ਪਉੜੀ 2
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਅਤੇ ਹੁਕਮ:
ਜਪੁ
ਬਾਣੀ ਦੀ ਦੂਜੀ ਪਉੜੀ ’ਚ ਆਏ ਅੱਖਰ ‘ਹੁਕਮੀ’ ਅਤੇ ‘ਹੁਕਮ’ ਵਿਚਾਰਨ ਦਾ ਜਤਨ ਕੀਤਾ ਤਾਂ ਮਹਿਸੂਸ
ਹੋਇਆ ਕਿ ਪ੍ਰਚਲਤ ਵਿਚਾਰਧਾਰਾ ਬਦਲੇ ਗੁਰਮਤ ਅਨੁਸਾਰ ਇਨ੍ਹਾਂ ਅੱਖਰਾਂ ਨੂੰ ਵਿਚਾਰੀਏ।
ਪ੍ਰਚਲਤ ਖਿਆਲ:
ਮੰਨਿਆ
ਜਾਂਦਾ ਹੈ ਕਿ ਅਸਮਾਨ (ਪਰਲੋਕ) ’ਚ ਬੈਠਾ ਰੱਬ ਹੁਕਮੀ ਹੈ ਅਤੇ ਸਾਰੀ ਸ੍ਰਿਸ਼ਟੀ ਤੇ ਹੁਕਮ ਚਲਾਉਂਦਾ
ਹੈ। ਕਦੀ ਧਰਤੀ ਬਣਾ ਦੇਂਦਾ ਹੈ ਤੇ ਕਦੀ ਫਨਾ ਕਰ ਦੇਂਦਾ ਹੈ। ਗਰੀਬ ਨੂੰ ਅਮੀਰ ਜਾਂ ਅਮੀਰ ਨੂੰ
ਗਰੀਬ ਬਣਾ ਦੇਂਦਾ ਹੈ। ਐਸੇ ਹੀ ਅਨੇਕਾਂ ਖਿਆਲਾਂ ਨੂੰ ਹੁਕਮੀ ਅਤੇ ਹੁਕਮ ਮੰਨਿਆ ਜਾਣਾ ਪ੍ਰਚਲਤ ਹੈ।
ਪਰ ਭੁਲੇਖਾ ਪੈ ਗਿਆ ਕਿ ਹੁਕਮੀ ਆਪਣੇ ਹੁਕਮ ਤੋਂ ਵਖਰਾ ਰਹਿੰਦਾ ਹੈ।
ਇਕ ਉਧਾਰਨ ਤੋਂ ਗਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਫਿਸ ਵਿਚ ਬਾਸ ਹੁਕਮ
ਕਰਦਾ ਹੈ ਦੇਰ ਨਾਲ ਨਹੀਂ ਆਉਣਾ, ਸ਼ਰਾਬ ਨਹੀਂ ਪੀਣੀ, ਪਰ ਜੇ ਕਰ ਆਪ ਲੇਟ ਆਵੇ, ਸ਼ਰਾਬ ਵੀ ਪੀਵੇ ਤਾਂ
ਹੁਕਮੀ ਆਪਣੇ ਹੁਕਮ ਤੋਂ ਵੱਖ ਹੋ ਗਿਆ। ਇਸੇ ਤਰ੍ਹਾਂ ਜੇ ਸਾਡੇ ਘਰ ’ਚ ਪਿਤਾ ਸੱਚ ਦੇ ਮਾਰਗ ’ਤੇ
ਟੁਰ ਕੇ ਮਿਹਨਤ ਦੀ ਕਮਾਈ ਕਰਨ ਦਾ ਪੁੱਤਰ ਨੂੰ ਹੁਕਮ ਕਰੇ ਪਰ ਆਪ ਸੱਚ ਦੇ ਮਾਰਗ ’ਤੇ ਨਾ ਟੁਰੇ ਅਤੇ
ਨਾ ਹੀ ਮਿਹਨਤ ਦੀ ਕਮਾਈ ਕਰਨ ਜਾਵੇ ਤਾਂ ਐਸੇ ਪਿਤਾ ਦਾ ਹੁਕਮੀ ਬਣ ਕੇ ਹੁਕਮ ਕਰਨਾ ਪੁੱਤਰ ਲਈ ਫਜ਼ੂਲ
ਲਗਦਾ ਹੈ -
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥
(ਗੁਰੂ ਗ੍ਰੰਥ ਸਾਹਿਬ, ਪੰਨਾ 269)
ਇਹ ਪ੍ਰਤੱਖ ਪ੍ਰਮਾਣ ਹੈ ਕਿ ਹੁਕਮੀ ਆਪਣੇ ਹੁਕਮ ਤੋਂ ਵੱਖ ਹੈ ਕਿਉਂਕਿ ਆਪਣੇ
ਤੇ ਲਾਗੂ ਨਹੀਂ ਕਰਦਾ, ਉਸ ਅਨੁਸਾਰ ਨਹੀਂ ਜਿਊਂਦਾ।
ਹੁਕਮੀ ਅਤੇ ਹੁਕਮ ਬਾਰੇ ਗੁਰਬਾਣੀ ਤੋਂ ਸੂਝ ਪੈਂਦੀ ਹੈ ਕਿ ਰੱਬ ਜੀ ਉਪਰ
ਅਸਮਾਨ ਜਾਂ ਕਿਤੇ ਪਰਲੋਕ (ਅਖੌਤੀ ਬੈਕੁੰਠ) ’ਚ ਨਹੀਂ ਰਹਿੰਦੇ ਬਲਕਿ ਇਸ ਸ੍ਰਿਸ਼ਟੀ ’ਚ ਵਸਦੇ ਹਨ।
ਬਲਿਹਾਰੀ ਕੁਦਰਤਿ ਵਸਿਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 469)
ਭਾਵ ਰੱਬ ਸ੍ਰਿਸ਼ਟੀ ਤੋਂ ਵਖਰਾ ਨਹੀਂ ਬਲਕਿ ਆਪਣੇ ਹੁਕਮਾਂ ਨਿਯਮਾਂ ਨਾਲ
ਸਾਰੀ ਕੁਦਰਤ ’ਚ ਵਸਦਾ ਹੈ।
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1381)
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
(ਗੁਰੂ ਗ੍ਰੰਥ ਸਾਹਿਬ, ਪੰਨਾ 463)
ਭਾਵ ਬਿਲਕੁਲ ਸਪਸ਼ਟ ਹੈ ਕਿ ਹੁਕਮੀ ਰੱਬ ਜੀ ਆਪਣੇ ਹੁਕਮ ਰਾਹੀਂ ਜੋ ਸਾਰੀ
ਸ੍ਰਿਸ਼ਟੀ ’ਚ ਲਾਗੂ ਹਨ, ਉਨ੍ਹਾਂ ’ਚ, ਜ਼ੱਰੇ-ਜ਼ੱਰੇ ’ਚ ਸਭ ਜਗ੍ਹਾ ਹਾਜ਼ਰ-ਨਾਜ਼ਰ ਮੌਜੂਦ ਹਨ।
ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥
ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 563)
ਹੂਬਹੂ ਇਸੇ ਤਰ੍ਹਾਂ ਸਾਡਾ ਮਨ ਸਾਡੇ ਸਰੀਰ ’ਤੇ ਹੁਕਮੀ ਬਣ ਕੇ ਆਪਣੀ ਮੱਤ
ਦੇ ਹੁਕਮ ਚਲਾਉਂਦਾ ਹੈ। ਸਾਡੇ ਸਰੀਰ, ਇੰਦ੍ਰੀਆਂ, ਗਿਆਨ ਇੰਦ੍ਰੀਆਂ ਆਦਿ ਤੋਂ ਭੈੜ ਕਰਵਾ ਲੈਂਦਾ
ਹੈ। ਹੁਣ ਇਹ ਹੁਕਮੀ ਮਨ ਵਿਗਸਦਾ ਨਹੀਂ ਅਤੇ ਚਿੰਤਾ ਗ੍ਰਸਤ ਹੋ ਕੇ ਦੁਖੀ ਰਹਿੰਦਾ ਹੈ, ਵੇਪਰਵਾਹ
ਨਹੀਂ ਹੋ ਪਾਉਂਦਾ। ਇਹ ਮਨ ਆਫਿਸ ਦੇ ਬਾਸ ਜਾਂ ਘਰ ਦੇ ਪਿਤਾ ਵਾਂਗ ਰਜ਼ਾ ਹੁਕਮ ਤੋਂ ਉਲਟ ਜਿਊਂਦਾ
ਹੈ।
ਰੱਬ ਜੀ ਦਾ ਰੂਪ-ਰੰਗ, ਰੇਖ-ਭੇਖ ਕੁਝ ਨਹੀਂ ਹੈ। ਰੱਬ ਜੀ ਦੀ ਸਾਰੀ
ਸ੍ਰਿਸ਼ਟੀ ਅਟੱਲ, ਖਰੇ, ਸੱਚੇ ਨਿਯਮਾਂ, ਹੁਕਮਾਂ ਅਨੁਸਾਰ ਚਲਦੀ ਹੈ। ਇਹੋ ‘ਬਲਿਹਾਰੀ ਕੁਦਰਤਿ ਵਸਿਆ’
ਦਾ ਲਖਾਇਕ ਹੈ। ਰੱਬ ਹੁਕਮੀ ਆਪ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ, ਭਰਪੂਰ, ‘ਜਲਿ ਥਲਿ ਮਹੀਅਲਿ
ਰਹਿਆ ਭਰਪੂਰੇ’ ਵਸਦਾ ਹੈ। ਸੋ, ਕੁਦਰਤ ਦੇ ਨਿਯਮਾਂ ਅਨੁਸਾਰ ਚਲਣਾ ‘ਰਜ਼ਾ ਅਧੀਨ’ ਜਾਂ ‘ਹੁਕਮ
ਅਨੁਸਾਰ’ ਚਲਣਾ ਕਹਿਲਾਉਂਦਾ ਹੈ।
ਮਨੁੱਖੀ ਮਨ ਅਤੇ ਤਨ ਉੱਤੇ ਵੀ ਹੁਕਮੀ ਰੱਬ ਦੇ ਹੁਕਮ ਇੱਕ ਰਸ ਲਾਗੂ ਹੁੰਦੇ
ਹਨ। ਜੇ ਕਰ ਮਨ ਕੁਮਤ, ਜਮਾਂ ਵਾਲੀ ਬੁੱਧੀ ਵਾਲਾ ਹੋਵੇ ਤਾਂ ਤਨ ਕੋਲੋਂ ਵੈਸੇ ਮੰਦੇ ਕਰਮ ਹੀ
ਕਰਵਾਉਂਦਾ ਹੈ। ਜੇ ਮਨ ਸਤਿਗੁਰ ਦੀ ਮੱਤ (ਸੁਮੱਤ) ਵਾਲਾ ਬਣੇ ਤਾਂ ਤਨ ਵੀ ਸੁਚੱਜੇ ਰੱਬੀ ਗੁਣਾਂ
ਵਾਲੇ ਕਿਰਦਾਰ ਦਾ ਬਣਦਾ ਹੈ। ਮਨੁੱਖ ਨੂੰ ਵਿਚਾਰਨਾ ਹੈ ਰੱਬ ਜੀ ਮੇਰੇ ਹਿਰਦੇ ’ਚ ਵਸਦੇ ਹਨ ਜੋ ਕਿ
ਹੁਕਮੀ ਹਨ ਪਰ ਉਨ੍ਹਾਂ ਦੇ ਹੁਕਮ ਮੁਤਾਬਕ ਮੇਰਾ ਮਨ ਚਲਣਾ ਨਹੀਂ ਚਾਹੁੰਦਾ।
ਰਜ਼ਾ ਹੁਕਮ ਤੋਂ ਉਲਟ ਜਿਊਣਾ ਪਾਪ ਅਤੇ ਰਜ਼ਾ ਅਧੀਨ ਚਲਣਾ ਪੁੰਨ ਕਹਿਲਾਉਂਦਾ
ਹੈ। ਅੰਦਰ ਵਸਦੇ ਰੱਬ ਜੀ ਦਾ ਹੁਕਮ ਸੁਣਨ ਤੋਂ ਪਹਿਲਾਂ ਮਨੁੱਖੀ ਮਨ ਸਾਰੇ ਤਨ (ਸੁਰਤ, ਮੱਤ, ਬੁਧ,
ਰੋਮ-ਰੋਮ) ਨੂੰ ਆਪਣਾ ਹੁਕਮ ਦੇਂਦਾ ਹੈ। ਇਹ ਮਨ ਦਾ ਭਰਮ ਹੈ ਕਿ ਮੈਂ ਹੁਕਮੀ ਹਾਂ ਅਤੇ ਮੇਰਾ ਹੁਕਮ
ਹੀ ਚਲਣਾ ਚਾਹੀਦਾ ਹੈ। ਪਰ ਮਨ ਆਪ ਵੀ ਦੁਖੀ ਹੁੰਦਾ ਹੈ ਅਤੇ ਸਾਰੇ ਮਾਨਸਿਕ ਦੁਖ ਅਤੇ ਮੰਦੇ
ਫੁਰਨਿਆਂ ਕਾਰਨ ਤਨ ਨੂੰ ਵੀ ਦੁਖੀ ਰੱਖਦਾ ਹੈ।
ਮਨੁੱਖੀ ਮਨ ਨੂੰ ਕਿਹਾ ਹੈ ‘ਮਨ ਤੂੰ ਜੋਤਿ
ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ
ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥’ ਭਾਵ ਮਨ ਨੂੰ ਸੁਖ-ਦੁਖ, ਉਦਾਸੀਨਤਾ,
ਖੁਸ਼ੀ-ਗਮੀ, ਮਾਨ-ਅਪਮਾਨ ਜੈਸੇ ਅਨੇਕਾਂ ਫੁਰਨਿਆਂ ’ਚ ਨਿੱਤ-ਨਿੱਤ ਜੰਮਣਾ-ਮਰਨਾ ਪੈਂਦਾ ਹੈ। ਜੇ ਕਰ
ਅੰਦਰ ਵਸਦੇ (ਹਰਿ ਜੀ) ਰੱਬ ਦਾ ਸੁਨੇਹਾ ਲੈ ਲਵੇਂ ਤਾਂ ਮਨ ਨੂੰ ਆਪਣੇ ਜਨਮ ਮਰਨ (ਭਾਵ ਚੰਗੇ-ਮੰਦੇ
ਖਿਆਲਾਂ ਕਾਰਨ ਖੁਆਰੀ) ਦੀ ਸੋਝੀ ਹੋ ਜਾਂਦੀ ਹੈ। ਜਿਸ ਕਰਕੇ ਮਨ ਨੀਵਾਂ ਅਤੇ ਸੁਰਤ, ਮੱਤ ਅਤੇ ਬੁਧ
ਉੱਚੀ ਹੋ ਜਾਂਦੀ ਹੈ। ਇਹੋ ਮਨ ਰੱਬ ਜੀ ਦਾ ਹੁਕਮ ਸੁਣਕੇ ਸਾਰੇ ਸੁਰਤ, ਮੱਤ, ਬੁਧ ਰੋਮ-ਰੋਮ ਅਤੇ
ਸਰੀਰ ਨੂੰ ਦ੍ਰਿੜਾਉਂਦਾ ਹੈ। ਭਾਵ ਹੁਕਮੀ (ਮਨ) ਆਪ ਰੱਬੀ ਹੁਕਮ ਅਧੀਨ ਰਹਿ ਕੇ ਸਾਰੇ ਤਨ ਨੂੰ ਰਜ਼ਾ
ਵਿਚ ਰੱਖਦਾ ਹੈ। ਹੁਕਮ ਕਰਨ ਵਾਲਾ ਮਨ ਆਪ ਹੁਕਮ ਦੇ ਅਧੀਨ ਹੋਕੇ ਚਲਦਾ ਹੈ।
ਸੋ, ਗੁਰਬਾਣੀ ਤੋਂ ਇਹ ਸੋਝੀ ਪ੍ਰਾਪਤ ਹੋਈ ਕਿ ਸਾਡਾ ਮਨ ਰੱਬ ਜੀ ਦੇ ਹੁਕਮ
ਨੂੰ ਮੰਨ ਕੇ ਸਾਰੇ ਸੁਰਤ, ਮਨ, ਬੁਧ, ਰੋਮ-ਰੋਮ ਅਤੇ ਤਨ ਨੂੰ ਹੁਕਮ ਅਧੀਨ ਚਲਾਉਣ ਜੋਗਾ ਹੋ ਜਾਂਦਾ
ਹੈ। ਇਸੇ ਅਵਸਥਾ ਨੂੰ ਬਾਣੀ ’ਚ ਕਿਹਾ ਹੈ -
ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥
ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੁੋਬਿੰਦੁ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1364)
ਜਦੋਂ ਹੁਕਮੀ ਮਨ (ਰੱਬੀ ਹੁਕਮ) ਅਨੁਸਾਰ ਜਿਊ ਕੇ (ਵਿਚਾਰ ਕੇ) ਸਾਰੇ ਸੁਰਤ,
ਮੱਤ, ਮਨ, ਬੁਧ ਅਤੇ ਤਨ ਨੂੰ ਚਲਾਉਂਦਾ ਹੈ ਤਾਂ ਅਨੰਦ ਖੇੜਾ ਪ੍ਰਾਪਤ ਹੁੰਦਾ ਹੈ। ਇਹੋ ਰੱਬੀ
ਇਕਮਿਕਤਾ ਜਾਂ ਜਨਮ-ਮਰਨ ਰਹਿਤ ਹੋਣਾ ਹੈ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਸਤਿਗੁਰ ਦੀ ਮੱਤ ਲੈਣ ਨਾਲ, ਰੱਬੀ ਹੁਕਮ ਅਨੁਸਾਰ ਜਿਊਣ ਨਾਲ ਮਨ ਵਿਚ ਚੰਗੇ
ਖਿਆਲਾਂ ਦਾ ਆਕਾਰ ਬਣਦਾ ਜਾਂਦਾ ਹੈ। ਰੱਬੀ ਹੁਕਮ ਨੂੰ ਕਿਸੀ ਤਰੀਕੇ ਨਾਲ ਬਦਲਣ ਜਾਂ ਟਾਲਣ ਦੀ ਸੋਚ
ਮਨਮਤ (ਕੂੜ) ਹੈ। ਮਨ ਕੀ ਮੱਤ ਨਾਲ ਬਿਆਨ ਨਹੀਂ ਕਰ ਸਕਦੇ ਅਤੇ ਨਾ ਹੀ ਟਾਲ ਸਕਦੇ ਹਾਂ।
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
‘ਹੁਕਮੀ ਹੋਵਨਿ ਜੀਅ’:
ਬਾਹਰਲੀ ਸ੍ਰਿਸ਼ਟੀ ’ਚ ਵੇਖਦੇ ਹਾਂ ਕਿ ਅਨੇਕਾਂ ਜੀਅ ਜੰਤ ਹਨ। ਸਾਰੇ ਰੱਬੀ ਨਿਯਮ ਹੁਕਮ ’ਚ ਆਪਣੇ
ਸੁਭਾ ਅਨੁਸਾਰ ਜਿਊਂਦੇ ਹਨ। ਮਿਸਾਲ ਦੇ ਤੌਰ ਤੇ ਕੁੱਤਾ ਮਾਲਕ ਦਾ ਵਫਾਦਾਰ ਹੁੰਦਾ ਹੈ। ਇਹ ਕੁੱਤੇ
ਦਾ ਚੰਗਾ ਗੁਣ ਹੈ ਜੋ ਮਨੁੱਖ ਨੇ ਸਿਖਣਾ ਹੈ। ਲੇਕਿਨ ਕੁੱਤਾ ਲੋਭੀ ਲਾਲਚੀ ਹੈ, ਇਹ ਅਵਗੁਣ ਮਨੁੱਖ
ਨੇ ਨਹੀਂ ਸਿਖਣਾ। ਇਸੇ ਤਰ੍ਹਾਂ ਸਾਰੇ ਜੀਆਂ-ਜੰਤਾਂ ਦੇ ਚੰਗੇ-ਚੰਗੇ ਗੁਣ ਖੋਜ ਕੇ ਮਨੁੱਖ ਨੇ ਆਪਣੇ
ਸੁਭਾ ’ਚ ਜਿਊਣੇ ਹਨ ਪਰ ਉਨ੍ਹਾਂ ਦੇ ਅਵਗੁਣ ਮਨੁੱਖ ਨੇ ਆਪਣੇ ਸੁਭਾ ’ਚ ਨਹੀਂ ਵਰਤਣੇ ਹਨ। ਇਹ
ਪਾਰਖੂ ਸੂਝ-ਬੂਝ ਸਤਿਗੁਰ ਦੀ ਮੱਤ ਰਾਹੀਂ ਬਿਬੇਕ ਬੁਧ ਲੈ ਕੇ ਸਮਝ ਪੈਂਦੀ ਹੈ।
ਜਦੋਂ ਮਨੁੱਖ ਦਾ ਮਨ ਅਨੇਕਾਂ ਜੀਅ-ਜੰਤਾਂ ਦੇ ਅਵਗੁਣ ਪਸੰਦ ਕਰਦਾ ਹੈ ਤਾਂ
ਬੇਅੰਤ ਅਵਗੁਣੀ ਸੁਭਾ ਦਾ ਕਿਰਦਾਰ ਬਣਦਾ ਜਾਂਦਾ ਹੈ। ਸਾਰੇ ਜੀਅ-ਜੰਤ ਮਾਨੋ ਆਪਣੇ ਅੰਦਰ ਪੈਦਾ ਕਰਕੇ
ਕੇਵਲ ਉਨ੍ਹਾਂ ਦੇ ਅਵਗੁਣੀ ਸੁਭਾ ਨੂੰ ਹੰਢਾਉਂਦਾ ਰਹਿੰਦਾ ਹੈ। ਇਸੇ ਨੂੰ ਗੁਰਬਾਣੀ
‘ਕਰਤੂਤਿ ਪਸੂ ਕੀ ਮਾਨਸ ਜਾਤਿ’ ਕਹਿੰਦੀ ਹੈ। ਭਾਵ ਮਨੁੱਖੀ ਮਨ
ਆਪਣੇ ਆਪ ਨੂੰ ਮਾਣਸ ਜਾਤਿ ਦਾ ਸਮਝਦਾ ਹੈ ਪਰ ਕਰਤੂਤਾਂ ਪਸ਼ੂ, ਪੰਛੀ, ਜੀਆਂ, ਜੰਤਾਂ ਵਾਲੀਆਂ ਕਰਦਾ
ਹੈ। ਮਾਨੋ ਕਿ ਇਹ ਮਾਣਸ ਜਾਤਿ ਹੈ ਹੀ ਨਹੀਂ। ਇਸ ਮਨ ਨੂੰ ਮਾਣਸ ਜਾਤਿ ਦਾ ਬਣਾਉਣਾ ਹੀ ਧਰਮ ਦਾ
ਮਨੋਰਥ ਹੈ।
ਜਦੋਂ ਮਨੁੱਖ ਦਾ ਮਨ ਸਤਿਗੁਰ ਦੀ ਮੱਤ ਲੈ ਕੇ ਆਪਣੇ ਅੰਦਰ ਵਸਦੇ ਜੀਅ-ਜੰਤਾਂ
(ਦੇ ਅਨੇਕਾਂ ਸੁਭਾਵਾਂ) ਨੂੰ ਉੱਚੇ-ਸੁੱਚੇ ਆਦਰਸ਼ ਲਈ ਵਰਤਦਾ ਹੈ ਤਾਂ ਉਨ੍ਹਾਂ ਦੇ ਅਵਗੁਣੀ ਸੁਭਾ
ਛੱਡਕੇ ਚੰਗੇ ਗੁਣਾਂ ਦੇ ਸੁਭਾ ਨੂੰ ਦ੍ਰਿੜ ਕਰਕੇ ਹੰਢਾਉਂਦਾ ਹੈ। ਮਨੁੱਖੀ ਮਨ ਅੰਦਰ ਅਨੇਕਾਂ
ਨਿਵੇਕਲੇ ਖਿਆਲਾਂ ਦੀ ਨਵੀਂ ਸ੍ਰਿਸ਼ਟੀ ਬਣਦੀ ਹੈ। ਮਾਨੋ ਅੰਦਰ ਦੇ ਅਨੇਕਾਂ ਜੀਅ-ਜੰਤਾਂ ਨੂੰ ਸਤਿਗੁਰ
ਦੀ ਮੱਤ ਦਾ ਰਿਜ਼ਕ (ਆਤਮਕ ਭੋਜਨ) ਖਿਲਾਇਆ ਅਤੇ ਉਨ੍ਹਾਂ ਨੂੰ ਪਰਿਵਰਤਿਤ ਕਰ ਲਿਆ। ਮਨੁੱਖੀ ਮਨ
ਸਤਿਗੁਰ ਦੀ ਮੱਤ ਦੇ ਹੁਕਮ ਨੂੰ ਸਮਝ ਕੇ ਆਪਣੀ ਸੁਰਤ, ਮੱਤ, ਬੁਧ ਅਤੇ ਰੋਮ-ਰੋਮ ’ਚ ਚੰਗੇ ਗੁਣਾਂ
ਨੂੰ ਦ੍ਰਿੜ ਕਰਕੇ, ਆਪਣੀ ਨਵੀਂ ਸ੍ਰਿਸ਼ਟੀ ਬਣਾਉਣ ਜੋਗ ਹੋ ਜਾਂਦਾ ਹੈ।
ਸਤਿਗੁਰ ਦੀ ਮੱਤ ਅਨੁਸਾਰ ਰੱਬੀ ਹੁਕਮ ਅਧੀਨ ਜਿਊਦਿਆਂ ਅਨੇਕਾਂ ਜੀਅ ਜੰਤਾਂ
ਦੇ ਚੰਗੇ ਉਸਾਰੂ ਗੁਣਾਂ ਦੇ ਸੁਭਾ ਸਦਕੇ ਅੰਤਰਾਤਮੇ ’ਚ ਠਹਰਾਉ ਪ੍ਰਾਪਤ ਹੁੰਦਾ ਹੈ ਜੋਕਿ ਮਿਲੈ
ਵਡਿਆਈ ਦਾ ਲਖਾਇਕ ਹੈ।
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਰੱਬੀ ਰਜ਼ਾ ਅਧੀਨ ਜਿਊਣ ਸਦਕਾ ਨੀਚ ਤੋਂ ਊਚ ਬਣ ਸਕੀਦਾ ਹੈ ਅਤੇ ਰੱਬੀ
ਵਿਛੋੜੇ ਦੇ ਦੁਖ ਤੋਂ ਸਦੀਵੀ ਮਿਲਨ ਵਾਲੇ ਸੁੱਖ ਦਾ ਲੇਖਾ ਲਿਖਣਾ ਸਿਖ ਜਾਂਦੇ ਹਾਂ।
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਰੱਬੀ ਰਜ਼ਾ ਅਨੁਸਾਰ ਜਿਊਣ ਨਾਲ ਤੱਤ ਗਿਆਨ (ਭਾਵ ਬਖਸੀਸ) ਮਨ ਦੀ ਝੋਲੀ ’ਚ
ਪੈਂਦਾ ਰਹਿੰਦਾ ਹੈ ਵਰਨਾ ਮਨ ਕੀ ਮੱਤ ਨਾਲ ਮਨ ਅਵਗੁਣੀ ਅਤੇ ਵਿਕਾਰੀ ਜੀਵਨ ’ਚ ਹੀ ਭਟਕਦਾ ਰਹਿੰਦਾ
ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਚੰਗੇ ਗੁਣਾਂ ਦਾ ਸੁਭਾ ਰੱਬੀ ਰਜ਼ਾ ਅਧੀਨ ਜਿਊਣ ਨਾਲ ਹੀ ਬਣਦਾ ਹੈ। ਹੁਕਮ
ਤੋਂ ਬਾਹਰ (ਮਨ ਕੀ ਮੱਤ ਦੇ ਹੁਕਮ ਅਨੁਸਾਰ) ਜਿਊਣ ਨਾਲ ਨਹੀਂ।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥
ਅਦ੍ਵੈਤ ਅਵਸਥਾ ਵਿਚ ਨਾਨਕ ਜੀ ਕਹਿੰਦੇ ਹਨ ਕਿ ਜਦੋਂ ਵੀ ਮਨ ਰੱਬੀ ਹੁਕਮ
ਨੂੰ ਸਮਝ ਲੈਂਦਾ ਹੈ ਤਾਂ ਉਹ ਮਨ ਕੀ ਮੱਤ ਦੇ ਹੁਕਮ ਨੂੰ ਮੰਨਣਾ ਛੱਡ ਦੇਂਦਾ ਹੈ।
ਵੀਰ
ਭੁਪਿੰਦਰ ਸਿੰਘ