ਸਵਾਰਥ ਖੱਟਦਾ ਕੀ ਤੇ ਗਵਾਉਂਦਾ ਕੀ?
ਸਵਾਰਥ ਅਤੇ ਪਰਉਪਕਾਰ ਦੋਨੋਂ ਐਸੇ
ਗੁਣ ਹਨ ਜੋ ਇੱਕ ਦੂਜੇ ਤੋਂ ਬਿਲਕੁੱਲ ਉਲਟ ਹਨ। ਇਹ ਬੰਦੇ ਤੋਂ ਲੈ ਕੇ ਕੌਮਾਂ ਦੀ ਸੋਚਣੀ ਤੇ
ਗਤੀਵਿਧੀ (ਕਾਰਗੁਜ਼ਾਰੀ) ਦਾ ਅੰਗ ਬਣ ਜਾਂਦੇ ਹਨ। ਸਵਾਰਥ ਪੂਰਾ ਕਰਨ ਲਈ ਬੰਦਾ ਛੋਟੀ ਮੋਟੀ ਹੇਰਾ
ਫੇਰੀ, ਠਗੀ ਆਦਿ ਕਰਨ ਤੋਂ ਲੈ ਕੇ ਕਿਸੇ ਦੀ ਜਾਨ ਲੈਣ ਤੱਕ ਜਾ ਸਕਦਾ ਹੈ ਤੇ ਕੌਮ ਇਸੇ ਤਰ੍ਹਾਂ
ਹੇਰਾ ਫੇਰੀ, ਠਗੀ ਆਦਿ ਤੋਂ ਲੈ ਕੇ ਨਸਲ ਕੁਸ਼ੀ ਤੱਕ ਜਾ ਸਕਦੀ ਹੈ। ਦੂਸਰੇ ਪਾਸੇ ਪਰਉਪਕਾਰ ਕਰਨ
ਵਾਲਾ ਕਿਸੇ ਬੰਦੇ ਦੀ ਗਰਜ਼ ਪੂਰੀ ਕਰਨ ਤੋਂ ਲੈ ਕੇ ਉਸ ਦੀ ਰੱਖਿਆ ਕਰਦਾ ਹੋਇਆ ਜਾਨ ਤੱਕ ਦੇ ਸਕਦਾ
ਹੈ। ਇਸੇ ਤਰ੍ਹਾਂ ਕੌਮ ਹੋਰ ਬੰਦਿਆਂ ਦੀਆਂ ਗਰਜ਼ਾਂ ਪੂਰੀਆਂ ਕਰਨ ਤੋਂ ਲੈ ਕੇ ਉਨ੍ਹਾਂ ਦੀ ਰੱਖਿਆ ਲਈ
ਵੱਧ ਤੋਂ ਵੱਧ ਕੁਰਬਾਨੀਆਂ ਤੱਕ ਕਰ ਸਕਦੀ ਹੈ। ਇਸ ਸੰਦਰਬ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਗੁਣ
ਸੋਚਣੀ ਤੇ ਕਾਰਗੁਜ਼ਾਰੀ ਦਾ ਅੰਗ ਐਵੇਂ ਹੀ ਨਹੀਂ ਬਣ ਜਾਂਦੇ। ਇਨ੍ਹਾਂ ਪਿੱਛੇ ਸਿਧਾਂਤ ਕੰਮ ਕਰ ਰਿਹਾ
ਹੁੰਦਾ ਹੈ ਜੋ ਬੰਦੇ ਜਾ ਕੌਮਾਂ ਦੇ ਦਿਲਾਂ ਦੇ ਧੁਰੰਦਰ ਵਸਿਆ ਹੁੰਦਾ ਹੈ। ਮਿਸਾਲ ਦੇ ਤੌਰ ਤੇ ਆਪਣੇ
ਸਵਾਰਥ ਦਾ ਸੱਭ ਤੋਂ ਪਹਿਲਾਂ ਖਿਆਲ ਰੱਖਣਾ ਭਾਰਤ ਦੇ ਸਨਾਤਨ ਧਰਮ, ਜੋ ਵਰਨ ਆਸ਼ਰਮ ਦਾ ਹਾਮੀ ਹੈ, ਦਾ
ਬਹੁਤ ਬੜਾ ਅੰਗ ਹੈ, ਜੋ ਚਾਨਕੀਆ ਤੇ ਮਨੂੰ ਵਰਗੇ ਵਿਚਾਰਵਾਨਾਂ ਦੀ ਦੇਣ ਹੈ, ਜਿਸ ਤੇ ਕਿ ਇਸ ਧਰਮ
ਦੇ ਪੈਰੋਕਾਰ ਬੜੀ ਤਨਦਿਹੀ ਨਾਲ ਪਹਿਰਾ ਦੇ ਰਹੇ ਹਨ।
ਇਸ ਤੋਂ ਉਲਟ ਬਰਾਬਰੀ ਦੇ ਆਧਾਰ ਤੇ ਆਮ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਕੇ ਮਹਾਤਮਾ ਬੁੱਧ ਜੀ ਦੀ
ਸੋਚਣੀ ਨੇ ਕਈ ਰਿਆਸਤਾਂ ਵਿੱਚ ਵੰਡੇ ਭਾਰਤ ਦੇ ਬਹੁਤ ਬੜੇ ਹਿੱਸੇ ਨੂੰ ਬੁੱਧ ਮੱਤ ਦੇ ਧਾਰਨੀ ਬਣਾ
ਦਿੱਤਾ। ਆਮ ਕੁਚਲੇ ਹੋਏ ਲੋਕਾਂ ਲਈ ਇਹ ਉਨ੍ਹਾਂ ਤੇ ਉਪਕਾਰ ਦੀ ਕਿਰਨ ਵਜੋਂ ਸੀ। ਇਹ ਬਹੁਤ ਵਧੀਆ
ਨਿਜ਼ਾਮ ਚਲਾਉਣ ਦੇ ਯੋਗ ਬਣ ਗਏ ਤੇ ਰਾਜ ਤੱਕ ਕਾਇਮ ਕਰ ਲਿਆ। ਇਸ ਵਿੱਚ ਮਾਹਾਰਾਜਾ ਅਸ਼ੋਕ ਤੇ ਹਰਸ਼
ਵਰਧਨ ਖਾਸ ਅਸਥਾਨ ਰੱਖਦੇ ਹਨ। ਪਰ ਐਸੀ ਬਰਾਬਰਤਾ ਦੀ ਕਾਰਗੁਜ਼ਾਰੀ, ਹੋਰਨਾਂ ਨੂੰ ਆਪਣੇ ਹਿੱਤਾਂ ਤੇ
ਸਵਾਰਥ ਲਈ ਵਰਤਣ ਵਾਲੀ ਬ੍ਰਾਹਮਣ ਵਿਰਤੀ ਕਿਵੇਂ ਸਹਾਰ ਸਕਦੀ ਸੀ? ਸੋ ਬ੍ਰਾਹਮਣ ਨੀਤੀ ਦੇ
ਮਹਾਂ-ਸੰਚਾਲਿਕ ਆਦਿ-ਸ਼ੰਕਾਚਾਰੀਆ ਨੇ ਗੁਪਤ ਵੰਸ਼ ਰਾਜ ਸਮੇਂ ਬੋਧੀਆਂ ਤੇ ਅਸਹਿ ਤੇ ਅਕਹਿ ਤਸ਼ੱਦਦ
ਢਾਏ। ਲੱਖਾਂ ਕਤਲ ਕੀਤੇ ਅਤੇ ਬਹੁਤ ਸਾਰੇ ਦੇਸ ਛੱਡ ਕੇ ਹੋਰ ਦੇਸਾਂ ਨੂੰ ਚਲੇ ਗਏ। ਇਸ ਤੋਂ ਹੀ
ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਵਾਰਥ ਕੀ ਕਰਦਾ ਹੈ ਤੇ ਉਪਕਾਰ ਕੀ ਕਰਦਾ ਹੈ।
ਮੁੱਖ ਵਿਸ਼ਾ ਸਵਾਰਥ ਦੀ ਸੇਧ ਵਿੱਚ ਦੇਖਦੇ ਹੋਏ ਅੱਜਕਲ ਵਰਤ ਰਹੀਆਂ ਵਾਰਦਾਤਾਂ ਤੋਂ ਪਤਾ ਚੱਲ ਜਾਂਦਾ
ਹੈ ਕਿ ਕਈ ਪ੍ਰਵਾਰ ਸਵਾਰਥ ਦੀ ਬਲੀ ਚੜ੍ਹ ਕੇ ਨਰਕ ਦਾ ਜੀਵਨ ਭੋਗ ਰਹੇ ਹਨ, ਜਦ ਪ੍ਰਵਾਰ ਦਾ ਇੱਕ
ਬੰਦਾ ਚਲਾਕੀ ਵਰਤ ਕੇ ਪ੍ਰਵਾਰ ਦੀ ਸੰਪਤੀ ਦਾ ਬਹੁਤ ਬੜਾ ਹਿੱਸਾ ਹੜ੍ਹਪ ਕਰ ਰਿਹਾ ਹੁੰਦਾ ਹੈ ਤੇ
ਨੌਬਤ ਕਤਲ ਤੱਕ ਪੁਜ ਜਾਂਦੀ ਹੈ, ਅਤੇ ਕਿਤੇ ਭੈਣਾਂ, ਭੈਣ ਭਰਾ ਦੇ ਸੱਚੇ ਸੁੱਚੇ ਪਿਆਰ ਨੂੰ
ਤਲਾਂਜਲੀ ਦੇ ਕੇ, ਭਰਾਵਾਂ ਦੀ ਜਾਇਦਾਦ ਹੜੱ੍ਹਪ ਕਰਨ ਲਈ ਭਰਾਵਾਂ ਦੇ ਕਤਲ ਕਰਵਾ ਰਹੀਆਂ ਹਨ। ਆਮ
ਬੰਦਿਆਂ, ਜਿਨ੍ਹਾਂ ਨੂੰ ਬਹੁਤ ਗਿਆਨ ਨਹੀਂ ਹੁੰਦਾ, ਵਿੱਚਕਾਰ ਤਾਂ ਐਸੀ ਨੌਬਤ ਹੋਣੀ ਕਹੀ ਜਾ ਸਕਦੀ
ਹੈ ਪਰ ਜੇ ਗੁਰੂ ਘਰ, ਜਿੱਥੇ ਹਰ ਵੇਲੇ ਸ਼ੁਭ ਵਿਚਾਰਾਂ ਦੀ ਹੀ ਗੱਲ ਹੁੰਦੀ ਹੋਵੇ, ਐਸੀ ਦਸ਼ਾ ਹੋ
ਨਿਬੜੇ ਉਸਦਾ ਕੀ ਕਿਹਾ ਜਾਵੇ? ਗੁਰੂ ਰਾਮਦਾਸ ਜੀ ਦੇ ਬੜੇ ਪੁੱਤਰ ਬਾਬਾ ਪ੍ਰਿਥੀ ਚੰਦ ਨੇ ਗੁਰੂ ਘਰ
ਦਾ ਸੱਭ ਕੁੱਛ ਹਥਿਆਉਣ ਦੀ ਕੋਸ਼ਿਸ਼ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੇ ਸਪੁੱਤਰ ਹਰਿ
ਗੋਬਿੰਦ ਜੀ ਨਾਲ ਜੋ ਵਰਤਾਰੇ ਵਰਤਾਏ ਉਹ ਬੜੇ ਦਿਲ ਕੰਬਾਊ ਹਨ।
ਸਵਾਰਥ ਦੇ ਐਸੇ ਹੀ ਵਰਤਾਰੇ ਰਾਜ ਘਰਾਣਿਆਂ ਵਿੱਚ ਮਿਥਿਹਾਸਿਕ ਤੇ ਇਤਿਹਾਸਿਕ ਪੰਨਿਆਂ ਦੀ ਸਮਗਰੀ ਬਣ
ਚੁੱਕੇ ਹਨ। ਮਹਾਂਭਾਰਤ ਐਸੀ ਇੱਕ ਖਾਸ ਮਿਸਾਲ ਹੈ। ਮੁਸਲਮਾਨ ਹਮਲਾਆਵਰਾਂ ਤੋਂ ਪਹਿਲਾਂ ਹਿੰਦ ਮਹਾਂ
ਦੀਪ ਦੇ ਆਮ ਰਾਜਿਆਂ ਦੀ ਇਹੋ ਜਿਹੀ ਹਾਲਤ ਸੀ, ਜਿੱਸ ਕਰਕੇ ਆਪਸੀ ਕਮਜ਼ੋਰੀ ਤੇ ਏਕਤਾ ਨਾ ਹੋਣ ਕਾਰਨ
ਮੁੱਠੀ ਭਰ ਮੁਸਲਮਾਨ ਹਮਲਾਆਵਰਾਂ ਨੇ ਹੌਲੀਂ ਹੌਲੀਂ ਸਾਰੇ ਹਿੰਦ ਮਹਾਂ ਦੀਪ ਤੇ ਕਬਜ਼ਾ ਕਰ ਲਿਆ। ਫਿਰ
ਮੁਸਲਮਾਨ ਹਾਕਮਾਂ ਵਿੱਚ ਇਸ ਸਵਾਰਥ ਦੀ ਬਲਾ ਨੇ ਕਾਫੀ ਕਹਿਰ ਵਰਤਾਏ। ਔਰੰਗਜ਼ੇਬ ਵਲੋਂ ਵਰਤਾਇਆ
ਵਰਤਾਰਾ ਤਾਂ ਸੱਭ ਹੱਦਾਂ ਟੱਪ ਜਾਂਦਾ ਹੈ, ਜਦ ਉਹ ਆਪਣੇ ਪਿਉ ਨੂੰ ਕੈਦ ਕਰਨ ਦੇ ਨਾਲ ਨਾਲ ਆਪਣੇ
ਭਰਾਵਾਂ ਦੇ ਜ਼ਾਲਮਾਨਾਂ ਕਤਲ ਕਰਕੇ ਰਾਜ ਸੰਭਾਲਦਾ ਹੈ। ਆਮ ਲੋਕਾਂ ਦੇ ਹੱਕਾਂ ਤੇ ਛਾਪਾ ਸਦਾ ਹੀ
ਹੁੰਦਾ ਹੈ, ਜਿਸ ਲਈ ਕਿਸੇ ਤਰ੍ਹਾਂ ਦੀ ਆਵਾਜ਼ ਉਠਾਉਣੀ ਕਿਸੇ ਖਤਰੇ ਤੋਂ ਘੱਟ ਨਹੀਂ ਹੋਇਆ ਕਰਦੀ।
ਇਸ ਤੋਂ ਅਗਾਂਹ ਦੇਖਣ ਵਿੱਚ ਆਉਂਦਾ ਹੈ ਕਿ ਚਲਾਕ ਬੰਦਾ ਜਾ ਬੰਦੇ ਆਪਣਾ ਸਵਾਰਥ ਪੂਰਾ ਕਰਨ ਲਈ ਭੋਲੇ
ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਦਿਮਾਗੀ ਤੌਰ ਤੇ ਨਿੱਸਲ ਕਰ ਦਿੰਦੇ ਹਨ ਤੇ ਉਨ੍ਹਾਂ
ਦੀ ਕਮਾਈ ਤੇ ਪੇਟ ਪਾਲਣਾ ਆਪਣਾ ਖਾਸ ਕਰਮ ਬਣਾ ਲੈਂਦੇ ਹਨ। ਬ੍ਰਾਹਮਣ ਸੋਚਣੀ, ਬਿਨਾਂ ਕੰਮ ਕੀਤੇ
ਆਪਣਾ ਪੇਟ ਪਾਲਣਾ, ਦਾ ਧਰਮ ਪੱਖੋਂ ਸਦਾ ਹੀ ਇਹ ਹਾਲ ਰਿਹਾ ਹੈ। ਇਸ ਦੇ ਵਿਰੁੱਧ ਆਵਾਜ਼ ਉਠਾਉਣ
ਵਾਲਿਆਂ ਤੇ ਆਪਣੇ ਹੱਥ ਤਾਕਤ ਹੁੰਦਿਆਂ ਕਾਫੀ ਜ਼ੁਲਮ ਢਾਏ ਅਤੇ ਦੂਸਰੇ ਦੇ ਅਧੀਨ ਹੁੰਦਿਆਂ ਵੀ
ਉਨ੍ਹਾਂ ਰਾਹੀਂ ਐਸੀ ਆਵਾਜ਼ ਉਠਾਉਣ ਵਾਲਿਆਂ ਨੂੰ ਤੰਗ ਕਰਵਾਇਆ। ਭਗਤ ਸਾਹਿਬਾਨ, ਸ੍ਰੀ ਕਬੀਰ ਜੀ ਅਤੇ
ਸ੍ਰੀ ਨਾਮਦੇਵ ਜੀ ਦੀਆਂ ਖਾਸ ਮਿਸਾਲਾਂ ਹਨ। ਗੁਰੂ ਨਾਨਕ ਦੇਵ ਜੀ ਨੇ ਤਾਂ ‘ਰੋਟੀਆਂ ਕਾਰਨ ਪੂਰਹਿ
ਤਾਲ’ ਬ੍ਰਾਹਮਣੀ ਫੋਕਟ ਕਰਮ ਧਰਮ ਨੂੰ ਲੰਬੇ ਹੱਥੀਂ ਲਿਆ ਤੇ ਗਲਤ ਤਰੀਕੇ ਨਾਲ ਆਪਣਾ ਸਵਾਰਥ ਪੂਰਾ
ਕਰਨ ਦੀ ਥਾਂ ਸੱਭ ਨੂੰ ਕਿਰਤ ਕਰਨ ਨੂੰ ਧਰਮ ਦਾ ਸੱਭ ਤੋਂ ਮਹੱਤਵ-ਪੂਰਨ ਅੰਗ ਦੱਸਿਆ। ਜਿਸ ਕਰਕੇ ਇਹ
ਬਿੱਪਰ ਸੋਚ ਭੀ ਬੋਧੀਆਂ ਵਾਂਗ, ਸਿੱਖ ਸੋਚ ਤੇ ਸਿੱਖ ਕੌਮ ਦੇ ਨਾਲ ਬੜੇ ਜ਼ਾਲਮਾਨਾਂ ਢੰਗ ਵਰਤਦੀ ਆ
ਰਹੀ ਹੈ। ਕੀ ਕਦੇ ਇਸ ਨੇ ਇਹ ਸੋਚਿਆ ਹੋਵੇਗਾ ਕਿ ਬੇਗੁਨਾਹਾਂ ਦੇ ਕਤਲ ਦਾ ਬਹੁਤ ਬੜਾ ਪਾਪ ਹੁੰਦਾ
ਹੈ, ਜਿਸਦੀ ਪ੍ਰਮਾਤਮਾ ਦੇ ਦਰਬਾਰ ਵਿੱਚ ਢੁੱਕਵੀਂ ਸਜ਼ਾ ਮਿਲੇਗੀ? ਲੱਗਦਾ ਹੈ ਕਿ ਨਹੀਂ ਕਿਉਂਕਿ
ਸਵਾਰਥ ਨੇ ਇਸ ਨੂੰ ਅੰਨ੍ਹਾਂ ਕਰ ਛੱਡਿਆ ਹੈ। ਸਵਾਰਥ ਲਈ ਤਾਂ ਇਹ ਆਪਣੇ ਪੈਰੋਕਾਰਾਂ ਨੂੰ ਭੀ ਆਰਿਆਂ
ਨਾਲ ਚਰਵਾ ਸਕਦਾ ਹੈ। ਬੋਧੀਆਂ ਤੇ ਇਤਨਾ ਕਹਿਰ ਢਾਹ ਕੇ ਹਜ਼ਾਰ ਸਾਲਾਂ ਦੀ ਗੁਲਾਮੀ ਦੀ ਸਜ਼ਾ ਤੇ ਉਸ
ਗੁਲਾਮੀ ਦੇ ਜੀਵਨ ਤੋਂ ਕਿਸੇ ਤਰ੍ਹਾਂ ਦਾ ਸਬਕ ਲਏ ਬਿਨਾਂ ਹੁਣ ਹੱਥ ਤਾਕਤ ਹੋਣ ਕਰਕੇ ਘੱਟ-ਗਿਣਤੀਆਂ
ਤੇ ਖਾਸ ਕਰਕੇ, ਇਨ੍ਹਾਂ ਤੇ ਕੀਤੇ ਲੱਖਾਂ ਪਰਉਪਕਾਰ ਦੇ ਬਦਲੇ, ਅ੍ਰਿਕਤਘਣਤਾ ਦੀ ਹੱਦ ਟੱਪ ਕ,
ਸਿੱਖਾਂ ਨਾਲ ਕਰ ਰਹੇ ਹਨ। ਇਸ ਦਾ ਸਿੱਟਾ ਕੀ ਨਿਕਲੇਗਾ, ਗੁਰੂ ਹੀ ਜਾਣੇ।
ਸਵਾਰਥ ਨੇ ਦੁਨੀਆਂ ਵਿੱਚ ਬਹੁਤ ਜ਼ੁਲਮ ਢਾਏ ਹਨ। ਸੰਖੇਪ ਵਿੱਚ ਯੂਰਪ ਦੀਆਂ ਕਈ ਕੌਮਾਂ, ਖਾਸ ਕਰਕੇ
ਅੰਗ੍ਰੇਜ਼ਾਂ, ਪੁਰਤਗੇਜ਼ੀਆਂ, ਸਪੇਨ ਵਾਲਿਆਂ, ਹੌਲੈਂਡ, ਫਰਾਂਸ ਆਦਿ ਵਾਲਿਆਂ ਨੇ ਬ੍ਰਾਹਮਣ ਵਰਗੀ
ਆਪਣੇ ਚੌਧਰ ਜਮਾਉਣ ਤੇ ਸਵਾਰਥ ਦੀ ਪੂਰਤੀ ਲਈ ਮਨੁਖੀ ਹੱਕਾਂ ਨੂੰ ਭੇਂਟ ਚੜ੍ਹਾ ਕੇ ਆਪਣੇ ਵਾਪਾਰ
ਆਦਿ ਵਾਲੀ ਚੌਧਰ ਜਮਾਉਣ ਲਈ ਦੱਖਣੀ ਤੇ ਉੱਤਰੀ ਅਮਰੀਕਾ, ਅਫਰੀਕਾ, ਅਸਟ੍ਰੇਲੀਆ ਆਦਿ ਵਿੱਚ ਜੋ ਕੁੱਛ
ਕੀਤਾ ਉਹ ਬੜਾ ਦਿਲ ਕੰਬਾਊ ਹੈ। ਉਤਰੀ ਅਮਰੀਕਾ ਵਿੱਚ ਅੰਗ੍ਰੇਜ਼ਾਂ ਨੇ ਰੈਡ ਇਨਡੀਅਨ ਦਾ ਲੱਗ ਭੱਗ
ਸਫਾਇਆ ਹੀ ਕਰ ਦਿੱਤਾ, ਅਤੇ ਉਨ੍ਹਾਂ ਦੀ ਬੋਲੀ, ਸਭਿਅਤਾ ਆਦਿ ਦਾ ਬਿਲਕੁੱਲ ਖਾਤਮਾ ਹੀ ਕਰ ਦਿੱਤਾ।
ਦੱਖਣੀ ਅਮਰੀਕਾ ਵਿੱਚ ਪੁਰਤਗੇਜ਼ੀਆਂ ਤੇ ਸਪੇਨ ਵਾਲਿਆਂ ਨੇ ਕਾਫੀ ਕਹਿਰ ਢਾਏ ਤੇ ਇਨਕਾ ਤੇ ਹੋਰ
ਰਾਜਾਂ ਦਾ ਖਾਤਮਾ ਕਰਕੇ ਉਨ੍ਹਾਂ ਦੀ ਬੋਲੀ, ਸਭਿਅਤਾ ਆਦਿ ਖਤਮ ਕਰ ਦਿੱਤੇ। ਅੰਗ੍ਰੇਜ਼ਾਂ ਨੇ ਅਫਰੀਕਾ
ਦੇ ਕਈ ਹਿੱਸਿਆਂ ਤੇ ਕਬਜ਼ਾ ਕਰਕੇ, ਇੱਕ ਤਾਂ ਉਥੇ ਦੀ ਬੋਲੀ ਤੇ ਸਭਿਆਚਾਰ ਦੀ ਥਾਂ ਆਪਣੀ ਬੋਲੀ ਤੇ
ਸਭਿਆਚਾਰ ਉਨ੍ਹਾਂ ਤੇ ਥੋਪਿਆ ਜਿਸ ਨਾਲ ਆਪਣੇ ਸਵਾਰਥ ਦੀ ਪੂਰਤੀ ਆਸਾਨ ਬਣਾ ਲਈ, ਦੂਸਰੇ ਬਹੁਤ ਸਾਰੇ
ਲੋਕਾਂ ਨੂੰ ਸੰਗਲਾਂ ਵਿੱਚ ਬੰਨ੍ਹ ਕੇ ਉਤਰੀ ਅਮਰੀਕਾ ਵਿੱਚ ਵੇਚਿਆ। ਕਈ ਹਿੱਸਿਆਂ ਵਿੱਚ ਯੂਰਪ ਦੇ
ਹੋਰ ਮੁਲਕਾਂ ਨੇ ਭੀ ਆਪਣਾ ਕਬਜ਼ਾ ਜਮਾਇਆ ਤੇ ਉਹ ਕੁੱਛ ਹੀ ਕੀਤਾ। ਅੰਗ੍ਰੇਜ਼ਾਂ ਨੇ ਅਸਟ੍ਰੇਲੀਆ ਦੇ
ਆਦਿ ਵਾਸੀਆਂ ਦਾ ਲੱਗ ਭੱਗ ਖਾਤਮਾ ਹੀ ਕਰ ਦਿੱਤਾ ਤੇ ਆਪਣੇ ਸਵਾਰਥ ਦੀ ਪੂਰਤੀ ਲਈ ਸਾਰੇ ਮੁਲਕ ਤੇ
ਕਬਜ਼ਾ ਕਰ ਲਿਆ, ਜਿੱਥੇ ਹਾਲੇ ਭੀ ਬਚਦੇ ਆਦਿ ਵਾਸੀਆਂ ਨੂੰ ਹਰ ਤਰ੍ਹਾਂ ਤੰਗ ਕੀਤਾ ਜਾਂਦਾ ਹੈ ਤੇ
ਉਨ੍ਹਾਂ ਦੇ ਹਰ ਤਰ੍ਹਾਂ ਦੇ ਵੱਡਮੁੱਲੇ ਜ਼ਮੀਨੀ ਖਜ਼ਾਨੇ ਲੁੱਟੇ ਜਾ ਰਹੇ ਹਨ। ਐਸੇ ਸਵਾਰਥ ਰਾਹੀਂ
ਜਿੱਥੇ ਸਵਾਰਥੀ ਆਪਣੇ ਲਈ ਮਾਇਕ, ਸਮਾਜਿਕ ਆਦਿ ਸੰਬੰਧੀ ਬਹੁਤ ਕੁੱਛ ਪ੍ਰਾਪਤ ਕਰ ਲੈਂਦੇ ਹਨ ਪਰ
ਪ੍ਰਮਾਰਥਕ (ਜਿਸ ਨੂੰ ਅੱਜ ਦੀ ਐਸੀ ਦੁਨੀਆਂ ਬਿਲਕੁੱਲ ਭੁੱਲੀ ਬੈਠੀ ਹੈ) ਪੱਖੋਂ ਰੱਬ ਜੀ ਦੇ ਦਰਬਾਰ
ਬਹੁਤ ਬੜੀ ਸਜ਼ਾ ਦੇ ਭਾਗੀ ਬਣ ਜਾਂਦੇ ਹਨ।
ਇਸ ਤੋਂ ਉਲਟ ਪਰਉਪਕਾਰੀ ਬੰਦੇ ਤਾਂ ਕਈ ਵਾਰ ਸਵਾਰਥੀ ਬੰਦਿਆਂ ਦੀ ਉਨ੍ਹਾਂ ਦੇ ਤੰਗੀ ਵਿੱਚ ਹੋਣ
ਸਮੇਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਭੀ ਉਨ੍ਹਾਂ ਦੀ ਹੋਂਦ ਤੱਕ ਭੀ ਬਚਾ ਦਿੰਦੇ ਹਨ, ਜਿਵੇਂ ਗੁਰੂ
ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਕੀਤਾ। ਪਰਉਪਕਾਰ ਕਰਨਾ ਤਾਂ ਗੁਰੂ
ਸਾਹਿਬਾਨ ਵਲੋਂ ਸਿੱਖਾਂ ਨੂੰ ਇੱਕ ਦਾਤ ਵਜੋਂ ਬਖਸ਼ਿਸ਼ ਕੀਤਾ ਗੁਣ ਹੈ। ਆਪ ਵੈਸੇ ਸ੍ਰਕਾਰਾਂ ਦੀ ਕੋਝੀ
ਨੀਤੀ ਅਤੇ ਵਕਤੀ ਸਵਾਰਥੀ ਅਤੇ ਮੌਕਾ ਪ੍ਰਸਤ ਬਲਦੇਵ ਸਿੰਘ ਵਰਗਿਆਂ ਕਰਕੇ ਸਿੱਖ ਅੰਗ੍ਰੇਜ਼ਾਂ ਦੇ
ਸਮੇਂ ਤੋਂ ਗੁਲਾਮ ਚਲੇ ਆ ਰਹੇ ਹਨ, ਪਰ ਫਿਰ ਭੀ ਗੁਰੂ ਜੀ ਦੀ ਮਹਾਨ ਸਿੱਖਿਆ, ਧਰਮ ਦੀ ਕਿਰਤ ਕਰਦੇ
ਹੋਏ ਕਿਸੇ ਥਾਂ ਭੀ ਕਿਸੇ ਕਾਰਨ ਭੀ ਲੁਕਾਈ ਨੂੰ ਤੰਗੀ ਵਿੱਚ ਦੇਖਕੇ ਔਖੇ ਹੋ ਕੇ ਭੀ ਤੰਗ ਲੋਕਾਂ ਦੀ
ਤਕਲੀਫ ਨੂੰ ਵੰਡਾਉਣ ਲਈ ਸੱਭ ਤੋਂ ਅੱਗੇ ਹੋ ਤੁਰਦੇ ਹਨ। ਹਰ ਤਰ੍ਹਾਂ ਦੀ ਆਫਤ, ਭੁੰਚਾਲ, ਕਾਲ,
ਹੜ੍ਹ ਆਦਿ ਦੇ ਮੌਕਿਆਂ ਤੇ ਸਿੱਖ ਉਡੀਸਾ, ਗੁਜਰਾਤ, ਪਾਕਿਸਤਾਨ, ਹੈਤੀ, ਪੂਰਬੀ ਯੂਰਪ, ਸੁਨਾਮੀ,
ਨਿਪਾਲ, ਆਦਿ ਦੀਆਂ ਬਿਪਤਾਵਾਂ ਵਿੱਚ ਪੀੜਤ ਲੋਕਾਂ ਦੀ ਔਖੇ ਹੋ ਕੇ ਭੀ ਮਦਦ ਲਈ ਪਹੁੰਚੇ, ਜਿੱਥੇ
ਉਨ੍ਹਾਂ ਥਾਂਵਾਂ ਦੀਆਂ ਜ਼ਿੰਮੇਵਾਰ ਸ਼ਖਸੀਅਤਾਂ ਨੇ ਇਸ ਕੰਮ ਤੇ ਸਿੱਖਾਂ ਦੀ ਬਹੁਤ ਸਲਾਹਣਾ ਕੀਤੀ।
ਹੈਤੀ ਦਾ ਦੌਰਾ ਕਰਦੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਉਬਾਮਾ ਨੇ ਭੀ ਸਿੱਖਾਂ ਦੇ ਕੰਮ ਦੀ ਰੱਜ
ਕੇ ਸਿਫਤ ਕੀਤੀ, ਆਪਣੇ ਮੁਲਕ ਦੇ ਹਾਕਮ ਸਿੱਖਾਂ ਦੇ ਐਸੇ ਕੰਮ ਲਈ ਭਾਵੇਂ ਸਦਾ ਹੀ ਗੁੰਗੇ ਹੀ
ਰਹਿੰਦੇ ਹਨ। ਸਿੱਖਾਂ ਦਾ ਇਹ ਗੁਣ ਸਿੱਖਾਂ ਵਿੱਚ ਗੁਲਾਮ ਹੁੰਦੇ ਹੋਏ ਭੀ ਆਪਣੇ ਆਪ ਨੂੰ ਆਜ਼ਾਦ
(ਮਨੁੱਖੀ ਤਕਲੀਫ ਲਈ ਆਜ਼ਾਦ ਜ਼ਮੀਰ) ਸਮਝਣ ਦਾ ਖਾਸ ਹਿੱਸਾ ਹੈ। ਪਰ ਸਵਾਰਥੀ ਰੂਪ ਵਿੱਚ ਵਿਚਰਨ
ਵਾਲਿਆਂ ਨੂੰ ਸਿੱਖਾਂ ਦਾ ਉਪਕਾਰੀ ਹੋਣਾ ਤਾਂ ਸੌ ਫੀ ਸਦੀ ਭਾਉਂਦਾ ਹੈ ਪਰ ਆਜ਼ਾਦ ਜ਼ਮੀਰ ਦਾ ਥੋੜਾ
ਜਿਹਾ ਭੀ ਪ੍ਰਗਟਾਵਾ, ਧਰਮ ਨੂੰ ਗੁਰੂ ਸਿੱਖਿਆ ਅਨੁਸਾਰ ਨਿਭਾਉਣਾ, ਬਿਲਕੁੱਲ ਨਹੀਂ ਭਾਉਂਦਾ। ਇਸ
ਆਜ਼ਾਦ ਜ਼ਮੀਰ ਨੂੰ ਚੰਗੀ ਤਰ੍ਹਾਂ ਖੋਰਾ ਲਾਉਣ ਲਈ ਮੁਗਲਾਂ ਨੇ ਜ਼ੋਰ ਜ਼ੁਲਮ ਦੀ ਵਰਤੋਂ ਕੀਤੀ, ਪਰ
ਕਾਮਯਾਬ ਨਾ ਹੋਏ। ਸਿੱਖਾਂ ਨੇ ਆਪਣੀ ਸਿੱਕੇਬੰਦ ਏਕਤਾ ਦੁਆਰਾ ਸਗੋਂ ਆਪਣਾ ਰਾਜ ਕਾਇਮ ਕਰ ਲਿਆ।
ਅੰਗ੍ਰੇਜ਼ਾਂ ਨੇ ਪਹਿਲਾਂ ਜ਼ੁਲਮ ਦੀ ਵਰਤੋਂ ਕੀਤੀ। ਸਫਲਤਾ ਨਾ ਦੇਖਦੇ ਹੋਏ ਉਨ੍ਹਾਂ ਨੇ ਬਹੁਤ
ਹੁਸ਼ਿਆਰੀ ਭਰਿਆ ਹਥਿਆਰ ਵਰਤਿਆ।
ਅੰਗ੍ਰੇਜ਼ੀ ਸ੍ਰਕਾਰ ਵਲੋਂ ਸਹਾਇਤਾ ਦੇ ਕਾਰਨ ਗੁਰਦੁਆਰਿਆਂ ਤੇ ਭਰਿਸ਼ਟ ਕਿਸਮ ਦੇ ਪੁਜਾਰੀਆਂ ਤੇ
ਮਹੰਤਾਂ ਦੇ ਕਬਜ਼ੇ ਤੋਂ, ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਕੇ ਇੱਕ ਤਰ੍ਹਾਂ ਸ੍ਰਕਾਰ ਨੂੰ ਹਰਾ ਕੇ
ਆਜ਼ਾਦ ਸ਼੍ਰੋਮਣੀ ਗੁਰਦੁਆਰਾ ਕਮੇਟੀ ਕਾਇਮ ਕਰ ਲਈ। ਇਸ ਨੇ ਸ੍ਰਕਾਰ ਨੂੰ ਬੜੀ ਨਮੋਸ਼ੀ ਦਾ ਸ਼ਿਕਾਰ
ਬਣਾਇਆ ਕਿ ਇੱਕ ਛੋਟੀ ਜਿਹੀ ਕੌਮ ਨੇ ਇੱਡੀ ਵੱਡੀ ਸ਼ਕਤੀਸ਼ਾਲੀ ਸ੍ਰਕਾਰ ਨੂੰ ਹਰਾ ਕੇ ਰੱਖ ਦਿੱਤਾ।
ਸ੍ਰਕਾਰ ਨੇ ਗੁਰਦੁਆਰਿਆਂ ਨੂੰ ਸ੍ਰਕਾਰੀ ਕਬਜ਼ੇ ਹੇਠ ਰੱਖਣ ਲਈ ਬਹੁਤ ਬੜਾ ਚਲਾਕੀ ਭਰਿਆ ਦਾਉ ਖੇਲਿਆ।
ਸ੍ਰਕਾਰ ਨੇ ਸ਼੍ਰੋਮਣੀ ਕਮੇਟੀ ਲਈ ਇੱਕ ਕਾਨੂੰਨੀ ਐਕਟ ਬਣਾਇਆ, ਜਿੱਸ ਰਾਹੀਂ ਕਮੇਟੀ ਦੇ ਮੈਂਬਰਾਂ ਦੀ
ਚੋਣ ਹੋਇਆ ਕਰੇਗੀ। ਇਸ ਐਕਟ ਵਿਰੁੱਧ ਸਿੱਖਾਂ ਨੇ ਰੋਸ ਜਤਾਇਆ, ਜਿੱਸ ਕਰਕੇ ਖਾਸ ਮੋਢੀਆਂ ਨੂੰ ਕੈਦ
ਕਰ ਲਿਆ। ਦੂਰ-ਅੰਦੇਸ਼ ਆਗੂਆਂ ਨੇ ਸੱਭ ਨੂੰ ਕਿਹਾ ਕਿ ਕੁੱਛ ਭੀ ਹੋਵੇ ਇਹ ਐਕਟ ਨਹੀਂ ਬਣਨ ਦੇਣਾ,
ਕਿਉਂਕਿ ਇਸ ਦੇ ਬਣਨ ਨਾਲ ਸਿੱਖਾਂ ਵਿੱਚ ਆਪਸੀ ਫੁੱਟ ਦਾ ਬੀਜ ਭੀਜਿਆ ਜਾਵੇਗਾ, ਭਾਵੇਂ ਜੇਲ੍ਹ ਵਿੱਚ
ਰਹਿਣਾ ਪਵੇਗਾ, ਸ੍ਰਕਾਰ ਨੂੰ ਆਖਰ ਮੰਨਣਾ ਪਵੇਗਾ। ਪਰ ਕੁੱਛ ਮੌਕਾਪ੍ਰਸਤ ਤੇ ਸਵਾਰਥੀ ਕਿਸਮ ਦੇ
ਸਿੱਖ (ਦਿਖਾਵੇ ਦੇ ਸਿੱਖ) ਇਸ ਬਿੱਲ ਬਣਨ ਲਈ ਹਾਂ ਕਰਕੇ ਬਾਹਰ ਆ ਗਏ ਤੇ ਚਲਾਕੀ ਇਹ ਵਰਤੀ ਕਿ ਅਕਾਲ
ਤਖਤ ਤੇ ਆ ਕੇ ਇਸ ਨੂੰ ਮੰਨਜ਼ੂਰੀ ਦੇ ਦਿੱਤੀ। ਜਿੱਸ ਪਰ ਅਕਾਲ ਤਖਤ ਨੂੰ ਅਸਲੀ ਸਮਰਪਤ ਸਿੱਖਾਂ ਨੂੰ
ਭੀ ਬਾਹਰ ਆਉਣਾ ਪਿਆ।
ਇਸ ਬਿੱਲ ਨੂੰ ਜਿੱਥੇ ਬਣਨ ਨਹੀਂ ਦੇਣਾ ਚਾਹੀਦਾ ਸੀ (ਜੋ ਕੁੱਛ ਸਵਾਰਥੀ ਬੰਦਿਆਂ ਦੀ ਚਲਾਕੀ ਨਾਲ
ਹੋਂਦ ਵਿੱਚ ਆ ਗਿਆ), ਤੇ ਹੁਣ ਸਾਰੇ ਦੇਸ ਲਈ ਬਨਾਉਣ ਲਈ ਨਹੀਂ ਇਸ (ਗਲ ਵਿੱਚ ਪਏ ਮਰੇ ਸੱਪ) ਬਿੱਲ
ਨੂੰ ਖਤਮ ਕਰਨ ਲਈ ਉਨ੍ਹਾਂ ਦੂਰ-ਅੰਦੇਸ਼ ਗੁਰਮੁਖਾਂ ਵਾਂਗ ਸਾਰੀ ਕੌਮ ਨੂੰ ਇਕਮੁੱਠ ਹੋ ਕੇ ਅੱਗੇ
ਆਉਣਾ ਚਾਹੀਦਾ, (ਹਿੰਦੂ ਮੰਦਰਾਂ ਤੇ ਮੁਸਲਮਾਨ ਮਸਜਿਦਾਂ ਬਾਰੇ ਕੋਈ ਬਿੱਲ ਨਹੀਂ, ਸਿੱਖ
ਗੁਰਦੁਆਰਿਆਂ ਲਈ ਬਿੱਲ ਕਿਉਂ?) ਤਾਕਿ ਗੁਰੂ ਬਖਸ਼ੀ ਯੋਗਤਾ ਦੀ ਚੋਣ ਨੂੰ ਅਪਣਾ ਕੇ ਹਰ ਪਾਸੇ ਸਿੱਖੀ
ਤੇ ਹੋ ਰਹੇ ਹਮਲਿਆਂ ਦਾ ਢੁੱਕਵਾਂ ਜਵਾਬ ਚੁਣੇ ਹੋਏ ਯੋਗ ਬੰਦੇ ਬਖੂਬੀ ਦੇ ਸਕਣ। ਬਿੱਲ ਰਾਹੀਂ ਚੋਣ
ਕਾਰਨ ਆਪਸੀ ਭਰਾਵਾਂ ਵਾਲਾ ਪਿਆਰ ਖੰਭ ਲਾ ਕੇ ਉਡ ਗਿਆ ਹੈ। ਸੱਭ ਤੋਂ ਬੜਾ ਘਾਟਾ ਇਹ ਪਿਆ ਕਿ ਇਸ
ਚੋਣ ਰਾਹੀਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਅੰਗ੍ਰੇਜ਼ਾਂ ਦੇ ਸਮੇਂ ਤੋਂ ਲੈ ਕੇ
ਚਲਾਕੀ ਨਾਲ ਬਿੱਲ ਬਨਾਉਣ ਵਾਲੇ ਬਹੁਰੂਪੀਏ ਸਿੱਖ ਘੁਸਬੈਠ ਕਰਦੇ ਆ ਰਹੇ ਹਨ। ਅੱਜ ਉਹ ਭੱਦਰਪੁਰਸ਼
ਪੰਜਾਬ ਦੇ ਹਾਕਮ ਤੇ ਦੋਹਾਂ ਸੰਸਥਾਵਾਂ ਤੇ ਕਾਬਜ਼ ਹਨ ਅਤੇ ਸਿੱਖੀ ਤੇ ਹਰ ਪਾਸਿਉਂ ਹੋ ਰਹੇ ਹਮਲੇ
ਵਿੱਚ ਹਰ ਤਰ੍ਹਾਂ ਭਾਈਵਾਲ ਹਨ, ਕਿਉਂਕਿ ਉਨ੍ਹਾਂ ਰਾਹੀਂ ਸਿੱਖੀ ਦੇ ਹਰ ਖੇਤਰ ਵਿੱਚ ਦਖਲਅੰਦਾਜ਼ੀ ਹੋ
ਰਹੀ ਹੈ। ਹੁਣ ਸ਼੍ਰੋਮਣੀ ਕਮੇਟੀ ਦਾ ਧੀਰ ਮੱਲੀ ਖਿਆਲਾਂ ਦਾ, ਬੇਲੋੜਾ, ਚੀਫ ਸਕੱਤਰ, ਕਿਸੇ ਤਰ੍ਹਾਂ
ਦੇ ਅੰਦਾਜ਼ੇ ਤੋਂ ਭੀ ਉਪਰ ਤਨਖਾਹ, ਤੇ ਰੱਖ ਕੇ ਮਹੰਤ ਤੇ ਪੁਜਾਰੀਵਾਦ ਦੇ ਸਮੇਂ ਦੀ ਯਾਦ ਕਰਵਾ
ਦਿੱਤੀ ਹੈ। ਫਿਰ ਭੀ ਆਪਣੇ ਲਈ ਬੜੇ ਬੜੇ ਖਤਾਬ ਲੈ ਰਹੇ ਹਨ। ਪਰ ਜੇ ਗੁਰੂ ਦੀ ਸਿੱਖੀ ਲਈ ਮਰ ਮਿਟਨ
ਵਾਲੇ ਸਿੱਖ ਇਨ੍ਹਾਂ ਹੋ ਰਹੀਆਂ ਸਿੱਖੀ ਤੋਂ ਵਿਰੁੱਧ ਗੱਲਾਂ ਬਾਰੇ ਕੋਈ ਅਵਾਜ਼ ਉਠਾਉਂਦੇ ਹਨ ਤਾਂ
ਉਨ੍ਹਾਂ ਤੇ, ਲਾਠੀ ਚਾਰਜ ਕਰਨ ਲਈ ਸਿਖਾਲੀ ਹੋਈ ਪੁਲੀਸ ਰਾਹੀਂ, ਲਾਠੀ ਚਾਰਜ ਕਰਵਾਇਆ ਜਾਂਦਾ ਹੈ ਤੇ
ਜੇਲ੍ਹ ਵਿੱਚ ਬੰਦ ਤੱਕ ਕਰ ਦਿੱਤਾ ਜਾਂਦਾ ਹੈ। ਸਿਰੀ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ
ਦੇ ਪ੍ਰਧਾਨ ਨੂੰ ਕੀ ਸਮਝਿਆ ਜਾਵੇ? ਫੌੜੀਆਂ ਤੇ ਚੱਲਣ ਵਾਲੇ ਹੀ ਕਹੇ ਜਾ ਸਕਦੇ ਹਨ, ਹੋਰ ਕੁੱਛ
ਨਹੀਂ। ਇਸ ਤੋਂ ਅੱਗੇ ਪੰਜਾਬ ਦੇ ਇਹ ਹਾਕਮ ਭੀ ਕਿਸੇ ਦੀਆਂ ਫੌੜੀਆਂ ਹੀ ਤੇ ਖੜੇ ਹਨ, ਜਿੱਸ ਦੇ
ਦੱਸਣ ਦੀ ਕੋਈ ਲੋੜ ਨਹੀਂ।
ਇਸ ਜ਼ਹਿਰੀਲੇ ਬਿੱਲ ਕਾਰਨ ਸਿੱਖਾਂ ਵਿੱਚ ਚੌਧਰ ਲਈ ਉਪਰ ਤੋਂ ਲੈ ਕੇ ਥੱਲੇ ਤੱਕ ਪਰਉਪਕਾਰ ਦੀ
ਥਾਂ ਸਵਾਰਥ ਨੇ ਲੈ ਲਈ ਹੈ। ਸਵਾਰਥ ਬਹੁਤ ਕਰਕੇ ਹਉਮੈ ਲਈ ਹੀ ਦੇਖਣ ਵਿੱਚ ਆਉਂਦਾ ਹੈ। ਕੇਂਦਰੀ
ਸਥਾਨਾਂ ਦਾ ਜ਼ਿਕਰ ਹੋ ਹੀ ਚੁੱਕਾ ਹੈ। ਆਮ ਸਾਧਾਰਨ ਗੁਰਦੁਆਰੇ ਭੀ ਇਸ ਕੌਮ-ਮਾਰੂ ਬਲਾ ਦੇ ਸ਼ਿਕਾਰ ਬਣ
ਚੁੱਕੇ ਹਨ। ਜਦ 1920ਵਿਆਂ ਵਿੱਚ ਸ਼੍ਰੋ. ਕਮੇਟੀ ਤੇ ਸ਼੍ਰੋ. ਅਕਾਲੀ ਦਲ ਹੋਂਦ ਵਿੱਚ ਆਏ ਸਨ, ਉਸ
ਸਮੇਂ ਇਨ੍ਹਾਂ ਸੰਸਥਾਵਾਂ ਵਿੱਚ ਸਵਾਰਥੀ ਬੰਦਿਆਂ ਦੀ ਥਾਂ ਪਰਉਪਕਾਰੀ ਸਿੱਖ ਹੁੰਦੇ ਸਨ ਤੇ ਯੋਗ
ਬੰਦੇ ਨੂੰ ਸੰਸਥਾ ਦੇ ਆਗੂ ਤੇ ਸੰਚਾਲਿਕ ਬਣਾਉਂਦੇ ਸਨ। ਪਰ ਇਸ ਕੌਮ-ਮਾਰੂ ਬਿੱਲ ਦੀ ਬਲਾ ਚੋਣ ਕਾਰਨ
ਸਮਾਂ ਪੈਣ ਤੇ ਦੋਨੋਂ ਸੰਸਥਾਵਾਂ ਤੇ ਉਪਰ ਦੱਸੇ ਵਾਂਗ ਬਹੁਰੂਪੀਏ ਸਵਾਰਥੀ ਬੰਦਿਆਂ ਨੇ ਕਬਜ਼ਾ
ਜਮਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਫਲਸਰੂਪ ਦੋਨੋਂ ਸੰਸਥਾਵਾਂ ਤੇ ਕਾਬਜ਼ ਹੋਣ ਵਾਲੇ ਬੰਦੇ ਇਨ੍ਹਾਂ
ਮਹਾਨ ਸੰਸਥਾਵਾਂ ਵਿੱਚ ਇਨ੍ਹਾਂ ਸੰਸਥਾਵਾਂ ਦੇ ਯੋਗ ਹੋਣ ਦੀ ਥਾਂ ਆਪਣੇ ਹਾਕਮਾਂ ਦਾ ਹੁਕਮ ਮੰਨਣ
ਵਾਲੇ ਵੱਧ ਤੋਂ ਵੱਧ ਅਯੋਗ ਬੰਦੇ ਚੋਣ ਰਾਹੀਂ ਭਰ ਰਹੇ ਹਨ। ਇਹ ਹੀ ਕਾਰਨ ਹੈ ਕਿ ਸਿੱਖੀ ਸਿਧਾਂਤ,
ਇਤਿਹਾਸ ਤੇ ਸਭਿਅਤਾ ਤੋਂ ਜਾਣੂੰ ਸਿੱਖ ਤੇ ਇਹ ਆਪਸੀ ਝਗੜਿਆਂ ਵਿੱਚ ਉਲਝੇ ਪਏ ਹਨ, ਜਿਸ ਕਰਕੇ
ਸਿੱਖੀ ਦੇ ਦੁਸ਼ਮਣ ਸਿੱਖਾਂ ਦੀਆਂ ਖਿੱਲੀਆਂ ਉਡਾਉਂਦੇ ਨਹੀਂ ਥੱਕਦੇ। ਇਹ ਸਵਾਰਥੀ ਲੋਕ ਆਪਣੀ ਹਾਕਮੀ
ਕੁਰਸੀ ਬਚਾਉਣ ਤੇ ਇਨ੍ਹਾਂ ਦੇ ਹੱਥਠੋਕੇ ਆਪਣੀ ਨੌਕਰੀ ਬਚਾਉਣ ਦੇ ਸਵਾਰਥ ਨੂੰ ਅੱਗੇ ਰੱਖਕੇ ਇਹ
ਕਰਤੂਤ ਕਰ ਰਹੇ ਹੁੰਦੇ ਹਨ ਕਿ ‘ਮੈਂ ਬਚਾਂ’ ‘ਪੰਥ ਪਵੇ ਖੂਹ’। ਇਨ੍ਹਾਂ ਨੇ ਪੰਥ ਨੂੰ ਕਿੱਥੇ ਪੁਜਾ
ਦਿੱਤਾ ਹੈ!
ਇਸ ਹਉਮੈ, ਜਿਸ ਨੂੰ ਗੁਰੂ ਸਾਹਿਬ ਨੇ ‘ਦੀਰਘ ਰੋਗ’ ਕਿਹਾ ਹੈ, ਦੇ ਸਵਾਰਥ ਦੀ ਪੂਰਤੀ ਲਈ
ਅੱਜਕਲ ਬੜਾ ਕੁੱਛ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਮੁੱਖ ਸੇਵਾਦਾਰਾਂ ਨੇ ਗੁਰਦੁਆਰਿਆਂ ਦੀ ਸਜਾਵਟ,
ਗੁਰਦੁਆਰਿਆਂ ਦੇ ਗੁੰਬਦ ਤੇ ਸੋਨੇ ਦੇ ਕਲਸ, ਸੋਨੇ ਦੀਆਂ ਪਾਲਕੀਆਂ, (ਕੁੱਛ ਸਾਲ ਹੋਏ ਦਿੱਲੀ
ਗੁਰਦੁਆਰਾ ਕਮੇਟੀ ਨੇ ਤਾਂ ਸੋਨੇ ਦੀ ਪਾਲਕੀ ਪਾਕਿਸਤਾਨ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਈ ਭੇਜੀ
ਸੀ, ਅੱਜਕਲ ਗੁਰੂ ਸਾਹਿਬਾਨ ਦੇ ਵਿਆਹਾਂ ਤੇ ਇਸੇ ਤਰ੍ਹਾਂ ਫਜ਼ੂਲ ਖਰਚ ਕੀਤਾ ਜਾ ਰਿਹਾ ਹੈ), ਕੀਮਤੀ
ਰੁਮਾਲਿਆਂ ਆਦਿ ਨੂੰ ਹੀ ਗੁਰੂ ਦੀ ਸੇਵਾ ਸਮਝਿਆ ਹੋਇਆ ਹੈ, (ਜਦ ਕਿ ਇਹ ਪੈਸਾ ਪਤਿਤ ਹੋ ਰਹੀ ਤੇ
ਨਸ਼ਿਆਂ ਦੀ ਸ਼ਿਕਾਰ ਨੌਜਵਾਨੀ ਤੇ ਲੱਗਣਾ ਚਾਹੀਦਾ ਹੈ) ਆਪ ਭਾਵੇਂ ਗੁਰੂ ਇਤਿਹਾਸ, ਸਿੱਖ ਇਤਿਹਾਸ,
ਸਿੱਖ ਸਿਧਾਂਤ ਤੇ ਸਿੱਖ ਸਭਿਆਚਾਰ (ਨਾਕਿ ਪੰਜਾਬੀ ਸਭਿਆਚਾਰ) ਬਾਰੇ ਇੱਲ ਤੇ ਕੁੱਕੜ ਭੀ ਨਾ ਆਉਂਦਾ
ਹੋਵੇ, ਕਿਸੇ ਵਲੋਂ ਸਿੱਖੀ ਬਾਰੇ ਪੁੱਛੇ ਸਵਾਲ ਦਾ ਉੱਤਰ ਤੱਕ ਨਾ ਦੇ ਸਕਦਾ ਹੋਵੇ ਅਤੇ ਕਿਤੇ
ਗੁਰਦੁਆਰਿਆਂ ਦੇ ਮੁਖ-ਸੇਵਾਦਾਰਾਂ ਦੀ ਮੀਟਿੰਗ ਵਿੱਚ ਆਪਣੇ ਕੋਲੋਂ ਦੋ ਲਫਜ਼ ਭੀ ਨਾ ਬੋਲਣੇ ਆਉਂਦੇ
ਹੋਣ। ਇਹ ਤਾਂ ਕੀ ਕਈ ਐਸੇ ਭੀ ਹੋਣਗੇ ਜੋ ਆਮ ਬੋਲਚਾਲ ਵਿੱਚ ਭੀ ਸਭਿਅਕ ਤੌਰ ਤੇ ਗੱਲ ਨਹੀਂ ਕਰ
ਸਕਦੇ। ਪਰ ਹਉਮੈ ਦੇ ਸਵਾਰਥ ਦੀ ਪੂਰਤੀ ਲਈ ਮੁੜ ਮੁੜ ਪ੍ਰਬੰਧਕ ਦੀ ਕੁਰਸੀ ਨਾਲ ਚਿਮੜੇ ਰਹਿਣਾ
ਚਾਹੁੰਦੇ ਹਨ, ਸਿੱਖੀ ਸਿਧਾਂਤ ਦਾ ਭਾਵੇਂ ਕਿੰਨਾਂ ਨੁਕਸਾਨ ਹੁੰਦਾ ਹੋਵੇ। ਜੇ ਸਿੱਖੀ ਨਾਲ ਅਸਲੀ
ਪਿਆਰ ਹੋਵੇ ਤਾਂ, ਅੱਜਕਲ ਹਰ ਪਾਸਿਉਂ ਸਿੱਖੀ ਤੇ ਹੋ ਰਹੇ ਹਮਲਿਆਂ ਨੂੰ ਮੁੱਖ ਰੱਖਕੇ, ਆਪ ਹੀ ਚੌਧਰ
ਦਾ ਤਿਆਗ ਕਰ ਦੇਣਾ ਚਾਹੀਦਾ ਹੈ ਤੇ ਅੱਗੇ ਵਾਸਤੇ ਇਸ ਲਈ ਅੱਗੇ ਨਹੀਂ ਆਉਣਾ ਚਾਹੀਦਾ। ਨਹੀਂ ਤਾਂ
ਐਸੇ ਲੋਕ ਗੁਰੂ ਦੇ ਬੜੇ ਦੇਣਦਾਰ ਹਨ ਤੇ ਉਹ ਲੋਕ ਜੋ ਇਸ ਤਰ੍ਹਾਂ ਦੇ ਸਿੱਖ ਸਿਧਾਂਤ, ਸਿੱਖ ਇਤਿਹਾਸ
ਤੇ ਸਿੱਖ ਸਭਿਆਚਾਰ ਤੋਂ ਅਨਜਾਣ ਬੰਦਿਆਂ ਦੀ ਪਿੱਠ ਪੂਰਦੇ ਹਨ ਤੇ ਅੱਗੇ ਲਿਆਉਂਦੇ ਹਨ ਹੋਰ ਭੀ ਵੱਧ
ਗੁਰੂ ਦੇ ਦੇਣਦਾਰ ਹਨ। ਕਿਉਂਕਿ ਇਹ ਗੁਰੂ ਨਾਲ ਡਰਾਮੇਬਾਜ਼ੀ ਹੋ ਰਹੀ ਹੁੰਦੀ ਹੈ। ਗੁਰਦੁਆਰਿਆਂ ਵਿੱਚ
ਸੇਵਾ ਹੋਰ ਭੀ ਕਈ ਤਰ੍ਹਾਂ ਕੀਤੀ ਜਾ ਸਕਦੀ ਹੈ, ਪਰ ਉਹ ਭੀ ‘ਸੇਵਾ ਕਰਤ ਹੋਇ ਨਿਹਕਰਮ’ ਹੋ ਕੇ ਕੀਤੀ
ਗੁਰੂ ਨੂੰ ਮੰਨਜ਼ੂਰ ਹੈ।
ਇੱਥੇ ਇੱਕ ਹੀ ਹੱਲ ਹੈ, ‘ਸਿੱਖ ਚੈਨਲ ਤੇ ਕੀਤੇ ਗਏ ‘ਮੇਰੇ ਰਾਮ ਪਿਆਰੇ’ ਪ੍ਰੋਗ੍ਰਾਮ ਵਿੱਚ ਬੋਲ
ਰਹੇ ਵਿਦਵਾਨ ਮਹਿਮਾਨ ਨੇ ਜੋ ਕਿਹਾ ਸੀ ਕਿ Election
ਨਹੀਂ Selection
ਚਾਹੀਦੀ ਹੈ, ਕਿਉਂਕਿ ਸਿੱਖੀ ਤੇ ਬਾਹਰੋਂ ਅੰਦਰੋਂ ਹਮਲੇ ਹੋ ਰਹੇ ਹਨ, ਉਨ੍ਹਾਂ ਦਾ ਜਵਾਬ ਦੇਣ ਲਈ
Selection
ਰਾਹੀਂ ਚੁਣੇ ਯੋਗ ਸੇਵਾਦਾਰ ਹੀ ਪੂਰੇ ਵਿਸ਼ਵਾਸ ਨਾਲ ਠੀਕ ਉਤਰ ਦੇ ਸਕਦੇ ਹਨ, ਨਹੀਂ ਤਾਂ ਐਸੇ ਲੋਕ
“ਪਰਉਪਕਾਰੀ ਸਿੱਖੀ” ਨੂੰ ਮੂੰਹ ਅੱਡੀ ਨਿਗਲਣ ਵਾਲੀ ‘ਸਵਾਰਥੀ ਸ਼ਕਤੀ’ ਦੇ ਭਾਈਵਾਲ ਹੀ ਕਹੇ ਜਾ ਸਕਦੇ
ਹਨ। ਸੋ ਅਯੋਗ ਬੰਦਿਆਂ ਨੂੰ, ਜੇ ਇਨ੍ਹਾਂ ਵਿੱਚ ਸਿੱਖੀ ਲਈ ਪਿਆਰ ਹੈ, ਆਪ ਹੀ ਲਾਂਭੇ ਹੋ ਜਾਣਾ
ਚਾਹੀਦਾ ਹੈ, ਅੱਗੇ ਨਹੀਂ ਆਉਣਾ ਚਾਹੀਦਾ। ਪੱਕੇ ਤੌਰ ਤੇ ਇਹ ਕੰਮ ਇਸ ਵੇਲੇ ਦੀ ਸਿੱਖ ਕੇਂਦਰ ਸੰਸਥਾ
ਨਹੀਂ ਕਰ ਸਕਦੀ। ਇਸ ਮੁਲਕ ਵਿੱਚ ਸਿੱਖ ਕੌਂਸਲ ਰਾਹੀਂ ਕੀਤਾ ਜਾ ਸਕਦਾ ਹੈ, ਕਿ ਪੰਜਾਂ ਰਾਹੀਂ ਐਸੇ
ਯੋਗ ਬੰਦੇ ਚੁਣੇ ਜਾਣ ਜੋ ਅੱਜ 18ਵੀਂ ਸਦੀ ਵਾਲੇ ਬਣੇ ਮੀਰ ਮਨੂੰ ਦੇ ਸਮੇਂ ਦੀ ਹਾਲਤ ਨੂੰ ਮੁੱਖ
ਰੱਖਕੇ, ਉਸ ਸਮੇਂ ‘ਮਨੂੰ ਦੇ ਸੋਏ ਦੂਣ ਸਵਾਏ ਹੋਣ’ ਵਾਂਗ ਅੱਜ ਭੀ ਐਸੇ ਸਮੇਂ ਦੇ ਸੋਏ ਦੂਣ ਸਵਾਏ
ਕਰਨ ਦੇ ਯੋਗ ਹੋਣ। ਅਤੇ ਗੁਰੂ ਦੀ ਸੱਭ ਤੋਂ ਉੱਤਮ ਸੇਵਾ, ਆਪ ਨਾਮ ਬਾਣੀ ਨਾਲ ਜੁੜੇ ਹੋਏ ਹੋਣ ਤੇ
ਨੌਜਵਾਨਾਂ ਨੂੰ ਨਾਮ ਬਾਣੀ ਨਾਲ ਜੋੜਨ ਦਾ ਪ੍ਰੇਰਨਾ ਸ੍ਰੋਤ ਹੋਣ। ਇਸ ਕਾਰਜ ਵਿੱਚ ਹਰ ਇੱਕ ਸਿੱਖ
ਨੂੰ, ਆਪਣੇ ਮੱਤਭੇਦ ਛੱਡ ਕੇ, ਸਹਾਈ ਹੋਣਾ ਚਾਹੀਦਾ ਹੈ, ਇਹ ਹੀ, ‘ਸਵਾਰਥ’ ਰਾਹੀਂ ਹੋ ਰਹੇ ਨੁਕਸਾਨ
ਤੋਂ ਉਲਟ ‘ਪਰਉਪਕਾਰੀ ਸਿੱਖੀ’ ਦੀ ਅਸਲੀ ਸੇਵਾ ਹੋਵੇਗੀ। ਗੁਰੂ ਜੀ ਇਸ ਕਾਰਜ ਵਿੱਚ ਸਹਾਈ ਹੋਣ।
ਰਾਮ ਸਿੰਘ ਗ੍ਰੇਵਜੈਂਡ