ਕੁੱਝ ਕੁ ਅਤਿ ਦੁਖਦਾਈ ਹਕੀਕਤਾਂ
1. ਅਲੱਗ-ਅਲੱਗ ਮੱਤਾਂ ਦੇ ਹੋਂਦ ਵਿੱਚ ਆਉਣ ਦਾ ਕਾਰਨ
ਲੇਖਕ ਦੀ ਸਮਝ ਅਨੁਸਾਰ, ਸੰਸਾਰ ਵਿੱਚ ਅੱਜ ਜਿਤਨੇ ਵੀ ਮੱਤ (ਮਜ਼੍ਹਬ)
ਪ੍ਰਚੱਲਤ ਹਨ, ਉਨ੍ਹਾਂ ਸਾਰਿਆਂ ਦੇ ਬਾਨੀਆਂ ਨੇ ਮਨੁੱਖੀ ਸਮਾਜ ਵਿੱਚ ਹੋ ਰਹੇ ਤੱਤਕਾਲੀਨ ਵਿਤਕਰੇ,
ਮਨੁੱਖੀ ਹੱਕਾਂ ਦਾ ਘਾਣ ਬੇ-ਇਨਸਾਫ਼ੀਆਂ, ਜ਼ੁਲਮ, ਧੱਕੇਸ਼ਾਹੀਆਂ, ਊਚ-ਨੀਚ ਦੀਆਂ ਗ਼ੈਰ-ਕੁਦਰਤੀ
(ਮਾਨਵ-ਵਿਰੋਧੀ) ਭਾਵਨਾਵਾਂ, ਨਫ਼ਰਤਾਂ ਤੇ ਵੈਰ-ਵਿਰੋਧਾਂ ਆਦਿ ਦੇ ਖ਼ਿਲਾਫ਼ ਜਦੋ-ਜਹਿਦ ਕਰ ਕੇ ਹੱਕ,
ਸੱਚ ਤੇ ਇਨਸਾਫ਼ ਦੀਆਂ ਕਦਰਾਂ-ਕੀਮਤਾਂ ਦਾ ਆਦਰ ਕਰਨ ਵਾਲੇ ਮਜ਼੍ਹਬ ਪ੍ਰਚੱਲਤ ਕੀਤੇ ਸਨ। ਇਸ ਲਈ ਉਹ
ਸਾਰੀਆਂ ਕ੍ਰਾਂਤੀਕਾਰੀ ਤੇ ਪਰਉਪਕਾਰੀ ਸ਼ਖਸੀਅਤਾਂ ਸਤਿਕਾਰ ਦੀਆਂ ਪਾਤਰ ਹਨ। ਲੇਖਕ ਦਾ ਉਨ੍ਹਾਂ
ਸਾਰੀਆਂ ਸੂਰਬੀਰ ਰੂਹਾਂ ਨੂੰ ਨੀਲਾ-ਸਲਾਮ!
2. ਅਲੱਗ-ਅਲੱਗ ਮੱਤਾਂ ਦੇ ਮੂਲ ਫ਼ਲਸਫ਼ਿਆਂ ਵਿੱਚ ਮਿਲਾਵਟ ਕੀਤੀ ਗਈ (ਖੋਟ
ਪਾਈ ਗਈ)!
ਲੇਖਕ ਨੂੰ ਇੱਕੋ-ਇੱਕ ਅਫ਼ਸੋਸ ਤੇ ਗਿਲਾ ਇਹ ਹੈ ਕਿ ਉਨ੍ਹਾਂ ਮੱਤਾਂ ਦੇ
ਬਾਨੀਆਂ ਨੇ ਆਪੋ-ਆਪਣੇ ਮੱਤ ਦੇ ਫ਼ਲਸਫ਼ੇ ਨੂੰ ਨਾਂ ਤਾਂ ਆਪ ਹੀ ਕਲਮ-ਬੰਦ ਕੀਤਾ ਅਤੇ ਨਾ ਹੀ ਆਪਣੇ
ਕਿਸੇ ਭਰੋਸੇਯੋਗ ਪੈਰੋਕਾਰ ਤੋਂ ਆਪਣੇ ਜੀਵਨ-ਕਾਲ ਦੌਰਾਨ ਕਲਮ-ਬੰਦ ਕਰਵਾਇਆ। ਇਸ ਹਕੀਕਤ ਦਾ
ਨਾ-ਜਾਇਜ਼ ਫ਼ਾਇਦਾ ਉਠਾ ਕੇ ਮਾਨਵ-ਵਿਰੋਧੀ, ਖ਼ੁਦਗਰਜ਼ ਤੇ ਸ਼ਾਤਰ ਧਿਰਾਂ, (ਜਿਨ੍ਹਾਂ ਵਿੱਚ ਖ਼ੁਦਗਰਜ਼
‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਤਿੱਕੜੀ ਪਰਮੁੱਖ ਤੌਰ `ਤੇ ਸ਼ਾਮਿਲ ਹੈ), ਨੇ ਉਨ੍ਹਾਂ ਮਹਾਨ
ਰੂਹਾਂ ਦੇ ਮਜ਼੍ਹਬਾਂ ਦੇ ਫ਼ਲਸਫ਼ਿਆਂ ਨਾਲ ਵੱਡੇ ਪੱਧਰ `ਤੇ ਛੇੜ-ਛਾੜ ਕਰ ਕੇ, ਆਪਣਾ ਉੱਲੂ ਸਿੱਧਾ ਕਰਨ
ਵਾਲੇ ਫ਼ਲਸਫ਼ਿਆਂ ਨੂੰ, (ਉਨ੍ਹਾਂ ਮਹਾਨ-ਰੂਹਾਂ ਦੇ ਨਾਮ ਹੇਠ ਹੀ) ਪ੍ਰਚੱਲਤ ਕਰ ਕੇ ਇਹ ਹਦਾਇਤਾਂ ਵੀ
ਕਰ ਦਿੱਤੀਆਂ ਕਿ ਇਨ੍ਹਾਂ ਫ਼ਲਸਫ਼ਿਆਂ `ਚ ਕੋਈ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ ‘ਕਿਉਂਕਿ ਇਹ ਸਿੱਧੇ
ਹੀ ਰੱਬ ਵੱਲੋਂ ਉਨ੍ਹਾਂ ਮਜ਼੍ਹਬਾਂ ਦੇ ਬਾਨੀਆਂ `ਤੇ ਨਾਜ਼ਲ ਹੋਏ ਜਾਂ ਰੱਬ ਦੇ ਦੂਤਾਂ (ਫ਼ਰਿਸ਼ਤਿਆਂ)
ਦੁਆਰਾ ਪ੍ਰਾਪਤ ਹੋਏ ਸੰਦੇਸ਼ ਸਨ’। ਇਸ ਹਦਾਇਤ ਦਾ ਇੱਕੋ-ਇੱਕ ਮਕਸਦ ਇਹ ਜਾਪਦਾ ਹੈ ਕਿ ਮਨੁੱਖਤਾ ਨੂੰ
ਅਗਿਆਨਤਾ ਦੇ ਅੰਨ੍ਹੇ ਖੂਹ ਵਿੱਚ ਸੁੱਟੀ ਰੱਖ ਕੇ, ਮਨੁੱਖੀ ਸਮਾਜ ਦਾ ਹਰ ਪੱਧਰ `ਤੇ (ਧਰਮ ਦੇ ਨਾਂ
`ਤੇ) ਸ਼ੋਸ਼ਨ ਕਰਨ ਲਈ ਨਕਲੀ ਰੱਬੀ-ਲਾਈਸੈਂਸ (ਨਕਲੀ ਰੱਬੀ-ਹੁਕਮ) ਦੀ ਪ੍ਰਾਪਤੀ ਦਾ ਡਰਾਵਾ ਦੇ ਕੇ
ਸਬੰਧਤ ਸਮਾਜਕ ਵਰਗ ਨੂੰ ਦਬਕਾਅ ਕੇ ਰੱਖਿਆ ਜਾਏ। ਇਸ ਪੱਖ ਨੂੰ ਵੀ ਇਸ ਪੁਸਤਕ ਵਿੱਚ ਅੱਗੇ ਜਾ ਕੇ
ਵਿਚਾਰਨ ਦਾ ਯਤਨ ਕੀਤਾ ਜਾਵੇਗਾ।
3. ਅਲੱਗ-ਅਲੱਗ ਮੱਤਾਂ ਦੇ ਅਸਲ ਫ਼ਲਸਫ਼ਿਆਂ ਵਿੱਚ ਮਿਲਾਵਟ ਕਿਉਂ ਹੋਈ?
ਨਿਰਸੰਦੇਹ, ਇਹ ਮਿਲਾਵਟ, ਮੂਲ ਰੂਪ ਵਿੱਚ, ਖ਼ੁਦਗਰਜ਼ ਤੇ ਸ਼ਾਤਿਰ ‘ਰਾਜਨੀਤਕ
ਪੁਜਾਰੀ-ਸਰਮਾਏਦਾਰ’ ਦੀ ਮਾਨਵ-ਵਿਰੋਧੀ ਤਿੱਕੜੀ ਵੱਲੋਂ ਹੀ ਕੀਤੀ ਗਈ ਜਾਪਦੀ ਹੈ।
ਲੇਖਕ ਦੀ ਇਨ੍ਹਾਂ ਅਨਮੱਤਾਂ ਦੀ ਵਿਚਾਰਧਾਰਾ ਬਾਰੇ ਸੀਮਤ ਜਿਹੀ ਜਾਣਕਾਰੀ
(ਜੋ ਕਿ ਸੰਖੇਪ ਵਿੱਚ ਉੱਪਰ ਦਰਜ ਕੀਤੀ ਜਾ ਚੁੱਕੀ ਹੈ) ਮੁਤਾਬਿਕ ਇਨ੍ਹਾਂ ਮੱਤਾਂ ਵਿੱਚੋਂ ਕੋਈ ਇੱਕ
ਵੀ ਅਜਿਹਾ ਮੱਤ ਨਹੀਂ ਜਿਸ ਦਾ ਫ਼ਲਸਫ਼ਾ, ਮਨੁੱਖੀ ਬਰਾਬਰਤਾ ਦੇ ਆਧਾਰ `ਤੇ ਸਮੁੱਚੀ ਮਨੁੱਖਤਾ ਨੂੰ
ਨਿਰਪੱਖ ਹੋ ਕੇ ਸੰਬੋਧਤ ਹੋਵੇ, ਸਰਲ ਤੇ ਵਿਗਿਆਨਕ ਹੋਵੇ ਅਤੇ (ਕਿਤੇ ਨਾ ਕਿਤੇ) ਕਾਦਿਰ ਦੀ ਕੁਦਰਤਿ
ਦੇ ਅਟੱਲ (ਇਲਾਹੀ) ਨਿਯਮਾਂ, ਅਸੂਲਾਂ ਤੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਨਾ ਕਰਦਾ ਹੋਵੇ। ਇਹ ਵੀ
ਇੱਕ ਬੁਨਿਆਦੀ ਕਾਰਨ ਹੈ ਵਿਸ਼ਵ-ਅਸ਼ਾਂਤੀ ਦਾ। ਪਰ, ਅਸ਼ਾਂਤੀ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ
ਮਾਇਆ ਦੀ ਮਮਤਾ ਦਾ ਮੋਹ। ਪ੍ਰਭੂ-ਪਿਤਾ ਦੀ ਸਾਜੀ ਕੁਦਰਤਿ ਦੇ ਨਿਯਮਾਂ ਦੀ ਉਲੰਘਣਾ ਕਰ ਕੇ, ਅਤੇ
ਮਾਇਆ ਦੇ ਮੋਹ ਦੇ ਮਜ਼ਬੂਤ ਜਾਲ ਵਿੱਚ ਫਸੇ ਰਹਿ ਕੇ ਭਲਾ, ਵਿਸ਼ਵ-ਸ਼ਾਂਤੀ ਕਿਵੇਂ ਕਾਇਮ ਕੀਤੀ ਜਾ ਸਕਦੀ
ਹੈ? ਜੇਕਰ ਕੋਈ ਵਿਦਵਾਨ ਵੀਰ/ਭੈਣ ਜਾਂ ਕਿਸੇ ਮੱਤ ਦਾ ਪ੍ਰਚਾਰਕ ਆਪਣੇ ਮੱਤ ਦੇ ਫ਼ਲਸਫ਼ੇ ਵਿੱਚ
ਮਾਇਆ ਦੇ ਮੋਹ ਤੋਂ ਛੁਟਕਾਰਾ ਪਾਉਣ ਦਾ ਕੋਈ ਸਿਧਾਂਤ ਲਿਖ ਭੇਜੇ ਤਾਂ ਲੇਖਕ ਉਸ ਦਾ ਤਹਿ ਦਿਲੋਂ
ਧੰਨਵਾਦੀ ਹੋਵੇਗਾ ਅਤੇ ਉਸ ਸਿਧਾਂਤ ਨੂੰ ਵੀ ਆਦਰ ਸਹਿਤ ਅਗਲੀਆਂ ਲਿਖਤਾਂ ਵਿੱਚ ਸ਼ਾਮਿਲ ਕਰ ਲਿਆ
ਜਾਵੇਗਾ। ਇਥੇ ਹੀ ਬੱਸ ਨਹੀਂ। ਹਰ ਇੱਕ ਮੱਤ ਦੇ ਪੈਰੋਕਾਰ (ਮਨੁੱਖ ਦੇ ਕੁਦਰਤੀ ਸੁਭਾਅ ਕਾਰਨ)
ਆਪੋ-ਆਪਣੇ ਮੱਤ ਨੂੰ ਸਰਬ-ਸ੍ਰੇਸ਼ਟ ਮੰਨਦੇ ਅਤੇ ਪ੍ਰਚਾਰਦੇ ਆ ਰਹੇ ਹਨ। ਹਰ ਇੱਕ ਵਿਅਕਤੀ ਨੂੰ ਉਸ ਦਾ
ਮੱਤ (ਮਜ਼੍ਹਬ) ਮੁਬਾਰਕ! ਪਰ, ਇਨ੍ਹਾਂ ਮੱਤਾਂ ਵਿੱਚ ਮਾਨਵ-ਵਿਰੋਧੀ ਧਿਰਾਂ ਵੱਲੋਂ ਲੁਕਵੇਂ
ਸਾਜ਼ਿਸ਼ੀ ਢੰਗਾਂ ਨਾਲ ਦਰਜ ਕੀਤੇ ਫ਼ਲਸਫ਼ੇ ਦੇ ਉਨ੍ਹਾਂ ਅਸੂਲਾਂ ਨੂੰ ਜਿਹੜੇ ਮਨੁੱਖਤਾ ਦੀ ਬਰਾਬਰਤਾ
ਨੂੰ ਨਹੀਂ ਸਵੀਕਾਰਦੇ, ਮਨੁੱਖੀ ਸਮਾਜ ਨੂੰ ਇੱਕ ਵਿਸ਼ਵ-ਪੱਧਰੀ ਚੰਗਾ ਸਮਾਜ ਬਣਾਉਂਣ ਦੇ ਰਾਹ ਵਿੱਚ
ਰੋੜੇ ਅਟਕਾਉਂਦੇ ਆ ਰਹੇ ਹਨ, ਮਨੁੱਖੀ ਸਮਾਜ ਨੂੰ ਭਾਂਤ-ਸੁਭਾਂਤੀ ਗ਼ੈਰ-ਕੁਦਰਤੀ ਜ਼ਮਾਤਾਂ ਜਾਂ
ਜਾਤਾਂ-ਪਾਤਾਂ ਵਿੱਚ ਵੰਡ ਕੇ ਮਨੁੱਖੀ ਸਮਾਜ ਦਾ ਸ਼ੋਸ਼ਨ ਕਰਦੇ ਹਨ, ਮਨੁੱਖੀ ਸਮਾਜਿਕ ਵਰਗਾਂ ਵਿਚਕਾਰ
ਨਫ਼ਰਤ, ਈਰਖਾ, ਵੈਰ-ਵਿਰੋਧ ਪੈਦਾ ਕਰ ਕੇ ਅਸ਼ਾਂਤੀ (ਲੜਾਈ-ਝਗੜੇ ਵੀ) ਪੈਦਾ ਕਰਨ ਦਾ ਕਾਰਨ ਬਣਦੇ ਹਨ,
ਆਪਣੇ ਮਜ਼੍ਹਬ ਦੀ ਗਿਣਤੀ ਵਧਾਉਣ ਲਈ ਲਾਲਚ, ਭੈਅ ਜਾਂ ਕੋਈ ਹੋਰ ਗ਼ੈਰ-ਵਾਜਬ ਢੰਗ ਦੀ ਵਰਤੋਂ ਕਰਦੇ
ਹਨ, ਅਜੂਨੀ ਰੱਬ ਨੂੰ ਜਨਮ-ਮਰਨ ਦੇ ਚੱਕਰ `ਚ ਪਾ ਕੇ ਅਵਤਾਰਵਾਦ ਦੀ ਹਮਾਇਤ ਕਰਦੇ ਹਨ ਆਦਿ ਨੂੰ,
ਸਵੀਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਮੁੱਚਾ ਸੰਸਾਰ ਇੱਕੋ-ਇੱਕ ਰੱਬ ਦੀ ਨਾਦੀ ਸੰਤਾਨ ਹੈ।
ਆਓ, ਹੁਣ ਆਪਾਂ ਅਖੌਤੀ ਹਿੰਦੂ-ਮੱਤ ਦੇ ਕੁੱਝ ਕੁ ਨਿਯਮਾਂ ਦੀ ਝਲਕ ਦੇ ਵੀ
ਸੰਖੇਪ ਦਰਸ਼ਨ ਕਰ ਲਈਏ ਤਾ ਕਿ ਲੇਖਕ `ਤੇ ਇਹ ਨਾ-ਵਾਜ਼ਬ ਦੋਸ਼ ਨਾ ਲੱਗੇ ਕਿ ਅਖੌਤੀ ‘ਹਿੰਦੂ-ਮੱਤ’ ਦੀ
ਸਮੁੱਚੀ ਵਿਚਾਰਧਾਰਾ ਨੂੰ ਹੀ ਰੱਦ ਕਰਨ ਨੂੰ ਕਿਉਂ ਕਿਹਾ ਗਿਆ ਹੈ?
ਅਖੌਤੀ ‘ਹਿੰਦੂ-ਮੱਤ’ (ਮਨੂੰਵਾਦ) ਦੇ ਮੁੱਢਲੇ ਅਸੂਲ
1. ਚਾਰੇ ਵੇਦ ਧੁਰੋਂ ਹੀ ਬਣੇ ਬਣਾਏ ਆਏ ਹਨ ( ‘ਅਲਹਾਮੀ’ ਜਾਂ ‘ਸੁਰਤੀ’
ਹਨ)। ਇਹ ਸਾਰੇ ਹੀ ਦੁਨਿਆਵੀ ਅਤੇ ਰੂਹਾਨੀ ਗਿਆਨ ਦੇ ਸੋਤਰ (ਸੋਮਾ) ਹਨ। (ਫ਼ੀਅਰ ਜੇ. ਬੀ: ਆਈ. ਏ.
ਭਾਗ 4 (1875), ਪੰ. 123)
2. ਈਸ਼ਵਰ ਨੇ (ਬ੍ਰਹਮੇ ਤੋਂ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਵਾ ਕੇ) ਚਾਰ
ਜਾਤਾਂ ਜਾਂ ਵਰਣ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਬਣਾਈਆਂ। (ਜ਼ਾਜਨਿਕ ਜੇ. ਯੂ: ਜੇ. ਆਰ. ਏ.
ਐਸ. ਬੀ (1872), ਪੰਨਾ: 100-102; ਫ਼ੀਅਰ ਜੇ. ਬੀ: ਆਈ. ਏ. ਭਾਗ-4 (1875)
3. ਬਰ੍ਹਮਾ ਨੇ ਮਨੂੰ-ਸਿੰਮ੍ਰਿਤਿ ਅਰਥਾਤ ਕਾਨੂੰਨ-ਪ੍ਰਣਾਲੀ ਆਪ ਤਿਆਰ ਕੀਤੀ
ਤੇ ਮਨੂੰ ਨੂੰ ਸਮਝਾਈ। ਮਨੂੰ ਨੇ ਇਹ ਅੱਗੇ ਭ੍ਰਿਗੂ ਨੂੰ ਸਿਖਾਈ। ਮਨੂੰ-ਸਿੰਮ੍ਰਿਤਿ ਦੇ ਪਹਿਲੇ
ਸਾਰੇ ਹਿੱਸੇ ਅੰਦਰ ਅਤੇ ਅੰਤ ਜੇਹੇ ਵਿੱਚ ਵੀ ਮਨੂੰ ਦੇ ਧਰਮ ਸ਼ਾਸਤਰ (ਮਨੂੰ ਸਿੰਮ੍ਰਿਤਿ) ਨੂੰ ਰੱਬੀ
ਪ੍ਰੇਰਨਾ ਦੁਆਰਾ, ਵੇਦਾਂ ਦੀ ਵਿਆਖਿਆ ਕਰਨ ਵਾਲਾ ਦੱਸਿਆ ਗਿਆ ਹੈ ਅਤੇ ਇਸ ਦੀ ਤੁਲਨਾ ਲਗਭਗ ਵੇਦਾਂ
ਦੇ ਬਰਾਬਰ ਹੀ ਕੀਤੀ ਗਈ ਹੈ (ਪੰ. 18)।
4. ਵੇਦਾਂਗ, ਮੇਮਾਂਸਾ ਨਿਆਏ, ਧਰਮ-ਸ਼ਾਸਤਰ ਤੇ ਪੌਰਾਣ ਵੇਦਾਂ ਵਿੱਚੋਂ
ਨਿਕਲੀਆਂ ਹੋਈਆਂ ਸ਼ਾਖਾਂ ਹਨ (ਮਨੂੰ ਸਿੰਮ੍ਰਿਤਿ ਪੰ. 109, 359)।
5. ਜੋ ਕੁੱਝ ਵੀ ਵੇਦਾਂ ਤੋਂ ਬਾਹਰ ਹੈ, ਜਾਂ ਜੋ ਕੁੱਝ ਵੀ ਮਨੂੰ ਦੀ
ਸੰਪੂਰਨ ਸਿਆਣਪ ਰਾਹੀਂ ਵੇਦਾਂ ਵਿੱਚੋਂ ਲੈ ਕੇ ਧਰਮ-ਸ਼ਾਸਤਰ ਵਿੱਚ ਨਹੀਂ ਲਿਖਿਆ ਗਿਆ, ਉਹ ਮਨੁੱਖੀ
ਕੰਮ ਹੈ, ਬੇਕਾਰ ਹੈ, ਝੂਠ ਹੈ। ਵੇਦਾਂ ਵਿੱਚ ਵਿਸ਼ਵਾਸ ਨਾ ਕਰਨਾ ਘੋਰ ਪਾਪ ਹੈ। ਜੇ ਕੋਈ
‘ਕਾਫ਼ਰ-ਪੁਸਤਕ’ ਦਾ ਆਸਰਾ ਲੈ ਕੇ, ਧੁਰੋਂ ਉੱਤਰੇ ਹੋਏ ਵੇਦਾਂ ਤੇ ਧਰਮ-ਸ਼ਾਸਤਰਾਂ ਦੇ ਅਧਿਕਾਰ ਉੱਤੇ
ਕਿੰਤੂ ਕਰਦਾ ਹੈ, ਉਹ ਕਾਫ਼ਰ ਸਮਝਿਆ ਜਾਣ ਯੋਗ ਹੈ ਅਤੇ ਸਦਾਚਾਰੀ ਲੋਕਾਂ ਦੇ ਸਮਾਜ ਵਿੱਚੋਂ ਛੇਕੇ
ਜਾਣ ਯੋਗ ਹੈ। {
Phear, J.B. : I.A. Vol. 4,
(1875), P-124)}।
6. ਮਨੁੱਖ ਜਨਮ ਤੋਂ ਹੀ ਨਾ-ਬਰਾਬਰ ਹੁੰਦੇ ਹਨ, ਉਨ੍ਹਾਂ ਦੀ ਨਾ-ਬਰਾਬਰੀ
ਸਦਾ ਹੀ ਕਾਇਮ ਰਹਿੰਦੀ ਹੈ ਤੇ ਉਨ੍ਹਾਂ ਵਿਚਾਲੇ ਫ਼ਰਕ ਉਤਨਾ ਹੀ ਹੁੰਦਾ ਹੈ ਜਿਤਨਾ ਕੁੱਤੇ ਅਤੇ ਬੰਦੇ
ਵਿਚਾਲੇ {
Max Weber : P-144}।
7. ਪਰਜਾਪਤੀ (ਪਰਮੇਸ਼ਰ) ਨੇ ਸ਼ੂਦਰਾਂ ਨੂੰ ਦੂਜੀਆਂ ਜਾਤਾਂ ਦਾ ਗ਼ੁਲਾਮ ਬਣਾ
ਕੇ ਪੈਦਾ ਕੀਤਾ ਹੈ
(Mahabharat, x, 2295, 2297);
(Maur, J.:I.A. Vol.6, P-252)।
8. ਬ੍ਰਾਹਮਣ ਦੀ ਸਿੱਖਿਆ ਮਨੁੱਖ ਵਾਸਤੇ ਸਿੱਕੇ-ਬੰਦ ਹੈ, ਕਿਉਂਕਿ ਇਸ ਦੀ
ਨੀਂਹ ਵੇਦ ਹਨ (
Manu, xi, 85; Max Weber, P-59)।
9. ਬ੍ਰਾਹਮਣ ਭਾਵੇਂ ਪੜ੍ਹਿਆ ਹੋਵੇ ਜਾਂ ਨਾ, ਤੇ ਭਾਵੇਂ ਕਿਰਦਾਰ ਦਾ
ਪੁੱਜ ਕੇ ਮਾੜਾ ਵੀ ਹੋਵੇ, ਉਹ ਫਿਰ ਵੀ ਵੱਡਾ ਦੇਵਤਾ ਹੁੰਦਾ ਹੈ (
Manu,
ix, 317, 319)।
10. ਇਸਤਰੀ, ਸ਼ੂਦਰ, ਕੁੱਤੇ ਅਤੇ ਕਾਂ ਝੂਠ ਦਾ ਨਮੂਨਾ ਹਨ। (ਸਤਪਤ ਬ੍ਰਹਮਣ
ਗ੍ਰੰਥ:
xiv, 1.1.31)
11. ਪਤੀ ਦਾ ਆਪਣੀ ਪਤਨੀ ਉੱਤੇ ਪੂਰਾ ਅਧਿਕਾਰ ਹੈ। ਉਹ ਉਸ ਨੂੰ ਮਾਰ-ਪਿੱਟ
ਸਕਦਾ ਹੈ। ਜੇ ਪਤਨੀ ਜ਼ਰਾ ਵੀ ਕੌੜੀ ਗੱਲ ਕਰੇ ਤਾਂ ਉਸ ਨੂੰ ਇੱਕ-ਦਮ ਤਿਆਗ ਸਕਦਾ ਹੈ ਅਤੇ ਪਤਨੀ ਲਈ
ਉਚਿਤ ਹੈ ਕਿ ਉਹ ਆਪਣੇ ਪਤੀ ਦੀ ਦੇਵਤਾ ਸਮਝ ਕੇ ਪੂਜਾ ਕਰੇ, ਭਾਵੇਂ ਉਸ ਵਿੱਚ ਕੋਈ ਗੁਣ ਨਾ ਵੀ
ਹੋਵੇ ਅਤੇ ਭਾਵੇਂ ਉਹ ਵਿਭਚਾਰੀ ਵੀ ਹੋਵੇ
(Manu, v,
299)।
12. ਰੱਬ ਵੀ ਅਵਤਾਰ ਧਾਰ ਕੇ ਜੂਨਾਂ ਵਿੱਚ ਆਉਂਦਾ ਹੈ। {(ਰਾਮ ਚੰਦਰ ਜੀ,
ਕ੍ਰਿਸ਼ਨ ਜੀ ਆਦਿ ਰੱਬ (ਵਿਸ਼ਨੂੰ) ਦੇ ਅਵਤਾਰ ਹਨ)}।
13. ਅਵਤਾਰਾਂ ਦੀ ਪੂਜਾ ਤੋਂ ਇਲਾਵਾ, ਆਪਣੇ ਕਿਸੇ ਮਨ-ਪਸੰਦ ਦੇਵੀ-ਦੇਵਤੇ
ਦੀ ਪੂਜਾ ਕਰਨੀ ਵੀ ਜ਼ਰੂਰੀ ਹੈ।
14. ਆਪੋ ਆਪਣੀ ਜਾਤ ਲਈ (ਬ੍ਰਾਹਮਣ ਵੱਲੋਂ ਮੁਕੱਰਰ ਕੀਤੀਆਂ) ਰੀਤਾਂ,
ਰਸਮਾਂ, ਰਵਾਇਤਾਂ, ਪ੍ਰੰਪਰਾਵਾਂ (ਮਨੂੰ ਦੇ ਧਰਮ-ਸ਼ਾਸਤਰ ਅਨੁਸਾਰ) ਦੀ ਪਾਲਣਾ ਕਰਨੀ ਧਰਮੀ ਹੋਣ ਲਈ
ਅਤੀ ਲਾਜ਼ਮੀ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਕਿਸੇ ਵਿਅਕਤੀ ਨੂੰ ਜਾਤਿ-ਪਾਤੀ ਸਮਾਜ ਵਿੱਚੋਂ
ਛੇਕਿਆ ਜਾ ਸਕਦਾ ਹੈ ਅਤੇ ਫ਼ਿਰਕਿਆਂ ਦਾ ਜਾਤਿ-ਪਾਤੀ ਰੁਤਬਾ ਨੀਵਾਂ ਕੀਤਾ ਜਾ ਸਕਦਾ ਹੈ {
Bharatiya,
Vol. i; P-493; Crooke, W.:E.R.E. Vol. 6; Muir, J.:J.R.A.S. (1866), P-286-87; Max
Weber, PP-35, 106; Manu, , 23; Phear, J.B. : I.A. Vol. 4 (1875), P-127)}।
15. ਬ੍ਰਾਹਮਣ ਦਾ ਆਦਰ-ਸਨਮਾਨ ਕਰਨਾ ਅਤੀ ਜ਼ਰੂਰੀ ਹੈ। ਉਲੰਘਣਾ ਕਰਨ
ਵਾਲੇ ਫ਼ਿਰਕਿਆਂ ਦਾ ਜਾਤੀ-ਰੁਤਬਾ ਨੀਵਾਂ ਕੀਤਾ ਜਾ ਸਕਦਾ ਹੈ {
Phear,
J.B. : I.A. Vol. 4, (1875), P-127)}।
16. ਜਾਤ ਜੱਦੀ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਜੇ ਕੋਈ
ਆਪਣੀ ਜਾਤ ਲਈ ਵਰਜਤ ਰਸਮਾਂ ਕਰਨ ਦੀ ਜ਼ੁਰੱਅਤ ਕਰੇ ਤਾਂ ਉਸ ਨੂੰ ਕਤਲ ਕੀਤਾ ਜਾਣਾ, ਜਾਤ-ਪਾਤੀ
ਕਾਨੂੰਨ ਦੇ ਐਨ ਮੁਤਾਬਕ ਹੈ {
Senart, P-100}।
17. ਭਿੱਟ ਜਾਂ ਛੂਤ-ਛਾਤ ਵੀ ਜਾਤ-ਪਾਤੀ ਸਿਸਟਮ ਦਾ ਇੱਕ ਅਹਿਮ ਅਸੂਲ ਹੈ।
ਕੇਵਲ ਸਿੱਧੀ-ਛੋਹ ਦੇ ਕਾਰਨ ਹੀ ਨਹੀਂ ਬਲਕਿ ਅਸਿੱਧੀ-ਛੋਹ (ਪਰਛਾਵਾਂ ਜਾਂ ਨਜ਼ਰ ਪੈਣ ਮਾਤਰ ਨਾਲ ਹੀ)
ਦੇ ਕਾਰਨ ਵੀ ਭਿੱਟ ਚੰਮੜ ਜਾਂਦੀ ਹੈ {
Senart, PP38,
43; Max Weber, P-106; Hutton, P-79}।
18. ਜਾਤ-ਪਾਤ ਦਾ ਰੁਤਬਾ ਬਾਕੀ ਸਾਰੇ ਆਰਥਕ, ਸਮਾਜਿਕ, ਰਾਜਸੀ ਰੁਤਬਿਆਂ
ਤੋਂ ਉੱਚਾ ਹੈ। ਬ੍ਰਾਹਮਣ (ਪ੍ਰੋਹਤ) ਦਾ ਜਾਤੀ ਰੁਤਬਾ ਛਤਰਪਤੀ ਰਾਜੇ ਦੇ ਜਾਤੀ ਰੁਤਬੇ ਤੋਂ ਉੱਚਾ
ਹੈ। (ਐਸਾ ਅਖੌਤੀ ਧਾਰਮਕ ਰੀਤਾਂ ਤੇ ਰਸਮਾਂ ਦੀ ਮਨੌਤ ਨੂੰ ਵੱਡੀ ਮਾਨਤਾ ਮਿਲਣ ਕਾਰਨ ਹੋਇਆ
ਅਤੇ ਪੁਜਾਰੀ ਜਮਾਤ ਇਸ ਹੱਦ ਤੱਕ ਸਿਰ ਚੜ੍ਹ ਗਈ ਕਿ ਜਿਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ
ਨਹੀਂ ਮਿਲਦੀ। ਬ੍ਰਾਹਮਣ ਜਾਤ ਦੀ ਸਰਦਾਰੀ, ਜਾਤ-ਪਾਤੀ ਸਮਾਜ ਦਾ ਕੇਂਦਰੀ ਸਿਧਾਂਤ ਬਣ ਗਿਆ) {
(Max
Weber, P-30); Senart, P-18-19, 36, 85); Hutton, P-71; Gart, E.A. : E.R.E. Vol.
3, P-236)।
19. ਜਾਤ-ਪਾਤੀ ਸਮਾਜ ਵਿੱਚ ਸ਼ਾਮਲ ਹੋਣ ਲਈ, ਬ੍ਰਾਹਮਣ ਵੱਲੋਂ ਪ੍ਰਵਾਨ ਕੀਤੀ
ਹੋਈ ਕਿਸੇ ਨਾ ਕਿਸੇ ਜਾਤ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ {
(Max
Weber, P-29)।
20. ਜੇਕਰ ਬ੍ਰਾਹਮਣ ਕੋਈ ਅਪ੍ਰਾਧ ਕਰ ਬੈਠੇ ਤਾਂ ਉਸ ਦੀ ਸਜ਼ਾ ਬ੍ਰਾਹਮਣ ਨੂੰ
ਨਹੀਂ ਬਲਕਿ ਉਸ ਦੇਸ਼ ਦੇ ਰਾਜੇ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਨਾਲਾਇਕ ਨੇ ਬ੍ਰਾਹਮਣ ਦੀਆਂ
ਲੋੜਾਂ ਦੀ ਪੂਰਤੀ ਵੱਲ ਉਚਿਤ ਧਿਆਨ ਕਿਉਂ ਨਾ ਦਿੱਤਾ ਜਿਸ ਕਾਰਨ ਬ੍ਰਾਹਮਣ ਨੂੰ ਅਪ੍ਰਾਧ ਕਰਨ ਲਈ
ਮਜ਼ਬੂਰ ਹੋਣਾ ਪਿਆ?
21. ਔਰਤ, ਵੈਸ਼ ਅਤੇ ਸ਼ੂਦਰ ਇੱਕੋ ਸ਼੍ਰੇਣੀ ਵਿੱਚ ਰੱਖੇ ਗਏ ਹਨ ਅਤੇ ਇਨ੍ਹਾਂ
ਨੂੰ ਰੱਬ ਦੀ ਭਗਤੀ ਕਰਨ ਦਾ ਅਧਿਕਾਰ ਨਹੀਂ (ਭਗਵਤ ਗੀਤਾ, , 32)।
22. ਵਿਧਵਾ ਇਸਤਰੀ ਵਿਆਹ ਨਹੀਂ ਕਰ ਸਕਦੀ।
(Manu, V, 156-7;
ਯਜਨਾਵਾਲਕਯਾ,
1.75)
23. ਬਰ੍ਹਮਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਵਿਸ਼ਨੂ ਸ੍ਰਿਸ਼ਟੀ ਨੂੰ
ਪਾਲਣ ਵਾਲਾ ਅਤੇ ਸ਼ਿਵਜੀ ਖ਼ਤਮ ਕਰਨ ਵਾਲਾ ਹੈ (ਯਾਨਿ ਕਿ, ਰੱਬ ਇੱਕ ਨਹੀਂ, ਤਿੰਨ ਰੱਬ ਹਨ)।
24. ਤੀਰਥ ਇਸ਼ਨਾਨ ਕਰਨੇ, ਬਰਤ ਰੱਖਣੇ, ਸ਼੍ਰਾਧ ਕਰਾਉਣੇ, ਬ੍ਰਾਹਮਣਾਂ ਨੂੰ
ਦਾਨ ਕਰਨਾ, ਯਗ-ਹਵਨ ਕਰਾਉਣੇ, ਸ਼ਗਨ-ਅਪਸ਼ਗਨ, ਲਗਨ (ਮਹੂਰਤ) ਦੀ ਵਿਚਾਰ ਰੱਖਣਾ ਆਦਿ ਜ਼ਰੂਰੀ ਕਰਨਯੋਗ
ਧਰਮ-ਕਰਮ, ਹਨ।
25. ਕੋਈ ਵੀ ਮੁੱਖ ਧਾਰਮਕ, ਸਮਾਜਕ ਅਤੇ ਰਾਜਸੀ ਰਸਮ, ਬ੍ਰਾਹਮਣ ਦੀ
ਸ਼ਮੂਲੀਅਤ ਤੋਂ ਬਿਨਾਂ ਸਿਰੇ ਨਹੀਂ ਚੜ੍ਹਾਈ ਜਾ ਸਕਦੀ।
26. ਰਾਜਸੀ ਤਾਕਤ ਬ੍ਰਾਹਮਣ ਦੇ ਜਾਤੀ ਰੁਤਬੇ ਦੇ ਅਧੀਨ ਹੈ। ‘ਰਾਜ-ਪ੍ਰੋਹਤ’
ਦੀ ਪ੍ਰਵਾਨਗੀ ਤੋਂ ਬਿਨਾਂ ਰਾਜਾ ਪਰਜਾ `ਤੇ ਰਾਜ ਕਰਨ ਦਾ ਅਧਿਕਾਰੀ ਨਹੀਂ ਬਣ ਸਕਦਾ।
27. ਜਾਤ-ਪਾਤੀ ਸਮਾਜਕ ਸਿਸਟਮ ਨੂੰ ਚੁਣੌਤੀ ਦੇਣ ਵਾਲੀਆਂ ਲਹਿਰਾਂ ਜਾਂ
ਸ਼ਕਤੀਆਂ ਨੂੰ ਪਹਿਲਾਂ ਘੂਰ ਕੇ ਤਾੜਨਾ ਕੀਤੀ ਜਾਵੇ, ਹਰ ਯੋਗ ਅਤੇ ਅਯੋਗ ਢੰਗ ਨਾਲ ਇਨ੍ਹਾਂ ਦੀ ਹਰ
ਪੱਧਰ `ਤੇ ਵਿਰੋਧਤਾ ਕੀਤੀ ਜਾਵੇ। ਇਨ੍ਹਾਂ ਦੀਆਂ ਧਾਰਮਕ ਅਤੇ ਸਾਹਿਤਕ ਪੁਸਤਕਾਂ (ਸਮੇਤ ਇਤਿਹਾਸਕ
ਪੁਸਤਕਾਂ ਦੇ) ਵਿੱਚ ਭੰਨ-ਤੋੜ ਕਰ ਕੇ ਭੰਬਲਭੂਸੇ ਵਿੱਚ ਪਾਇਆ ਜਾਵੇ ਅਤੇ ਅੰਤ ਵਿੱਚ ਮਨੂੰਵਾਦ ਵਿੱਚ
ਸਮੋਇਆ ਜਾਵੇ। ਜੇਕਰ ਅਜਿਹਾ ਕਰਨ ਨਾਲ ਸਫ਼ਲਤਾ ਨਾ ਮਿਲੇ ਤਾਂ, ਯੋਗ ਸਮੇਂ `ਤੇ, ਇਨ੍ਹਾਂ ਆਜ਼ਾਦ
ਵਿਚਾਰਧਾਰਾਵਾਂ ਨੂੰ ਸਖ਼ਤੀ ਨਾਲ ਕੁਚਲ ਦਿੱਤਾ ਜਾਵੇ।
28. ਜਾਤ-ਪਾਤੀ ਸਮਾਜ ਅੰਦਰ, ਬ੍ਰਾਹਮਣ ਨੂੰ "ਗੁਰੂ" ਦੀ ਪਦਵੀ ਹਾਸਿਲ
ਹੈ। (ਵਾਰ ਆਸਾ ਮ. 1, ਪੰਨਾ 471)।
29. ਵੱਖ-ਵੱਖ ਜਾਤਾਂ ਦੇ ਲੋਕਾਂ ਵਿਚਕਾਰ ਇਕੱਠੇ ਮਿਲ ਕੇ ਖਾਣ-ਪੀਣ ਦੀ
ਖੁੱਲ੍ਹ ਨਹੀਂ।
30. ਜਾਤ-ਪਾਤੀ ਪ੍ਰਬੰਧ `ਤੇ ਕਿੰਤੂ ਕਰਨਾ ਘੋਰ ਪਾਪ ਹੈ।
31. ਬਰ੍ਹਮਾ ਦੇ ਮੁੱਖ ਵਿੱਚੋਂ ਬ੍ਰਾਹਮਣ ਪੈਦਾ ਹੋਏ, ਭੁਜਾਵਾਂ ਵਿੱਚੋਂ
ਕਸ਼ੱਤਰੀ (ਖੱਤਰੀ), ਪੇਟ ਵਿੱਚੋਂ ਵੈਸ਼ ਅਤੇ ਪੈਰਾਂ ਵਿੱਚੋਂ ਸ਼ੂਦਰ।
32. ਜੋ ਮਨੁੱਖ ਆਪਣੇ ਜਾਤੀ-ਧਰਮ (ਜਾਤ ਨਾਲ ਸਬੰਧਤ ਰਸਮਾਂ ਰੀਤਾਂ,
ਕਰਮ-ਕਾਂਡ) ਨੂੰ ਨਹੀਂ ਮੰਨਦਾ, ਉਹ ਦੈਂਤ ਦੀ ਜੂਨ ਵਿੱਚ ਪੈਂਦਾ ਹੈ
[Manu, x, 71-72; Mcuie Williams: J.R.A.S. (1866)]।
33. ਇੱਕ ਖ਼ਾਸ ਉਮਰ ਵਿੱਚ (ਤਕਰੀਬਨ 7-11 ਸਾਲ ਦੀ ਉਮਰ ਵਿੱਚ) ਬ੍ਰਾਹਮਣ,
ਖੱਤਰੀ ਅਤੇ ਵੈਸ਼ ਵਾਸਤੇ ਜਨੇਊ ਪਹਿਨਣ ਦੀ ਰਸਮ ਕਰਨਾ ਲਾਜ਼ਮੀ ਹੈ ਨਹੀਂ ਤਾਂ ਉਹ ਜਾਤਿ-ਪਾਤੀ ਸਿਸਟਮ
ਵਿੱਚੋਂ ਖ਼ਾਰਜ ਸਮਝਿਆ ਜਾਂਦਾ ਹੈ। ਸ਼ੂਦ੍ਰ ਅਤੇ ਇਸਤਰੀ ਜਨੇਊ ਪਹਿਨਣ ਦੇ ਅਧਿਕਾਰੀ ਨਹੀਂ ਹਨ।
ਇਸ ਪੁਸਤਕ ਵਿੱਚ (ਸੰਖੇਪ ਵਿੱਚ) ਜ਼ਿਕਰ (ਤੱਥਾਂ ਦੇ ਆਧਾਰ `ਤੇ) ਕੀਤਾ ਜਾ
ਚੁੱਕਾ ਹੈ ਕਿ ਸੰਸਾਰ ਵਿੱਚ ਵੱਡੇ ਪੱਧਰ `ਤੇ ਅਸ਼ਾਂਤੀ ਹੈ (ਅਤੇ ਇਹ ਅਸ਼ਾਂਤੀ ਸ਼ਾਇਦ ਉਦੋਂ ਤੋਂ
ਹੀ ਅਰੰਭ ਹੋ ਗਈ ਸੀ ਜਦੋਂ ਤੋਂ ਪ੍ਰਭੂ-ਪਿਤਾ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਸੀ), ਕਿਉਂਕਿ,
ਸ੍ਰਿਸ਼ਟੀ ਦੀ ਸਿਰਜਨਾ ਦੇ ਨਾਲ ਹੀ ਮਾਲਿਕ ਪ੍ਰਭੂ ਨੇ ਅਲੌਕਿਕ ਰੱਬੀ-ਖੇਡ ਵਿੱਚ ਮਾਇਆ ਵੀ ਸਿਰਜ ਕੇ
ਸ਼ਾਮਿਲ ਕਰ ਦਿੱਤੀ ਸੀ। ਸੁਭਾਵਕ ਹੀ ਸਵਾਲ ਪੈਦਾ ਹੁੰਦਾ ਹੈ ਕਿ ਇਹ ਮਾਇਆ ਕੀ ਸ਼ੈਅ ਹੈ ਅਤੇ ਇਹ
ਸੰਸਾਰੀ ਜੀਵਾਂ ਨੂੰ ਅਸ਼ਾਂਤ ਕਿਵੇਂ ਕਰਦੀ ਹੈ? ਕੀ ਗੁਰਮਤਿ (ਸਿੱਖ-ਮੱਤ) ਤੋਂ ਸਿਵਾਏ ਹੋਰ ਕਿਸੇ
ਮੱਤ ਦੇ ਫ਼ਲਸਫ਼ੇ `ਤੇ ਅਮਲ ਕਰ ਕੇ ਸੰਸਾਰ ਵਿੱਚ ਸਦੀਵਕਾਲੀ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ? {ਇਸ
ਅਹਿਮ ਸਵਾਲ ਦਾ ਜਵਾਬ ਵੀ ਨਾਂਹ ਵਿੱਚ ਹੀ ਮਿਲਦਾ ਹੈ, ਕਿਉਂਕਿ, ਇਨ੍ਹਾਂ ਸਾਰੇ ਹੀ ਪ੍ਰਚੱਲਤ ਮੱਤਾਂ
ਦਾ ਫ਼ਲਸਫ਼ਾ ਪ੍ਰਭੂ-ਪਿਤਾ ਦੀ ਸਾਜੀ ਹੋਈ ਪਰਬਲ (ਬਹੁਤ ਸ਼ਕਤੀਵਾਨ) ਮਾਇਆ ਦੇ ਤਿਨ੍ਹਾਂ ਗੁਣਾਂ (ਸਤੋ
ਗੁਣ, ਰਜੋ ਗੁਣ ਤੇ ਤਮੋ ਗੁਣ) ਦੇ ਦਾਇਰੇ ਤੱਕ ਹੀ ਸੀਮਤ ਹੈ, ਚੌਥੇ ਗੁਣ ਜਾਂ ਚੌਥੇ ‘ਪਦ’ (ਜਿਸ
ਨੂੰ ਆਲਮਗੀਰੀ ਗੁਰਮਤਿ ਫ਼ਲਸਫ਼ਾ ‘ਪਰਮ-ਪਦ’ ਜਾਂ ਸਹਿਜ ਦੀ ਆਤਮਿਕ ਅਵੱਸਥਾ ਦਾ ਨਾਂ ਦਿੰਦਾ ਹੈ), ਦਾ
ਕਿਸੇ ਵੀ ਹੋਰ ਮੱਤ ਦੇ ਫ਼ਲਸਫ਼ੇ ਵਿੱਚ ਵਿਸਥਾਰ-ਪੂਰਬਕ ਜ਼ਿਕਰ, (ਲੇਖਕ ਦੀ ਜਾਣਕਾਰੀ ਅਨੁਸਾਰ) ਨਹੀਂ
ਅੰਕਿਤ ਕੀਤਾ ਮਿਲਦਾ} ਅਤੇ ਨਾ ਹੀ ਮਾਇਆ ਦੀ ਮਮਤਾ ਦੇ ਮੋਹ-ਜਾਲ ਤੋਂ ਛੁਟਕਾਰਾ ਪਾਉਣ ਲਈ ਕੋਈ ਵਿਧੀ
ਹੀ ਦੱਸੀ ਮਿਲਦੀ ਹੈ। ਇਥੇ ਇਸ ਹਕੀਕਤ ਨੂੰ ਅੰਕਿਤ ਕਰਨਾ ਵੀ ਪਰਸੰਗਕ ਹੋਵੇਗਾ ਕਿ ਤ੍ਰੈਗੁਣੀ ਮਾਇਆ
ਦੇ ਸੰਪੂਰਨ ਤੌਰ `ਤੇ ਅਧੀਨ ਰਿਹਾਂ ਨਾਂ ਤਾਂ ਸਦੀਵੀ ਵਿਸ਼ਵ-ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ ਅਤੇ
ਨਾ ਹੀ ਮੁਕਤੀ ਦੀ ਪ੍ਰਾਪਤੀ। ਇਸ ਵੀਚਾਰ-ਲੜੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਮਾਇਆ ਦੀ ਮਮਤਾ ਮਾਇਆ
ਦੇ ਤਿੰਨਾਂ ਗੁਣਾਂ, ਸਹਿਜ ਅਵੱਸਥਾ ਅਤੇ ਮੁਕਤੀ ਬਾਰੇ ਵੀ ਕੁੱਝ ਕੁ ਵਿਚਾਰ ਕਰਨੀ ਜ਼ਰੂਰੀ ਲਗਦੀ ਹੈ
ਤਾ ਕਿ ਇਨ੍ਹਾਂ ਬਾਰੇ ਕੋਈ ਭਰਮ-ਭੁਲੇਖਾ ਨਾ ਰਹੇ। ਗੱਲ ਮਾਇਆ ਦੀ ਮਮਤਾ ਤੋਂ ਹੀ ਸ਼ੁਰੂ ਕਰ ਲਈਏ ਤਾਂ
ਠੀਕ ਰਹੇਗਾ।
ਮਾਇਆ ਦੀ ਮਮਤਾ ਕਿਸ ਨੂੰ ਕਹਿੰਦੇ ਹਨ?
ਮਾਇਆ ਨਾਮ ਹੈ ਬਿਨਸਨਹਾਰ ਪਦਾਰਥਾਂ ਦੇ ਮੋਹ ਦੀ ਮ੍ਰਿਗ-ਤ੍ਰਿਸ਼ਨਾ ਦਾ। ਮਾਇਆ
ਦੀ ਮਮਤਾ ਨੂੰ ਬਿਨਸਨਹਾਰ ਵਸਤਾਂ ਦੇ ਪਿਆਰ ਦੀ ਖਿੱਚ (ਅਪਣੱਤ ਦੀ ਮਨੋਂ ਖਿੱਚ) ਆਖਿਆ ਜਾ ਸਕਦਾ ਹੈ।
ਇਸ ਨੂੰ ਸਾਰੀ ਸ੍ਰਿਸ਼ਟੀ ਦੇ ਇੱਕੋ-ਇੱਕ ਦਾਤਾਰ ਪ੍ਰਭੂ-ਪਿਤਾ ਵੱਲੋਂ ਮਨੁੱਖ ਨੂੰ ਬਖ਼ਸ਼ਿਸ਼ ਕੀਤੀਆਂ
ਹੋਈਆਂ ਅਨੇਕ ਪ੍ਰਕਾਰ ਦੀਆਂ ਦਾਤਾਂ ਦਾ ਪਿਆਰ (
attachment)
ਵੀ ਕਿਹਾ ਜਾ ਸਕਦਾ ਹੈ। ਮਾਇਆ ਦੀ ਮਮਤਾ ਅਧੀਨ ਰਿਹਾਂ ਦਾਤਾਰ ਪ੍ਰਭੂ ਦੀ ਸਦੀਵੀ ਤੇ ਪਿਆਰੀ ਯਾਦ
(ਸਿਮਰਨ) ਤੇ ਸਿਫ਼ਤਿ-ਸਾਲਾਹ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਸਿਮਰਨ (ਗੁਰਮਤਿ-ਸਿਮਰਨ) ਅਤੇ
ਸਿਫ਼ਤਿ-ਸਾਲਾਹ ਤੋਂ ਬਿਨਾਂ ਜੀਵ ਨੂੰ ਨਾਮ-ਪਦਾਰਥ ਨਹੀਂ ਮਿਲ ਸਕਦਾ ਅਤੇ ਨਾਮ-ਪਦਾਰਥ ਤੋਂ ਬਿਨਾਂ
ਮੁਕਤੀ (ਵਿਕਾਰਾਂ ਅਤੇ ਵਾਸ਼ਨਾਵਾਂ ਤੋਂ ਖ਼ਲਾਸੀ) ਨਹੀਂ ਮਿਲ ਸਕਦੀ। ਸਾਰੀ ਸ੍ਰਿਸ਼ਟੀ (ਸਿਵਾਏ ਹੁਕਮਿ
ਰਜਾਈ ਚੱਲਣ ਵਾਲੇ ਜੀਵਾਂ ਦੇ) ਮਾਇਆ ਦੇ ਸੂਖਮ ਪਰ ਪਰਬਲ ਜਾਲ ਵਿੱਚ (ਮਾਇਆ ਦੀ ਮਮਤਾ ਦੇ ਮੋਹ
ਕਾਰਨ) ਫਸੀ ਹੋਈ ਹੈ। ਜੀਵ ਨੂੰ ਮਾਇਆ ਦੇ ਇਸ ਜਾਲ `ਚੋਂ ਕੇਵਲ ਅਤੇ ਕੇਵਲ ਪੂਰਾ ਗੁਰੂ (ਪਰਮੇਸ਼ਰ ਤੇ
ਪਰਮੇਸ਼ਰ-ਸਰੂਪ ਸ਼ਬਦ-ਗੁਰੂ) ਹੀ ਛੁਡਾ ਸਕਦਾ ਹੈ, ਕੋਈ ਪੈਗ਼ੰਬਰ, ਪਰਮਾਤਮਾ ਦਾ ਇਕਲੌਤਾ ਪੁੱਤਰ, ਕੋਈ
ਦੇਵੀ-ਦੇਵਤਾ ਜਾਂ ਹੋਰ ਵਿਅਕਤੀ/ਸ਼ਕਤੀ ਮਾਇਆ ਦੇ ਮੋਹ ਦੇ ਜਾਲ (ਜਾਂ ਮਾਇਆ ਨਾਗਣੀ ਦੀ ਜ਼ਹਿਰ) ਤੋਂ
ਖ਼ਲਾਸੀ ਨਹੀਂ ਦੁਆ ਸਕਦੇ। ਇਹੋ ਹੀ ਮੂਲ ਕਾਰਨ ਹੈ ਸੰਸਾਰ `ਚ ਅਸ਼ਾਂਤੀ ਦਾ।
ਏਹ ਮਾਇਆ ਜਿਤ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥ (ਮ: 3, 921)
ਭਾਵ: ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ
(ਦੁਨੀਆਂ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ
ਐਸੀ ਹਾਲਤ ਵਿੱਚ ਆਤਮਿਕ ਅਨੰਦ ਕਿਥੋਂ ਮਿਲੇ?)।
ਸਤ-ਗੁਣ
ਕਈ ਵਾਰ ਮਨੁੱਖ ਸੰਸਾਰਕ ਝਮੇਲੇ ਛੱਡ-ਛਡਾ ਕੇ, ਵੈਰਾਗਮਈ ਹੋ ਜਾਂਦਾ ਹੈ ਤੇ
ਸੰਸਾਰ ਦੇ ਦੁੱਖ ਉਸ `ਤੇ ਅਸਰ ਨਹੀਂ ਕਰਦੇ, ਉਸ ਵੇਲੇ ਉਸ ਦੀ ਬਿਰਤੀ (ਮਾਨਸਿਕ ਅਵੱਸਥਾ) ਮਾਇਆ ਦੇ
‘ਸਤ-ਗੁਣ’ ਵਾਲੀ ਹੋ ਜਾਂਦੀ ਹੈ। ਮਾਇਆ ਦੇ ਤਿੰਨਾਂ ਗੁਣਾਂ `ਚੋਂ ਇਹ ਸਭ ਤੋਂ ਸ੍ਰੇਸ਼ਟ ਗੁਣ ਵਾਲੀ
ਮਾਨਸਿਕ ਅਵੱਸਥਾ ਕਹੀ ਜਾ ਸਕਦੀ ਹੈ। ਪਰ, ਇਸ ਮਾਨਸਿਕ ਅਵੱਸਥਾ ਵਿੱਚ ਵੀ ਮਨ ਕੁੱਝ ਸਮੇਂ ਤੱਕ ਹੀ
ਰਹਿੰਦਾ ਹੈ (ਸਦੀਵੀ ਆਤਮਿਕ ਅਡੋਲਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ) ਅਤੇ ਮੁੜ-ਮੁੜ ਕੇ ਮਾਇਆ ਦੇ
ਦੂਜੇ ਦੋ ਗੁਣਾਂ ਵੱਲ ਵੀ ਰੁਚਿਤ ਹੁੰਦਾ ਰਹਿੰਦਾ ਹੈ।
ਰਜ-ਗੁਣ
ਜਦ ਮਨੁੱਖ ਅੰਦਰ ਖ਼ਾਹਸ਼ਾਂ (ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤ ਕਰਨ ਦੀਆਂ
ਇੱਛਾਵਾਂ) ਭਟਕਦੀਆਂ ਹਨ ਤਾਂ ਉਹ ਉਨ੍ਹਾਂ ਖ਼ਾਹਸ਼ਾਂ ਦੀ ਪੂਰਤੀ ਲਈ ਭੱਜ-ਨੱਠ ਕਰਦਾ ਹੈ। ਉਸ ਵਕਤ ਉਸ
ਅੰਦਰ ਰਜ-ਗੁਣ ਜ਼ੋਰਾਂ ਵਿੱਚ ਹੁੰਦਾ ਹੈ ਤੇ ਅਕਸਰ ਹੰਕਾਰ ਵੀ। ਸੰਸਾਰਕ ਵਸਤਾਂ ਤੇ ਐਸ਼ੋ-ਇਸ਼ਰਤ ਦੀ
ਖਿੱਚ ਤੇ ਆਪਣਾ ਹੁਕਮ ਚਲਾਉਂਣ ਦੀ ਇੱਛਾ ਵੀ ਇਸ ਅਵੱਸਥਾ ਵਿੱਚ, ਅਕਸਰ ਹੀ, ਹੁੰਦੀ ਹੈ।
ਤਮ-ਗੁਣ
ਜਦ ਮਨੁੱਖ ਗੁੱਸੇ, ਈਰਖਾ, ਆਲਸ, ਚਿੜ-ਚੜੇਪਨ ਜਾਂ ਢਹਿੰਦੀ ਕਲਾ ਵਾਲੀ
ਮਾਨਸਿਕ ਦਸ਼ਾ ਵਿੱਚ ਵਿੱਚਰ ਰਿਹਾ ਹੁੰਦਾ ਹੈ, ਉਦੋਂ ਉਹ ਅਗਿਆਨਤਾ ਦੇ ਪੂਰਨ ਅੰਧੇਰੇ ਵਿੱਚ ਹੁੰਦਾ
ਹੈ। ਮਨ ਦੀ ਇਸ ਦਸ਼ਾ ਨੂੰ ਮਾਇਆ ਦਾ ‘ਤਮ-ਗੁਣ’ ਕਹਿੰਦੇ ਹਨ। ਤ੍ਰੈਗੁਣੀ ਮਾਇਆ ਦਾ ਇਹ ਸਭ ਤੋਂ ਘਟੀਆ
ਕਿਸਮ ਦਾ ਗੁਣ ਹੈ।
ਮੁਕਤੀ (ਮੁਕਤਿ)
ਸਿੱਖ-ਮੱਤ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮੁਕਤਿ ਦੇ
ਅਰਥ ਇੰਜ ਕੀਤੇ ਹਨ, "ਭ੍ਰਮ ਮੂਲਕ ਰਸਮਾਂ ਅਤੇ ਅਗਯਾਨ ਕਲਪਿਤ ਬੰਧਨਾਂ ਤੋਂ ਛੁਟਕਾਰੇ ਦਾ ਨਾਉਂ
ਮੁਕਤਿ ਹੈ, ਜਿਸ ਦੀ ਪ੍ਰਾਪਤੀ ਗੁਰ ਉਪਦੇਸ਼ ਦੇ ਵਿਚਾਰ ਤੋਂ ਸਤਯ ਗਯਾਨ ਦ੍ਵਾਰਾ ਹੁੰਦੀ ਹੈ"
(ਗੁਰਮਤਿ ਮਾਰਤੰਡ: ਪੰਨਾ 776)।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਤ ਕੀਤੇ
ਪੰਜਾਬੀ-ਅੰਗਰੇਜ਼ੀ ਕੋਸ਼ ਦੇ ਪੰਨਾ 686 ਉੱਪਰ ‘ਮੁਕਤੀ’ ਦੇ ਹੇਠ ਲਿਖੇ ਅਰਥ ਦਰਜ ਹਨ:-
ਮੁਕਤੀ-
Freedom
(ਆਜ਼ਾਦੀ),
Release, Libration, Emancipation, Redemption, Salvation, Deliverance, end of
transmigration of soul and its union with God (The Supreme Soul)
ਮਾਇਆ ਦੇ ਮੋਹ ਕਾਰਨ ਹੀ ਜਨਮ-ਮਰਨ ਦਾ ਗੇੜ (ਆਵਾਗਵਣ) ਚਾਲੂ ਰਹਿੰਦਾ ਹੈ
ਤੇ, ਆਮ ਬੋਲ-ਚਾਲ ਵਿੱਚ, ਜਨਮ-ਮਰਨ ਦੇ ਦੁੱਖਦਾਈ ਅਤੇ ਲੰਮੇ ਗੇੜ `ਚੋਂ ਛੁਟਕਾਰੇ ਨੂੰ ਵੀ ਮੁਕਤੀ
ਕਿਹਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਮੁਕਤੀ ਸਰੀਰਕ ਤੌਰ `ਤੇ ਮਰਨ ਤੋਂ ਬਾਅਦ ਹੀ ਮਿਲ ਸਕਦੀ
ਹੈ। ਪਰ, ਗੁਰਮਤਿ ਫ਼ਲਸਫ਼ਾ ਮਾਇਆ ਦੇ ਜਾਲ ਤੋਂ ਛੁਟਕਾਰਾ ਪਾ ਕੇ, ਜਿਊਂਦੇ-ਜੀ ਹੀ (ਸਰੀਰਕ ਮੌਤ ਤੋਂ
ਬਾਅਦ ਨਹੀਂ) ਪ੍ਰਭੂ-ਪਿਤਾ ਵਿੱਚ (ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ, ਪ੍ਰੇਮਾ-ਭਗਤੀ
ਰਾਹੀਂ, ਯਾਨੀ ਕਿ, ਹੁਕਮਿ ਰਜਾਈ ਚੱਲਣ ਨਾਲ ਪ੍ਰਾਪਤ ਹੋਈ ਸਹਿਜ ਆਤਮਿਕ ਅਵੱਸਥਾ ਦੁਆਰਾ) ਅਨੰਦਮਈ
ਲੀਨਤਾ ਨੂੰ ਹੀ ‘ਮੁਕਤੀ’ ਮੰਨਦਾ ਹੈ। ਇਸ ਪ੍ਰਥਾਇ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦਾ ਫ਼ੁਰਮਾਣ
ਹੈ -
ਕਰਮ ਧਰਮ ਕਰਿ ਮੁਕਤਿ ਮੰਗਾਹੀ॥ ਮੁਕਤਿ ਪਦਾਰਥੁ ਸਬਦਿ ਸਲਾਹੀ॥ ਬਿਨੁ
ਗੁਰ ਸਬਦੈ ਮੁਕਤਿ ਨ ਹੋਈ ਪਰਪੰਚ ਕਰਿ ਭਰਮਾਈ ਹੇ॥ 10॥ (ਮ: 1, 1024)
ਪਦ ਅਰਥ: ਮੰਗਾਹੀ - ਮੰਗਦੇ ਹਨ। ਸਲਾਹੀ - ਪ੍ਰਭੂ-ਪਿਤਾ ਦੀ
ਸਿਫ਼ਤਿ-ਸਾਲਾਹ ਦੀ ਰਾਹੀਂ। ਪਰਪੰਚ - ਜਗਤ ਦੀ ਖੇਡ।
ਭਾਵ: ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ ਜੀਵਾਂ ਨੂੰ ਅਜਬ ਭੁਲੇਖੇ
ਵਿੱਚ ਪਾਇਆ ਹੋਇਆ ਹੈ ਕਿ (ਦਾਨ-ਪੁੰਨ, ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ। ਪਰ,
ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ (ਉਪਦੇਸ਼) ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ
ਕੀਤਿਆਂ ਹੀ ਮਿਲਦਾ ਹੈ। (ਇਹ ਪੱਕੀ ਗੱਲ ਹੈ ਕਿ ਸਮੇਂ ਦਾ ਨਾਮ ਚਾਹੇ ਸਤਜੁਗ ਰੱਖ ਲਵੋ, ਚਾਹੇ
ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ।
ਮਾਇਆ ਬਾਰੇ ਕੁੱਝ ਕੁ ਹੋਰ ਦਿਲਚਸਪ ਜਾਣਕਾਰੀ
ਮਾਇਆ ਪ੍ਰਥਾਇ ਹੋਰ ਵੀ ਬਹੁਤ ਸਾਰੇ ਫ਼ੁਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ
ਅੰਕਿਤ ਹਨ। ਇਨ੍ਹਾਂ ਵਿੱਚੋਂ ਕੁੱਝ ਕੁ ਫ਼ੁਰਮਾਣਾਂ ਦਾ ਇੱਥੇ ਜ਼ਿਕਰ ਕਰਨਾ ਦਿਲਚਸਪ ਅਤੇ ਲਾਹੇਬੰਦ
ਸਾਬਤ ਹੋਵੇਗਾ।
ਸਭੁ ਜਗੁ ਦੇਖਿਆ ਮਾਇਆ ਛਾਇਆ॥ ਨਾਨਕ ਗੁਰਮਤਿ ਨਾਮੁ ਧਿਆਇਆ॥ 4॥ 17॥
(ਮ: 1, 354)
ਪਦ ਅਰਥ: ਛਾਇਆ-ਢਕਿਆ ਹੋਇਆ।
ਭਾਵ: ਜਿਨ੍ਹਾਂ ਨੇ ਗੁਰਮਤਿ ਦੁਆਰਾ ਨਾਮ ਧਿਆਇਆ ਹੈ (ਪੇਮਾ-ਭਗਤੀ ਕੀਤੀ
ਹੈ), ਉਨ੍ਹਾਂ ਦੇਖਿਆ ਹੈ ਕਿ ਸਾਰਾ ਜਗਤ ਮਾਇਆ ਦੇ ਪਰਦੇ ਹੇਠ (ਸ਼ਕਤੀਸ਼ਾਲੀ ਜਾਲ ਹੇਠ) ਆਇਆ ਹੋਇਆ
ਹੈ। ਇਸ ਲਈ ਹਰੀ ਨੂੰ ਪ੍ਰਤੱਖ ਸਾਹਮਣੇ ਹੁੰਦਿਆਂ ਭੀ ਦੇਖ ਨਹੀਂ ਸਕਦਾ।
ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ॥ ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ
ਦਿਖਾਇਆ॥
ਭਾਈ ਮੀਤ ਕੁਟੰਬ ਦੇਖਿ ਬਿਬਾਦੇ॥ ਹਮ ਆਈ ਵਸਗਤਿ ਗੁਰ ਪਰਸਾਦੇ॥ 1॥
ਐਸਾ ਦੇਖਿ ਬਿਮੋਹਿਤ ਹੋਏ॥
ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸੋਭਿ ਧ੍ਰੋਹਨਿ ਧ੍ਰੋਹੇ॥ 1॥
ਰਹਾਉ॥
ਇਕਿ ਫਿਰਹਿ ਉਦਾਸੀ ਤਿਨ੍ਹ ਕਾਮਿ ਵਿਆਪੈ॥ ਇਕਿ ਸੰਚਹਿ ਗਿਰਹੀ ਤਿਨ੍ਹ ਹੋਇ ਨ
ਆਪੈ॥ ਇਕਿ ਸਤੀ ਕਹਾਵਹਿ ਤਿਨ੍ਹ ਬਹੁਤੁ ਕਲਪਾਵੈ॥ ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ॥ 2॥
ਤਪੁ ਕਰਤੇ ਤਪਸੀ ਭੂਲਾਏ॥ ਪੰਡਿਤ ਮੋਹੇ ਲੋਭਿ ਸਬਾਏ॥
ਤ੍ਰੈ ਗੁਣ ਮੋਹੇ ਮੋਹਿਆ ਆਕਾਸੁ॥ ਹਮ ਸਤਿਗੁਰ ਰਾਖੇ ਦੇ ਕਰਿ ਹਾਥੁ॥ 3॥
ਗਿਆਨੀ ਕੀ ਹੋਇ ਵਰਤੀ ਦਾਸਿ॥ ਕਰ ਜੋੜੇ ਸੇਵਾ ਕਰੇ ਅਰਦਾਸਿ॥ ਜੋ ਤੂੰ ਕਹਹਿ ਸੁ ਕਾਰ ਕਮਾਵਾ॥
ਜਨ ਨਾਨਕ ਗੁਰਮੁਖ ਨੇੜਿ ਨ ਆਵਾ॥ 4॥ (ਮ: 5, 370)
ਪਦ ਅਰਥ: ਖਾਇਆ-ਖਾਧਾ ਜਾਂਦਾ ਹੈ। ਸੁਖਿ-ਸੁਖ ਨਾਲ, ਆਦਰ ਨਾਲ।
ਦੇਖਿ-ਵੇਖ ਕੇ। ਬਿਬਾਦੇ-ਝਗੜਦੇ ਹਨ। ਹਮ ਵਸਗਤਿ-ਸਾਡੇ ਵੱਸ ਵਿੱਚ। ਪਰਸਾਦੇ-ਕਿਰਪਾ ਨਾਲ। 1.
ਬਿਮੋਹਿਤ-ਮਸਤ। ਸਾਧਿਕ-ਸਾਧਨਾ ਕਰਨ ਵਾਲੇ। ਸੁਰ-ਦੇਵਤੇ। ਸਿਧ-ਸਾਧਨਾਂ ਵਿੱਚ
ਪੁੱਗੇ ਹੋਏ ਜੋਗੀ। ਸਾਧੂ-ਗੁਰੂ। ਸਭਿ-ਸਾਰੇ। ਧ੍ਰੋਹਨਿ-ਠਗਣੀ (ਮਾਇਆ) ਨੇ। ਧ੍ਰੋਹੇ-ਠੱਗ ਲਏ। 1.
ਰਹਾਉ। ਇਕਿ- (ਲਫ਼ਜ਼ ‘ਇੱਕ’ ਤੋਂ ਬਹੁ ਵਚਨ)। ਕਾਮਿ-ਕਾਮ ਵਾਸ਼ਨਾ ਦੀ ਰਾਹੀਂ। ਵਿਆਪੈ-ਕਾਬੂ ਕਰ ਲੈਂਦੀ
ਹੈ। ਸੰਚਹਿ-ਇਕੱਠੀ ਕਰਦੇ ਹਨ। ਆਪੈ-ਆਪਣੀ। ਸਤੀ-ਦਾਨੀ। ਕਲਪਾਵੈ-ਦੁਖੀ ਕਰਦੀ ਹੈ। ਪਾਵੈ-ਪੈਰੀਂ। 2.
ਭੂਲਾਏ-ਕੁਰਾਹੇ ਪਾ ਦਿੱਤੇ। ਲੋਭਿ-ਲੋਭ ਵਿੱਚ। ਸਬਾਏ-ਸਾਰੇ। ਆਕਾਸੁ-ਅਖੌਤੀ ਅਕਾਸ਼-ਵਾਸੀ ਦੇਵਤੇ। 3.
ਦਾਸਿ-ਦਾਸੀ। ਕਰ-ਹੱਥ। ਕਮਾਵਾ-ਕਮਾਵਾਂ। 4.
ਭਾਵ: ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿੱਚ ਪੁੱਗੇ ਹੋਏ ਜੋਗੀ,
ਦੇਵਤੇ, ਮਨੁੱਖ-ਇਹ ਸਾਰੇ (ਮਾਇਆ ਨੂੰ) ਵੇਖ ਕੇ ਬਹੁਤ ਮਸਤ ਹੋ ਜਾਂਦੇ ਹਨ। ਗੁਰੂ (ਸ਼ਬਦ-ਗੁਰੂ) ਤੋਂ
ਬਿਨਾਂ ਹੋਰ ਇਹ ਸਾਰੇ ਠੱਗਣੀ (ਮਾਇਆ) ਦੇ ਹੱਥੀਂ ਠੱਗੇ ਜਾਂਦੇ ਹਨ। 1. ਰਹਾਉ।
ਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ
(ਮਾਇਆ ਨੇ ਉਸ ਦੇ ਆਤਮਿਕ ਜੀਵਨ ਨੂੰ ਖਤਮ ਕਰ ਦਿੱਤਾ)। ਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ
ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ। ਭਰਾ, ਮਿੱਤਰ, ਪਰਵਾਰ (ਦੇ ਜੀਵ, ਸਾਰੇ ਹੀ ਇਸ
ਮਾਇਆ ਨੂੰ) ਵੇਖ ਕੇ (ਆਪੋ-ਵਿੱਚ) ਲੜ ਪੈਂਦੇ ਹਨ। ਗੁਰੂ ਦੀ ਕਿਰਪਾ ਨਾਲ ਇਹ (ਮਾਇਆ) ਸਾਡੇ ਵੱਸ
ਵਿੱਚ ਆ ਗਈ ਹੈ। 1.
ਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ। (ਪਰ) ਉਨ੍ਹਾਂ ਨੂੰ (ਇਹ
ਮਾਇਆ) ਕਾਮ-ਵਾਸ਼ਨਾਂ ਦੀ ਸ਼ਕਲ ਵਿੱਚ ਆ ਦਬਾਂਦੀ ਹੈ। ਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ
ਹਨ, ਉਨ੍ਹਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ। ਸਤਿਗੁਰੂ ਦੀ ਚਰਣੀਂ ਲੱਗਣ ਕਰ ਕੇ ਸਾਨੂੰ
ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ। 2.
ਤਪ ਕਰ ਰਹੇ ਤਪੱਸੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ। ਸਾਰੇ
ਵਿਦਵਾਨ ਪੰਡਿਤ ਲੋਕ ਲੋਭ ਵਿੱਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ। ਸਾਰੇ ਤ੍ਰੈਗੁਣੀ ਜੀਵ ਠੱਗੇ
ਜਾ ਰਹੇ ਹਨ। ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ। 3.
ਹੇ ਨਾਨਕ! (ਆਖ-) ਜੇਹੜਾ ਮਨੁੱਖ ਪਰਮਾਤਮਾ ਨਾਲ (ਪ੍ਰੇਮਾ-ਭਗਤੀ ਰਾਹੀਂ)
ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ, ਉਸ ਦੇ ਅੱਗੇ
(ਦੋਵੇਂ) ਹੱਥ ਜੋੜਦੀ ਹੈ, ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ (ਤੇ ਆਖਦੀ
ਹੈ-) ਮੈਂ ਉਹੀ ਕਾਰ ਕਰਾਂਗੀ ਜਿਹੜੀ ਤੂੰ ਆਖੇਂ, ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁੱਕਾਂਗੀ (ਮੈਂ
ਉਸ ਮਨੁੱਖ ਉੱਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸ਼ਰਣ ਪੈਂਦਾ ਹੈ। 4.
ਮਤਾ ਕਰਉ ਸੋ ਪਕਨਿ ਨ ਦੇਈ॥ ਸੀਲ ਸੰਜਮ ਕੈ ਨਿਕਟਿ ਖਲੋਈ॥ ਵੇਸ ਕਰੇ ਬਹੁ
ਰੂਪ ਦਿਖਾਵੈ॥ ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ॥ 1॥ ਘਰ ਕੀ ਨਾਇਕਿ ਘਰ ਵਾਸੁ ਨ ਦੇਵੈ॥ ਜਤਨ
ਕਰਉ ਉਰਝਾਇ ਪਰੇਵੈ॥ 1॥ ਰਹਾਉ॥ ਧੁਰ ਕੀ ਭੇਜੀ ਆਈ ਆਮਰਿ॥ ਨਉ ਖੰਡ ਜੀਤੇ ਸਭਿ ਥਾਨ ਥਨੰਤਰ॥
ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ॥ ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ॥ 2॥ ਜਹ ਬੈਸਹੁ ਤਹ ਨਾਲੇ
ਬੈਸੈ॥ ਸਗਲ ਭਵਨ ਮਹਿ ਸਬਲ ਪ੍ਰਵੇਸੈ॥ ਹੋਛੀ ਸਰਣਿ ਪਇਆ ਰਹਣੁ ਨ ਪਾਈ॥ ਕਹੁ ਮੀਤਾ ਹਉ ਕੈ ਪਹਿ ਜਾਈ॥
3॥ ਸੁਣਿ ਉਪਦੇਸੁ ਸਤਿਗੁਰ ਪਹਿ ਆਇਆ॥ ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰ ਦ੍ਰਿੜਾਇਆ॥
ਨਿਜ ਘਰਿ ਵਸਿਆ ਗੁਣ ਗਾਇ ਅਨੰਤਾ॥ ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ॥ 4॥ ਘਰੁ ਮੇਰਾ ਇਹ ਨਾਇਕਿ
ਹਮਾਰੀ॥ ਇਹ ਆਮਰਿ ਹਮ ਗੁਰਿ ਕੀਏ ਦਰਬਾਰੀ॥ 1॥ ਰਹਾਉ ਦੂਜਾ॥ (ਮ: 5, 371)
ਪਦ ਅਰਥ: ਮਤਾ-ਸਲਾਹ, ਫੈਸਲਾ। ਸੀਲ-ਮਿੱਠਾ ਸੁਭਾਅ। ਸੰਜਮ-ਵਿਕਾਰਾਂ
ਤੋਂ ਬਚਨ ਦਾ ਯਤਨ। ਨਿਕਟਿ-ਨੇੜੇ, ਗ੍ਰਿਹਿ-ਹਿਰਦੇ ਘਰ ਵਿੱਚ। 1.
ਨਾਇਕ-ਮਾਲਿਕਾ। ਕਰਉ-ਕਰਦਾ ਹਾਂ। ਉਰਝਾਇ ਪਰੇਵੈ-ਹੋਰ ਉਲਝਣਾਂ `ਚ ਪਾ ਦਿੰਦੀ
ਹੈ। 1. ਰਹਾਉ।
ਆਮਰਿ-ਆਲਿਮ, ਕਾਰਿੰਦੀ। ਥਨੰਤਰ-ਥਾਨ ਅੰਦਰ, ਹੋਰ ਹੋਰ ਥਾਂ। ਤਟਿ-ਨਦੀ ਦੇ
ਕੰਢੇ ਉੱਤੇ। ਤੀਰਥਿ-ਤੀਰਥ ਉੱਤੇ। 2.
ਜਹ-ਜਿੱਥੇ। ਬੈਸਉ-ਮੈਂ ਬੈਠਦਾ ਹਾਂ। ਸਬਲ-ਬਲ ਵਾਲੀ। ਪ੍ਰਵੇਸੈ-ਜਾ ਵੜਦੀ
ਹੈ। ਹੋਛੀ-ਕਮਜ਼ੋਰ। ਕੈ ਪਹਿ-ਕਿਸ ਦੇ ਪਾਸ? 3.
ਗੁਰਿ-ਗੁਰੂ ਨੇ। ਮੋਹਿ-ਮੈਨੂੰ। ਦ੍ਰਿੜਾਇਆ-ਪੱਕਾ ਕਰਾਇਆ। ਘਰਿ-ਘਰ ਵਿੱਚ।
ਅਚਿੰਤਾ-ਚਿੰਤਾ ਰਹਿਤ। 4. ਦਰਬਾਰੀ-ਹਜ਼ੂਰੀ ਵਿੱਚ ਰਹਿਣ ਵਾਲਾ। ਹਮ-ਮੈਨੂੰ। ਆਮਰਿ-ਸੇਵਕਾ। ਰਹਾਉ
ਦੂਜਾ।
ਭਾਵ: (ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਿਕ ਬਣ ਬੈਠੀ ਹੈ, ਮੈਨੂੰ
ਘਰ ਦਾ ਵਸੇਬਾ ਦਿੰਦੀ ਹੀ ਨਹੀਂ (ਮੈਨੂੰ ਆਤਮਿਕ ਅਡੋਲਤਾ ਨਹੀਂ ਮਿਲਣ ਦਿੰਦੀ)। ਜੇ ਮੈਂ (ਆਤਮਕ
ਅਡੋਲਤਾ ਦੀ ਪ੍ਰਾਪਤੀ ਲਈ) ਯਤਨ ਕਰਦਾ ਹਾਂ, ਤਾਂ ਸਗੋਂ ਹੋਰ ਵਧੀਕ ਉਲਝਣਾਂ ਪਾ ਦਿੰਦੀ ਹੈ। 1.
ਰਹਾਉ।
(ਆਤਮਕ ਅਡੋਲਤਾ ਵਾਸਤੇ) ਮੈਂ ਜਿਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ
ਮਾਇਆ) ਸਿਰੇ ਨਹੀਂ ਚੜ੍ਹਨ ਦਿੰਦੀ, ਮਿੱਠੇ-ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ
ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾ ਸੀਲ ਹਾਸਲ ਕਰ ਸਕਦਾ ਹਾਂ, ਨਾ ਸੰਜਮ)। (ਇਹ ਮਾਇਆ)
ਅਨੇਕਾਂ ਵੇਸ ਕਰਦੀ ਹੈ, ਅਨੇਕਾਂ ਰੂਪ ਦਿਖਾਂਦੀ ਹੈ, ਹਿਰਦੇ-ਘਰ ਵਿੱਚ ਮੈਨੂੰ ਟਿਕਣ ਨਹੀਂ ਦਿੰਦੀ,
ਕਈ ਤਰੀਕਿਆਂ ਨਾਲ ਭਟਕਾਉਂਦੀ ਫਿਰਦੀ ਹੈ। 1.
(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕ ਬਣਾ ਕੇ ਭੇਜੀ ਹੋਈ (ਜਗਤ ਵਿੱਚ)
ਆਈ ਹੈ, (ਪਰ, ਇਥੇ ਆ ਕੇ ਇਸ ਨੇ) ਨੌਂ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਥਾਂ ਜਿੱਤ
ਲਏ ਹਨ, ਨਦੀਆਂ ਦੇ ਕੰਢੇ ਉੱਤੇ ਹਰੇਕ ਤੀਰਥ ਉੱਤੇ ਬੈਠੇ ਜੋਗ ਸਾਧਨਾਂ ਕਰਨ ਵਾਲੇ ਤੇ ਸੰਨਿਆਸ ਧਾਰਨ
ਕਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ। ਸਿੰਮ੍ਰਿਤੀਆਂ ਪੜ੍ਹ-ਪੜ੍ਹ ਕੇ ਵੇਦਾਂ ਦੇ (ਪਾਠਾਂ
ਦੇ) ਅਭਿਆਸ ਕਰ-ਕਰ ਕੇ ਪੰਡਿਤ ਲੋਕ ਵੀ (ਇਸ ਦੇ ਸਾਹਮਣੇ) ਹਾਰ ਗਏ ਹਨ। 2.
ਮੈਂ ਜਿੱਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ
ਹੈ, ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿੱਚ ਜਾ ਪਹੁੰਚਦੀ ਹੈ, ਕਿਸੇ ਕਮਜ਼ੋਰ ਦੀ ਸ਼ਰਣ ਪਿਆਂ,
ਇਹ ਮੈਥੋਂ ਪਰ੍ਹੇ ਨਹੀਂ ਹਟਦੀ। ਸੋ ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਉਣ ਲਈ) ਮੈਂ
ਕਿਸ ਦੇ ਪਾਸ ਜਾਵਾਂ? 3.
(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ (ਸ਼ਬਦ-ਗੁਰੂ) ਦੇ ਪਾਸ
ਆਇਆ, ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਉਪਦੇਸ਼) ਮੈਨੂੰ (ਮੇਰੇ ਹਿਰਦੇ ਵਿੱਚ) ਪੱਕਾ ਕਰ ਕੇ ਦੇ
ਦਿੱਤਾ। (ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ-ਗਾ ਕੇ ਮੈਂ ਹੁਣ ਆਪਣੇ
ਹਿਰਦੇ ਵਿੱਚ ਆ ਵਸਿਆ ਹਾਂ। ਹੇ ਨਾਨਕ! (ਆਖ-ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ
(ਮਾਇਆ ਦੇ ਹੱਲਿਆਂ ਵੱਲੋਂ) ਬੇ-ਫ਼ਿਕਰ ਹੋ ਗਿਆ ਹਾਂ। 4.
(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਿਕਾ ਭੀ
ਮੇਰੀ (ਦਾਸੀ) ਬਣ ਗਈ ਹੈ, ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ
ਹਜ਼ੂਰੀ ਵਿੱਚ ਰਹਿਣ ਵਾਲਾ ਬਣਾ ਦਿਤਾ ਹੈ। 1. ਰਹਾਉ ਦੂਜਾ।
ਨੋਟ:
1. ਇਸ ਅੰਮ੍ਰਿਤਮਈ ਸ਼ਬਦ ਦੇ ਪਹਿਲੇ ਰਹਾਉ ਵਿੱਚ ਜਗਿਆਸੂ ਨੇ ਆਪਣੀ ਸਮੱਸਿਆ
ਦਾ ਬਿਆਨ ਕੀਤਾ ਸੀ। ਦੂਜੇ ਰਹਾਉ ਵਿੱਚ ਸ਼ਬਦ-ਗੁਰੂ ਨੇ ਉਸ ਸਮੱਸਿਆ ਦਾ ਹੱਲ ਦੱਸ ਕੇ ਜਗਿਆਸੂ ਨੂੰ
ਸਹਿਜ ਅਵੱਸਥਾ ਵਿੱਚ ਪਹੁੰਚਾ ਕੇ ਆਪਣੀ ਪ੍ਰੇਮ-ਭਰੀ ਨਿੱਘੀ ਅਤੇ ਸਦੀਵੀ ਅਨੰਦਮਈ ਗੋਦ ਵਿੱਚ ਬਿਠਾ
ਲਿਆ ਹੈ।
ਕਿਸੇ ਬਾਰੇ ਜਾਂ ਕਿਸੇ ਦੀ ਸਮੱਸਿਆ ਜਾਂ ਰਚਨਾ (ਜਾਂ ਰਸਮਾਂ-ਰਵਾਇਤਾਂ)
ਬਾਰੇ ਢੁੱਚਰਾਂ ਕਰਨੀਆਂ ਤਾਂ ਬੜੀਆਂ ਆਸਾਨ ਹੁੰਦੀਆਂ ਹਨ, ਪਰ, ਉਨ੍ਹਾਂ ਸਮੱਸਿਆਵਾਂ ਜਾਂ ਉਲਝਣਾਂ
ਨੂੰ ਰੱਦ ਕਰ ਕੇ ਉਨ੍ਹਾਂ ਦੇ ਸਾਰਥਕ ਸਥਾਈ ਤੇ ਸੁਖਦਾਇਕ ਹੱਲ ਦੱਸਣੇ ਬੜਾ ਔਖਾ ਕੰਮ ਹੁੰਦਾ ਹੈ। ਇਹ
ਗੱਲ ਬੜੇ ਮਾਨ ਨਾਲ ਕਹੀ ਜਾ ਸਕਦੀ ਹੈ ਕਿ ਨਿਰੰਕਾਰ-ਸਰੂਪ ਗੁਰਬਾਣੀ-ਗੁਰੂ ਜਿੱਥੇ ਜਗਿਆਸੂਆਂ ਦੀਆਂ
ਉਲਝਣਾਂ/ਔਕੜਾਂ ਦਾ ਵਿਸਥਾਰ ਨਾਲ ਬਿਆਨ ਕਰਦੀ ਹੈ, ਉੱਥੇ ਉਨ੍ਹਾਂ ਦਾ ਸਾਰਥਕ (ਰੱਬੀ-ਰਜ਼ਾ ਅਨੁਸਾਰ)
ਹੱਲ ਵੀ ਦਸਦੀ ਹੈ। ਐਸੇ ਸ਼ਬਦ-ਗੁਰੂ ਤੋਂ ਵਾਰ-ਵਾਰ ਸਦਕੇ ਜਾਣ ਨੂੰ ਜੀਅ ਕਰਦਾ ਹੈ! !
2. ਜੇਕਰ ਕਿਸੇ ਹੋਰ ਮੱਤ ਦੇ ਫ਼ਲਸਫ਼ੇ ਅੰਦਰ ਸਬਲ ਮਾਇਆ ਦੇ ਜਾਲ (ਜਾਂ ਜ਼ਹਿਰ)
`ਚੋਂ ਛੁਟਕਾਰਾ ਪਾਉਣ ਲਈ ਕੋਈ ਸਿਧਾਂਤ, ਕੋਈ ਵਿਦਵਾਨ ਵੀਰ/ਭੈਣ ਲਿਖ ਭੇਜੇ ਤਾਂ ਲੇਖਕ ਉਸ ਸਿਧਾਂਤ
ਨੂੰ ਵੀ ਸਤਿਕਾਰ ਨਾਲ ਆਪਣੀਆਂ ਅਗਲੀਆਂ ਲਿਖਤਾਂ ਵਿੱਚ ਜੋਗ-ਅਸਥਾਨ ਦੇਣ ਲਈ ਵਚਨ-ਵੱਧ ਹੈ।
ਕਰਨਲ ਗੁਰਦੀਪ ਸਿੰਘ