.

ਏਕਸ ਸਿਉ ਚਿਤੁ ਲਾਇ

ਸਤਿੰਦਰਜੀਤ ਸਿੰਘ

ਸਿੱਖ ਧਰਮ, ਇੱਕ ਨਿਆਰਾ ਅਤੇ ਵਿਗਿਆਨਿਕ ਧਰਮ ਹੈ, ਜਿਸਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਉਚਾਰ ਕੇ ਕੀਤੀ। ਗੁਰੂ ਨਾਨਕ ਸਾਹਿਬ ਦੇ ਜਨਮ ਸਮੇਂ (ਅਤੇ ਉਸਤੋਂ ਬਾਅਦ ਵੀ) ਉਸ ਸਮੇਂ ਦੇ ਪੁਜਾਰੀ ਨੇ ਲੋਕਾਂ ਨੂੰ ਧਰਮ ਦੀ ਆੜ ਹੇਠ ਡਰਾਇਆ ਅਤੇ ਅੰਧਵਿਸ਼ਵਾਸ਼ ਵਿੱਚ ਫਸਾਇਆ ਹੋਇਆ ਸੀ। ਮਨੂੰ ਸਮ੍ਰਿਤੀ ਅਨੁਸਾਰ ਲੋਕਾਂ ਨੂੰ ਚਾਰ ਜਮਾਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਬ੍ਰਾਹਮਣ ਨੂੰ ਉੱਚ ਦਰਜਾ ਪ੍ਰਾਪਤ ਸੀ ਅਤੇ ਸਾਰਾ ਕੰਟਰੋਲ ਉਸਦੇ ਅਧੀਨ ਸੀ। ਉਸਨੇ ਲੋਕਾਂ ਨੂੰ ਤਕਰੀਬਨ ਹਰ ਚੀਜ਼ ਤੋਂ ਡਰਾਇਆ, ਲੋਕਾਂ ਨੂੰ ਅੱਗ,ਪਾਣੀ, ਸੂਰਜ,ਸ਼ਨੀ ਆਦਿ ਤਕਰੀਬਨ ਹਰ ਚੀਜ਼ ਦੀ ਪੂਜਾ ਕਰਨ ਲਾ ਦਿੱਤਾ। ਗੁਰੂ ਨਾਨਕ ਸਾਹਿਬ ਦਾ ਜਨਮ, ਅੰਧਵਿਸ਼ਵਾਸ਼ ਦੇ ਹਨੇਰੇ ਵਿੱਚ ਫਸੀ ਮਨੁੱਖਤਾ ਲਈ ਤੇਜ਼ ਚਮਕਦੇ ਸੂਰਜ ਵਾਂਗ ਸੀ। ਗੁਰੂ ਸਾਹਿਬ ਨੇ ਹਰ ਫੋਕੀ ਰਸਮ, ਕਰਮ-ਕਾਂਡ, ਪੂਜਾ ਅਤੇ ਦੇਵੀ-ਦੇਵਤੇ ਦਾ ਖੰਡਨ ਕੀਤਾ ਅਤੇ ‘ਇੱਕੋ-ਇੱਕ’ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ, ਉਸਨੂੰ ਪੂਜਣ-ਸਿਮਰਨ ਦਾ ਸਿਧਾਂਤ ਸਮਾਜ ਵਿੱਚ ਪੇਸ਼ ਕੀਤਾ। ਅਨੇਕਾਂ ਦੇਵੀ-ਦੇਵਤਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਖੁਸ਼ ਕਰਨ ਵਿੱਚ ਲੱਗੇ ਸਮਾਜ ਅੱਗੇ ਗੁਰੂ ਨਾਨਕ ਸਾਹਿਬ ਨੇ ‘ੴ’ ਆਖ, ਸਾਰੇ ਮਨੋਕਲਪਿਤ ਦੇਵੀ-ਦੇਵਤਿਆਂ ਦਾ ਖੰਡਨ ਕਰ, ਸਾਰੇ ਜੀਵਾਂ ਨੂੰ ਸਮਝਾਇਆ ਕਿ ਇੱਕੋ ਇੱਕ ‘ਅਕਾਲ ਪੁਰਖ’ ਸਭ ‘ਦਾਤਾਂ’ ਦੇਣ ਵਾਲਾ ਹੈ, ਉਸਨੂੰ ਨਾ ਭੁੱਲੋ:

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੫॥ {ਪੰਨਾ 2}

ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਸਮਾਜ ਨੂੰ ਸਮਝਾਇਆ ਕਿ:

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ॥

ਭਾਵ ਕਿ ਹੇ ਪ੍ਰਭੂ! ਤੂੰ ਸਾਰੇ ਸੰਸਾਰ ਦਾ ਮੁੱਢ ਹੈਂ, ਇਸ ਸੰਸਾਰ ਦੀ ਰਚਨਾ, ਸ਼ੁਰੂਆਤ ਤੂੰ ਹੀ ਕੀਤੀ ਹੈ, ਤੂੰ ਸਭ ਵਿੱਚ ਸਮਾਇਆ ਹੋਇਆ ਹੈਂ, ਬੇਅੰਤ ਹੈਂ, ਸਭ ਨੂੰ ਪੈਦਾ ਕਰਨ ਵਾਲਾ ਹੈਂ ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ॥

ਭਾਵ ਤੂੰ ਹਰੇਕ ਜੁੱਗ ਵਿੱਚ ਇੱਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।

ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ॥

ਭਾਵ ਕਿ ਹੇ ਪ੍ਰਭੂ! ਸੰਸਾਰ ਵਿੱਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ॥

ਭਾਵ ਕਿ ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ (ਗੋਈ) ਕਰਦਾ ਹੈਂ ।

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥੫॥੧॥ {ਪੰਨਾ 11}

ਭਾਵ ਕਿ ਦਾਸ ਨਾਨਕ, ਉਸ ਕਰਤਾਰ ਦੇ ਗੁਣ ਗਾਉਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ।5।1।

ਗੁਰੂ ਅਰਜਨ ਸਾਹਿਬ ਸਮਾਝਾਉਂਦੇ ਹਨ ਕਿ:

ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ॥

ਭਾਵ ਕਿ ਹੇ ਮਨ, ਤੂੰ ਉਸਦੀ ਸ਼ਰਨ ਵਿੱਚ ਪੈ ਜਿਸ ਵਰਗਾ ਕੋਈ ਹੋਰ ਨਹੀਂ, ਜੋ ਸਭ ਨਾਲੋਂ ਉੱਪਰ, ਉੱਤਮ ਅਤੇ ਵੱਡਾ ਹੈ।

ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ॥

ਭਾਵ ਕਿ ਜਿਸਨੂੰ ਸਿਮਰਨ ਨਾਲ ਬਹੁਤ ਸੁੱਖ ਮਿਲਦਾ ਹੈ ਅਤੇ ਕੋਈ ਦੁੱਖ-ਦਰਦ ਨਹੀਂ ਮਿਲਦਾ, ਤੂੰ ਉਸ ਨੂੰ ਸਿਮਰ, ਉਸਨੂੰ ਯਾਦ ਕਰ, ਉਸਦੇ ਗੁਣ ਗਾ।

ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ॥੨॥ {ਪੰਨਾ 44}

ਭਾਵ ਕਿ ਸਿਰਫ ਉਹ ਪ੍ਰਭੂ ਹੀ ਸੱਚਾ ਹੈ, ਤੂੰ ਉਸਦੀ ਹੀ ਸੇਵਾ (ਚਾਕਰੀ) ਕਰ।

ਗੁਰੂ ਅਮਰਦਾਸ ਸਾਹਿਬ ਜੀ ਵੀ ਸਾਰੇ ਸੰਸਾਰ ਵਿੱਚ ਉਸ ਇੱਕੋ-ਇੱਕ ਪ੍ਰਮਾਤਮਾ ਦੀ ਹੋਂਦ ਬਾਰੇ ਸਮਾਝਾਉਂਦੇ ਹਨ ਕਿ:

ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ॥ {ਪੰਨਾ 27}

ਭਾਵ ਕਿ ਸਾਰੇ ਜੀਵਾਂ ਵਿੱਚ ਉਹ ਪ੍ਰਮਾਤਮਾ ਆਪ ਹੀ ਮੌਜੂਦ ਹੈ, ਸਾਰੇ ਜੀਵਾਂ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ।

ਗੁਰੂ ਨਾਨਕ ਸਾਹਿਬ ਆਪਣੇ ਮਨ ਨੂੰ ਸੰਬੋਧਨ ਹੋ ਕੇ ਸਮਝਾ ਰਹੇ ਹਨ ਕਿ:

ਮਨ ਏਕੁ ਨ ਚੇਤਸਿ ਮੂੜ ਮਨਾ॥

ਹਰਿ ਬਿਸਰਤ ਤੇਰੇ ਗੁਣ ਗਲਿਆ॥੧॥ ਰਹਾਉ॥ {ਪੰਨਾ 12}

ਭਾਵ ਕਿ ਮੇਰੇ ਮੂਰਖ ਮਨ (ਮੂੜ ਮਨਾ) ਤੂੰ ਇੱਕੋ-ਇੱਕ ਪ੍ਰਮਾਤਮਾ ਨੂੰ ਨਹੀਂ ਸਿਮਰਦਾ, ਜਿਵੇਂ-ਜਿਵੇਂ ਤੂੰ ਉਸਨੂੰ ਭੁੱਲਦਾ ਜਾ ਰਿਹਾ ਹੈਂ, ਉਵੇਂ-ਉਵੇਂ ਤੇਰੇ ਗੁਣ ਖਤਮ ਹੋ ਰਹੇ ਹਨ। ਗੁਰੂ ਜੀ ਗੱਲ ਆਪਣੇ ਮਨ ਨਾਲ ਕਰ ਰਹੇ ਹਨ ਪਰ ਸਿੱਖਿਆ ਸਾਰੇ ਸੰਸਾਰ ਲਈ ਹੈ।

ਗੁਰੂ ਨਾਨਕ ਸਾਹਿਬ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਫਸੇ ਲੋਕਾਂ ਨੂੰ ਆਖ ਰਹੇ ਹਨ ਕਿ:

ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ॥

ਭਾਵ ਕਿ ਮਨੁੱਖ ਕਿੰਨੇ ਹੀ ਦੁਨਿਆਵੀ ਪਦਾਰਥਾਂ ਦੀ ਮੰਗ ਮੰਗਦਾ ਰਹਿੰਦਾ ਹੈ, ਉਸਦੀਆਂ ਮੰਗਾਂ ਵਿੱਚ ਕਮੀ ਨਹੀਂ ਹੁੰਦੀ, ਮੰਗਾਂ ਮੁੱਕਦੀਆਂ ਹੀ ਨਹੀਂ।

ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ॥

ਭਾਵ ਕਿ ਮੰਗਾਂ ਮੰਗਣ ਵਾਲੇ ਤਾਂ ਬਹੁਤ ਹਨ ਪਰ ਦੇਣ ਵਾਲਾ ਸਿਰਫ ਇੱਕ ਪ੍ਰਮਾਤਮਾ ਹੀ ਹੈ। ਮਨੁੱਖ ਐਨੀਆਂ ਮੰਗਾਂ ਮੰਗ ਕੇ ਵੀ ਸੁਖੀ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ।

ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ॥੨॥ {ਪੰਨਾ 18}

ਭਾਵ ਕਿ ਜਿਸ ਪਰਮਾਤਮਾ ਨੇ ਜਿੰਦ ਅਤੇ ਪ੍ਰਾਣ ਦਿੱਤੇ ਹਨ, ਜੇ ਉਹ ਮਨੁੱਖ ਦੇ ਮਨ ਵਿੱਚ ਵਸ ਜਾਵੇ, ਤਾਂ ਹੀ ਸੁੱਖ ਹੁੰਦਾ ਹੈ।3।

ਗੁਰੂ ਅਰਜਨ ਸਾਹਿਬ ਆਪਣੇ ਮਨ ਨੂੰ ਸੰਬੋਧਨ ਹੋ ਕੇ ਸਮਝਾ ਰਹੇ ਹਨ ਕਿ:

ਮੇਰੇ ਮਨ ਏਕਸ ਸਿਉ ਚਿਤੁ ਲਾਇ॥

ਭਾਵ ਹੇ ਮੇਰੇ ਮਨ! ਤੂੰ ਸਿਰਫ਼ ਇੱਕ ਪ੍ਰਮਾਤਮਾ ਨਾਲ ਸਾਂਝ ਪਾ, ਸੁਰਤ ਨੂੰ ਉਸ ਇੱਕ ਨਾਲ ਹੀ ਜੋੜ। ਇੱਥੇ ਵੀ ਗੁਰੂ ਜੀ ਗੱਲ ਆਪਣੇ ਮਨ ਨਾਲ ਕਰ ਰਹੇ ਹਨ ਪਰ ਸਿੱਖਿਆ ਸਾਰੇ ਸੰਸਾਰ ਨੂੰ ਦੇ ਰਹੇ ਹਨ।

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥੧॥ ਰਹਾਉ॥ {ਪੰਨਾ 44}

ਭਾਵ ਇੱਕ ਪ੍ਰਮਾਤਮਾ ਦੇ ਪਿਆਰ ਤੋਂ ਬਿਨ੍ਹਾਂ ਦੁਨੀਆਂ ਦੀ ਸਾਰੀ ਦੌੜ-ਭੱਜ ਜੰਜਾਲ ਬਣ ਜਾਂਦੀ ਹੈ ‘ਤੇ ਮਾਇਆ ਦਾ ਮੋਹ ਵੀ ਸਾਰਾ ਵਿਅਰਥ ਹੈ।1।ਰਹਾਉ।

ਉਪਰੋਕਤ ਗੁਰਬਾਣੀ ਪ੍ਰਮਾਣਾਂ ਤੋਂ ਆਪਾਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਨੇ ‘ਇੱਕੋ-ਇੱਕ ਅਕਾਲ ਪੁਰਖ’ ਨੂੰ ਸਿਮਰਨ ਅਤੇ ਉਸਦੇ ਗੁਣਾਂ ਨੂੰ ਜੀਵਨ ਵਿੱਚ ਅਪਨਾਉਣ ‘ਤੇ ਜ਼ੋਰ ਦਿੱਤਾ, ਹਰ ਇੱਕ ਅੰਧਵਿਸ਼ਵਾਸ਼ ਅਤੇ ਮਨੋਕਲਪਿਤ ਦੇਵੀ-ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ। ਸਮਾਜ ਵਿੱਚ ਇਹ ਗੱਲ ਪ੍ਰਚੱਲਿਤ ਸੀ ਕਿ ਸੰਸਾਰ ਨੂੰ ਚਲਾਉਣ ਵਾਲੇ ਤਿੰਨ ਦੇਵਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਬ੍ਰਹਮਾ ਜਨਮ ਦੇਣ ਵਾਲਾ, ਵਿਸ਼ਨੂੰ ਰਿਜ਼ਕ ਦੇਣ ਵਾਲਾ ਅਤੇ ਮਹੇਸ਼ (ਸ਼ਿਵ) ਮੌਤ ਦੇਣ ਵਾਲਾ ਮੰਨਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਉਪਰੋਕਤ ਮਿੱਥ ਬਾਰੇ ਸਪੱਸ਼ਟ ਕਰਦੇ ਹਨ ਕਿ:

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥

ਭਾਵ ਕਿ ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਿਤ ਹੈ ਕਿ ਇਕੱਲੀ ਮਾਇਆ ਕਿਸੇ ਤਰੀਕੇ ਨਾਲ ਪ੍ਰਸੂਤ (ਗਰਬਵਤੀ) ਹੋਈ ‘ਤੇ ਪ੍ਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿੱਚੋਂ ਇੱਕ ਬ੍ਰਹਮਾ ਘਰਬਾਰੀ ਬਣ ਗਿਆ, ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ, ਇੱਕ ਵਿਸ਼ਨੂੰ ਭੰਡਾਰੇ ਦਾ ਮਾਲਕ ਬਣ ਗਿਆ, ਭਾਵ ਜੀਵਾਂ ਨੂੰ ਰਿਜ਼ਕ ਦੇਣ ਦਾ ਕੰਮ ਕਰਨ ਲੱਗਾ ਅਤੇ ਇੱਕ ਸ਼ਿਵ ਕਚਹਿਰੀ ਲਾਉਂਦਾ ਹੈ, ਭਾਵ ਜੀਵਾਂ ਨੂੰ ਸੰਘਾਰਦਾ ਹੈ। ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ:

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥

ਭਾਵ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪਰ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ-ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਹੱਥ ਕੁੱਝ ਨਹੀਂ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ-ਪੁਰਖ ਸਭ ਜੀਵਾਂ ਨੂੰ ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

ਆਦੇਸੁ ਤਿਸੈ ਆਦੇਸੁ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥੩੦॥ {ਪੰਨਾ 7}

ਭਾਵ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਦੂਰੀ ਮਿਟਾਉਣ ਦਾ।30।

ਗੁਰੂ ਅਮਰਦਾਸ ਸਾਹਿਬ ਇਹਨਾਂ ਬਾਰੇ ਆਖਦੇ ਹਨ ਕਿ:

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥

ਭਾਵ ਕਿ ਕਹਿੰਦੇ ਹਨ ਕਿ ਬ੍ਰਹਮਾ ਨੇ ਵੇਦਾਂ ਦੀ ਬਾਣੀ ਪ੍ਰਗਟ ਕੀਤੀ ਪਰ ਉਸ ਨੇ ਵੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥੨॥

ਭਾਵ ਕਿ ਕਹਿੰਦੇ ਹਨ ਕਿ ਮਹਾਦੇਵ ਆਤਮਿਕ ਜੀਵਨ ਦੀ ਸੂਝ ਵਾਲਾ ਹੈ ‘ਤੇ ਉਹ ਆਪਣੇ ਹਿਰਦੇ-ਘਰ ਵਿੱਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਵੀ ਬੜਾ ਕ੍ਰੋਧ ‘ਤੇ ਅਹੰਕਾਰ ਦੱਸੀਦਾ ਹੈ।੨।

ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥

ਭਾਵ ਕਿ ਵਿਸ਼ਨੂੰ ਸਦਾ ਅਵਤਾਰ ਧਾਰਨ ਵਿੱਚ ਰੁੱਝਾ ਹੋਇਆ ਦੱਸਿਆ ਜਾ ਰਿਹਾ ਹੈ, ਦੱਸੋ ਸੰਸਾਰ ਦੇ ਲੋਕ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘਣ? ਅੱਗੇ ਗੁਰੂ ਜੀ ਆਖ ਰਹੇ ਹਨ ਕਿ:

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥ {ਪੰਨਾ 559}

ਭਾਵ ਕਿ ਹਾਂ ਜਿਹੜੇ ਮਨੁੱਖ ਜਗਤ ਵਿੱਚ ਗੁਰੂ ਦੀ ਸ਼ਰਨ ਪੈ ਕੇ, ਗੁਰੂ ਤੋਂ ਮਿਲੇ ਆਤਮ-ਗਿਆਨ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ।੩।

ਗੁਰਬਾਣੀ ਵਿੱਚ ਇੱਕ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਪੂਜਣ ਵਾਲਿਆਂ ‘ਤੇ ਬੜੇ ਸਖਤ ਸ਼ਬਦਾਂ ਵਿੱਚ ਟਕੋਰ ਕੀਤੀ ਗਈ ਹੈ, ਗੁਰੂ ਅਰਜਨ ਸਾਹਿਬ, ਇੱਕ ਪ੍ਰਮਾਤਮਾਂ ਤੋਂ ਬਿਨ੍ਹਾਂ ਕਿਸੇ ਵੀ ਹੋਰ ਨੂੰ ਪੂਜਣ ਵਾਲਿਆਂ ਨੂੰ ਰੱਬ ਦੇ ਚੋਰ ਆਖ ਰਹੇ ਹਨ:

ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ॥੧॥ {ਪੰਨਾ 1267}

ਭਾਵ ਕਿ ਹੇ ਭਾਈ! ਜਿਹੜੇ ਵੀ ਪ੍ਰਾਣੀ ਦਇਆ ਦੇ ਸਮੁੰਦਰ ਪ੍ਰਭੂ ਨੂੰ ਛੱਡ ਕੇ ਕਿਸੇ ਵੀ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ, ਉਹ ਆਪਣੀ ਆਤਮਾ ਦਾ ਕਤਲ (ਘਾਤ) ਕਰਦੇ ਹਨ ।1।

ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ‘ਤੇ ਟੇਕ ਰੱਖਣ ਵਾਲਿਆਂ ਨੂੰ ਮੂਰਖ ਅਤੇ ਗਧੇ ਆਖ ਰਹੇ ਹਨ:

ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥

ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ॥੨॥ {ਪੰਨਾ 1267}

ਭਾਵ ਕਿ ਹੇ ਭਾਈ! ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿੱਚ ਵਸਾਉਂਦੇ ਹਨ, ਉਹ ਮੂਰਖ, ਮਹਾਂਮੂਰਖ ਹਨ, ਉਹ ਖੋਤੇ ਹਨ। ਪ੍ਰਭੂ ਤੋਂ ਬਿਨਾਂ ਕਿਸੇ ਵੀ ਹੋਰ ਦੀ ਪੂਜਾ ਤਾਂ ਕਾਗਜ਼ ਦੀ ਬੇੜੀ ਵਿੱਚ ਚੜ੍ਹ ਕੇ ਸਮੁੰਦਰ ਪਾਰ ਲੰਘਣ ਦੇ ਯਤਨ ਸਮਾਨ ਹੈ, ਕਾਗ਼ਜ਼ ਦੀ ਬੇੜੀ ‘ਤੇ ਚੜ੍ਹ ਕੇ ਕੋਈ ਸਮੁੰਦਰ ਤੋਂ ਪਾਰ ਲੰਘ ਕਿਵੇਂ ਸਕਦਾ ਹੈ? ਇਹ ਉਹਨਾਂ ਦਾ ਭਰਮ ਹੀ ਹੁੰਦਾ ਕਿ ਅਸੀਂ ਪਾਰ ਲੰਘ ਰਹੇ ਹਾਂ।2।

ਭਗਤ ਕਬੀਰ ਜੀ ਵੀ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਰ ‘ਤੇ ਜਾ ਕੇ ਮੰਗਣ ਵਾਲੇ ‘ਮਨੁੱਖੀ ਮਨ’ ਨੂੰ ਬੇਸ਼ਰਮ ਆਖ ਕੇ ਟੋਕਦੇ ਹਨ ਕਿ:

ਰੇ ਜੀਅ ਨਿਲਜ ਲਾਜ ਤ+ਹਿ ਨਾਹੀ॥ ਹਰਿ ਤਜਿ ਕਤ ਕਾਹੂ ਕੇ ਜਾਂਹੀ॥੧॥ ਰਹਾਉ॥

ਭਾਵ ਕਿ ਇਹ ਬੇਸ਼ਰਮ ਮਨਾਂ ਤੈਨੂੰ ਸ਼ਰਮ ਨਹੀਂ ਆਉਂਦੀ? ਪ੍ਰਮਾਤਮਾ ਨੂੰ ਛੱਡ ਕੇ ਤੂੰ ਕਿਸੇ ਹੋਰ ਕੋਲ ਕਿਉਂ ਜਾਂਦਾ ਹੈਂ? ਪ੍ਰਮਾਤਮਾ ਨੂੰ ਛੱਡ ਕੇ ਤੂੰ ਕਿਸ ਕੋਲ ਜਾਂਦਾ ਹੈ?

ਅੱਗੇ ਕਬੀਰ ਜੀ ਸਮਝਾ ਰਹੇ ਹਨ ਕਿ:

ਜਾ ਕੋ ਠਾਕੁਰੁ ਊਚਾ ਹੋਈ॥ ਸੋ ਜਨੁ ਪਰ ਘਰ ਜਾਤ ਨ ਸੋਹੀ॥੧॥

ਭਾਵ ਕਿ ਹੇ ਭਾਈ, ਜਿਸ ਦਾ ਮਾਲਕ ਉੱਚਾ ਅਤੇ ਸਭ ਦਾਤਾਂ ਦਾ ਮਾਲਕ ਹੋਵੇ, ਉਹ ਕਿਸੇ ਹੋਰ ਦਰ ‘ਤੇ ਜਾ ਕੇ ਮੰਗਦੇ ਸੁਹਣੇ ਨਹੀਂ ਲੱਗਦੇ।

ਅੱਗੇ ਕਬੀਰ ਜੀ ਆਖ ਰਹੇ ਹਨ ਕਿ:

ਸੋ ਸਾਹਿਬੁ ਰਹਿਆ ਭਰਪੂਰਿ॥ ਸਦਾ ਸੰਗਿ ਨਾਹੀ ਹਰਿ ਦੂਰਿ॥੨॥

ਭਾਵ ਕਿ ਉਹ ਪ੍ਰਮਾਤਮਾ ਸਭ ਦਾਤਾਂ ਦਾ ਮਾਲਕ ਹੈ, ਉਸਦੇ ਖਜ਼ਾਨੇ ਭਰਪੂਰ ਹਨ, ਉਹ ਕਿਤੇ ਦੂਰ ਨਹੀਂ, ਹਮੇਸ਼ਾ ਨਾਲ ਹੀ ਹੈ।

ਅੱਗੇ ਕਬੀਰ ਜੀ ਸਵਾਲ ਕਰ ਰਹੇ ਹਨ ਕਿ:

ਕਵਲਾ ਚਰਨ ਸਰਨ ਹੈ ਜਾ ਕੇ॥ ਕਹੁ ਜਨ ਕਾ ਨਾਹੀ ਘਰ ਤਾ ਕੇ॥੩॥

ਭਾਵ ਕਿ ਲੱਛਮੀ (ਕਵਲਾ) ਭਾਵ ਮਾਇਆ ਵੀ ਜਿਸਦੇ ਚਰਨਾਂ ਦਾ ਆਸਰਾ ਲੈ ਕੇ ਬੈਠੀ ਹੈ, ਹੇ ਭਾਈ! ਤੂੰ ਦੱਸ ਕਿ ਉਸਦੇ ਘਰ ਕਿਸ ਚੀਜ਼ ਦੀ ਘਾਟ ਹੈ?

ਅੱਗੇ ਆਖ ਰਹੇ ਹਨ ਕਿ:

ਸਭੁ ਕੋਊ ਕਹੈ ਜਾਸੁ ਕੀ ਬਾਤਾ॥ ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ॥੪॥

ਭਾਵ ਕਿ ਜਿਸਦੀ ਰਹਿਮਤ ਦੀਆਂ ਗੱਲਾਂ ਸਾਰੇ ਕਰਦੇ ਹਨ, ਉਹ ਸਮਰੱਥ ਦਾਤਾ ਹੀ ਸਾਡਾ ਮਾਲਕ, ਖਸਮ ਹੈ। ਅੱਗੇ ਕਬੀਰ ਜੀ ਆਖ ਰਹੇ ਹਨ ਕਿ:

ਕਹੈ ਕਬੀਰੁ ਪੂਰਨ ਜਗ ਸੋਈ॥ ਜਾ ਕੇ ਹਿਰਦੈ ਅਵਰੁ ਨ ਹੋਈ॥੫॥੩੮॥ {ਪੰਨਾ 330}

ਭਾਵ ਕਿ ਕਬੀਰ ਆਖਦਾ ਹੈ ਕਿ ਇਸ ਸੰਸਾਰ ਵਿੱਚ ਪੂਰਨ ਮਨੁੱਖ ਉਹੀ ਹੈ ਜਿਸਦੇ ਮਨ ਅੰਦਰ ਉਸ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਹੋਰ ਨਹੀਂ, ਭਾਵ ਕਿ ਜੋ ਉਸ ਇੱਕੋ-ਇੱਕ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਵੀ ਹੋਰ ਨੂੰ ਨਹੀਂ ਮੰਨਦਾ, ਨਹੀਂ ਪੂਜਦਾ, ਉਹ ਹੀ ਪੂਰਨ ਹੈ।

ਗੁਰੂ ਨਾਨਕ ਸਾਹਿਬ, ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨ ਵਾਲਿਆਂ ਸੰਬੰਧੀ ਆਖ ਰਹੇ ਹਨ ਕਿ:

ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ॥ {ਪੰਨਾ 315}

ਭਾਵ ਕਿ ਜਿਹੜੇ ਵੀ ਇਨਸਾਨ ਇੱਕ ਅਕਾਲ-ਪੁਰਖ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਸਿਮਰਦੇ ਹਨ, ਪੂਜਦੇ ਹਨ, ਉਹ ਬੋਟਾਂ (ਬੁਟੁ) ਦੀ ਤਰ੍ਹਾਂ ਨਿਆਸਰੇ ਹੋ ਕੇ ਮਰਦੇ ਹਨ। ਜਿਵੇਂ ਕਿਸੇ ਪੰਛੀ ਦਾ ਬੱਚਾ (ਬੋਟ, ਬੁਟੁ) ਜਦੋਂ ਆਲ੍ਹਣੇ ਵਿੱਚੋਂ ਡਿੱਗ ਪੈਂਦਾ ਹੈ ਤਾਂ ਉਹ ਨਿਆਸਰਾ ਹੋ ਜਾਂਦਾ ਹੈ, ਫਿਰ ਉਸਨੂੰ ਭਾਵੇਂ ਕੋਈ ਵੀ ਕਾਂ, ਬਿੱਲੀ ਚੁੱਕ ਕੇ ਲੈ ਜਾਵੇ।

ਗੁਰੂ ਨਾਨਕ ਸਾਹਿਬ ,‘ਇੱਕ’ ਨਾਲ ਜੁੜਨ ਲਈ ਆਖ ਰਹੇ ਹਨ ‘ਤੇ ਕਿਸੇ ਹੋਰ ਤੋਂ ਮੰਗਣ ਵਾਲੇ ‘ਤੇ ਸ਼ਰਮ ਨਾਲ ਮਰ ਜਾਣ ਦੀ ਟਕੋਰ ਕਰਦੇ ਹਨ:

ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥

ਭਾਵ ਕਿ ਇੱਕੋ ਦਾਤਾਰ-ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇੱਕੋ ਪ੍ਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ।

ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ॥

ਭਾਵ ਕਿ ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ ਉਸ ਇੱਕੋ ਹਰੀ ਦਾਤਾਰ ਕੋਲੋਂ ਹੀ ਮੰਗਣਾ ਚਾਹੀਦਾ ਹੈ।

ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥

ਭਾਵ ਕਿ ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ, ਭਾਵ ਕਿਸੇ ਹੋਰ ਕੋਲੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ। ਅੱਗੇ ਗੁਰੂ ਸਾਹਿਬ ਆਖ ਰਹੇ ਹਨ ਕਿ:

ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥ {ਪੰਨਾ 590}

ਭਾਵ ਕਿ ਜਿਸ ਵੀ ਮਨੁੱਖ ਨੇ ਉਸ ਪ੍ਰਮਾਤਮਾ ਨੂੰ ਸੇਵਿਆ ਹੈ, ਉਸ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਸ ਇੱਕ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ..? ਗੁਰੂ ਅਮਰਦਾਸ ਸਾਹਿਬ, ਉਸ ਪ੍ਰਮਾਤਮਾ ਨੂੰ ਪਾਉਣ ਦਾ ਤਰੀਕਾ ਦੱਸ ਰਹੇ ਹਨ ਕਿ:

ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥

ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ {ਪੰਨਾ 27}

ਭਾਵ ਕਿ ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਹੇ ਭਾਈ! ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਹੋ ਸਕਦਾ ਹੈ ਜੋ ਪਵਿੱਤ੍ਰ ਸਰੂਪ ਹੈ ‘ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ।1।ਰਹਾਉ।

ਅੱਜ ਸਮਾਜ ਕੋਲ ਉਸ ਪ੍ਰਭੂ ਦਾ ਸਰੂਪ, ਸੱਚਾ ਗੁਰੂ ਗੁਰਬਾਣੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਸਵਾਲ "ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥" ਭਾਵ ਕਿ ਤੇਰਾ ਗੁਰੂ ਕੌਣ ਹੈ, ਜਿਸਦਾ ਤੂੰ ਚੇਲਾ ਹੈਂ? ਦੇ ਜਵਾਬ ਵਿੱਚ ਕਿਹਾ ਕਿ "ਸਬਦੁ ਗੁਰੂ ਸੁਰਤਿ ਧੁਨਿ ਚੇਲਾ॥" ਭਾਵ ਕਿ ਮੇਰਾ ਗੁਰੂ ਸ਼ਬਦ ਹੈ ਅਤੇ ਮੇਰੀ ਸੁਰਤ, ਉਸ ਦਾ ਚੇਲਾ ਹੈ। ਸ਼ਬਦ-ਗੁਰੂ ਵਿੱਚ ਦਰਜ ਇਸ ਇਲਾਹੀ ਬਾਣੀ ਨੂੰ ਵਿਚਾਰਿਆਂ ਅਤੇ ਜੀਵਨ ਵਿੱਚ ਇਸ ਸਿੱਖਿਆ ਨੂੰ ਅਪਣਾਇਆਂ ਹੀ ਮਨੁੱਖ ਉਸ ਪ੍ਰਮਾਤਮਾ ਨੂੰ ਪਾ ਸਕਦਾ ਹੈ। ਗੁਰੂ ਸਾਹਿਬ ਆਖ ਰਹੇ ਹਨ:

ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ॥

ਭਾਵ ਕਿ ਜੇ ਗੁਰੂ ਦੇ ਸ਼ਬਦ ਵਿੱਚ ਸ਼ਰਧਾ ਬਣ ਜਾਵੇ, ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਵੇ ਤਾਂ ਗੁਰੂ ਮਿਲ ਪੈਂਦਾ ਹੈ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਸ਼ਰਧਾ ਬਣਾਉਂਦਾ ਹੈ, ਉਹ ਆਪਣੇ ਅੰਦਰੋਂ ਹਉਮੈਂ ਦੂਰ ਕਰ ਲੈਂਦਾ ਹੈ।

ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ॥

ਭਾਵ ਕਿ ਜਿਸਦੇ ਮਨ ਵਿੱਚ ਉਸ ਪ੍ਰਮਾਮਤਾ ਦਾ ਸ਼ਬਦ ਵਸ ਜਾਂਦਾ ਹੈ, ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ, ਉਸਦੇ ਗੁਣਾਂ ਨੂੰ ਗਾਉਂਦਾ ਹੈ।

ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ

॥੪॥੧੯॥੫੨॥ {ਪੰਨਾ 34}

ਭਾਵ ਕਿ ਇਸ ਤਰ੍ਹਾਂ ਹੇ ਨਾਨਕ! ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ, ਉਹ ਆਤਮਿਕ ਅਡੋਲਤਾ ਵਿੱਚ ਵੀ ਟਿਕਿਆ ਰਹਿੰਦਾ ਹੈ ।4।19।52।

ਗੁਰੂ ਸਾਹਿਬ ਆਖ ਰਹੇ ਹਨ ਕਿ ਜਿਸਨੇ ਗੁਰਬਾਣੀ ਦੀ ਸਿੱਖਿਆ ਨੂੰ ਮੰਨ ਕੇ, ਜੀਵਨ ਉਸ ਅਨੁਸਾਰ ਬਣਾ ਲਿਆ, ਸਮਝੋ ਉਹ ਪ੍ਰਮਾਤਮਾ ਨੂੰ ਮਿਲ ਲਿਆ। ਗੁਰੂ ਸਾਹਿਬ ਆਖ ਰਹੇ ਹਨ:

ਪ੍ਰਭ ਮਿਲਣੈ ਕੀ ਏਹ ਨੀਸਾਣੀ ॥ ਮਨਿ ਇਕੋ ਸਚਾ ਹੁਕਮੁ ਪਛਾਣੀ ॥

ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥ {ਪੰਨਾ 106}

ਭਾਵ ਕਿ ਹੇ ਭਾਈ! ਪ੍ਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ ਕਿ ਜਿਹੜਾ ਉਸ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹ ਆਪਣੇ ਮਨ ਵਿੱਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਜਿਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਹਨ, ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿੱਚ ਜੀਵਨ ਬਤੀਤ ਕਰਦੇ ਹਨ, ਸਬਰ ਉਹਨਾਂ ਦਾ ਗੁਣ ਬਣ ਜਾਂਦਾ ਹੈ ‘ਤੇ ਤ੍ਰਿਸ਼ਨਾ ਵੱਲੋਂ ਸਦਾ ਰੱਜੇ ਰਹਿੰਦੇ ਹਨ।3।

ਆਉ ਗੁਰੂ ਸਾਹਿਬ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰ ਕੇ ‘ੴ’ ਦੇ ਸਿਧਾਂਤ ਨੂੰ ਸਮਝੀਏ ਅਤੇ ਅਪਣਾਈਏ।

(ਨੋਟ: ਪੁਜਾਰੀ ਅਤੇ ਬ੍ਰਾਹਮਣ ਤੋਂ ਭਾਵ ਕਿਸੇ ਧਰਮ ਤੋਂ ਨਹੀਂ, ਬਲਕਿ ਉਸ ਇਨਸਾਨ ਤੋਂ ਹੈ ਜੋ ਧਰਮ ਦੀ ਆੜ ਹੇਠ ਲੋਕਾਂ ਦੀ ਲੁੱਟ ਕਰਦਾ ਸੀ ਅਤੇ ਹੈ।)

ਭੁੱਲ ਚੁੱਕ ਦੀ ਖਿਮਾਂ।




.