. |
|
ਭੱਟ ਬਾਣੀ-71
ਬਲਦੇਵ ਸਿੰਘ ਟੋਰਾਂਟੋ
ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ।।
ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ।।
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ।।
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ।। ੫।।
(ਪੰਨਾ ੧੪੦੯)
ਪਦ ਅਰਥ:- ਤਮ –
ਹਨੇਰਾ। ਮਹਾ – ਘੋਰ। ਜਗ ਅਉਰੁ ਨ ਯਾਹਿ ਮਹਾ ਤਮ – ਜਗਤ ਕਿਤੇ ਹੋਰ ਘੋਰ ਹਨੇਰੇ
ਵਿੱਚ ਨਾ ਚੱਲਿਆ ਜਾਵੇ। ਮੈ ਅਵਤਾਰੁ ਉਜਾਗਰੁ ਆਨਿ ਕੀਅਉ – ਮੈਂ ਅਵਤਾਰ ਧਾਰ ਕੇ ਆਣ ਕੇ
ਚਾਨਣ ਕੀਤਾ ਹੈ। ਤਿਨ ਕੇ ਦੁਖ ਕੋਟਿਕ ਦੂਰਿ ਗਏ – ਉਹ ਅਨੇਕਾਂ (ਅਜਿਹੇ ਅਵਤਾਰਵਾਦੀਆਂ ਦੀ
ਅਗਿਆਨਤਾ ਦੇ) ਦੁੱਖ ਤੋਂ ਦੂਰ ਹੋ ਗਏ। ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ – ਮਥਰਾ ਆਖਦਾ
ਹੈ ਜਿਨ੍ਹਾਂ ਨੇ ਨਾਮ ਅੰਮ੍ਰਿਤ ਪੀਤਾ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਇਸ ਪਧਤਿ –
ਇਸ ਮਾਰਗ `ਤੇ – ਇਸ ਮਾਰਗ ਤੋਂ। ਮਤ – ਅਕਲ, ਸੱਚ। ਚੂਕਹਿ – ਖੁੰਝ ਕੇ।
ਰੇ ਮਨ – ਹੇ ਮਨ। ਭੇਦੁ ਬਿਭੇਦੁ ਨ ਜਾਨ ਬੀਅਉ – ਵਾਦ ਵਿਵਾਦ ਜਾਨਣ ਦੀ ਲੋੜ ਨਹੀਂ।
ਪਰਤਛਿ – ਪ੍ਰਤੱਖ, ਸਾਹਮਣੇ ਹੈ। ਰਿਦੈ – ਹਿਰਦੇ ਵਿੱਚ। ਗੁਰ – ਗਿਆਨ।
ਅਰਜੁਨ – ਅਰਜਨ ਦੇਵ ਜੀ ਦੇ। ਹਰਿ ਪੂਰਨ ਬ੍ਰਹਮਿ – ਪੂਰਨ ਬ੍ਰਹਮ ਹਰੀ।
ਨਿਵਾਸੁ – ਨਿਵਾਸ, ਟਿਕਾਅ। ਲੀਅਉ – ਲੈਣਾ ਚਾਹੀਦਾ ਹੈ।
ਅਰਥ:- ਹੇ ਭਾਈ! ਜਿਹੜੇ (ਅਖੌਤੀ ਅਵਤਾਰਵਾਦੀ) ਇਹ ਦਾਅਵਾ ਕਰਦੇ ਸਨ ਕਿ
ਜਗਤ ਵਿੱਚ ਕਿਤੇ ਹੋਰ ਘੋਰ ਹਨੇਰਾ ਨਾ ਹੋ ਜਾਏ, ਇਸ ਕਰਕੇ ਮੈਂ (ਅਸੀ) ਅਵਤਾਰ ਧਾਰ ਕੇ ਚਾਨਣ ਕੀਤਾ
ਹੈ। ਮਥਰਾ ਆਖਦਾ ਹੈ ਕਿ ਜਿਨ੍ਹਾਂ ਨੇ ਨਾਮ ਅੰਮ੍ਰਿਤ ਪੀਤਾ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ
ਅਪਣਾਇਆ, ਉਹ ਅਨੇਕਾਂ (ਅਜਿਹੇ ਅਵਤਾਰਵਾਦੀਆਂ ਦੀ ਅਗਿਆਨਤਾ ਦੇ) ਰੋਗ ਤੋਂ ਦੂਰ ਹੋ ਗਏ ਭਾਵ ਬਚ ਗਏ।
ਹੇ ਮੇਰੇ ਮਨ! ਹੁਣ ਇਸ ਸੱਚ ਦੇ ਮਾਰਗ ਤੋਂ ਖੁੰਝ ਕੇ ਕੋਈ ਹੋਰ ਵਾਦ ਵਿਵਾਦ ਜਾਨਣ ਦੀ ਲੋੜ ਨਹੀਂ।
ਇਸ ਲਈ ਹੇ ਮਥਰਾ! ਅਰਜਨ ਦੇਵ ਜੀ ਦਾ ਜੀਵਨ ਤੇਰੇ ਸਾਹਮਣੇ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪੂਰਨ
ਹਰੀ ਦਾ ਗਿਆਨ ਹੈ, ਉਸੇ ਪੂਰਨ ਹਰੀ ਬ੍ਰਹਮ ਦੇ ਗਿਆਨ ਨੂੰ ਪੂਰਨ ਤੌਰ `ਤੇ ਤੈਨੂੰ ਆਪਣੇ ਹਿਰਦੇ
ਵਿੱਚ ਟਿਕਾਅ ਲੈਣਾ ਚਾਹੀਦਾ ਹੈ।
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ।।
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ।।
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ।।
ਜਪ੍ਯ੍ਯਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ।। ੬।।
(ਪੰਨਾ ੧੪੦੯)
ਪਦ ਅਰਥ:- ਜਬ ਲਉ ਨਹੀ ਭਾਗ ਲਿਲਾਰ ਉਦੈ –
ਜਿੰਨਾ ਚਿਰ ਗਿਆਨ ਦਾ ਸੂਰਜ ਉਦੇ ਨਹੀਂ ਸੀ। ਤਬ ਲਉ
ਭ੍ਰਮਤੇ ਫਿਰਤੇ ਬਹੁ ਧਾਯਉ – ਉਦੋਂ ਤੱਕ ਭਰਮ ਵਿੱਚ ਬਹੁਤ ਪਾਸੇ ਭੱਜੇ ਫਿਰਦੇ ਸੀ। ਕਲਿ –
ਅਗਿਆਨਤਾ। ਕਲਿ ਘੋਰ ਸਮੁਦ੍ਰ ਮੈ ਡੂਬਤ ਥੇ ਕਬਹੂ – ਅਗਿਆਨਤਾ ਦੇ ਘੋਰ ਸਮੁੰਦਰ ਵਿੱਚ
ਕਦੀ ਡੁੱਬ ਰਿਹਾ ਸੀ। ਮਿਟਿ ਹੈ – ਹੁਣ (ਅਗਿਆਨਤਾ) ਮਿਟ ਗਈ ਹੈ। ਨਹੀ ਰੇ ਪਛੁਤਾਯਉ –
ਹੇ ਭਾਈ! ਹੁਣ ਪਛਤਾਉਣਾ ਨਹੀਂ ਪਏਗਾ। ਤਤੁ ਬਿਚਾਰੁ – ਅਸਲੀਅਤ ਨੂੰ ਵੀਚਾਰਨ ਲਈ।
ਯਹੈ – ਇਹੀ ਸਮਾਂ ਹੈ। ਮਥਰਾ – ਭੱਟ ਮਥਰਾ ਜੀ। ਜਗ ਤਾਰਨ ਕਉ ਅਵਤਾਰੁ ਬਨਾਯਉ –
ਜਿਹੜੇ ਕਹਿੰਦੇ ਸੀ ਜਗਤ ਦੇ ਤਾਰਨ ਲਈ ਅਸੀਂ ਅਵਤਾਰ ਬਣਾਇਆ-ਧਾਰਿਆ ਹੈ। ਜਪ੍ਯ੍ਯਉ ਜਿਨੑ
ਅਰਜੁਨ ਦੇਵ ਗੁਰੂ – ਜਿਨ੍ਹਾਂ ਨੇ ਅਰਜਨ ਦੇਵ ਜੀ ਦੇ ਦਰਸਾਏ ਗਿਆਨ ਗੁਰੂ ਨੂੰ ਆਪਣੇ ਜੀਵਨ
ਵਿੱਚ ਅਭਿਆਸ (practice)
ਕੀਤਾ। ਸੰਕਟ – ਚੱਕਰ। ਜੋਨਿ ਗਰਭ – ਗਰਭ
ਜੋਨ ਵਿੱਚ ਆਉਣ ਵਾਲੇ ਅਵਤਾਰਵਾਦੀ। ਫਿਰਿ ਸੰਕਟ ਜੋਨਿ ਗਰਭ ਨ ਆਯਉ – ਉਹ ਮੁੜ ਕੇ
ਅਵਤਾਰਵਾਦੀਆਂ ਦੇ ਹੰਕਾਰ ਦੇ ਚੱਕਰ ਵਿੱਚ ਨਹੀਂ ਆਉਂਦੇ। ਗਰਭ – ਹੰਕਾਰ। ਫਿਰਿ –
ਮੁੜ ਕੇ। ਜੋਨਿ – ਜੂਨ ਵਿੱਚ ਆਉਣ ਵਾਲੇ ਅਵਤਾਰਵਾਦੀ।
ਅਰਥ:- ਹੇ ਭਾਈ! ਜਿੰਨਾ ਚਿਰ (ਗਿਆਨ ਦਾ) ਸੂਰਜ ਉਦੇ ਨਹੀਂ ਸੀ ਹੋਇਆ,
ਉਦੋਂ ਤੱਕ ਬਹੁਤ ਪਾਸੇ ਭੱਜੇ ਫਿਰਦੇ ਸੀ। ਮੈਂ ਵੀ ਅਗਿਆਨਤਾ ਦੇ ਘੋਰ ਸਮੁੰਦਰ ਵਿੱਚ ਡੁੱਬ ਰਿਹਾ
ਸੀ। ਹੁਣ (ਅਗਿਆਨਤਾ) ਮਿਟ ਗਈ ਹੈ ਤਾਂ ਹੁਣ ਪਛਤਾਉਣਾ ਨਹੀਂ ਪਏਗਾ। ਹੇ ਭਾਈ! ਮਥਰਾ ਆਖਦਾ ਹੈ ਕਿ
(ਜ਼ਿੰਦਗੀ) ਦਾ ਇਹੀ ਸਮਾਂ ਤੱਤ-ਅਸਲੀਅਤ ਨੂੰ ਵੀਚਾਰਨ ਦਾ ਹੈ। ਜਿਨ੍ਹਾਂ ਨੇ ਅਰਜਨ ਦੇਵ ਜੀ ਦੇ
ਦਰਸਾਏ ਗਿਆਨ ਨੂੰ ਗੁਰੂ ਕਰਕੇ ਆਪਣੇ ਜੀਵਨ ਵਿੱਚ ਅਪਣਾਇਆ, ਉਹ ਮੁੜ ਜਿਹੜੇ ਅਵਤਾਰਵਾਦੀ ਇਹ ਦਾਅਵਾ
ਕਰਦੇ ਹਨ ਕਿ ਜਗਤ ਨੂੰ ਤਾਰਨ ਲਈ ਅਸੀਂ ਅਵਤਾਰ ਧਾਰਨ ਕੀਤਾ ਹੈ, ਉਨ੍ਹਾਂ ਅਵਤਾਰਵਾਦੀ ਹੰਕਾਰੀਆਂ ਦੇ
ਹੰਕਾਰ ਦੇ ਚੱਕਰ ਵਿੱਚ ਨਹੀਂ ਆਉਂਦੇ।
|
. |