‘ਜਪੁ’ ਬਾਣੀ ਰਾਹੀਂ ਕੂੜਿਆਰੇ ਮਨ ਨੂੰ ਕੂੜ ਬਾਰੇ ਸੋਝੀ ਅਤੇ ਸਚਿਆਰ ਬਣਨ
ਦੀ ਜੀਵਨ ਜਾਚ ਦ੍ਰਿੜ੍ਹ ਕਰਾਈ ਗਈ ਹੈ।
‘ਜਪੁ’ - ਦ੍ਰਿੜ੍ਹ ਕਰਕੇ ਜੀਊਣਾ।
ਪਉੜੀ 1
‘ਸੋਚੈ ਸੋਚਿ ...’ - ਅਪਵਿਤ੍ਰਤਾ ਆਰੰਭ
‘ਚੁਪੈ ਚੁਪ ...’ - ਮਨ ਖਾਹਸ਼ਾਂ ਦਾ ਸ਼ੋਰ ਪਾਂਦੈ
‘ਭੁਖਿਆ ਭੁਖ ...’ - ਅਸੰਤੋਖੀ ਮਨ ਰਜਦਾ ਨਹੀਂ
‘ਸਹਸ ਸਿਆਣਪਾ ...’ - ਚਤੁਰਾਈ ਸਿਆਣਪਾ ਨਾਲ ਸੁੱਖ ਭਾਲਦੈ
ਉਪਰੋਕਤ ਬਿਮਾਰੀਆਂ ਤੋਂ ਛੁੱਟਣ ਦੀ ਚਾਹ ਹੀ ਸਚਿਆਰੇ ਬਣਨ ਦੇ ਸਫਰ ਦੀ
ਆਰੰਭਤਾ ਹੈ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਸੋਚੈ: ਬਾਹਰਲੀ ਸੁਚਮਤਾ। ਸੋਚਿ: ਮਨ ਦੀ ਸੁਚਮਤਾ, ਪਵਿਤਰਤਾ।
ਤੀਰਥਾਂ ’ਤੇ ਨਹਾ ਕੇ, ਲੱਖਾਂ ਜਤਨ ਕਰਕੇ (ਬਾਹਰਲੀ ਤਨ ਦੀ ਸੁਚਮਤਾ ਕਰਕੇ
ਵੀ) ਮਨ ਦੀ ਸੁਚਮਤਾ (ਪਵਿਤਰਤਾ) ਨਹੀਂ ਹੋ ਸਕਦੀ।
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਚੁਪੈ: ਬਾਹਰਲੀ ਚੁਪ। ਚੁਪ: ਮਨ ਦੀ ਚੁਪ।
ਬਾਹਰੋਂ ਚੁਪ ਰਹਿਕੇ, ਸਮਾਧੀਆਂ ਲਾਕੇ ਮੌਨ ਧਾਰਨ ਕਰਨ ਨਾਲ ਵੀ ਮਨ ਚੁਪ
ਨਹੀਂ ਹੋ ਸਕਦਾ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਦੁਨੀਆਂ ਦੇ ਢੇਰ ਪਦਾਰਥ ਪ੍ਰਾਪਤ ਕਰਕੇ, ਭੁੱਖੇ ਰਹਿ ਕੇ ਵੀ ਮਨ ਦੀ ਭੁੱਖ
ਨਹੀਂ ਲੱਥ ਸਕਦੀ।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਰੱਬੀ ਇੱਕਮਿਕਤਾ ਦੇ ਰਾਹ ’ਤੇ ਲੱਖਾਂ ਸਿਆਣਪਾਂ ਚਤੁਰਾਈਆਂ ਕਰਮਕਾਂਡ ਕਿਸੇ
ਕੰਮ ਨਹੀਂ ਆਉਂਦੇ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਮਨ ਦੀ ਕੂੜ ਤੋਂ ਛੁੱਟਕੇ ਸਾਡਾ ਮਨ ਸਚਿਆਰ ਕਿਵੇਂ ਬਣ ਸਕਦਾ ਹੈ?
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥
ਰੱਬੀ ਇਕਮਿਕਤਾ ਦੀ ਅਵਸਥਾ ’ਚ ਨਾਨਕ ਜੀ ਸਮਝਾ ਰਹੇ ਹਨ ਕਿ ਹਿਰਦੇ ਘਰ ’ਚ
ਵਸਦੇ ਰੱਬ ਜੀ ਦਾ ਸੁਨੇਹਾ ਸਾਡੇ ਨਾਲ ਲਿਖਿਆ ਹੈ ਉਸੀ ਸੁਨੇਹੇ ਨੂੰ ਸੁਣ ਮੰਨ ਕੇ ਅਮਲੀ ਜੀਵਨ ਜਿਊਣ
ਨਾਲ ਕੂੜ ਦੀ ਪਾਲਿ ਤੋਂ ਛੁਟ ਕੇ ਸਚਿਆਰ ਬਣਦੇ ਹਾਂ।
ਵੀਰ
ਭੁਪਿੰਦਰ ਸਿੰਘ