.

ਸਿੱਖ ਹੁਣ ਪੁਜਾਰੀ ਉਜਾੜਾ ਬੰਦ ਕਰਨ

ਅਵਤਾਰ ਸਿੰਘ ਮਿਸ਼ਨਰੀ (510-432-5827)

ਭਾਵੇਂ ਸੌਦਾ ਜਾਂ ਭਾਵੇਂ ਕੌਡਾ ਸਾਧ ਹੋਵੇ ਡੇਰੇਦਾਰ ਸਾਰੇ ਹੀ ਗੁਰਮਤਿ ਵਿਰੋਧੀ ਹਨ ਕਰੀਬ ਸਾਰੇ ਹੀ ਬ੍ਰਾਹਮਣੀ ਕਰਮਕਾਂਡਾਂ, ਸਨਾਤਨ ਮਰਯਾਦਾ ਦਾ ਪ੍ਰਚਾਰ ਕਰਦੇ ਅਤੇ ਰਾਜਨੀਤਕ ਲੀਡਰਾਂ ਨਾਲ ਯਾਰੀਆਂ ਪਾ ਕੇ ਪੁੱਠੇ ਸਿੱਧੇ ਕੰਮ ਕਰਦੇ ਕਰਾਉਂਦੇ ਰਹਿੰਦੇ ਹਨ। ਅਜੋਕੇ ਬਹੁਤੇ ਗ੍ਰੰਥੀ, ਰਾਗੀ ਤੇ ਪ੍ਰਚਾਰਕ ਝੋਲੀ ਚੁੱਕ, ਪੇਟ ਪਾਲੂ ਅਤੇ ਪੁਜਾਰੀ ਬਣ ਚੁੱਕੇ ਹਨ। ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਇੱਥੇ ਪੁਜਾਰੀ ਜਮਾਤ ਦਾ ਕੋਈ ਸਿਧਾਂਤ ਨਹੀਂ ਇਹ ਸਗੋਂ ਅਵਾਰਾ ਪਸ਼ੂਆਂ ਵਾਂਗ ਧਰਮ, ਅਰਥ ਅਤੇ ਸਮਾਜ ਰੂਪੀ ਖੇਤੀ ਦਾ ਉਜਾੜਾ ਹੀ ਕਰਦੇ ਹਨ-ਕਾਦੀ ਕੂੜੁ ਬੋਲਿ ਮਲੁ ਖਾਇ॥ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ ਓਜਾੜੇ ਕਾ ਬੰਧੁ॥ (662)

ਦੇਖੋ! ਇਹ ਸ਼ਰੇਆਮ ਉਜਾੜਾ ਨਹੀਂ ਕਿ ਗੁਰਸਿੱਖਾਂ ਨੂੰ ਸ਼ਬਦ ਗੁਰੂ "ਗੁਰੂ ਗ੍ਰੰਥ ਸਾਹਿਬ" ਨਾਲੋਂ ਤੋੜਨ ਲਈ ਸਾਧ ਪੁਜਾਰੀ ਬਰਾਬਰ ਅਸ਼ਲੀਲ ਕਵਿਤਾ ਵਾਲੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਤੇ ਪ੍ਰਚਾਰ ਕਰਦੇ, ਅਕਾਲ ਪੁਰਖ ਨੂੰ ਧਿਆਉਣ ਦੀ ਥਾਂ ਦੁਰਗਾ ਦੇਵੀ (ਭਗਾਉਤੀ) ਧਿਆਉਂਦੇ ਅਤੇ ਭੋਗ ਲਵਾਉਂਦੇ ਹਨ। ਕੱਚੀ ਬਾਣੀ (ਕਵਿਤਾ) ਨੂੰ ਗੁਰਬਾਣੀ ਕਹਿੰਦੇ, ਵਿਸ਼ੇਸ਼ ਗਿਣਤੀਆਂ ਦੇ ਮੰਤ੍ਰਪਾਠ, ਜੰਤ੍ਰਪਾਠ, ਸੰਪਟਪਾਠ ਅਤੇ ਸਮੱਗਰੀਆਂ ਅਖੰਡ ਪਾਠਾਂ ਨਾਲ ਵੀ ਰੱਖਦੇ ਹਨ। ਗੁਰੂ ਗ੍ਗੁੰਥ ਸਾਹਿਬ ਜੀ ਨੂੰ ਵੇਦਾਂ ਸ਼ਾਸ਼ਤਰਾਂ ਦਾ ਨਿਚੋੜ ਦਸਦੇ ਹੋਏ ਅਰਥ ਵੀ ਵੇਦਾਂਤ ਵਾਲੇ ਸੰਪ੍ਰਦਾਈ ਕਰਦੇ ਅਤੇ ਮਨ ਘੜਤ ਕਰਾਮਾਤੀ ਕਥਾ ਕਹਾਣੀਆਂ ਦਾ ਪ੍ਰਚਾਰ ਕਰਦੇ ਹਨ। ਔਰਤ ਜੋ ਮਾਂ, ਧੀ, ਭੈਣ ਅਤੇ ਪਤਨੀ ਹੈ ਜਿਸ ਦੀ ਕੁੱਖ ਚੋਂ ਇਹ ਖੁਦ ਵੀ ਪੈਦਾ ਹੋਏ ਹਨ ਨੂੰ ਧਰਮ ਕਰਮ ਵਿੱਚ ਮਰਦ ਦੇ ਬਰਾਬਰ ਅਧਿਕਾਰ ਨਹੀਂ ਦਿੰਦੇ ਸਗੋਂ ਉਸ ਨੂੰ ਪਲੀਤ, ਗਲੀਚ ਦਸਦੇ ਹਨ।

ਸਿੱਖੀ ਵਿੱਚ ਹਰੇਕ ਮਾਈ-ਭਾਈ ਨੂੰ ਗੁਰਬਾਣੀ ਪੜ੍ਹਨ, ਪੜ੍ਹਾਉਣ, ਵਿਚਾਰਨ ਅਤੇ ਅੱਗੇ ਪ੍ਰਚਾਰਨ ਦਾ ਪੂਰਾ ਅਧਿਕਾਰ ਹੈ-ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (305) ਪਰ ਇਹ ਡੇਰੇਦਾਰ ਸਾਧ ਇਹ ਕਹਿ ਕੇ ਡਰਾਉਂਦੇ ਤੇ ਧਮਕਾਉਂਦੇ ਰਹਿੰਦੇ ਹਨ ਕਿ ਵੇਖਣਾ ਅਸ਼ੁੱਧ ਪਾਠ ਕਰਨ ਤੇ ਤੁਸੀਂ ਪਾਪਾਂ ਦੇ ਭਾਗੀ ਬਣੋਗੇ ਇਸ ਕਰਕੇ ਸਾਡੇ ਡੇਰੇ, ਜਥੇ ਜਾਂ ਟਕਸਾਲ ਦੇ ਪਾਠੀਆਂ ਤੋਂ ਹੀ ਪਾਠ, ਕੀਰਤਨ ਅਤੇ ਕਥਾ ਕਰਵਾ, ਪੁੰਨ ਦਾਨ ਕਰਕੇ ਜਨਮ ਸਫਲਾ ਕਰੋ। ਜਾਤਿ-ਪਾਤਿ, ਛੂਆ-ਛਾਤ, ਸੁੱਚ, ਭਿੱਟ ਆਦਿਕ ਫੈਲਾ ਕੇ ਮਨੁੱਖਤਾ ਵਿੱਚ ਇੱਕ ਦੂਜੇ ਨਾਲ ਨਫਰਤ ਪੈਦਾ ਕਰਦੇ ਹਨ। ਸੋ ਗਰਸਿੱਖੋ ਜੇ ਅਸਲ ਗੁਰਮਤਿ ਦੀ ਸਿੱਖੀ ਦਾ ਪ੍ਰਚਾਰ ਕਰਨਾਂ ਹੈ ਤਾਂ ਡੇਰਿਆਂ, ਭੋਰਿਆਂ, ਸੰਪ੍ਰਦਾਵਾਂ ਅਤੇ ਕੁਰੱਪਟ ਅਤੇ ਬੇਈਮਾਨ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਮੈਂਬਰਾਂ ਦਾ ਪੂਰਨ ਤੌਰ ਤੇ ਖਹਿੜਾ ਛੱਡੋ। ਗੁਰੂ ਗ੍ਰੰਥ ਸਾਹਿਬ ਹੀ ਸਾਡਾ ਪੂਰਨ ਗੁਰੂ, ਲੀਡਰ ਅਤੇ ਸਰਬਉੱਚ ਜਥੇਦਾਰ ਹੈ, ਦੇ ਵਡਮੁੱਲੇ ਸਿਧਾਂਤਾਂ ਨੂੰ ਆਪ ਸਮਝੋ, ਜੀਵਨ ਵਿੱਚ ਧਾਰਨ ਕਰਕੇ ਅੱਗੇ ਸੰਸਾਰ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰੋ। ਗਰੀਬ ਦਾ ਮੂੰਹ ਗੁਰੂ ਦੀ ਗੋਕਲ ਸਮਝ ਕੇ ਧਰਮ ਅਸਥਾਨਾਂ ਤੇ ਕਾਬਜ ਢੌਂਗੀ ਧਰਮੀ ਅਤੇ ਕੁਰੱਪਟ ਰਾਜਨੀਤਕ ਮਸੰਦ ਪ੍ਰਬੰਧਕਾਂ ਅਤੇ ਲੀਡਰਾਂ ਅਧੀਨ ਗੋਲਕਾਂ ਵਿੱਚ ਆਪਣੀ ਖੂਨ ਪਸੀਨੇ ਦੀ ਕਮਾਈ ਨਾਂ ਪਾਓ ਜਿਸ ਦੀ ਇਹ ਦੁਰਵਰਤੋਂ ਕਰਦੇ ਹਨ। ਇਨ੍ਹਾਂ ਨੇ ਸਿੱਖੀ ਨੂੰ ਏਨਾਂ ਅਉਖਾ ਰਸਤਾ ਬਣਾ ਦਿੱਤਾ ਹੈ ਕਿ ਆਮ ਲੋਕ ਸਿੱਖੀ ਧਾਰਨ ਨਹੀਂ ਕਰ ਰਹੇ ਜਦ ਕਿ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਸਿੱਖੀ ਦੇ ਤਿੰਨ ਸੁਨਹਿਰੀ ਰੂਲ ਹਨ ਜਿੰਨ੍ਹਾਂ ਨੂੰ ਧਾਰਨ ਕਰਕੇ ਬੜੇ ਸੁਖੈਣ ਢੰਗ ਨਾਲ ਗੁਰੂ ਬਾਬੇ ਨਾਨਕ ਦੀ ਸਿੱਖੀ (ਗੁਰਮਤਿ) ਕੋਈ ਵੀ ਧਾਰਨ ਕਰਕੇ, ਉਸ ਦਾ ਪ੍ਰਾਚਾਰ ਸੰਸਾਰ ਭਰ ਦੇ ਲੋਕਾਂ ਵਿੱਚ ਕਰ ਸਕਦਾ ਹੈ। ਇਉਂ ਹੀ ਪੁਜਾਰੀ ਉਜਾੜਾ ਬੰਦ ਕੀਤਾ ਜਾ ਸਕਦਾ ਹੈ।




.