱਖਤਾ ਲਈ ਕੁਰਬਾਨੀ, ਸਰਬ ਸਾਂਝਾ ਸਿਧਾਂਤ ਦੇਖ ਕੇ ਇਸ ਕਾਫ਼ਲੇ ਦਾ ਹਿੱਸਾ ਬਣਦੇ ਗਏ।
ਤਸਵੀਰ ਦਾ ਦੂਜਾ ਪੱਖ ਵੀ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਜੇ ਅਜੇਹੀਆਂ ਫਿਲਮਾਂ ਨੂੰ ਅੱਜ ਮਾਨਤਾ ਦਿੱਤੀ ਜਾ ਰਹੀ ਹੈ ਤਾਂ ਜ਼ਰਾ ਕੁ ਸੋਚੋ ਆਉਣ ਵਾਲੇ ਪੰਜਹ ਸਾਲ ਜਾਂ ਸੌ ਸਾਲ ਬਾਅਦ ਕੌਮ ਦਾ ਸਿਧਾਂਤ ਕਿੱਥੇ ਖੜਾ ਹੋਏਗਾ? ਕਈ ਵਾਰੀ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮਹਾਤਮਾ ਬੁੱਧ ਦੀ ਵਿਚਾਰਧਾਰਾ ਬੋਧੀ ਮੰਦਰਾਂ ਵਿੱਚ ਬਣੀਆਂ ਹੋਈਆਂ ਮੂਰਤੀਆਂ ਦੇ ਥੱਲੇ ਦੱਬ ਕੇ ਰਹਿ ਗਈ ਹੈ ਏਸੇ ਤਰ੍ਹਾਂ ਕਿਤੇ ਸਿੱਖ ਸਿਧਾਂਤ ਨਾਲ ਵੀ ਨਾ ਹੋਵੇ। ਥਾਈਲੈਂਡ ਵਿੱਚ ਜਿੰਨੇ ਵੀ ਮੰਦਰ ਹਨ ਉਹਨਾਂ ਵਿੱਚ ਮਹਾਤਮਾ ਬੁੱਧ ਦੀਆਂ ਬਣੀਆਂ ਹੋਈਆਂ ਮੂਰਤੀਆਂ ਦੀ ਹੀ ਪੂਜਾ ਹੋ ਰਹੀ ਹੈ। ਕਿਸੇ ਕੌਮ ਦੇ ਸਿਧਾਂਤ ਨੂੰ ਖਤਮ ਕਰਨਾ ਹੋਵੇ ਤਾਂ ਉਸ ਵਿੱਚ ਏਦਾਂ ਦੀ ਲਹਿਰ ਨੂੰ ਜਨਮ ਦਿੱਤਾ ਜਾਂਦਾ ਹੈ। ਜਿਹੜੀ ਸੌ ਸਾਲ ਬਾਅਦ ਹੀ ਆਪਣੇ ਆਪ ਹੀ ਆਪਣੀ ਅਸਲੀ ਹੋਂਦ ਲੈਂਦੀ ਹੈ। ਸਿੱਖ ਸਿਧਾਂਤ ਅਨੁਸਾਰ ਮੂਰਤੀ ਦਾ ਕੋਈ ਥਾਂ ਨਹੀਂ ਹੈ। ਪੰਥ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕਿਸੇ ਮੂਰਤੀ ਨੂੰ ਕੋਈ ਪ੍ਰਵਾਨਗੀ ਨਹੀਂ ਹੈ। ਆਮ ਲੋਕ ਫਿਲਮ ਨੂੰ ਦੇਖ ਕੇ ਥੋੜੇ ਚਿਰ ਲਈ ਪ੍ਰਭਾਵਤ ਤਾਂ ਜ਼ਰੂਰ ਹੋਏ ਪਰ ਮੂਰਤੀ ਦੇ ਸੰਕਲਪ ਨੂੰ ਵੀ ਜ਼ਰੂਰ ਪ੍ਰਵਾਨ ਕਰ ਲਿਆ ਗਿਆ ਹੈ। ਇੱਕ ਵਾਰੀ ਰਾਹ ਖੁਲ੍ਹ ਗਿਆ ਤਾਂ ਸਦਾ ਲਈ ਰਾਹ ਪੱਕਾ ਬਣ ਜਾਂਦਾ ਹੈ। ਜਦੋਂ ਭਾਈ ਸੋਭਾ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਤਸਵੀਰ ਬਣਾਈ ਸੀ ਤਾਂ ਭਾਈ ਵੀਰ ਸਿੰਘ ਜੀ ਪਾਸੋਂ ਇਸ ਤਸਵੀਰ ਤੋਂ ਪਰਦਾ ਹਟਾਇਆ ਸੀ। ਜਿਉਂ ਹੀ ਭਾਈ ਵੀਰ ਸਿੰਘ ਜੀ ਨੇ ਪਰਦਾ ਹਟਾਇਆ ਤਾਂ ਨਾਲ ਹੀ ਕਹਿ ਦਿੱਤਾ ਮੇਰਾ ਗੁਰੂ ਏਦਾਂ ਦਾ ਨਹੀਂ ਸੀ। ਹੁਣ ਰੰਗ-ਬ-ਰੰਗੀਆਂ ਗੁਰੂਆਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਬਹੁਤ ਸਾਧਾਂ ਦੀਆਂ ਫੋਟੋਆਂ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਸਮਝ ਲਿਆ ਗਿਆ ਹੈ। ਵਿਚਾਰ ਸਿਧਾਂਤ ਨੂੰ ਸਮਝਣ ਦੀ ਬਜਾਏ ਹੁਣ ਕਈ ਸਿੱਖ ਮੂਰਤੀਆਂ ਨੂੰ ਹੀ ਧੂਪ ਧੁਖਾਉਂਦੇ ਦੇਖੇ ਜਾ ਸਕਦੇ ਹਨ।
ਚਾਰ ਸਾਹਿਬਜ਼ਾਦਿਆਂ ਵਾਲੀ ਫਿਲਮ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦਿਖਾਈ ਗਈ ਹੈ ਉਸ ਦੇ ਗਲ਼ ਵਿੱਚ ਮਾਲਾ ਪਾਈ ਹੋਈ ਪ੍ਰਤੱਖ ਦਿਸ ਰਹੀ ਹੈ ਜੋ ਸਿੱਖ ਸਿਧਾਂਤ `ਤੇ ਇੱਕ ਬਹੁਤ ਵੱਡੀ ਸੱਟ ਹੈ।
ਸਿੱਖ ਚਿੰਤਕ ਜੋ ਇਤਿਹਾਸ ਪ੍ਰਤੀ ਬਹੁਤ ਸੁਚੇਤ ਹਨ ਉਹ ਬੇਦਾਵੇ ਵਾਲੀ ਘਟਨਾ ਨੂੰ ਸਹੀ ਨਹੀਂ ਮੰਨਦੇ ਹਨ ਪਰ ਇਸ ਫਿਲਮ ਵਿੱਚ ਬੇਦਾਵੇ ਦੀ ਪ੍ਰੋੜਤਾ ਕੀਤੀ ਗਈ ਹੈ। ਸਿੱਖ ਦੀ ਆਸਥਾ ਗੁਰਬਾਣੀ, ਗੁਰ ਇਤਿਹਾਸ ਤੇ ਸਿੱਖ ਇਤਿਹਾਸ `ਤੇ ਖੜੀ ਹੈ। ਇਤਿਹਾਸ ਤੇ ਗੁਰਬਾਣੀ ਵਿਚੋਂ ਆਤਮਿਕ ਸੂਝ ਦਾ ਜਨਮ ਹੁੰਦਾ ਹੈ। ਕੌਮਾਂ ਤਰੱਕੀ ਦੇ ਰਾਹ ਪੈਂਦੀਆਂ ਹਨ। ਤਸਵੀਰਾਂ ਵਿਚੋਂ ਬੁੱਤ ਪੂਜਾ ਜਨਮ ਲੈਂਦੀ ਹੈ, ਜਿਸ ਨਾਲ ਆਤਮਿਕ ਵਿਕਾਸ ਰੁਕ ਜਾਂਦਾ ਹੈ। ਅਜੇਹੀਆਂ ਫਿਲਮਾਂ ਨੂੰ ਮਾਨਤਾ ਦੇਣ ਨਾਲ ਪੰਜਾਹ ਜਾਂ ਸੌ ਸਾਲ ਬਾਅਦ ਸਿੱਖ ਸਿਧਾਂਤ ਦੀ ਥਾਂ `ਤੇ ਬੁੱਤ ਪ੍ਰਸਤ ਹੋਣ ਦਾ ਖਦਸ਼ਾ ਹੈ। ਫਿਲਮ ਦੇ ਵਕਤੀ ਪ੍ਰਭਾਵ ਵਿੱਚ ਜ਼ਿਆਦਾ ਉਤੇਜਨ ਹੋਇਆਂ ਵਿਚਾਰ ਧਾਰਾ ਤੋਂ ਦੂਰੀ ਬਣ ਸਕਦੀ ਹੈ। ਅਜੇਹੀ ਵਿਨਾਸ਼ਕਾਰੀ ਸਿੱਟਿਆਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ।
ਮਿੱਤਰ ਪਿਆਰੇ ਨੂੰ ਜਾਂ ਦੇਹ ਸ਼ਿਵਾ ਬਰ ਮੋਹਿ ਵਾਲੀਆਂ ਸਤਰਾਂ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਹਨ। ਇਸ ਫਿਲਮ ਵਿੱਚ ਆਮ ਮਨੁੱਖ ਏਹੀ ਸਮਝਦਾ ਹੈ ਕਿ ਸ਼ਾਇਦ ਇਹ ਗੁਰਬਾਣੀ ਦੀਆਂ ਤੁਕਾਂ ਹਨ। ਇਹਨਾਂ ਗੈਰ ਕੁਦਰਤੀ ਸਤਰਾਂ ਤੋਂ ਬਚਿਆ ਜਾ ਸਕਦਾ ਸੀ।
ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਗੁਰਬਾਣੀ ਅਤੇ ਪੜ੍ਹਨ ਵਿਚਾਰਨ ਦੀ ਥਾਂ `ਤੇ ਅਜੇਹੀਆਂ ਫਿਲਮਾਂ ਦੀ ਹੀ ਮੰਗ ਕਰਨਗੇ ਜਿਸ ਨਾਲ ਉਹਨਾਂ ਦਾ ਮਨ ਪ੍ਰਚਾਵਾ ਹੁੰਦਾ ਰਹੇ। ਫਿਲਮਾਂ ਵਿੱਚ ਜ਼ਿਆਦਾ ਮਨ ਪ੍ਰਚਾਵਾ ਹੀ ਹੁੰਦਾ ਹੈ। ਹੌਲ਼ੀ ਹੌਲ਼ੀ ਇਹਨਾਂ ਫਿਲਮਾਂ ਦਾ ਪੱਧਰ ਬਹੁਤ ਨੀਵੇਂ ਤਲ `ਤੇ ਚਲਾ ਜਾਏਗਾ।
ਅਜੇਹੀਆਂ ਫਿਲਮਾਂ ਆਉਣ ਨਾਲ ਅਗਲੇਰੇ ਸਮੇਂ ਵਿੱਚ ਲੋਕਾਂ ਦੀ ਮੰਗ ਹੋਰ ਹੋਏਗੀ ਕਿ ਇਹਨਾਂ ਫਿਲਮਾਂ ਵਿੱਚ ਕੁੱਝ ਮਨਪ੍ਰਚਾਵੇ ਦੀਆਂ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੇ ਬੱਚੇ ਫਿਲਮ ਦੇਖ ਸਕਣ। ਜਾਨੀ ਕਿ ਫਿਰ ਲੋਕਾਂ ਦੀ ਮੰਗ ਅਨੁਸਾਰ ਹੀ ਫਿਲਮਾਂ ਤਿਆਰ ਹੋਇਆ ਕਰਨਗੀਆਂ।
ਕੁਝ ਸਮੇਂ ਤੋਂ ਗੁਰਦੁਆਰਿਆਂ ਵਿੱਚ ਵੀ ਗੁਰੂਆਂ ਦੇ ਬੁੱਤ ਬਣਾ ਕਿ ਰੱਖਣੇ ਸ਼ੁਰੂ ਹੋਏ ਹਨ। ਕਈ ਥਾਂਵਾਂ `ਤੇ ਘੋੜਿਆਂ `ਤੇ ਸਿੰਘ ਬੈਠਾਏ ਵੀ ਨਜ਼ਰੀਂ ਪੈ ਜਾਂਦੇ ਹਨ। ਪੰਜਾਬ ਦੀਆਂ ਬਹੁਤ ਸਾਰੀਆਂ ਸੜਕਾਂ ਦਿਆਂ ਕਿਨਾਰਿਆਂ ਅਕਸਰ ਸਿੱਖੀ ਪਹਿਰਾਵੇ ਵਾਲੇ ਸਿੰਘਾਂ ਦੀਆਂ ਸੀਮੈਂਟ ਦੇ ਬੁੱਤ ਬਣਾਏ ਜਾ ਰਹੇ ਹਨ। ਕਈਆਂ ਨੇ ਅਹੇਜੇ ਬੁੱਤਾਂ ਨੂੰ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਅੱਗੇ ਪਹਿਰੇਦਾਰ ਦੇ ਰੂਪ ਵਿੱਚ ਖੜਾ ਕੀਤਾ ਹੋਇਆ ਹੈ। ਕਈਆਂ ਲੋਕਾਂ ਨੇ ਪਾਣੀ ਵਾਲੀ ਟੈਂਕੀ `ਤੇ ਅਜੇਹ ਬੁੱਤ ਲਗਾਏ ਹੋਏ ਹਨ। ਸੁਆਲ ਇਹ ਹੈ ਕਿ ਕੀ ਅਸੀਂ ਕੌਮੀ ਤੌਰ `ਤੇ ਸਿਧਾਂਤਕ ਪਕੜ ਮਜ਼ਬੂਤ ਕਰੀ ਰਖਣ ਲਈ ਕੋਈ ਨੀਤੀ ਬਣਾਈ ਹੈ? ਜੇ ਨਹੀਂ ਤਾਂ ਇਸ ਗਲ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਸਾਨੂੰ ਕਾਲਪਨਿਕ ਤਸਵੀਰਾਂ, ਬੁਤਾਂ ਤੇ ਸਰੀਰਾਂ ਦੀ ਪੂਜਾ ਵਲ ਧੱਕ ਕੇ ਬਿਪਰਵਾਦੀ ਸਿਸਟਮ ਗੁਰਮਤਿ ਸਿਧਾਂਤ ਤੋਂ ਕੋਹਾਂ ਦੂਰ ਲੈ ਜਾਵੇਗਾ। ਸੋ ਆਉ! ਗੁਰਬਾਣੀ ਅਤੇ ਇਤਿਹਾਸ ਵਿਚੋਂ ਆਪਣੇ ਮਹਾਨ ਬਜ਼ੁਰਗਾਂ ਦੀ ਰਹਿਨੁਮਾਈ ਕਬੂਲ ਕਰਕੇ ਉਨਾਂ ਨਾਲ ਆਤਮਕ ਤੇ ਮਾਨਸਕ ਸਾਂਝ ਪੈਦਾ ਕਰਕੇ ਅਸਲ ਰੂਹਾਨੀਅਤ ਦੀ ਪ੍ਰਾਪਤੀ ਕਰੀਏ।




.