ਗਿਆਨ ਅੰਜਨੁ ਗੁਰਿ ਦੀਆ
ਸਤਿੰਦਰਜੀਤ ਸਿੰਘ
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥
{ਪੰਨਾ 293}
ਉਪਰੋਕਤ ਸਲੋਕ ਰਾਹੀਂ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ
ਜਿਸ ਮਨੁੱਖ ਨੂੰ ‘ਸਤਿਗੁਰੂ’ ਨੇ ਗਿਆਨ ਦਾ ਸੁਰਮਾਂ ਬਖ਼ਸ਼ਿਆ ਹੈ, ਉਸ ਦੇ ਅਗਿਆਨ ਰੂਪ ਹਨੇਰੇ ਦਾ ਨਾਸ
ਹੋ ਜਾਂਦਾ ਹੈ। ਹੇ ਨਾਨਕ! ਜੋ ਮਨੁੱਖ ‘ਅਕਾਲ ਪੁਰਖ’ ਦੀ ਮਿਹਰ ਨਾਲ ‘ਗੁਰੂ’ ਨੂੰ ਮਿਲਿਆ ਹੈ, ਉਸ
ਦੇ ਮਨ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ।1। ਹੁਣ ਇਹ ‘ਸਤਿਗੁਰੂ’ ਕੌਣ ਹੈ ਜਿਸਨੇ ਗਿਆਨ ਬਖਸ਼ਿਆ
ਹੈ...? ਇਸਦਾ ਸਰਲ ਅਤੇ ਦੋ-ਟੁੱਕ ਜਵਾਬ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਰਹੇ ਹਨ ਕਿ:
ਸਬਦੁ ਗੁਰੂ
{ਪੰਨਾ 943}
ਭਾਵ ਕਿ ਸ਼ਬਦ ਮੇਰਾ ਗੁਰੂ ਹੈ, ਅਤੇ
ਸੁਰਤਿ ਧੁਨਿ ਚੇਲਾ
ਭਾਵ ਮੇਰੀ ਸੁਰਤਿ ਦਾ ਟਿਕਾਉ ਉਸ ਗੁਰੂ ਦਾ ਚੇਲਾ ਹੈ ਜਿਸ ਕਰਕੇ ਮੈਨੂੰ ਇਹ ਗਿਆਨ ਸਮਝ ਪਿਆ ਹੈ।
ਹੁਣ ਇਹ ਗਿਆਨ ਕੀ ਹੈ...? ਇਸ ਗਿਆਨ ਦਾ ਖਜ਼ਾਨਾ ਹਨ ਸ਼ਬਦ ਗੁਰੂ ‘ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਅਤੇ ਗਿਆਨ ਦੀ ਆਰੰਭਤਾ ਹੈ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਅਤੇ ਸਾਰੀ ਗੱਲ, ਸਾਰਾ ਚੱਕਰ ਇਸ ਗਿਆਨ ਦੇ ਇਰਧ-ਗਿਰਧ ਹੀ ਘੁੰਮਦਾ ਹੈ, ਜਿਸ
ਨੂੰ ਗੁਰੂ ਦਾ ਇਹ ਗਿਆਨ ਸਮਝ ਆ ਗਿਆ, ਉਹ ਸਾਰੇ ਭੁਲੇਖਿਆਂ-ਭਰਮਾਂ, ਅੰਧਵਿਸ਼ਵਾਸ਼ਾਂ ਤੋਂ ਦੂਰ ਹੋ
ਜਾਂਦਾ ਹੈ ਪਰ ਅੱਜ ਦੇ ਸਮਾਜ ਦੀ ਤ੍ਰਾਸਦੀ ਹੈ ਕਿ ਸ਼ਬਦ ਨੂੰ ਗੁਰੂ ਬਣਾਉਣ ਦੀ ਥਾਂ ਪੱਥਰਾਂ ਦੀਆਂ
ਮੂਰਤੀਆਂ, ਮੜ੍ਹੀਆਂ-ਮਸਾਣਾਂ,ਕਬਰਾਂ ਅਤੇ ਸਰੀਰਾਂ ਨੂੰ ਗੁਰੂ ਬਣਾ ਲਿਆ। ਜਿੰਨ੍ਹਾਂ ਨੂੰ ਪੂਜਣ
ਵਾਲਿਆਂ ਬਾਰੇ ਸ਼ਬਦ ਗੁਰੂ ਜੀ ਦਾ ਬਿਆਨ ਹੈ ਕਿ:
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥
{ਪੰਨਾ 1160}
ਭਾਵ ਕਿ ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ
ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ
ਮਿਹਨਤ ਅਜਾਈਂ ਚਲੀ ਜਾਂਦੀ ਹੈ।1।
ਗੁਰੂ ਅਰਜਨ ਸਾਹਿਬ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ:
ਠਾਕੁਰੁ ਹਮਰਾ ਸਦ ਬੋਲੰਤਾ ॥
{ਪੰਨਾ 1160}
ਭਾਵ ਕਿ ਸਾਡਾ ਗੁਰੂ ਤਾਂ ਸਦਾ ਬੋਲਦਾ ਹੈ ਪਰ ਇਹ ਪੱਥਰ ਦੇ ਬੁੱਤ ਆਦਿਕ ਤਾਂ
ਬੋਲਦੇ ਹੀ ਨਹੀਂ ਹਨ। ਸਰੀਰਾਂ ਨੂੰ ਗੁਰੂ ਬਣਾ ਕਿ ਪੂਜਣ ਵਾਲਿਆਂ ਨੂੰ ਗੁਰੂ ਅਮਰਦਾਸ ਸਾਹਿਬ ਜੀ
ਸਮਝਾ ਰਹੇ ਹਨ:
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
{ਪੰਨਾ 509}
ਭਾਵ ਕਿ ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ)
ਦਿੱਸਦਾ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾ ਹੀਂ ਜੰਮਦਾ ਹੈ ਅਤੇ ਨਾ ਹੀਂ ਮਰਦਾ ਹੈ। ਉਹ
ਪ੍ਰਭੂ ਸਭ (ਜੀਵਾਂ) ਵਿੱਚ ਮੌਜੂਦ ਹੈ, ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ। (ਭਲਾ) ਉਸ ਦੂਜੇ ਦੀ
ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ‘ਤੇ ਮਰ ਜਾਂਦਾ ਹੈ...? ਭਾਵ ਜੋ ਜੰਮਦਾ-ਅਤੇ ਮਰਦਾ ਹੈ, ਉਸਨੂੰ
ਪੂਜਣ ਦਾ ਕੋਈ ਲਾਭ ਨਹੀਂ। ਜਿੰਨ੍ਹਾਂ ਨੂੰ ਗੁਰੂ ਸਾਹਿਬ ਦੇ ‘ਸ਼ਬਦ’ ‘ਤੇ ਭਰੋਸਾ ਨਹੀਂ, ਉਹ
ਥਾਂ-ਥਾਂ ‘ਤੇ ਭਟਕਦੇ ਹਨ ਅਤੇ ਜੋ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਇਸ ਅਮੁੱਲ ਖਜ਼ਾਨੇ ਨੂੰ ‘ਗੁਰੂ’
ਬਣਾ, ਇਸਦੀ ਸਿੱਖਿਆ ਅਨੁਸਾਰ ਚੱਲਦੇ ਹਨ ਉਹ ਗੁਰੂ-ਸ਼ਬਦ
ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥ {ਪੰਨਾ
509} ਦੇ ਗੁਰਵਾਕ ਅਨੁਸਾਰ ਮਾਣ-ਆਦਰ ਪਾਉਂਦੇ ਹਨ ਅਤੇ ‘ਪ੍ਰਮਾਤਮਾ’ ਨਾਲ ‘ਇੱਕ-ਮਿੱਕ’ ਹੋ ਜਾਂਦੇ
ਹਨ।