.

ਬਾਵਨ ਅਵਤਾਰ

[The Dwarf eighth Incarnation of Vishnu]

ਇਸ ਤੋਂ ਪਹਿਲਾਂ, ਬਚਿਤ੍ਰ ਨਾਟਕ ਵਿੱਚ ਸ਼ਾਮਲ ਕੀਤੇ ਹੋਏ ਵਿਸ਼ਣੂ ਦੇ (੨੪) ਅਵਤਾਰਾਂ ਵਿਚੋਂ ਸੱਤ ਅਵਤਾਰਾਂ ਦੀਆਂ ਮਨ-ਘੜਤ ਕਹਾਣੀਆਂ ਸਾਂਝੀ ਕਰ ਚੁਕੇ ਹਾਂ ਜਿਵੇਂ: "ਮੱਛ ਅਵਤਾਰ, ਕੱਛ ਅਵਤਾਰ, ਨਰ ਤੇ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ, ਬੈਰਾਹ ਅਵਤਾਰ ਅਤੇ ਨਰ ਸਿੰਘ ਅਵਤਾਰ"। ਆਓ, ਹੁਣ ਅਗਲੇ ਅੱਠਵੇਂ ਬਾਵਨ ਅਵਤਾਰ ਬਾਰੇ ਵੀ ਜਾਣਕਾਰੀ ਲਈਏ, ਜਿਸ ਨੂੰ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਹ "ਬਾਵਨ ਅਵਤਾਰ" (੮੦੦) ਸਾਲ ਕਿੱਥੇ ਗਾਇਬ ਹੋ ਗਿਆ ਸੀ?

ਅਬ ਬਾਵਨ ਅਵਤਾਰ ਬਰਨੰ

ਸ੍ਰੀ ਭਗਉਤੀ ਜੀ ਸਹਾਇ

ਭੁਜੰਗ ਪ੍ਰਯਾਤ ਛੰਦ

ਭਏ ਦਿਵਸ ਕੇਤੈ ਨਰਸਿੰਘਾਵਤਾਰੰ। ਪੁਨਰ ਭੂਮਿ ਮੋ ਪਾਪਾ ਬਾਢ੍ਹਯੋ ਅਪਾਰੰ।

ਕਰੇ ਲਾਗ ਜਗੰ ਪੁਨਰ ਦੈਤ ਦਾਨੰ। ਬਲਿਰਾਜ ਕੀ ਦੇਹਿ ਬਢਿਯੋ ਗੁਮਾਨੰ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਨਰਸਿੰਘ ਅਵਤਾਰ ਨੂੰ ਹੋਇਆਂ ਕਿਤਨਾ ਸਮਾਂ ਬੀਤ ਗਿਆ। ਧਰਤੀ ਉਤੇ ਫਿਰ ਅਪਾਰ ਪਾਪ ਵੱਧ ਗਿਆ। ਫਿਰ ਦੈਂਤ ਅਤੇ ਦਾਨਵ ਯੱਗ (ਆਦਿ ਵਿੱਚ ਵਿਘਨ ਪੈਦਾ ਕਰਨ) ਲਗ ਗਏ। ਬਲਿ ਰਾਜੇ ਦੇ ਸ਼ਰੀਰ ਵਿੱਚ ਹੰਕਾਰ ਬਹੁਤ ਵੱਧ ਗਿਆ। ੧।

ਨ ਪਾਵੈ ਬਲੰ ਦੇਵਤਾ ਜਗ ਬਾਸੰ। ਭਈ ਇੰਦ੍ਰ ਕੀ ਰਾਜਧਾਨੀ ਬਿਨਾਸੰ।

ਕਰੀ ਜੋਗ ਅਰਾਧਨਾ ਸਰਬ ਦੇਵੰ। ਪ੍ਰਸੰਨੰ ਭਏ ਕਾਲਪੁਰੁਖੰ ਅਭੇਵੰ। ੨।

ਅਰਥ: ਦੇਵਤੇ ਯੱਗ ਦੀ ਬਲੀ ਪ੍ਰਾਪਤ ਨਹੀਂ ਕਰ ਸਕਦੇ ਸਨ ਅਤੇ ਨ ਹੀ ਯੱਗ ਦੀ ਸੁਗੰਧੀ (ਮਾਣ ਸਕਦੇ ਸਨ)। ਇੰਦਰ ਦੀ ਰਾਜਧਾਨੀ ਨਸ਼ਟ ਹੋ ਗਈ ਸੀ। ਸਾਰਿਆਂ ਦੇਵਤਿਆਂ ਨੇ ਯੋਗ ਆਰਾਧਨਾ ਕੀਤੀ (ਜਿਸ ਦੇ ਫਲਸਰੂਪ) ਅਭੇਵ ਰੂਪ ਵਾਲੇ ‘ਕਾਲ ਪੁਰਖ’ ਪ੍ਰਸੰਨ ਹੋਏ। ੨।

ਦੀਯੋ ਆਇਸੰ ਕਾਲਪੁਰਖੰ ਅਪਾਰੰ। ਧਰੋ ਬਾਵਨਾ ਬਿਸਨੁ ਅਸਟਮ ਵਤਾਰੰ।

ਲਈ ਬਿਸਨੁ ਆਗਿਆ ਚਲਿਯੋ ਧਾਇ ਐਸੇ। ਲਹਿਯੋ ਦਾਰਦੀ ਭੂਪ ਭੰਡਾਰ ਜੈਸੇ। ੩।

ਅਰਥ: ਅਪਾਰ ‘ਕਾਲ ਪੁਰਖ’ ਨੇ ਵਿਸ਼ਣੂ ਨੂੰ ਆਗਿਆ ਦਿੱਤੀ ਕਿ ਉਹ ਹੁਣ ਅੱਠਵਾਂ ਅਵਤਾਰ ਧਾਰਨ ਕਰੇ। ਵਿਸ਼ਣੂ ਆਗਿਆ ਲੈ ਕੇ ਇੰਜ ਧਾਈ ਕਰ ਕੇ ਚਲਿਆ ਜਿਵੇਂ ਕੰਗਲੇ ਨੂੰ ਸ਼ਾਹੀ ਖ਼ਜ਼ਾਨਾ ਮਿਲ ਗਿਆ ਹੁੰਦਾ ਹੈ। ੩।

ਨਰਾਜ ਛੰਦ

ਸਰੂਪ ਛੋਟ ਧਾਰਿ ਕੈ। ਚਲਿਯੋ ਤਹਾ ਬਿਚਾਰਿ ਕੈ। ਸਭਾ ਨਰੇਸ ਜਾਨ੍ਹਯੋ। ਤਹੀ ਸੁ ਪਾਵ ਠਾਨ੍ਹਯੋ। ੪।

ਸੁ ਬੇਦ ਚਾਰ ਉਚਾਰ ਕੈ। ਸੁਣ੍ਹਯੋ ਨ੍ਰਿਪੰ ਸੁਧਾਰ ਕੈ। ਬੁਲਾਇ ਬਿਪੁ ਕੋ ਲਯੋ। ਮਲਯਾਗਰ ਮੂੜਕਾ ਦਯੋ। ੫।

ਅਰਥ: (ਵਿਸ਼ਣੂ ਬ੍ਰਾਹਮਣ ਦਾ) ਛੋਟਾ ਜਿਹਾ ਰੂਪ ਧਾਰ ਕੇ ਵਿਚਾਰ-ਪੂਰਵਕ ਉਥੋਂ ਚਲਿਆ। ਰਾਜੇ ਦੇ ਦਰਬਾਰ ਨੂੰ ਜਾਣਨ ਉਪਰੰਤ ਉਥੇ ਪੈਰ ਗਡ ਦਿੱਤੇ। ੪। (ਉਸ ਬ੍ਰਾਹਮਣ ਨੇ) ਚੌਹਾਂ ਵੇਦਾਂ ਨੂੰ ਚੰਗੀ ਤਰ੍ਹਾਂ ਉਚਾਰ ਕੇ ਰਾਜੇ ਨੂੰ ਸੁਣਾਇਆ। (ਰਾਜੇ ਨੇ) ਬ੍ਰਾਹਮਣ ਨੂੰ (ਆਪਣੇ ਕੋਲ) ਬੁਲਾ ਲਿਆ ਅਤੇ ਚੰਦਨ ਦੀ ਲਕੜੀ ਦੀ ਬਣੀ ਪੀੜ੍ਹੀ (ਬੈਠਣ ਨੂੰ) ਦਿੱਤੀ। ੫।

ਪਦਾਰਘ ਦੀਪ ਦਾਨ ਦੈ। ਪ੍ਰਦਛਨਾ ਅਨੇਕ ਕੈ॥ ਕਰੋਰਿ ਦਛਨਾ ਦਈ। ਨਾ ਹਾਥਿ ਬਿਪ ਨੈ ਲਈ। ੬।

ਅਰਥ: (ਰਾਜੇ ਨੇ ਬ੍ਰਾਹਮਣ ਦੇ) ਪੈਰ ਧੋਤੇ ਅਤੇ ਆਰਤੀ ਉਤਾਰੀ ਤੇ ਅਨੇਕ ਵਾਰ ਪ੍ਰਦਖਣਾ ਕੀਤੀ। (ਫਿਰ) ਕਰੋੜਾਂ ਦੱਛਣਾ ਦਿੱਤੀਆਂ (ਪਰ) ਬ੍ਰਾਹਮਣ ਨੇ (ਕਿਸੇ ਨੂੰ) ਹੱਥ ਤਕ ਨ ਲਾਇਆ। ੬।

ਕਹਿਯੋ ਨ ਮੋਰ ਕਾਜ ਹੈ। ਮਿਥ੍ਹਯਾ ਇਹ ਤੋਰ ਸਾਜ ਹੈ। ਅਢਾਇ ਪਾਵ ਭੂਮਿ ਦੇ। ਬਸੇਖ ਪੂਰ ਕੀਰਤਿ ਲੈ। ੭।

ਅਰਥ: (ਬ੍ਰਾਹਮਣ ਨੇ) ਕਿਹਾ ਕਿ ਇਹ ਮੇਰੇ ਕਿਸੇ ਕੰਮ ਨਹੀਂ। ਇਹ ਤੇਰੇ (ਸਾਰੇ) ਸਾਜ ਮਿਥਿਆ ਹਨ॥ (ਮੈਨੂੰ) ਢਾਈ ਕਦਮ ਭੂਮੀ ਪ੍ਰਦਾਨ ਕਰ। ਉਸ (ਦੇ ਫਲ ਵਜੋਂ) ਹੇ ਰਾਜਨ! ਵਿਸ਼ੇਸ਼ ਯਸ਼ ਅਰਜਿਤ ਕਰ। ੭।

ਚੌਪਈ

ਜਬ ਦਿਜ ਐਸ ਬਖਾਨੀ ਬਾਨੀ। ਭੂਪਤਿ ਸਹਤ ਨ ਜਾਨ੍ਹਯੋ ਰਾਨੀ।

ਪੈਰ ਅਢਾਇ ਭੂੰਮਿ ਦੇ ਕਹੀ। ਦ੍ਰਿੜ ਕਰਿ ਬਾਤ ਦਿਜੋਤਮ ਗਹੀ। ੮।

ਅਰਥ: ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਗੱਲ ਕਹੀ, (ਤਾਂ) ਰਾਣੀ ਸਮੇਤ ਰਾਜੇ ਨੇ (ਇਸ ਦੇ ਭੇਦ ਨੂੰ) ਨ ਸਮਝਿਆ। (ਸ੍ਰੇਸ਼ਠ ਬ੍ਰਾਹਮਣ ਨੇ) ਢਾਈ ਕਦਮ ਦੇਣ ਲਈ ਕਿਹਾ (ਉਸ ਗੱਲ ਨੂੰ) ਦ੍ਰਿੜ੍ਹਤਾ ਪੂਰਵਕ ਫੜ ਲਿਆ। ੮।

ਦਿਜਬਰ ਸੁਕ੍ਰ ਹੁਤੋ ਨ੍ਰਿਪ ਤੀਰਾ। ਜਾਨ ਗਯੋ ਸਭ ਭੇਦੁ ਵਜੀਰਾ।

ਜਿਯੋ ਜਿਯੋ ਦੇਨ ਪ੍ਰਿਥਵੀ ਨ੍ਰਿਪ ਕਹੈ। ਤਿਮੁ ਤਿਮੁ ਨਾਹਿ ਪੁਰੋਹਿਤ ਗਹੈ। ੯।

ਅਰਥ: ਉਸ ਵੇਲੇ ਰਾਜ-ਪੁਰੋਹਿਤ ਸ਼ੁਕ੍ਰਾਚਾਰਯ ਰਾਜੇ ਕੋਲ ਸੀ। (ਉਹ ਵਜ਼ੀਰ ਰੂਪ ਪੁਰੋਹਿਤ) ਸਾਰਾ ਭੇਦ ਸਮਝ ਗਿਆ। ਜਿਵੇਂ ਜਿਵੇਂ ਰਾਜਾ ਪ੍ਰਿਥਵੀ ਦੇਣ ਦੀ ਗੱਲ ਕਹਿੰਦਾ, ਤਿਵੇਂ ਤਿਵੇਂ ਪੁਰੋਹਿਤ ਨਾਂਹ ਨਾਂਹ ਕਹੀ ਜਾਂਦਾ। ੯।

ਜਬ ਨ੍ਰਿਪ ਦੇਨ ਧਰਾ ਮਨ ਕੀਨਾ। ਤਬ ਹੀ ਉਤਰ ਸੁਕ੍ਰ ਇਮ ਦੀਨਾ।

ਲਘੁ ਦਿਜ ਯਾਹਿ ਨ ਭੂਪ ਪਛਾਨੋ। ਬਿਸਨੁ ਅਵਤਾਰ ਇਸੀ ਕਰਿ ਮਾਨੋ। ੧੦।

ਅਰਥ: ਜਦੋਂ ਰਾਜੇ ਨੇ ਧਰਤੀ ਦੇਣ ਦਾ ਮਨ ਬਣਾਇਆ, ਤਦੋਂ ਸ਼ੁਕ੍ਰਾਚਾਰਯ ਨੇ ਇੰਜ ਉੱਤਰ ਦਿੱਤਾ - ਹੇ ਰਾਜਨ! ਇਸ ਨੂੰ ਨਿੱਕਾ ਜਿਹਾ ਬ੍ਰਾਹਮਣ ਨ ਸਮਝੋ, ਇਸ ਨੂੰ ਵਿਸ਼ਣੂ ਦਾ ਅਵਤਾਰ ਕਰ ਕੇ ਮੰਨੋ। ੧੦।

ਸੁਨਤ ਬਚਨ ਦਾਨਵ ਸਭ ਹਸੇ। ਉਚਰਤ ਸੁਕ੍ਰ ਕਹਾ ਘਰਿ ਬਸੇ।

ਸਸਿਕ ਸਮਾਨ ਨ ਦਿਜ ਮਹਿ ਮਾਸਾ। ਕਰ ਕਰਹੈ ਇਹ ਜਗ ਬਿਨਾਸਾ। ੧੧।

ਅਰਥ: (ਸ਼ੁਕ੍ਰਾਚਾਰਯ ਦੀ ਗੱਲ ਸੁਣ ਕੇ) ਸਾਰੇ ਦੈਂਤ ਹਸਣ ਲਗ ਪਏ ਅਤੇ ਕਹਿਣ ਲਗੇ-ਸ਼ੁਕ੍ਰ ਜੀ! (ਤੁਹਾਡੀ ਸੁਰਤ) ਕਿਸ ਥਾਂ ਟਿਕੀ ਹੈ। ਇਸ ਬ੍ਰਾਹਮਣ ਵਿੱਚ ਸਹੇ ਜਿੰਨਾ ਵੀ ਮਾਸ ਨਹੀਂ ਹੈ। ਇਹ ਕਿਸ ਤਰ੍ਹਾਂ ਯੱਗ ਦਾ ਨਾਸ਼ ਕਰ ਦੇਵੇਗਾ। ੧੧।

ਦੋਹਰਾ/ਸੁਕ੍ਰੋਬਾਚ (ਸ਼ੁਕ੍ਰ ਨੇ ਕਿਹਾ)

ਜਿਮ ਚਿਨਗਾਰੀ ਅਗਨਿ ਕੀ ਗਿਰਤ ਸਘਨ ਬਨ ਮਾਹਿ। ਅਧਿਕ ਤਨਿਕ ਤੇ ਹੋਤ ਹੈ ਤਿਮ ਦਿਜਬਰ ਨਰ ਨਾਹਿ। ੧੨।

ਅਰਥ: ਹੇ ਰਾਜਨ! ਜਿਵੇਂ ਅਗਨੀ ਦੀ ਨਿੱਕੀ ਜਿਹੀ ਚਿੰਗਾਰੀ ਸੰਘਣੇ ਬਨ (ਜੰਗਲ) ਵਿੱਚ ਡਿਗ ਪਏ, ਉਹ ਥੋੜੀ ਤੋਂ ਜ਼ਿਆਦਾ ਹੋ ਜਾਂਦੀ ਹੈ, ਉਸੇ ਤਰ੍ਹਾਂ (ਦੀ ਸਥਿਤੀ) ਇਸ ਬ੍ਰਾਹਮਣ ਦੀ ਹੈ। ੧੨।

ਚੌਪਈ

ਹਸਿ ਭੂਪਤਿ ਇਹ ਬਾਤ ਬਖਾਨੀ। ਸੁਨਹੋ ਸੁਕ੍ਰ ਤੁਮ ਬਾਤ ਨ ਜਾਨੀ।

ਫੁਨਿ ਇਹ ਸਮੋ ਸਭੋ ਛਲ ਜੈ ਹੈ। ਹਰਿ ਸੋ ਫੇਰਿ ਨ ਭਿਛਕ ਐ ਹੈ। ੧੩।

ਅਰਥ: ਬਲੀ ਰਾਜੇ ਨੇ ਹਸ ਕੇ ਇਹ ਗੱਲ ਕਹੀ - ਹੇ ਸ਼ੁਕ੍ਰ! ਸੁਣ, ਤੂੰ ਇਸ ਗੱਲ ਦਾ ਭੇਦ ਨਹੀਂ ਪਾਇਆ। ਇਹ ਸਮਾਂ ਫਿਰ ਹੱਥੋਂ ਨਿਕਲ ਜਾਵੇਗਾ (ਕਿਉਂਕਿ) ਹਰਿ ਵਰਗਾ ਕੋਈ ਮੰਗਤਾ ਮੁੜ ਕੇ ਨਹੀਂ ਆ ਸਕੇਗਾ। ੧੩।

ਮਨ ਮਹਿ ਬਾਤ ਇਹੈ ਠਹਰਾਈ। ਮਨ ਮੋ ਧਰੀ ਨ ਕਿਸੂ ਬਤਾਈ।

ਭ੍ਰਿਤ ਤੇ ਮਾਂਗ ਕਮੰਡਲ ਏਸਾ। ਲਗ੍ਹਯੋ ਦਾਨ ਤਿਹ ਦੇਨ ਨਰੇਸਾ। ੧੪।

ਅਰਥ: (ਰਾਜੇ ਨੇ) ਮਨ ਵਿੱਚ ਇਹ ਧਾਰਨਾ ਬਣਾ ਲਈ ਅਤੇ ਆਪਣੇ ਮਨ ਵਿੱਚ ਹੀ ਰਖੀ, ਕਿਸੇ ਨੂੰ ਵੀ ਨ ਦਸੀ। ਨੌਕਰ ਤੋਂ ਜਲ ਦਾ ਕਮੰਡਲ ਮੰਗਵਾ ਕੇ ਰਾਜਾ ਦਾਨ ਦੇਣ ਲਗਿਆ। ੧੪।

ਸੁਕ੍ਰ ਬਾਤ ਮਨ ਮੋ ਪਹਿਚਾਨੀ। ਭੇਦ ਨ ਲਹਤ ਭੂਪ ਅਗਿਆਨੀ।

ਧਾਰਿ ਮਕਰਿ ਕੇ ਜਾਰ ਸਰੂਪਾ। ਪੈਠਿਯੋ ਮਧ ਕਮੰਡਲ ਭੂਪਾ। ੧੫।

ਅਰਥ: ਸ਼ੁਕ੍ਰਾਚਾਰਯ ਨੇ (ਇਸ) ਗੱਲ ਨੂੰ ਮਨ ਵਿੱਚ ਸਮਝ ਲਿਆ (ਅਤੇ ਵਿਚਾਰਨ ਲਗਾ ਕਿ) ਨਾਸਮਝ ਰਾਜਾ ਇਸ ਭੇਦ ਨੂੰ ਨਹੀਂ ਜਾਣਦਾ। (ਸ਼ੁਕ੍ਰਚਾਰਯ ਨੇ) ਮਕੜੀ ਦੇ ਜਾਲੇ ਦਾ ਰੂਪ ਧਾਰਿਆ ਅਤੇ ਰਾਜੇ ਦੇ ਕਮੰਡਲ ਦੀ ਟੂਟੀ ਵਿੱਚ ਬੈਠ ਗਿਆ। ੧੫

ਨ੍ਰਿਪ ਬਰ ਪਾਨਿ ਸੁਰਾਹੀ ਲਈ। ਦਾਨ ਸਮੈ ਦਿਜ ਬਰ ਕੀ ਭਈ।

ਦਾਨ ਹੇਤ ਜਬ ਹਾਥ ਚਲਾਯੋ। ਨਿਕਸ ਨੀਰ ਕਰਿ ਤਾਹਿ ਨ ਆਯੋ। ੧੬।

ਅਰਥ: ਰਾਜੇ ਨੇ ਆਪਣੇ ਹੱਥ ਵਿੱਚ ਕਮੰਡਲ ਫੜ ਲਿਆ। ਬ੍ਰਾਹਮਣ ਨੂੰ ਦਾਨ ਦੇਣ ਦੀ ਘੜੀ ਆ ਗਈ। ਜਦੋਂ ਰਾਜੇ ਨੇ ਦਾਨ ਦੇਣ ਲਈ ਹੱਥ ਅਗੇ ਕੀਤਾ, ਪਰ ਕਮੰਡਲ ਵਿਚੋਂ ਪਾਣੀ ਨਿਕਲ ਕੇ (ਰਾਜੇ ਦੇ) ਹੱਥ ਵਿੱਚ ਨ ਆਇਆ। ੧੬।

ਤੋਮਰ ਛੰਦ

ਚਮਕ੍ਹਯੋ ਤਬੈ ਦਿਜਰਾਜ। ਕਰੀਐ ਨ੍ਰਿਪੇਸੁ ਇਲਾਜ। ਤਿਨਕਾ ਮਿਲੈ ਇਹ ਬੀਚਿ। ਇੱਕ ਚਛ ਹੁਐ ਹੈ ਨੀਚ। ੧੭।

ਅਰਥ: ਤਦੋਂ ਸ੍ਰੇਸ਼ਠ ਬ੍ਰਾਹਮਣ ਭੜਕ ਉਠਿਆ (ਅਤੇ ਕਹਿਣ ਲਗਾ-) ਰਾਜਨ! ਇਸ ਦਾ ਉਪਾ ਕਰੋ। (ਬ੍ਰਾਹਮਣ ਨੇ ਮਨ ਵਿੱਚ ਵਿਚਾਰ ਕੀਤਾ ਕਿ ਜੇ) ਟੂਟੀ ਵਿੱਚ ਤੀਲਾ ਫੇਰਿਆ ਜਾਵੇ ਤਾਂ ਦੁਸ਼ਟ (ਸ਼ੁਕ੍ਰਾਚਾਰਯ) ਇੱਕ ਅੱਖ ਵਾਲਾ ਹੋ ਜਾਏਗਾ। ੧੭।

ਤਿਨੁਕਾ ਨ੍ਰਿਪਤ ਕਰਿ ਲੀਨ। ਭੀਤਰ ਕਮੰਡਲ ਦੀਨ। ਸੁਕ੍ਰ ਆਖਿ ਲਗੀਆ ਜਾਇ। ਇੱਕ ਚਛ ਭਯੋ ਦਿਜ ਰਾਇ। ੧੮।

ਅਰਥ: ਰਾਜੇ ਨੇ ਹੱਥ ਵਿੱਚ ਤੀਲਾ ਫੜਿਆ ਅਤੇ ਕਮੰਡਲ (ਦੀ ਟੂਟੀ ਵਿਚ) ਫੇਰ ਦਿੱਤਾ। ਉਹ ਸ਼ੁਕ੍ਰਾਚਾਰਯ ਦੀ ਅੱਖ ਵਿੱਚ ਜਾ ਲਗਾ। (ਉਸ ਨਾਲ) ਸ਼ੁਕ੍ਰਾਚਾਰਯ ਇੱਕ ਅੱਖ ਵਾਲਾ ਹੋ ਗਿਆ। ੧੮।

ਨੇਤ੍ਰ ਤੇ ਜੁ ਗਿਰਿਯੋ ਨੀਰ। ਸੋਈ ਲੀਯੋ ਕਰਿ ਦਿਜ ਬੀਰ। ਕਰਿ ਨੀਰ ਚੁਵਨ ਨ ਦੀਨ। ਇਮ ਸੁਆਮਿ ਕਾਰਜ ਕੀਨ। ੧੯।

ਅਰਥ: (ਸ਼ੁਕ੍ਰ ਦੀ) ਅੱਖ ਤੋਂ ਜੋ ਜਲ ਨਿਕਲਿਆ ਸੀ, ਉਹੀ (ਉਸ) ਸ੍ਰੇਸ਼ਠ ਬ੍ਰਾਹਮਣ ਨੇ ਲੈ ਲਿਆ। (ਸ਼ੁਕ੍ਰ ਨੇ ਆਪਣੀ ਅੱਖ ਅ੍ਹੰਨੀ) ਕਰਵਾ ਲਈ, ਪਰ ਪਾਣੀ ਨ ਚੋਣ ਦਿੱਤਾ। ਇਸ ਤਰ੍ਹਾਂ ਆਪਣੇ ਸੁਆਮੀ ਦਾ ਕਰਜ ਕੀਤਾ। ੧੯।

ਚੌਪਈ

ਚਛ ਨੀਰ ਕਰ ਭੀਤਰ ਪਰਾ। ਵਹੈ ਸੰਕਲਪ ਦਿਜਹ ਕਰਿ ਧਰਾ।

ਐਸ ਤਬੈ ਨਿਜ ਦੇਹ ਬਢਾਯੋ। ਲੋਕ ਛੇਦਿ ਪਰਲੋਕਿ ਸਿਧਾਯੋ। ੨੦।

ਅਰਥ: (ਰਾਜੇ ਦੇ) ਹੱਥ ਵਿੱਚ ਅੱਖ ਦਾ ਪਾਣੀ ਪਿਆ, ਉਸੇ ਨਾਲ ਬ੍ਰਾਹਮਣ ਨੂੰ (ਰਾਜੇ ਨੇ ਧਰਤੀ ਦਾ) ਸੰਕਲਪ ਕਰ ਦਿੱਤਾ। ਇਸ ਤਰ੍ਹਾਂ (ਜਦ ਧਰਤੀ ਮਾਪਣ ਦਾ ਸਮਾਂ ਆਇਆ) ਤਦੋਂ (ਬ੍ਰਾਹਮਣ ਨੇ) ਆਪਣੀ ਦੇਹ ਵਧਾ ਲਈ, ਜੋ ਇਸ ਲੋਕ ਨੂੰ ਲੰਘ ਕੇ ਪਰਲੋਕ ਤਕ ਜਾ ਪਹੁੰਚੀ। ੨੦।

ਨਿਰਖ ਲੋਗ ਅਦਭੁਤ ਬਿਸਮਏ। ਦਾਨਵ ਪੇਖਿ ਮੂਰਛਨ ਭਏ।

ਪਾਵ ਪਤਾਰ ਛੁਯੋ ਸਿਰ ਕਾਸਾ। ਚਕ੍ਰਿਤ ਭਏ ਲਖਿ ਲੋਕ ਤਮਾਸਾ। ੨੧।

ਅਰਥ: ਇਹ ਅਦਭੁਤ (ਕੌਤਕ) ਵੇਖ ਕੇ ਲੋਕੀ ਹੈਰਾਨ ਹੋ ਗਏ ਅਤੇ ਦੈਂਤ ਵੇਖ ਕੇ ਮੂਰਛਿਤ ਹੋ ਗਏ। (ਉਸ ਵੇਲੇ ਬੌਣੇ ਬਰਾਹਮਣ) ਦੇ ਪੈਰ ਪਾਤਾਲ (ਵਿਚ ਸਨ ਅਤੇ) ਸਿਰ ਆਕਾਸ਼ ਨੂੰ ਛੋਹਣ ਲਗ ਗਿਆ। ਇਹ ਤਮਾਸ਼ਾ ਵੇਖ ਕੇ ਲੋਕੀ ਹੈਰਾਨ ਹੋ ਗਏ। ੨੧।

ਏਕੈ ਪਾਵ ਪਤਾਰਹਿ ਛੂਆ। ਦੂਸਰ ਪਾਵ ਗਗਨ ਲਉ ਹੂਆ।

ਭਿਦਿਯੋ ਅੰਡ ਬ੍ਰਹਮੰਡ ਅਪਾਰਾ। ਤਿਹ ਤੇ ਗਿਰੀ ਗੰਗ ਕੀ ਧਾਰਾ। ੨੨।

ਅਰਥ: ਇੱਕ ਪੈਰ (ਕਦਮ) ਨਾਲ ਪਾਤਾਲ ਛੋਹਿਆ ਅਤੇ ਦੂਜਾ ਪੈਰ (ਕਦਮ) ਆਕਾਸ਼ ਤਕ ਪੂਰਾ ਹੋਇਆ। ਅਪਾਰ ਅੰਡ ਰੂਪ ਬ੍ਰਹਮੰਡ (ਦੇ ਕਦਮਾਂ ਵਿਚ) ਮਿਣਿਆ ਗਿਆ। ਉਸ ਤੋਂ ਗੰਗਾ ਦੀ ਧਾਰਾ (ਧਰਤੀ) ਉਤੇ ਡਿਗੀ। ੨੨।

ਇਹ ਬਿਧਿ ਭੂਪ ਅਚੰਭਵ ਲਹਾ। ਮਨ ਕ੍ਰਮ ਬਚਨ ਚਕ੍ਰਿਤ ਹੁਐ ਰਹਾ।

ਸੁ ਕੁਛ ਭਯੋ ਜੋਊ ਸੁਕ੍ਰਿ ਉਚਾਰਾ। ਸੋਈ ਅਖੀਯਨ ਹਮ ਆਜ ਨਿਹਾਰਾ। ੨੩।

ਅਰਥ: ਰਾਜੇ ਨੂੰ ਵੀ ਇਸ ਤਰ੍ਹਾਂ ਦਾ ਅਚੰਭਾ ਹੋਇਆ ਅਤੇ ਮਨ, ਬਾਣੀ ਅਤੇ ਕਰਮ ਤੋਂ ਹੈਰਾਨ ਹੋ ਰਿਹਾ। ਉਹੀ ਕੁੱਝ ਹੋਇਆ ਜੋ ਸ਼ੁਕ੍ਰਾਚਾਰਯ ਨੇ ਕਿਹਾ ਸੀ। ਉਹੀ (ਹੋਇਆ ਹੈ) ਅਜ ਮੈਂ ਅੱਖੀਆਂ ਨਾਲ ਵੇਖ ਲਿਆ ਹੈ। ੨੩।

ਅਰਧਿ ਦੇਹਿ ਅਪਨੋ ਮਿਨਿ ਦੀਨਾ। ਇਹ ਬਿਧਿ ਕੈ ਭੂਪਤਿ ਜਸੁ ਲੀਨਾ।

ਜਬ ਲਉ ਗੰਗ ਜਮੁਨ ਕੋ ਨੀਰਾ। ਤਬ ਲਉ ਚਲੀ ਕਥਾ ਜਗਿ ਧੀਰਾ। ੨੪।

ਅਰਥ: (ਰਾਜੇ ਨੇ) ਅੱਧੇ ਕਦਮ ਲਈ ਆਪਣੀ ਦੇਹ ਮਿਣ ਦਿੱਤੀ। ਇਸ ਤਰ੍ਹਾਂ ਰਾਜੇ ਨੇ ਯਸ਼ ਖਟ ਲਿਆ। ਜਦੋਂ ਤਕ ਗੰਗਾ ਅਤੇ ਯਮਨਾ ਦਾ ਜਲ (ਧਰਤੀ ਉਤੇ ਮੌਜੂਦ ਹੈ) ਤਦੋਂ ਤਕ ਇਹ ਕਥਾ ਜਗਤ ਵਿੱਚ ਚਲਦੀ ਰਹੇਗੀ। ੨੪।

ਬਿਸਨ ਪ੍ਰਸੰਨਿ ਪ੍ਰਤਛ ਹੁਐ ਕਹਾ। ਚੋਬਦਾਰੁ ਦੁਆਰੇ ਹੁਐ ਰਹਾ।

ਕਹਿਯ ਚਲੇ ਤਬ ਲਗੈ ਕਹਾਨੀ। ਜਬ ਲਗ ਗੰਗ ਜਮੁਨ ਕੋ ਪਾਨੀ। ੨੫।

ਅਰਥ: ਵਿਸ਼ਣੂ ਪ੍ਰਸੰਨ ਹੋ ਕੇ ਪ੍ਰਤੱਖ ਹੋਇਆ ਅਤੇ ਕਿਹਾ - (ਹੇ ਰਾਜਨ! ਮੈਂ) ਤੇਰੇ ਦੁਆਰੇ ਉਤੇ ਚੋਬਦਾਰ ਹੋ ਕੇ ਰਹਾਂਗਾ। ਅਤੇ ਇਹ ਵੀ ਕਿਹਾ ਕਿ ਤਦੋਂ ਤਕ (ਤੇਰੀ ਇਹ) ਕਹਾਣੀ ਜਗਤ ਵਿੱਚ ਚਲੇਗੀ, ਜਦੋਂ ਤਕ ਗੰਗਾ ਅਤੇ ਯਮਨਾ ਵਿੱਚ ਪਾਣੀ ਰਹੇਗਾ। ੨੫।

ਦੋਹਰਾ

ਜਹ ਸਾਧਨ ਸੰਕਟ ਪਰੈ ਤਹ ਤਹ ਭਏ ਸਹਾਇ। ਦੁਆਰਪਾਲ ਹੁਐ ਦਰਿ ਬਸੇ ਭਗਤ ਹੇਤ ਹਰਿ ਰਾਇ। ੨੬।

ਅਰਥ: ਜਿਥੇ ਜਿਥੇ ਸਾਧਾਂ ਨੂੰ ਸੰਕਟ ਪੈਂਦਾ ਹੈ, ਉਥੇ ਉਥੇ ਹੀ (ਪਰਂਮ-ਸੱਤਾ) ਸਹਾਇਕ ਹੁੰਦੀ ਹੈ। ਹਰਿ-ਰਾਇ ਭਗਤ ਲਈ ਦੁਆਰਪਾਲ ਹੋ ਕੇ (ਉਸ ਦੇ) ਦਰ ਤੇ ਵਸਦਾ ਹੈ। ੨੬।

ਚੌਪਈ

ਅਸਟਮ ਅਵਤਾਰ ਬਿਸਨ ਅਸ ਧਰਾ। ਸਾਧਨ ਸਬੈ ਕ੍ਰਿਤਾਰਥ ਕਰਾ।

ਅਬ ਨਵਮੋ ਬਰਨੋ ਅਵਤਾਰਾ। ਸੁਨਹੁ ਸੰਤ ਚਿਤ ਲਾਇ ਸੁ ਧਾਰਾ। ੨੭।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਵਨ ਅਸਟਮੋ ਅਵਤਾਰ

ਬਲਿ ਛਲਨ ਸਮਾਪਤਮ ਸਤੁ ਸੁਭਮ ਸਤੁ। ੮।

ਅਰਥ: ਇਸ ਤਰ੍ਹਾਂ ਵਿਸ਼ਣੂ ਨੇ ਅੱਠਵਾਂ ਅਵਤਾਰ ਧਾਰਨ ਕੀਤਾ ਅਤੇ ਸਾਰਿਆਂ ਸਾਧਾਂ ਨੂੰ ਸਫਲ-ਮਨੋਰਥ (ਕ੍ਰਿਤਾਰਥ) ਕੀਤਾ। ਹੁਣ (ਮੈਂ) ਨੌਵੇਂ ਅਵਤਾਰ ਦਾ ਵਰਣਨ ਕਰਦਾ ਹਾਂ, ਹੇ ਸੰਤੋ! ਚਿਤ ਲਾ ਕੇ ਸੁਣੋ ਅਤੇ (ਮਨ ਵਿਚ) ਧਾਰਨ ਕਰੋ। ੨੭।

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਅੱਠਵੇਂ ਬਾਵਨ ਅਵਤਾਰ ਦਾ ਕਥਨ,

ਬਲੀ ਦੇ ਛਲਨ ਪ੍ਰਸੰਗ ਦੀ ਸਮਾਪਤੀ, ਸਭ ਸ਼ੁਭ ਹੈ। ੮।

ਅਜੇ ਵੀ ਸਾਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਕੌਮ ਅਤੇ ਉਸ ਦੇ ਅਖੌਤੀ ਲੀਡਰਾਂ ਨੇ ਵਿਸ਼ਣੂ ਅਤੇ ਉਸ ਦੇ ਬ੍ਰਾਹਮਣ ਦੇ ਮਨ-ਘੜਤ ਬਣਾਏ ਹੋਏ ਅਵਤਾਰਾਂ ਤੋਂ ਕੀ ਲੈਣਾ ਹੈ? ਦੇਖੋ, ਬਿੱਪਰ ਨੇ ੧੯੪੭ ਅਤੇ ੧੯੬੬ ਤੋਂ ਕਿਵੇਂ ਢਾਈ ਕਦਮ ਅਨੁਸਾਰ ਸਿੱਖਾਂ ਦੇ ਵਿਸ਼ਾਲ ਪੰਜਾਬ ਦੇਸ਼ ਨੂੰ ਹਜ਼ਮ ਕਰ ਲਿਆ। ਹੁਣ ਰਹਿੰਦਾ-ਖੂੰਹਦਾ ਹਿੱਸਾ ਬਾਦਲ ਆਪਣੇ ਸਰੀਰ ਦੁਆਰਾ ਭੇਟਾ ਕਰ ਦੇਵੇਗਾ। ਜੇ ਮੋਦੀ ਨੂੰ ਵੀ ਇਸ ਬ੍ਰਾਹਮਣ ਦੇ ਛਲਣ ਪ੍ਰਸੰਗ ਬਾਰੇ ਪਤਾ ਲਗ ਗਿਆ ਤਾਂ ਹੋ ਸਕਦਾ ਹੈ ਕਿ ਉਹ ਵਿਸ਼ਣੂ ਅਤੇ ਉਸ ਦੇ ਬੌਣੇ ਬ੍ਰਾਹਮਣ ਨੂੰ ਹੁਕਮ ਕਰ ਦੇਵੇ ਕਿ ਢਾਈ ਕਦਮਾਂ ਦੀ ਕਰਾਮਾਤ ਦੁਆਰਾ ਸਾਰੀ ਦੁਨੀਆ `ਤੇ ਕਬਜ਼ਾ ਕਰ ਲਏ ਕਿਉਂਕਿ ਉਸ ਨੇ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਇੱਕਵੀਂ ਸਦੀ ਵਿੱਚ ਹਿੰਦੂਆਂ ਦਾ ਰਾਜ ਹੋਵੇਗਾ!

ਬੇਨਤੀ ਹੈ ਕਿ ਸਾਰੇ ਸਿੱਖਾਂ ਦਾ ਇੱਕ ਹੀ ਧਰਮ-ਗਰੰਥ: "ਗੁਰੂ ਗਰੰਥ ਸਾਹਿਬ" ਹੈ। ਇਵੇਂ ਹੀ, ਇੱਕ ਅਕਾਲ ਪੁਰਖ ਹੀ ਸੱਭ ਲੋਕਾਈ ਦਾ ਪਾਲਣਹਾਰ ਹੈ। ਇਸ ਲਈ, ਸਾਨੂੰ ਕਿਸੇ ਹੋਰ ਹਿੰਦੂ ਅਵਤਾਰਾਂ ਅਤੇ ਦੇਵੀ-ਦੇਵਤਿਆਂ ਦੀਆਂ ਮਨ-ਘੜਤ ਕਹਾਣੀਆਂ `ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਬ੍ਰਾਹਮਣ ਦੇ ਘੜ੍ਹੇ ਹੋਏ ਐਸੇ ਝੂਠੇ ਪ੍ਰਸੰਗਾਂ ਵਿੱਚ ਕੋਈ ਸਚਾਈ ਨਹੀਂ!

ਆਓ, ਸੱਚੀ ਬਾਣੀ ਨਾਲ ਜੁੜੇ ਰਹੀਏ, (ਗੁਰੂ ਗਰੰਥ ਸਾਹਿਬ: ਪੰਨਾ ੧੩੭੭): "ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ ੨੩੭॥"

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

੧ ਅਕਤੂਬਰ ੨੦੧੫




.