. |
|
ਭੱਟ ਬਾਣੀ-70
ਬਲਦੇਵ ਸਿੰਘ ਟੋਰਾਂਟੋ
ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ
ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ।।
ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯ੍ਯੌ
ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ।।
ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਯ੍ਯੌ
ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ।।
ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ
ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ।। ੩।।
(ਪੰਨਾ ੧੪੦੮-੦੯)
ਪਦ ਅਰਥ:- ਤਿਹ ਜਨ –
ਉਹ ਜਨ। ਜਾਚਹੁ – ਜਾਣ ਕੇ। ਜਗਤ੍ਰ –
ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ। ਤਰ ਜਾਣਾ ਭਾਵ ਡੁੱਬਣ ਤੋਂ
ਬਚ ਜਾਣਾ। ਪਰ – ਪਵਿੱਤਰ ਗਿਆਨ। ਜਾਨੀਅਤੁ – ਜਾਣ ਕੇ। ਬਾਸੁਰ – ਦਿਨ।
ਰਯਨਿ – ਰਾਤ। ਬਾਸੁ – ਖ਼ੁਸ਼ਬੂ। ਜਾ ਕੋ – ਜਿਨ੍ਹਾਂ ਦਾ। ਹਿਤੁ –
ਲਗਾ। ਨਾਮ – ਸੱਚ। ਸਿਉ – ਨਾਲ। ਪਰਮ – ਪਵਿੱਤਰ। ਅਤੀਤੁ –
ਗੁਜ਼ਰਿਆ ਹੋਇਆ, ਲੰਘਿਆ ਹੋਇਆ ਭਾਵ ਜੋ ਅੱਗੇ ਲੰਘ ਜਾਂਦੇ ਹਨ। ਪਰਮੇਸੁਰ ਕੈ – ਪਰਮੇਸ਼ਰ ਦੇ।
ਰੰਗਿ ਰੰਗ੍ਯ੍ਯੌ – ਰੰਗ ਵਿੱਚ ਰੰਗੇ ਗਏ। ਬਾਸਨਾ ਤੇ ਬਾਹਰਿ ਪੈ ਦੇਖੀਅਤੁ –
ਵਾਸ਼ਨਾਵਾਂ ਤੋਂ ਬਾਹਰ ਹੋ ਗਏ। ਧਾਮ ਸਿਉ – ਘਰਿ ਨਾਲ। ਅਪਰ ਪਰੰਪਰ ਪੁਰਖ – ਉਹ
ਕਰਤਾ ਪੁਰਖ ਬੇਅੰਤ ਹੈ। ਸਿਉ ਪ੍ਰੇਮ – ਪ੍ਰੇਮ ਨਾਲ। ਲਾਗ੍ਯ੍ਯੌ ਬਿਨੁ – ਜੁੜਨ
ਤੋਂ ਬਗ਼ੈਰ। ਭਗਵੰਤ ਰਸੁ – ਕਰਤੇ ਦੇ ਗਿਆਨ ਰਸ। ਨਾਹੀ ਅਉਰੈ ਕਾਮ ਸਿਉ – ਕਿਸੇ
ਹੋਰ (ਅਵਤਾਰਵਾਦੀ ਕਰਮ-ਕਾਂਡੀ ਵੀਚਾਰਧਾਰਾ) ਨਾਲ ਸੰਬੰਧ ਨਹੀਂ ਰੱਖਦੇ। ਕਾਮ –ਲਗਾਅ,
ਸੰਬੰਧ, ਵਾਹ ਵਾਸਤਾ। ਮਥਰਾ – ਭੱਟ ਮਥਰਾ ਜੀ। ਕੋ – ਦਾ। ਪ੍ਰਭੁ –
ਪ੍ਰਭੂ। ਸ੍ਰਬ ਮਯ – ਸਰਬ-ਵਿਆਪਕ। ਅਰਜੁਨ – ਅਰਜਨ ਦੇਵ ਜੀ। ਗੁਰੁ ਭਗਤਿ ਕੈ –
ਇਨਕਲਾਬੀ ਸੱਚ ਗਿਆਨ ਦੀ ਬਖ਼ਸ਼ਿਸ਼ ਨੂੰ ਜੀਵਨ ਦੇ ਵਿੱਚ ਅਪਣਾਉਣ ਦੇ ਨਾਲ, ਅਪਣਾਇਆ। ਹੇਤਿ –
ਲਈ। ਪਾਇ – ਪ੍ਰਾਪਤ ਕਰਨ ਲਈ। ਰਹਿਓ – ਰਹਿਣਾ ਚਾਹੀਦਾ ਹੈ। ਮਿਲਿ –
ਜੁੜ ਕੇ। ਰਾਮ – ਰੰਮਿਆ ਹੋਇਆ। ਸਿਉ – ਨਾਲ।
ਅਰਥ:- ਜਿਨ੍ਹਾਂ ਦਾ ਦਿਨ ਰਾਤ, ਲਗਾਅ-ਸੰਬੰਧ ਸੱਚ ਦੀ ਖ਼ੁਸ਼ਬੋ (ਗਿਆਨ)
ਨਾਲ ਹੈ, ਉਹ ਜਨ ਗਿਆਨ ਦੀ ਪਵਿੱਤਰ ਵੀਚਾਰਧਾਰਾ ਸੱਚ ਨੂੰ ਜਾਣ ਕੇ ਜਗਤ ਦੀ (ਕਰਮ-ਕਾਂਡੀ)
ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ। ਜੋ ਜਨ ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਵਿੱਚ
ਡੁੱਬਣ ਤੋਂ ਬਚ ਕੇ ਅੱਗੇ ਲੰਘ ਜਾਂਦੇ ਹਨ, ਉਹ ਪਰਮੇਸ਼ਰ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਹੋਰ
ਅਗਿਆਨਤਾ ਦੀਆਂ ਵਾਸ਼ਨਾਵਾਂ ਤੋਂ ਬਾਹਰ ਹੋ ਕੇ ਪਵਿੱਤਰ ਘਰ ਸੱਚ ਨਾਲ ਜੁੜੇ ਦੇਖੇ ਜਾ ਸਕਦੇ ਹਨ। ਜੋ
ਪ੍ਰੇਮ ਨਾਲ ਉਸ ਬੇਅੰਤ ਕਰਤੇ ਪੁਰਖ ਨਾਲ ਜੁੜ ਜਾਂਦੇ ਹਨ, ਉਹ ਬਿਨਾਂ ਕਰਤੇ ਦੇ ਗਿਆਨ ਰਸ ਤੋਂ ਹੋਰ
ਕਿਸੇ (ਅਵਤਾਰਵਾਦੀ ਕਰਮ-ਕਾਂਡੀ ਵੀਚਾਰਧਾਰਾ) ਨਾਲ ਸੰਬੰਧ ਨਹੀਂ ਰੱਖਦੇ। ਇਸ ਵਾਸਤੇ ਹੇ ਭਾਈ! ਜਿਸ
ਸਰਬ-ਵਿਆਪਕ ਦੀ ਬਖ਼ਸ਼ਿਸ਼ ਇਨਕਲਾਬੀ ਸੱਚ ਗਿਆਨ ਨੂੰ ਅਰਜਨ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਅਪਣਾਇਆ
ਹੋਇਆ ਹੈ, ਮਥਰਾ ਦਾ ਵੀ ਉਹੀ ਪ੍ਰਭੂ ਹੈ, ਉਸੇ ਤਰ੍ਹਾਂ ਸੱਚ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਹੇਤਿ-ਲਈ ਉਸ
ਰੰਮੇ ਹੋਏ ਦੇ ਗਿਆਨ ਸੱਚ ਨਾਲ ਮਿਲ-ਜੁੜ ਕੇ ਰਹਿਣਾ ਚਾਹੀਦਾ ਹੈ।
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ।।
ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡਿ੍ਯ੍ਯਉ ਏਕ ਘਰੀ।।
ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ
ਨਿਹਾਲੁ ਕਰੀ।।
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ।। ੪।।
(ਪੰਨਾ ੧੪੦੯)
ਪਦ ਅਰਥ:- ਅੰਤੁ –
ਅੰਤ ਨੂੰ। ਅੰਤੁ ਨ ਪਾਵਤ – ਅੰਤ ਨੂੰ ਕੁੱਝ ਪੱਲੇ ਨਹੀਂ ਪਾਉਂਦੇ। ਦੇਵ ਸਬੈ –
ਸਾਰੇ ਦੇਵਤੇ। ਮੁਨਿ ਇੰਦ੍ਰ – ਇੰਦ੍ਰ ਮੁਨੀ, ਇੰਦਰ। ਮਹਾ – ਮਹਾਨ। ਸਿਵ –
ਬ੍ਰਹਮਾ (ਮ: ਕੋਸ਼)। ਮਹਾ ਸਿਵ ਜੋਗ ਕਰੀ - ਮਹਾਨ ਜੋਗ ਸਾਧਨਾ ਕਰੀ। ਫੁਨਿ
– ਫਿਰ। ਬੇਦ ਬਿਰੰਚਿ – ਬੇਦਾਂ ਦਾ ਰਚੇਤਾ। ਰਹਿਓ – ਰਹਿਣ ਦਿੱਤਾ ਭਾਵ ਛੱਡ
ਦਿੱਤਾ। ਹਰਿ ਜਾਪੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਹਰਿ ਜਾਪੁ ਨ ਛਾਡਿ੍ਯ੍ਯਉ
ਏਕ ਘਰੀ – ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ ਕਰਨਾ, ਇੱਕ ਘੜੀ ਨਾ ਛੱਡਿਆ। ਮਥਰਾ ਜਨ ਕੋ
ਪ੍ਰਭੁ ਦੀਨ ਦਯਾਲੁ ਹੈ – ਮਥਰਾ ਜਨ ਦਾ ਪ੍ਰਭੂ ਦੀਨਾਂ ਉੱਪਰ ਦਇਆ ਕਰਨ ਵਾਲਾ ਹੈ। ਸੰਗਤਿ –
ਜਿਸ ਦਾ ਸੰਗ ਕਰਨ ਨਾਲ ਕਰਮ-ਕਾਂਡੀ ਅਵਤਾਰਵਾਦੀ ਵੀਚਾਰਧਾਰਾ ਤੋਂ ਗਤਿ ਪ੍ਰਾਪਤ ਹੋ ਜਾਏ।
ਸ੍ਰਿਸ੍ਟਿ- ਸ੍ਰਿਸ਼ਟੀ। ਨਿਹਾਲੁ – ਕਾਮਯਾਬੀ (ਮ:
ਕੋਸ਼)। ਕਰੀ – ਕੀਤੀ। ਰਾਮਦਾਸਿ – ਰਾਮਦਾਸ ਜੀ ਨੇ। ਗੁਰੂ ਜਗੁ ਤਾਰਨ ਕਉ
– ਗਿਆਨ ਗੁਰੂ ਦੇ ਬੋਹਿਥ ਨਾਲ ਜਗਤ ਨੂੰ ਤਾਰਨ ਭਾਵ (ਕਰਮਕਾਂਡੀ ਵੀਚਾਰਧਾਰਾ ਵਿੱਚ) ਡੁੱਬਣ
ਤੋਂ ਬਚਾਣ ਲਈ। ਗੁਰ ਜੋਤਿ – ਗਿਆਨ ਦੀ ਜੋਤਿ। ਅਰਜੁਨ ਮਾਹਿ ਧਰੀ – ਅਰਜਨ ਦੇਵ ਜੀ
ਦੇ ਅੰਦਰ ਟਿਕਾਅ ਦਿੱਤੀ।
ਅਰਥ:- ਹੇ ਭਾਈ! ਜਦੋਂ ਦੇਖਿਆ ਕਿ ਜਿਸ ਬ੍ਰਹਮੇ ਦੀ ਸਾਰੇ ਦੇਵਤੇ ਮੁਨੀ
ਇੰਦਰ ਵਰਗਿਆਂ ਨੇ ਮਹਾਨ ਸਾਧਨਾ ਕੀਤੀ, ਅਖ਼ੀਰ ਵਿੱਚ ਇਹ ਕਿਸੇ ਦੇ ਕੁੱਝ ਪੱਲੇ ਹੀ ਨਹੀਂ ਪਾਉਂਦੇ
ਭਾਵ ਆਪ ਹੀ ਭੰਬਲਭੂਸੇ ਵਿੱਚ ਹਨ। ਤਾਂ ਹੇ ਭਾਈ! ਫਿਰ ਮੈਂ (ਮਥਰਾ ਨੇ ਵੀ) ਬੇਦਾਂ ਦੇ ਰਚੇਤੇ
(ਬ੍ਰਹਮੇ) ਨੂੰ ਰਹਿਣ ਦਿੱਤਾ ਭਾਵ ਛੱਡ ਦਿੱਤਾ ਅਤੇ ਹਰੀ-ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ ਕਰਨਾ
ਇੱਕ ਘੜੀ ਵੀ ਨਾ ਛੱਡਿਆ। ਜਦੋਂ ਮੈਂ ਮਥਰਾ ਜਨ ਨੇ ਸੱਚ, ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਤਾਂ
ਇਹ ਜਾਣਿਆ ਕਿ ਮਥਰਾ ਦਾ ਪ੍ਰਭੂ ਹੀ ਦੀਨਾਂ ਉੱਪਰ ਦਇਆ ਕਰਨ ਵਾਲਾ ਅਤੇ ਸ੍ਰਿਸ਼ਟੀ ਦਾ ਰਚੇਤਾ ਹੈ ਜਿਸ
ਦਾ ਸੰਗ ਕਰਨ ਨਾਲ ਬੇਦ ਬਿਚਾਰ ਤੋਂ ਗਤਿ ਪ੍ਰਾਪਤ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਇਸੇ ਤਰ੍ਹਾਂ
ਰਾਮਦਾਸ ਜੀ ਨੇ ਇਸ ਗਿਆਨ ਨਾਲ ਜਗਤ ਨੂੰ ਤਾਰਨ ਭਾਵ (ਬੇਦ ਵੀਚਾਰਧਾਰਾ ਵਿੱਚ) ਡੁੱਬਣ ਤੋਂ ਬਚਾਣ ਲਈ
ਇਹ ਗਿਆਨ ਦੀ ਜੋਤਿ ਅੱਗੇ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਟਿਕਾਅ ਦਿੱਤੀ ਭਾਵ ਜਗਾ ਦਿੱਤੀ।
|
. |