ਕੀ ਅਨ-ਮੱਤਾਂ (ਗੁਰਮਤਿ ਤੋਂ ਇਲਾਵਾ ਹੋਰ ਸਾਰੇ ਮੱਤਾਂ) `ਚੋਂ ਕਿਸੇ ਵੀ
ਮੱਤ ਦੇ ਫ਼ਲਸਫ਼ੇ `ਤੇ ਅਮਲ ਕਰ ਕੇ ਸਦੀਵੀ ਵਿਸ਼ਵ-ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ?
ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਜਿਸ ਦਾ ਇਨ੍ਹਾਂ ਮੱਤਾਂ ਦੇ
ਬੁਨਿਆਦੀ ਫ਼ਲਸਫ਼ਿਆਂ `ਤੇ ਇੱਕ ਸੰਖੇਪ ਨਜ਼ਰ ਮਾਰ ਕੇ ਹੀ ਕੋਈ ਸਾਰਥਕ ਉੱਤਰ ਲੱਭਿਆ ਜਾ ਸਕਦਾ ਹੈ। ਪਰ,
ਇਹ ਇੱਕ ਅਟੱਲ ਹਕੀਕਤ ਹੈ ਕਿ ਸੰਸਾਰ ਵਿੱਚ ਸਦੀਵੀ ਤੇ ਚੰਗਾ ਭਾਈਚਾਰਾ ਜਾਂ ਸਦੀਵੀ-ਸ਼ਾਂਤੀ ਕਿਸੇ
ਧਰਮ-ਗ੍ਰੰਥ ਦੇ ਗਿਣਤੀਆਂ (ਇਕੋਤਰੀਆਂ, ਅਠੋਤਰੀਆਂ ਆਦਿ) ਦੀਆਂ, ਪਾਖੰਡੀ ਸਾਧਾਂ ਦੁਆਰਾ ਮਨੁੱਖਤਾ
ਨੂੰ ਮੂਰਖ ਬਣਾ ਕੇ ਸ਼ੋਸ਼ਨ ਕਰਨ ਲਈ ਪ੍ਰਚੱਲਤ ਕੀਤੀਆਂ ਪਾਠਾਂ ਦੀਆਂ ਲੜੀਆਂ ਚਲਾ ਕੇ, ‘ਜੋਤਿਸ਼
ਵਿੱਦਿਆ’ ਦਾ ਸਹਾਰਾ ਲੈ ਕੇ, ਭਾਂਤ-ਭਾਂਤ ਦੇ ਯਗ ਤੇ ਹਵਨ ਕਰਾ ਕੇ, ਬੂਬਨਿਆਂ (ਪਾਖੰਡੀਆਂ) ਸਾਧਾਂ
ਦੀ ਸੇਵਾ ਕਰ/ਕਰਾ ਕੇ, ਟੂਣੇ-ਟਾਂਮਣ ਕਰਾ ਕੇ, ਮੰਤਰ ਮਾਰ ਕੇ, ਮੰਤਰ-ਜਾਪ ਕਰ/ਕਰਾ ਕੇ, ਰਸਮੀ
(ਕਰਮ-ਕਾਂਡੀ) ਅਰਦਾਸਾਂ ਕਰਾ ਕੇ, ਪੁੰਨ-ਦਾਨ ਕਰ/ਕਰਾ ਕੇ ਅਖੌਤੀ ਧਰਮ-ਗੁਰੂਆਂ ਦੀਆਂ ਲੱਤਾਂ ਘੁੱਟ
ਕੇ (ਮੁੱਠੀ-ਚਾਪੀ ਕਰ ਕੇ) ਸਾਧਾਂ ਦੇ ਸੀਤ (ਝੂਠੇ) ਪ੍ਰਸ਼ਾਦੇ ਖਾ ਕੇ, ਮਿਥੇ ਹੋਏ ਧਾਰਮਿਕ ਅਸਥਾਨਾਂ
ਦੇ ਤੀਰਥਾਂ `ਤੇ ਡੁਬਕੀਆਂ ਲਗਾ ਕੇ ਜਾਂ ਹੋਰ ਧਰਮ-ਕਰਮ (ਕਰਮ-ਕਾਂਡ) ਕਰ/ਕਰਵਾ ਕੇ, ਸਰਬੱਤ ਦੇ ਭਲੇ
ਲਈ ਗੁਰੂ ਗ੍ਰੰਥ ਸਾਹਿਬ ਦੇ ਰਸਮੀ (ਕਰਮ-ਕਾਂਡੀ) ਪਾਠ ਕਰਾ ਕੇ, ਪੰਡਿਤਾਂ ਦੇ ਦੱਸੇ ਅਨੁਸਾਰ ਗੀਤਾ,
ਰਮਾਇਣ ਜਾਂ ਕਿਸੇ ਹੋਰ ਧਾਰਮਿਕ ਪੁਸਤਕ ਦੇ ਅਖੰਡ ਪਾਠ ਕਰਾ ਕੇ, ਯੂ. ਐਨ. ਓ. ਵਰਗੀਆਂ ਵਿਸ਼ਵ-ਪੱਧਰੀ
ਸੰਸਥਾਵਾਂ/ਜਥੇਬੰਦੀਆਂ ਕਾਇਮ ਕਰ ਕੇ, ਆਪਣੀਆਂ ਸਿਆਣਪਾਂ ਦੀ ਵਰਤੋਂ ਕਰ ਕੇ, ਪੁੱਠੇ-ਸਿੱਧੇ ਲਟਕ ਕੇ
ਤਪ ਕਰ ਕੇ, ਸ਼ੋਰ-ਸ਼ਰਾਬੇ ਵਾਲੇ ਨਗਰ ਕੀਰਤਨ ਕੱਢ ਕੇ, ਧਰਮ ਸਥਾਨਾਂ `ਤੇ ਲਾਊਡ ਸਪੀਕਰ ਲਗਾ ਕੇ
ਕੰਨ-ਪਾੜਵੀਆਂ ਅਵਾਜਾਂ ਵਿੱਚ ਨਿੱਤਨੇਮ ਤੇ ਹੋਰ ਕਰਮ-ਕਾਂਡੀ ਸਮਾਗਮ ਕਰਾ ਕੇ, ਪ੍ਰਭਾਤ-ਫੇਰੀਆਂ ਕੱਢ
ਕੇ, ਅਤੇ ਹੋਰ ਵਿਖਾਵੇ-ਮਾਤਰ ਦੇ ਧਰਮ-ਕਰਮ ਕਰ/ਕਰਾ ਕੇ ਕਦਾਚਿਤ ਸਥਾਪਤ ਨਹੀਂ ਕੀਤੀ ਜਾ ਸਕਦੀ। ਇਹ
ਗੱਲ ਮੈਂ, ਗੁਰੂ ਆਸਰੇ, ਪੂਰੇ ਯਕੀਨ ਤੇ ਜ਼ਿੰਮੇਵਾਰੀ ਨਾਲ ਲਿਖ ਰਿਹਾ ਹਾਂ।
ਸਦੀਵਕਾਲੀ ਵਿਸ਼ਵ-ਸ਼ਾਂਤੀ ਕਾਇਮ ਕਰਨ ਲਈ ਮੁੱਢਲਾ ਅਸੂਲ: ਮਨੁੱਖ ‘ਸਚਿਆਰਾ’
(ਇਨਸਾਨੀਅਤ ਦਾ ਧਾਰਨੀ) ਬਣ ਜਾਏ
ਫਿਰ, ਸੁਭਾਵਕ ਹੀ ਸਵਾਲ ਪੈਦਾ ਹੋ ਸਕਦੇ ਹਨ ਕਿ ਆਖਿਰ ਉਹ ਕਿਹੜੀ
ਗਿੱਦੜ-ਸਿੰਗੀ ਹੈ (ਜਾਂ ਅਖੌਤੀ ਕਾਮਧੇਨ ਗਊ ਜਾਂ ਕਪਲ ਬਿਰਛ ਹੈ) ਜਿਸ ਦੇ ਪਰਤਾਪ ਕਰ ਕੇ ਸੰਸਾਰੀ
ਲੋਕਾਂ ਦੇ ਮਨਾਂ ਦੀ ਮੈਲ ਧੋ ਕੇ (ਯਾਨੀ ਕਿ ਸਚਿਆਰਾ ਬਣ ਕੇ), ਚੰਗਾ ਭਾਈਚਾਰਾ ਕਾਇਮ ਕਰਨ ਅਤੇ
ਸਦੀਵੀ-ਸ਼ਾਂਤੀ ਦੀ ਮੰਜਲ ਵੱਲ ਵਧਿਆ ਜਾ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਇਲਾਹੀ
(ਗੁਰਮਤਿ) ਫ਼ਲਸਫ਼ਾ ਇਸ ਸਵਾਲ ਦਾ ਇੱਕੋ-ਇੱਕ ਸਰਬ-ਸਾਂਝਾ ਜਵਾਬ ਇਹ ਦਿੰਦਾ ਹੈ ਕਿ ਮਨੁੱਖ ਕਾਦਿਰ ਦੀ
ਕੁਦਰਤਿ ਦੇ ਅਟੱਲ ਨਿਯਮਾਂ ਨੂੰ ਸੁਣ ਕੇ, ਸਮਝ ਕੇ ਤੇ ਮਨੋਂ ਸਵੀਕਾਰ ਕਰ ਕੇ ਆਪਣੇ ਜੀਵਨ ਵਿੱਚ
ਦ੍ਰਿੜਤਾ ਨਾਲ ਧਾਰਨ ਕਰ ਕੇ ਸਚਿਆਰਾ ਬਣ ਸਕਦਾ ਹੈ। ਇਸ ਤਰ੍ਹਾਂ ਨਾਲ ਉਸ ਦਾ ਮਨ ਵਿਕਾਰਾਂ ਤੇ
ਪਾਪਾਂ ਦੀ ਮੈਲ ਤੋਂ ਨਿਰਮਲ ਹੋ ਕੇ ਟਿਕਾਉ ਦੀ ਹਾਲਤ `ਚ ਆ ਜਾਵੇਗਾ। ਇਹ ਹੀ ਸਮੁੱਚੇ ਗੁਰਮਤਿ
ਫ਼ਲਸਫ਼ੇ ਦਾ ਕੇਂਦਰੀ ਸਿਧਾਂਤ ਭੀ ਹੈ। ਮਨੁੱਖ ਦੇ ਸਚਿਆਰਾ ਬਣਨ ਨਾਲ ਨਾ ਸਿਰਫ਼ ਚੰਗਾ
ਵਿਸ਼ਵ-ਪੱਧਰੀ ਭਾਈਚਾਰਾ ਹੀ ਸਥਾਪਤ ਕੀਤਾ ਜਾ ਸਕਦਾ ਹੈ ਬਲਕਿ, ਪ੍ਰਭੂ-ਪਿਤਾ ਦੀ ਰਹਿਮਤ ਦੁਆਰਾ,
ਮਨੁੱਖ ਦੇ ਮਨੁੱਖੀ-ਜੀਵਨ ਦਾ ਉਦੇਸ਼ (ਪ੍ਰਭੂ-ਪਿਤਾ ਵਿੱਚ ਸਦੀਵੀ ਲੀਨਤਾ ਦੁਆਰਾ ਸਦੀਵੀ-ਅਨੰਦ ਦੀ
ਆਤਮਿਕ ਅਡੋਲਤਾ ਵਾਲੀ ਪਰਮ-ਪੱਦ ਦੀ ਅਵੱਸਥਾ, ਸਹਿਜ ਅਵੱਸਥਾ) ਵੀ ਸੁਤੇ-ਸਿੱਧ ਹੀ ਪ੍ਰਾਪਤ ਕੀਤਾ ਜਾ
ਸਕਦਾ ਹੈ।
ਇਸ ਤੋਂ ਪਹਿਲਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਮਨੁੱਖ ਨੂੰ ਸਚਿਆਰਾ ਬਣਾਉਂਣ
ਵਾਲੇ ਬੁਨਿਆਦੀ ਸਿਧਾਂਤਾਂ ਦੀ, ਹਥਲੇ ਵਿਸ਼ੇ `ਤੇ ਕੇਂਦਰਤ ਹੋ ਕੇ, ਵਿਆਖਿਆ ਕੀਤੀ ਜਾਵੇ, ਇਸ ਅਧਿਆਇ
`ਚ ਦੂਜੇ ਮਤਾਂ ਦੇ, ਹਥਲੇ ਵਿਸ਼ੇ ਨਾਲ ਸੰਬੰਧਤ, ਮਾਨਵ-ਵਾਦੀ ਸਿਧਾਂਤਾਂ ਦੀ, ਜਿੰਨੀ ਕੁ ਥੋੜੀ ਜਿਹੀ
ਲੇਖਕ ਨੂੰ ਸੋਝ੍ਹੀ ਹੈ, ਉਸ ਦਾ ਵੀ ਸੰਖੇਪ ਜਿਹਾ ਜ਼ਿਕਰ ਕਰਨਾ ਯੋਗ ਹੋਵੇਗਾ। ਇਨ੍ਹਾਂ ਮੱਤਾਂ ਦੀ
ਵਧੇਰੀ ਜਾਣਕਾਰੀ ਰੱਖਣ ਵਾਲੇ ਵੀਰਾਂ/ਭੈਣਾਂ ਨੂੰ ਸਨਿਮਰ ਬੇਨਤੀ ਹੈ ਕਿ ਆਪਣੇ ਕੀਮਤੀ ਸੁਝਾਅ ਦੇ ਕੇ
ਲੇਖਕ ਦੀ ਇਸ ਵਿਸ਼ੇ `ਤੇ ਸੀਮਤ ਜਾਣਕਾਰੀ `ਚ ਵਾਧਾ ਕਰਨ ਦੀ ਕਿਰਪਾਲਤਾ ਕਰਨ ਤਾਕਿ ਅਗਲੀਆਂ ਲਿਖਤਾਂ
ਵਿੱਚ ਉਨ੍ਹਾਂ ਮਾਨਵ-ਵਾਦੀ ਸਿਧਾਂਤਾਂ ਨੂੰ ਵੀ ਮਨੁੱਖਤਾ ਦੇ ਰੂ-ਬ-ਰੂ ਕਰਨ ਦੀ ਪਰਸੰਨਤਾ ਲਈ ਜਾ
ਸਕੇ।
ਸੰਸਾਰ ਦੇ ਵੱਡੇ ਮਜ਼੍ਹਬਾਂ ਦੇ ਕੇਵਲ ਮੁੱਢਲੇ ਮਾਨਵਵਾਦੀ ਸਿਧਾਂਤਾਂ ਦੀ ਹੀ
ਸੰਖੇਪ ਜਾਣਕਾਰੀ ਅੱਗੇ ਦਰਜ ਕੀਤੀ ਜਾ ਰਹੀ ਹੈ।
ਸੰਸਾਰ ਦੇ ਵੱਡੇ ਮਜ਼੍ਹਬਾਂ (ਮੱਤਾਂ) ਦੇ ਮਾਨਵਵਾਦੀ ਸਿਧਾਂਤ
1. ਯਹੂਦੀ-ਮੱਤ
1. ਖ਼ੁਦਾ ਇੱਕ ਹੈ।
2. ਮੂਰਤੀ-ਪੂਜਾ ਨਹੀਂ ਕਰਨੀ।
3. ਚੋਰੀ-ਜਾਰੀ ਨਹੀਂ ਕਰਨੀ।
4. ਕਿਸੇ ਨੂੰ ਗ਼ੁਲਾਮ ਨਹੀਂ ਬਣਾਉਣਾ।
5. ਝੂਠੀ ਗਵਾਹੀ ਨਹੀਂ ਦੇਣੀ।
6. ਪਰਾਈ ਵਸਤ ਦਾ ਲਾਲਚ ਨਹੀਂ ਕਰਨਾ।
7. ਮਾਤਾ-ਪਿਤਾ ਦਾ ਸਤਿਕਾਰ ਕਰਨਾ।
2. ਜੈਨ-ਮੱਤ
1. ਝੂਠ ਨਹੀਂ ਬੋਲਣਾ।
2. ਜੋ ਆਪ ਨਾ ਦਿੱਤਾ ਹੋਵੇ, ਉਹ ਕਿਸੇ ਤੋਂ ਨਹੀਂ ਲੈਣਾ।
3. ਸੰਸਾਰਕ ਵਸਤਾਂ ਨਾਲ ਮੋਹ ਨਹੀਂ ਪਾਉਣਾ।
4. ਹਿੰਸਾ ਨਹੀਂ ਕਰਨੀ।
5. ਮੂਰਤੀ-ਪੂਜਾ ਨਹੀਂ ਕਰਨੀ।
ਨੋਟ: ਇਹ ਮੱਤ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ।
3. ਬੁੱਧ-ਮੱਤ
1. ਸਹੀ ਦ੍ਰਿਸ਼ਟੀ (ਚੰਗੇ ਵਿਚਾਰਾਂ) ਨੂੰ ਮੰਨਦਾ ਹੈ।
2. ਸਹੀ ਇਰਾਦਾ (ਸੱਚੀ ਨੀਅਤ)।
3. ਸੱਚੀ ਬਾਣੀ (ਸੱਚੇ ਬੋਲ)।
4. ਸਹੀ ਕਰਮ (ਸੱਚਾ ਵਿਹਾਰ)।
5. ਸਹੀ ਰੋਜ਼ੀ (
Right
Livelihood)।
6. ਸਹੀ ਯਤਨ (ਸੱਚਾ ਯਤਨ)।
7. ਸਹੀ ਚੇਤਾ (ਸੱਚਾ ਮਨੋਯੋਗ)।
8. ਸਹੀ ਸਮਾਧੀ (ਸੱਚਾ ਧਿਆਨ)।
9. ਮੂਰਤੀ-ਪੂਜਾ ਦੀ ਸਖ਼ਤ ਮਨਾਹੀ।
10. ਸਦਾਚਾਰ (ਚੰਗਾ ਆਚਰਣ) `ਤੇ ਬਹੁਤ ਜ਼ੋਰ ਦਿੰਦਾ ਹੈ।
11. ਕਰਮ-ਕਾਂਡਾਂ ਨੂੰ ਨਹੀਂ ਮੰਨਦਾ।
12. ਦੇਵੀ-ਦੇਵਤਿਆਂ ਦੀ ਪੂਜਾ ਦੀ ਮਨਾਹੀ ਹੈ।
13. ਵਰਨ-ਆਸ਼ਰਮ ਸਮਾਜਿਕ ਵੰਡ ਨੂੰ ਨਹੀਂ ਮੰਨਦਾ।
14. ਲੋਕਾਚਾਰੀ (ਭੇਡਚਾਲ) ਨੂੰ ਨਹੀਂ ਮੰਨਦਾ।
15. ਯੱਗ, ਬਲੀ, ਹਵਨ ਆਦਿ ਕਰਮ-ਕਾਂਡੀ ਰਸਮਾਂ ਨੂੰ ਨਹੀਂ ਮੰਨਦਾ।
16. ਉਸ ਵਸਤ ਨੂੰ ਸਵੀਕਾਰ ਨਹੀਂ ਕਰਨਾ ਜਿਹੜੀ ਮੈਨੂੰ ਆਪ ਨਾ ਦਿੱਤੀ ਗਈ
ਹੋਵੇ।
17. ਵਿਭਚਾਰ ਨਹੀਂ ਕਰਨਾ।
18. ਨਸ਼ਿਆਂ ਦੀ ਵਰਤੋਂ ਨਹੀਂ ਕਰਨੀ।
19. ਸਭ ਨਾਲ ਮਿਤ੍ਰਤਾ ਦੀ ਭਾਵਨਾ ਰੱਖਣੀ।
20. ਸਭ ਜੀਵਾਂ `ਤੇ ਦਇਆ ਕਰਨੀ।
21. ਦੂਜਿਆਂ ਦੀ ਤਰੱਕੀ ਵੇਖ ਕੇ ਖ਼ੁਸ਼ ਹੋਣਾ।
22. ਸਭ ਜੀਵਾਂ ਪ੍ਰਤੀ ਇੱਕੋ-ਜਿਹਾ ਵਰਤਾਰਾ ਕਰਨਾ (ਸਮ ਦ੍ਰਿਸ਼ਟੀ ਰੱਖਣੀ)।
ਨੋਟ: ਰੱਬ ਦੀ ਹੋਂਦ ਬਾਰੇ ਬੁੱਧ-ਮੱਤ ਖ਼ਾਮੋਸ਼ ਹੈ।
4. ਈਸਾਈ-ਮੱਤ
1. ਰੱਬ ਇੱਕ ਹੈ।
2. ਰੱਬ ਤ੍ਰਿਮੂਰਤੀ (
trinity)
ਵੀ ਹੈ (ਯਾਨੀ ਕਿ, ਖ਼ੁਦ ਪਰਮਾਤਮਾ, ਪਰਮਾਤਮਾ ਦੀ ਪਵਿੱਤ੍ਰ ਆਤਮਾ ਤੇ ਪਰਮਾਤਮਾ ਦਾ ਇਕਲੌਤਾ ਪੁੱਤਰ
ਈਸਾ ਮਸੀਹ)।
3. ਰੱਬ ਸਭ ਚੰਗਿਆਈਆਂ ਦਾ ਮਾਲਿਕ, ਸਭ ਦਾ ਪਿਤਾ, ਸਭ ਨੂੰ ਪਿਆਰ ਕਰਨ ਵਾਲਾ
ਤੇ ਸਦੀਵੀ ਹੋਂਦ ਵਾਲਾ ਹੈ।
4. ਈਸਾਈ-ਮੱਤ ਮਨੁੱਖਤਾ ਵਿਚਕਾਰ ਪਿਆਰ ਤੇ ਸਦਭਾਵਨਾ ਦੀ ਸਿੱਖਿਆ ਦਿੰਦਾ
ਹੈ।
5. ਝਗੜਿਆਂ ਦੀ ਥਾਂ ਖ਼ਿਮਾ ਧਾਰਨ ਦੀ ਗੱਲ ਕਰਦਾ ਹੈ। ਵੰਡ ਕੇ ਛਕਣ ਦੀ ਗੱਲ
ਕਰਦਾ ਹੈ, ਮਿਹਨਤ ਕਰ ਕੇ ਰੋਜ਼ੀ ਕਮਾਉਂਣ ਦੀ ਗੱਲ ਕਰਦਾ ਹੈ।
ਨੋਟ: ਈਸਾਈ ਮੱਤ ਵੀ ਇੱਕੋ-ਇੱਕ ਵਾਹਿਦ ਅਤੇ ਸਰਬ-ਵਿਆਪਕ ਪ੍ਰਭੂ `ਚ ਪੂਰਾ
ਵਿਸ਼ਵਾਸ਼ ਨਹੀਂ ਰਖਦਾ। (ਵੇਖੋ ਉੱਪਰ ਦਿੱਤਾ ਨੁਕਤਾ ਨੰ. 2)।
5. ਇਸਲਾਮ-ਮੱਤ
1. ਇੱਕ ਈਸ਼ਵਰਵਾਦ ਨੂੰ ਮੰਨਦਾ ਹੈ (ਉਸ ਦਾ ਨਾਂ ‘ਅਲਾਹ’ ਹੈ ਤੇ ਹੋਰ ਕਿਸੇ
ਨਾਮ ਨਾਲ ਰੱਬ ਨੂੰ ਯਾਦ ਨਹੀਂ ਕਰਦਾ)।
2. ਅਲਾਹ ਸੱਤਵੇਂ ਅਕਾਸ਼ `ਤੇ ਰਹਿੰਦਾ ਹੈ। (ਯਾਨੀ ਕਿ, ਰੱਬ ਸਰਬ-ਵਿਆਪਕ
ਨਹੀਂ ਹੈ)।
3. ਹਜ਼ਰਤ ਮੁਹੰਮਦ ਹੀ ਸਭ ਤੋਂ ਵੱਡਾ ਤੇ ਆਖਰੀ ਰਸੂਲ (ਪੈਗ਼ੰਬਰ) ਹੈ।
4. ਜਕਾਤ, ਯਾਨੀ ਆਪਣੀ ਕਮਾਈ ਦਾ 40ਵਾਂ ਹਿੱਸਾ ਖ਼ੁਦਾ ਦੇ ਨਾਂ `ਤੇ ਦੇਣਾ
ਜ਼ਰੂਰੀ ਹੈ।
5. ਬੁੱਤ-ਪੂਜਾ (ਮੂਰਤੀ-ਪੂਜਾ) ਦਾ ਖੰਡਨ-ਕਰਦਾ ਹੈ।
6. ਜੋਗ-ਮੱਤ
ਇਸ ਮੱਤ ਵਿੱਚ, ਲੇਖਕ ਦੀ ਜਾਣਕਾਰੀ ਮੁਤਾਬਿਕ, ਕੋਈ ਵੀ ਮਾਨਵਵਾਦੀ ਫ਼ਲਸਫ਼ਾ
ਨਹੀਂ। ਇਹ ਸਮਾਜਿਕ ਜ਼ਿੰਮੇਵਾਰੀਆਂ ਤੋਂ ਭਗੌੜਿਆਂ ਅਤੇ ਵਿਹਲੜਾਂ (ਪ੍ਰਜੀਵੀਆਂ) ਦਾ ਮੱਤ ਹੈ।
7. ਅਖੌਤੀ ‘ਹਿੰਦੂ-ਮੱਤ’
ਇਸ ਮਨ-ਘੜਤ ਮੱਤ ਲਈ ‘ਅਖੌਤੀ’ ਸ਼ਬਦ ਇਸ ਲਈ ਵਰਤਿਆ ਗਿਆ ਹੈ, ਕਿਉਂਕਿ, ਬਾਕੀ
ਮੱਤਾਂ ਦੀ ਤਰਜ਼ `ਤੇ ਇਸ ਦਾ ਨਾ ਕੋਈ ਇੱਕ ਬਾਨੀ ਹੈ, ਨਾ ਕੋਈ ਇਕਸਾਰਤਾ ਵਾਲਾ ਫ਼ਲਸਫ਼ਾ ਹੈ, ਨਾ ਕੋਈ
ਮਾਨ-ਮੱਤਾ ਸਾਂਝਾ ਇਤਿਹਾਸ ਹੈ ਅਤੇ ਨਾ ਹੀ ਭਵਿੱਖ ਵਿੱਚ ਇਸ ਵੱਲੋਂ ਕਿਸੇ ਮਾਨਵਵਾਦੀ ਫ਼ਲਸਫ਼ੇ ਨੂੰ
ਅਪਣਾਉਂਣ ਦੀ ਸੰਭਾਵਨਾ ਹੀ ਨਜ਼ਰੀ ਪੈਂਦੀ ਹੈ। ਇਹ ਅਸਲ ਵਿੱਚ ਪੁਰਾਣਿਕ ਸਾਖੀਆਂ, ਸ੍ਰੀਮਦ ਭਗਵਤ
ਗੀਤਾ, ਰਾਮਾਇਣ, ਮਹਾਂ-ਭਾਰਤ, ਉਪਨਿਸ਼ਦਾਂ ਆਦਿ ‘ਗ੍ਰੰਥਾਂ’ ਵਿੱਚ ਮਨ-ਮਰਜ਼ੀ ਅਨੁਸਾਰ ਵਾਧੇ-ਘਾਟੇ ਕਰ
ਕੇ ਇਕਸਾਰਤਾ ਲਿਆਉਣ ਲਈ, ਇੱਕ ਸ਼ਾਤਰ ਸਮਾਜਿਕ ਵਰਗ (ਬ੍ਰਾਹਮਣਾਂ) ਵੱਲੋਂ ਮਨੂੰ-ਸਿੰਮ੍ਰਿਤਿ (ਜਿਸ
ਨੂੰ ਵੇਦਾਂ ਦੀ ਵਿਆਖਿਆ ਕਰਨ ਵਾਲੀ ਰਚਨਾ ਦਾ ਦਰਜਾ ਦਿੱਤਾ ਜਾਂਦਾ ਹੈ) ਨੂੰ ਪਰਮੁਖਤਾ ਦੇ ਕੇ,
ਵਰਨ-ਆਸ਼ਰਮ (ਜਾਤ-ਪਾਤੀ) ਸਮਾਜਿਕ ਪ੍ਰਬੰਧ ਕਾਇਮ ਕਰ ਕੇ, ਬ੍ਰਾਹਮਣ (ਪੁਜਾਰੀ ਸ਼੍ਰੇਣੀ) ਦੀ ਸਮਾਜਿਕ
ਉੱਚਤਾ ਸਥਾਪਤ ਕਰਨ ਲਈ ਬਹੁਤ ਸਾਰੇ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਰੀਤਾਂ, ਰਿਵਾਜਾਂ, ਰਸਮਾਂ,
ਜੰਤਰਾਂ-ਮੰਤਰਾਂ, ਸ਼ਗਨਾਂ-ਅਪ-ਸ਼ਗਨਾਂ, ਜੋਤਿਸ਼ ਕਿਰਿਆਵਾਂ, ਮੰਤਰ-ਜਾਪਾਂ ਆਦਿ ਦਾ ਇੱਕ ਅਜਿਹਾ
ਭਰਮ-ਜਾਲ ਬਣਾਇਆ ਗਿਆ ਹੈ ਜਿਸ ਦਾ ਆਦਿ ਤੇ ਅੰਤ ਲੱਭਣਾ ਘਾਹ ਦੇ ਢੇਰ ਵਿੱਚੋਂ ਸੂਈ ਨੂੰ ਲੱਭਣ ਵਾਲੀ
ਗੱਲ ਹੈ। ਇਸ ਅਖੌਤੀ-ਮੱਤ ਦਾ ਕੋਈ ਇੱਕ ਵੀ ‘ਅਸੂਲ’ ਪ੍ਰਭੂ-ਪਿਤਾ ਦੀ ਸਾਜੀ ਕੁਦਰਤਿ ਦੇ ਅਟੱਲ
ਨਿਯਮਾਂ ਦੇ ਅਨੁਕੂਲ ਨਹੀਂ ਜਾਪਦਾ, ਬਲਕਿ, ਮਨੁੱਖ ਦੀ ਬਰਾਬਰਤਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ
ਕਰ ਕੇ ਅਖੌਤੀ ਨੀਵੀਆਂ ਜਾਤਾਂ ਨੂੰ ਜਾਨਵਰਾਂ ਤੋਂ ਭੀ ਭੈੜਾ ਜੀਵਨ ਜਿਊਂਣ ਲਈ ਬਾਨ੍ਹਣੂ ਬੰਨ੍ਹੇ ਗਏ
ਹਨ ਇਸ ਕਰਮ-ਕਾਂਡੀ ‘ਮੱਤ’ ਵਿੱਚ। ਅਜਿਹੇ ਅਖੌਤੀ ਮੱਤ ਨੂੰ ਜੇਕਰ ‘ਅਤੰਕਵਾਦੀ-ਮੱਤ’ ਕਹਿ ਦਿੱਤਾ
ਜਾਵੇ ਤਾਂ ਕੀ, ਇਹ ਕੋਈ ਅਤਿਕਥਨੀ ਹੋਵੇਗੀ? ਇਸ ਕਰਮ-ਕਾਂਡੀ ‘ਮੱਤ’ ਦੇ ਕੁੱਝ ਕੁ
ਮਾਨਵ-ਵਿਰੋਧੀ (ਅਤੰਕਵਾਦੀ) ਅਸੂਲਾਂ ਦਾ ਸੰਖੇਪ ਜ਼ਿਕਰ ਅੱਗੇ ਜਾ ਕੇ ਕੀਤਾ ਜਾਵੇਗਾ ਤਾਕਿ ਕਿਸੇ
ਵੀਰ/ਭੈਣ ਨੂੰ ਇਹ ਭੁਲੇਖਾ ਜਾਂ ਸ਼ਿਕਾਇਤ ਨਾ ਰਹੇ ਕਿ ਲੇਖਕ ਨੇ ਐਵੇਂ ਹੀ ਇਸ ਕਰਮ-ਕਾਂਡੀ ‘ਮੱਤ’
ਬਾਰੇ ਕੁੱਝ ਨਿਰਮੂਲ ਗੱਲਾਂ ਲਿੱਖ ਦਿੱਤੀਆਂ ਹਨ।
ਨਿਹਸੰਦੇਹ, ਉਪਰੋਕਤ ਮੱਤਾਂ (ਮਜ਼੍ਹਬਾਂ) ਵਿੱਚੋਂ ਜੋਗ-ਮੱਤ ਤੇ ਅਖੌਤੀ
ਹਿੰਦੂ-ਮੱਤ ਨੂੰ ਛੱਡ ਕੇ, ਬਾਕੀ ਸਾਰੇ ਮੱਤਾਂ ਵਿੱਚ ਮਾਨਵਵਾਦੀ (ਮਨੁੱਖਤਾ ਦਾ ਭਲਾ ਕਰਨ ਵਾਲੇ)
ਅੰਸ਼ (ਘੱਟ ਜਾਂ ਵੱਧ ਮਾਤਰਾ ਵਿੱਚ) ਮੌਜ਼ੂਦ ਹਨ। ਪਰ, ਕੀ ਇਨ੍ਹਾਂ ਗਿਣਤੀ ਦੇ ਕੁੱਝ ਕੁ ਮਾਨਵਵਾਦੀ,
ਨਿਯਮਾਂ ਦੀ ਪਾਲਣਾ ਕਰਨ ਨਾਲ ਹੀ (ਜਿਹੜੇ ਕਿ ਸਮੁੱਚੀ ਮਨੁੱਖਤਾ ਨੂੰ ਵੀ ਮਨੁੱਖੀ ਬਰਾਬਰਤਾ ਦੇ
ਅਧਾਰ `ਤੇ ਸੰਬੋਧਤ ਨਹੀਂ ਹਨ) ਸਦੀਵੀ ਵਿਸ਼ਵ-ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ? ਇਹ ਹੈ ਅਸਲ ਸਵਾਲ
ਜਿਸ ਦਾ ਜਵਾਬ ਲੱਭਣ ਲਈ ਇਸ ਵਿਸ਼ੇ `ਤੇ ਹਥਲੀ ਪੁਸਤਕ ਲਿਖਣੀ ਪਈ ਹੈ। ਲੇਖਕ ਦੀ ਸਮਝ ਅਨੁਸਾਰ, ਇਸ
ਸਵਾਲ ਦਾ ਜਵਾਬ ਨਾਂਹ ਵਿੱਚ ਹੈ। ਜਿੱਥੇ ਇਨ੍ਹਾਂ ਮੱਤਾਂ ਵਿੱਚ ਚੰਗੇ ਅਸੂਲ (ਸਿਧਾਂਤ) ਵੀ ਮੌਜ਼ੂਦ
ਹਨ, ਉੱਥੇ (ਇਨ੍ਹਾਂ ਰਾਹੀਂ) ਸਮੁੱਚੀ ਸ੍ਰਿਸ਼ਟੀ ਦੇ ਸਿਰਜਨਹਾਰ, ਪਾਲਣਹਾਰ ਅਤੇ ਨਸ਼ਟ ਕਰਨ ਵਾਲੇ
ਅਸੀਮ, ਅਨਾਦੀ ਤੇ ਅਜੂਨੀ ਕਰਤਾ ਪੁਰਖ (ਰੱਬ ਬਾਰੇ) ਕੋਈ ਸਿੱਕੇਬੰਦ (ਭਰੋਸੇਯੋਗ) ਜਾਣਕਾਰੀ ਨਹੀਂ
ਮਿਲਦੀ। ਤਾਂ ਫਿਰ, ਉਸ ਮਾਲਿਕ-ਪ੍ਰਭੂ ਦੀ ਸਾਜੀ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਦੇ ਅਟੱਲ ਨਿਯਮਾਂ ਬਾਰੇ
ਸਹੀ ਜਾਣਕਾਰੀ ਕਿਵੇਂ ਮਿਲ ਸਕਦੀ ਹੈ, ਇਨ੍ਹਾਂ ਫ਼ਲਸਫ਼ਿਆਂ `ਚੋਂ? ਇਨ੍ਹਾਂ ਵਿੱਚ ਜੈਨ-ਮੱਤ ਤੇ
ਬੁੱਧ-ਮੱਤ ਰੱਬ ਦੀ ਹੋਂਦ ਬਾਰੇ ਹੀ ਖਾਮੋਸ਼ ਹਨ। ਈਸਾਈ-ਮੱਤ ਦਾ ਰੱਬ ਵੀ ਦੂਰ ਕਿਤੇ ਅਸਮਾਨਾਂ `ਚ
ਬੈਠਾ ਦੇਹਧਾਰੀ ਰੱਬ ਹੀ ਸਾਬਤ ਹੁੰਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਉਹ ਛੇ ਦਿਨਾਂ ਵਿੱਚ
ਸ੍ਰਿਸ਼ਟੀ (ਕੁਦਰਤਿ, ਕਾਇਨਾਤ) ਦੀ ਸਾਜਨਾ ਕਰ ਕੇ ਥੱਕ ਗਿਆ ਸੀ ਅਤੇ ਆਪਣਾ ਥਕੇਵਾਂ ਦੂਰ ਕਰਨ ਲਈ
ਸੱਤਵੇਂ ਦਿਨ (ਐਤਵਾਰ) ਨੂੰ ਅਰਾਮ ਕਰ ਕੇ ਥਕਾਵਟ ਦੂਰ ਕੀਤੀ ਸੀ (ਸ਼ਾਇਦ ਇਸੇ ਕਾਰਨ ਕਰ ਕੇ ਈਸਵੀ
ਕੈਲੰਡਰ ਵਿੱਚ ਹਰ ਐਤਵਾਰ ਨੂੰ ਛੁੱਟੀ ਕੀਤੀ ਜਾਂਦੀ ਹੈ)। ਥਕਾਵਟ ਕਿਸੇ ਦੇਹਧਾਰੀ ਨੂੰ ਹੀ ਹੋ ਸਕਦੀ
ਹੈ, ਸਰਬ-ਵਿਆਪਕ ਨਿਰੰਕਾਰ ਜੋਤਿ-ਸਰੂਪ ਰੱਬ ਨੂੰ ਨਹੀਂ।
ਇਸਲਾਮ-ਮੱਤ ਦਾ ਰੱਬ ਵੀ ਸੱਤਵੇਂ ਅਕਾਸ਼ `ਤੇ (ਪੱਛਮ ਦਿਸ਼ਾ ਵੱਲ) ਬਿਰਾਜਮਾਨ
ਹੈ, ਸ੍ਰਿਸ਼ਟੀ ਦੇ ਕਣ-ਕਣ ਵਿੱਚ ਨਹੀਂ ਵਸਦਾ।
ਹੇਠ ਲਿਖੀਆਂ ਕੁੱਝ ਕੁ ਅਹਿਮ ਹਕੀਕਤਾਂ ਦੀ ਸੋਝੀ ਹੋ ਜਾਵੇ ਤਾਂ ਅਗਲੇ
ਅਧਿਆਇ ਦੇ ਵਿਸ਼ੇ-ਵਸਤੂ ਨੂੰ ਸਹੀ ਰੂਪ `ਚ ਸਮਝਣ-ਪਰਖਣ ਲਈ ਅਵੱਸ਼ ਹੀ ਸਹਾਇਤਾ ਮਿਲੇਗੀ:-
ਕਰਨਲ ਗੁਰਦੀਪ ਸਿੰਘ