ਪਹਿਲੋਂ ਦੇ ਤੈਂ ਰਿਜਕੁ ਸਮਾਹਾ।। ਪਿਛੋਂ ਦੇ ਤੈਂ ਜੰਤੁ ਉਪਾਹਾ।। ਤੁਧੁ
ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ।। ੬।। (ਮ: ੫, ੧੩੦)
ਪਦ ਅਰਥ: ਤੈਂ-ਤੂੰ। ਸਮਾਹਾ-ਪ੍ਰਬੰਧ ਕੀਤਾ। ਉਪਾਹਾ-ਪੈਦਾ ਕੀਤਾ।
ਲਵੈ-ਬਰਾਬਰ। ਲਵੈ ਨ ਲਾਵਣਿਆ-ਬਰਾਬਰੀ `ਤੇ ਨਹੀਂ ਲਿਆਂਦਾ ਜਾ ਸਕਦਾ। ੬।
ਭਾਵ: (ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ
ਥਣਾਂ ਵਿੱਚ ੳਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ, ਫਿਰ ਤੂੰ ਜੀਵ ਨੂੰ ਪੈਦਾ ਕਰਦਾ
ਹੈਂ। ਹੇ ਸੁਆਮੀ! ਤੇਰੇ ਜੇਡਾ ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ। ੬।
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ।। ਸੈਲ ਪਥਰ ਮਹਿ
ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ।। ੧।। ਮੇਰੇ ਮਾਧਉ ਜੀ ਸਤ ਸੰਗਤਿ ਮਿਲੇ ਸੁ ਤਰਿਆ।। ਗੁਰ
ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ।। ੧।। ਰਹਾਉ।।
(ਮ: ੫, ੧੦)
ਪਦ ਅਰਥ: ਕਾਹੇ-ਕਿਉਂ? ਚਿਤਵਹਿ-ਤੂੰ ਸੋਚਦਾ ਹੈਂ। ਚਿਤਵਹਿ ਉਦਮੁ-ਤੂੰ
ਉਦਮ ਚਿਤਵਦਾ ਹੈਂ; ਤੂੰ ਫ਼ਿਕਰ ਕਰਦਾ ਹੈਂ {ਨੋਟ: ‘ਉੱਦਮ ਚਿਤਵਨ` ਅਤੇ ‘ਉਦਮ ਕਰਨ` ਵਿੱਚ
ਫ਼ਰਕ ਚੇਤੇ ਰੱਖਣ ਜੋਗ ਹੈ। ਰੋਜ਼ੀ ਕਮਾਉਂਣ ਲਈ ਉੱਦਮ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਇਥੇ ਗੁਰੂ
ਸਾਹਿਬ ਨੇ ਚਿੰਤਾ-ਤੌਖਲਾ ਕਰੀ ਜਾਣ ਵਾਲੇ ਰਸਤੇ ਵੱਲੋਂ ਵਰਜਿਆ ਹੈ}। ਜਾ ਆਹਰਿ-ਜਿਸ ਆਹਰ ਵਿੱਚ।
ਪਰਿਆ-ਪਿਆ ਹੋਇਆ ਹੈ। ਸੈਲ-ਚਿਟਾਨ (ਪੱਥਰ)। ਤਾ ਕਾ-ਉਨ੍ਹਾਂ ਦਾ। ਆਗੈ-ਪਹਿਲਾਂ ਹੀ। ੧।
ਮਾਧਉ ਜੀ-ਹੇ ਪ੍ਰਭੂ-ਪਿਤਾ ਜੀ! (ਹੇ ਮਾਇਆ ਦੇ ਮਾਲਿਕ ਜੀ!) {ਮਾ+ਧਵ-ਮਾ
(ਮਾਇਆ) ਧਵ-ਪਤੀ, ਮਾਲਿਕ}। ਪਰਸਾਦਿ-ਕਿਰਪਾ ਨਾਲ। ਪਰਮ ਪਦੁ-ਸਭ ਤੋਂ ਉੱਚਾ ਆਤਮਕ ਦਰਜਾ (ਸਹਿਜ
ਅਵੱਸਥਾ)। ਕਾਸਟ-ਕਾਠ, ਲੱਕੜੀ। ੧। ਰਹਾਉ।
ਭਾਵ: ਹੇ ਮਨ! (ਤੇਰੀ ਖਾਤਰ) ਜਿਸ ਆਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ
ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ? ਜਿਹੜੇ ਜੀਵ ਪ੍ਰਭੂ ਨੇ
ਚਿਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਨ੍ਹਾਂ ਦਾ ਭੀ ਰਿਜ਼ਕ ਉਸ ਨੇ (ਉਨ੍ਹਾਂ ਦੇ ਪੈਦਾ ਕਰਨ
ਤੋਂ) ਪਹਿਲਾਂ ਹੀ ਬਣਾ ਰੱਖਿਆ ਹੈ। ੧।
ਹੇ ਮੇਰੇ ਪ੍ਰਭੂ-ਪਿਤਾ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿੱਚ ਮਿਲ ਬੈਠਦੇ
ਹਨ, ਉਹ (ਵਿਅਰਥ ਤੌਖਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ, ਜਿਸ ਮਨੁੱਖ ਨੂੰ ਇਹ
(ਅਡੋਲਤਾ ਵਾਲੀ) ਉੱਚੀ ਆਤਮਕ ਅਵੱਸਥਾ ਮਿਲ ਜਾਂਦੀ ਹੈ, ਉਹ (ਮਾਨੋਂ) ਸੁਕਾ ਕਾਠ ਹਰਾ ਹੋ ਜਾਂਦਾ
ਹੈ। ੧। ਰਹਾਉ।
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।। ਜਲ ਮਹਿ ਜੰਤ ਉਪਾਇਅਨੁ
ਤਿਨਾ ਭਿ ਰੋਜੀ ਦੇਇ।। ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ।। ਸਉਦਾ ਮੂਲਿ ਨ ਹੋਵਈ ਨਾ ਕੋ ਲਏ
ਨ ਦੇਇ।। ਜੀਆ ਕਾ ਆਹਾਰੁ ਜੀਅ ਖਾਣਾ ਇਹੁ ਕਰੇਇ।। ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ।।
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।। (ਮ: ੨, ੯੫੫)
ਪਦ ਅਰਥ: ਚਿੰਤਾ-ਫ਼ਿਕਰ। ਤਿਸ ਹੀ-ਉਸ ਪ੍ਰਭੂ-ਪਿਤਾ ਨੂੰ ਹੀ। ਹੇਇ-ਹੈ।
ਉਪਾਇਅਨੁ-ਉਸ ਨੇ ਪੈਦਾ ਕੀਤੇ ਹਨ। ਰੋਜੀ-ਰਿਜ਼ਕ। ਓਥੈ-ਪਾਣੀ ਵਿੱਚ। ਕਿਰਸ-ਖੇਤੀ, ਵਾਹੀ।
ਆਹਾਰੁ-ਖ਼ੁਰਾਕ। ਸਾਇਰਾਂ-ਸਮੁੰਦਰਾਂ। ਸਾਰ-ਸੰਭਾਲ।
ਭਾਵ: ਹੇ ਨਾਨਕ! (ਆਪਣੀ ਰੋਜ਼ੀ ਲਈ) ਚਿੰਤਾ-ਫ਼ਿਕਰ ਨਾ ਕਰੋ, ਇਹ ਫ਼ਿਕਰ
ਉਸ ਪ੍ਰਭੂ ਨੂੰ ਹੀ ਹੈ। ਉਸ ਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਰਿਜ਼ਕ ਦਿੰਦਾ
ਹੈ; ਪਾਣੀ ਵਿੱਚ ਨਾ ਕੋਈ ਦੁਕਾਨ ਚਲਦੀ ਹੈ, ਨਾ ਉਥੇ ਕੋਈ ਖੇਤੀ-ਵਾੜੀ ਕਰਦਾ ਹੈ, ਨਾ ਉਥੇ ਕੋਈ
ਸੌਦਾ-ਸੂਤ ਹੋ ਰਿਹਾ ਹੈ, ਨਾ ਕੋਈ ਲੈਣ-ਦੇਣ ਦਾ ਵਪਾਰ ਹੈ; ਪਰ, ਓਥੇ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ
ਜੀਵਾਂ ਦਾ ਖਾਣਾ ਜੀਵ ਹੀ ਹਨ। ਸੋ, ਜਿਨ੍ਹਾਂ ਜੀਆਂ ਨੂੰ ਉਸ ਨੇ ਸਮੁੰਦਰਾਂ ਵਿੱਚ ਪੈਦਾ ਕੀਤਾ ਹੈ,
ਉਨ੍ਹਾਂ ਦੀ ਭੀ ਸੰਭਾਲ ਕਰਦਾ ਹੈ। ਹੇ ਨਾਨਕ! (ਰੋਜ਼ੀ ਲਈ) ਚਿੰਤਾ ਨਾ ਕਰੋ, ਉਸ ਪ੍ਰਭੂ ਨੂੰ ਆਪ ਹੀ
ਫ਼ਿਕਰ ਹੈ (ਸਭ ਜੀਵਾਂ ਦੇ ਰਿਜ਼ਕ ਦਾ)।
ਨੋਟ: ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ਮਨੁੱਖ ਨੇ ਰੋਜ਼ੀ ਕਮਾਉਂਣ ਲਈ ਉੱਦਮ
ਨਹੀਂ ਕਰਨਾ।
9. ਸਦ ਬਖ਼ਸ਼ਿੰਦ ਤੇ ਸਦਾ ਮਿਹਰਵਾਨ ਹੈ
ਸਤਿਗੁਰ ਆਇਓ ਸਰਣਿ ਤੁਹਾਰੀ।। ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ
ਲਾਹਿ ਹਮਾਰੀ।। ੧। ਰਹਾਉ।। ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ।। ਲੇਖਾ ਛੋਡਿ
ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ।। ੧।। ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ
ਅਧਾਰੀ।।
ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ।। ੨।। (ਮ: ੫, ੭੧੩)
ਪਦ ਅਰਥ: ਸਤਿਗੁਰ - ਹੇ ਗੁਰੂ ਜੀ! ਲਾਹਿ-ਦੂਰ ਕਰ। ੧। ਰਹਾਉ।
ਅਵਰ ਠਾਹਰ - ਕੋਈ ਹੋਰ ਆਸਰਾ। ਹਾਰਿ-ਹਾਰ ਕੇ। ਤਉ ਦੁਆਰੀ-ਤੇਰੇ ਦਰ `ਤੇ।
ਅਲੇਖੈ-ਬਿਨਾਂ ਲੇਖਾ ਕਰਨ ਦੇ। ਛੂਟਹ-ਅਸੀਂ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨੁ-ਗੁਣਹੀਣ। ਲੇਹੁ
ਉਬਾਰੀ-ਉਬਾਰਿ ਲੇਹੁ, ਬਚਾ ਲੈ। ੧।।
ਸਦ-ਸਦਾ। ਬਖਸਿੰਦੁ-ਬਖ਼ਸ਼ਿਸ਼ ਕਰਨ ਵਾਲਾ। ਦੇਇ-ਦੇਂਦਾ ਹੈ। ਅਧਾਰੀ-ਆਸਰਾ। ਸੰਤ
ਪਾਛੈ-ਗੁਰੂ ਦੀ ਸ਼ਰਣ। ਇਹ ਬਾਰੀ-ਇਸ ਬਾਰੀ- ਇਸ ਵਾਰੀ, ਇਸ ਜਨਮ ਵਿੱਚ ਹੀ।
ਭਾਵ: ਹੇ ਗੁਰੂ ਜੀ! ਮੈਂ ਤੇਰੀ ਸ਼ਰਣ ਆਇਆ ਹਾਂ। ਮੇਰੀ ਚਿੰਤਾ ਦੂਰ
ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਵੇ, (ਇਹੀ ਮੇਰੇ ਵਾਸਤੇ) ਸੁੱਖ
(ਹੈ, ਇਹੀ ਮੇਰੇ ਵਾਸਤੇ) ਸ਼ੋਭਾ (ਹੈ)। ੧। ਰਹਾਉ।
ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵੱਲੋਂ) ਹਾਰ ਕੇ ਤੇਰੇ ਦਰ `ਤੇ ਆ ਗਿਆ
ਹਾਂ, ਹੁਣ ਮੈਨੂੰ ਹੋਰ ਕੋਈ ਆਸਰਾ ਸੁਝਦਾ ਨਹੀਂ। ਹੇ ਪ੍ਰਭੂ! ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾ
ਕਰ, ਅਸੀਂ ਤਦੋਂ ਹੀ ਸਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾ ਹੀ ਕੀਤਾ ਜਾਵੇ। ਹੇ
ਪ੍ਰਭੂ! ਸਾਨੂੰ ਗੁਣਹੀਣ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ। ੧।
ਹੇ ਭਾਈ! ਪਰਮਾਤਮਾ ਸਦਾ ਹੀ ਬਖ਼ਸ਼ਿੰਦ ਹੈ, ਸਦਾ ਮਿਹਰ ਕਰਨ ਵਾਲਾ ਹੈ, ਉਹ ਸਭ
ਜੀਵਾਂ ਨੂੰ ਆਸਰਾ ਦਿੰਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ
ਸ਼ਰਣ ਆ ਪਿਆ ਹਾਂ, ਮੈਨੂੰ ਇਸ ਜਨਮ ਵਿੱਚ ਹੀ (ਵਿਕਾਰਾਂ ਤੋਂ) ਬਚਾਈ ਰੱਖ। ੨।
10. ਸਦਾ ਦਇਆਲ ਤੇ ਸਦਾ ਸਹਾਈ
ਸਦਾ ਸਦਾ ਸਦਾ ਦਇਆਲ।। ਸਿਮਰਿ ਸਿਮਰਿ ਨਾਨਕ ਭਏ ਨਿਹਾਲ।। ੮।।
(ਮ: ੫, ੨੭੫)
ਪਦ ਅਰਥ: ਭਏ ਨਿਹਾਲ - ਸੁਗੰਧੀ ਦੇਣ ਵਾਲੇ, ਖਿੜੇ ਹੋਏ (ਫੁੱਲ ਵਾਂਗ)।
ਭਾਵ: ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ, ਹੇ ਨਾਨਕ! (ਜੀਵ ਉਸ ਨੂੰ)
ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ।
ਹਰਿ ਸੇਵਾ ਮਹਿ ਪਰਮ ਨਿਧਾਨੁ।। ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ।। ੧।।
ਹਰਿ ਮੇਰਾ ਸਾਥੀ ਸੰਗਿ ਸਖਾਈ।। ਦੁਖਿ ਸੁਖਿ ਸਿਮਰੀ ਤਹ ਮਉਜੂਦ ਜਮੁ ਬਪੁਰਾ ਮੋ ਕਉ ਕਹਾ
ਡਰਾਈ।। ੧।। ਰਹਾਉ।। (ਮ: ੫, ੩੭੫)
ਪਦ ਅਰਥ: ਪਰਮ ਨਿਧਾਨੁ - ਸਭ ਤੋਂ ਉੱਚਾ (ਆਤਮਕ) ਖ਼ਜ਼ਾਨਾ। ਮੁਖਿ-ਮੂੰਹ
ਨਾਲ। ਅੰਮ੍ਰਿਤ-ਆਤਮਕ ਜੀਵਨ ਦੇਣ ਵਾਲਾ। ੧।
ਸੰਗਿ-ਨਾਲ। ਸਖਾਈ-ਮਿੱਤਰ। ਦੁਖਿ-ਦੁੱਖ ਵਿੱਚ, ਦੁੱਖ ਵੇਲੇ। ਸੁਖਿ-ਸੁਖ
ਵੇਲੇ। ਸਿਮਰੀ-ਸਿਮਰੀਂ, (ਜਦੋਂ) ਮੈਂ ਸਿਮਰਦਾ ਹਾਂ। ਤਹ-ਉੱਥੇ। ਬਪੁਰਾ-ਵਿਚਾਰਾ, ਨਿਮਾਣਾ। ੧।
ਰਹਾਉ।
ਭਾਵ: (ਹੇ ਭਾਈ!) ਪਰਮਾਤਮਾ ਮੇਰਾ ਸਾਥੀ ਹੈ, ਮਿੱਤਰ ਹੈ। ਦੁੱਖ
ਵੇਲੇ ਸੁਖ ਵੇਲੇ (ਜਦੋਂ ਭੀ) ਮੈਂ ਉਸ ਨੂੰ (ਸੱਚੇ ਮਨੋਂ ਇਕਾਗਰ ਹੋ ਕੇ) ਯਾਦ ਕਰਦਾ ਹਾਂ, ਉਹ ਉਥੇ
ਹਾਜ਼ਰ ਹੁੰਦਾ ਹੈ। ਸੋ, ਵਿਚਾਰਾ ਜਮ ਮੈਨੂੰ ਕਿੱਥੇ ਡਰਾ ਸਕਦਾ ਹੈ? ੧। ਰਹਾਉ।
11. ਬਾਹਰਲੇ ਭੇਖਾਂ (ਵਿਖਾਵੇ ਦੇ ਧਾਰਮਿਕ ਪਹਿਰਾਵਿਆਂ) `ਤੇ ਨਹੀਂ
ਪਰਸੰਨ ਹੁੰਦਾ
ਜਾਨਨਹਾਰ ਪ੍ਰਭੂ ਪਰਬੀਨ।। ਬਾਹਰਿ ਭੇਖ ਨ ਕਾਹੂ ਭੀਨ।। (ਮ: ੫, ੨੬੯)
ਪਦ ਅਰਥ: ਪਰਬੀਨ-ਸਿਆਣਾ। ਕਾਹੂ-ਕਿਸੇ ਦੇ। ਭੀਨ-ਭਿੱਜਦਾ, ਪ੍ਰਸੰਨ
ਹੁੰਦਾ।
ਭਾਵ: (ਦਿਲ ਦੀਆਂ) ਜਾਨਣ ਵਾਲਾ ਪ੍ਰਭੂ ਸਿਆਣਾ ਹੈ, (ਉਹ ਕਦੇ) ਕਿਸੇ
ਦੇ ਬਾਹਰਲੇ ਭੇਖ (ਧਾਰਮਿਕ ਪਹਿਰਾਵੇ) ਗੋਲ ਦਸਤਾਰ, ਲੰਮਾ ਚੋਲਾ, ਹੱਥ ਜਾਂ ਗਲ ਵਿੱਚ ਪਾਈ ਮਾਲਾ,
ਨੰਗੀਆਂ ਲੱਤਾਂ ਜਾਂ ਨੰਗੇ ਪੈਰੀਂ ਤੁਰੇ ਫਿਰਨਾ ਆਦਿ ਨਾਲ ਪ੍ਰਸੰਨ ਨਹੀਂ ਹੁੰਦਾ।
12 ਸਭ ਦਾ ਸਾਂਝਾ ਮਾਪਾ (ਮਾਈ-ਬਾਪ) ਹੈ
ਤੂੰ ਮੇਰਾ ਪਿਤਾ ਤੂੰ ਹੈਂ ਮੇਰਾ ਮਾਤਾ।। ਤੂੰ ਮੇਰਾ ਬੰਧਪੁ ਤੂੰ ਮੇਰਾ
ਭ੍ਰਾਤਾ।। ਤੂੰ ਮੇਰਾ ਰਾਖਾ ਸਭਨੀ ਥਾਈਂ ਤਾ ਭਉ ਕੇਹਾ ਕਾੜਾ ਜੀਉ।। ੧।। ਤੁਮਰੀ ਕ੍ਰਿਪਾ ਤੇ ਤੁਧੁ
ਪਛਾਣਾ।। ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ।। ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ
ਅਖਾੜਾ ਜੀਉ।। ੨।।
(ਮ: ੫, ੧੦੩)
ਪਦ ਅਰਥ: ਬੰਧਪੁ-ਸਨਬੰਧੀ, ਰਿਸ਼ਤੇਦਾਰ। ਥਾਈ-ਥਾਂਈਂ, ਥਾਂਵਾਂ `ਤੇ।
ਕਾੜਾ-ਚਿੰਤਾ, ਫ਼ਿਕਰ। ੧।
ਤੇ-ਤੋਂ, ਨਾਲ। ਤੁਧੁ-ਤੈਨੂੰ। ਪਛਾਣਾ-ਮੈਂ ਪਛਾਣਦਾ ਹਾਂ, ਮੈਂ ਸਾਂਝ
ਪਾਉਂਦਾ ਹਾਂ। ਓਟ-ਆਸਰਾ। ਅਵਰੁ-ਹੋਰ। ਅਖਾੜਾ-ਪਿੜ, ਜਿੱਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।
ਭਾਵ: ਹੇ ਪ੍ਰਭੂ! ਤੂੰ ਮੇਰੇ ਪਿਉ (ਦੇ ਥਾਂ) ਹੈਂ, ਤੂੰ ਹੀ ਮੇਰੀ ਮਾਂ
(ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ, ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ
ਸਭ ਥਾਵਾਂ `ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ
ਜ਼ੋਰ ਨਹੀਂ ਪਾ ਸਕਦੀ। ੧।
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ
ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾਂ ਤੇਰੇ ਵਰਗਾ ਹੋਰ
ਕੋਈ ਨਹੀਂ ਹੈ। ਇਹ ਜਗਤ-ਤਮਾਸ਼ਾ, ਇਹ ਜਗਤ-ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ। ੨।
13. ਰੱਬ, ਮਨੁੱਖ ਨੂੰ (ਸ਼ਬਦ-ਗੁਰੂ ਰਾਹੀਂ) ਗੁਰਮਤਿ ਦੇ ਕੇ ਨਿਸਤਾਰਦਾ
ਹੈ
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ।। ਕਰਤ ਬੀਚਾਰੁ
ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ।। ੧।। ਬੋਲਹੁ ਰਾਮੁ ਕਰੇ ਨਿਸਤਾਰਾ।।
ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ।। ੧।
ਰਹਾਉ।। (ਮ: ੧, ੩੫੩)
ਪਦ ਅਰਥ: ਨਿਵਿ-ਨਿਵ ਕੇ। ਪਾਇ-ਪੈਰੀਂ। ਲਗਉ-ਮੈਂ ਲੱਗਾਂ। ਆਤਮ
ਰਾਮੁ-ਆਪਣੇ ਅੰਦਰ ਵਸਦਾ ਰਾਮ। ਨਿਹਾਰਿਆ-ਮੈਂ ਵੇਖਿਆ ਹੈ। ਰਵਿਆ-ਸਿਮਰਿਆ ਹੈ। ਦੇਖਿ-ਦੇਖ ਕੇ। ੧।
ਲਾਭੈ-ਲੱਭਦਾ ਹੈ। ਰਤਨੁ ਹਰਿ-ਹਰੀ ਦਾ ਨਾਮ-ਰੂਪੀ ਅਮੋਲਕ ਰਤਨ। ੧। ਰਹਾਉ।
ਭਾਵ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ
ਸਮੁੰਦਰ ਤੋਂ, ਜਨਮ-ਮਰਨ ਦੇ ਗੇੜ ਤੋਂ) ਪਾਰ ਲੰਘਾ ਲੈਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ
ਹਰੀ-ਨਾਮ ਲੱਭ ਪੈਂਦਾ ਹੈ ਤਾਂ ਅੰਦਰੋਂ ਅਗਿਆਨਤਾ ਦਾ ਹਨ੍ਹੇਰਾ ਮਿੱਟ ਜਾਂਦਾ ਹੈ ਤੇ ਗਿਆਨ ਦਾ ਚਾਨਣ
(ਪ੍ਰਕਾਸ਼) ਹੋ ਜਾਂਦਾ ਹੈ। ੧। ਰਹਾਉ।
ਮੈਂ ਮੁੜ-ਮੁੜ ਆਪਣੇ ਗੁਰੂ ਦੀ ਚਰਨੀਂ ਲਗਦਾ ਹਾਂ (ਗੁਰੂ ਪਾਸ ਆਪਣੀ ਮਨਮਤਿ
ਛੱਡ ਕੇ, ਗੁਰੂ ਦੀ ਮਤਿ ਨੂੰ ਦ੍ਰਿੜਤਾ ਨਾਲ ਗ੍ਰਹਿਣ ਕਰਦਾ ਹਾਂ), (ਗੁਰੂ ਦੀ ਕਿਰਪਾ ਨਾਲ) ਮੈਂ
ਆਪਣੇ ਅੰਦਰ ਵਸਦਾ ਰਾਮ (ਪ੍ਰਭੂ-ਪਿਤਾ) ਵੇਖ ਲਿਆ ਹੈ। (ਗੁਰੂ ਦੀ ਸਹਾਇਤਾ ਨਾਲ, ਭਾਵ ਗੁਰੂ ਦੇ
ਉਪਦੇਸ਼ ਨੂੰ ਆਪਣੇ ਅਮਲੀ ਜੀਵਨ ਵਿੱਚ ਢਾਲਣ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ, ਮੈਂ ਉਸ
(ਮਾਲਿਕ ਪ੍ਰਭੂ) ਨੂੰ ਆਪਣੇ ਹਿਰਦੇ ਵਿੱਚ ਸਿਮਰਦਾ (ਯਾਦ ਕਰਦਾ) ਰਹਿੰਦਾ ਹਾਂ, ਹਿਰਦੇ ਵਿੱਚ ਹੀ
ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ। ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ। ੧।
ਇਥੇ ਇਹ ਗੱਲ ਵੀ ਸਪੱਸ਼ਟ ਕਰ ਦੇਣੀ ਜ਼ਰੂਰੀ ਲਗਦੀ ਹੈ ਕਿ ਕਿਸੇ ਵੀ ਜੀਵ ਉੱਪਰ
ਕਿਰਪਾ ਕਰਨ ਤੋਂ ਪਹਿਲਾਂ ਨਾਂ ਤਾਂ ਮਾਲਿਕ-ਪ੍ਰਭੂ ਕੋਈ ਲਾਟਰੀ ਕਢਦਾ ਹੈ ਅਤੇ ਨਾ ਹੀ ਕਿਸੇ ਦੀ
ਸਲਾਹ ਜਾਂ ਸਿਫ਼ਾਰਿਸ਼ ਹੀ ਮੰਨਦਾ ਹੈ। ਕੇਵਲ ਅਤੇ ਕੇਵਲ ਜੀਵ ਦੀ ਕਰਣੀ (ਰਹਿਤ) ਹੀ ਦਇਆਲੁ ਹੋ ਕੇ
ਵਿਚਾਰਦਾ ਹੈ। ‘ਧੁਰ ਕੀ ਬਾਣੀ` (ਸ਼ਬਦ-ਗੁਰੂ, ਗੁਰੂ ਗ੍ਰੰਥ ਸਾਹਿਬ) ਇਸ ਪ੍ਰਥਾਏ ਇੰਝ ਸੋਝੀ
ਬਖ਼ਸ਼ਿਸ਼ ਕਰਦੀ ਹੈ:
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।
ਜਿਉਂ ਜਿਉਂ ਕਿਰਤੁ ਚਲਾਏ ਤਿਉਂ ਚਲੀਐ ਤਉ ਗੁਣ ਨਾਹੀ ਅੰਤੁ ਹਰੇ।। ੧।।
ਚਿਤ ਚੇਤਸਿ ਕੀ ਨਹੀਂ ਬਾਵਰਿਆ।। ਹਰਿ ਬਿਸਰਤ ਤੇਰੇ ਗੁਣ ਗਲਿਆ।। ੧।।
ਰਹਾਉ।।
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ।। ਰਸਿ ਰਸਿ ਚੋਗ
ਚੁਗਹਿਂ ਨਿਤ ਫਾਸਹਿਂ ਛੂਟਸਿ ਮੂੜੇ ਕਵਨ ਗੁਣੀ।। ੨।। ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ
ਤਿਤੁ ਲਾਗਿ ਰਹੀ।। ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ।। ੩।। ਭਇਆ
ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ।। ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ
ਤ੍ਰਿਸਟਸਿ ਦੇਹਾ।। ੪।। ੩।।
(ਮ: ੧, ੯੯੦)
ਪਦ-ਅਰਥ: ਕਰਣੀ-ਆਚਰਨ। ਕਾਗਦੁ-ਕਾਗਜ਼। ਮਸੁ-ਸਿਆਹੀ। ਮਸਵਾਣੀ-ਦਵਾਤ।
ਪਏ-ਪੈ ਜਾਂਦੇ ਹਨ, ਲਿਖੇ ਜਾਂਦੇ ਹਨ। ਦੁਇ-ਦੋ ਕਿਸਮ ਦੇ। ਕਿਰਤੁ-ਕੀਤਾ ਹੋਇਆ ਕੰਮ, ਕੀਤੇ ਹੋਏ
ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਅ ਦਾ ਰੂਪ ਧਾਰ ਲੈਂਦਾ ਹੈ)। ਤਉ ਗੁਣ ਅੰਤੁ-ਤੇਰੇ
ਗੁਣਾਂ ਦਾ ਅੰਤ। ਹਰੇ-ਹੇ ਹਰੀ! ੧।
ਚਿਤ-ਹੇ ਚਿੱਤ! ਚਿਤ ਬਾਵਰਿਆ-ਹੇ ਕਮਲੇ ਚਿੱਤ! ਬਿਸਰਤ-ਬਿਸਾਰਦਿਆਂ।
ਗਲਿਆ-ਗਲ ਰਹੇ ਹਨ, ਘਟ ਰਹੇ ਹਨ। ੧। ਰਹਾਉ।
ਰੈਨਿ-ਰਾਤ। ਜੇਤੀ ਘੜੀ-ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ। ਤੇਤੀ-ਉਹ
ਸਾਰੀਆਂ। ਰਸਿ-ਰਸ ਨਾਲ, ਸੁਆਦ ਨਾਲ। ਚੁਗਹਿਂ-ਤੂੰ ਚੁਗਦਾ ਹੈਂ। ਫਾਸਹਿਂ-ਤੂੰ ਫਸਦਾ ਹੈਂ। ਮੂੜੇ-ਹੇ
ਮੂਰਖ! ੨।
ਆਰੁਣ-ਭੱਠੀ। ਵਿਚਿ-ਇਸ ਕਾਇਆ ਵਿੱਚ (ਨੋਟ-ਲਫ਼ਜ਼ ‘ਵਿਚਿ` ਦਾ ਸੰਬੰਧ ‘ਮਨੁ`
ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ ‘ਮਨੁ` ਦਾ ਜੋੜ ‘ਮਨ` ਹੋ ਜਾਂਦਾ। ਪੰਚ ਅਗਨਿ-ਕਾਮਾਦਕ ਪੰਜ
ਅੱਗਾਂ। ਤਿਤੁ-ਉਸ ਕਾਇਆ ਰੂਪੀ ਭੱਠੀ ਵਿੱਚ। ਤਿਸੁ ਊਪਰਿ-ਉਸ ਭੱਠੀ ਉਤੇ। ਚਿੰਤ-ਚਿੰਤਾ। ੩।)
ਮਨੂਰ-ਸੜਿਆ ਹੋਇਆ ਲੋਹਾ। ਕੰਚਨ-ਸੋਨਾ। ਤਿਨੇਹਾ-ਉਹੋ ਜਿਹਾ (ਜੋ ਮਨੂਰੁ ਤੋਂ
ਕੰਚਨ ਕਰ ਸਕੇ)। ਅੰਮ੍ਰਿਤੁ-ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਤ੍ਰਿਸਟਸਿ-ਟਿਕ ਜਾਂਦਾ ਹੈ।
ਦੇਹਾ-ਸਰੀਰ। ੪।
ਭਾਵ: ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚੱਰਜ
ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿੱਚ ਜੀਵਾਂ ਦਾ) ਆਚਰਨ, (ਮਾਨੋਂ) ਕਾਗਜ਼ ਹੈ, ਮਨ ਦਵਾਤ ਹੈ (ਉਸ
ਬਣ ਰਹੇ ਆਚਰਨ-ਕਾਗਜ਼ ਉੱਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ
ਰਹੇ ਹਨ (ਭਾਵ, ਮਨ ਵਿੱਚ ਹੁਣ ਤੱਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ
ਚੰਗੇ-ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗਜ਼ ਉੱਤੇ ਨਵੇਂ ਚੰਗੇ-ਮੰਦੇ ਸੰਸਕਾਰ ਉੱਕਰਦੇ
ਜਾਂਦੇ ਹਨ)। (ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ-ਜਿਉਂ
ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ-ਤਿਵੇਂ ਹੀ ਉਹ ਜੀਵਨ-ਰਾਹ `ਤੇ ਤੁਰ ਸਕਦੇ ਹਨ। ੧।
ਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਜਿਉਂ-ਜਿਉਂ ਤੂੰ
ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ-ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ। ੧।
ਰਹਾਉ।
(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ
ਤੇ ਹਰੇਕ ਰਾਤ (ਤੈਨੂੰ ਮਾਇਆ ਵਿੱਚ ਫਸਾਉਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ
ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਉਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ। ਤੂੰ
ਬੜੇ ਸੁਆਦ ਲੈ-ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿੱਚ ਹੋਰ-ਹੋਰ ਸਦਾ ਫਸਦਾ
ਜਾ ਰਿਹਾ ਹੈਂ; ਹੇ ਮੂਰਖ ਮਨ! ਇਨ੍ਹਾਂ ਵਿੱਚੋਂ ਕਿਹੜੇ ਗੁਣਾਂ ਦੀ ਮਦਦ ਨਾਲ ਖਲਾਸ (ਮੁਕਤੀ) ਹਾਸਲ
ਕਰੇਂਗਾ? ੨।
ਮਨੁੱਖ ਦਾ ਸਰੀਰ ਮਾਨੋਂ (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿੱਚ ਮਨ,
(ਮਾਨੋਂ) ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, (ਕਾਮਾਦਿਕ ਦੀ ਤਪਸ਼ ਨੂੰ ਤੇਜ
ਕਰਨ ਲਈ) ਉਸ ਉੱਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿੱਚ) ਸੜ ਰਿਹਾ ਹੈ,
ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਕੇ ਹਰ ਪਾਸੇ ਵੱਲੋਂ ਸਾੜਨ ਵਿੱਚ ਮਦਦ ਦੇ ਰਹੀ
ਹੈ)। ੩।
ਪਰ, ਹੇ ਨਾਨਕ! ਜੇ ਸਮਰੱਥ ਗੁਰੂ (ਪਰਮੇਸ਼ਰ-ਰੂਪ ਸ਼ਬਦ-ਗੁਰੂ) ਮਿਲ ਪਏ ਤਾਂ
ਉਹ ਸੜ ਕੇ ਨਿਕੰਮਾ ਲੋਹਾ ਹੋ ਚੁੱਕੇ ਮਨ ਨੂੰ ਵੀ ਸੋਨਾ ਬਣਾ ਦੇਂਦਾ ਹੈ। ਉਹ ਆਤਮਕ-ਜੀਵਨ ਦੇਣ ਵਾਲਾ
ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦਰੇ
ਵਿਕਾਰਾਂ ਵੱਲੋਂ ਹਟ ਜਾਂਦੇ ਹਨ)। ੪। ੩।
14. ਗੁਰੂ-ਪਰਮੇਸ਼ਰ ਪੂਰਾ ਵੈਦ ਹੈ
ਮੇਰਾ ਬੈਦੁ ਗੁਰੂ ਗੋਵਿੰਦਾ।। ਹਰਿ ਹਰਿ ਨਾਮੁ ਅਉਖਧੁ ਮੁਖਿ
ਦੇਵੈ ਕਾਟੈ ਜਮ ਕੀ ਫੰਧਾ।। ੧।। ਰਹਾਉ।।
(ਮ: ੫, ੬੧੮)
ਪਦ ਅਰਥ: ਬੈਦੁ-ਹਕੀਮ। ਅਉਖਧੁ-ਦਵਾਈ। ਮੁਖਿ-ਮੂੰਹ ਵਿੱਚ। ਫੰਧਾ-ਫਾਹੀ।
੧। ਰਹਾਉ।
ਭਾਵ: ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ
ਹਕੀਮ ਜਿਸ ਮਨੁੱਖ ਦੇ) ਮੂੰਹ ਵਿੱਚ ਹਰਿ-ਨਾਮ ਦਵਾਈ ਪਾ ਦਿੰਦਾ ਹੈ, (ਉਸ ਦੀ) ਜਮ ਦੀ ਫ਼ਾਹੀ ਕੱਟ
ਦਿੰਦਾ ਹੈ (ਆਤਮਕ ਮੌਤ) ਲਿਆਉਂਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦਿੰਦਾ ਹੈ। ੧।
ਰਹਾਉ।