ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਲ਼ੋਕ ਭਰਮਾਊ ਨਾਅਰਿਆਂ `ਤੇ ਅੰਨ੍ਹੀ ਸ਼ਰਧਾ
ਸਮਾਜ ਦੇ ਚਿੰਤਕ-ਲੋਕ, ਸਮਾਜ ਦੀ ਅੱਖ ਹੁੰਦੇ ਹਨ। ਜਿਸ ਤਰ੍ਹਾਂ ਖੁਸ਼ੀ ਅਤੇ
ਗਮੀ ਦਾ ਅਹਿਸਾਸ ਸਾਡੀਆਂ ਅੱਖਾਂ ਰਾਂਹੀਂ ਪ੍ਰਗਟ ਹੁੰਦਾ ਹੈ ਏਸੇ ਤਰ੍ਹਾਂ ਸਮਾਜ ਦੇ ਚਿੰਤਕਾਂ
ਰਾਂਹੀਂ ਲੋਕਾਂ ਦੀਆਂ ਤਕਲੀਫ਼ਾਂ ਦਾ ਪਤਾ ਲਗਦਾ ਰਹਿੰਦਾ ਹੈ। ਮਨੁੱਖੀ ਹੱਕਾਂ ਦੀ ਚੇਤੰਤਾ ਰੱਖਣ
ਵਾਲੇ ਚਿੰਤਕ ਸਮਾਜ ਦੇ ਹਰ ਦੁਖਾਂਤ ਨੂੰ ਸਮਝਦੇ ਹਨ। ਉਹ ਆਪਣੀ ਕਲਮ ਰਾਂਹੀਂ ਲੋਕਾਂ ਨੂੰ ਜਾਗਰੁਕ
ਕਰਕੇ ਖੂਨ ਪੀਣ ਵਾਲੀਆਂ ਜੋਕਾਂ ਤੋਂ ਸਮਾਜ ਨੂੰ ਨਿਜਾਤ ਦਿਵਾਉਣਾ ਚਾਹੁੰਦੇ ਹਨ। ਅਜੇਹੇ ਚਿੰਤਕ
ਗਲ਼ੀਆਂ ਸੜੀਆਂ ਪਿਰਤਾਂ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ। ਲੇਖਕ ਦੀ ਕਿਸੇ ਨਾਲ ਕੋਈ ਨਿੱਜੀ ਰੰਜਸ
ਨਹੀਂ ਹੁੰਦੀ ਉਹ ਤਾਂ ਸਿਧਾਂਤਿਕ ਮੁਦਿਆਂ ਨੂੰ ਲੋਕਾਂ ਸਾਹਮਣੇ ਰੱਖਦਾ ਹੈ। ਅਜੇਹੇ ਚਿੰਤਕਾਂ ਨੂੰ
ਸਰਕਾਰੀ ਤੰਤਰ ਤੇ ਪੁਜਾਰੀਵਾਦ ਦੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਭਾਵ ਸੱਚ ਬੋਲਣ ਦੀ
ਕੀਮਤ ਚਕਾਉਣੀ ਪੈਂਦੀ ਹੈ। ਖਾਸ ਤੌਰ `ਤੇ ਧਰਮ ਦੇ ਨਾਂ `ਤੇ ਪੀੜਤ ਹੋ ਰਹੇ ਮਨੁੱਖਾਂ ਦੀ ਸਾਰ ਲੈਣ
ਵਾਲੇ ਨੂੰ ਸਖਤ ਤੋਂ ਸਖਤ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਹਰਲੇ ਤਲ਼ `ਤੇ ਧਰਮੀ ਹੋਣ
ਦਾ ਪ੍ਰਗਟਾਵਾ ਕਰਨ ਵਾਲਿਆਂ ਲੋਕਾਂ ਨੂੰ ਗੁਰੂ ਸਾਹਿਬ ਜੀ ਨੇ ਨਿਕਾਰਿਆ ਹੈ। ਕਰਮ-ਕਾਂਡੀਆਂ ਧਰਮੀਆਂ
ਨੇ ਹਮੇਸ਼ਾਂ ਫਤਵੇ ਹੀ ਜਾਰੀ ਕੀਤੇ ਹਨ। ਪਿੱਛਲੇ ਤੀਹ ਕੁ ਸਾਲ ਤੋਂ ਸਿੱਖ ਧਰਮ ਵਿੱਚ ਗੁਰਮਤਿ
ਸਿਧਾਂਤ ਦੀ ਗੱਲ ਕਰਨ ਵਾਲੇ ਬਹੁਤ ਥੋੜੇ ਚਿੰਤਕ ਰਹਿ ਗਏ ਹਨ। ਬਹੁਤੇ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ
ਆਵਣਗੇ--ਵਾਲੇ ਅਖਾਣ `ਤੇ ਹੀ ਪਹਿਰਾ ਦੇਂਦੇ ਨਜ਼ਰ ਆ ਰਹੇ ਹਨ।
ਗੁਰੂ ਨਾਨਕ ਸਾਹਿਬ ਜੀ ਨੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਪ੍ਰਸਥਿੱਤੀਆਂ
ਨੂੰ ਦੇਖਿਆ ਕਿ ਲੋਕ ਇਹਨਾਂ ਆਗੂਆਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ। ਪਰਜਾ ਗਿਆਨ ਹੀਣ ਹੋ ਕੇ
ਨਿੱਸਲ ਹੋਈ ਪਈ ਜ਼ੁਲਮ ਸਹਿ ਰਹੀ ਹੈ। ਗੁਰੂ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਅਵਾਜ਼ ਬਲੰਦ ਕੀਤੀ।
ਨਤੀਜਨ ਧਾਰਮਿਕ ਆਗੂਆਂ ਨੇ ਆਪਣੇ ਆਪਣੇ ਢੰਗ ਨਾਲ ਟਿੱਪਣੀਆਂ ਕੀਤੀਆਂ ਜਿਸ ਨੂੰ ਗੁਰੂ ਨਾਨਕ ਸਾਹਿਬ
ਜੀ ਨੇ ਆਪਣੀ ਬਾਣੀ ਵਿੱਚ ਅੰਕਤ ਕੀਤਾ ਹੈ ਕਿ ਲੋਕਾਂ ਦੇ ਮੇਰੇ ਸਬੰਧੀ ਕੀ ਖਿਆਲ ਹਨ—
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।। ਕੋਈ ਆਖੈ ਆਦਮੀ ਨਾਨਕੁ ਵੇਚਾਰਾ।। ੧।।
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ।। ਹਉ ਹਰਿ ਬਿਨੁ ਅਵਰੁ ਨ ਜਾਨਾ।।
੧।। ਰਹਾਉ।।
ਮਾਰੂ ਮਹਲਾ ੧ ਪੰਨਾ ੯੯੧
ਅੱਖਰੀਂ ਅਰਥ--
(ਦੁਨੀਆ
ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ
(ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ
ਤੋਂ ਪਰੇ ਪਰੇ
ਜੂਹ-ਉਜਾੜ ਵਿੱਚ ਹੀ ਬਹੁਤਾ ਚਿਰ
ਟਿਕਿਆ ਰਹਿੰਦਾ ਹੈ)। ਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ)
ਉਂਞ ਹੈ ਆਜਿਜ਼ ਜੇਹਾ। ੧।
ਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ, ਮੈਂ ਪਰਮਾਤਮਾ ਤੋਂ ਬਿਨਾ
ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ, (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ
ਗਿਆ ਹੈ। ੧।
ਸਿੱਖ ਧਰਮ ਦੀ ਉਮਰ ਕੋਈ ਲੰਬੀ ਨਹੀਂ ਹੈ। ਜਦੋਂ ਸਿੱਖ ਧਰਮ ਨੂੰ ਕਿਸੇ
ਬਾਹਰਲੇ ਨੇ ਚਨੌਤੀ ਦਿੱਤੀ ਹੈ ਤਾਂ ਅਸੀਂ ਸ਼ਹੀਦੀਆਂ ਦੇ ਦਰਿਆ ਵਗਾ ਦਿੱਤੇ। ਹੁਣ ਦੀ ਸਥਿੱਤੀ ਵਿੱਚ
ਸਿੱਖ ਕੌਮ ਨੂੰ ਸਭ ਤੋਂ ਵੱਧ ਚਣੌਤੀਆਂ ਆਪਣਿਆਂ ਵਲੋਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ
ਕੁੱਝ ਹੋਰ ਹੈ ਪਰ ਅਸੀਂ ਪਰਚਾਰ ਕੋਈ ਹੋਰ ਹੀ ਕਰ ਰਹੇ ਹਾਂ। ਰਾਜਨੀਤਿਕ ਲੋਕ ਆਪਣੇ ਲਾਭਾਂ ਦੀ
ਪੂਰਤੀ ਲਈ ਧਾਰਮਿਕ ਆਗੂਆਂ ਦਾ ਸਹਾਰਾ ਲੈਂਦੇ ਹਨ। ਧਾਰਮਿਕ ਆਗੂ ਰਾਜਨੀਤਿਕ ਲੋਕਾਂ ਦੇ ਹੁਕਮਾਂ ਤੇ
ਫੁੱਲ ਚੜਾਉਂਦੇ ਹਨ। ਆਮ ਜੰਤਾ ਇਹਨਾਂ ਦੇ ਕਹਿਰ ਦਾ ਸ਼ਿਕਾਰ ਹੋ ਕੇ ਆਪਸ ਵਿੱਚ ਲੜਨ ਜੋਗੀ ਹੀ ਰਹਿ
ਗਈ ਹੈ।
੧੮੭੨ ਨੂੰ ਨਾਮਧਾਰੀ ਲਹਿਰ ਦੇ ਖਤਮ ਹੋਣ ਨਾਲ ਨੂੰ ਸਿੰਘ ਸਭਾ ਲਹਿਰ ਤੇ ਫਿਰ
ਚੀਫ਼ ਖਾਲਸਾ ਦੀਵਾਨ ਦੋ ਜੱਥੇਬੰਦੀਆਂ ਹੋਂਦ ਵਿੱਚ ਆਈਆਂ ਸਨ। ੧੯੨੧ ਨੂੰ ਨਨਕਾਣਾ ਸਾਹਿਬ ਦਾ ਸਾਕਾ
ਹੋਇਆ ਹੈ ਓਦੋਂ ਤੱਕ ਅਕਾਲੀ ਦਲ ਹੋਂਦ ਵਿੱਚ ਆ ਚੁੱਕਾ ਸੀ। ਉਸ ਵੇਲੇ ਪੰਥ ਵਿੱਚ ਹੋਰ ਕੋਈ ਵੀ
ਜੱਥੇਬੰਦੀ ਨਹੀਂ ਸੀ। ਨਾ ਕੋਈ ਡੇਰਾ ਤੇ ਨਾ ਕੋਈ ਸੰਤ ਸੀ। ਹੁਣ ਤਾਂ ਸਿੱਖੀ ਵਿੱਚ ਘੜਮੱਸ ਚੌਦ੍ਹੇ
ਮੱਚੀ ਪਈ ਹੋਈ ਹੈ। ਜਣਾ ਖਣਾ ਜੱਥੇਬੰਦੀ ਬਣਾ ਕੇ ਆਪਣੀਆਂ ਨਿੱਜੀ ਰੋਟੀਆਂ ਸੇਕ ਰਿਹਾ ਹੈ। ਅੱਜ ਦੇ
ਦੌਰ ਵਿੱਚ ਰੰਗ-ਬ-ਰੰਗੀ ਸਿੱਖੀ ਭਾਅ ਮਾਰਦੀ ਦਿਖਾਈ ਦੇ ਰਹੀ ਹੈ।
ਡਾ. ਰਣਜੀਤ ਸਿੰਘ ਸ੍ਰਿੀ ਗੁਰੂ ਸਿੰਘ ਸਭਾ ਬੈਂਕਾਕ ਦੇ ਕਈ ਸਾਲ ਜਨਰਲ
ਸਕੱਤਰ ਦੇ ਅਹੁਦੇ `ਤੇ ਰਹੇ ਸਨ ਤੇ ਫਿਰ ਉਹਨਾਂ ਨੇ ਮੈਨਜਰ ਦੀ ਵੀ ਸੇਵਾ ਨਿਭਾਈ ਹੈ। ਸੰਸਾਰ ਵਿੱਚ
ਇਹ ਇੱਕ ਅਜੇਹਾ ਗੁਰਦੁਆਰਾ ਹੈ ਜਿੱਥੇ ਕੇਵਲ ਰਹਿਤ ਮਰਯਾਦਾ ਦੀ ਹੀ ਗੱਲ ਕੀਤੀ ਜਾਂਦੀ ਹੈ।
ਪ੍ਰੋਫੇਸਰ ਸਾਹਿਬ ਸਿੰਘ ਜੀ ਵਲੋਂ ਗੁਰੂ ਗੋਬਿੰਦ ਸਿੰਘ ਜੀਵਨ ਬ੍ਰਿਤਾਂਤ ਨਾਮੀ ਪੁਸਤਕ ਦੀ ਉਹਨਾਂ
ਨੇ ਭੂਮਿਕਾ ਵੀ ਲਿਖੀ ਹੋਈ ਹੈ। ਉਹਨਾਂ ਨੇ ਇੱਕ ਵਾਰੀ ਗੱਲ ਸੁਣਾਈ ਕਿ ਜਦੋਂ ੧੯੬੬ ਨੂੰ ਲੰਗੜਾ
ਪੰਜਾਬੀ ਸੂਬਾ ਬਣਿਆ ਤਾਂ ਸੰਤ ਫਤਹ ਸਿੰਘ ਦੁਨੀਆਂ ਨੂੰ ਦੱਸਣ ਵਾਸਤੇ ਨਿਕਲੇ ਸਨ ਕਿ ਮੇਰੀ ਬਹੁਤ
ਵੱਡੀ ਪ੍ਰਾਪਤੀ ਹੈ। ਇੱਕ ਮਿੱਥੇ ਹਏ ਪ੍ਰੋਗਰਾਮ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਬੈਂਕਾਕ ਆਉਣ
ਦਾ ਪ੍ਰੋਗਰਾਮ ਬਣਾਇਆ ਸੀ। ਡਾ. ਸ਼ਾਹਿਬ ਦੱਸਦੇ ਸਨ ਕਿ ਸਾਡੀ ਪਹਿਲੀ ਕਮੇਟੀ ਸੀ ਜਿੰਨ੍ਹਾਂ ਨੇ
ਉਹਨਾਂ ਨੂੰ ਨਾਂਹ ਕੀਤੀ ਕਿ ਤੁਸੀ ਲੰਗੜਾ ਪੰਜਾਬੀ ਸੂਬਾ ਬਣਾਉਣ ਨੂੰ ਬਹੁਤ ਵੱਡੀ ਪ੍ਰਾਪਤੀ ਦਸਦੇ
ਹੋ ਜੋ ਕੌਮ ਨਾਲ ਬਹੁਤ ਵੱਡਾ ਧ੍ਰੋਅ ਹੈ। ਦੁਸਰਾ ਤੁਸੀਂ ਆਪਣੇ ਨਾਂ ਨਾਲ ਸੰਤ ਸ਼ਬਦ ਲਗਾਉਂਦੇ ਹੋ ਇਸ
ਲਈ ਅਸੀਂ ਤੂਹਾਨੂੰ ਸ੍ਰਿੀ ਗੁਰੂ ਸਿੰਘ ਸਭਾ ਬੈਂਕਾਕ ਦੀ ਸਟੇਜ `ਤੇ ਨਾ ਤਾਂ ਸਮਾਂ ਦੇ ਸਕਦੇ ਹਾਂ
ਤੇ ਨਾ ਹੀ ਏਅਰ ਪੋਰਟ ਤੇ ਤੂਹਾਨੂੰ ਲੈਣ ਲਈ ਆ ਸਕਦੇ ਹਨ ਹਾਂ। ਕਿਰਪਾ ਕਰਕੇ ਅਗਲਿਆਂ ਮੁਲਕਾਂ ਵਲ
ਨੂੰ ਜਾਣ ਦਾ ਯਤਨ ਕਰੋ। ਲੰਗੜੇ ਪੰਜਾਬੀ ਸੂਬੇ ਨੂੰ ਆਮ ਸਿੱਖ ਨੇ ਅੰਦਰੋਂ ਪ੍ਰਵਾਨ ਨਹੀਂ ਕੀਤਾ ਸੀ
ਕਿਉਂਕਿ ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਰੱਖੇ ਗਏ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ
ਨੂੰ ਨਾ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ। ਦਰਿਆਈ ਪਾਣੀਆਂ ਦੀ ਅੰਨ੍ਹੀ ਲੁੱਟ ਹੋਈ। ਆਮ
ਸਿੱਖਾਂ ਦੇ ਵਿਰੋਧ ਨੂੰ ਭਾਂਪਦਿਆਂ ਹੋਇਆਂ ਤੇ ਲੋਕਾਂ ਦਾ ਧਿਆਨ ਹੋਰ ਪਾਸੇ ਲਿਜਾਣ ਲਈ ਇੰਗਲੈਂਡ
ਤੋਂ ਸ਼ਸਤਰ ਮੰਗਵਾ ਲਏ। ਉਹਨਾਂ ਸ਼ਸਤਰਾਂ ਨੂੰ ਸਾਰੇ ਪੰਜਾਬ ਵਿੱਚ ਘੁਮਾਇਆ ਗਿਆ। ਮੇਰੀ ਪੰਦਰ੍ਹਾ ਕੁ
ਸਾਲ ਦੀ ਉਮਰ ਸੀ ਮੈਂ ਅੱਖੀਂ ਦੇਖਿਆ ਕਿ ਜਿਸ ਗੱਡੀ ਦੀ ਟਰਾਲੀ ਵਿੱਚ ਸ਼ਸਤਰ ਰੱਖੇ ਹੋਏ ਸਨ ਲੋਕ ਉਸ
ਵਿੱਚ ਧੜਾ ਧੜ ਪੈਸੇ ਸੁੱਟੀ ਜਾ ਰਹੇ ਸਨ ਜੋ ਕਿ ਇੱਕ ਤਰ੍ਹਾਂ ਨਾਲ ਸ਼ਸਤਰਾਂ ਦੀ ਪੂਜਾ ਹੋ ਰਹੀ ਸੀ।
ਲੋਕ ਲੰਗੜੇ ਪੰਜਾਬੀ ਸੂਬੇ ਨੂੰ ਭੁੱਲ ਕੇ ਸ਼ਸਤਰਾਂ ਦੇਖਣ ਤੱਕ ਸੀਮਤ ਹੋ ਕੇ ਰਹਿ ਗਏ। ਲੋਕ ਇਹ ਸਮਝਣ
ਲੱਗ ਪਏ ਕਿ ਸ਼ਾਇਦ ਸ਼ਸਤਰ ਦੇਖਣ ਨਾਲ ਹੀ ਸਾਡੀ ਹੋਣੀ ਸੰਵਰ ਜਾਣੀ ਹੈ। ਭੋਲ਼ੇ ਲੋਕ ਅੰਨ੍ਹੀ ਸ਼ਰਧਾ
ਅਧੀਨ ਹੋ ਲੀਡਰਾਂ ਦੀਆਂ ਬੇਵਕੂਫੀਆਂ ਨੂੰ ਥੋੜੇ ਦਿਨਾਂ ਵਿੱਚ ਹੀ ਭੁੱਲ ਗਏ। ਨਾ ਤਾਂ ਅਜੇ ਤੀਕ
ਪੰਜਾਬ ਨੂੰ ਆਪਣੀ ਕੋਈ ਰਾਜਧਾਨੀ ਮਿਲੀ ਹੈ ਤੇ ਨਾ ਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲੇ।
ਪਾਣੀਆਂ ਦੀ ਕਾਣੀ ਵੰਡ ਦੀ ਮੂੰਹ ਬੋਲਦੀ ਤਸਵੀਰ ਸਭ ਦੇ ਸਾਹਮਣੇ ਹੈ।
ਲੰਗੜੇ ਪੰਜਾਬੀ ਸੂਬੇ ਦੀ ਦਾਸਤਾਂ ਉਪਰੰਤ ਸਿੱਖ ਕੌਮ ਅੰਦਰ ਕਈ ਰਵਾਇਤਾਂ
ਚਲਾਈਆਂ ਗਈਆਂ ਜਿਸ ਨਾਲ ਸਿੱਖ ਧਰਮ ਦਾ ਪੂਰੇ ਦਾ ਪੂਰਾ ਵਪਾਰੀਕਰਣ ਹੋ ਗਿਆ। ਇਹਨਾਂ ਵਿੱਚ ਕੀਰਤਨ
ਦਰਬਾਰ, ਨਗਰ ਕੀਰਤਨ, ਲੰਗਰਾਂ ਦੀ ਭਰਮਾਰ, ਬੱਤੀਆਂ ਬੰਦ ਵਾਲਾ ਸਿਮਰਣ, ਸੰਪਟ ਪਾਠ ਤੇ ਪ੍ਰਭਾਤ
ਫੇਰੀਆਂ ਤੱਕ ਸਿੱਖ ਧਰਮ ਸੀਮਤ ਹੋ ਕੇ ਰਹਿ ਗਿਆ ਹੈ। ਅੱਜ ਹਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ
ਸਿੱਖ ਸਿਧਾਂਤ ਦੀ ਕੋਈ ਵੀ ਵਿਚਾਰ ਪੇਸ਼ ਕੀਤੀ ਜਾਂਦੀ ਹੈ ਤਾਂ ਉਲਟਾ ਉਸ ਦੀ ਸ਼ਕਾਇਤ ਅਕਾਲ ਤੱਖਤ ਤੇ
ਕੀਤੀ ਜਾਂਦੀ ਹੈ। ਸਾਰੇ ਸਿੱਖ ਮਿਸ਼ਨਰੀ ਕਾਲਜ ਗੁਰੂ ਗ੍ਰੰਥ ਸਾਹਿਬ ਦੀ ਸਿਰਮੋਰਤਾ ਤੇ ਪੰਥ ਪ੍ਰਵਾਨਤ
ਰਹਿਤ ਮਰਯਾਦਾ ਦੀ ਗੱਲ ਕਰਦੇ ਹਨ ਪਰ ਸਾਧਾਂ ਨੂੰ ਤਕਲੀਫ ਹੁੰਦੀ ਹੈ ਤੇ ਉਹ ਅਕਾਲ ਤੱਖਤ ਤੇ ਸ਼ਕਾਇਤ
ਕਰਦੇ ਹਨ ਕਿ ਜੀ ਇਹਨਾਂ ਦਾ ਸਿਲੇਬਸ ਗੁਰਮਤਿ ਅਨੁਸਾਰ ਨਹੀਂ ਹੈ। ਮਿਸ਼ਨਰੀ ਕਾਲਜਾਂ ਨੂੰ ਅਕਾਲ ਤੱਖਤ
`ਤੇ ਸੱਦਿਆ ਜਾਂਦਾ ਹੈ ਪਰ ਮਨਮਤ ਦਾ ਪ੍ਰਚਾਰ ਕਰਨ ਵਾਲੇ ਸਾਧਾਂ ਦਿਆਂ ਡੇਰਿਆਂ ਤੇ ਧਾਰਮਿਕ ਆਗੂ
ਖੁਦ ਹਾਜ਼ਰੀ ਭਰ ਕੇ ਡੇਰੇ ਦੀ ਪ੍ਰੋੜਤਾ ਕਰ ਆਉਂਦੇ ਹਨ ਪਰ ਉਹਨਾਂ ਨੂੰ ਅੱਜ ਤੱਕ ਨਹੀਂ ਪੁੱਛਿਆ ਕਿ
ਤੁਹਾਡੇ ਡੇਰੇ ਵਿੱਚ ਰਹਿਤ ਮਰਯਾਦਾ ਦੀ ਇੱਕ ਮੱਦ ਵੀ ਲਾਗੂ ਨਹੀਂ ਹੈ।
ਗੱਲ ਕਰ ਰਹੇ ਹਾਂ ਅਨੰਦ ਪੁਰ ਸਾਹਿਬ ਦੀ ਸ਼ਤਾਬਦੀ ਮਨਾਉਂਦਿਆਂ ਹੋਇਆਂ ਲੋਕਾਂ
ਦਾ ਅਸਲੀ ਮੁਦਿਆ ਵਲੋਂ ਹੋਰ ਪਾਸੇ ਧਿਆਨ ਦਿਵਾਉਣ ਲਈ ਨਵੇਂ ਸਿਰੇ ਤੋਂ ਸ਼ਸਤਰਾਂ ਦੀ ਯਾਤਰਾ ਕੱਢੀ ਜਾ
ਰਹੀ ਹੈ। ਸਰਕਾਰ ਨੇ ਉਚੇਚਾ ਆਪਣਾ ਧਿਆਨ ਦੇ ਕੇ ਸਾਰੇ ਮੰਤਰੀਆਂ ਸੰਤਰੀਆਂ ਨੂੰ ਇਹ ਡਿਊਟੀ ਸੰਭਾਲ਼
ਦਿੱਤੀ ਕਿ ਆਪੋ ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਭੀੜ ਇਕੱਠੀ ਕਰਕੇ ਲੋਕਾਂ ਨੂੰ ਦੱਸਿਆ ਜਾਏ ਪੰਥਕ
ਸਰਕਾਰ ਨੂੰ ਸਿੱਖ ਧਰਮ ਪ੍ਰਤੀ ਕਿੰਨਾ ਮੋਹ ਹੈ। ਹੁਣ ਇਹ ਮੁੱਦਾ ਇਸ ਤਰ੍ਹਾਂ ਦਾ ਕਿ ਲੋਕਾਂ ਦੀਆਂ
ਭਾਵਨਾਵਾਂ ਨਾਲ ਜੁੜਿਆ ਹਇਆ ਹੈ। ਜੇ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਝੱਟ ਫਤਵਾ ਲਗਾ ਦਿੱਤਾ
ਜਾਏਗਾ ਜੀ ਇਹ ਬਹੁਤ ਵੱਡੇ ਨਾਸਤਿਕ ਹਨ। ਇਹਨਾਂ ਦੀ ਧਰਮ ਪ੍ਰਤੀ ਕੋਈ ਆਸਥਾ ਨਹੀਂ ਹੈ। ਏਹੀ ਕਾਰਨ
ਹੈ ਕਿ ਜਿੰਨਾਂ ਬੁੱਧੀਜੀਵੀਆਂ ਨੂੰ ਸਿੱਖ ਸਿਧਾਂਤ ਸਬੰਧੀ ਪੂਰੀ ਜਾਣਕਾਰੀ ਹੈ ਉਹ ਡੱਟ ਕੇ ਗੱਲ ਕਰਨ
ਦੀ ਸਮਰੱਥਾ ਹੀ ਗਵਾ ਚੁੱਕੇ ਹਨ।
੧੯੭੫ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ੩੦੦ ਸਾਲਾ ਸ਼ਤਾਬਦੀ ਮਨਾਈ ਜਾ
ਰਹੀ ਸੀ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਵੀ ਧਰਮੀ ਹੋਣ ਦਾ ਦਾਅਵਾ
ਕਰਦਿਆਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਨਗਰ ਕੀਰਤਨ ਕੱਢ ਕੇ ਪੰਥਕ ਮੁੱਦੇ ਨੂੰ ਆਪਣੇ ਹੱਕ ਵਿੱਚ
ਕਰਨ ਦਾ ਯਤਨ ਕੀਤਾ ਸੀ। ਇਸ ਵਿੱਚ ਗੁਰਮਤਿ ਦਾ ਤਾਂ ਕੋਈ ਪ੍ਰਚਾਰ ਨਹੀਂ ਸੀ ਸਗੋਂ ਪੰਥਕ ਏਜੰਡੇ ਨੂੰ
ਆਪਣੇ ਨਾਂ ਕਰਨ ਦਾ ਬਹੁਤ ਵੱਡਾ ਹੰਭਲ਼ਾ ਮਾਰਿਆ ਸੀ।
ਅੱਜ ਅਨੰਦਪੁਰ ਸਾਹਿਬ ਦਾ ੩੫੦ ਸਥਾਪਨਾ ਦਿਵਸ ਮਨਾਉਂਦਿਆਂ ਹੋਇਆ ਸ਼ਸਤਰਾਂ
ਨੂੰ ਅਨੰਦਪੁਰ ਸ਼ਸ਼ੋਬਤ ਕਰਨ ਕਰਨ ਲਈ ਕਰੌੜਾਂ ਰੁਪਇਆਂ ਦੀ ਬੱਸ ਤਿਆਰ ਕਰਕੇ ਤਮਾਮ ਮੰਤਰੀਆਂ ਦੀਆਂ
ਡਿਊਟੀਆਂ ਲਗਾਈਆਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰਤ ਕਰਕੇ ਪੰਥਕ ਸਰਕਾਰ ਦੀ ਪ੍ਰਾਪਤੀ ਨੂੰ
ਦੱਸਿਆ ਜਾਏ। ਆਮ ਲੋਕਾਂ ਵਿੱਚ ਇਸ ਵਾਰੀ ਕੋਈ ਖਿੱਚ ਨਹੀਂ ਦੇਖਣ ਨੂੰ ਮਿਲੀ। ਸਵਾਲਾਂ ਦਾ ਸਵਾਲ ਹੈ
ਕਿ ਕੀ ਸ਼ਸਤਰ ਦੇਖਣ ਨਾਲ ਕੋਈ ਸੋਝੀ ਆ ਸਕਦੀ ਹੈ? ਕੀ ਅਜੇਹਾ ਅਡੰਬਰ ਰਚਣ ਨਾਲ ਕੋਈ ਲੋਕਾਂ ਦੇ
ਬੁਨਿਆਦੀ ਮਸਲੇ ਹੱਲ ਹੋ ਸਕਦੇ ਹਨ? ਜੇ ਸਿਧਾਂਤ ਦੀ ਗੱਲ ਕਰਦੇ ਹਾਂ ਨਿਰਾਂ ਗੁਰੂ ਗ੍ਰੰਥ ਸਾਹਿਬ ਜੀ
ਨੂੰ ਦੇਖਣ ਨਾਲ ਵੀ ਕੋਈ ਸੋਝੀ ਨਹੀਂ ਆ ਸਕਦੀ ਫਿਰ ਨਿਰਾ ਸ਼ਸਤਰਾਂ ਨੂੰ ਦੇਖਣ ਨਾਲ ਕੋਈ ਸਾਡੀ ਹੋਣੀ
ਸੰਵਰ ਸਕਦੀ ਹੈ? ਜੇਹਾ ਕਿ ਗੁਰਵਾਕ ਹੈ—
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।
ਸਲੋਕੁ ਮ: ੩ ਪੰਨਾ ੫੯੪
ਅੱਖਰੀਂ ਅਰਥ--
ਜਿਤਨਾ
ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ
ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ
ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ।
ਗੁਰੂ ਸਾਹਿਬਾਨ ਨਾਲ ਸੰਬਧਿਤ ਵਸਤੂਆਂ ਤੇ ਸ਼ਸਤਰ ਬਹੁਤ ਹੀ ਸਤਿਕਾਰ ਯੋਗ ਹਨ।
ਇਹਨਾਂ ਇਤਿਹਾਸਕ ਵਸਤੂਆਂ ਦੇ ਦਰਸ਼ਨ ਤੱਖਤਾਂ `ਤੇ ਨਿਤਾ ਪ੍ਰਤੀ ਸੰਗਤਾਂ ਨੂੰ ਕਰਾਏ ਜਾਂਦੇ ਹਨ।
ਮੌਜੂਦਾ ਸਮੇਂ ਵਿੱਚ ਸ਼ਸਤਰਾਂ ਨੂੰ ਸੜਕਾਂ ਤੇ ਘਮਾਉਣ ਦੀ ਬਜਾਏ ਸਿੱਧਾ ਹੀ ਤੱਖਤ ਕੇਸਗੜ੍ਹ ਵਿਖੇ
ਸ਼ਸ਼ੋਬਤ ਕਰ ਦੇਣਾ ਚਾਹੀਦਾ ਸੀ। ਇਤਿਹਾਸਕ ਵਸਤੂਆਂ ਨੂੰ ਸੜਕਾਂ `ਤੇ ਘਮਾਉਣ ਨਾਲ ਉਹਨਾਂ ਲੋਕਾਂ ਨੂੰ
ਉਤਸਾਹ ਮਿਲਦਾ ਹੈ ਜਿਹੜੇ ਕੇਵਲ ਇਹਨਾਂ ਮਹਾਨ ਨਿਸ਼ਾਨੀਆਂ ਰਾਂਹੀ ਸੰਗਤਾਂ ਪਾਸੋਂ ਮਾਇਆ ਹੀ ਇਕੱਠੀ
ਕਰਦੇ ਹਨ। ਕਈ ਸਾਲਾਂ ਤੋਂ ਗੰਗਾਸਾਗਰ ਦੇ ਦਰਸ਼ਨ ਕਰਾਏ ਜਾ ਰਹੇ ਹਨ। ਕਿਤੇ ਕੋਈ ਗੁਰੂ ਸਾਹਿਬ ਜੀ ਦੀ
ਨਕਲੀ ਕਲਗੀ ਲਭ ਲਿਆਉਂਦਾ ਹੈ। ਪਿੱਛੇ ਇੱਕ ਹੋਰ ਘੜੁਤ ਛੱਡੀ ਕਿ ਅਖੇ ਉਹ ਮਾਲਾ ਲੱਭ ਗਈ ਹੈ ਜਿਹੜੀ
ਮਾਤਾ ਗੰਗਾ ਜੀ ਆਪਣੇ ਪਾਸ ਰੱਖਦੇ ਸਨ। ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਸਿਧਾਂਤ ਅਨੁਸਾਰ ਮਾਲਾ
ਫੇਰੀ ਜਾ ਸਕਦੀ ਹੈ? ਹੁਣ ਪੀਰ ਬੁੱਧੂ ਸ਼ਾਹ ਦੇ ਪਰਵਾਰ ਦੇ ਜੀਆਂ ਨੇ ਅਮਰੀਕਾ ਤੋਂ ਦਾਅਵਾ ਕੀਤਾ ਹੈ
ਕਿ ਗੁਰੂ ਸਾਹਿਬ ਜੀ ਨਾਲ ਅਸਲ ਸਬੰਧਿਤ ਵਸਤੂਆਂ ਤਾਂ ਸਾਡੇ ਪਾਸ ਹਨ।
੨੦੦੧ ਨੂੰ ਯੂ ਕੇ ਵਿੱਚ ਮੈਨੂੰ ਇੱਕ ਜ਼ਿੰਮੇਵਾਰ ਵਿਆਕਤੀ ਮਿਲਿਆ ਉਹ ਕਹਿੰਦਾ
ਕਿ ਭਾਈ ਸਾਹਿਬ ਜੀ ਤੁਸੀਂ ਡੇਰਾ ਬਾਬਾ ਨਾਨਕ ਦੇ ਪਾਸ ਰਹਿੰਦੇ ਹੋ ਓੱਥੇ ਗੁਰੂ ਨਾਨਕ ਸਾਹਿਬ ਜੀ
ਨਾਲ ਸਬੰਧਿਤ ਚੋਲਾ ਪਿਆ ਹੋਇਆ ਹੈ ਜੇ ਕਿਤੇ ਤੁਹਾਡੀ ਵਾਕਫੀਅਤ ਹੈ ਤਾਂ ਉਸ ਨੂੰ ਸੰਗਤਾਂ ਦੇ ਦਰਸ਼ਨਾ
ਲਈ ਯੂ ਕੇ ਲੈ ਕੇ ਆਈਏ ਚੰਗੀ ਆਮਦਨ ਹੋ ਸਕਦੀ ਹੈ। ਮੈਂ ਕਿਹਾ ਭਾਊ ਜੀ ਜਿੰਨ੍ਹਾਂ ਦੀ ਪੀੜ੍ਹੀ ਦਰ
ਪੀੜ੍ਹੀ ਚੋਲ਼ੇ `ਤੇ ਪ੍ਰਤਬਾ ਬਣੀ ਹੋਈ ਹੈ ਉਹ ਤੂਹਾਨੂੰ ਨੇੜੇ ਵੀ ਨਹੀਂ ਫਟਕਣ ਦੇਣਗੇ। ਜਦੋਂ ਉਹਨਾਂ
ਨੂੰ ਕਰੋੜਾਂ ਦੀ ਆਮਦਨ ਓੱਥੇ ਹੀ ਹੋ ਰਹੀ ਹੈ ਤਾਂ ਉਹ ਫਿਰ ਕਿਉਂ ਬਾਹਰ ਚੋਲ਼ਾ ਲੈ ਕੇ ਆਉਣਗੇ?
ਸੰਗਤਾਂ ਦੇ ਦਰਸ਼ਨਾ ਲਈ ਕੋਈ ਹੱਥ ਲਿਖਤ ਬੀੜ ਤਿਆਰ ਕਰਕੇ ਦਰਸ਼ਨ ਕਰਾ ਰਿਹਾ ਹੈ ਤੇ ਕੋਈ ਕਿਸੇ ਵਸਤੂ
ਦੀ ਭਾਲ਼ ਵਿੱਚ ਬੈਠਾ ਹੋਇਆ ਹੈ। ਜਨੀ ਕਿ ਕੋਈ ਨਾ ਕੋਈ ਜੁਗਾੜ ਫਿੱਟ ਕਰਨ ਵਿੱਚ ਲੱਗਿਆ ਹੋਇਆ।
ਸਿਤਮਗੀਰੀ ਦੀ ਬਾਤ ਦੇਖੋ ਹੁਣ `ਤੇ ਪੰਜਾਬ ਦਾ ਸਾਧ ਲਾਣਾ ਆਪਣੇ ਮਦ ਚੁੱਕੇ ਸਾਧੜਿਆਂ ਦੀਆਂ ਵਰਤੀਆਂ
ਹੋਈਆਂ ਵਸਤੂਆਂ ਵੀ ਸੰਗਤਾਂ ਨੂੰ ਦਿਖਾਈ ਜਾ ਰਹੇ ਹਨ। ਸਾਡੀ ਮਾਨਸਿਕ ਦਸ਼ਾ ਏਨੀ ਵਿਗੜ ਚੁੱਕੀ ਹੈ ਕਿ
ਸਾਧਾਂ ਵਲੋਂ ਮਰੇ ਸਾਧ ਦੀ ਫੋਟੋ ਦਾ ਹੀ ਨਗਰ ਕੀਰਤਨ ਕੱਢੀ ਜਾ ਰਹੇ ਹਨ। ਲੋਕ ਉਸ ਨੂੰ ਵੀ ਪੂਰਾ
ਹੁੰਗਾਰਾ ਦੇ ਰਹੇ ਹਨ।
ਪੰਜਾਬ ਦੀ ਰਾਜਨੀਤੀ ਵਲ ਝਾਤ ਮਾਰਦੇ ਹਾਂ ਤਾਂ ਸ਼ਰਮੋਣੀ ਅਕਾਲੀ ਦਲ ਬਾਦਲ
ਨੂੰ ਲਗਾਤਾਰ ਦੂਜੀ ਵਾਰ ਰਾਜ ਭਾਗ ਦੀ ਵਾਗਡੋਰ ਮਿਲੀ ਹੈ। ਜਦੋਂ ਇਹ ਪਾਰਟੀ ਸਤਾ ਵਿੱਚ ਨਹੀਂ ਸੀ
ਤਾਂ ਓਦੋਂ ਪੰਥਕ ਮੁੱਦੇ ਹਮੇਸ਼ਾਂ ਭਾਰੂ ਹੁੰਦੇ ਸੀ ਪਰ ਜਦੋਂ ਦਾ ਰਾਜਭਾਗ ਮਿਲਿਆ ਹੈ ਓਦੋਂ ਤੋਂ
ਪੰਥਕ ਮੁੱਦੇ ਗਾਇਬ ਹਨ। ਦੂਜਾ ਲੋਕ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਾ ਹੋਣ ਕਰਕੇ ਸਰਕਾਰ ਤੋਂ ਤੰਗ
ਹਨ। ਅੱਤ ਦੀ ਮਹਿੰਗਾਈ ਹੋ ਗਈ। ਨੌਕਰੀਆਂ ਘੱਟ ਗਈਆਂ ਹਨ। ਸਮਾਲ ਇੰਡਸਟਰੀ ਖਤਮ ਹੋ ਗਈ ਹੈ। ਕਿਸਾਨ
ਆਤਮ ਹਤਿਆਵਾਂ ਕਰ ਰਹੇ ਹਨ। ਸੜਕਾਂ ਟੁੱਟੀਆਂ ਹੋਈਆਂ ਹਨ। ਪਿੱਛਲੇ ਪੰਜਾਹ ਸਾਲ ਤੋਂ ਪੰਜਾਬ ਨੂੰ
ਕੈਲੇਫੋਰਨੀਆਂ ਬਣਾਉਣ ਵਿੱਚ ਸਰਕਾਰਾਂ ਲੱਗੀਆਂ ਹੋਈਆਂ ਹਨ। ਪੰਜਾਬ ਕੈਲੇਫੋਰਨੀਆਂ ਤਾਂ ਨਹੀਂ ਬਣ
ਸਕਿਆ ਪਰ ਨਸ਼ਈ ਸੂਬਾ ਜ਼ਰੂਰ ਅਖਵਾਉਣ ਲੱਗ ਪਿਆ ਹੈ। ਇਸ ਸਾਲ ਦਸਵੀ ਦੇ ਇਮਤਿਹਾਨ ਵਿਚੋਂ ੩੫੦੦੦੦
ਹਜ਼ਾਰ ਵਿਦਿਆਰਥੀ ਸਿੱਧਾ ਹੀ ਪੰਜਾਬੀ ਵਿਚੋਂ ਹੀ ਫੇਲ੍ਹ ਹੋ ਗਿਆ ਹੈ।
ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਸ ਵਾਰੀ ਵੀ ਪੰਥਕ
ਸਾਰਕਾਰ ਨੇ ਪੰਥਕ ਮੁਦਿਆਂ ਨੂੰ ਛੱਡ ਕੇ ਸ਼ਸਤਰਾਂ ਵਾਲਾ ਬਹਾਨਾ ਬਣਾ ਕੇ ਲੋਕਾਂ ਦੀਆਂ ਭਾਵਨਾਵਾਂ
ਨੂੰ ਕੈਸ਼ ਕੀਤਾ ਜਾ ਰਿਹਾ ਹੈ। ਕੁੱਝ ਸਮੇਂ ਲਈ ਲੋਕ ਬੁਨਿਆਦੀ ਲੋੜਾਂ ਨੂੰ ਭੁੱਲ ਜਾਂਦੇ ਹਨ। ਇਸ
ਵਾਰੀ ਸਰਕਾਰ ਖੁਦ ਦਿਲਚਸਪੀ ਲੈ ਕੇ ਸ਼ਸਤਰਾਂ ਨੂੰ ਪੂਰੇ ਪੰਜਾਬ ਵਿੱਚ ਘੁਮਾ ਰਹੀ ਹੈ। ੩੧ ਮਈ ਦੀ
ਗੱਲ ਕਰਦੇ ਹਾਂ। ਸ਼ਸਤਰਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਬਿਆਸ ਵਾਲਾ ਜੀ ਟੀ ਰੋਡ ਬੰਦ ਕਰ ਦਿੱਤਾ
ਗਿਆ। ਜਲੰਧਰ ਵਲ ਨੂੰ ਜਾਣ ਵਾਲੀ ਸਾਰੀ ਆਵਾਜਾਈ ਰਈਆ ਤੋਂ ਮਹਿਤਾ ਚੌਂਕ, ਸਿਰੀ ਗੁਰੂ ਹਰਿ ਗੋਬਿੰਦ
ਪੁਰ, ਟਾਂਡਾ ਤੇ ਭਲੱਥ ਵਲ ਦੀ ਹੋ ਕੇ ਜਲੰਧਰ ਪਾਹੁੰਚਣਾ ਪਿਆ। ਲੋਕਾਂ ਨੂੰ ਭਾਰੀ ਦਿਕਤਾਂ ਦਾ
ਸਾਹਮਣਾ ਕਰਨਾ ਪਿਆ। ਜ਼ਰਾ ਸੋਚੋ ਗੈਰ ਸਿੱਖ ਸਾਡੇ ਬਾਰੇ ਕੀ ਭਾਵਨਾ ਰੱਖਦੇ ਹੋਣਗੇ। ਅਜੇਹ ਘੁੰਮਣ
ਘੇਰੀ ਵਿੱਚ ਐਂਬੂਲੈਂਸ ਫਸਣ ਨਾਲ ਕਿਸੇ ਸੀਰੀਅਸ ਮਰੀਜ਼ ਦਾ ਕੀ ਹਾਲ ਹੋਏਗਾ ਉਹ ਤਾਂ ਘਰ ਵਾਲੇ ਜਾਂ
ਮਰੀਜ਼ ਹੀ ਜਾਣ ਸਕਦਾ ਹੈ। ਅਜੇਹੇ ਹਾਲਾਤਾਂ ਵਿੱਚ ਲੋਕਾਂ ਦੀਆਂ ਮੁਸ਼ਲਕਾਂ ਵਧ ਜਾਂਦੀਆਂ ਹਨ।
ਯੂ ਕੇ ਦੇ ਸਊਥਾਲ ਵਾਲੇ ਵੱਡੇ ਗੁਰਦੁਆਰੇ ਦਾ ਸਾਹਮਣੇ ਮੁਸਲਮਾਨ ਵੀਰ ਪੰਜਾ
ਸਾਹਿਬ ਦਾ ਜਲ ਹੀ ਲੋਕਾਂ ਨੂੰ ਦਈ ਜਾ ਰਿਹਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਕਿਸੇ ਸਿੱਖ ਜਾਂ
ਪ੍ਰਬੰਧਕ ਕਮੇਟੀ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਸਿੱਖ ਸ਼ਸਤਰ, ਮੂਰਤੀ ਆਦਿ ਦਾ ਪੁਜਕ ਨਹੀਂ ਹੈ ਉਹ
ਤਾਂ ਸ਼ਬਦ ਦੀ ਵਿਚਾਰ ਕਰਕੇ ਉਸ ਦੇ ਅਨੁਸਾਰੀ ਹੋ ਕੇ ਚਲਣ ਵਾਲਾ ਹੈ।
ਸਮੇਂ ਦੀ ਸਰਕਾਰ ਹਮੇਸ਼ਾਂ ਆਪਣੀ ਕਿਰਕਰੀ ਤੋਂ ਬਚਣ ਲਈ ਕੋਈ ਨਾ ਕੋਈ ਅਜੇਹਾ
ਮੁੱਦਾ ਲੈ ਕੇ ਆਉਂਦੀ ਹੈ ਜਿਸ ਨਾਲ ਉਸ ਨੂੰ ਵੱਧ ਤੋਂ ਲਾਭ ਹੋਵੇ ਉਸ ਨੂੰ ਸਿੱਖਾਂ ਦੇ ਸਿਧਾਂਤਿਕ
ਪੱਖ ਨਾਲ ਕੋਈ ਸਰੋਕਾਰ ਨਹੀਂ ਹੈ।