.

ਸਿੱਖੀ ਬਚਾਉਣ ਤੋਂ ਹੁਣ ਕਿਤੇ ਖੁੰਝ ਨਾ ਜਾਇਓ …!
-ਰਘਬੀਰ ਸਿੰਘ ਮਾਨਾਂਵਾਲੀ


ਪੁਜਾਰੀਆਂ ਨੇ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਫੁਲ-ਵਟਾ-ਫੁਲ ਮੁਆਫੀ ਦੇ ਕੇ ਕਿਹਾ ਸੀ ਕਿ “ਇਹ ਫੈਸਲਾ ‘ਦੀਰਘ’ ਵਿਚਾਰ-ਵਟਾਂਦਰਾ ਕਰਕੇ ਕੀਤਾ ਹੈ ਤਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਵ੍ਹੇ।” ਮਈ 2007 ਵਿੱਚ ਵੀ ਪੁਜਾਰੀਆਂ ਨੇ ‘ਦੀਰਘ’ ਵਿਚਾਰਾਂ ਕਰਕੇ ਹੀ ਸੌਦਾ ਸਾਧ ਨਾਲ ਕੋਈ ਸਬੰਧ ਨਾ ਰੱਖਣ ਲਈ ਹੁਕਮਨਾਮਾ ਜਾਰੀ ਕੀਤਾ ਸੀ। ਪਰ ਉਸ ਵਕਤ ਬਾਦਲ ਪਰਿਵਾਰ ਨੇ ਸੌਦਾ-ਸਾਧ ਦੇ ਡੇਰੇ ਜਾ ਕੇ ਅਤੇ ਵੋਟਾਂ ਲੈਣ ਲਈ ਅਕਾਲ ਤਖ਼ਤ ਤੋਂ ਜਾਰੀ ਉਸ ਹੁਕਮਨਾਮੇ ਦੀ ਉਲੰਘਣਾ ਕੀਤੀ ਸੀ। ਅਕਾਲ ਤਖ਼ਤ ਦੇ ਇਲਾਹੀ ਹੁਕਮ ਦਾ ਸ਼ੋਰ ਮਚਾਉਣ ਵਾਲੇ ਪੁਜਾਰੀਆਂ ਨੇ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਕੀ ਪੁਜਾਰੀ ਹੁਣ ਜੁਆਬ ਦੇਣਗੇ ਕਿ ਸੌਦਾ-ਸਾਧ ਵਿਰੁੱਧ ਮਈ 2007 ਵਿੱਚ ਜਾਰੀ ਹੋਇਆ ਹੁਕਮਨਾਮਾ ਠੀਕ ਸੀ ਜਾਂ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ …? ਕੀ 24 ਸਤੰਬਰ ਵਾਲਾ ਹੁਕਮਨਾਮਾ ਬਨਾਮ ਮੁਆਫੀਨਾਮਾ ਅਕਾਲ ਤਖ਼ਤ ਦੇ ਸਿਧਾਂਤਾਂ ਅਨੁਸਾਰ ਜਾਰੀ ਕੀਤਾ ਗਿਆ ਸੀ? ਕੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕਤਲ ਕਰਕੇ ਸੌਦਾ-ਸਾਧ ਨੂੰ ਰੱਜਵੇਂ ਸਤਿਕਾਰ ਨਾਲ ਮੁਆਫੀਨਾਮੇ ਦਾ ਪ੍ਰਸ਼ਾਦ ਦੇਣ ਤੋਂ ਬਾਅਦ ਪੰਜਾਬ ਵਿੱਚ ਸਿਵਿਆਂ ਵਰਗੀ ਸ਼ਾਂਤੀ ਹੋ ਗਈ ਸੀ? ਕਿਸੇ ਵਿਦਵਾਨ ਨੇ ਕਿਹਾ ਹੈ ਕਿ ‘ਕੰਧਾਂ ਕੋਠੇ ਢਾਹੁਣ ਗਿੱਝੇ ਜਰਵਾਣਿਆਂ ਕੋਲੋਂ ਧਰਮ ਅਸਥਾਨ ਕਦੇ ਤਬਾਹ ਨਹੀਂ ਹੋ ਸਕਦੇ, ਧਰਮ ਅਸਥਾਨਾਂ ਦੀ ਤਬਾਹੀ ਉਹ ਕਰਦੇ ਹਨ ਜੋ ਧਰਮ ਚਲਾਉਣ ਵਾਲੇ ਮਹਾਂਪੁਰਖਾਂ ਦੀ ਬਣਾਈ ਮਰਿਆਦਾ ਵਿਗਾੜਦੇ ਹਨ।’ ਅਕਾਲ ਤਖ਼ਤ ਦੇ ਸਿਧਾਂਤਾਂ ਨੂੰ ਵਿਗਾੜ ਕੇ ਟਿੱਬਿਆਂ ਦੀ ਸਾਰੀ ਮੋਟੀ ਰੇਤ ਸਿੱਖ ਕੌਮ ਦੀਆਂ ਅੱਖਾਂ ਵਿੱਚ ਪਾ ਕੇ ਪੁਜਾਰੀਆਂ ਨੇ ਕੌਮ ਨੂੰ ਬੇਵਕੂਫ ਬਣਾਇਆ ਹੈ। ਇਸ ਤਰ੍ਹਾਂ ਦੇ ਮਸਲਿਆਂ `ਤੇ ‘ਦੀਰਘ’ ਵਿਚਾਰ-ਵਟਾਂਦਰਾ ਕਰਨ ਵਾਲੇ ਬਾਹਰਲੇ ਦੋ ਤਖ਼ਤਾਂ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਹਰਿ ਮੰਦਰ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਆਪਣੇ ਤਖ਼ਤਾਂ `ਤੇ ਤਾਂ ਸਿੱਖ ਵਿਰੋਧੀ ਕਾਰਜ ਕਰਦੇ ਹਨ। ਫਿਰ ਉਹ ਕਿਹੜੇ ਮੂੰਹ ਨਾਲ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਵਰਸੋਏ ਸਿਧਾਂਤਿਕ, ਰੂਹਾਨੀ ਸੱਚ, ਨਿਰਵੈਰਤਾ, ਨਿਡੱਰਤਾ ਅਤੇ ਨਿਰਪੱਖਤਾ ਦੇ ਪ੍ਰਤੀਕ ਮਹਾਨ ਤਖ਼ਤ ਸ਼੍ਰੀ ਅਕਾਲ ਤਖ਼ਤ `ਤੇ ਬੈਠ ਕੇ ਕਿਸੇ ਨੂੰ ਗਲ਼ਤ ਜਾਂ ਠੀਕ ਦੱਸ ਕੇ ਕੌਮ ਦੇ ਫੈਸਲੇ ਕਰ ਸਕਦੇ ਹਨ? ਇਹ ਵੀ ਇਤਿਹਾਸਕ ਸੱਚ ਹੈ ਕਿ ਜਥੇਦਾਰਾਂ ਦਾ ਤਾਂ ਕੋਈ ਅਹੁਦਾ ਹੈ ਹੀ ਨਹੀਂ। ਅਕਾਲ ਤਖ਼ਤ `ਤੇ ਸਿਰਫ ਪੰਥ ਖਾਲਸਾ ਜਾਂ ਸਰਬੱਤ ਖਾਲਸਾ ਹੀ ਕੌਮ ਦੇ ਮਹਤੱਵਪੂਰਨ ਫੈਸਲੇ ਲੈਣ ਦਾ ਅਧਿਕਾਰ ਰੱਖਦਾ ਹੈ। 2007 ਵਿੱਚ ਸੌਦਾ ਸਾਧ ਵਿਰੁੱਧ ਹੁਕਮਨਾਮਾ ਜਾਰੀ ਕਰਨਾ ਪੁਜਾਰੀਆਂ ਦੀ ਬੱਜਰ ਗਲਤੀ ਸੀ। ਉਸ ਹੁਕਮਨਾਮੇ ਨੇ ਅੱਜ ਸਿੱਖਾਂ ਦੀ ਹੇਠੀ ਕਰਾਈ ਹੈ। ਕੌਣ ਹੈ ਸੌਦਾ-ਸਾਧ …? ਜਿਸ ਦੇ ਵਿਰੁੱਧ ਹੁਕਮ ਕੀਤਾ ਗਿਆ ਸੀ। ਕੀ ਸਬੰਧ ਹੈ ਉਹਦਾ ਸਿੱਖਾਂ ਨਾਲ …? ਉਹ ਤਾਂ ਅਯਾਸ ਵਿਅਕਤੀ ਹੈ … ਜਿਸ ਦਾ ਕੋਈ ਧਰਮ ਹੈ ਨਹੀਂ। ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੁਆਰਾ ਚਲਾਈ ਖੰਡੇ ਦੀ ਪਹੁਲ ਦਾ ਮਜ਼ਾਕ ਉਡਾਅ ਕੇ ਨਿਰਾਦਰ ਕੀਤਾ ਸੀ। ਉਹ ਸਿੱਖ ਕੌਮ ਦਾ ਦੋਸ਼ੀ ਸੀ। ਉਸ ਨੂੰ ਸਜ਼ਾ ਦਿਵਾਉਣ ਲਈ ਅਦਾਲਤਾਂ ਰਾਹੀਂ ਪਹੁੰਚ ਕੀਤੀ ਜਾਂਦੀ। ਉਸ ਨੂੰ ਤਾਂ ਪੁਜਾਰੀਆਂ ਨੇ ਹੀਰੋ ਬਣਾ ਦਿਤਾ ਸੀ। ਇਹ ਸੱਚ ਹੈ ਕਿ ਪੁਜਾਰੀਆਂ ਵਲੋਂ ਉਹ ਹੁਕਮਨਾਮਾ ਅਕਾਲੀ ਦਲ ਬਾਦਲ ਨੂੰ ਲਾਭ ਦੇਣ ਲਈ ਹੀ ਜਾਰੀ ਕੀਤਾ ਗਿਆ ਸੀ। 24 ਸਤੰਬਰ 2015 ਨੂੰ ਸੌਦਾ-ਸਾਧ ਨੂੰ ਥਾਲੀ ਵਿੱਚ ਪ੍ਰੋਸ ਕੇ ਦਿਤੇ ਮੁਆਫੀਨਾਮੇ ਦਾ ਫੈਸਲਾ ਵੀ ਅਕਾਲੀ ਦਲ ਬਾਦਲ ਨੂੰ ਲਾਭ ਦੇਣ ਲਈ ਹੀ ਕੀਤਾ ਗਿਆ ਸੀ। ਇਸ ਮੁਆਫੀਨਾਮੇ ਦੇ ਵਿਰੁੱਧ ‘ਸਿੱਖ ਲੋਕ-ਰੋਹ’ ਪ੍ਰਚੰਡ ਹੋਇਆ। ਮੁਆਫੀਨਾਮੇ ਦਾ ਵਿਰੋਧ ਕਰਨ `ਤੇ ਸਿੱਖਾਂ `ਤੇ ਇੱਕ ਹੋਰ ਮਾਰੂ ਹਮਲਾ ਹੋਇਆ। 12 ਅਕਤੂਬਰ ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸਿੱਖ ਕੌਮ ਦੇ ਰਹਿਬਰ ਦੀਨ-ਦੁਨੀ ਦੇ ਸੱਚੇ ਪਾਤਿਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 115 ਪੰਨੇ ਪਾੜ ਕੇ ਸੜਕਾਂ `ਤੇ ਸੁੱਟੇ ਗਏ। ਇਹ ਘਟਨਾ ਸਾਰੀ ਸਿੱਖ ਕੌਮ ਨੂੰ ਧੁਖਦਾ ਕਰ ਗਈ। ਹਰੇਕ ਸਿੱਖ ਹਿਰਦਾ ਲੀਰੋ-ਲੀਰ ਹੋ ਗਿਆ। ਹਰ ਪਾਸੇ ਵਿਸਫੋਟਕ ਮਾਹੌਲ ਬਣ ਗਿਆ। ਥਾਂ-ਥਾਂ ਰੋਸ ਧਰਨੇ ਲੱਗਣੇ ਸ਼ੁਰੂ ਹੋ ਗਏ। ਗਿਰਗਟ ਵਾਗੂੰ ਰੰਗ ਬਦਲਦੇ ਪੁਜਾਰੀਆਂ ਨੇ ‘ਸਿੱਖ ਲੋਕ ਰੋਹ’ ਵੇਖ ਕੇ ਸੌਦਾ-ਸਾਧ ਨੂੰ ਦਿਤਾ ਮੁਆਫੀਨਾਮਾ ਰੱਦ ਕਰਨ ਦਾ ਫੁਰਮਾਨ ਜਾਰੀ ਕਰ ਦਿਤਾ। ਇਸ ਸਾਰੀ ਘਟਨਾ ਕ੍ਰਮ ਪਿੱਛੇ ਸਿਆਸਤ ਦੀ ਗੰਦੀ ਬਦਬੂ ਡਾਡਾਂ ਮਾਰ ਰਹੀ ਹੈ। ਸੌਦਾ-ਸਾਧ ਨੂੰ ‘ਮੁਆਫੀਨਾਮਾ ਦੇਣ ਤੋਂ ਰੱਦ ਕਰਨ ਤੱਕ’ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰੂਹਾਨੀ ਮਹੱਤਤਾ ਅਤੇ ਉੱਚੇ ਅਦਬ ਸਤਿਕਾਰ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਇਸ ਦਾ ਜ਼ਿੰਮੇਵਾਰ ਕੌਣ ਹੈ? ਮੈਂ ਸਤਿਕਾਰ ਨਾਲ ਅਕਾਲੀ ਦਲ ਬਾਦਲ ਦੇ ਉਹਨਾਂ ਨੇਤਾਵਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਨੂੰ ਪੁੱਛਦਾ ਹਾਂ ਕਿ ਜਿਹਨਾਂ ਨੇ ਪੁਜਾਰੀਆਂ ਵੱਲੋਂ ਸੌਦਾ-ਸਾਧ ਦੇ ਦਿਤੇ ਮੁਆਫੀਨਾਮੇ ਨੂੰ ਸਹੀ ਕਰਾਰ ਦੇਣ ਲਈ ਵੱਖ-ਵੱਖ ਢੰਗ ਤਰੀਕਿਆਂ ਨਾਲ ਅੱਡੀਆਂ ਤੱਕ ਜੋਰ ਲਾਇਆ ਸੀ। ਕੀ ਅੱਜ ਉਹਨਾਂ ਦੀਆਂ ਦਲੀਲਾਂ ਅਤੇ ਅਪੀਲਾਂ ਪੁਜਾਰੀਵਾਦ ਬਨਾਮ ਅਕਾਲੀ ਦਲ ਬਾਦਲ ਦੀ ਨਿਰੀ ਖੁਸ਼ਾਮਦ ਨਹੀਂ ਜਾਪ ਰਹੀ? ਸਿੱਖ ਕੌਮ ਦੇ ਹਿੱਤਾਂ ਨਾਲ ਧ੍ਰੋਹ ਕਮਾਅ ਕੇ ਉਹਨਾਂ ਨੇ ਸਿਆਸਤ ਦੀ ਡੁੱਬਦੀ ਜਾਂਦੀ ਬੇੜੀ ਨੂੰ ਠੁੱਮਣਾ ਦੇਣ ਦਾ ਕੋਝਾ ਯਤਨ ਨਹੀਂ ਕੀਤਾ? ਜੇ ਅੱਜ ਕੋਈ ਜਿੱਤ ਹੋਈ ਹੈ ਤਾਂ ਹਨੇਰੀ ਵਾਂਗ ਉੱਠੇ ‘ਸਿੱਖ ਲੋਕ-ਰੋਹ’ ਦੇ ਪ੍ਰਚੰਡ ਹੋਣ `ਤੇ ਹੀ ਹੋਈ ਹੈ। ਮਰਨ ਮਿੱਟਣ ਦੇ ਦ੍ਰਿੜ੍ਹ ਇਰਾਦੇ `ਤੇ ਕਾਇਮ ਰਹਿਣ ਨਾਲ ਹੋਈ ਹੈ। ਕਿੰਨਾ ਚੰਗਾ ਹੁੰਦਾ ਜੇ ਰੋਸ ਧਰਨਿਆਂ ਸਮੇਂ ਸਿੱਖ ਕੌਮ ਵਲੋਂ ਪੁਜਾਰੀਆਂ ਅੱਗੇ ਇਹ ਵੀ ਮੰਗ ਰੱਖੀ ਜਾਂਦੀ ਕਿ ਹੁਣ ਤੱਕ ਉਹਨਾਂ ਵਲੋਂ ਵੱਖ-ਵੱਖ ਵਿਦਵਾਨਾਂ ਨੂੰ ਛੇਕਣ ਵਾਲੇ ਸਾਰੇ ਹੁਕਮਨਾਮੇ ਵੀ ਵਾਪਿਸ ਲਏ ਜਾਣ। ਇਹ ਸਿੱਧ ਹੋ ਗਿਆ ਹੈ ਕਿ ਪੁਜਾਰੀ ਸਿੱਖ ਵਿਦਵਾਨਾਂ ਨਾਲੋਂ ਸਿਆਣਪ ਵਿੱਚ ਸੌ ਸਾਲ ਪਿੱਛੇ ਹਨ ਕਿਉਂਕਿ ਸੰਨ 1887 ਈਸਵੀ ਵਿੱਚ ਪ੍ਰੋ: ਗੁਰਮੁੱਖ ਸਿੰਘ, ਜਿਸ ਨੇ ਸਿੱਖ ਕੌਮ ਦੇ ਬੱਚਿਆਂ ਲਈ ਸਕੂਲ/ਕਾਲਜ ਖੋਲ੍ਹੇ ਜਾਣ ਦਾ ਪ੍ਰਚਾਰ ਕੀਤਾ ਸੀ, ਨੂੰ ਪੰਥ ਵਿੱਚੋਂ ਪੁਜਾਰੀਆਂ ਨੇ ਛੇਕ ਦਿਤਾ ਸੀ ਤੇ 1995 ਵਿੱਚ 108 ਸਾਲ ਬਾਅਦ ਉਹਨਾਂ ਨੂੰ ਮਰਨ ਉਪਰੰਤ ਪੰਥ ਵਿੱਚ ਦੁਬਾਰਾ ਸ਼ਾਮਲ ਕਰ ਲਿਆ ਸੀ।
ਪੁਜਾਰੀਆਂ ਦੁਆਰਾ ਅਕਾਲ ਤਖ਼ਤ `ਤੇ ਬੈਠ ਕੇ ਵਾਰ-ਵਾਰ ਫੈਸਲੇ ਕਰਨੇ ਤੇ ਫਿਰ ਉਹਨਾਂ ਦੁਆਰਾ ਫੈਸਲਿਆਂ ਨੂੰ ਬਦਲਣ ਕਰਕੇ ਉਹਨਾਂ ਉਤੇ ਅੱਗੇ ਤੋਂ ਕੋਈ ਵਿਸ਼ਵਾਸ਼ ਨਹੀਂ ਕਰੇਗਾ। ਉਹਨਾਂ ਦੀ ਸਿਆਣਪ ਜੀਰੋ ਹੋ ਗਈ ਹੈ। ਇਸ ਤਰ੍ਹਾਂ ਅਕਾਲ ਤਖ਼ਤ ਦੀ ਮਹਾਨਤਾ ਅਤੇ ਪੰਥ ਦੀ ਸ਼ਕਤੀ ਕਮਜ਼ੋਰ ਹੋਈ ਹੈ। ਸਿੱਖ ਕੌਮ ਦੀ ਜੱਗ ਹਸਾਈ ਹੋਈ ਹੈ। ਪੁਜਾਰੀ ਬਨਾਮ ਜਥੇਦਾਰ ਸਿਰਫ ਕਠਪੁਤਲੀਆਂ ਹਨ। ਇਹਨਾਂ ਨੇ ਸਿੱਖ ਪੰਥ ਵੱਲ ਪਿੱਠ ਕਰਕੇ ਕੌਮ ਨੂੰ ਦੁਬਿਧਾ ਵਿੱਚ ਪਾਇਆ ਹੋਇਆ ਹੈ। ਸਿੱਖ ਕੌਮ ਦੇ ਸਿਰ ਉਪਰ ਅੱਜ ਨਾਗਪੁਰ, ਦਿੱਲੀ ਅਤੇ ਚੰਡੀਗੜ੍ਹ ਦੇ ਪੰਥ ਵਿਰੋਧੀ ਹੁਕਮ ਛਾਏ ਹੋਏ ਹਨ। ਖਾਲਸਾ ਪੰਥ ਜੀ! ਹੁਣ ਚੁੱਪ ਤੋੜਨ ਦਾ ਸਮਾਂ ਹੈ। ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰਿਆ ਜਾਵੇ। ਨਾ ਰਹੂਗਾ ਬਾਂਸ ਅਤੇ ਨਾ ਵੱਜੂਗੀ ਬਾਂਸਰੀ। ਅੱਜ ਸਿੱਖ ਕੌਮ ਦੇ ਧਾਰਮਿਕ ਆਗੂ ਜਿਊਂਦੀਆਂ ਲਾਸ਼ਾਂ ਹਨ। ਲਾਸ਼ਾਂ ਤਾਂ ਮਿੱਟੀ ਹੁੰਦੀਆਂ ਹਨ। ਕੁੱਝ ਕਰਨ ਤੋਂ ਅਸਮਰਥ ਹੁੰਦੀਆਂ ਹਨ। ਜਥੇਦਾਰ ਤਾਂ ਸਿਰਫ ਸਿੱਖ ਕੌਮ ਦੇ ਅੱਖੀਂ ਘੱਟਾ ਪਾ ਕੇ ਸੱਚੇ ਤਖ਼ਤ ਤੋਂ ਝੂਠੇ ਦਸਤਖ਼ਤ ਕਰਕੇ ਵਿਵਾਦਤ ਅਤੇ ਸਿਆਸਤੀ ਹੁਕਮਨਾਮੇ ਪੜ੍ਹ ਕੇ ਹੀ ਸੁਣਾਉਂਦੇ ਹਨ। ਕੀ ਇਸ ਤਰ੍ਹਾਂ ਸਿੱਖ ਕੌਮ ਮਜਬੂਤ ਹੋ ਸਕਦੀ ਹੈ?
ਅਕਾਲ ਤਖ਼ਤ ਸਿੱਖ ਕੌਮ ਦੀ ਜਿੰਦ-ਜਾਨ ਹੈ। ਸਿੱਖ ਕੌਮ ਨੂੰ ਅਗਵਾਈ ਦੇਣ ਦਾ ਤਖ਼ਤ ਹੈ। ਪਰ ਉਥੇ ਕਾਬਜ਼ ਅੱਜ ਦੇ ਪੁਜਾਰੀਆਂ ਦੀ ਭੂਮਿਕਾ ਸ਼ੱਕੀ ਅਤੇ ਇਤਰਾਜ਼ਯੋਗ ਹੈ। ਇਹਨਾਂ ਨੂੰ ਨਿਯੁਕਤ ਕਰਨ ਦੀ ਕੋਈ ਯੋਗਤਾ ਨਹੀਂ ਹੈ। ਕੋਈ ਵਿਧੀ-ਵਿਧਾਨ ਨਹੀਂ ਹੈ। ਜਥੇਦਾਰੀ ਦੇ ਭੇਸ ਵਿੱਚ ਇਹਨਾ ਪੁਜਾਰੀਆਂ ਦੀ ਸਿੱਖ ਕੌਮ ਨੂੰ ਹੁਣ ਕੋਈ ਜਰੂਰਤ ਨਹੀਂ ਹੈ। ਪੁਜਾਰੀਵਾਦ ਦਾ ਇਹ ਸਿਸਟਮ ਨਕਾਰਾ ਹੋ ਚੁੱਕਿਆ ਹੈ। ਇਸ ਨੂੰ ਰਿਪੇਅਰ ਕਰਨ ਦੀ ਨਹੀਂ ਸਗੋਂ ਫੌਰੀ ਤੌਰ `ਤੇ ਬਦਲਣ ਦੀ ਸਖ਼ਤ ਜਰੂਰਤ ਹੈ। ਵਰਨਾ ਸਿੱਖ ਅਤੇ ਸਿੱਖੀ ਅਲੋਪ ਹੋ ਜਾਵੇਗੀ।
ਸੋਚ-ਵਿਚਾਰ ਦੀ ਘੜੀ ਹੈ। ਸਿੱਖ ਕੌਮ ਦੇ ਨੌਜਵਾਨਾਂ ਨੂੰ ਮਰਨ ਤੋਂ ਬਚਾਈਏ। ਬੜੀ ਦੁਖਦਾਈ ਅਤੇ ਮੰਦ-ਭਾਗੀ ਗੱਲ ਹੈ ਕਿ ਜਦੋਂ ਵੀ ਸਿੱਖ ਕੌਮ `ਤੇ ਪੰਥ ਵਿਰੋਧੀ ਹਮਲੇ ਹੋਏ ਹਨ ਉਸ ਵਕਤ ਪੰਜਾਬ ਵਿੱਚ ਪੰਥਕ ਕਹੌਂਦੀ ਅਕਾਲੀ ਦਲ ਤੋਂ ਬਣੀ ‘ਪੰਜਾਬੀ ਪਾਰਟੀ’ ਦਾ ਹੀ ਰਾਜ ਸੀ। 1978 ਵਿੱਚ ਨਿਰੰਕਾਰੀ ਕਾਂਡ ਸਮੇਂ … 1997 ਵਿੱਚ ਭਨਿਆਰੇ ਦਾ ਮਸਲਾ … 2007 ਵਿੱਚ ਸੌਦਾ ਸਾਧ ਦਾ ਮਸਲਾ … 2009 ਵਿੱਚ ਆਸ਼ਤੋਸ਼ ਦਾ ਮਸਲਾ ਅਤੇ 2015 ਵਿੱਚ ਬਰਗਾੜੀ ਕਾਂਡ …। ਉਪਰੋਕਤ ਸਾਰੀਆਂ ਘਟਨਾਵਾਂ ਸਮੇਂ ਹੀ ਪੰਥਕ ਸਰਕਾਰ ਦੀ ਪੁਲਿਸ ਨੇ ਸਿੱਖਾਂ ਦੇ ਸ਼ਾਂਤਮਈ ਰੋਸ ਧਰਨੇ ਦੇਣ ਵਾਲਿਆਂ `ਤੇ ਬੰਦੂਕਾਂ ਦੇ ਮੂੰਹ ਖੋਲ੍ਹੇ ਸਨ ਤੇ ਅਨੇਕਾਂ ਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਹਨ। ਅਜੋਕੇ ਧਾਰਮਿਕ ਆਗੂਆਂ ਨੇ ਸਿਆਸਤ ਨੂੰ ਲਾਭ ਦੇਣ ਲਈ ਇਹ ਸ਼ਹਾਦਤਾਂ ਖੂਹ-ਖਾਤੇ ਪਾ ਦਿਤੀਆਂ ਹਨ। ਹੁਣ ਸ਼ਹੀਦੀਆਂ ਦੇਣ ਦਾ ਸਮਾਂ ਨਹੀਂ ਹੈ। ਪੰਥਕ ਸਰਕਾਰ ਅਤੇ ਉਹਨਾਂ ਦੇ ਗੁਲਾਮ ਪੁਜਾਰੀਆਂ ਵਿਰੁੱਧ ਧਰਨੇ ਲਾਉਣ ਅਤੇ ਉਹਨਾਂ ਤੋਂ ਅਕਾਲ ਤਖ਼ਤ ਅਜ਼ਾਦ ਕਰਾਉਣ ਲਈ ਸੰਘਰਸ਼ ਕਰਨ ਦਾ ਸਮਾਂ ਹੈ। ਪਾਰਟੀਬਾਜ਼ੀ ਅਤੇ ਆਪਸੀ ਮਤ-ਭੇਦਾਂ ਤੋਂ ਉਪਰ ਉੱਠ ਕੇ ਇੱਕ ਸਾਂਝੇ ਪਲੇਟ ਫਾਰਮ `ਤੇ ਇੱਕ ਸਾਂਝਾ ਤੇ ਵੱਡਾ ਸੰਗਠਨ ਤਿਆਰ ਕੀਤਾ ਜਾਵੇ। ਦੁਨੀਆਂ ਭਰ ਦੇ ਸਿੱਖ ਬ਼ੁਧੀਜੀਵੀ, ਵਿਦਵਾਨਾਂ, ਖੋਜੀ ਇਤਿਹਾਸਕਾਰਾਂ, ਜੱਜਾਂ ਅਤੇ ਵਕੀਲਾਂ ਨੂੰ ਇਕੱਠੇ ਕਰਕੇ ਇੱਕ ‘ਵਿਸ਼ਵ ਪੰਥ ਖਾਲਸਾ’ ਦੇ ਨਾਂ ਦਾ ਸੰਗਠਨ ਕਾਇਮ ਕੀਤਾ ਜਾਵੇ। ਕਿਉਂਕਿ ਸਿੱਖ ਪੰਜਾਬ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਵਿਸ਼ਵ ਦੇ ਸਾਰੇ ਮੁਲਕਾਂ ਵਿੱਚ ਫੈਲ ਚੁੱਕੇ ਹਨ। ਇਸ ਲਈ ਉਹਨਾ ਦੀ ਸ਼ਮੂਲੀਅਤ ਪੰਥਕ ਮਸਲਿਆਂ ਲਈ ਜਰੂਰੀ ਹੈ। ‘ਵਿਸ਼ਵ ਪੰਥ ਖਾਲਸਾ’ ਤੋਂ ਉਪਰ ਹੋਰ ਕੋਈ ਧਾਰਮਿਕ ਸ਼ਕਤੀ ਨਾ ਹੋਵੇ। ਇਸ ਉਪਰ ਕਿਸੇ ਸਿਆਸੀ ਪਾਰਟੀ ਦਾ ਕੋਈ ਦਖ਼ਲ ਜਾਂ ਦਬਾਅ ਨਾ ਹੋਵੇ। ਉਸ ਦੀ ਅਜ਼ਾਦ ਹੋਂਦ ਹੋਵੇ। ਉਸ ਦਾ ਸੰਵਿਧਾਨ ਗੁਰਮਤਿ ਸਿਧਾਂਤਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ `ਤੇ ਅਧਾਰਿਤ ਹੋਵੇ। ਇਹ ‘ਵਿਸ਼ਵ ਪੰਥ ਖਾਲਸਾ’ ਹਰ ਗੁਰਸਿੱਖ ਦੇ ਮਨ ਦੀ ਦੁਬਿਧਾ ਨੂੰ ਦੂਰ ਕਰਨ ਲਈ ਜ਼ਿੰਮੇਵਾਰ ਹੋਵੇ। ਅਜੋਕੇ ਧਾਰਮਿਕ ਅਤੇ ਸਿਆਸਤੀ ਸਿਸਟਮ ਨੂੰ ਤੁਰੰਤ ਬਦਲਣ ਲਈ ਆਪਣੇ ਜੋਸ਼ ਦੀ ਵਰਤੋਂ ਹੋਸ਼ ਨਾਲ ਕਰਨ ਲਈ ਹੰਭਲਾ ਮਾਰਨ ਦਾ ਇਹੀ ਠੀਕ ਸਮਾਂ ਹੈ … ਕਿਤੇ ਹੁਣ ਖੁੰਝ ਨਾ ਜਾਇਓ …।
ਮੋਬਾਇਲ: 88728-54500




.