.

“ਸੰਬੰਧਕ” ਭਾਗ ੧

ਹਰਜਿੰਦਰ ਸਿੰਘ 'ਘੜਸਾਣਾ'

"ਉਹ ਸ਼ਬਦ ਜੋ ਨਾਂਵ ਅਤੇ ਪੜਨਾਂਵ ਦੇ ਪਿੱਛੇ ਲੱਗ ਕੇ ਉਸ ਦਾ ਸੰਬੰਧ ਕਿਰਿਆ ਜਾਂ ਹੋਰ ਵਾਕ ਨਾਲ ਪ੍ਰਗਟ ਕਰੇ, ਸੰਬੰਧਕ ਕਹੀਦਾ ਹੈ।" ਪੁਰਾਤਨ ਸਮੇਂ ਅੰਦਰ ਸਮੂਹ ਭਾਸ਼ਾਵਾਂ ਸੰਜੋਗਾਤਮਿਕ ਹੋਣ ਕਾਰਣ,ਉਹਨਾ ਵਿਚਲੇ ਨਾਵਾਂ,ਪੜਨਾਵਾਂ ਸ਼ਬਦਾਂ ਨਾਲ 'ਕਾਰਕੀ-ਕਿੰਨ੍ਹ' ਜੋੜ ਦਿੱਤੇ ਜਾਂਦੇ ਸਨ।ਇਹ ਚਿੰਨ੍ਹ ਹੀ ਸੰਬੰਧਕੀ ਪਦਾਂ ਦਾ ਕੰਮ ਕਰਦੇ ਹੋਣ ਕਾਰਣ ਵੱਖਰੇ ਸੰਬੰਧਕੀ ਚਿੰਨ੍ਹਾਂ ਦੀ ਵਰਤੋਂ ਨਹੀਂ ਹੁੰਦੀ ਸੀ।'ਅਪਭੰ੍ਰਸ਼' ਅਤੇ ਪੁਰਾਤਨ ਪੰਜਾਬੀ ਵਿੱਚ ਸਮਾਂ ਪਾ ਕੇ 'ਕਾਰਕਾਂ' ਦੇ ਰੂਪ ਬਦਲਣ ਲੱਗ ਪਏ।ਤਕਰੀਬਨ ਇਕੋ ਹੀ 'ਕਾਰਕੀ-ਚਿੰਨ੍ਹ' ਕਈ 'ਕਾਰਕਾਂ' ਬਾਬਤ ਵਰਤਿਆ ਜਾਣ ਲੱਗ ਪਿਆ।ਤਾਂ ਇਹ ਗੜਬੜ ਹੋਣ ਕਾਰਣ ਅਰਥਾਂ ਵਿੱਚ ਭੁਲੇਖਾ ਨਾ ਪਵੇ,'ਸੰਬੰਧਕਾਂ' ਦਾ ਜਨਮ ਹੋਣ ਲੱਗ ਪਿਆ। ਸੰਸਕ੍ਰਿਤ ਵਿੱਚ ਆਪਣੇ ਗਿਣੇ-ਮਿੱਥੇ ਤਰੀਕੇ ਨਾਲ 'ਸੰਬੰਧਕਾਂ' ਦੀ ਵਰਤੋਂ ਹੋਣ ਲੱਗ ਪਈ।ਪਹਿਲਾਂ ਜੋ ਅਰਥ-ਭੇਦ 'ਕਾਰਕੀ-ਚਿੰਨ੍ਹਾਂ' ਦੁਆਰਾ ਪ੍ਰਗਟ ਕੀਤਾ ਜਾਂਦਾ ਸੀ,ਬਾਅਦ 'ਚ 'ਸੰਬੰਧਕਾਂ'ਰਾਹੀਂ ਪ੍ਰਗਟ ਹੋਣ ਲੱਗ ਪਿਆ।ਪੁਰਾਣੀ ਸੰਸਕ੍ਰਿਤ 'ਚ ਅਤੇ ਨਵੀਨ ਸੰਸਕ੍ਰਿਤ 'ਚ 'ਸੰਬੰਧਕੀ-ਪਦਾਂ' ਦੀ ਬਜਾਇ 'ਕਾਰਕੀ-ਚਿੰਨ੍ਹਾਂ' ਦੀ ਪ੍ਰਯੋਗ਼ ਹੁੰਦਾ ਸੀ।ਪੁਰਾਣੀ ਸੰਸਕ੍ਰਿਤ(ਪ੍ਰਾਕ੍ਰਿਤ)'ਚ ਸਾਰੇ ਕਾਰਕਾਂ ਲਈ ਵੱਖਰੇ-ਵੱਖਰੇ ਕਾਰਕੀ-ਚਿੰਨ੍ਹ ਵਰਤੇ ਜਾਂਦੇ ਸਨ,ਪਰ ਸਮੇਂ ਦੇ ਵੇਗ਼ ਨਾਲ ਇਹ ਦਸਤੂਰ ਖ਼ਤਮ ਹੋ ਗਿਆ।ਇਕੋ ਚਿੰਨ੍ਹ,ਕਈ ਕਾਰਕਾਂ ਲਈ ਵਰਤਿਆ ਜਾਣ ਕਾਰਣ, ਕਾਰਕੀ-ਚਿੰਨ੍ਹਾਂ ਦੀ ਵਰਤੋਂ ਅਤੇ ਮਹਤੱਤਾ ਘਟ ਗਈ।ਉਂਜ ਨਵੀਨ ਸੰਸਕ੍ਰਿਤ ਵਿੱਚ ਸੰਬੰਧਕੀ- ਪਦਾਂ ਦੀ ਬਜਾਇ 'ਕਾਰਕੀ-ਚਿੰਨ੍ਹਾਂ'ਦੀ ਵਰਤੋਂ ਹੁੰਦੀ ਹੈ, ਜਿਵੇਂ: 'ਰਾਮ' ਪੁਲਿੰਗ ਨੂੰ 'ਕਰਤਾ ਕਾਰਕ' ਬਨਾਉਣ ਲਈ 'ਰਾਮਸ੍ਹ:' ਜਾਂ 'ਰਾਮੋ' ਲਿਖਿਆ ਜਾਂਦਾ ਹੈ।ਪੁਲਿੰਗ ਦੇ ਅੰਤ 'ਸ੍ਹ:+ਓ' ਕਾਰਕੀ-ਚਿੰਨ੍ਹ ਜੋੜਿਆ ਜਾਂਦਾ ਹੈ।ਇਸ ਤਰ੍ਹਾਂ ਹੀ ਹੋਰ ਕਾਰਕਾਂ ਲਈ ਕਾਰਕੀ-ਚਿੰਨ੍ਹਾਂ ਦਾ ਪ੍ਰਯੋਗ ਹੁੰਦਾ ਹੈ।ਗੁਰਬਾਣੀ, 'ਕਾਵਿ' ਅਤੇ 'ਵਾਰਤਕ' ਵਿੱਚ ਹੋਣ ਕਾਰਣ;ਇਸ ਵਿੱਚ ਸੰਬੰਧਕੀ ਪਦਾਂ ਦੀ ਅਤੇ ਕਾਰਕੀ-ਚਿੰਨਾਂ ਦੀ ਵਰਤੋਂ ਹੋਈ ਹੈ।ਗੁਰਬਾਣੀ ਵਿੱਚ ਜਦੋਂ ਕਿਸੇ 'ਨਾਂਵ' ਸ਼ਬਦ ਵਿੱਚੋਂ ਲੁਪਤ ਜਾਂ ਪ੍ਰਤੱਖ ਸੰਬੰਧਕ ਆ ਜਾਂਦਾ ਹੈ ਤਾਂ ਉਹੀ ਸੰਸਕ੍ਰਿਤ ਦੀ ਵਿਆਕਰਣ ਵਾਲਾ ਤਰੀਕਾ ਅਪਨਾਇਆ ਹੈ,ਸੰਬੰਧਤ ਸ਼ਬਦ ਦੇ ਅੰਤ ਆਇਆ 'ਔਂਕੜ' ਹਟਾ ਦਿਤਾ ਜਾਂਦਾ ਹੈ।ਇੱਕ ਗੱਲ ਖ਼ਾਸ ਕਰਕੇ ਯਾਦ ਰੱਖਣ ਵਾਲੀ ਹੈ,ਸੰਬੰਧਕ ਆਇਆਂ 'ਨਾਂਵ' ਸ਼ਬਦ ਦੀ ਔਂਕੜ ਜ਼ਰੂਰ ਹਟੇਗੀ।ਜੇਕਰ 'ਨਾਂਵ'ਸ਼ਬਦ ਦੇ ਅਗਾਂਹ ਸੰਬੰਧਕ ਆਉਣ ਕਾਰਣ ਭੀ ਔਂਕੜ ਨਹੀਂ ਹਟੀ ਤਾਂ ਉਹ ਔਂਕੜ ਸਪਸ਼ੱਟ ਕਰਦੀ ਹੈ ਕਿ 'ਨਾਂਵ' ਸ਼ਬਦ ਦਾ ਸੰਬੰਧਕ ਸ਼ਬਦ ਨਾਲ ਕੋਈ ਸੰਬੰਧ ਨਹੀਂ।ਜਿਵੇਂ :"ਪਰੁ ਨਜੀਕ ਿਨ ਬੂਝੈ ਬਪੁਡ਼ੀ ਸਤਗੁਰ ਿਦੀਆ ਦਖਾਈ ॥੮॥ (ਪੰ:/੧੨੭੪) ਉਕਤ ਪੰਗਤੀ ਵਿੱਚ 'ਪਿਰੁ' ਇਕਵਚਨ ਨਾਂਵ ਸ਼ਬਦ ਹੈ,ਜਿਸ ਦੇ ਅੰਤ ਔਂਕੜ ਹੈ।'ਨਜੀਕਿ' ਸੰਬੰਧਕੀ-ਸ਼ਬਦ ਹੋਣ ਕਾਰਣ ਇਸ ਦਾ ਸੰਬੰਧ 'ਪਿਰੁ' ਨਾਲ ਨਾਂ ਹੋਣ ਕਾਰਣ,ਸੰਬੰਧਤ ਸ਼ਬਦ ਦੀ ਔਂਕੜ ਨਹੀਂ ਹਟੀ।ਜਦੋਂ ਨਾਂਵ-ਵਾਚੀ ਸ਼ਬਦ ਦਾ ਸੰਬੰਧ, ਸੰਬੰਧਕ ਨਾਲ ਹੋਇਗਾ;ਫਿਰ ਔਂਕੜ ਜ਼ਰੂਰ ਹਟੇਗੀ।ਗੁਰਬਾਣੀ ਵਿੱਚ ਜਿਥੇ'ਨਾਂਵ/ਪੜਨਾਂਵ' ਸ਼ਬਦਾਂ ਨਾਲ ਸੰਬੰਧਕਾਂ ਦੀ ਵਰਤੋਂ ਕੀਤੀ ਹੋਈ ਹੈ,ਉਥੇ ਕਾਰਕੀ-ਚਿੰਨ੍ਹਾਂ ਦੀ ਵਰਤੋਂ ਨਹੀਂ ਕੀਤੀ ਗਈ,ਕਿਉਂਕਿ ਇਸ ਹਾਲਤ ਵਿੱਚ ਇਹ ਬੇਲੋੜੀ ਸੀ।ਪਰ ਕਈ ਥਾਵਾਂ 'ਤੇ ਵੇਖਣ ਵਿੱਚ ਆਉਂਦਾ ਹੈ ਕਿ ਕੁੱਝ ਨਾਂਵ-ਵਾਚੀ ਸ਼ਬਦਾਂ ਮਗਰੋਂ ਸੰਬੰਧਕਾਂ ਦੀ ਵਰਤੋਂ ਵੀ ਕੀਤੀ ਹੋਈ ਹੈ ਅਤੇ ਨਾਲ ਹੀ ਅਜਿਹੇ ਨਾਂਵ -ਵਾਚੀ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਮਾਤ੍ਰਿਕ-ਚਿੰਨ੍ਹ (ਔਂਕੜ/ਸਿਹਾਰੀ)ਭੀ ਲੱਗਾ ਮਿਲਦਾ ਹੈ।ਐਸੀ ਸਥਿਤੀ ਵਿੱਚ ਧਿਆਨ ਰੱਖਣਾ ਹੈ ਕਿ ਉਹ ਮਾਤ੍ਰਿਕ-ਚਿੰਨ੍ਹ ਮੂਲਕ-ਅੰਗੀ ਹੈ,ਮੂਲਕ-ਅੰਗੀ ਚਿੰਨ੍ਹ 'ਤੇ ਸੰਬੰਧਕ ਪ੍ਰਭਾਵ ਨਹੀਂ ਪਾਏਗਾ।ਮੂਲਕ-ਅੰਗੀ ਸ਼ਬਦਾਂ ਦੀਆਂ ਟੂਕ-ਮਾਤ੍ਰ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ:
"ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥ (ਪੰ:/੪੮੨)
"ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ (ਪੰ:/੧੦)
"ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥ (ਪੰ:/੨੫੫)
ਉਪਰੋਕਤ ਉਦਾਹਰਣਾਂ ਵਿੱਚ 'ਸਾਸੁ, ਹਰਿ, ਛਾਰੁ'ਸ਼ਬਦਾਂ ਅੱਗੇ ਸੰਬੰਧਕ 'ਕੀ, ਕੇ, ਕੀ'ਆਉਣ ਕਾਰਣ ਭੀ 'ਔਂਕੜ,ਸਿਹਾਰੀ' ਮੂਲਕ-ਅੰਗੀ ਹੋਣ ਕਾਰਣ ਨਹੀਂ ਹਟੀ।ਸੋ ਇਹਨਾਂ ਦੋ ਨੇਮਾਂ ਨੂੰ ਯਾਦ ਰੱਖਣਾ ਪਵੇਗਾ ਕਿ 'ਸੰਬੰਧਕ' ਆਉਣ ਕਾਰਣ ਸੰਬੰਧਤ-ਸ਼ਬਦ ਦੀ ਔਂਕੜ/ਸਿਹਾਰੀ ਕਦੋਂ ਨਹੀਂ ਹਟਦੀ।
ਗੁਰਬਾਣੀ ਵਿੱਚ ਵੇਖਣ 'ਤੇ ਇਹ ਭੀ ਪਤਾ ਲਗਦਾ ਹੈ ਕਿ ਇਕ- ਇਕ ਸੰਬੰਧਕ, ਵੱਖ-ਵੱਖ ਅਰਥਾਂ ਵਿੱਚ ਵਰਤਿਆ ਗਿਆ ਹੈ ਅਤੇ ਇੱਕੋ ਹੀ ਅਰਥ-ਭਾਵ ਦੇ ਵਾਚੀ,ਕਈ ਸੰਬੰਧਕ ਗੁਰਬਾਣੀ ਅੰਦਰ ਮਿਲਦੇ ਹਨ।ਸੋ ਗੁਰਬਾਣੀ ਵਿੱਚ ਵਰਤੇ ਹੋਏ ਸਮੂਹ 'ਸੰਬੰਧਕਾਂ' ਦੀਆਂ ਉਦਾਹਰਣਾ ਦਿੱਤੀਆਂ ਜਾਂਦੀਆਂ ਹਨ:
੧. ਨੋ,ਕਉ,ਕੰਉ,ਕੁੰ:
"ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ ( ਪੰ:/੧੧)
ਨੋ-{ਕਰਮ ਕਾਰਕ}ਨੂੰ।
"ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥ (ਪੰ:/੯੬੦)
ਨੋ-{ਸੰਪਰਦਾਨ ਕਾਰਕ}ਲਈ।
"ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (ਪੰ:/ਅੰਗ ੪)
ਕਉ-{ਕਰਮ ਕਾਰਕ}ਨੂੰ।
"ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ (ਪੰ:/੧੩)
ਕਉ-{ਸੰਪਰਦਾਨ ਕਾਰਕ}ਲਈ।
"ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ (ਪੰ:/੧੩੩)
ਕੰਉ-{ਸੰਪਰਦਾਨ ਕਾਰਕ}ਨੂੰ।
"ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ (ਪੰ:/੮੧)
ਕੂੰ-{ਕਰਮ ਕਾਰਕ}ਨੂੰ।
੨.ਬਿਨੁ, ਬਿਨਾ, ਵਿਣੁ, ਵਿਹੂਣਾ, ਵਿਹੂਣੀ, ਬਿਹੂਨ, ਬਾਝੁ, ਬਾਝਹੁ, ਬਾਝੜਿਅਹੁ, ਬਾਹਰਿ: 'ਬਿਨਾ'ਦਾ ਸੰਖਿਪਤ ਅੰਤ-ਔਂਕੜ 'ਬਿਨੁ' ਹੈ ਅਤੇ ਕਈ ਵਾਰ ਕਾਵਿਕ ਤੌਰ 'ਤੇ 'ਵਿਣੁ,ਵਿਹੂਣਾ,ਵਿਹੂਣੀ' ਹੋ ਜਾਂਦਾ ਹੈ।ਸੰਸਕ੍ਰਿਤ ਵਿੱਚ ਇਹ ਸ਼ਬਦ ਦੀ ਵਿਉਤਪਤੀ 'ਵਿਨ, ਬਿਨ, ਬਿਨਾ।'ਭੀ ਹੈ।ਸੰਸਕ੍ਰਿਤ ਵਿੱਚ ਇਸ ਦੀ ਵਰਤੋਂ ਕਰਮ ਕਾਰਕ ਬਹੁਵਚਨ/ਇਕਵਚਨ ਅਧੀਨ ਹੁੰਦੀ ਹੈ,ਪਰ ਗੁਰਬਾਣੀ ਵਿੱਚ ਇਹ ਸੰਬੰਧਕ ਲਿੰਗ ਅਤੇ ਵਚਨ ਦੇ ਪ੍ਰਭਾਵ ਤੋਂ ਮੁਕਤ ਹੀ ਹੈ।
"ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ (ਪੰ:/੧੮)
"ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥ (ਪੰ:/੧੭੦)
"ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥ (ਪੰ:/੫੬)
"ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫ (ਪੰ:/੯੩੧)
"ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ (ਪੰ:/੩੮)
"ਨਾਮ ਬਿਹੂਣ ਮੁਕਤਿ ਕਿਉ ਹੋਇ ॥ (ਪੰ:/੧੨੩੭)
"ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥ (ਪੰ:/੪੬੦)
"ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥ (ਪੰ:/੪੦੫)
"ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥ (ਪੰ:/੪੫੨)
"ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ (ਪੰ:/੧੬੯)
'ਬਾਹਰਿ' ਪਦ ਜਦੋਂ ਨਾਂਵ ਕਰਕੇ ਆਉਂਦਾ ਹੈ ਤਾਂ ਇਸ ਦਾ ਰੂਪ ਵੱਖਰਾ ਹੁੰਦਾ ਹੈ।
੩. 'ਕਾ, ਕੀ, ਕੇ, ਕੈ, ਕੀਆ, ਸੰਦੜੀ, ਹੰਦਾ, ਚੋ, ਚੀ':
"ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥ (ਪੰ:/੧੮)
ਸਤਿਗੁਰ ਕਾ-{ਸੰਬੰਧ ਕਾਰਕ}ਸਤਿਗੁਰ ਦਾ।
"ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥ (ਪੰ:/੨੪)
ਖਸਮ ਕੀ-{ਸੰਬੰਧ ਕਾਰਕ}ਖਸਮ ਦੀ।
"ਗੁਰ ਕੇ ਚਰਨ ਮਨ ਮਹਿ ਧਿਆਇ ॥ (ਪੰ:/੫੧)
ਗੁਰ ਕੇ -{ਸੰਬੰਧ ਕਾਰਕ} ਗੁਰੂ ਦੇ।
"ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ (ਪੰ:/੭੪੯)
ਜਨ ਕੈ-{ਅਪਾਦਾਨ ਕਾਰਕ}ਸੇਵਕਾਂ ਤੋਂ।
"ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ (ਪੰ:/੧੨੯੦)
ਕੀਆਂ-{ਸੰਬੰਧ ਕਾਰਕ ਇਸਤਰੀ ਲਿੰਗ ਬਹੁਵਚਨ}ਦੀਆਂ।
"ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥ (ਪੰ:/੩੨੨)
ਸੰਦੜੀ-{ਸੰਬੰਧ ਕਾਰਕ}ਦੀ।
"ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥ (ਪੰ:/੯੬੮)
ਹੰਦਾ -{ਸੰਬੰਧ ਕਾਰਕ}ਦਾ।
"ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ (ਪੰ:/੪੮੮)
ਚੋ-(ਸੰਬੰਧ ਕਾਰਕ)ਦਾ।
"ਸੰਤ ਚੀ ਸੰਗਤਿ ਸੰਤ ਕਥਾ ਰਸੁ ॥ (ਪੰ:/੪੮੬)
ਚੀ-(ਸੰਬੰਧ ਕਾਰਕ) ਦੀ।
'ਚੋ' ਅਤੇ 'ਚੀ' ਮਰਾਠੀ-ਭਾਸ਼ਾ ਦੇ ਤੱਤਸਮ 'ਸੰਬੰਧਕ' ਹਨ।
੪. 'ਖੇ,ਰੋ,ਮਿਆਨੇ,ਮਿਕਦਾਰਾ,ਸਾਰਖੇ,ਵਾਗੀ':
"ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥ (ਪੰ:/੩੧੯)
'ਖੇ' ਸਿੰਧੀ ਦਾ ਸੰਬੰਧਕ ਹੈ।
"ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ (ਪੰ:/੭੧੫)
'ਰੋ' ਮਾਰਵਾੜੀ ਦਾ ਸੰਬੰਧਕ ਹੈ।
"ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ (ਪੰ:/੭੨੭)
'ਮਿਆਨੇ'-{ਫਾਰਸੀ}ਵਿੱਚ।
"ਮਨੁ ਮੈ ਮਤੁ ਮੈਗਲ ਮਿਕਦਾਰਾ ॥ (ਪੰ:/੬੬੫)
ਮਿਕਦਾਰਾ-ਬਰਾਬਰ।
"ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥ (ਪੰ:/੧੩੭੪)
ਸਾਰਖੇ-ਵਰਗੇ।
"ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥ (ਪੰ:੧੦੧੯)
ਵਾਗੀ-ਵਾਂਗ।
ਚਲਦਾ.......
ਭੁੱਲ-ਚੁੱਕ ਦੀ ਖਿਮਾਂ
ਹਰਜਿੰਦਰ ਸਿੰਘ 'ਘੜਸਾਣਾ'
[email protected]




.