.

ਭੱਟ ਬਾਣੀ-68

ਬਲਦੇਵ ਸਿੰਘ ਟੋਰਾਂਟੋ

ਅਮਿਉ ਰਸਨਾ ਬਦਨਿ ਬਰ ਦਾਤਿ

ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਯ੍ਯਉ।।

ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਯ੍ਯਉ।।

ਹਰਿ ਨਾਮਿ ਲਾਗਿ ਜਗ ਉਧਰ੍ਯ੍ਯਉ ਸਤਿਗੁਰੁ ਰਿਦੈ ਬਸਾਇਅਉ।।

ਗੁਰ ਅਰਜੁਨ ਕਲ੍ਯ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ।। ੯।।

(ਪੰਨਾ ੧੪੦੮)

ਪਦ ਅਰਥ:- ਅਮਿਓ – ਅੰਮ੍ਰਿਤ। ਰਸਨਾ – ਰਸਨਾ। ਬਦਨਿ – ਮਨੁੱਖਾ ਸਰੀਰ। ਬਰ ਦਾਤਿ – ਵਰਦਾਨ, ਤੋਹਫ਼ਾ ਹੈ। ਗੁਰ ਸੂਰ – ਗਿਆਨ ਦਾ ਪ੍ਰਕਾਸ਼। ਸੂਰ – ਸੂਰਜ, ਪ੍ਰਕਾਸ਼। ਸਬਦਿ – ਬਖ਼ਸ਼ਿਸ਼। ਹਉਮੈ – ਅਗਿਆਨਤਾ ਦਾ ਹਨੇਰਾ। ਨਿਵਾਰ੍ਯ੍ਯਉ – ਖ਼ਤਮ ਕਰ ਦੇਣ ਵਾਲਾ। ਪੰਚਾਹਰੁ – ਗਿਆਨ ਇੰਦ੍ਰੀਆਂ ਨੂੰ ਵਿਸ਼ਿਆਂ ਵੱਲ ਲੈ ਜਾਣ ਵਾਲਾ ਅਗਿਆਨ। ਨਿਦਲਿਅਉ – ਕੁਚਲਣ ਦੀ ਕਿਰਿਆ। ਸੁੰਨ – ਜਾਣ ਲੈਣਾ। ਸੁੰਨ - ਅਫੁਰ ਅਵਸਥਾ, ਜਿਸ ਦਾ ਮਤਲਬ ਹੁੰਦਾ ਹੈ ਜਦੋਂ ਮਨ ਦੇ ਫੁਰਨੇ ਖ਼ਤਮ ਹੋ ਜਾਣ ਅਤੇ ਫੁਰਨੇ ਉਦੋਂ ਹੀ ਖ਼ਤਮ ਹੁੰਦੇ ਹਨ ਜਦੋਂ ਕੋਈ ਕਿਸੇ ਅਸਲੀਅਤ ਨੂੰ ਜਾਣ ਲੈਂਦਾ ਹੈ। ਸਹਜਿ - ਅਡੋਲ। ਨਿਜ ਘਰਿ – ਨਿੱਜੀ ਜੀਵਨ ਵਿੱਚ। ਸਹਾਰ੍ਯ੍ਯਉ – ਸਹਾਰ ਲਿਆ ਭਾਵ ਆਪਣੇ ਅੰਦਰ ਵਸਾ ਲਿਆ। ਹਰਿ ਨਾਮਿ ਲਾਗਿ – ਸੱਚ ਰੂਪ ਹਰੀ ਨਾਲ ਜੁੜ ਕੇ। ਜਗ ਉਧਰ੍ਯ੍ਯਉ – ਜਗਤ ਦੀ (ਕਰਮ-ਕਾਂਡੀ ਵੀਚਾਰਧਾਰਾ) ਤੋਂ ਉੱਪਰ ਉੱਠ ਗਏ। ਗੁਰ – ਗਿਆਨ। ਕਲ੍ਯ੍ਯੁ – ਅਗਿਆਨਤਾ ਦਾ ਹਨੇਰਾ। ਚਰੈ - ਪ੍ਰਕਾਸ਼। ਤੈ – ਉਸ ਦੇ (ਮ: ਕੋਸ਼)। ਜਨਕਹ – ਉਤਪੰਨ ਕਰਕੇ। ਕਲਸੁ – ਗਿਆਨ ਦਾ ਕਲਸ਼। ਦੀਪਾਇਅਉ - ਦੀਪਾ ਰਹੈ ਭਾਵ ਰੁਸ਼ਨਾ ਰਹੇ ਹਨ।

ਅਰਥ:- ਹੇ ਭਾਈ! ਅਲਖ ਅਪਾਰ ਦੀ ਬਖ਼ਸ਼ਿਸ਼ ਇਹ ਅੰਮ੍ਰਿਤ ਗਿਆਨ ਆਪਣੀ ਰਸਨਾ `ਤੇ ਲਿਆਉਣ ਵਾਲੇ ਮਨੁੱਖਾ ਸਰੀਰ ਲਈ, ਹਉਮੈ-ਅਗਿਆਨਤਾ ਦੇ ਹਨੇਰੇ ਨੂੰ ਖ਼ਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਵਰਦਾਨ ਹੈ। ਜਿਨ੍ਹਾਂ ਨੇ ਇਸ ਗਿਆਨ ਨੂੰ ਜਾਣ ਕੇ ਅਡੋਲ ਆਪਣੇ ਹਿਰਦੇ ਰੂਪੀ ਘਰਿ ਵਿੱਚ ਵਸਾ ਲਿਆ, ਉਨ੍ਹਾਂ ਨੇ ਪੰਚਾਹਰੁ-ਗਿਆਨ ਇੰਦ੍ਰੀਆਂ ਨੂੰ ਵਿਕਾਰਾਂ ਵੱਲ ਲੈ ਜਾਣ ਵਾਲੇ ਅਗਿਆਨ ਨੂੰ ਗਿਆਨ ਨਾਲ ਕੁਚਲ ਦਿੱਤਾ। ਜਿਨ੍ਹਾਂ ਨੇ ਅਗਿਆਨਤਾ ਨੂੰ ਕੁਚਲ ਕੇ ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਨੂੰ ਆਪਣੇ ਅੰਦਰ ਟਿਕਾ ਲਿਆ, ਉਹ ਸੱਚ ਰੂਪ ਹਰੀ ਨਾਲ ਜੁੜ ਕੇ ਜਗਤ ਦੀ (ਕਰਮ-ਕਾਂਡੀ ਅਵਤਾਰਵਾਦੀ) ਵੀਚਾਰਧਾਰਾ ਤੋਂ ਉੱਪਰ ਉੱਠ ਗਏ। ਇਸ ਤਰ੍ਹਾਂ ਗਿਆਨ ਨਾਲ ਅਰਜਨ ਦੇਵ ਜੀ ਨੇ ਸੰਸਾਰ ਵਿੱਚ ਅਗਿਆਨਤਾ ਦੇ ਪਸਰੇ ਹੋਏ ਹਨੇਰੇ ਵਿੱਚ ਗਿਆਨ ਉਤਪੰਨ ਕੀਤਾ ਅਤੇ ਉਸ ਗਿਆਨ ਦੇ ਕਲਸ਼ ਨੂੰ ਅੱਗੇ ਰੁਸ਼ਨਾ ਰਹੇ ਭਾਵ ਫੈਲਾਅ, ਪ੍ਰਚਾਰ ਰਹੇ ਹਨ।

ਸੋਰਠੇ।।

ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ।।

ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ।। ੧।।

(ਪੰਨਾ ੧੪੦੮)

ਪਦ ਅਰਥ:- ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਅਰਜੁਨੁ – ਅਰਜਨ ਦੇਵ ਜੀ ਨੇ ਗਿਆਨ ਨੂੰ। ਪੁਰਖੁ - ਮਰਦ। ਪ੍ਰਮਾਣੁ – ਸਬੂਤ, ਮਿਸਾਲ। ਪਾਰਥਉ – ਇਸ ਰਸਤੇ ਤੋਂ। ਚਾਲੈ ਨਹੀ - ਹਿਲਦਾ ਨਹੀਂ ਭਾਵ ਡੋਲਦਾ ਨਹੀਂ। ਨੇਜਾ – ਝੰਡਾ। ਨਾਮ – ਸੱਚ। ਸਵਾਰਿਅਉ – ਲਹਿਰਾਅ ਰਿਹਾ ਹੈ। ਸੋਰਠੇ – ਛੰਦ ਦੀ ਇੱਕ ਕਿਸਮ।

ਅਰਥ:- ਹੇ ਭਾਈ! ਅਰਜਨ ਦੇਵ ਜੀ ਨੇ ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਆਪਣੇ ਜੀਵਨ ਵਿੱਚ ਆਪ ਵੀ ਅਪਣਾਇਆ ਹੋਇਆ ਹੈ। ਇਸ ਲਈ ਉਹ ਮਰਦ ਪੁਰਖ ਆਪਣੀ ਮਿਸਾਲ ਆਪ ਹਨ (ਭਾਵ ਉਨ੍ਹਾਂ ਨੂੰ ਕਿਸੇ ਅਵਤਾਰਵਾਦੀ ਨਾਲ ਹਰਗਿਜ਼ ਨਹੀਂ ਤੋਲਿਆ ਜਾ ਸਕਦਾ)। ਉਹ ਜਿਹੜਾ ਗਿਆਨ ਪ੍ਰਚਾਰਦੇ ਹਨ, ਆਪ ਵੀ ਉਸ ਗਿਆਨ ਦੇ ਮਾਰਗ `ਤੇ ਚਲਦੇ ਹਨ, ਕਿਸੇ ਹੋਰ ਮਾਰਗ `ਤੇ ਨਹੀਂ ਚਲਦੇ। ਉਨ੍ਹਾਂ ਦੇ ਸਿਰ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼, ਸੱਚ ਗਿਆਨ ਦਾ ਝੰਡਾ ਲਹਿਰਾਅ ਰਿਹਾ ਹੈ।

ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ।।

ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯ੍ਯਉ।। ੨।।

(ਪੰਨਾ ੧੪੦੮)

ਪਦ ਅਰਥ:- ਭਵਜਲੁ – ਸੰਸਾਰ। ਸਾਇਰੁ – ਸਮੁੰਦਰ। ਸੇਤੁ – ਸੰਬੰਧ। ਨਾਮੁ ਹਰੀ ਕਾ – ਹਰੀ ਦੇ ਗਿਆਨ, ਸੱਚ। ਤੁਅ – ਅਤੇ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਕਰਤਾ। ਸੰ – ਨਾਲ। ਹੇਤੁ – ਪਿਆਰ। ਨਾਮਿ ਲਾਗਿ – ਸੱਚ ਨਾਲ ਜੁੜ ਕੇ। ਜਗੁ ਉਧਰ੍ਯ੍ਯਉ – ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਉੱਪਰ ਉਠ ਜਾਣਾ।

ਅਰਥ:- ਹੇ ਭਾਈ! ਹਰੀ ਦੇ ਗਿਆਨ-ਸੱਚ ਨਾਲ ਸੰਬੰਧ ਬਣਾਉਣਾ ਹੀ ਅਗਿਆਨਤਾ ਰੂਪੀ ਸਮੁੰਦਰ ਤੋਂ ਪਾਰ ਜਾਣ ਲਈ ਬੇੜਾ ਹੈ ਅਤੇ ਪਿਆਰ ਨਾਲ ਸਦੀਵੀ ਸਥਿਰ ਰਹਿਣ ਵਾਲੇ ਦੇ ਸੱਚ ਗਿਆਨ ਨਾਲ ਜੁੜ ਕੇ ਹੀ ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਉੱਪਰ ਉੱਠਿਆ ਜਾ ਸਕਦਾ ਹੈ।

ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ।।

ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ।। ੩।। ੧੨।।

(ਪੰਨਾ ੧੪੦੮)

ਪਦ ਅਰਥ:- ਜਗਤ ਉਧਾਰਣੁ – ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਉੱਪਰ ਉਠਣ ਲਈ। ਨਾਮੁ ਸਤਿਗੁਰ – ਸਦੀਵੀ ਸਥਿਰ ਰਹਿਣ ਵਾਲੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਤੁਠੈ ਪਾਇਅਉ – ਉਹ ਉੱਪਰ ਉਠ ਪਏ। ਅਬ – ਹੁਣ। ਨਾਹਿ – ਨਹੀਂ। ਅਵਰ ਸਰਿ – ਕਿਸੇ ਹੋਰ (ਵੀਚਾਰਧਾਰਾ) ਨਾਲ। ਕਾਮੁ – ਵਾਹ ਵਾਸਤਾ ਨਹੀਂ। ਬਾਰੰਤਰਿ – ਅੰਦਰੋਂ-ਬਾਹਰੋਂ। ਪੂਰੀ ਪੜੀ – ਪੂਰੀ-ਪੂਰਨ ਸਮਝ ਪਈ।

ਅਰਥ:- ਹੇ ਭਾਈ! ਜਿਨ੍ਹਾਂ ਨੇ ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਉੱਪਰ ਉੱਠਣ ਲਈ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਹ ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਉੱਪਰ ਉਠ ਪਏ। ਜਿਨ੍ਹਾਂ ਨੂੰ ਅੰਦਰੋਂ-ਬਾਹਰੋਂ ਪੂਰਨ ਸਮਝ ਪਈ, ਉਨ੍ਹਾਂ (ਹਿੱਕ ਥਾਪੜ ਕੇ) ਕਿਹਾ ਕਿ ਹੁਣ ਸਾਡਾ ਕਿਸੇ ਹੋਰ (ਕਰਮ-ਕਾਂਡੀ ਅਵਤਾਰਵਾਦੀ ਵੀਚਾਰਧਾਰਾ) ਨਾਲ ਵਾਹ ਵਾਸਤਾ ਨਹੀਂ।




.