.

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੂਤ, ਭਵਾਨ ਤੇ ਭਵਿਖ
(ਕਿਸ਼ਤ ਨੰ:4)

ਮੈਂ ਸਮਝਦਾਂ ਹਾਂ ਕਿ ਗੁਰਬਾਣੀ ਦੇ ਸ਼ੁਧ ਉਚਾਰਣ ਨੂੰ ਸੌਖੇ ਢੰਗ ਨਾਲ ਸਮਝਣ/ਸਮਝਾਉਣ ਵਾਲੀਆਂ ਉਪਰੋਕਤ ਜਥੇਬੰਦੀਆਂ ਤੇ ਵਿਦਵਾਨ ਸੱਜਣਾਂ ਲਈ ਸਭ ਤੋਂ ਪ੍ਰਮਾਣੀਕ ਤੇ ਸੇਧ-ਯੁਕਤਿ ਅਧਾਰ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਲਿਖਤ ‘ਗੁਰਮਤਿ ਮਾਰਤੰਡ`। ਕਿਉਂਕਿ, ਇਸ ਵਿੱਚ ਗੁਰਬਾਣੀ ਦੀਆਂ ਤੁਕਾਂ ਦੇ ਉਚਾਰਣ ਅਤੇ ਅਰਥਾਂ ਦੀ ਸਪਸ਼ਟਤਾ ਲਈ ਵਿਸਰਾਮ ਚਿੰਨਾਂ ਦੀ ਵਰਤੋਂ ਕਰਦਿਆਂ ‘ਕਾਮਾ` ਤੋਂ ਇਲਾਵਾ ਸੰਬੋਧਨ ਕਾਰਕ ਅਤੇ ਸੁਆਲੀਆ ਚਿੰਨਾਂ ਦੀ ਵਰਤੋਂ ਆਮ ਕੀਤੀ ਮਿਲਦੀ ਹੈ। ਜਿਵੇਂ:

ਮਨ ਮੇਰੇ, ਸਗਲ ਉਪਾਵ ਤਿਆਗੁ।। {ਗੁਰਮਤਿ ਮਾਰਤੰਡ (ਭਾਗ ਪਹਿਲਾ) ਪੰਨਾ: ੨੦}

ਧਰ ਜੀਅਰੇ, ਇੱਕ ਟੇਕ ਤੂ, ਲਾਹਿ ਬਿਡਾਨੀ ਆਸ।। {ਗੁਰਮਤਿ ਮਾਰਤੰਡ (ਭਾਗ ਪਹਿਲਾ) ਪੰਨਾ: ੨੦}

ਭਾਈ ਰੇ! ਗੁਰ ਬਿਨੁ ਸਹਜੁ ਨ ਹੋਇ।। {ਗੁਰਮਤਿ ਮਾਰਤੰਡ (ਭਾਗ ਪਹਿਲਾ) ਪੰਨਾ: ੧੧੧}

ਕਿਆ ਪੜੀਐ ਕਿਆ ਗੁਨੀਐ? ।। ਕਿਆ ਬੇਦ ਪੁਰਾਨਾਂ ਸੁਨੀਐ? ।। ਪੜੇ ਸੁਨੇ ਕਿਆ ਹੋਈ? ।। ਜਉ ਸਹਜ ਨ ਮਿਲਿਓ ਸੋਈ।। {ਗੁਰਮਤਿ ਮਾਰਤੰਡ (ਭਾਗ ਪਹਿਲਾ) ਪੰਨਾ: ੧੧੧}

ਜਾਗਰੂਕ ਧਿਰਾਂ ਤੇ ਵਿਗਿਆਨਕ ਯੁੱਗ ਦੇ ਹਾਣੀ ਅਖਵਾਉਣ ਵਾਲੇ ਸਿੱਖ ਮਿਸ਼ਨਰੀ ਕਾਲਜ, ਆਪਣੀਆਂ ਵੈਬਸਾਈਟਾਂ ਤੇ ਵੀਡੀਓ ਕੈਸਟਾਂ ਰਾਹੀਂ ਗੁਰਬਾਣੀ ਪਾਠ ਦੀ ਸੋਝੀ ਕਰਵਾਉਣ ਲਈ ਯਤਨਸ਼ੀਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਤੇ ਮਜੂਦਾ ਜਥੇਦਾਰ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ-ਪਾਠ ਨੂੰ ਕਾਇਮ ਰੱਖ ਕੇ ਹੋਰ ਪੁਸਤਕਾਂ ਰਾਹੀਂ ਸੰਥਿਆ ਪਾਠ ਨੂੰ ਵਧੇਰੇ ਸੁਖਾਲਾ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਲਿਖਤੀ ਰੂਪ ਵਿੱਚ ਸ਼ਲਾਘਾ ਕਰ ਰਹੇ ਹਨ।

ਇਹੀ ਕਾਰਣ ਹੈ ਕਿ ਦਾਸ ਵੱਲੋਂ ਤਿਆਰ ਕੀਤੀ ਵਿਆਕ੍ਰਣਿਕ ਸੰਥਿਆ ਵੀਡੀਓ ਬਾਰੇ ਆਪਣੇ ਵਿਚਾਰ ਤੇ ਅਸੀਸ ਦਿੰਦਿਆਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ (ਜਥੇਦਾਰ ਤਖ਼ਤ ਸ੍ਰੀ ਕੇਸ ਗੜ੍ਹ) ਹੁਰਾਂ ਨੇ ਬੋਲਿਆ ਹੈ ਕਿ ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਮੂਲ-ਪਾਠ ਸਾਹਮਣੇ ਤੁਕ-ਵਾਰ ਸ਼ਬਦਾਂ ਦਾ ਉਚਾਰਣਤਮਿਕ ਰੂਪ ਲਿਖ ਕੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ` ਵਾਂਗ ਸੰਥਾ ਪੋਥੀਆਂ ਤਿਆਰ ਕੀਤੀਆਂ ਜਾਣ ਤਾਂ ਪਾਠਕਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੌਖਾ ਹੋ ਸਕਦਾ ਹੈ। ਸੋ ਇਸ ਲਈ ਅਸੀਂ ਬਿਨਾ ਕਿਸੇ ਝਿਜਕ ਕਹਿ ਸਕਦੇ ਹਾਂ ਕਿ ਇੰਟਰਨੈਟ ਦੇ ਯੁੱਗ ਵਿੱਚ ਗੁਰਬਾਣੀ ਸੰਥਿਆ ਤੇ ਵਿਆਖਿਕਾਰੀ ਦਾ ਭਵਿੱਖ ਬਹੁਤ ਉੱਜਲਾ ਹੈ। ਪਰ, ਉਹ ਵੀ ਤਾਂ, ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਰਗੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਧੜੇਬੰਦੀ ਤੇ ਸੰਪਰਦਾਇਕਤਾ ਦੀ ਜਕੜ ਤੋਂ ਮੁਕਤ ਹੋ ਕੇ ਸਤਿਕਾਰਯੋਗ ਪ੍ਰੋ. ਸਾਹਿਬ ਸਿੰਘ, ਪ੍ਰਿੰਸੀਪਲ ਹਰਿਭਜਨ ਸਿੰਘ, ਗਿਆਨੀ ਜੋਗਿੰਦਰ ਸਿੰਘ ਤਲਵਾੜਾ, ਰੀਸਰਚ ਸਕਾਲਰ ਸ੍ਰ. ਰਣਧੀਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਰਗੇ ਗੁਰਬਾਣੀ ਦੇ ਖੋਜੀ ਵਿਦਵਾਨਾਂ ਵੱਲੋਂ ਦਿੱਤੇ ਕੀਮਤੀ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਰਾਜਨੀਤੀ ਦੀ ਸੁਆਰਥੀ ਸੋਚ ਤੋਂ ਉੱਪਰ ਉੱਠ ਕੇ ਉਨ੍ਹਾਂ ਤੇ ਅਮਲ ਕਰਨ। ਜਿਵੇਂ ਸਭ ਤੋਂ ਵੱਡਾ ਮਸਲਾ ਹੈ ਪਾਠ ਭੇਦਾਂ ਦਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਖ ਸੇਵਾਦਾਰ (ਜਥੇਦਾਰ) ਗਿਆਨੀ ਗੁਰਬਚਨ ਸਿੰਘ ਜੀ ਨੇ ੭ ਜੁਲਾਈ ੨੦੧੧ ਨੂੰ ਵਿਵਾਦਤ ਸੁਨਹਿਰੀ ਬੀੜਾਂ ਦੇ ਮਾਮਲੇ ਸਬੰਧੀ ਪ੍ਰੈਸ ਨਾਲ ਗੱਲ ਕਰਦਿਆਂ ਮੰਨਿਆ ਸੀ ਕਿ:

"ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਅਤੇ ਛਾਪੇ ਦੇ ਸਰੂਪਾਂ ਵਿੱਚਾਲੇ ਗੁਰਬਾਣੀ ਪਾਠਾਂ ਵਿੱਚ ਭੇਦ ਹੈ। ਅਸੀਂ ਕਈ ਵਾਰ ਯਤਨ ਕੀਤਾ ਹੈ ਕਿ ਘਟੋ-ਘੱਟ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਤਿਆਰ ਕਰ ਲਿਆ ਜਾਵੇ, ਜਿਸ ਵਿੱਚ ਪੁਰਾਤਨ ਸਰੂਪਾਂ ਤੇ ਛਾਪੇ ਦੇ ਸਰੂਪਾਂ ਵਿੱਚਲਾ ਭੇਦ ਖ਼ਤਮ ਹੋ ਜਾਵੇ"।

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁਖ ਗ੍ਰੰਥੀ ਤੇ ਅਕਾਲ ਤਖ਼ਤ ਦੇ ਸਾਬਕਾ ਮੁੱਖ-ਸੇਵਾਦਾਰ ਮਹਿਰੂਮ ਗਿਆਨੀ ਕ੍ਰਿਪਾਲ ਸਿੰਘ ਜੀ, ਜੋ ਬੜੇ ਨਿਰਮਾਣ ਤੇ ਵਿਦਵਾਨ ਸੱਜਣ ਸਨ, ਤਿਨ੍ਹਾਂ ਮੁਤਾਬਿਕ ਪਾਠ-ਭੇਦਾਂ ਦੀ ਉਪਰੋਕਤ ਵਿਚਾਰ-ਚਰਚਾ ਦਾ ਅਧਾਰ ਤਦੋਂ ਬੱਝਾ, ਜਦੋਂ ਸੰਨ ੧੯੪੭ ਵਿੱਚ ਪਾਕਸਤਾਨੀ ਘਲੂਘਾਰੇ ਵੇਲੇ ਬੇ-ਘਰ ਹੋਏ ਗੁਰਸਿੱਖ ਪ੍ਰਵਾਰਾਂ ਤੇ ਡੇਰੇਦਾਰਾਂ ਵਲੋਂ ਸੇਵਾ-ਸੰਭਾਲ ਦੀ ਅਸਮਰਥਾ ਕਾਰਨ ਸੈਂਕੜੇ ਹੱਥ-ਲਿਖਤ ਬੀੜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ‘ਸਿੱਖ ਰੈਫ਼ਰੈਂਸ ਲਾਇਬਰੇਰੀ` ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੀਆਂ ਅਤੇ ਖੋਜੀ ਸੱਜਣਾਂ ਦੇ ਪਾਠ ਕਰਨ ਤੋਂ ਪੁਰਾਤਨ ਹੱਥ-ਲਿਖਤੀ ਅਤੇ ਛਾਪੇ ਦੇ ਸਰੂਪਾਂ ਵਿਚਾਲੇ ਬਾਣੀ ਦੀ ਕੁੱਝ ਬੇ-ਤਰਤੀਬੀ ਤੇ ਪਾਠ-ਭੇਦ ਉੱਘੜ ਕੇ ਸਾਹਮਣੇ ਆਏ।

ਜਦ ਕੁੱਝ ਪੰਥ-ਦਰਦੀ ਖੋਜੀ ਵਿਦਵਾਨਾਂ ਵਲੋਂ ਇਹ ਸ਼ੰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ ਵਿੱਚ ਲਿਆਂਦੇ ਤਾਂ ਪ੍ਰਧਾਨ ਟੌਹੜਾ ਸਾਹਿਬ ਨੇ ਕਮੇਟੀ ਦੇ ਆਪਣੇ ਰੀਸਰਚ ਸਕਾਲਰ ਸ੍ਰ: ਰਣਧੀਰ ਸਿੰਘ ਅਤੇ ਦੋ ਹੋਰ ਖੋਜੀ ਸੱਜਣਾਂ ਗਿਆਨੀ ਕੁੰਦਨ ਸਿੰਘ ਨਿਹੰਗ ਭਾਈ ਗਿਆਨ ਸਿੰਘ ‘ਸੁਤੰਤਰ` `ਤੇ ਅਧਾਰਿਤ ਇੱਕ ਸਬ-ਕਮੇਟੀ ਬਣਾਈ। ਉਸ ਦੇ ਜ਼ਿੰਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਭਾਗਾਂ ਵਿੱਚ ਛਪ ਰਹੀਆਂ ਸੰਥਾ-ਸੈਂਚੀਆਂ ਅਤੇ ਪੁਰਾਤਨ ਹੱਥ-ਲਿਖਤੀ ਬੀੜਾਂ ਦੇ ਪਾਠ ਮੇਲ ਕੇ ਪਾਠ-ਭੇਦਾਂ ਦੀ ਸੂਚੀ ਤਿਆਰ ਕਰਨ ਦਾ ਮਹਤਵ ਪੂਰਣ ਕੰਮ ਲਾਇਆ।

‘ਸਿੱਖ ਰੈਫ਼ਰੈਂਸ ਲਾਇਬਰੇਰੀ` ਵਿੱਚ ਉਸ ਵੇਲੇ ਲਗਭਗ ਪੰਜ ਸੌ ਪੁਰਾਤਨ ਹੱਥ ਲਿਖਤੀ ਬੀੜਾਂ ਸਨ। ਸਬ-ਕਮੇਟੀ ਦੇ ਖੋਜੀ ਵਿਦਵਾਨਾਂ ਨੇ ਇਨ੍ਹਾਂ ਬੀੜਾਂ ਵਿਚੋਂ ਸੰਮਤਾਂ ਵਾਲੀਆਂ ਸ਼ੁਧ ਤੇ ਪ੍ਰਮਾਣੀਕ ਸੱਠ-ਸੱਤਰ ਬੀੜਾਂ ਛਾਂਟ ਕੇ ਉਨ੍ਹਾਂ ਦੀ ਕਾਲ-ਕਰਮ ਅਨੁਸਾਰ ਸੂਚੀ ਤਿਆਰ ਕੀਤੀ। ਇਨ੍ਹਾਂ ਬੀੜਾਂ ਤੇ ਸੰਥਾ-ਸੈਂਚੀਆਂ ਦੇ ਪਾਠਾਂ ਨੂੰ ਆਪਸ ਵਿੱਚ ਮੇਲਣ ਤੋਂ ਜੋ ਜੋ ਫਰਕ ਉਨ੍ਹਾਂ ਨੂੰ ਮਹਿਸੂਸ ਹੋਏ, ਉਨ੍ਹਾਂ ਪਾਠ ਭੇਦਾਂ ਦੀ ਸੂਚੀ, ਸ਼ੁਧ ਤੇ ਅਸ਼ੁਧ ਪਾਠਾਂ ਬਾਰੇ ਆਪਣੀ ਨਿਜੀ ਸਲਾਹ ਅਤੇ ਪੁਰਾਤਨ ਬੀੜਾਂ ਬਾਰੇ ਕੁੱਝ ਹੋਰ ਵਿਸ਼ੇਸ਼ ਨੋਟ ਲਿਖ ਕੇ ਕਮੇਟੀ ਨੂੰ ਸਉਂਪ ਦਿੱਤੇ। "

ਇਹ ਮਹਤਵ ਪੂਰਨ ਖੋਜ ਹੋਈ ੧੯੭੪, ੭੬ ਵਿੱਚ। ਉਸ ਵੇਲੇ ਕਮੇਟੀ ਦੇ ਪ੍ਰਧਾਨ ਸਨ ਟੋਹੜਾ ਸਾਹਿਬ ਤੇ ਸੈਕਟਰੀ ਸਨ ਸ੍ਰ. ਮੁਹਿੰਦਰ ਸਿੰਘ। ਦਾਸ ਉਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਵਿਦਿਆਰਥੀ ਸੀ। ਸਾਨੂੰ ਮੌਕਾ ਮਿਲਿਆ ਸੀ ਉਨ੍ਹਾਂ ਪੰਜ ਪੋਥੀਆਂ ਨੂੰ ਵਾਚਣ ਦਾ, ਜਿਨ੍ਹਾਂ ਅਨੁਸਾਰ ਪਾਠ-ਭੇਦ ਲਗਭਗ ੪੭੮੪ ਦੇ ਕ਼ਰੀਬ ਹਨ। ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੀ ਸਲਾਹ ਨਾਲ ਇਹ ਪੰਜੇ ਭਾਗ ਇੱਕ ਥਾਂ ਛਾਪੇ ਗਏ ਤਾਂ ਕਿ ਇਹ ਕੀਮਤੀ ਖ਼ਜ਼ਾਨਾ ਰੁਲ ਨਾ ਜਾਏ। ਇਸ ਪੋਥੀ ਦਾ ਨਾਂ ਹੈ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ-ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ"

ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ, ਜੋ ਪ੍ਰਕਾਸ਼ਤ ਹੋ ਰਹੀ ਹੈ, ਉਸ ਵਿੱਚਲੇ ੧੫੦੦ ਪਾਠ-ਭੇਦਾਂ ਦਾ ਵੇਰਵਾ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪੁਸਤਕ ਗੁਰਬਾਣੀ ਪਾਠ ਦਰਸ਼ਨ ਵਿੱਚ ਪੜ੍ਹਿਆ ਜਾ ਸਕਦਾ ਹੈ।

ਅਖੰਡ ਕੀਰਤਨੀ ਜਥੇ ਦੇ ਗੁਰਮੁਖ ਗੁਰਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ (ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਜੁਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਜੀ ਦੇ ਸਹਿਯੋਗ ਨਾਲ ਸਾਲਾਂ ਬੱਧੀ ਪੁਰਾਤਨ ਹੱਥ ਲਿਖਤੀ ਬੀੜਾਂ ਨੂੰ ਵਾਚਿਆ ਹੈ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਢੂੰਡਿਆ ਹੈ) ਉਨ੍ਹਾਂ ਨੇ ਆਪਣੇ ਅੰਤਲੇ ਕਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ` ਦੇ ਦੂਜੇ ਭਾਗ ਵਿੱਚ ਪੰਨਾ ੮੭ ਤੇ ਬਿੰਦੀਆਂ ਟਿੱਪੀਆਂ ਬਾਰੇ ਲਿਖਦਿਆਂ, ਆਪਣੇ ਪੰਥ-ਦਰਦੀ ਹਿਰਦੇ ਦੀ ਵੇਦਨਾ ਨੂੰ ਚਿਤਾਵਨੀ ਵਜੋਂ ਕੁੱਝ ਇਉਂ ਪ੍ਰਗਟ ਕੀਤਾ ਹੈ –

"ਗੁਰਬਾਣੀ ਵਿੱਚ ਮੂਲਕ-ਅੰਗੀ ਨਾਸਕੀ ਚਿੰਨਾਂ (ਬਿੰਦੀ, ਟਿੱਪੀ) ਦੀ ਵਰਤੋਂ ਵੀ ਮਿਲਦੀ ਹੈ ਅਤੇ ਵਿਆਕਰਣਿਕ ਬਿੰਦੀਆਂ ਦੀ ਵੀ। ਅਸੀਂ ਦੇਖਦੇ ਹਾਂ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਟਿੱਪੀ/ਬਿੰਦੀ ਸਹਿਤ ਮਿਲਦੇ ਹਨ ਅਤੇ ਕਿਧਰੇ ਇਸ ਤੋਂ ਬਗੈਰ। ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਤਕਰੀਬਨ ੯੦% ਲਗੀਆਂ ਮਿਲਦੀਆਂ ਹਨ। ਬਾਕੀ ੧੦% ਸੰਭਵ ਹੈ ਛਾਪੇ ਦੀ ਅਣਗਹਿਲੀ ਕਾਰਨ ਰਹੀਆਂ ਹੋਣ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਲਿਖਤੀ ਬੀੜਾਂ ਵਿੱਚ ਲੱਗੀਆਂ ਮਿਲਦੀਆਂ ਹਨ। ਇਸ ਪੱਖ ਵੱਲ ਕਿਸੇ ਜ਼ਿੰਮੇਵਾਰ ਸੰਸਥਾ ਨੇ ਅੱਜ ਤਕ ਧਿਆਨ ਹੀ ਨਹੀਂ ਦਿੱਤਾ। ਏਧਰ ਤੁਰਤ ਧਿਆਨ ਦਿੱਤੇ ਜਾਣ ਦੀ ਲੋੜ ਹੈ।

ਬ-ਹਰ ਹਾਲ ਗੋਬਿਦ (ਗੋਬਿੰਦ), ਮਦਰ (ਮੰਦਰ), ਖਭ (ਖੰਭ), ਕਾਇਆ (ਕਾਂਇਆ), ਬੂਦ (ਬੂੰਦ), ਬਿਦ (ਬਿੰਦ) ਆਦਿਕ ਸ਼ਬਦਾਂ ਦਾ ਮੂਲਿਕ-ਅੰਗੀ ਨਾਸਕੀ ਚਿੰਨਾਂ ਸਹਿਤ ਉਚਾਰਣ ਹੀ ਸ਼ੁਧ ਬਣਦਾ ਹੈ। (ਜਿਵੇਂ, ਬ੍ਰੈਕਟਾਂ ਵਿੱਚ ਲਿਖਿਆ ਗਿਆ ਹੈ) ਪ੍ਰਮਾਣੀਕ ਮੂਲਿਕ ਬੀੜਾਂ ਤੋਂ ਅਗਵਾਈ ਲੈ ਕੇ ਛਾਪੇ ਦੀ ਉਕਾਈ ਦਰੁਸਤ ਕਰ ਲੈਣੀ ਉਚਿਤ ਹੈ। "

ਜਥੇਦਾਰ ਗਿਆਨੀ ਜੁਗਿੰਦਰ ਸਿੰਘ ‘ਵੇਦਾਂਤੀ` ਜੀ ਨੂੰ ਗੁਰਬਾਣੀ ਵਿਆਕਰਣ ਦਾ ਮਹੱਤਵ ਪਰਗਟ ਕਰਨ ਲਈ ਲਿਖਣਾ ਪਿਆ ਕਿ "ਅੱਜ ਦੀਆਂ ਕਈ ਸਤਿਕਾਰਤ ਸੰਪ੍ਰਦਾਵਾਂ ਤੇ ਕੁੱਝ ਵਿਦਵਾਨ ਗੁਰਬਾਣੀ ਦੀ ਨਿਯਮਾਵਲੀ ਮੰਨਣ ਤੋਂ ਇਨਕਾਰੀ ਹੀ ਨਹੀਂ ਸਗੋਂ ਗਾਹੇ-ਬਗਾਹੇ ਬੇਲੋੜਾ ਵਿਵਾਦ ਵੀ ਖੜ੍ਹਾ ਕਰਦੇ ਹਨ। ਕੁੱਝ ਕੁ ਸ਼ਰਧਾਲੂ ਵੀਰਾਂ ਦਾ ਵਿਚਾਰ ਹੈ ਕਿ ਗੁਰਬਾਣੀ ਦੀ ਲਿਖਾਈ ਸੁਤੰਤਰ ਹੈ ਅਤੇ ਕਿਸੇ ਨਿਯਮ ਦੇ ਅਧੀਨ ਨਹੀਂ। ਉਨ੍ਹਾਂ ਦਾ ਗੁਰਬਾਣੀ ਪ੍ਰਤੀ ਸਤਿਕਾਰ ਤੇ ਸ਼ਰਧਾ ਮੁਬਾਰਿਕ ਹੈ, ਪਰ ਗੁਰਬਾਣੀ ਦੀ ਲਿਖਾਈ ਦਾ ਨਿਯਮ-ਪੂਰਵਕ ਹੋਣਾ ਗੁਰਬਾਣੀ ਦੀ ਗੌਰਵਤਾ ਨੂੰ ਘਟਾਉਂਦਾ ਹਰਗਿਜ਼ ਨਹੀਂ, ਸਗੋਂ ਵਧਾਉਂਦਾ ਹੈ।

ਗੁਰਬਾਣੀ ਦੇ ਦੋ ਰੂਪ ਹਨ—ਭਾਵਾਤਮਿਕ ਅਤੇ ਵਰਣਾਤਮਿਕ। ਗੁਰਬਾਣੀ ਦਾ ਭਾਵਾਤਮਿਕ ਰੂਪ ਗੁਪਤ ਹੈ, ਜੋ ਬਿਲਕੁਲ ਮੌਲਿਕ ਅਤੇ ਸੁਤੰਤਰ ਹੈ। ਗੁਰਬਾਣੀ ਦਾ ਵਰਣਾਤਮਿਕ ਰੂਪ ਪ੍ਰਗਟ ਹੈ ਤੇ ਇਸ ਦਾ ਸੰਬੰਧ ਗੁਰਬਾਣੀ ਦੀ ਲਿਖਣ-ਤਕਨੀਕ ਨਾਲ ਹੈ। ਇਹ ਤਕਨੀਕ ਬੱਝਵੇਂ ਨੇਮਾਂ ਅਨੁਸਾਰ ਹੈ ਤੇ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ‘ਬੱਝਵੇਂ` ਨੇਮ ਕਿਸੇ ਹੋਰ ਬੋਲੀ ਜਾਂ ਮਨੁੱਖ ਦੇ ਬਣਾਏ ਵਿਆਕਰਣ ਦੇ ਅਧੀਨ ਨਹੀਂ, ਸਗੋਂ ਸੁਤੰਤਰ ਹਨ। ਇਹ ਨੇਮ ਆਪਣੇ ਆਪ ਵਿੱਚ ਵਿਲੱਖਣ ਹਨ ਤੇ ਇਨ੍ਹਾਂ ਦੇ ਨਿਰਮਾਤਾ ਗੁਰੂ ਸਾਹਿਬਾਨ ਆਪ ਹੀ ਹਨ। ਰੱਬੀ ਗਿਆਨ ਨੂੰ ਸਧਾਰਨ ਜਗਿਆਸੂਆਂ ਉੱਤੇ ਆਸ਼ਕਾਰਾ (ਪ੍ਰਗਟ) ਕਰਨ ਲਈ ਇਹ ਸੁਜਾਨ ਸਤਿਗੁਰਾਂ ਦੀ ਮਹਾਨ ਦੇਣ ਹਨ। ਇਨ੍ਹਾਂ ਦੀ ਹੋਂਦ ਤੋਂ ਇਨਕਾਰ ਕਰਨਾ ਸੱਚ ਅੱਗੇ ਅੱਖਾਂ ਮੀਟਣ ਦੇ ਤੁਲ ਹੈ। ਲੋੜ ਹੈ ਇਨ੍ਹਾਂ ਨਿਯਮਾਂ ਨੂੰ ਸਮਝਣ ਦੀ ਅਤੇ ਸਮਝ ਕੇ ਸਿੱਖ ਸੰਗਤਾਂ ਵਿੱਚ ਪ੍ਰਚਾਰਨ ਦੀ, ਤਾਂ ਜੋ ਗੁਰਬਾਣੀ ਦੇ ਗੁਹਜ ਅਤੇ ਅਮੁੱਲੇ ਭਾਵ ਸਹੀ ਰੂਪ ਵਿੱਚ ਸਮਝੇ ਜਾ ਸਕਣ। " (ਦੇਖੋ: ਗੁਰਮਤਿ ਪ੍ਰਕਾਸ਼, ਜੁਲਾਈ ੨੦੧੨)

ਗੁਰਬਾਣੀ ਸੰਥਿਆ ਦੇ ਉੱਜਲੇ ਭਵਿੱਖ ਲਈ ਦੂਜੀ ਵੱਡੀ ਲੋੜ ਹੈ ਸਿੱਖ ਸੰਸਥਾਵਾਂ ਨੂੰ ਉਪਰੋਕਤ ਕਿਸਮ ਦੇ ਵਿਦਵਾਨਾਂ ਨੂੰ ਸੰਭਾਲਣ ਦੀ। ਕਿਉਂਕਿ ਗੁਰਬਾਣੀ ਬੋਧ ਸਮਾਜ ਨੂੰ ਜਾਗਰੂਕ ਕਰਦਾ ਹੈ, ਪਰ ਕੋਈ ਵੀ ਹਾਕਮ ਸ਼੍ਰੇਣੀ ਅਜਿਹਾ ਨਹੀਂ ਚਹੁੰਦੀ। ਇਹੀ ਕਾਰਣ ਸੀ ਲਹੌਰ ਦੇ ਹਾਕਮ ਜ਼ਕਰੀਆਂ ਖਾਂ ਤੇ ਜਹੀਆਂ ਖਾਂ ਵੇਲੇ ਦੀਵਾਨ ਲਖਪਤ ਰਾਇ ਰਾਹੀਂ ਭਾਈ ਮਨੀ ਸਿੰਘ ਵਰਗੇ ਸੰਥਿਆ ਦੇ ਪ੍ਰਮਾਣੀਕ ਵਿਦਵਾਨਾਂ ਨੂੰ ਚੁਣ ਚੁਣ ਮਾਰਿਆ। ਅਗੰਰੇਜ਼ਾਂ ਵੇਲੇ ਵੀ ਗੁਰਬਾਣੀ ਨਾਲੋਂ ਤੋੜਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਕਈ ਗ੍ਰੰਥ ਪੈਦਾ ਕੀਤੇ ਗਏ ਅਤੇ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਵਰਗਿਆਂ ਨੂੰ ਸਮੇਂ ਦੇ ਬਿਪਵਾਦੀ ਸਿੱਖ ਪੁਜਾਰੀਆਂ ਰਾਹੀਂ ਸਿੱਖੀ ਦੇ ਕੇਂਦਰਾਂ ਤੋਂ ਦੂਰ ਧਕੇਲਣ ਦੀਆਂ ਕੋਸ਼ਿਸ਼ਾ ਹੋਈਆਂ। ਅਜੋਕੀ ਹਾਕਮ ਸ਼੍ਰੇਣੀ ਨੇ ਗੁਰਬਾਣੀ ਦੀਆਂ ਟਕਸਾਲਾਂ ਨੂੰ ਰਾਜਨੀਤੀ ਦੇ ਅੱਡੇ ਬਣਾ ਕੇ ਸੰਥਿਆ ਦੇਣ ਦਾ ਕੰਮ ਹੀ ਬੰਦ ਕਰਵਾ ਦਿੱਤਾ ਹੈ। ਉਹ ਵੀ ਕਾਰਸੇਵਾ ਵਾਲੇ ਬਾਬਿਆਂ ਵਾਂਗ ਕੁੜਤੀਆਂ ਪਾ ਕੇ ਕੋਈ ਸੋਨੇ ਦੀ ਸੇਵਾ ਕਰਾਉਣ ਤੇ ਕੋਈ ਸੰਗਮਰਮਰ ਲਗਾਉਣ ਦੇ ਬਹਾਨੇ ਟੋਕਰੀਆਂ ਰੱਖ ਕੇ ਬਹਿ ਗਏ ਹਨ। ਕੌਮ ਲਈ ਇਹ ਅਤਿਅੰਤ ਦੁਖਦਾਈ ਤੇ ਚਿੰਤਾਜਨਕ ਅਵਸਥਾ ਹੈ।

ਸਾਡੇ ਲਈ ਇਹ ਵੀ ਇੱਕ ਵੱਡੀ ਖੁਸ਼ਖ਼ਬਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਨੇ ਉਪਰੋਕਤ ਰੌਸ਼ਨੀ ਵਿੱਚ ਫੈਸਲਾ ਕੀਤਾ ਸੀ ਕਿ ਗੁਰਬਾਣੀ ਦੇ ਸੰਥਿਆ ਪਾਠ, ਸ਼ਬਦਾਰਥ ਤੇ ਸਿਧਾਂਤਕ ਵਿਆਖਿਆ ਨੂੰ ਆਡੀਓ, ਵੀਡੀਓ ਅਤੇ ਕਿਤਾਬੀ ਰੂਪ ਵਿੱਚ ਘਰ ਘਰ ਵਿੱਚ ਭੇਟਾ ਰਹਿਤ ਪਹੁੰਚਾਇਆ ਜਾਏ। ਅਕਾਲ ਪੁਰਖ ਦੀ ਅਪਾਰ ਰਹਿਮਤ ਸਦਕਾ ‘ਗੁਰਬਾਣੀ ਦਰਪਣ ਪ੍ਰੋਜੈਕਟ` ਦੇ ਪਹਿਲੇ ਪੜਾਅ ਵਜੋਂ ੧੫ ਦਸੰਬਰ ੨੦੧੪ ਸੋਮਵਾਰ ਨੂੰ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਣ ਵਿਆਕਰਣਿਕ ਸੰਥਿਆ ਪਾਠ ਦੀ ਵੀਡੀਓ ਰਲੀਜ਼ ਕੀਤੀ ਜਾ ਚੁੱਕੀ ਹੈ। ੩੧ ਦਸੰਬਰ ੨੦੧੪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਰਦਾਸ ਕਰਕੇ ਉਪਰੋਕਤ ਸੰਥਿਆ ਸਹਿਜ ਪਾਠ ਚੜ੍ਹਦੀਕਲਾ ਟਾਈਮ ਟੀ. ਵੀ. `ਤੇ ਸ਼ੁਰੂ ਕਰਵਾਇਆ ਸੀ, ਜਿਹੜਾ ੧ ਜਨਵਰੀ ੨੦੧੫ ਤੋਂ ਹਰ ਰੋਜ਼ ਸਵੇਰੇ ੧੦. ੩੦ ਤੋਂ ੧੧. ੦੦ ਵਜੇ ਤਕ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ। ਇਸ ਦੀ ਪਾਠ ਦੀ ਸੰਪੂਰਨਤਾ ਦੀ ਅਰਦਾਸ ੧੯ ਜੁਲਾਈ ੨੦੧੫ ਐਤਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੧੮ ਜੁਲਾਈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਪਣੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ ‘ਗੁਰਬਾਣੀ ਸੰਥਿਆ ਦਾ ਭੂਤ, ਭਵਾਨ ਤੇ ਭਵਿੱਖ` ਵਿਸ਼ੇ ਤੇ ਹੋਏ ਸੈਮੀਨਾਰ ਨੂੰ ਸਰਬਪੱਖੀ ਸਮਰਥਨ ਦੇਣਾ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਟੈਲੀਕਸਟ ਸੰਥਿਆ ਪਾਠ ਦੀ ਸੰਪੂਰਨਤਾ ਦਾ ਸਮਾਗਮ ਰਚਾਉਣਾ, ਗਹਿਰੇ ਅਰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਦੀ ਵਿਆਕ੍ਰਣਿਕ ਸੰਥਿਆ ਸ਼ੈਲੀ ਅਤੇ ਕੰਪਿਊਟਰੀ ਤਕਨੀਕ ਨੂੰ ਮਾਨਤਾ ਦੇਣ ਦਾ ਐਲਾਨ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਯਤਨਸ਼ੀਲ ਹੈ ਕਿ ਇਸ ਸੰਥਿਆ ਪਾਠ ਨੂੰ ਪੋਥੀਆਂ ਦੇ ਰੂਪ ਵਿੱਚ ਵੀ ਛੇਤੀ ਹੀ ਪ੍ਰਕਾਸ਼ਿਤ ਕੀਤਾ ਜਾਵੇ। ਪਰ, ਪਾਠ-ਭੇਦਾਂ, ਲੇਖਕਾਂ ਦੀਆਂ ਮਾਤ੍ਰਿਕ ਭੁਲਾਂ ਤੇ ਪ੍ਰੈਸ ਦੀਆਂ ਉਕਾਈਆਂ, ਉਸ ਵਿੱਚ ਦੇਰੀ ਦਾ ਕਾਰਣ ਬਣ ਰਹੀਆਂ ਹਨ। ਕਿਉਂਕਿ, ਜੋ ਪਾਵਨ ਬੀੜ ਸ਼੍ਰੋਮਣੀ ਕਮੇਟੀ ਪ੍ਰਕਾਸ਼ਤ ਕਰ ਰਹੀ ਹੈ, ਪੰਥਕ ਪ੍ਰਵਾਨਗੀ ਤੇ ਏਕਤਾ ਲਈ ਉਸ ਨੂੰ ਅਧਾਰ ਮੰਨ ਕੇ ਚੱਲਣਾ ਪੈਂਦਾ ਹੈ। ਅਜਿਹਾ ਜਰੂਰੀ ਵੀ ਹੈ। ਗੁਰਬਾਣੀ ਦੀ ਸਿਧਾਂਤਕ ਵਿਆਖਿਆ ਦਾ ਕਾਰਜ ਵੀ ਜਾਰੀ ਹੈ। ਪਰ, ਉਸ ਵਿੱਚ ਵੱਡੀ ਰੁਕਾਵਟ ਹੈ ਪੁਰਾਤਨ ਵਿਆਖਿਆ ਸ਼ੈਲੀ। ਕਿਉਂਕਿ ਉਹ ਸਾਰੀ ਦੀ ਸਾਰੀ ਹਿੰਦੂ ਮਿਥਹਾਸ ਤੇ ਫ਼ਿਲਾਸਫ਼ੀ `ਤੇ ਅਧਾਰਿਤ ਹੈ। ਗੁਰਬਾਣੀ ਵਿਆਖਿਆ ਪ੍ਰਣਾਲੀਆਂ ਪੁਸਤਕ ਦਾ ਮੁੱਖ ਬੰਧ ਲਿਖਦਿਆਂ ਡਾ. ਤਾਰਨ ਸਿੰਘ ਜੀ ਨੇ ਨਿਰਣੈ ਦਿੱਤਾ ਹੈ ਕਿ

"ਵਿਆਖਿਆਕਾਰੀ ਦੇ ਸਾਰੇ ਯਤਨਾਂ ਨੂੰ ਸਮੁੱਚੇ ਤੌਰ `ਤੇ ਦ੍ਰਿਸ਼ਟੀ ਗੋਚਰ ਕਰਨ ਨਾਲ ਸਾਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਭਾਵੇਂ ਕਹਿਣ ਨੂੰ ਅੱਠ ਪ੍ਰਣਾਲੀਆਂ ਕੰਮ ਕਰ ਚੁੱਕੀਆਂ ਹਨ, ਪਰ ਇਹਨਾਂ ਦੀ ਸੇਧਾ ਵਿੱਚ ਕੋਈ ਬੁਨਿਆਦੀ ਅੰਤਰ ਨਹੀਂ ਸੀ ਅਤੇ ਨਾ ਹੀ ਇਹਨਾਂ ਦੀਆਂ ਪ੍ਰਾਤੀਆਂ ਵਿੱਚ ਕੋਈ ਫ਼ਰਕ ਹੈ। ਗੁਰ-ਦਰਸ਼ਨ ਜਾਂ ਗੁਰਮਤਿ ਫ਼ਿਲਾਸਫ਼ੀ ਦਾ ਨਿਰਣਾ ਕਰਣਾ ਬਹੁਤ ਚੇਤੰਨ ਰੂਪ ਵਿੱਚ ਇਹਨਾਂ ਯਤਨਾ ਦਾ ਪ੍ਰਯੋਜਨ ਨਹੀਂ ਰਿਹਾ। ਜਿਥੋਂ ਤੀਕ ਇਸ ਸਬੰਧ ਵਿੱਚ ਕੋਈ ਪ੍ਰਾਪਤੀ ਹੈ, ਉਸ ਦਾ ਨਿਰਣਾ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਪ੍ਰਣਾਲੀਆਂ ਨੇ ਗੁਰ-ਦਰਸ਼ਨ ਵੈਦਿਕ ਹੀ ਮੰਨਿਆ ਹੈ ਕਿ ਗੁਰੂ ਦੀ ਫ਼ਿਲਾਸਫ਼ੀ ਆਮ ਬ੍ਰਾਹਮਣੀ ਜਾਂ ਹਿੰਦੂ ਫ਼ਿਲਾਸਫ਼ੀ ਤੋਂ ਭਿੰਨ ਨਹੀਂ ਹੈ। "

ਪੋਥੀਆਂ ਛਪਾਉਣ ਤੇ ਸ਼ੁਧ ਪਾਠ ਦੇ ਪ੍ਰਸਾਰਨ ਲਈ ਮਾਇਆ ਦੀ ਬੇਅੰਤ ਲੋੜ ਹੈ। ਪਰ, ਇਸ ਪੱਖੋਂ ਸਿੱਖ ਸੰਸਥਾਵਾਂ ਤੇ ਸੰਗਤਾਂ ਵੱਲੋਂ ਕੋਈ ਉਤਸ਼ਾਹ ਵਧਾਊ ਹੁੰਗਾਰਾ ਨਹੀਂ ਮਿਲ ਰਿਹਾ। ਪੂਰਨ ਉਮੀਦ ਹੈ ਕਿ ਇਸ ਸ਼ਬਦ ਯੱਗ ਵਿੱਚ ਸਾਰੀਆਂ ਗੁਰਸਿੱਖ ਸੰਗਤਾਂ ਤੇ ਸੰਸਥਾਵਾਂ ਆਪਣਾ ਯੋਗਦਾਨ ਅਵਸ਼ ਪਾਉਣਗੀਆਂ, ਤਾਂ ਕਿ ਮਾਨਵੀ ਮਨਾਂ ਦੀਆਂ ਅੰਧੇਰ ਕੋਠੜੀਆਂ ਨੂੰ ਗੁਰਬਾਣੀ ਦੇ ਚਾਨਣ ਨਾਲ ਰੌਸ਼ਨ ਕੀਤਾ ਜਾ ਸਕੇ। ਕਿਉਂਕਿ, ਮਨਮੁਖਤਾ ਦੇ ਅੰਧੇਰੇ ਕਾਰਣ ਸੰਸਾਰ ਦੇ ਲੋਕ ਦੁਰਲੱਭ ਮਨੁੱਖਾ ਜਨਮ ਨੂੰ ਅਜਾਈਂ ਗਵਾ ਰਹੇ ਹਨ। ਸਾਨੂੰ ਭੁੱਲਣਾ ਨਹੀਂ ਚਾਹੀਦਾ:

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ।।

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ।। {ਗੁਰੂ ਗ੍ਰੰਥ ਸਾਹਿਬ -ਪੰਨਾ ੬੭}

ਭੁਲ-ਚੁਕ ਮੁਆਫ਼।

ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ,
ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ, ਮੈਲਬਰਨ।




.