ਪੰਜਾਬ ਦੇ ਅਜੋਕੇ ਹਾਲਾਤ ਤੇ ਸੁਧਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਾਲਵੇ ਵਿੱਚ ਬਾਦਲ ਸਰਕਾਰ ਵਲੋਂ
ਗਲਤ ਕੀਟਨਾਸ਼ਕ ਦਵਾਈਆਂ ਸਪਲਾਈ ਕਰਨ ਕਰਕੇ ਕਿਸਾਨਾਂ ਦੀ ਫਸਲ ਦਾ ਸਤਿਆਨਾਸ ਤੇ ਫਿਰ ਮੁਆਵਜ਼ੇ ਨੂੰ ਲੈ
ਕੇ ਕਿਸਾਨਾਂ ਵਲੋਂ ਭਰਵਾਂ ਵਿਰੋਧ: ਸਿੱਖ ਕੌਮ ਦੀ ਰੂਹ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਤੇ ਫਿਰ ਕਈ
ਥਾਈਂ ਬੇਅਦਬੀ: ਪੁਲਿਸ ਵਲੋਂ ਸ਼ਾਂਤੀ ਨਾਲ ਵਿਰੋਧਤਾ ਕਰਦੇ ਸਿੱਖਾਂ ਉਤੇ ਲਾਠੀਆਂ ਅਤੇ ਗੋਲੀਆਂ ਨਾਲ
ਜਾਨ ਲੇਵਾ ਹਮਲਾ ਜਿਸ ਵਿੱਚ ਦੋ ਸਿੱਖ ਨੌਜਵਾਨ ਸ਼ਹੀਦ ਹੋਣਾ: ਸਿਰਸੇ ਵਾਲੇ ਨੂੰ ਇੱਕ ਸ਼ਾਜਿਸ਼ ਅਧੀਨ
ਮੁਆਫੀ ਦੇਣੀ ਤੇ ਆਮ ਸਿੱਖਾਂ ਦੀ ਭਰਵੀਂ ਵਿਰੋਧਤਾ ਦੇ ਬਾਦ ਤੇ ਬਿਗੜੇ ਹਾਲਾਤ ਨੂੰ ਦੇਖਕੇ ਮਾਫੀ ਦਾ
ਵਾਪਿਸ ਲੈਣਾ, ਇਹ ਸਾਰੀਆਂ ਘਟਨਾਵਾਂ ਕੀ ਅਚਾਨਕ ਹੀ ਹੋ ਗਈਆਂ ਹਨ ਜਾਂ ਇਸ ਪਿੱਛੇ ਕੋਈ ਸਾਜਿਸ਼ ਹੈ,
ਇਸ ਨੂੰ ਗੰਭੀਰਤਾ ਨਾਲ ਵਿਚਾਰਨਾ ਬਣਦਾ ਹੈ ਤਾਂ ਕਿ ਪੰਜਾਬ ਫਿਰ 84-92 ਦੇ ਦੌਰ ਵਿੱਚ ਨਾ ਧੱਕਿਆ
ਜਾਵੇ।
ਛਪੀਆਂ ਖਬਰਾਂ ਅਨੁਸਾਰ ਫਸਲਾਂ ਲਈ ਕੀਟਨਾਸ਼ਕ ਦਵਾਈਆਂ ਜਿਸ ਡਾਇਰੈਕਟਰ ਨੇ ਖਰੀਦੀਆਂ ਉਹ ਬਾਦਲ ਦਾ
ਇਲਾਕੇ ਦਾ ਹੋਣ ਕਰਕੇ ਫੈਸਲੇ ਅਪਣੇ ਮੰਤਰੀ ਨੂੰ ਉਲੰਘ ਕੇ ਵੀ ਲੈ ਲਿਆ ਕਰਦਾ ਸੀ। ਇਹ ਵੱਡੀ ਖਰੀਦ
ਸੀ ਜਿਸ ਲਈ ਬਾਦਲਾਂ ਦੀ ਹਾਂ ਹੋਣੀ ਜ਼ਰੂਰੀ ਸੀ ਤੇ ਇਸ ਤੋਂ ਬਾਦਲਾਂ ਦੀ ਸ਼ਮੂਲੀਅਤ ਨਾ ਹੋਣੀ ਹਜ਼ਮ
ਨਹੀਂ ਹੋ ਸਕਦੀ। ਹਾਂ, ਤੋਤਾ ਸਿੰਘ ਦੀ ਇਹ ਗਲ ਮੰਨੀ ਜਾ ਸਕਦੀ ਹੈ ਕਿ ਇਹ ਖਰੀਦ ਉਸ ਦੀ ਮਰਜ਼ੀ ਬਿਨਾ
ਕੀਤੀ ਗਈ ਸੀ। ਜਦ ‘ਹਾਂ’ ਜਾ ‘ਇਸ਼ਾਰਾ’ ਛੋਟੇ ਜਾਂ ਵੱਡੇ ਬਾਦਲ ਦਾ ਹੋ ਗਿਆ ਤਾਂ ਫਿਰ ਤੋਤਾ ਸਿੰਘ
ਨੁੰ ਪੁਛਣਾ ਜਾਂ ਨਾ ਪੁਛਣਾ ਮਤਲਬ ਨਹੀਂ ਰਖਦਾ। ਇਸੇ ਲਈ ਕਿਸਾਨ ਇਸ ਵੱਡੀ ਤਬਾਹੀ ਲਈ ਬਾਦਲਾਂ ਨੂੰ
ਸਿੱਧਾ ਜ਼ਿਮੇਵਾਰ ਠਹਿਰਾਉਂਦੇ ਹਨ ਜਿਸ ਲਈ ਉਹ ਸਹੀ ਮੁਆਵਜ਼ੇ ਦੇ ਨਾਲ ਨਾਲ ਦੋਸ਼ੀਆਂ ਲਈ ਸਜ਼ਾ ਵੀ
ਮੰਗਦੇ ਹਨ ਤੇ ਉਨ੍ਹਾਂ ਅਨੁਸਾਰ ਵਡੇ ਦੋਸ਼ੀ ਬਾਦਲ ਹਨ।
ਸੰਘਰਸ਼ ਲੰਬਾ ਤੇ ਤੇਜ਼ ਹੋ ਗਿਆ ਸੀ ਤੇ ਮਾਮਲਾ ਬਾਦਲਾਂ ਦੇ ਵਸ ਵਿੱਚ ਨਹੀਂ ਸੀ ਰਹਿ ਗਿਆ। ਨਾਲੋ ਨਾਲ
ਆਪ ਪਾਰਟੀ ਦੀਆਂ ਰੈਲੀਆਂ ਵੀ ਦਿਨੋਂ ਦਿਨ ਵੱਡੀਆਂ ਹੋਣ ਲੱਗ ਪਈਆਂ ਜਿਸ ਨੇ ਉਨ੍ਹਾਂ ਦੀ ਰਾਤਾਂ ਦੀ
ਨੀਂਦ ਗਵਾ ਦਿਤੀ। ਕਿਸਾਨ ਸੰਘਰਸ਼ ਤੇ ਆਪ ਪਾਰਟੀ ਦੀਆਂ ਰੈਲੀਆਂ ਤੋਂ ਆਮ ਲੋਕਾਂ ਦਾ ਧਿਆਨ ਮੋੜਣ ਲਈ
ਸਿਰਸੇ ਵਾਲੇ ਨੂੰ ਮੁਆਫ ਕਰਵਾ ਕੇ ਮਾਮਲੇ ਦਾ ਰੁਖ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਇਹ ਗੱਲ ਪੁੱਠੀ ਪੈ
ਗਈ ਜਦੋਂ ਸਿੱਖਾਂ ਵਲੋਂ ਇਸ ਦਾ ਭਰਵਾਂ ਵਿਰੋਧ ਸ਼ੁਰੂ ਹੋ ਗਿਆ। ਬਲਦੀ ਉਤੇ ਤੇਲ ਪਾ ਦਿਤਾ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਚੋਰੀ ਤੇ ਫਿਰ ਅੰਕ ਪਾੜਣ ਦੀਆਂ ਘਟਨਾਵਾਂ ਨੇ ਜਿਸ ਕਰਕੇ ਸਮੁਚੇ ਪੰਥ ਵਿੱਚ
ਰੋਹ ਜਾਗ ਪਿਆ। ਇਸ ਲਈ ਵੀ ਸਿੱਖਾਂ ਨੇ ਸ਼ਾਂਤਮਈ ਧਰਨੇ ਸ਼ੁਰੂ ਕਰ ਦਿਤੇ। ਪਰ ਹੈਰਾਨੀ ਦੀ ਗੱਲ ਇਹ ਕਿ
ਪੰਜਾਬ ਦੀ ਪੁਲਿਸ ਨੇ ਮੁਜ਼ਾਹਿਰਾ ਕਾਰੀਆਂ ਉਤੇ ਪਹਿਲਾਂ ਲਾਠੀਆਂ ਵਾਹੀਆਂ ਤੇ ਫਿਰ ਗੋਲੀਆਂ ਚਲਾਈਆਂ
ਜਿਸ ਨਾਲ ਦੋ 24 ਤੇ 26 ਸਾਲ ਦੇ ਗਭਰੂ ਸ਼ਹੀਦ ਹੋ ਗਏ।
ਫਸਲਾਂ ਗਲਤ ਕੀਟਨਾਸ਼ਕ ਦਵਾਈਆਂ ਕਰਕੇ ਤਬਾਹ ਹੋਣੀਆਂ, ਸੱਚੇ ਸੌਦੇ ਸਾਧ ਦੀ ਮਾਫੀ, ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਚੋਰੀ ਤੇ ਫਿਰ ਅੰਕ ਪਾੜ ਕੇ ਬਿਖੇਰਨ ਦੀ ਬੇਅਦਬੀ, ਤੇ ਹੁਣ ਦੋ ਸਿੱਖ ਨੌਜਵਾਨਾਂ
ਦੀ ਪੁਲਿਸ ਗੋਲੀਆਂ ਨਾਲ ਸ਼ਹੀਦੀ ਇਹ ਇੱਕ ਤੋਂ ਇੱਕ ਬਹੁਤ ਵੱਡੀਆਂ ਘਟਨਾਵਾਂ ਸਨ ਪਰ ਇਨ੍ਹਾਂ
ਘਟਨਾਵਾਂ ਦੇ ਨਾਲ ਨਾਲ ਬਾਦਲ ਦਾ ਪਰਿਵਾਰਵਾਦ ਤੇ ਸਰਕਾਰੀ ਮਸ਼ੀਨਰੀ ਦਾ ਪਰਿਵਾਰਕ ਵਪਾਰੀ ਕਰਣ ਵਿੱਚ
ਖੁਲ੍ਹਾ ਇਸਤੇਮਾਲ ਤੇ ਧਕੇਸ਼ਾਹੀ, ਰਾਜ ਪ੍ਰਬੰਧ ਦਾ ਲੋਕ ਹਿਤਾਂ ਦਾ ਪਰਿਵਾਰ ਹਿਤਾਂ ਲਈ ਵਰਤਣਾ,
ਪੰਜਾਬ ਦੀ ਆਰਥਿਕ ਅਧੋਗਤੀ, ਨਸ਼ੇ ਫੈਲਾਕੇ ਪੰਜਾਬ ਦੀ ਜਵਾਨੀ ਦਾ ਖਾਤਮਾ, ਪੰਥ ਪ੍ਰਬੰਧ ਨੂੰ ਅਪਣੇ
ਕਾਬੂ ਵਿੱਚ ਰੱਖਕੇ ਪੰਥਕ ਸੰਸਥਾਵਾਂ ਦਾ ਸਿਲਸਿਲੇਬੱਧ ਖਾਤਮਾ, ਪੁਲਿਸ ਨੂੰ ਸਰਬ ਸਾਂਝੀ ਹੋਣ ਦੀ
ਥਾਂ ਸਿਰਫ ਅਕਾਲੀ ਵਰਕਰਾਂ ਦੀ ਰਖੇਲ ਬਣਾ ਦੇਣਾ, ਕੁਰਪਅਸ਼ਨ ਦਾ ਬੋਲ ਬਾਲਾ, ਸਮੁਚੇ ਮੀਡੀਆ ਦਾ ਬਾਦਲ
ਬੁਲਾਰਾ ਬਣ ਜਾਣਾ, ਲਗ ਭਗ ਹਰ ਪੜ੍ਹੇ ਲਿਖੇ ਯੁਵਕ ਦਾ ਬੇਰੁਜ਼ਗਾਰ ਹੋਣਾ, ਕਿਰਸਾਨੀ, ਦਸਤਕਾਰੀ ਤੇ
ਉਦਯੋਗ ਦਾ ਲੱਗ ਭੱਗ ਅਖੀਰੀ ਸਾਹਾਂ ਤੇ ਹੋਣਾ, ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਚੰਡੀਗੜ ਨੂੰ
ਪੰਜਾਬ ਨਾਲ ਮਿਲਾਉਣ ਲਈ ਕੁੱਝ ਵੀ ਨਾ ਕਰਨਾ ਅਜਿਹੇ ਮਸਲੇ ਹਨ ਜਿਨ੍ਹਾਂ ਨੇ ਪੰਜਾਬ ਨੂੰ 84 ਵਾਲੇ
ਹਾਲਾਤਾਂ ਵਿੱਚ ਲਿਆ ਖੜ੍ਹਾ ਕੀਤਾ ਹੈ।
ਪੰਜਾਬ ਦੇ ਇਸ ਵਿਗੜੇ ਵਾਤਾਵਰਨ ਵਿੱਚ ਹੋਰ ਸ਼ਕਤੀਆਂ ਵੀ ਕੁੱਦ ਪਈਆਂ ਹਨ: ਹਿੰਦੂਆਂ ਨੇ ਅਪਣੀ
ਗਾਂ-ਸੁਰਖਿਆ ਦਾ ਮਾਮਲਾ ਤੇ ਵਿਦਿਆ ਦੇ ਹਿੰਦੂਕਰਣ ਦਾ ਮਸਲਾ ਲਿਆ ਵਾੜਿਆ ਹੈ; ਕਮਿਊਨਿਸਟਾਂ ਨੇ
ਕਿਸਾਨੀ ਸੰਘਰਸ਼ ਤੇ ਆਪ ਰਾਹੀਂ ਅਪਣੇ ਪੈਰ ਫੈਲਾੳੇਣੇ ਸ਼ੁਰੂ ਕਰ ਦਿਤੇ ਹਨ, ਕਾਗਰਸ ਅਪਣੇ ਅੰਦਰੂਨੀ
ਕਲਹ ਤੋਂ ਨਹੀਂ ਨਿਕਲੀ, ਨਹੀਂ ਉਸ ਦਾ ਵੀ ਪਤਾ ਨਹੀਂ ਕਿ ਉਹ ਕੀ ਕਰੇ, ਕੁੱਝ ਖਬਰਾਂ ਇਹ ਵੀ ਹਨ ਕਿ
ਪਾਕਿਸਤਾਨ ਨੇ ਪੰਜਾਬ ਵਿੱਚ ਅਪਣੇ ਸਲੀਪਰ ਸੈਲ ਜਗਾ ਦਿਤੇ ਹਨ ਹੋਰ ਵੀ ਕਈ ਹੋਣਗੇ ਜੋ ਇਸ ਵਗਦੀ
ਪਰਦੂਸ਼ਿਤ ਗੰਗਾ ਵਿੱਚ ਅਪਣੀ ਜ਼ਹਿਰ ਘੋਲਣਾ ਚਾਹੁੰਦੇ ਹੋਣਗੇ।
ਇਸ ਵਿਗੜਦੀ ਹਾਲਤ ਨੂੰ ਸੁਧਾਰਨ ਲਈ ਕਿਸੇ ਨੇ ਬਾਹਰੋਂ ਨਹੀਂ ਆੳਣਾ: ਵਿਗੜੇ ਹਾਲਾਤ ਵਿੱਚ ਬਾਦਲ ਨੂੰ
ਆਪ ਪਾਰਟੀ ਤੇ ਮੁਜ਼ਾਹਰਿਆ ਦਾ ਖਤਰਾ ਘੱਟ ਲਗੇਗਾ, ਸਿਰਸੇ ਵਾਲੇ ਸਾਧ ਨੂੰ ਸਿੱਖਾਂ ਦਾ ਉਸ ਵਲੋਂ
ਧਿਆਨ ਘਟਿਆ ਲੱਗੇਗਾ ਤੇ ਅਪਣੇ ਚੇਲਿਆਂ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ, ਆਰ ਐਸ ਐਸ ਨੂੰ ਹਿੰਦੂ
ਪ੍ਰਭਾਵ ਫੈਲਾਉਣ ਦਾ ਮੌਕਾ ਮਿਲੇਗਾ, ਕਮਿਊਨਿਸਟਾਂ ਨੂੰ ਕਿਸਾਨ ਜਥੇਬੰਦੀਆਂ ਤੇ ਆਪ ਪਾਰਟੀ ਵਿੱਚ
ਅਪਣਾ ਪ੍ਰਭਾਵ ਵਧਾਉਣ ਦਾ ਮੌਕਾ ਮਿਲੇਗਾ ਤੇ ਸ਼ਾਇਦ ਰਾਜ ਭਾਗ ਹੀ ਹੱਥ ਲੱਗ ਜਾਵੇ ਤੇ ਪਾਕਿਸਤਾਨ,
ਪੰਜਾਬ ਵਿੱਚ 84 ਵਰਗੇ ਹਾਲਾਤ ਬਣਾਕੇ ਭਾਰਤ ਲਈ ਖਤਰਾ ਖੜ੍ਹਾ ਕਰ ਸਕੇਗਾ।
ਬਾਕੀ ਸਭ ਦੇ ਫਾਇਦੇ ਹੀ ਫਾਇਦੇ ਹਨ ਬਸ ਇੱਕ ਪੰਜਾਬੀਆਂ ਤੇ ਸਿੱਖਾਂ ਨੂੰ ਛੱਡਕੇ। ਉਹ ਕੁੱਟ ਤੇ
ਗੋਲੀਆਂ ਖਾਈ ਜਾਣਗੇ, ਕਿਸਾਨ ਆਤਮ ਹਤਿਆ ਕਰੀ ਜਾਣਗੇ ਹੁਣ ਤਾਂ ਦਸਤਕਾਰ ਤੇ ਵਪਾਰੀ ਵਰਗ ਵੀ ਆਤਮ
ਹਤਿਆਵਾਂ ਕਰਨ ਲੱਗ ਪਿਆ ਹੈ। ਨਸ਼ੇ ਤੇ ਕੈਂਸਰ ਨੇ ਯੁਵਕ ਤੇ ਮਰਦ ਜ਼ਨਾਨੀਆਂ ਸਭ ਨੂੰ ਲਪੇਟ ਵਿੱਚ ਲੈ
ਲਿਆ ਹੈ। ਹੋਸ਼ ਫੜਣ ਦਾ ਮੌਕਾ ਹੈ, ਸਮਝਣ ਦਾ ਮੌਕਾ ਹੈ, ਭੜਕਣ ਦਾ ਨਹੀਂ। ਬੰਧ ਲਾ ਕੇ ਅਪਣੇ ਹੀ
ਲੋਕਾਂ ਨੂੰ ਤੰਗ ਕਰਨ ਦਾ ਨਹੀਂ। ਬਾਦਲ ਵਰਗਿਆਂ ਨੇ ਤਾਂ ਹੈਲੀਕਾਪਟਰਾਂ ਰਾਹੀਂ ਉਪਰੋਂ ਉਡਾਰੀ ਮਾਰ
ਜਾਣੀ ਹੈ। ਲੋਕਾਂ ਦਾ ਰਾਹ ਘੇਰਨ ਦੀ ਥਾਂ ਬਾਦਲ ਦੇ ਰਾਹ ਘੇਰੋ, ਉਸ ਦੇ ਵਿਉਪਾਰ ਨੂੰ ਘੇਰੋ, ਬਾਦਲ
ਦੇ ਚਮਚੇ ਤੇ ਬੀ ਜੇ ਪੀ ਦੇ ਮਨਿਸਟਰਾਂ ਐਮ ਐਲ ਇਆਂ ਤੇ ਹੋਰ ਅਧਿਕਾਰੀਆਂ ਦੇ ਰਾਹ ਘੇਰੋ, ਪਰ ਦੇਖਣਾ
ਕਾਤਿਲ ਪੁਲਿਸ ਨੂੰ ਹੋਰ ਲਾਸ਼ਾਂ ਨਹੀਂ ਖਿੰਡਾਉਣ ਦੇਣਾ, ਖੁਨ ਨਹੀਂ ਵਗਾਉਣ ਦੇਣਾ, ਸਾਧਾਂ ਨੂੰ ਵੀ
ਘੇਰੋ ਜੋ ਉਨ੍ਹਾਂ ਨੂੰ ਮਦਦ ਦਿੰਦੇ ਹਨ, ਗੁਰਦਵਾਰਿਆਂ ਦਾ ਇੱਕ ਵੀ ਪੈਸਾ ਬਾਦਲ ਕੋਲ ਨਹੀਂ ਜਾਣਾ
ਚਾਹੀਦਾ ਤੇ ਨਾਂ ਹੀ ਨਾਜਾਇਜ਼ ਵਰਤਿਆ ਜਾਣਾ ਚਾਹੀਦਾ ਹੈ, ਪੁਜਾਰੀਆਂ ਦੇ ਹੁਕਮਨਾਮਿਆਂ ਦਾ ਕੋਈ
ਨੋਟਿਸ ਨਾ ਲਓ ਉਦੋਂ ਤਕ ਜਦ ਤਕ ਕੋਈ ਸੱਚੇ ਪਿਆਰੇ ਤਖਤਾਂ ਦੀ ਸੇਵਾ ਨਹੀਂ ਸੰਭਾਲਦੇ। ਹੋਰਾਂ ਦੇ
ਇਸ਼ਾਰਿਆਂ ਤੇ ਨੱਚਣ ਵਾਲਿਆਂ ਨੂੰ ਕੋਈ ਮਾਨਤਾ ਨਾ ਦਿਉ, ਬਾਕੀ ਤੁਸੀ ਆਪ ਸਿਆਣੇ ਹੋ।
ਆਪਣੀ ਪਗੜੀ, ਅਪਣਾ ਦਿਲ, ਅਪਣਾ ਗੁਰੂ ਆਪ ਸੰਭਾਲੋ। ਗੁਰਦਵਾਰਾ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ
ਗੁਰਦਵਾਰਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਲਈ ਜ਼ਿਮੇਵਾਰ ਠਹਿਰਾਉ ਪਰ ਹੁਣ ਸੱਭ
ਤੋਂ ਵੱਧ ਜ਼ਰੂਰੀ ਹੈ ਉਨ੍ਹਾਂ ਨੂੰ ਫੜਣ ਦੀ ਜਿਨ੍ਹਾਂ ਨੇ ਇਹ ਕੁਕਰਮ ਕਰਨ ਦੀ ਹਿਮਾਕਤ ਕੀਤੀ ਹੈ ਤੇ
ਉਨ੍ਹਾਂ ਦੀ ਜੋ ਇਸ ਦੇ ਪਿੱਛੇ ਹਨ। ਉਹ ਸਾਨੂੰ ਅਪਣੇ ਆਪ ਹੀ ਲੱਭਣੇ ਪੈਣਗੇ ਬਾਹਰੋਂ ਨਹੀਂ ਕਿਸੇ ਨੇ
ਲੱਭਣੇ। ਧਰਨਿਆਂ ਦੀ ਸਕੀਮ ਜੋ ਸ: ਪੰਥਪ੍ਰੀਤ ਸਿੰਘ ਤੇ ਹੋਰ ਸਿੰਘਾਂ ਨੇ ਉਲੀਕੀ ਹੈ ਉਸ ਨੂੰ ਮੰਨ
ਕੇ ਚਲਣਾ ਚਾਹੀਦਾ ਹੈ। ਤਲਵਾਰਾ, ਬੰਦੂਕਾਂ ਮਰਨ-ਮਰਣ ਇੱਹ ਛਡ ਦਿਓ। ਸਿੰਘਾਂ ਨੇ ਬਹੁਤ ਸ਼ਹੀਦੀਆਂ
ਪਹਿਲਾਂ ਹੀ ਪਾਈਆਂ ਹਨ ਹੁਣ ਦਿਮਾਗ ਤੋਂ ਕੰਮ ਲਓ ਇਹੋ ਮੇਰੀ ਅਪੀਲ ਹੈ।