. |
|
ਐਸੇ ਲੋਗਨ ਸਿਉ ਕਿਆ ਕਹੀਐ॥ ……
ਮਨੁੱਖਾ ਸਮਾਜ ਦੇ ਧਾਰਮਿਕ ਖੇਤਰ ਵਿੱਚ
ਗੁਰਮਤਿ ਦਾ ਪਰਸਾਰ ਤੇ ਪਰਚਾਰ ਕਰਨ
ਵਾਲੇ ਦੋ ਤਰ੍ਹਾਂ ਦੇ ਆਗੂ ਤੇ ਪ੍ਰਚਾਰਕ ਦੇਖਣ ਵਿੱਚ ਆਉਂਦੇ ਹਨ: ਇਕ, ਉਹ ਜੋ ਬਾਣੀਕਾਰਾਂ
ਦੁਆਰਾ ਨਿਰਧਾਰਤ ਕੀਤੇ ਸਿੱਧਾਂਤਾਂ ਦੇ ਸੁਹਿਰਦ ਤੇ ਪੱਕੇ ਧਾਰਨੀ ਹਨ। ਉਹ ਗੁਰਬਾਣੀ ਰਚਯਿਤੇਆਂ ਦੇ
ਪਾਏ ਪੂਰਨਿਆਂ `ਤੇ ਅਡੋਲ ਚਲਦੇ ਹੋਏ ਸਰਬਵਿਆਪਕ
੧ ਅਕਾਲ ਪੁਰਖ
ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਵਿਸ਼ਵਾਸ ਦੀ ਆਧਾਰ-ਸ਼ਿਲਾ ਗਿਆਨ ਤੇ ਬਿਬੇਕ ਹੈ। ਰੱਬ
ਦੇ ਇਹ ਬੰਦੇ ਅੰਤਰਮੁਖੀ ਹੁੰਦੇ ਹਨ, ਉਨ੍ਹਾਂ ਦਾ ਬਾਹਰੀ ਦਿਖਾਵੇ (ਭੇਖ ਤੇ ਚਿੰਨ੍ਹਾਂ ਵਗ਼ੈਰਾ) ਨਾਲ
ਕੋਈ ਵਾਸਤਾ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਨੂੰ ਵੱਡੇ ਵੱਡੇ ਲਕਬਾਂ (ਉਪਾਧੀਆਂ) ਦੀ ਲੋੜ ਹੁੰਦੀ
ਹੈ। ਉਨ੍ਹਾਂ ਦਾ ਜੀਵਨ-ਮੰਤਵ
ਨਾਮ-ਸਿਮਰਨ ਦੇ ਅੰਮ੍ਰਿਤ-ਜਲ ਨਾਲ ਮਨ ਆਤਮਾ ਨੂੰ
ਨਿਰਮੈਲ, ਅਤੇ ਸੱਚੀ-ਸੁੱਚੀ ਕਿਰਤ ਦੇ ਪਸੀਨੇ ਨਾਲ ਸ਼ਰੀਰ ਨੂੰ ਸ਼ੁੱਧ ਕਰਕੇ ਵਿਕਾਰ-ਮੁਕਤ ਸਚਿਆਰ
ਜੀਵਨ ਜਿਉਣਾ ਹੁੰਦਾ ਹੈ। ਪਰਮਾਰਥਕ ਰੁਚੀ ਰੱਖਣ ਵਾਲੇ ਇਹ ਨਿਰਲੇਪ, ਨਿਸ਼ਕਾਮ ਤੇ ਪਰਉਪਕਾਰੀ ਪੁਰਖ,
ਦਯਾ-ਵੱਸ, ਰੱਬ ਦੀ ਮਿਹਰ ਨਾਲ, ਗੁਰੂ (ਗ੍ਰੰਥ) ਦੇ ਬਖ਼ਸ਼ੇ ਗਿਆਨ ਤੇ ਨਾਮ-ਧਨ ਦਾ ਪ੍ਰਸਾਦ ਅਤੇ ਆਪਣੀ
ਘਾਲਿ ਕਮਾਈ ਲੋੜਵੰਦਾਂ ਵਿੱਚ ਵੰਡਦੇ ਰਹਿੰਦੇ ਹਨ:
ਇਹੁ ਧਨੁ ਮੇਰੇ ਹਰਿ ਕੋ ਨਾਉ॥ ਗਾਂਠਿ ਨ ਬਾਂਧਉ ਬੇਚਿ ਨ ਖਾਉ॥ ਭੈਰਉ ਕਬੀਰ ਜੀ।
ਬਿਨਾਂ ਕਿਸੇ ਖੋਟ ਜਾਂ ਸੰਸਾਰਕ ਲਾਲਸਾ ਦੇ, ਗੁਰਬਾਣੀ ਦੇ ਸਿੱਧਾਂਤਾਂ ਦੀ
ਤਰਜਮਾਨੀ ਕਰਨ ਵਾਲੇ ਗੁਰਸਿੱਖ ਪ੍ਰਚਾਰਕਾਂ ਅਤੇ ਇਨ੍ਹਾਂ ਦੇ ਸੰਗ ਚੱਲਣ ਵਾਲੇ ਨਾਮ ਦੇ ਖ਼ਾਲਸ
ਜਿਗਿਆਸੂਆਂ ਨੂੰ ਹੀ ਸਤਸੰਗੀ ਜਾਂ ਸਿੱਖ/ਸੇਵਕ ਕਿਹਾ ਜਾਂਦਾ ਹੈ।
ਦੂਜੀ ਕਿਸਮ ਦੇ ਆਗੂ ਤੇ ਪਰਚਾਰਕ ਉਹ ਹਨ ਜੋ ਗੁਰੂ (ਗ੍ਰੰਥ) ਦੇ ਗਾਡੀਰਾਹ
ਤੋਂ ਥਿੜਕੇ ਹੋਏ ਹਨ। ਗੁਰਮਤਿ-ਪ੍ਰਚਾਰ ਦਾ ਢੌਂਗ ਕਰਨ ਵਾਲੇ ਇਨ੍ਹਾਂ ਪਾਖੰਡੀਆਂ ਦਾ ਪਰਮਾਰਥ ਤੇ
ਸਚਿਆਰਤਾ ਨਾਲ ਕੋਈ ਸਰੋਕਾਰ ਨਹੀਂ। ਸੁਆਰਥ ਤੇ ਸੰਸਾਰਕ ਸੁੱਖਾਂ ਦੇ ਦੀਵਾਨੇ ਇਨ੍ਹਾਂ ਦੰਭੀਆਂ ਦੀ
ਸੁਆਰਥੀ ਸੋਚ ਵਿੱਚ ਹਰਿਨਾਮ-ਸਿਮਰਨ, ਅਧਿਆਤਮਿਕ ਗਿਆਨ ਅਤੇ ਬਿਬੇਕ ਵਾਸਤੇ ਕੋਈ ਜਗ੍ਹਾ ਨਹੀਂ
ਹੁੰਦੀ! ਭਟਕੇ ਹੋਏ ਇਹ ਲੋਕ ਬਾਹਰਮੁਖੀ ਹੁੰਦੇ ਹਨ। ਦਿਖਾਵੇ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਵਾਲੇ ਇਹ
ਦੁਬਾਜਰੇ ਭਰਮਾਊ ਭੇਖ, ਚਿੰਨ੍ਹ, ਲਕਬ, ਲੋਕਾਚਾਰ ਅਤੇ ਕਿਰਿਆ ਆਚਾਰ (ਕਰਮਕਾਂਡਾਂ) ਵਿੱਚ ਯਕੀਨ
ਰੱਖਦੇ ਹਨ। ਸਰੀਰਕ ਤੇ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਅਤੇ ਹਉਮੈਂ-ਤ੍ਰਿਪਤੀ ਹੀ ਇਨ੍ਹਾਂ ਦੇ
ਵਿਕਾਰੀ ਜੀਵਨ ਦਾ ਮੁੱਖ ਮੰਤਵ ਹੁੰਦਾ ਹੈ। ਕਿਰਤ ਤੋਂ ਕੰਨੀ ਕਤਰਾਉਣ ਵਾਲੇ ਇਹ ਮੁਰਦਾਰਖ਼ੋਰ ਲੋਕ
ਆਪਣੀ ਭਰਮਾਉ ਭੇਖੀ ਦਿੱਖ ਅਤੇ ਚੁੰਚ-ਗਿਆਨ ਨਾਲ ਅਗਿਆਨਮੱਤੀ ਲੋਕਾਂ ਨੂੰ ਨਿਰਦਯਤਾ ਨਾਲ ਲੁੱਟਦੇ
ਰਹਿੰਦੇ ਹਨ। ਗੁਰਬਾਣੀ ਵਿੱਚ ਅਜਿਹੇ ਆਗੂਆਂ ਨੂੰ ਧਰਮ ਦਾ ਧੰਦਾ ਕਰਨ ਵਾਲੇ ਧੰਧਲੀ (ਵਪਾਰੀ) ਕਿਹਾ
ਗਿਆ ਹੈ। ਇਨ੍ਹਾਂ ਦੇ ਪਿਛਲੱਗਾਂ ਦੇ ਝੁੰਡਾਂ ਨੂੰ ਸਤਿਸੰਗਤ ਜਾਂ ਸਾਧ-ਸੰਗਤ ਸਮਝਣਾ ਤੇ ਕਹਿਣਾ
ਵੱਡੀ ਭੁੱਲ ਹੈ; ਇਹ ਤਾਂ ਮਨੁੱਖੀ ਜਾਮਿਆਂ ਵਿੱਚ ਬੇਜ਼ੁਬਾਨ ਭੇਡਾਂ ਦੇ ਵੱਗ ਹਨ, ਜਿਨ੍ਹਾਂ ਨੂੰ ਧਰਮ
ਦੇ ਇਹ ਢੌਂਗੀ ਵਪਾਰੀ ਆਪਣੇ ਮਾਇਕ ਲਾਭ ਲਈ ਨਿਤ-ਦਿਨ ਮੁੱਛਦੇ ਰਹਿੰਦੇ ਹਨ!
ਬਾਣੀਕਾਰਾਂ ਨੇ ਧਰਮ-ਖੇਤ ਵਿੱਚ ਨਿਕੰਮੇ ਨਦੀਨ ਵਾਂਗ ਫੈਲੇ ਦੂਜੀ ਭਾਂਤ ਦੇ
ਆਗੂਆਂ ਤੇ ਪ੍ਰਚਾਰਕਾਂ ਦੀਆਂ ਮਾਨਵ-ਘਾਤੀ ਕਰਤੂਤਾਂ ਦਾ ਖੁਲਾਸਾ ਕਰਕੇ ਉਨ੍ਹਾਂ ਨੂੰ ਫਿਟਕਾਰਾਂ
ਪਾਈਆਂ ਹਨ ਅਤੇ ਗੁਰਮਤਿ ਮਾਰਗ ਦੇ ਰਾਹੀਆਂ ਨੂੰ ਇਨ੍ਹਾਂ ਤੋਂ ਦੂਰੀ ਬਣਾਈ ਰੱਖਣ ਦਾ ਸੁਝਾਅ ਦਿੱਤਾ
ਹੈ। ਇਸ ਹਥਲੇ ਲੇਖ ਵਿੱਚ ਅਸੀਂ
ਕਬੀਰ ਜੀ
ਦੇ ਰਾਗੁ ਗਉੜੀ ਵਿੱਚ ਉਚਾਰੇ ਇੱਕ ਅਜਿਹੇ ਹੀ ਸ਼ਬਦ ਦੀ ਵਿਚਾਰ ਕਰਾਂਗੇ। ਕਬੀਰ ਜੀ ਫ਼ਰਮਾਉਂਦੇ ਹਨ:-
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥ ਬਾਤਨ ਹੀ ਅਸਮਾਨੁ ਗਿਰਾਵਹਿ॥ ੧॥
ਐਸੇ ਲੋਗਨ ਸਿਉ ਕਿਆ ਕਹੀਐ॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ॥ ੧॥ ਰਹਾਉ॥
ਆਪਿ ਨ ਦੇਹਿ ਚੁਰੂ ਭਰ ਪਾਣੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ ੨॥
ਬੈਠਤ ਉਠਤ ਕੁਟਿਲਤਾ ਚਾਲਹਿ॥ ਆਪੁ ਗਏ ਅਉਰਨ ਹੂ ਘਾਲਹਿ॥ ੩॥
ਛਾਡਿ ਕੁਚਰਚਾ ਆਨ ਨ ਜਾਨਹਿ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ੪॥
ਆਪੁ ਗਏ ਅਉਰਨ ਹੂ ਖੋਵਹਿ॥ ਆਗਿ ਲਗਾਇ ਮੰਦਰ ਮੈ ਸੋਵਹਿ॥ ੫॥
ਅਵਰਨ ਹਸਤ ਆਪਿ ਹਹਿ ਕਾਂਨੇ॥ ਤਿਨ ਕਉ ਦੇਖਿ ਕਬੀਰ ਲਜਾਨੇ॥ ੬॥
ਸ਼ਬਦ ਅਰਥ:- ਜਸੁ:
(ਰੱਬ ਦੀ) ਸਿਫ਼ਤ-ਸਾਲਾਹ, (ਰੱਬੀ) ਗੁਣਾਂ ਦੀ ਚਰਚਾ, ਵਡਿਆਈ। ਬਾਤਨ: ਗੱਪਾਂ, ਥੋਥੀਆਂ
ਗੱਲਾਂ। ਅਸਮਾਨੁ ਗਿਰਾਵਹਿ: ਪਹਾੜ ਢਾਹੁਣ ਦੀਆਂ ਡੀਂਗਾਂ ਮਾਰਦੇ ਹਨ, ਅਣਹੋਣੀਆਂ ਨੂੰ
ਹੋਣੀਆਂ ਕਰ ਵਿਖਾਉਂਦੇ ਹਨ। ੧। ਸਿਉ: ਨਾਲ। ਬਾਹਜ: ਬਾਹਰ, ਦੂਰ, ਵਾਂਜੇ।
ਡਰਾਨੇ ਰਹੀਐ: ਡਰਦੇ ਰਹਿਣਾ ਚਾਹੀਦਾ ਹੈ, ਦੂਰੀ ਬਣਾਈ ਰੱਖਣੀ ਚਾਹੀਦੀ ਹੈ। ੧। ਰਹਾਉ।
ਚੁਰੂ: ਚੁਲੂ, ਥੋੜਾ ਜਿਹਾ। ਪਾਨੀ: ਪਾਣੀ, ਜਲ, (ਮਨ-ਆਤਮਾ ‘ਤੋਂ ਵਿਕਾਰਾਂ ਦੀ ਮੈਲ
ਧੋਣ ਵਾਲਾ) ਹਰਿਨਾਮ ਰੂਪੀ ਪਵਿੱਤਰ ਪਾਣੀ। ਤਿਹ: ਉਸ ਨੂੰ। ਜਿਹ: ਜਿਸ ਨੇ।
ਗੰਗਾ: ਹਰਿਨਾਮ ਦੇ ਜਲ ਦੀ ਗੰਗਾ, ਨਾਮ-ਜਲ ਦਾ ਪ੍ਰਵਾਹ। ਆਨੀ: ਲਿਆਂਦੀ, (ਨਾਮ-ਜਲ
ਦਾ) ਪ੍ਰਵਾਹ ਵਹਾਇਆ। ੨। (ਨੋਟ:-
ਗੁਰਬਾਣੀ ਵਿੱਚ ਹਰਿਨਾਮ ਨੂੰ
ਗੰਗਾ ਜਲ ਕਿਹਾ ਗਿਆ ਹੈ:
ਗੰਗਾ ਜਲੁ ਗੁਰ ਗੋਬਿੰਦ ਨਾਮ॥
ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ॥ ਮ: ੫)
ਬੈਠਤ ਉਠਤ: ਹਰ ਵੇਲੇ। ਕੁਟਿਲਤਾ
ਚਾਲਹਿ: ਛਲਪੂਰਨ ਖੋਟੀਆਂ ਚਾਲਾਂ ਚੱਲਦਾ ਹੈ। ਆਪ ਗਏ: ਆਪ ਤਾਂ ਪੁੱਠੇ ਰਾਹ ਪਏ ਹਨ।
ਅਉਰਨ: ਹੋਰਾਂ ਨੂੰ ਵੀ। ਹੂ: ਯਕੀਨਨ ਹੀ, ਨਿਸਚੇ ਹੀ। ਘਾਲਹਿ: (ਪੁੱਠੇ
ਰਾਹ) ਪਾਉਂਦੇ ਹਨ। ੩। ਕੁਚਰਚਾ: ਨਿਸ਼ਫਲ ਚਰਚਾ, ਉਹ ਚਰਚਾ ਜਿਸ ਦਾ ਮੁੱਦਾ ਅਧਿਆਤਮਿਕਤਾ ਦੀ
ਥਾਂ ਸੰਸਾਰਕਤਾ ਹੋਵੇ ਅਤੇ ਜਿਸ ਦਾ ਗੁਪਤ ਮੰਤਵ ਪਰਮਾਰਥ ਦੀ ਬਜਾਏ ਸੁਆਰਥ ਹੋਵੇ। ਆਨ: ਹੋਰ
ਕੁਛ। ਬ੍ਰਹਮਾ: ਬ੍ਰਹਮ-ਗਿਆਨੀ, ਰੱਬੀ ਰਮਜ਼ਾਂ ਜਾਣਨ ਵਾਲਾ। ੪। ਖੋਵਹਿ: (ਵਿਅਰਥ)
ਗੁਆਉਂਦੇ ਹਨ। ਆਗਿ ਲਗਾਇ: (ਅਗਿਆਨਤਾ ਦੀ ਅੱਗ) ਲਾ ਕੇ। ਮੰਦਰ: ਘਰ; ਇਸ਼ਟ-ਦੇਵਤਾ
ਦਾ ਸਥਾਨ। ੫। ਅਵਰਨ: ਦੂਜਿਆਂ ਨੂੰ, ਪਿੱਛੇ ਲੱਗਿਆਂ ਨੂੰ। ਹਸਤ: ਹੱਸਦੇ ਹਨ,
ਮਜ਼ਾਕ ਉਡਾਉਂਦੇ ਹਨ। ਹਹਿ: ਹੈ, ਹਨ। ਕਾਂਨੇ: ਕਾਣੇ; ਖੋਟੇ, ਦੁਜਿਆਂ ਤੋਂ ਆਪਣੇ
ਔਗੁਣ ਛੁਪਾਉਣ ਵਾਲੇ ਚਾਲਬਾਜ਼। ਲਜਾਨੇ: ਲਾਜ/ਸੰਗ/ਸ਼ਰਮ ਆਉਂਦੀ ਹੈ। ੬।
ਭਾਵ ਅਰਥ:- (ਧਰਮ ਦੇ ਜਿਹੜੇ ਠੇਕੇਦਾਰ) ਰੱਬ ਦੀ ਸਿਫ਼ਤ-ਸਾਲਾਹ ਮਨ ਨਾਲ
ਨਹੀਂ ਸੁਣਦੇ ਅਤੇ ਨਾ ਹੀ ਸੱਚੇ ਦਿਲੋਂ ਪ੍ਰਭੂ ਦੇ ਗੁਣਾਂ ਦਾ ਗਾਇਣ ਕਰਦੇ ਹਨ। ਅਤੇ ਥੋਥੀਆਂ ਗੱਪਾਂ
ਨਾਲ ਅਣਹੋਣੀਆਂ ਨੂੰ ਹੋਣੀਆਂ ਕਰ ਵਿਖਾਉਂਦੇ ਹਨ। ੧।
ਸ੍ਰਿਸ਼ਟੀ ਦੇ ਮਾਲਿਕ ਨੇ ਜਿਨ੍ਹਾਂ ਨੂੰ ਪ੍ਰਭੂ-ਭਗਤੀ ਤੋਂ ਆਪ ਵਾਂਜਿਆ
ਰੱਖਿਆ ਹੋਵੇ, ਉਨ੍ਹਾਂ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸੰਬੰਧ ਵਿੱਚ ਚਰਚਾ ਕਰਨ ਦਾ ਕੀ ਫ਼ਾਇਦਾ!
ਅਜਿਹੇ ਲੋਕਾਂ ਤੋਂ ਤਾਂ ਸਦਾ ਖ਼ੌਫ਼ ਖਾਣਾ ਤੇ ਪਾਸਾ ਵੱਟਣਾ ਹੀ ਚੰਗਾ ਹੈ। ੧। ਰਹਾਉ।
ਅਜਿਹੇ ਲੋਕ ਜੋ ਆਪ ਤਾਂ ਹਰਿ-ਨਾਮ ਰੂਪੀ ਅੰਮ੍ਰਿਤ-ਜਲ ਦਾ ਇੱਕ ਘੁਟ ਵੀ ਦੇਣ
ਜੋਗੇ ਨਹੀਂ, ਉਹ (ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਲਈ) ਉਨ੍ਹਾਂ ਪਰਮਾਰਥੀ ਪੁਰਖਾਂ ਦੀ ਨਿੰਦਿਆ
ਕਰਦੇ ਰਹਿੰਦੇ ਹਨ ਜਿਨ੍ਹਾਂ ਨੇ ਮਨ-ਆਤਮਾ ਨੂੰ ਨਿਰਮੈਲ ਕਰਨ ਵਾਲੇ ਹਰਿਨਾਮ-ਸਿਮਰਨ ਦੇ ਪਵਿੱਤਰ ਜਲ
ਦਾ ਪ੍ਰਵਾਹ ਚਲਾਇਆ ਹੈ। ੨।
(ਪ੍ਰਭੂ-ਭਗਤੀ ਤੋਂ ਵਾਂਜੇ ਇਹ ਛਲੀਏ, ਭੋਲੇ-ਭਾਲੇ ਲੋਕਾਂ ਨੂੰ ਛਲਣ ਵਾਸਤੇ)
ਹਰ ਵਕਤ ਛਲ-ਪੂਰਣ ਚਤੁਰ ਚਾਲਾਂ ਚੱਲਦੇ ਰਹਿੰਦੇ ਹਨ। ਇਹ ਆਪ ਤਾਂ ਪੁੱਠੇ ਰਾਹ ਪਏ ਹੀ ਹਨ, ਨਾਲ
ਆਪਣੀਆਂ ਖੋਟੀਆਂ ਚਾਲਾਂ ਨਾਲ ਯਕੀਨਨ ਹੋਰਾਂ ਨੂੰ ਵੀ ਕੁਰਾਹੇ ਪਾਉਂਦੇ ਹਨ। ੩।
ਬਿਬੇਕ-ਰਹਿਤ ਨਿਰਾਰਥਕ ਬਹਿਸ ਤੋਂ ਬਿਨਾਂ ਉਹ ਹੋਰ ਕੋਈ ਸਾਰਥਕ ਗਿਆਨ-ਚਰਚਾ
ਕਰਨੀ ਜਾਣਦੇ ਹੀ ਨਹੀਂ। (ਵਿਕਾਰੀ ਸੋਚ ਦੇ ਗ਼ੁਲਾਮ ਇਹ ਛਲੀਏ) ਰੱਬੀ ਰਮਜ਼ਾਂ ਜਾਣਨ ਵਾਲੇ ਗਿਆਨੀਆਂ
ਦੇ ਬਿਬੇਕ-ਪੂਰਨ ਬਚਨ ਸੁਣਦੇ ਤੇ ਮੰਨਦੇ ਨਹੀਂ। ੪।
ਆਪ ਤਾਂ (ਸੱਚ ਦੇ ਮਾਰਗ ਤੋਂ) ਭਟਕੇ ਹੋਏ ਹਨ, ਨਾਲ ਆਪਣੇ ਮਗਰ ਲਾਏ
ਦੂਸਰਿਆਂ ਨੂੰ ਵੀ ਪੁੱਠੇ ਰਾਹ ਪਾਉਂਦੇ ਹਨ। ਇਸ ਤਰ੍ਹਾਂ ਇਹ ਦੰਭੀ ਲੋਕ ਦੂਜਿਆਂ ਦੇ ਘਰਿ
(ਅੰਧਵਿਸ਼ਵਾਸ ਦੀ) ਅੱਗ ਲਾ ਕੇ ਆਪ ਆਪਣੇ ਘਰਿ (ਅੰਧਵਿਸ਼ਵਾਸੀਆਂ ਤੋਂ ਛਲ ਨਾਲ ਠੱਗੀ ਮਾਇਆ ਨਾਲ
ਪ੍ਰਾਪਤ ਸੰਸਾਰਕ) ਸੁੱਖ ਦੀ ਨੀਂਦ ਸੌਂਦੇ ਹਨ। ੫।
ਇਹ (ਪਾਜੀ ਆਪਣੇ ਕੀਤੇ ਕੁਕਰਮਾਂ ਕਾਰਣ) ਆਪ ਤਾਂ ਅੰਦਰੋਂ ਕਾਣੇ/ਖੋਟੇ ਹਨ
ਅਤੇ ਹੋਰਨਾਂ (ਜਿਨ੍ਹਾਂ ਨੂੰ ਛਲ ਕੇ ਠੱਗਦੇ ਹਨ, ਉਨ੍ਹਾਂ ਦੇ ਭੋਲੇਪਣ) ਦਾ ਮਜ਼ਾਕ ਉਡਾਉਂਦੇ ਹਨ।
ਅਜਿਹੇ ਬੇਸ਼ਰਮ ਦੰਭੀਆਂ ਨੂੰ ਦੇਖ ਕੇ ਕਬੀਰ ਸ਼ਰਮਸਾਰ ਹੁੰਦਾ ਹੈ। ੬।
ਪਾਠਕ ਸੱਜਨੋਂ! ਉਕਤ ਵਿਚਾਰੇ ਸ਼ਬਦ ਦੀ ਰੌਸ਼ਣੀ ਵਿੱਚ, ਜੇ ਨਿਰਪੱਖ ਹੋ ਕੇ
ਪਾਰਖੂ ਅੱਖ ਨਾਲ ਚਾਰ-ਚੁਫੇਰੇ ਨਿਗਾਹ ਮਾਰੀਏ ਤਾਂ ਮਹਾਂਪੁਰਖ ਬਾਣੀਕਾਰਾਂ ਦੇ ਸਿੱਧਾਂਤਾਂ ਦੇ ਸੱਚੇ
ਸੁੱਚੇ ਤੇ ਨਿਸ਼ਕਾਮ ਪ੍ਰਚਾਰਕ ਅੱਜ ਦਿਖਾਈ ਨਹੀਂ ਦਿੰਦੇ। ਜਿਧਰ ਮਰਜ਼ੀ ਨਿਗਾਹ ਮਾਰੋ, ਸਭ ਪਾਸੇ ਧਰਮ
ਦਾ ਪਾਖੰਡ ਕਰਕੇ ਗੁਰੂ ਦੇ ਨਾਮ `ਤੇ ਜਨਤਾ ਨੂੰ ਠੱਗਣ ਵਾਲੇ ਭੇਖੀ ਪਾਖੰਡੀਆਂ ਦਾ ਨਦੀਨ ਹੀ ਨਦੀਨ
ਨਜ਼ਰ ਆਉਂਦਾ ਹੈ। ਇਉਂ ਲਗਦਾ ਹੈ ਜਿਵੇਂ ਧਰਮ-ਖੇਤ ਵਿੱਚ ਬਾਣੀਕਾਰਾਂ ਦੁਆਰਾ ਬੋਈ ਗਈ ਅਧਿਆਤਮਿਕ
ਗਿਆਨ ਅਤੇ ਨੈਤਿਕਤਾ ਦੀ ਕਲਿਆਣਕਾਰੀ ਫ਼ਸਲ ਨੂੰ ਇਨਸਾਨੀਅਤ ਤੋਂ ਗਿਰੇ ਹੋਏ ਅਧਾਰਮਿਕ ਮਾਇਆਧਾਰੀ
ਫ਼ਰੇਬੀਆਂ ਦੇ ਮਾਰੂ ਨਦੀਨ ਨੇ ਆਪਣੇ ਹੇਠ ਪੂਰੀ ਤਰ੍ਹਾਂ ਦਬਾ ਲਿਆ ਹੈ।
ਗੁਰਮਤਿ-ਵਿਚਾਰਾਂ ਦਾ ਖੇਖਣ ਕਰਕੇ ਜਨਤਾ ਨੂੰ ਠੱਗਣ ਵਾਲੇ ਮੋਮੋਠੱਗਣੇਆਂ ਦੇ
ਕੋਝੇ ਕਿਰਦਾਰ ਉੱਤੇ ਇਹ ਅਖਾਣ:
"ਸ਼ਕਲ ਮੋਮਿਨਾਂ ਕਰਤੂਤ ਕਾਫ਼ਿਰਾਂ"
ਪੂਰਾ ਢੁਕਦਾ ਹੈ। ਨਿਸ਼ਕਾਮ ਬਾਣੀਕਾਰਾਂ
ਦੇ ਬਖ਼ਸ਼ੇ ਹੋਏ ਨਾਮ
ਨੂੰ ਵੇਚਣ ਵਾਲੇ ਤੇ ਗਪੌੜਿਆਂ ਨਾਲ ਪਹਾੜ ਢਾਹੁਣ ਵਾਲੇ ਇਹ ਛਲੀਏ, ਆਪਣੇ ਆਪ ਨੂੰ ਧਰਮੀ ਤੇ ਸ੍ਰੇਸ਼ਟ
ਸਿੱਧ ਕਰਨ ਵਾਸਤੇ ਉਕਤ ਵਿਚਾਰੇ ਸ਼ਬਦ ਵਿੱਚ ਆਈ ਕਬੀਰ ਜੀ ਦੀ ਮੁਹਾਵਰੇਦਾਰ, ਪਵਿੱਤਰ ਤੇ ਅਣਮੋਲ
ਤੁਕ:
ਆਪਿ ਨ ਦੇਹਿ ਚੁਰੂ ਭਰ ਪਾਣੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ ੨॥
ਨੂੰ ਆਪਣੀ ਨਾਪਾਕ, ਭ੍ਰਸ਼ਟ ਤੇ ਭੇਖੀ ਸ਼ਖ਼ਸੀਅਤ ਉੱਤੇ ਢੁਕਾਉਂਦੇ ਹਨ। ਅਤੇ
ਉਨ੍ਹਾਂ ਦੇ ਜ਼ਮੀਰ-ਮਰੇ ਮਨਹੂਸ ਚਮਚੇ ਵੀ ਉਨ੍ਹਾਂ ਦੇ ਬਣਾਵਟੀ ਤੇ ਭਰਮਾਊ ਵਿਅਕਤਿਤਵ ਨੂੰ ਪੂਜਨੀਕ
ਬਣਾਉਣ ਲਈ ਇਸ ਤੁਕ ਦਾ ਸਹਾਰਾ ਲੈਂਦੇ ਹਨ। ਪਰੰਤੂ, ਇਸ ਸੱਚ ਤੋਂ ਤਾਂ ਕੋਈ ਵੀ ਮੁਨਕਿਰ ਨਹੀਂ ਹੋ
ਸਕਦਾ ਕਿ, ਟਟੀਹਰੀਆਂ (ਨਾਮ
ਨੂੰ ਵੇਚਣ ਵਾਲੇ ਭੇਖੀਆਂ) ਨੂੰ ਹੰਸਾਂ (ਬਾਣੀਕਾਰਾਂ) ਦੇ ਬਰਾਬਰ ਕਹਿਣਾ/ਕਹਾਉਣਾ ਤੇ ਸਮਝਣਾ ਘੋਰ
ਮੱਕਾਰੀ, ਮਨਮਤਿ ਤੇ ਮੂੜ੍ਹਤਾ ਹੈ! ! !
ਨਾਮ ਵੇਚ ਕੇ ਮਾਇਆ ਠੱਗਣ ਵਾਲੇ ਫ਼ਰੇਬੀਆਂ ਵਾਸਤੇ ਕਹੀ ਕਬੀਰ ਜੀ ਦੀ ਤੁਕ,
…ਆਪੁ ਗਏ ਅਉਰਨ ਹੂ ਘਾਲਹਿ॥
੩॥ ਦੀ ਪ੍ਰੋਢਤਾ
ਗੁਰਬਾਣੀ ਦੇ ਕਈ ਹੋਰ ਸ਼ਬਦਾਂ ਤੋਂ ਵੀ ਹੁੰਦੀ ਹੈ,
ਜਿਵੇਂ:
ਜੋ
ਡੁਬੰਦੋ ਆਪਿ ਸੋ ਤਰਾਏ ਕਿਨ ਖੇ॥ ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ॥ ਸਲੋਕ ਮ: ੫॥
ਭਾਵ ਅਰਥ:-
ਜਿਹੜਾ ਆਗੂ ਆਪ ਹੀ (ਵਿਕਾਰਾਂ ਦੇ
ਗੰਦੇ ਛੱਪੜ) ਵਿੱਚ ਡੁੱਬਿਆ ਹੋਇਆ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਰਾ ਕੇ ਡੁੱਬਣ ਤੋਂ ਬਚਾ ਸਕਦਾ
ਹੈ? ਡੁੱਬਦਿਆਂ ਨੂੰ ਉਹੋ ਹੀ ਤਾਰ (ਡੁੱਬਣੋ ਬਚਾ) ਸੱਕਦਾ ਹੈ ਜਿਸ ਨੂੰ ਆਪ ਤਰਨਾ ਆਉਂਦਾ ਹੋਵੇ।
ਨਾਨਕ ਦਾ ਵਿਚਾਰ ਹੈ ਕਿ, ਪ੍ਰਭੂ-ਰੰਗ ਵਿੱਚ ਰੰਗੇ ਹੋਏ ਪੁਰਖ ਹੀ ਅਜਿਹੇ ਤਾਰੂ ਹਨ।
ਸਵਾਰਥ ਤੇ ਵਿਕਾਰਾਂ ਦੀ ਗੰਦੀ ਦਲਦਲ ਵਿੱਚ ਗ਼ਰਕੇ ਹੋਏ ਅਜਿਹੇ ਕਪਟੀ ਆਗੂਆਂ
ਤੇ ਪ੍ਰਚਾਰਕਾਂ ਵਾਸਤੇ ਇੱਕ ਲੋਕ-ਪ੍ਰਿਅ ਅਖਾਣ ਵੀ ਹੈ,
"ਆਪ ਤਾਂ ਡੁੱਬੇ ਨਾਲ ਜਜਮਾਨ ਵੀ
ਡੋਬੇ"।
ਸਾਡੀ ‘ਸਿੱਖਾਂ’ ਦੀ ਤ੍ਰਾਸਦੀ ਇਹ ਹੈ ਕਿ ਪ੍ਰਭੂ-ਰੰਗ ਵਿੱਚ ਰੰਗਿਆ ਹੋਇਆ
ਕੋਈ ਵੀ ਤਾਰੂ ਨਜ਼ਰ ਨਹੀਂ ਆਉਂਦਾ, ਜਿਸ ਦੀ ਬਾਂਹ ਫੜ ਕੇ ਸਾਡਾ ਇਸ ਸੰਸਾਰ-ਸਾਗਰ ਤੋਂ ਪਾਰ-ਉਤਾਰਾ
ਹੋ ਸਕੇ। ਪਾਠਕ ਸੱਜਨੋਂ! ਇੱਕੋ ਹੀ ਚਾਰਾ ਬਾਕੀ ਹੈ! ਉਹ ਇਹ ਕਿ, ਅਸੀਂ ਇਨ੍ਹਾਂ ਡੁੱਬਿਆਂ ਹੋਇਆਂ
ਤੋਂ ਆਪਣੀ ਬਾਂਹ ਛੁੜਾ ਕੇ,
ਗੁਰੂ (ਗ੍ਰੰਥ) ਦਾ ਪੱਲਾ ਫੜੀਏ! ! ! ! !
ਗੁਰਇੰਦਰ ਸਿੰਘ ਪਾਲ
ਅਕਤੂਬਰ 4, 2015.
|
. |