.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਧਰਮ ਦੇ ਨਾਂ `ਤੇ ਰਾਹਾਂ ਵਿੱਚ ਰੁਕਾਵਟਾਂ

ਧਰਮ ਦੇ ਅਖਰੀਂ ਅਰਥ ਹਨ ਧਾਰਨ ਕੀਤਾ ਹੋਇਆ। ਮਨੁੱਖ ਨੇ ਜਿਹੜਾ ਸੁਭਾਅ ਧਾਰਨ ਕੀਤਾ ਹੋਇਆ ਹੈ ਉਹ ਹੀ ਉਸ ਦਾ ਧਰਮ ਹੈ। ਮਨੁੱਖ ਨੂੰ ਚੰਗਾ ਬਣਾਉਣ ਲਈ ਧਰਮ ਦਾ ਹੀ ਡਰ ਪਾਇਆ ਗਿਆ ਹੈ। ਮਨੁੱਖ ਨੇ ਧਰਮ ਦੇ ਡਰ ਨੂੰ ਇਸ ਕਦਰ ਸਮਝ ਲਿਆ ਹੈ ਕਿ ਧਰਮ ਦੇ ਨਾਂ `ਤੇ ਇਹ ਕਰਮ ਕਰਨ ਨਾਲ ਹੀ ਮੈਨੂੰ ਲਾਭ ਹੋਣਾ ਹੈ। ਜੇ ਮੈਂ ਧਰਮ ਦੇ ਮਿੱਥੇ ਹੋਏ ਕਰਮ ਨਾ ਨਿਭਾਏ ਤਾਂ ਮੇਰਾ ਨੁਕਸਾਨ ਵੀ ਹੋ ਸਕਦਾ ਹੈ। ਅੱਜ ਧਰਮ ਦੀ ਪ੍ਰੀਭਾਸ਼ਾ ਡਰ ਵਿੱਚ ਸਮਝਾਈ ਜਾ ਰਹੀ ਹੈ ਜਦ ਕਿ ਧਰਮ ਜੀਵਨ ਜਾਚ ਦਾ ਉਚਤਮ ਨਮੂਨਾ ਸਿਖਾਉਂਦਾ ਹੈ। ਇਹ ਜੀਵਨ ਜਾਚ ਸਮਝਾਉਣ ਲਈ ਹੀ ਧਾਰਮਿਕ ਅਸਥਾਨ ਹੋਂਦ ਵਿੱਚ ਆਏ ਹਨ। ਇਹਨਾਂ ਅਸਥਾਨਾਂ ਨੂੰ ਧਰਮਸਾਲ ਕਿਹਾ ਜਾਂਦਾ ਸੀ ਪਰ ਸਿੱਖੀ ਵਿੱਚ ਇਸ ਦੀ ਸੰਗਿਆ ਗੁਰਦੁਆਰਾ ਵਿੱਚ ਤਬਦੀਲ ਹੋ ਗਈ। ਸੰਸਾਰ ਵਿੱਚ ਬਹੁਤ ਸਾਰੀ ਦੁਨੀਆਂ ਆਪਣੇ ਆਪ ਵਿੱਚ ਦੁਖੀ ਤੇ ਅਸ਼ਾਂਤ ਹੈ। ਆਪਣਿਆਂ ਦੁੱਖਾਂ ਦੀ ਨਿਵਵਿਰਤੀ ਲਈ ਮਨੁੱਖ ਧਾਰਮਿਕ ਅਸਥਾਨਾਂ ਦਾ ਆਸਰਾ ਲੈਂਦਾ ਹੈ। ਬਹੁਤੇ ਧਾਰਮਿਕ ਅਸਥਾਨਾਂ ਨੇ ਇਹ ਸਮਝ ਲਿਆ ਹੈ ਕਿ ਲੋਕਾਂ ਨੂੰ ਕਰਮ-ਕਾਂਡ ਵਿੱਚ ਉਲਝਾਈ ਰੱਖੋ ਤਾਂ ਕਿ ਸਾਡੀ ਆਮਦਨ ਵਿੱਚ ਹਮੇਸ਼ਾਂ ਵਾਧਾ ਹੁੰਦਾ ਰਹੇ। ਇੰਜ ਧਰਮ ਦੇ ਨਾਂ `ਤੇ ਬਹੁਤੇ ਧਾਰਮਿਕ ਅਸਥਾਨ ਇੱਕ ਧੰਧਾ ਬਣ ਕੇ ਰਹਿ ਗਏ ਹਨ। ਦੁਖੀ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਦੀ ਥਾਂ `ਤੇ ਉਹਨਾਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਕਰਮ-ਕਾਂਡ ਕਰਾਏ ਜਾ ਰਹੇ ਹਨ।
ਸਿੱਖੀ ਵਿੱਚ ਪਹਿਲਾਂ ਇਤਿਹਾਸਕ ਗੁਰਦੁਆਰਿਆਂ ਦੀ ਗਿਣਤੀ ਆਉਂਦੀ ਹੈ, ਫਿਰ ਉਹਨਾਂ ਗੁਰਦੁਆਰਿਆਂ ਦੀ ਗਿਣਤੀ ਆਉਂਦੀ ਹੈ ਜਿਹੜੀ ਸਥਾਨਿਕ ਸੰਗਤਾਂ ਨੇ ਧਰਮ ਦੇ ਪਰਚਾਰ ਲਈ ਬਣਾਏ ਹਨ। ਸਿੱਖ ਜਿੱਥੇ ਵੀ ਗਿਆ ਹੈ ਉਸ ਨੇ ਪਹਿਲਾਂ ਗੁਰਦੁਆਰਾ ਹੀ ਬਣਾਇਆ ਹੈ। ਦੁਨੀਆਂ ਦੀਆਂ ਬਾਕੀ ਕੌਮਾਂ ਨੇ ਵੀ ਆਪਣੀ ਆਪਣੀ ਲੋੜ ਅਨੁਸਾਰ ਧਾਰਮਿਕ ਅਸਥਾਨਾਂ ਦੀ ਉਸਾਰੀ ਕੀਤੀ ਹੈ। ਹੁਣ ਵਰਤਾਰਾ ਕੁੱਝ ਹੋਰ ਗਿਆ ਹੈ। ਧਰਮ ਦੇ ਪਰਚਾਰ ਲਈ ਧਾਰਮਿਕ ਅਸਥਾਨਾਂ ਦੀ ਉਸਾਰੀ ਨਹੀਂ ਹੋ ਰਹੀ ਇਹ ਤੇ ਧੜੇ ਬੰਦੀ ਦੀ ਭਾਵਨਾ ਵਿਚੋਂ ਜਨਮ ਲੈ ਰਹੀ ਹੈ।
ਇਹ ਗੱਲ ‘ਤਾਂ ਮੰਨੀ ਜਾ ਸਕਦੀ ਹੈ ਕਿ ਹਰ ਕੌਮ ਦੇ ਆਪਣੇ ਰੀਤੀ ਰਿਵਾਜ ਹਨ ਤੇ ਉਹ ਉਹਨਾਂ ਨੂੰ ਨਿਭਾਉਣ ਦੇ ਪਾਬੰਧ ਵੀ ਹਨ। ਪਹਿਲਾਂ ਪਹਿਲਾ ਧਾਰਮਿਕ ਰਸਮਾਂ ਘਰ ਦਾ ਆਗੂ ਹੀ ਨਿਭਾ ਦੇਂਦਾ ਸੀ ਫਿਰ ਪਿੰਡ ਦਾ ਆਗੂ ਨਿਭਾਉਣ ਲੱਗ ਗਿਆ। ਜਿਉਂ ਹੀ ਧਾਰਮਿਕ ਅਸਥਾਨਾਂ ਦੀ ਉਸਾਰੀ ਸ਼ੁਰੂ ਹੋਈ ਇਹ ਧਾਰਮਿਕ ਰਸਮਾਂ ਧਾਰਮਿਕ ਅਸਥਾਨ ਦਾ ਆਗੂ ਨਿਭਾਉਣ ਲੱਗ ਪਿਆ। ਉਸ ਨੇ ਆਪਣੀ ਸੁੱਖ ਸਹੂਲਤ ਲਈ ਕਈ ਪ੍ਰਕਾਰ ਦੇ ਭਰਮ ਪਾਲ਼ੇ ਹੋਏ ਸਨ। ਜਿਸ ਤਰ੍ਹਾਂ ਕਿਸੇ ਪਰਵਾਰ ਨੇ ਵਿਆਹ ਦਾ ਦਿਨ ਨਿਯਤ ਕਰਨਾ ਹੁੰਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਇਹ ਦੇਖਦਾ ਸੀ ਕਿ ਮੈਨੂੰ ਇਹ ਰਸਮਾ ਨਿਭਾਹੁਣ ਲਈ ਧਾਰਮਿਕ ਪੁਜਾਰੀ ਮਿਲ ਜਾਏਗਾ। ਧਾਰਮਿਕ ਪੁਜਾਰੀ ਵੀ ਸ਼ੈਤਾਨ ਬਿਰਤੀ ਰੱਖਦਾ ਹੈ। ਉਹ ਆਪਣੇ ਮਨ ਨਾਲ ਹਿਸਾਬ ਲਗਾ ਲੈਂਦਾ ਸੀ ਕਿ ਮੈਂ ਹੀ ਇਹਨਾਂ ਦੀਆਂ ਸਾਰੀਆਂ ਰਸਮਾਂ ਨਿਭਾਉਣੀਆਂ ਹਨ। ਇਸ ਲਈ ਉਹ ਆਪਣੀ ਸੁਵਿਧਾ ਦੇਖ ਉਹ ਦਿਨ ਤਹਿ ਕਰਦਾ ਸੀ। ਉਹ ਇਹ ਵੀ ਸੋਚਦਾ ਸੀ ਕਿ ਕਿਤੇ ਇੱਕ ਦਿਨ ਵਿੱਚ ਦੋ ਵਿਆਹ ਨਾ ਆ ਜਾਣ। ਇਸ ਨੂੰ ਕਿਹਾ ਜਾਂਦਾ ਸੀ ਕਿ ਪੰਡਤ ਪਾਸੋਂ ਪਤਰੀ ਖੁਲ੍ਹਾ ਕੇ ਦੇਖ ਲਿਆ ਜਾਏ ਕਿ ਸਾਨੂੰ ਕਿਹੜਾ ਦਿਨ ਸੁਤ ਬੈਠਦਾ ਹੈ। ਜੇ ਕੋਈ ਜ਼ਿਦ ਕਰਦਾ ਸੀ ਤਾਂ ਉਸ ਨੂੰ ਕੋਈ ਵਹਿਮ ਪਾ ਦਿੱਤਾ ਜਾਂਦਾ ਸੀ ਕਿ ਇਹ ਦਿਨ ਤੁਹਾਡੇ ਲਈ ਅਸ਼ੁਭ ਦਿਨ ਹੈ। ਉਹ ਕਹਿੰਦਾ ਸੀ ਕਿ ਜੇ ਏਹੀ ਦਿਨ ਲੈਣਾ ਹੈ ਤਾਂ ਤੂਹਾਨੂੰ ਕੋਈ ਉਪਾਅ ਕਰਨਾ ਪਏਗਾ। ਜਨੀ ਕਿ ਉਪਾਅ ਦਸਣ ਲਈ ਉਹ ਆਪਣੀ ਦਛਣਾ ਤਹਿ ਕਰ ਲੈਂਦਾ ਸੀ। ਇੰਜ ਪੁਾਜਰੀ ਦੇ ਬਰੀਕ ਮਨ ਵਿਚੋਂ ਲੁੱਟ ਦੀਆਂ ਕਾਰਵਾਈਆਂ ਜਨਮ ਲੈਂਦੀਆਂ ਹਨ। ਪੁਜਾਰੀ ਨੇ ਆਪਣੀ ਉਪਜੀਵਜਕਾ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਵਹਿਮ ਭਰਮ ਪੈਦਾ ਕੀਤੇ ਜੋ ਲੋਕ ਅਰਾਮ ਨਾਲ ਹੀ ਨਿਭਾ ਰਹੇ ਹਨ।
ਧਾਰਮਿਕ ਅਸਥਾਨ ਜੀਵਨ ਜਾਚ ਦੇ ਸੋਮੇ ਹਨ ਪਰ ਇਹ ਵਹਿਮ ਖੜੇ ਕਰਨ ਵਾਲੇ ਅੱਡੇ ਤੇ ਕਰਮ-ਕਾਂਡ ਨਿਭਾਉਣ ਵਾਲੇ ਪਖੰਡੀ ਡੇਰੇ ਬਣ ਕੇ ਰਹਿ ਗਏ ਹਨ। ਜਦੋਂ ਕਿਤੇ ਸੜਕ `ਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਦੁਰਘਟਨਾ ਦੇ ਮੂਲ ਕਾਰਨਾ ਨੂੰ ਲੱਭਣ ਦੀ ਬਜਾਏ ਇੱਕ ਸੌਖਾ ਉੱਤਰ ਲੱਭ ਲਿਆ ਜਾਂਦਾ ਹੈ ਕਿ ਇਹ ਥਾਂ ਬਹੁਤ ਭਾਰੀ ਹੈ ਜਾਂ ਏੱਥੇ ਜ਼ਾਹਰੀ ਬਾਬਾ ਰਹਿੰਦਾ ਸੀ ਤੇ ਉਸ ਦੀ ਪੂਜਾ ਨਾ ਕੀਤੀ ਜਾਏ ਤਾਂ ਉਹ ਐਕਸੀਡੈਂਟ ਕਰਾ ਦੇਂਦਾ ਹੈ। ਉਸ ਨੂੰ ਖੁਸ਼ ਰੱਖਣ ਲਈ ਦੀਵਾ ਧੂਪ ਬੱਤੀ ਆਦਿਕ ਕਰ ਦੇਣੀ ਚਾਹੀਦੀ ਹੈ। ਲੋਕ ਐਕਸੀਡੈਂਟ ਤੋਂ ਡਰਦਿਆਂ ਆਪਣੀਆਂ ਗੱਡੀਆਂ ਹੌਲ਼ੀ ਕਰਕੇ ਓਥੋਂ ਦੀ ਲੰਘਦੇ ਹਨ ਤੇ ਜਾਂਦੇ ਜਾਂਦੇ ਆਪਣੀ ਗੱਡੀ ਵਿਚੋਂ ਪੈਸੇ ਸੁੱਟੀ ਜਾਂਦੇ ਹਨ। ਇਹ ਸਾਰੇ ਸਿਰੇ ਦੇ ਵਹਿਮੀ ਲੋਕ ਹਨ। ਸਮਝਿਆ ਜਾਂਦਾ ਹੈ ਕਿ ਸ਼ਾਇਦ ਇੰਜ ਕਰਨ ਨਾਲ ਬਾਬਾ ਖੁਸ਼ ਹੋ ਜਾਏਗਾ। ਦੁਰਘਟਨਾ ਤੋਂ ਸਾਡਾ ਬਚਾ ਹੋ ਜਾਏਗਾ। ਅਜੇਹਿਆਂ ਵਹਿਮਾਂ ਨਾਲ ਧਾਰਮਿਕ ਅਸਥਾਨ ਦੀ ਆਮਦਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੌਲ਼ੀ ਹੌਲ਼ੀ ਓੱਥੇ ਇੱਕ ਧਾਰਮਿਕ ਅਸਥਾਨ ਦੀ ਅਰੰਭਤਾ ਸ਼ੁਰੂ ਹੋ ਜਾਂਦੀ ਹੈ। ਦੇਖਦਿਆਂ ਦੇਖਦਿਆਂ ਰਾਹ ਦੇ ਐਨ ਵਿਚਕਾਰ ਜਾਂ ਸੜਕ ਦੇ ਇੱਕ ਪਾਸੇ ਵੱਡ ਅਕਾਰੀ ਧਾਰਮਿਕ ਅਸਥਾਨ ਦਿਖਾਈ ਦੇਣ ਲੱਗਦਾ ਹੈ।
ਧਰਮ ਸਭ ਤੋਂ ਪਹਿਲਾਂ ਇਹ ਸਿਖਾਉਂਦਾ ਹੈ ਕਿ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ। ਲੋਕ ਭਲਾਈ ਦੇ ਕੰਮ ਕੀਤੇ ਜਾਣ। ਚਲਦੇ ਰਾਹ ਵਿੱਚ ਧਾਰਮਿਕ ਅਸਥਾਨ ਬਣਾ ਦੇਣੇ ਇਹ ਕਿਹੜੇ ਲੋਕ ਭਲਾਈ ਦੇ ਕੰਮ ਹਨ? ਪੰਜਾਬ ਵਿੱਚ ਹੀ ਨਹੀਂ ਸਾਰੇ ਭਾਰਤ ਵਿੱਚ ਐਸੇ ਅਸਥਾਨ ਹਨ ਜਿੰਨਾਂ ਦਾ ਕੋਈ ਵੀ ਇਤਿਹਾਸਕ ਪਿਛੋਕੜ ਨਹੀਂ ਹੈ ਪਰ ਉਹਨਾਂ ਦਾ ਮਨਘੜਤ ਇਤਿਹਾਸ ਬਣਾ ਕਿ ਪੇਸ਼ ਕੀਤਾ ਜਾਂਦਾ ਹੈ। ਭਾਵਕ ਲੋਕ ਅਕਸਰ ਬਿਨਾ ਸੋਚੇ ਸਮਝੇ ਉਸ ਅਸਥਾਨ ਨੂੰ ਮਾਨਤਾ ਦੇ ਦੇਂਦੇ ਹਨ। ਚੰਗੇ ਭਲੇ ਰਾਂਹਾਂ ਵਿੱਚ ਧਰਮ ਦੇ ਨਾਂ `ਤੇ ਖੜੇ ਕੀਤੇ ਅਸਥਾਨ ਲੋਕਾਂ ਦੀ ਜਾਨ ਦੇ ਖੋਅ ਬਣ ਜਾਂਦੇ ਹਨ। ਇਹਨਾਂ ਧਾਰਮਿਕ ਅਸਥਾਨਾਂ `ਤੇ ਇਕੱਠੀਆਂ ਹੋਈਆਂ ਭੀੜਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਕੋਈ ਐਬੂਲੈਂਸ ਵਿੱਚ ਸੀਰੀਅਸ ਮਰੀਜ਼ ਵੀ ਹੋ ਸਕਦਾ ਹੈ। ਇਹ ਤਾਂ ਆਪਣੇ ਜ਼ਾਹਿਰਾ ਪੀਰ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ।
ਪੰਜਾਬ ਵਿੱਚ ਬਹੁਤ ਸਾਰੀਆਂ ਸੜਕਾਂ ਐਸੀਆਂ ਹਨ ਜੋ ਧਾਰਮਿਕ ਅਸਥਾਨ ਕਰਕੇ ਆਪਣੀ ਉਸਾਰੀ ਦੀ ਉਡੀਕ ਕਰ ਰਹੀਆਂ ਹਨ। ਅਜੇਹਿਆਂ ਧਾਰਮਿਕ ਅਸਥਾਨਾਂ ਕਰਕੇ ਲੋਕਾਂ ਦੇ ਜ਼ਜਬਾਤ ਜੁੜੇ ਹੁੰਦੇ ਹਨ ਜਿੱਥੇ ਸਰਕਾਰੀ ਕਰਮਚਾਰੀ ਬੇਬਸ ਹੋਏ ਦਿਸਦੇ ਹਨ। ਜੇ ਕੋਈ ਹਿੰਮਤ ਵਾਲਾ ਅਧਿਕਾਰੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਰਾਹ ਵਿੱਚ ਅੜਿਕਾ ਬਣੇ ਧਾਰਮਿਕ ਅਸਥਾਨ ਨੂੰ ਰੁਕਵਾਉਣ ਜਾਂ ਢਾਉਣ ਦਾ ਹੁਕਮ ਕਰਦਾ ਹੈ ਤਾਂ ਉਸ ਨੂੰ ਇਲਾਕੇ ਦੇ ਰਾਜਨੀਤਿਕ ਨੇਤਾ ਦੀ ਦੁਸ਼ਮਣੀ ਸਹੇੜਨੀ ਪੈਂਦੀ ਹੈ। ਜਿਸ ਦਾ ਨਤੀਜਾ ਅਜੇਹੇ ਸਰਕਾਰੀ ਅਧਿਕਾਰੀ ਦੀ ਬਦਲੀ ਦੇ ਨਾਲ ਹੀ ਹੁਕਮ ਆ ਜਾਂਦੇ ਹਨ ਜਾਂ ਉਸ ਨੂੰ ਜ਼ਲੀਲ ਹੀ ਏੰਨਾ ਕਰ ਦਿੱਤਾ ਜਾਂਦਾ ਹੈ ਕਿ ਉਹ ਮੁੜ ਅਜੇਹਾ ਕਦਮ ਉਠਾਉਣ ਲਈ ਤਿਆਰ ਨਹੀਂ ਹੁੰਦਾ।
ਮੈਂ ਕੁੱਝ ਅਜੇਹੀਆਂ ਥਾਂਵਾਂ ਦੇਖੀਆਂ ਹਨ ਜਿਹੜੀਆਂ ਸਕੂਲ ਦੇ ਬੱਚਿਆਂ ਲਈ ਖੇਡਣ ਵਾਲੇ ਮੈਦਾਨ ਬਣ ਸਕਦੀਆਂ ਸਨ। ਉਹ ਰਾਜਨੀਤਿਕ ਪ੍ਰਭਾਵ ਵਾਲੇ ਲੋਕਾਂ ਨੇ ਆਪਣੇ ਚਹੇਤਿਆਂ ਨੂੰ ਇਹਨਾਂ ਸਰਕਾਰੀ ਥਾਂਵਾਂ `ਤੇ ਧਾਰਮਿਕ ਅਸਥਾਨ ਉਸਾਰੀ ਕਰਨ ਦੀ ਆਗਿਆ ਦੇ ਕੇ ਉਹਨਾਂ ਦੇ ਬਚਾ ਲਈ ਢਾਲ ਦਾ ਕੰਮ ਕੀਤਾ ਹੈ।
ਸਰਕਾਰੀ ਪਾਰਕਾਂ ਜਾਂ ਖਾਲੀ ਪਈਆਂ ਸਰਕਾਰੀ ਥਾਵਾਂ `ਤੇ ਵੀ ਧਾਰਮਿਕ ਅਸਥਾਨਾਂ ਦੀ ਉਸਾਰੀ ਕਰਕੇ ਲੋਕਾਂ ਦੇ ਜ਼ਜਬਾਤਾਂ ਦਾ ਪੂਰਾ ਪੂਰਾ ਫਾਇਦਾ ਲਿਆ ਜਾ ਰਿਹਾ ਹੈ। ਜਦੋਂ ਕੋਈ ਧਾਰਮਿਕ ਅਸਥਾਨ ਬਣਦਾ ਹੈ ਤਾਂ ਨਾਲ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜ ਜਾਂਦੀਆਂ ਹਨ।
ਕਈ ਸੜਕਾਂ `ਤੇ ਅਜੇਹੀਆਂ ਕਬਰਾਂ ਵੀ ਬਣੀਆਂ ਹੋਈਆਂ ਹਨ ਜਿੱਥੇ ਨੇੜੇ ਲੋਕ ਉਗਰਾਹੀ ਵੀ ਕਰਨਾ ਆਪਣਾ ਪਰਮ-ਧਰਮ ਸਮਝਦੇ ਹਨ। ਰਾਹਾਂ ਵਿੱਚ ਬਣਿਆਂ ਧਾਰਮਿਕ ਅਸਥਾਨਾਂ ਨੂੰ ਬਹੁਤੀ ਮਾਨਤਾ ਡ੍ਰਾਈਵਰ ਦੇਂਦੇ ਹਨ। ਲੋੜ ਨਾਲੋਂ ਜ਼ਿਆਦਾ ਗੱਡੀ `ਤੇ ਭਾਰ ਲੱਦਿਆ ਹੁੰਦਾ ਹੈ ਸੜਕਾਂ ਦੀ ਹਾਲਤ ਉਂਜ ਹੀ ਮਾੜੀ ਹੈ। ਡ੍ਰਾਈਵਰ ਦੇ ਗੱਡੀ ਚਲਾਉਣ ਦੀ ਵੀ ਕੋਈ ਸਮਾਂ ਸੀਮਾ ਨਹੀਂ ਹੈ। ੳਨੀਂਦਰੇ ਵਿੱਚ ਕਈ ਐਕਸੀਡੈਂਟ ਹੋ ਜਾਂਦੇ ਹਨ। ਐਕਸੀਡੈਂਟ ਦੇ ਡਰ ਤੋਂ ਘਬਰਾ ਕੇ ਸੜਕਾਂ `ਤੇ ਬਣੇ ਹੋਏ ਧਾਰਮਿਕ ਅਸਥਾਨਾਂ ਦੀ ਪੂਜਾ ਕਰਦੇ ਹਨ ਕਿ ਸਾਡਾ ਐਕਸੀਡੈਂਟ ਨਾ ਹੋਵੇ। ਅਜੇਹੀਆਂ ਥਾਵਾਂ ਦੀ ਪੂਜਾ ਕਰਨ ਵਾਲੇ ਲੋਕਾਂ ਦਿਆਂ ਮਨਾਂ ਵਿੱਚ ਵਹਿਮ ਹੁੰਦਾ ਹੈ ਕਿ ਇਸ ਸਥਾਨ ਦੀ ਮੰਨਤਾ ਕਰਨ ਨਾਲ ਸਾਡਾ ਦੁਰਘਟਨਾ ਤੋਂ ਬਚਾ ਹੋ ਸਕਦਾ ਹੈ।
ਸਮੱਸਿਆ ਦੀ ਜੜ੍ਹ ਹੈ ਕਿ ਜਦੋਂ ਵੀ ਕਿਸੇ ਰਾਹ ਵਿੱਚ ਧਾਰਮਿਕ ਅਸਥਾਨ ਦੀ ਉਸਾਰੀ ਕੀਤੀ ਜਾਂਦੀ ਹੈ ਤਾਂ ਓਸੇ ਵੇਲੇ ਹੀ ਉਸ ਦੀ ਰੋਕ ਕਰਨੀ ਚਾਹੀਦੀ ਹੈ। ਜਿੱਥੇ ਸਰਕਾਰੀ ਤੰਤਰ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਓੱਥੇ ਲੋਕਾਂ ਵਿੱਚ ਵੀ ਚੇੰਤਤਾ ਹੋਣੀ ਚਾਹੀਦੀ ਹੈ। ਰਾਹਾਂ ਵਿੱਚ ਬਣੇ ਧਾਰਮਿਕ ਅਸਥਾਨਾਂ ਦੀ ਦੇਖ ਰੇਖ ਵੀ ਘੜੰਮ ਚੌਧਰੀ ਕਰਦੇ ਹਨ। ਜ਼ਰਾ ਕੁ ਇਹਨਾਂ ਦੇ ਵਿਰੁਧ ਕੋਈ ਅਵਾਜ਼ ਉਠਾਉਂਦਾ ਹੈ ਤਾਂ ਇਹ ਧਾਰਮਿਕ ਅਜ਼ਾਦੀ ਦੇ ਨਾਂ `ਤੇ ਪੂਰਾ ਵਾ-ਵੇਲ਼ਾ ਖੜਾ ਕਰ ਦੇਂਦੇ ਹਨ ਕਿ ਜੀ ਸਰਕਾਰ ਸਾਡੇ ਧਰਮ ਵਿੱਚ ਦਖਲ ਅੰਦਾਜ਼ੀ ਕਰਦੀ ਹੈ। ਸਾਡੇ ਮਨ ਨੂੰ ਠੇਸ ਪਹੰਚੀ ਹੈ।
ਇਕ ਤਾਂ ਰਾਹਾਂ ਵਿੱਚ ਪੱਕੀਆਂ ਧਾਰਮਿਕ ਅਸਥਾਨਾਂ ਦੀਆਂ ਉਸਾਰੀਆਂ ਹੋਈਆਂ ਹਨ ਦੂਜਾ ਸਮੇਂ ਸਮੇਂ ਹਰ ਰੋਜ਼ ਹੀ ਰਾਹਾਂ ਵਿੱਚ ਬੇ-ਲੋੜੇ ਲੰਗਰ ਲਗਾ ਕੇ ਬੇ-ਹੱਦ ਰਾਹਜਨਾ ਲਈ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ। ਕਈ ਥਾਂਵਾਂ `ਤੇ ਲੱਕੜ ਦੇ ਮੱਛੇ ਲਗਾ ਕੇ ਰੋਕ ਲਗਾਈ ਹੁੰਦੀ ਹੈ ਤੇ ਕਈ ਥਾਂਵਾਂ `ਤੇ ਸੱਜਰੀ ਮਿੱਟੀ ਪਾ ਕੇ ਚਲਦੇ ਰਾਹ ਵਿੱਚ ਅੜਿੱਕਾ ਲਗਾਇਆ ਹੁੰਦਾ ਹੈ ਜੋ ਅਕਸਰ ਐਕਸੀਡੈਂਟ ਦਾ ਡਰ ਬਣਿਆ ਰਹਿੰਦਾ ਹੈ।
ਚਲਦਿਆ ਰਾਹਾਂ `ਤੇ ਜਿੱਥੇ ਧਾਰਮਿਕ ਅਸਥਾਨ ਬਣਾਏ ਹੋਏ ਹਨ, ਬਿਨਾ ਲੋੜ ਦੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਬਿਨਾ ਲੋੜ ਤੋਂ ਸੜਕਾਂ ਦਾ ਘਾਣ ਕੀਤਾ ਜਾਦਾ ਹੈ। ਵੇਖਾ ਵੇਖੀ ਧਰਮ ਦੇ ਨਾਂ `ਤੇ ਨਗਰ ਕੀਰਤਨ, ਸ਼ੋਭਾ ਯਾਤਰਾ, ਰੱਥ ਯਾਤਰਾ ਆਦਿ ਕੱਢ ਆਪਣੀ ਮਰਜ਼ੀ ਨਾਲ ਸੜਕਾਂ ਦਾ ਇਸਤੇਮਾਲ ਕਰਦੇ ਹਾਂ, ਧਰਮ ਦੇ ਨਾਂ ਤੇ ਸੜਕਾਂ ਵਿੱਚ ਗੇਟ ਲਗਾ ਕੇ ਰੱਬ ਦੀ ਖੁਸ਼ੀ ਦੇ ਭਾਗੀਦਾਰ ਬਣਨਾ ਚਾਹੁੰਦੇ ਹਾਂ। ਆਮ ਲੋਕਾਂ ਨੂੰ ਓਦੋਂ ਹੋਰ ਵੀ ਮੁਸੀਬਤ ਝੱਲਣੀ ਪੈਂਦੀ ਹੈ ਜਦੋਂ ਰਾਜਨੀਤਿਕ ਲੋਕਾਂ ਦਾ ਜਲੂਸ, ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਸਰਕਾਰੀ ਡ੍ਰਾਈਵਰਾਂ ਵਲੋਂ ਜਾਮ ਜਾਂ ਜਦੋਂ ਕਦੇ ਕਿਸੇ ਦੀ ਭਾਵਨਾ ਪ੍ਰਤੀ ਕੰਮ ਨਹੀਂ ਹੁੰਦਾ ਓਦੋਂ ਅਕਸਰ ਸੜਕਾਂ ਤੇ ਆਵਾਜਾਈ ਰੋਕੀ ਜਾਂਦੀ ਹੈ। ਆਮ ਲੋਕਾਂ ਨੂੰ ਪੂਰੀ ਮਸੀਬਤ ਨਾਲ ਜੂਝਣਾ ਪੈਂਦਾ ਹੈ। ਪ੍ਰਚਾਰ ਫੇਰੀ ਤੇ ਅਕਸਰ ਜਾਂਦੇ ਰਹੀਦਾ ਹੈ ਮਹੀਨੇ ਵਿੱਚ ਇੱਕ ਦੋ ਵਾਰ ਜ਼ਰੂਰ ਸੜਕਾਂ ਅਜੇਹੇ ਜਾਮ ਨਾਲ ਵਾਸਤਾ ਪੈਂਦਾ ਹੈ।
ਜ਼ਰਾ ਸੋਚੋ
ਜਿਸਨੇ ਫਲਾਈਟ ਪਕੜਨੀ ਹੈ-
ਜਿਸ ਨੇ ਇੰਟਰਵਿਊ ਤੇ ਸਮੇਂ ਸਿਰ ਪਹੁੰਚਨਾ ਹੈ—
ਜਿਸ ਨੇ ਇਮਤਿਹਾਨ ਦੇਣਾ ਹੈ-
ਜਿਸ ਨੇ ਮ੍ਰਿਤਕ ਸੰਸਕਾਰ `ਤੇ ਪਹੁੰਚਨਾ ਹੈ—
ਕੋਈ ਬਿਮਾਰ ਐਂਬੂਲੈਂਸ ਵਿੱਚ ਤੜਪ ਰਹਾ ਹੈ—
ਕੋਈ ਬਰਾਤ ਲੈ ਕੇ ਜਾ ਰਿਹਾ ਹੈ—
ਕਈ ਸਬਜ਼ੀਆਂ ਸਮੇਂ ਵਿੱਚ ਮੰਡੀ ਪਹੁੰਚਣੀਆਂ ਚਾਹੀਦੀਆਂ ਹਨ—

ਗੱਲ ਕੀ ਹਰ ਆਦਮੀ ਅਜੇਹੀ ਪ੍ਰਕਿਰਆ ਤੋਂ ਅਵਾਜ਼ਾਰ ਤਾਂ ਹੈ ਪਰ ਉਭਾਸਰ ਕੇ ਗੱਲ ਵੀ ਕੋਈ ਨਹੀਂ ਕਰਦਾ। ਹੁਣ ਵੇਖਾ ਵੇਖੀ ਪਿੰਡਾਂ ਵਿੱਚ ਵੀ ਇਹ ਸਮੱਸਿਆ ਫੈਲਦੀ ਜਾ ਰਹੀ ਹੈ। ਪਹਿਲੀ ਗੱਲ ਤਾਂ ਹਰੇਕ ਪਿੰਡ ਵਾਸੀ ਨੇ ਸਾਂਝੀ ਸੜਕ ਨੂੰ ਵੱਢ ਕੇ ਆਪਣੇ ਖੇਤ ਨਾਲ ਮਿਲਾ ਲਿਆ ਹੋਇਆ ਹੈ ਫਿਰ ਸਾਲ ਵਿੱਚ ਗੁਰੂਆਂ ਦੇ ਨਾਂ `ਤੇ ਕੋਈ ਸੁਨੇਹਾਂ ਸਮਝਣ ਦੀ ਥਾਂ `ਤੇ ਪੂਰੇ ਦਾ ਪੂਰਾ ਰਾਹ ਰੋਕ ਕੇ ਕਹਿੰਦੇ ਹਾਂ ਤੈਨੂੰ ਦਿਸਦਾ ਨਹੀਂ ਅਸੀਂ ਧਰਮ ਦਾ ਕਰਮ ਕਰ ਰਹੇ ਹਾਂ।
ਏਦਾਂ ਦੇ ਪ੍ਰਚਾਰ ਨਾਲ ਨਾ ਤਾਂ ਕੋਈ ਧਰਮ ਦੀ ਸੇਵਾ ਹੋ ਰਹੀ ਹੈ ਤੇ ਨਾ ਹੀ ਕਿਸੇ ਦਾ ਕੋਈ ਮਸਲਾ ਹੱਲ ਹੋਇਆ ਹੈ। ਇਹ ਵੀ ਠੀਕ ਹੈ ਕਿ ਧਰਮ ਦਾ ਸੁਨੇਹਾਂ ਲੋਕਾਂ ਤੱਕ ਪਹੁੰਚਾਨ ਲਈ ਨਗਰ ਕੀਰਤਨ ਬੜਾ ਜ਼ਰੂਰੀ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਸੜਕ ਨੂੰ ਜਾਮ ਕਰਨ ਵਾਲਾ ਰਸਤਾ ਚੁਣਿਆਂ ਜਾਂਦਾ ਹੈ ਪਰ ਕਈ ਹੋਰ ਵੀ ਤਰੀਕੇ ਵਰਤੇ ਜਾ ਸਕਦੇ ਹਨ। ਆਪ ਹੁਦਰੇ ਇਕੱਠਾਂ ਵਿੱਚ ਲੋਕਾਂ ਦੇ ਟੈਕਸਾਂ ਨਾਲ ਬਣੀਆਂ ਸਰਕਾਰੀ ਚੀਜ਼ਾਂ ਦੀ ਤਬਾਹੀ ਵੀ ਪੂਰੀ ਕੀਤੀ ਜਾਂਦੀ ਹੈ। ਖਾਸ ਕਰਕੇ ਰੋਸ ਮਜਾਹਰਿਆਂ ਵਿੱਚ ਸਰਕਾਰੀ ਜਾਇਦਾਦ ਦਾ ਬਹੁਤ ਨੁਕਸਾਨ ਹੁੰਦਾ ਹੈ। ਕਈ ਸਾਲ ਸੜਕਾਂ ਦਿਆਂ ਕਿਨਾਰਿਆਂ ਤੇ ਹਜੂਮ ਵਲੋਂ ਸਾੜਿਆ ਹੋਇਆ ਸਮਾਨ ਮੁੰਹ ਚੜਾ ਰਿਹਾ ਪਿਆ ਹੁੰਦਾ ਹੈ।
ਅਸੀਂ ਸਮਝਦੇ ਹਾਂ ਕਿ ਵੇਖਾ ਵੇਖੀ ਅਜੇਹਾ ਨਾ ਕੀਤਾ ਜਾਏ ਸਗੋਂ ਧਰਮ ਦੇ ਪ੍ਰਚਾਰ ਵੀ ਕੋਈ ਢੁਕਵੇਂ ਪ੍ਰਬੰਧ ਕੀਤੇ ਜਾਣ ਨਾ ਕੇ ਧਰਮ ਦੇ ਨਾਂ `ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਏ ਦੂਜਾ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਹਰਿ ਬਹੁਤ ਸਾਰੇ ਮਾਧੀਅਮ ਹਨ ਜ਼ਰੂਰੀ ਨਹੀਂ ਕਿ ਸੜਕਾਂ ਤੇ ਜਾਮ ਲਾ ਕੇ ਹੀ ਆਪਣੀ ਗੱਲ ਕੀਤੀ ਜਾ ਸਕਦੀ ਹੈ। ਸਰਕਾਰੀ ਧਿਰ ਨੂੰ ਵੀ ਚਾਹੀਦਾ ਹੈ ਕਿ ਅਜੇਹੀ ਸਥਿੱਤੀ ਉਤਪੰਨ ਹੀ ਨਾ ਹੋਣ ਦੇਵੇ ਫੋਰੀ ਤੌਰ ਤੇ ਆਪਣਾ ਨੁਮਾਇੰਦਾ ਭੇਜ ਲੋਕਾਂ ਦੀਆਂ ਸਮੱਸਿਆ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਵੇ।
ਅਸੀਂ ਸਮਝਦੇ ਹਾਂ ਕਿ ਅਜੇਹੇ ਸਾਰੇ ਕਰਮ ਕਰਨ ਲਈ ਸਰਕਾਰ ਵਲੋਂ ਥਾਵਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ। ਓੱਥੇ ਭਾਵੇਂ ਨਗਰ ਕੀਰਤਨ ਕੱਢਿਆ ਜਾਏ, ਸ਼ੋਭਾ ਯਾਤਰਾ ਕੱਢੀ ਜਾਏ, ਕੋਈ ਜਲਸਾ ਕੀਤਾ, ਕੋਈ ਹੜਤਾਲ ਕੀਤੀ ਜਾਏ ਜਾਂ ਕੋਈ ਰੱਸ ਮੁਜਾਹਰਾ ਕੀਤਾ ਜਾਏ ਮੀਡੀਆ ਆਪੇ ਹੀ ਓੱਥੋਂ ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾ ਦੇਵੇਗਾ। ਜਿੰਨਾਂ ਲੋਕਾਂ ਨੇ ਵੋਟਾਂ ਲੈ ਕੇ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਉਹ ਵੀ ਆਪਣੀ ਤਾਕਤ ਦਾ ਮੁਜਾਹਰਾ ਸੜਕ ਵਿਖਾਵੇ ਦੁਆਰਾ (ਰੋਡ ਸ਼ੋਅ) ਦੁਆਰਾ ਲੋਕਾਂ ਨੂੰ ਤੰਗ ਕਰਕੇ ਹੀ ਰਾਜ ਭਾਗ ਦਾ ਮਾਲਕ ਬਣਦਾ ਹੈ।
ਸੜਕਾਂ `ਤੇ ਵਿਖਾਵਾ ਕਰਨ ਵਾਲਿਆਂ ਨੂੰ ਸੜਕ ਮੁਆਵਜਾ ਪੈਣਾ ਚਾਹੀਦਾ ਹੈ। ਸਖਤ ਕਨੂੰਨ ਬਣਨੇ ਚਾਹੀਦੇ ਹਨ ਤੇ ਲੋਕਾਂ ਨੂੰ ਜਾਗਰੁਕ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਚਲਦੇ ਰਾਹਾਂ ਵਿੱਚ ਧਾਰਮਿਕ ਅਸਥਾਨ ਨਹੀਂ ਬਣਨੇ ਚਾਹੀਦੇ।
ਸਰਕਾਰੀ ਥਾਂਵਾਂ `ਤੇ ਅਜੇਹੀਆਂ ਉਸਾਰੀਆਂ ਰੋਕਣੀਆਂ ਚਾਹੀਦੀਆਂ ਹਨ।




.